“ਆਹ ਮੇਰੇ ਆਲ਼ੇ ਬੈੱਡਰੂਮ ਵਿਚ ਬਥੇਰਾ ਥਾਂ ਆ, ਆਪਾਂ ਇਕ ਮੰਜਾ ਹੋਰ ਲਿਆ ਕੇ ...”
(27 ਅਕਤੂਬਰ 2018)
ਚਰਨ ਸਿੰਘ ਦੀ ਅੱਖ ਫਿਰ ਖੁੱਲ੍ਹ ਗਈ। ਉਸ ਨੇ ਸਿਰ ਚੁੱਕ ਕੇ ਕਲਾਕ ਵਲ ਦੇਖਿਆ। ਹਨ੍ਹੇਰੇ ਵਿਚ ਚਮਕਦੀਆਂ ਸੂਈਆਂ ਦੋ ਵਜਾ ਰਹੀਆਂ ਸਨ। ਉਸ ਨੂੰ ਕਲਾਕ ’ਤੇ ਅਜੀਬ ਜਿਹੀ ਖਿਝ ਆਈ। ਇਸੇ ਦੀ ਵਜ੍ਹਾ ਕਰਕੇ ਉਸ ਦੇ ਮੁੰਡੇ ਨੇ ਉਸ ਦੀ ਲਾਹ-ਪਾਹ ਕੀਤੀ ਸੀ। ਭਾਵੇਂ ਉਹ ਰਾਤ ਨੂੰ ਅਲਾਰਮ ਲਾ ਕੇ ਸੌਂਦਾ ਸੀ ਪਰ ਉਹਨੂੰ ਜਾਗ ਤਾਂ ਪਹਿਲਾਂ ਈ ਆ ਜਾਂਦੀ ਤੇ ਉਹ ਅਲਾਰਮ ਖੜਕਣ ਤੋਂ ਪਹਿਲਾਂ ਹੀ ਬੰਦ ਕਰ ਦਿੰਦਾ। ਪਰ ਸਵੇਰੇ ਪਤਾ ਨਈਂ ਕਿਵੇਂ ਉਸ ਦੀ ਤੜਕੇ ਅੱਖ ਲੱਗ ਗਈ ਤੇ ਕਲਾਕ ਦੀ ਤਿੱਖੀ ਤੇ ਕੰਨ-ਚੀਰਵੀਂ ਆਵਾਜ਼ ਨੇ ਨਾਲ ਦੇ ਕਮਰੇ ਵਿਚ ਸੁੱਤੇ ਕਿਰਾਏਦਾਰ ਗੋਰਾ ਗੋਰੀ ਉਠਾ ਦਿੱਤੇ ਸਨ। ਤੇ ਉਹਨਾਂ ਉੱਠ ਕੇ ਉੱਚੀ ਉੱਚੀ ਗਾਲ਼ਾਂ ਕੱਢਣੀਆਂ ਤੇ ਕੰਧਾਂ ਵਿਚ ਠੁੱਡੇ ਮਾਰਨੇ ਸ਼ੁਰੂ ਕਰ ਦਿੱਤੇ ਸਨ।
ਤੇ ਉਹਦੇ ਨਾਲ ਹਮਦਰਦੀ ਕਰਨ ਦੀ ਥਾਂ ਜਸਵੰਤ ਨੇ ਝਿੜਕਿਆ ਸੀ ਪਈ ਉਹਨੂੰ ਗੋਰੇ ਲੋਕਾਂ ਵਿਚ ਰਹਿਣਾ ਨਹੀਂ ਸੀ ਆਉਂਦਾ। ਮਨ ਵਿੱਚ ਜਸਵੰਤ ਨੂੰ ਗਾਲ਼ ਕੱਢਦਿਆਂ ਉਹਨੇ ਕਿਹਾ, “ਹੁਣ ਇਹ ਮੈਨੂੰ ਗੋਰੇ ਲੋਕਾਂ ਵਿੱਚ ਬੈਠਣਾ ਉੱਠਣਾ ਸਿਖਾਊਗਾ।”
ਫੇਰ ਉਹਨੂੰ ਬੇਸਮਿੰਟ ਵਿਚ ਰਹਿੰਦੀ ਪਹਿਲੀ ਗੋਰੀ ਔਰਤ ਦਾ ਖਿਆਲ ਆਇਆ। ਥੋੜ੍ਹੇ ਜਿਹੇ ਭਾਰੇ ਕੱਦ ਦੀ ਉਹ ਔਰਤ ਚਰਨ ਸਿੰਘ ਨੂੰ ਬੜੀ ਚੰਗੀ ਲਗਦੀ ਸੀ। ਉਹ ਚਰਨ ਸਿੰਘ ਨਾਲ ਕਈ ਵਾਰੀ ਗੱਲਾਂ ਕਰਨ ਦੀ ਕੋਸ਼ਿਸ਼ ਕਰਦੀ ਤੇ ਚਰਨ ਸਿੰਘ ਨੂੰ ਵੀ ਉਸ ਦੇ ਗੋਲ਼ ਗੋਲ਼ ਮੂੰਹ ਉੱਤੇ ਖਿੱਲਰੀ ਮੁਸਕ੍ਰਾਹਟ ਵਿਚ ਹਮਦਰਦੀ ਤੇ ਸਨੇਹ ਦੀ ਭਾਵਨਾ ਦਿਸਦੀ ਤੇ ਉਹਦੇ ਅੰਦਰੋਂ ਉਹਨੂੰ ਬਾਕੀ ਗੋਰਿਆਂ ਕੋਲੋਂ ਆਉਂਦਾ ਡਰ ਚੁੱਕਿਆ ਜਾਂਦਾ ਤੇ ਉਹ ਵੀ ਉਹਦੇ ਨਾਲ ਜਾਣੇ ਪਹਿਚਾਣੇ ਸ਼ਬਦ ਜੋੜ ਜੋੜ ਅੰਗਰੇਜ਼ੀ ਵਿਚ ਗੱਲਾਂ ਕਰਨ ਲਗਦਾ। ਉਸ ਦਾ ਨਾਂ ਜੋਇਸ ਸੀ। ਚਰਨ ਸਿੰਘ ਨੂੰ ਉਸ ਦਾ ਨਾਂ ਲੈਣ ਵਿਚ ਮੁਸ਼ਕਲ ਆਉਂਦੀ ਤੇ ਉਹ ਉਹਨੂੰ “ਜੋਸ” ਕਹਿੰਦਾ। ਪਹਿਲਾਂ ਪਹਿਲਾਂ ਉਹਨੇ ਚਰਨ ਸਿੰਘ ਨੂੰ ਠੀਕ ਤਰ੍ਹਾਂ ਜੋਇਸ ਕਹਿਣਾ ਸਿਖਾਲਣ ਦੀ ਕੋਸ਼ਿਸ਼ ਕੀਤੀ ਪਰ ਫੇਰ ਉਹ ਉਂਝ ਹੀ ਹੱਸ ਛੱਡਦੀ। ਚਰਨ ਸਿੰਘ ਨੂੰ ਵੀ ਉਹਦਾ ਘੁਮਾ ਜਿਹਾ ਪਾ ਕੇ ਆਪਣੇ ਨਾਂ ਨੂੰ “ਸ਼ੈਰਾਨ” ਕਹਿਣਾ ਅਜੀਬ ਜਿਹਾ ਲਗਦਾ ਤੇ ਉਹ ਵੀ ਹਰ ਵਾਰੀ ਅੱਗੋਂ ਹੱਸ ਛੱਡਦਾ। ਜੋਇਸ ਨੇ ਕਈ ਵਾਰੀ ਉਸ ਦੇ ਕਮਰੇ ਦਾ ਬੂਹਾ ਖੜਕਾ ਕੇ ਉਸ ਨੂੰ ਕੌਫੀ ਪੀਣ ਲਈ ਦਿੱਤੀ ਸੀ। ਚਰਨ ਸਿੰਘ ਨੂੰ ਲਗਦਾ ਕਿ ਘਰ ਵਿਚ ਉਸ ਦੀ ਜੋ ਹਾਲਤ ਸੀ, ਜੋਇਸ ਉਸ ਨੂੰ ਚੰਗੀ ਤਰ੍ਹਾਂ ਸਮਝਦੀ ਸੀ, ਇਸੇ ਕਰਕੇ ਉਹ ਉਸ ਨਾਲ ਏਨੀ ਹਮਦਰਦੀ ਜਤਾਉਂਦੀ ਸੀ। ਜੋਇਸ ਦੀ ਅਠਾਰਾਂ ਉੱਨੀ ਸਾਲ ਦੀ ਕੁੜੀ ਵੀ ਉਸ ਦੇ ਨਾਲ ਰਹਿੰਦੀ ਸੀ, ਉਹ ਵੀ ਚਰਨ ਸਿੰਘ ਨਾਲ ਬੜਾ ਹੱਸ ਕੇ, ਸਲੀਕੇ ਨਾਲ ਬੋਲਦੀ। ਵਿਚਾਰੀ ਜੋਇਸ ਇਕ ਦੋ ਵਾਰ ਕਿਰਾਇਆ ਦੇਣ ਵਿਚ ਲੇਟ ਹੋ ਗਈ ਤਾਂ ਜਸਵੰਤ ਨੇ ਉਸ ਨੂੰ ਬੇਸਮਿੰਟ ਵਿੱਚੋਂ ਹੀ ਕੱਢ ਦਿੱਤਾ। ਉਂਜ ਜੋਇਸ ਵਾਂਗ ਚਰਨ ਸਿੰਘ ਨੂੰ ਵੀ ਪਤਾ ਸੀ ਕਿ ਅਸਲ ਗੱਲ ਤਾਂ ਇਹ ਸੀ ਕਿ ਜਸਵੰਤ ਬੇਸਮਿੰਟ ਵੱਧ ਕਿਰਾਏ ’ਤੇ ਚੜ੍ਹਾਉਣੀ ਚਾਹੁੰਦਾ ਸੀ ਤੇ ਉਹ ਇੱਕੋ ਵਾਰੀ ਜੋਇਸ ਦਾ ਕਿਰਾਇਆ ਇੰਨਾ ਨਹੀਂ ਸੀ ਵਧਾ ਸਕਦਾ।
ਜੇ ਗੱਲ ਚਰਨ ਸਿੰਘ ਦੇ ਵੱਸ ਵਿਚ ਹੁੰਦੀ ਤਾਂ ਉਹਨੇ ਉਸ ਭਲੀ ਔਰਤ ਨੂੰ ਥੋੜ੍ਹੇ ਕਿਰਾਏ ਵਿਚ ਹੀ ਰਹੀ ਜਾਣ ਦੇਣਾ ਸੀ। ਪਰ ਰੋਣਾ ਤਾਂ ਇਹੀ ਆ, ਚਰਨ ਸਿੰਘ ਨੇ ਅੱਧਾ ਕੁ ਪਾਸਾ ਪਲਟਦਿਆਂ ਸੋਚਿਆ, “ਮੁੰਡਾ ਹੁਣ ਮੇਰੀ ਕੋਈ ਗੱਲ ਸੁਣਦਾ ਈ ਨਈਂ। ਉਹਨੂੰ ਵਿਚਾਰੀ ਨੂੰ ਕੱਢ ਕੇ ਇਹ ਵਾੜ ਲਏ ਆ ਨਵੇਂ, ਜਾਦੇ ਕਿਰਾਇਆ ਦੇਣ ਆਲ਼ੇ। ਰਾਤ ਨੂੰ ਦੋ ਤਿੰਨ ਵਜੇ ਤਕ ਸ਼ਰਾਬ ਪੀਂਦੇ ਰਹਿੰਦੇ ਆ, ਤੇ ਉੱਚੀ ਉੱਚੀ ਗਾਣੇ ਲਾਈ ਰੱਖਦੇ ਆ। ਅੱਧਾ ਦਿਨ ਗਏ ਮੰਜੇ ਵਿੱਚੋਂ ਨਿਕਲਦੇ ਆ। ਤੇ ਜਦ ਅਲਾਰਮ ਨੇ ਉਹਨਾਂ ਨੂੰ ਤੜਕੇ ਜਗਾ ਦਿੱਤਾ ਤਾਂ ਸਾਲਿਆ ਨੇ ਘਰ ਸਿਰ ’ਤੇ ਚੁੱਕ ਲਿਆ।”
ਇਸੇ ਗੱਲ ਤੋਂ ਡਰਦੇ ਚਰਨ ਸਿੰਘ ਨੇ ਅੱਜ ਅਲਾਰਮ ਨਹੀਂ ਸੀ ਲਾਇਆ ਤੇ ਹੁਣ ਉਸ ਨੂੰ ਡਰ ਸੀ ਕਿ ਉਹ ਕਿਤੇ ਕੰਮ ’ਤੇ ਜਾਣ ਲਈ ਲੇਟ ਹੀ ਨਾ ਹੋ ਜਾਵੇ।
ਰਾਤੀਂ ਉਹ ਨੌਂ ਵਜੇ ਮੰਜੇ ’ਤੇ ਪੈ ਗਿਆ ਸੀ ਪਰ ਬਾਰਾਂ ਤੋਂ ਬਾਅਦ ਨੀਂਦ ਆਈ ਸੀ। ਚੰਗੀ ਕਿਸਮਤ ਨੂੰ ਗੋਰਾ ਗੋਰੀ ਵੀ ਕਿਤੇ ਗਏ ਹੋਏ ਸੀ ਤੇ ਬੇਸਮਿੰਟ ਵਿਚ ਪੂਰੀ ਸ਼ਾਂਤੀ ਸੀ। ਪਰ ਉਸ ਦੇ ਮਨ ਵਿਚ ਟਿਕਾਅ ਨਹੀਂ ਸੀ। ਜਸਵੰਤ ਤੋਂ ਖਾਧੀ ਝਿੜਕ ਨੇ ਉਸ ਦੇ ਅੰਦਰ ਜਿਵੇਂ ਕੁਝ ਤੋੜ ਕੇ ਰੱਖ ਦਿੱਤਾ ਸੀ। ਇਹ ਗੱਲ ਨਹੀਂ ਸੀ ਪਈ ਜਸਵੰਤ ਨੇ ਉਹਨੂੰ ਪਹਿਲਾਂ ਕਦੀ ਘੂਰਿਆ ਨਹੀਂ ਸੀ ਪਰ ਪਤਾ ਨਹੀਂ ਕਿਉਂ ਇਸ ਵਾਰ ਚਰਨ ਸਿੰਘ ਨੂੰ ਕੁਝ ਜ਼ਿਆਦਾ ਹੀ ਦੁੱਖ ਲੱਗਾ ਸੀ। ਤੇ ਉਹ ਖਬਰੇ ਉਸ ਟੁੱਟੇ ਨੂੰ ਜੋੜਨ ਦੀ ਕੋਸ਼ਿਸ਼ ਹੀ ਕਰ ਰਿਹਾ ਸੀ ਕਿ ਉਸ ਦੇ ਦੁਖੀ ਮਨ ਵਿਚ ਸੋਚਾਂ ਦੀ ਇਕ ਅਟੁੱਟ ਲੜੀ ਤੁਰੀ ਜਾਂਦੀ ਸੀ। ਉਸ ਦੀਆਂ ਸੋਚਾਂ ਉਸ ਦੇ ਹਨ੍ਹੇਰੇ ਕਮਰੇ ਦੀਆਂ ਸੱਖਣੀਆਂ ਕੰਧਾਂ ਨਾਲ ਟਕਰਾ ਕੇ ਰਹਿ ਜਾਂਦੀਆਂ ਪਰ ਉਸ ਨੂੰ ਸੌਣ ਨਾ ਦਿੰਦੀਆਂ।
ਹੁਣ ਤਾਂ ਬਲਵੰਤ ਕੌਰ ਵੀ ਕੋਲ ਹੈ ਨਹੀਂ ਸੀ ਜਿਹਦੇ ਨਾਲ ਗੱਲਾਂ ਕਰਕੇ ਉਹ ਦਿਲ ਦੀ ਭੜਾਸ ਕੱਢ ਲੈਂਦਾ। ਬਲਵੰਤ ਕੌਰ ਦੀ ਘਾਟ ਨੂੰ ਉਹ ਅਜਿਹੇ ਮੌਕੇ ਬਹੁਤ ਮਹਿਸੂਸ ਕਰਦਾ। ਉਹਨੂੰ ਲਗਦਾ ਜਿਵੇਂ ਉਹ ਦੁਨੀਆਂ ਵਿਚ ਬਿਲਕੁਲ ਇਕੱਲਾ ਹੋਵੇ ਤੇ ਇਸ ਅਹਿਸਾਸ ਨਾਲ ਉਸ ਨੂੰ ਇਕ ਅਜੀਬ ਜਿਹਾ ਡਰ ਲਗਦਾ ਤੇ ਉਸ ਉੱਪਰ ਘੋਰ ਉਦਾਸੀ ਛਾ ਜਾਂਦੀ। ਉਹਨਾਂ ਦੋਹਾਂ ਨੇ ਜ਼ਿੰਦਗੀ ਦੀ ਹਰ ਔਖਿਆਈ ਇਕ ਦੂਜੇ ਦੇ ਸਹਾਰੇ ਕੱਢੀ ਸੀ। ਪਰ ਬਲਵੰਤ ਕੌਰ ਨੂੰ ਤਾਂ ਸਾਲ ਤੋਂ ਉੱਤੇ ਹੋ ਗਿਆ ਸੀ ਕੈਲਗਰੀ ਆਪਣੀ ਕੁੜੀ ਕੋਲ ਗਿਆਂ। ਉਹ ਹੁਣ ਉੱਥੇ ਉਸ ਦੇ ਬੱਚਿਆਂ ਦੀ ਦੇਖਭਾਲ ਕਰਦੀ ਸੀ। ਉਹਦੇ ਜਾਣ ’ਤੇ ਚਰਨ ਸਿੰਘ ਨੂੰ ਲੱਗਾ ਸੀ ਕਿ ਜਸਵੰਤ ਹੋਰੀਂ ਉਹਨੂੰ ਭੇਜਣ ਵਿਚ ਮਿੰਟ ਨਹੀਂ ਸੀ ਲਾਇਆ ਕਿਉਂਕਿ ਇਹਨਾਂ ਦੇ ਆਪਣੇ ਨਿਆਣੇ ਤਾਂ ਹੁਣ ਸਿਆਣੇ ਹੋ ਗਏ ਸਨ। ਤੇ ਬਲਵੰਤ ਕੌਰ ਬਾਹਰ ਕੋਈ ਕੰਮ ਵੀ ਨਹੀਂ ਸੀ ਕਰ ਸਕਦੀ। ਘਰ ਵਿਹਲੀ ਬੈਠੀ ਪੁੱਤ ਨੂੰਹ ਨੂੰ ਚੰਗੀ ਲੱਗਣੋਂ ਹਟ ਗਈ ਸੀ। ਉਹਦੇ ਮਨ ਵਿੱਚ ਫੇਰ ਹਉਕੇ ਦੇ ਨਾਲ ਸਵਾਲ ਉੱਠਿਆ ਕਿ ਇਹ ਸਭ ਕਿਵੇਂ ਵਾਪਰ ਗਿਆ? ਉਹਨਾਂ ਦੇ ਚੰਗੇ ਦਿਨਾਂ ਦੇ ਸੁਪਨਿਆਂ ਨੂੰ ਇਹ ਕਿਹਦੀ ਨਜ਼ਰ ਖਾ ਗਈ? ਦੋ ਧੀਆਂ ਤੋਂ ਬਾਅਦ ਇਕ ਪੁੱਤਰ ਦੇ ਜੰਮਦਿਆਂ ਹੀ ਮਰ ਜਾਣ ਮਗਰੋਂ ਸੌ ਸੁੱਖਾਂ ਸੁੱਖਣ ਉਪਰੰਤ ਜੰਮੇ ਉਸ ਦੇ ਪੁੱਤਰ ਜਸਵੰਤ ਨੂੰ ਪੈਸਿਆਂ ਦਾ ਹੁਣ ਕੋਈ ਘਾਟਾ ਨਹੀਂ ਸੀ। ਪਰ ਉਸ ਦਾ ਪੈਸਿਆਂ ਲਈ ਲਾਲਚ ਦਿਨ ਦਿਨ ਵਧਦਾ ਹੀ ਜਾ ਰਿਹਾ ਸੀ ਤੇ ਚਰਨ ਸਿੰਘ ਉਸ ਵਲ ਦੇਖ ਕੇ ਸੋਚਣ ਲਗਦਾ ਜਿਵੇਂ ਕਿਸੇ ਅਜੀਬ ਸ਼ੈਅ ਨੇ ਉਸ ਉੱਪਰ ਜਾਦੂ ਕਰ ਦਿੱਤਾ ਹੋਵੇ। ਚਰਨ ਸਿੰਘ ਨੇ ਸੌਣ ਦੀ ਕੋਸ਼ਿਸ਼ ਕੀਤੀ। ਪਰ ਸੌਣ ਦੀ ਥਾਂ ਉਹ ਫੇਰ ਸੋਚਾਂ ਤੇ ਯਾਦਾਂ ਦੇ ਡੂੰਘੇ ਖੂਹ ਵਿਚ ਲਹਿੰਦਾ ਜਾ ਰਿਹਾ ਸੀ।
ਉਹਨੂੰ ਆਪਣੇ ਪਿੰਡੋਂ ਬਾਹਰ ਖੇਤਾਂ ਵਿੱਚ ਬਣੇ ਘਰ ਦੀ ਯਾਦ ਆਈ ਜਿੱਥੇ ਖੁੱਲ੍ਹੀ ਹਵਾ ਵਿਚ ਦਿਨ ਦੇ ਥੱਕੇ ਨੂੰ ਉਹਨੂੰ ਕਦੀ ਸੌਣ ਵਿਚ ਮੁਸ਼ਕਿਲ ਹੀ ਨਹੀਂ ਸੀ ਆਈ ਤੇ ਜੇ ਕਿਤੇ ਕਿਸੇ ਫਿਕਰ ਕਾਰਨ ਉਹਨੂੰ ਨੀਂਦ ਨਾ ਆਉਂਦੀ ਤਾਂ ਉਹ ਹਨ੍ਹੇਰੀਆਂ ਰਾਤਾਂ ਨੂੰ ਵੀ ਨਿੰਬਲ ਅਸਮਾਨ ’ਤੇ ਚਮਕਦੇ ਤਾਰਿਆਂ ਦੀ ਇਬਾਰਤ ਪੜ੍ਹਦਾ ਪੜ੍ਹਦਾ ਸੌਂ ਜਾਂਦਾ ਹੁੰਦਾ ਸੀ। ਇਸ ਕਮਰੇ ਦੀ ਨੀਵੀਂ, ਛੋਟੀ ਜਿਹੀ ਛੱਤ ਦੇ ਵਿਚਾਲੇ ਤਾਂ ਸਿਰਫ ਇਕ ਨੰਗਾ ਬਲਬ ਲਟਕਦਾ ਸੀ ਜੋ ਮੰਜੇ ’ਤੇ ਉੱਠਣ ਬੈਠਣ ਲੱਗਿਆਂ ਉਸ ਦੇ ਸਿਰ ’ਤੇ ਵੱਜਦਾ। ਤੇ ਜਦੋਂ ਇਕ ਵਾਰੀ ਉਸ ਕੋਲੋਂ ਬਲਬ ਭੱਜ ਗਿਆ ਤਾਂ ਉਹਨੂੰ ਆਪਣੀ ਨੂੰਹ ਦੀ ਬੁੜਬੁੜ ਸੁਣਨੀ ਪਈ ਸੀ। ਹੁਣ ਉਹ ਇਸ ਗੱਲੋਂ ਬੜਾ ਸਾਵਧਾਨ ਰਹਿੰਦਾ।
ਉਸ ਦਾ ਦਿਲ ਕੀਤਾ ਕਿ ਉਹ ਉੱਠ ਕੇ ਬੱਤੀ ਜਗਾ ਲਵੇ। ਪਰ ਫੇਰ ਉਹ ਆਪਣੀ ਸੋਚ ’ਤੇ ਪਹਿਲਾਂ ਹੱਸਿਆ ਤੇ ਫੇਰ ਖਿਝਿਆ ਕਿ ਉਹ ਬੱਤੀ ਜਗਾ ਕੇ ਕੀ ਕਰੇਗਾ? ਉਹਨੂੰ ਤਾਂ ਸਗੋਂ ਦੋ ਪਲ ਸੌਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਤੜਕੇ ਪੰਜ ਵਜੇ ਤਾਂ ਉਹਨੇ ਕੰਮ ’ਤੇ ਜਾਣ ਲਈ ਉੱਠਣਾ ਹੀ ਸੀ।
ਕੰਮ ਦਾ ਚੇਤਾ ਆਉਂਦਿਆਂ ਹੀ ਉਸ ਨੇ ਸੌਣ ਲਈ ਅੱਖਾਂ ਮੀਟੀਆਂ ਤੇ ਆਪਣੀ ਰਜ਼ਾਈ ਨੂੰ ਪਾਸੀਂ ਘੁੱਟਿਆ। ਪਰ ਠੰਢ ਸੀ ਕਿ ਉਸ ਦੀਆਂ ਹੱਡੀਆਂ ਵਿਚ ਵੜਦੀ ਜਾ ਰਹੀ ਸੀ। ਉਹਨੇ ਮੀਟੀਆਂ ਅੱਖਾਂ ਨਾਲ ਹੀ ਜਿਵੇਂ ਸਾਰੇ ਕਮਰੇ ਦਾ ਜਾਇਜ਼ਾ ਲਿਆ। ਘਰ ਦੀ ਬੇਸਮਿੰਟ ਵਿਚ ਬਣੇ ਇਸ ਕਮਰੇ ਵਿਚ ਨਾ ਕੋਈ ਹੀਟਰ ਸੀ ਤੇ ਨਾ ਹੀ ਹੀਟ ਵਾਲਾ ਝਰਨਾ। ਇਕ ਦਰਵਾਜ਼ੇ ਤੋਂ ਸਿਵਾਏ ਇਸ ਵਿਚ ਇਕ ਡੇੜ੍ਹ ਕੁ ਗਿੱਠ ਚੌੜੀ ਤੇ ਢਾਈ ਕੁ ਗਿੱਠਾਂ ਉੱਚੀ ਤਾਕੀ ਸੀ ਜਿਸਦਾ ਸ਼ੀਸ਼ਾ ਖੁੱਲ੍ਹਣ ਵਾਲਾ ਨਹੀਂ ਸੀ ਤੇ ਜਿਸ ’ਤੇ ਇਕ ਮੋਟੇ ਕੱਪੜੇ ਦਾ ਮੈਲੇ ਰੰਗ ਦਾ ਪਰਦਾ ਲਾਇਆ ਹੋਇਆ ਸੀ। ਇਸ ਦੀ ਫਰਸ਼ ਵੀ ਸੀਮਿੰਟ ਦੀ ਸੀ ਤੇ ਨਾ ਹੀ ਉਸ ਉੱਪਰ ਕੋਈ ਪਲਾਈਵੁੱਡ ਲਾਈ ਗਈ ਸੀ ਤੇ ਨਾ ਹੀ ਕੋਈ ਕਾਰਪਿੱਟ ਵਿਛਾਈ ਗਈ ਸੀ। ਜਸਵੰਤ ਨੇ ਇਹ ਕਮਰਾ ਘਰ ਵਿਚਲਾ ਵਾਧੂ ਘਾਟੂ ਸਾਮਾਨ ਰੱਖਣ ਲਈ ਬਣਾਇਆ ਸੀ।
ਘਰ ਵਿਚ ਆਪਣੀ ਦੁਰਦਸ਼ਾ ’ਤੇ ਚਰਨ ਸਿੰਘ ਨੂੰ ਅੰਤਾਂ ਦੀ ਖਿਝ ਆਉਂਦੀ ਤੇ ਉਹਨੂੰ ਮਾਇਆ ਦੇ ਚੱਕਰ ਬਾਰੇ ਗੁਰਦਵਾਰੇ ਤੇ ਹੋਰਨਾਂ ਲੋਕਾਂ ਤੋਂ ਸੁਣੀਆਂ ਗੱਲਾਂ ਸੱਚ ਹੀ ਲੱਗਣ ਲਗਦੀਆਂ ਕਿ ਕਿਸ ਤਰ੍ਹਾਂ ਪੈਸੇ ਦਾ ਵਧਿਆ ਲਾਲਚ ਬੰਦੇ ਨੂੰ ਸ਼ੈਤਾਨ ਬਣਾ ਦਿੰਦਾ ਹੈ। ਫੇਰ ਚਰਨ ਸਿੰਘ ਦੇ ਮਨ ਵਿੱਚ ਖਿਆਲ ਆਇਆ ਕਿ ਉਹਨੇ ਪਹਿਲਾਂ ਕਦੀ ਵੀ ਪੈਸੇ ਬਾਰੇ ਜਾਂ ਜਸਵੰਤ ਦੇ ਬਹੁਤੇ ਪੈਸੇ ਮਗਰ ਭੱਜਣ ਬਾਰੇ ਏਦਾਂ ਨਹੀਂ ਸੀ ਸੋਚਿਆ। ਸਗੋਂ ਪਹਿਲਾਂ ਪਹਿਲਾਂ ਤਾਂ ਚਰਨ ਸਿੰਘ ਨੂੰ ਜਸਵੰਤ ਦੀ ਜ਼ਿਆਦਾ ਪੈਸੇ ਬਣਾਉਣ ਦੀ ਤਮ੍ਹਾ ਬੜੀ ਚੰਗੀ ਲਗਦੀ ਸੀ ਕਿਉਂਕਿ ਉਹਨੇ ਖੁਦ ਸਾਰੀ ਉਮਰ ਤੰਗੀ ਵਿੱਚ ਕੱਟੀ ਸੀ ਤੇ ਉਹਦੇ ਮਨ ਵਿੱਚ ਸੀ ਕਿ ਹੋਰ ਜੋ ਮਰਜ਼ੀ ਹੋਵੇ ਬੰਦੇ ਕੋਲ ਪੈਸੇ ਇੰਨੇ ਹੋਣ ਕਿ ਉਸ ਨੂੰ ਕਿਸੇ ਲੋੜ ਲਈ ਕਦੀ ਵੀ ਕਿਸੇ ਅੱਗੇ ਹੱਥ ਨਾ ਅੱਡਣੇ ਪੈਣ।
ਇਸੇ ਕਰਕੇ ਜਦੋਂ ਚਰਨ ਸਿੰਘ ਤੇ ਬਲਵੰਤ ਕੌਰ ਦੇਸੋਂ ਆਏ ਸਨ ਤਾਂ ਉਹਨਾਂ ਨੇ ਜਸਵੰਤ ਦੇ ਘਰ ਦੀ ਹਾਲਤ ਦੇਖ ਕੇ ਆਪਣੀ ਵੱਲੋਂ ਪੂਰਾ ਜ਼ੋਰ ਲਾਇਆ ਸੀ ਕਿ ਉਸ ਦੀ ਹਾਲਤ ਸੁਧਰ ਜਾਵੇ। ਦੇਸੋਂ ਆਉਣ ’ਤੇ ਰਿਸ਼ਤੇਦਾਰ ਤੇ ਉਹਨਾਂ ਦੇ ਪੇਂਡੂ ਉਹਨਾਂ ਨੂੰ ਮਿਲਣ ਆਉਂਦੇ ਤਾਂ ਉਹ ਸਾਰੇ ਪੁੱਜ ਕੇ ਜਸਵੰਤ ਦੀ ਸਿਫਤ ਕਰਦੇ। ਸੁਣ ਕੇ ਉਹਨਾਂ ਦੋਨਾਂ ਦਾ ਸਿਰ ਮਾਣ ਵਿਚ ਉੱਚਾ ਹੋ ਜਾਂਦਾ। ਪਰ ਗੱਲਾਂ ਬਾਤਾਂ ਵਿਚ ਉਹ ਚਰਨ ਸਿੰਘ ਤੇ ਬਲਵੰਤ ਕੌਰ ਨੂੰ ਇਹ ਵੀ ਚਤਾਰ ਜਾਂਦੇ ਪਈ ਜਸਵੰਤ ਨੇ ਪਿੱਛਾ ਤਾਂ ਸਵਾਰ ਦਿੱਤਾ ਹੋਊ, ਉਹਨੇ ਇੱਥੇ ਕੁਛ ਨਈਂ ਬਣਾਇਆ। ਤੇ ਜਦੋਂ ਉਹ ਦੂਜਿਆਂ ਲੋਕਾਂ ਦੇ ਵੱਡੇ ਵੱਡੇ ਘਰ ਦੇਖਦੇ ਤਾਂ ਉਹਨਾਂ ਨੂੰ ਇਹ ਗੱਲ ਬਿਲਕੁਲ ਠੀਕ ਵੀ ਲਗਦੀ।
ਰਾਤ ਨੂੰ ਸੌਣ ਲੱਗੇ ਉਹ ਦੋਵੇਂ ਵਿਚਾਰਾਂ ਕਰਦੇ। “ਉੱਦਾਂ ਹਜ਼ਾਰਾ ਸੌਂਹ ਦੀ ਗੱਲ ਤਾਂ ਠੀਕ ਆ, ਜਦ ਹੁਣ ਇੱਥੇ ਈ ਰਹਿਣਾ ਆਂ ਤਾਂ ਬੰਦੇ ਕੋਲ ਆਪਣਾ ਘਰ ਤਾਂ ਘੱਟੋ ਘੱਟ ਹੋਣਾ ਈ ਚਾਹੀਦਾ ਆ।” ਚਰਨ ਸਿੰਘ ਨਿੱਕੇ ਜਿਹੇ ਕਮਰੇ ਵਿਚ ਆਪਣੇ ਨਾਲ ਪਏ ਪੋਤੇ ਦੀ ਪਿੱਠ ’ਤੇ ਹੱਥ ਫੇਰਦਾ ਨਾਲ ਦੇ ਮੰਜੇ ’ਤੇ ਪਈ ਬਲਵੰਤ ਕੋਰ ਨੂੰ ਕਹਿੰਦਾ। ਤੇ ਫੇਰ ਉਹ ਵੀ ਆਪਣੇ ਨਾਲ ਪਈ ਆਪਣੀ ਪੋਤੀ ਨੂੰ ਰਜ਼ਾਈ ਨਾਲ ਢਕਦਿਆਂ ਕਹਿੰਦੀ, “ਚਲੋ ਹੁਣ ਪਿਛਲੀ ਸਾਰੀ ਕਬੀਲਦਾਰੀ ਨਿੱਬੜ ਗਈ ਆ, ਕੁੜੀਆਂ ਵਿਆਹ ਹੋ ਗਈਆਂ। ਛੋਟੀ ਨੇ ਤਾਂ ਹੋਰ ਸਾਲ ਖੰਡ ਤਕ ਏਧਰ ਆ ਈ ਜਾਣਾ ਆਂ, ਏਦਾਂ ਈ ਕਿਤੇ ਰੱਬ ਵੱਡੀ ਦਾ ਬੇੜਾ ਬੰਨੇ ਲਾ ਦੇਊਗਾ। ਹੁਣ ਇਹ ਆਪਣਾ ਘਰ ਬਣਾਵੇ, ਜੋ ਮਰਜ਼ੀ ਕਰੇ।”
“ਹੁਣ ਆਪਾਂ ਵੀ ਤਾਂ ਹੈਗੇ ਆਂ ਇੱਥੇ, ਆਪਾਂ ਵੀ ਤਾਂ ਥੋੜ੍ਹਾ ਬਹੁਤਾ ਹੱਥ ਵਟਾਂਵਾਂਗੇ ਈ ਕਿ ਨਈਂ?” ਚਰਨ ਸਿੰਘ ਨੇ ਜਿਵੇਂ ਆਪਣੀ ਹਿੰਮਤ ਨੂੰ ਵੰਗਾਰਿਆ।
“ਹੈ, ਵਟਾਂਵਾਂਗੇ ਕਿਉਂ ਨਾ, ਮੈਂ ਤਾਂ ਕੱਲ੍ਹ ਈ ਜੀਤੀ ਨੂੰ ਕਿਹਾ ਸੀ ਪਈ ਮੱਲ ਨਿਆਣਿਆਂ ਦਾ ਹੁਣ ਮੈਂ ਦੇਖ ਲਿਆ ਕਰੂੰ ਤੂੰ ਕੋਈ ਆਪਦੇ ਲਈ ਕੰਮ ਕੁੰਮ ਟੋਲ ਲੈ। ਉਹ ਹਜ਼ਾਰਾ ਸੌਂਹ ਦੀ ਨੂੰਹ ਵੀ ਤੇ ਢੱਕੀਆਂ ਆਲਿਆਂ ਦੀਆਂ ਦੋਵੇਂ ਵਹੁਟੀਆਂ ਕੰਮ ਕਰਦੀਆਂ।”
“ਕੀ ਕਹਿੰਦੀ ਸੀ ਫੇਰ?” ਚਰਨ ਸਿੰਘ ਨੇ ਉਤਸੁਕਤਾ ਨਾਲ ਪੁੱਛਿਆ।
“ਕਹਿੰਦੀ ਸੀ ਬੀਬੀ ਤੁਸੀਂ ਹੁਣੇ ਦੇਸੋਂ ਆਏ ਆਂ, ਅਜੇ ਦੋ ਚਾਰ ਦਿਨ ਤੁਹਾਡੀ ਸੇਵਾ ਤਾਂ ਕਰ ਲਵਾਂ।”
ਚਰਨ ਸਿੰਘ ਨੂੰ ਸੁਣ ਕੇ ਚੈਨ ਜਿਹਾ ਆ ਗਿਆ ਤੇ ਉਹ ਆਪਣੀ ਖੁਸ਼ੀ ਬਲਵੰਤ ਕੌਰ ਨਾਲ ਸਾਂਝੀ ਕਰਦਿਆਂ ਬੋਲਿਆ, “ਜਸਵੰਤ ਦਾ ਤਾਂ ਪਹਿਲਾਂ ਤੋਂ ਈ ਸੁਭਾਅ ਠੰਢਾ ਸੀ ਤੇ ਵਹੁਟੀ ਦਾ ਸੁਭਾਅ ਤਾਂ ਉਹਤੋਂ ਵੀ ਚੰਗਾ ਆ। ਬਾਹਰਲੀਆਂ ਨੂੰਹਾਂ ਧੀਆਂ ਬਾਰੇ ਬੜੀਆਂ ਅਜੀਬ ਅਜੀਬ ਗੱਲਾਂ ਸੁਣਦੇ ਹੁੰਦੇ ਸੀ ਪਿੰਡ, ਤੇ ਮਨ ਵਿੱਚ ਡਰ ਬੜਾ ਸੀ ਪਈ ਖਬਰਿਆ ਕਿਹੋ ਜਿਹੀ ਹੋਊਗੀ।”
“ਆਪਣੇ ਪਿਛਲੇ ਜਨਮ ਦੇ ਚੰਗੇ ਕਰਮ ਕੀਤੇ ਹੋਏ ਸਾਹਮਣੇ ਆਏ ਆ ਇਹ ਤਾਂ,” ਬਲਵੰਤ ਕੋਰ ਨੇ ਸੁਖ ਦਾ ਸਾਹ ਭਰਦਿਆਂ ਕਿਹਾ।
ਥੋੜ੍ਹੀ ਦੇਰ ਰੁਕ ਕੇ ਚਰਨ ਸਿੰਘ ਬੋਲਿਆ, “ਤੂੰ ਉਹਨੂੰ ਫੇਰ ਕਹੀਂ ਕੋਈ ਕੰਮ ਕੁੰਮ ਟੋਲੇ, ਮੈਂ ਜਸਵੰਤ ਨੂੰ ਵੀ ਕਹੂੰਗਾ। ਮੈਂ ਤਾਂ ਆਪ ਕਹਿੰਨਾਂ ਮੈਨੂੰ ਵੀ ਕਿਤੇ ਲੁਆ ਦੇਵੇ। ਪਰ ਸਿਆਣੇ ਬੰਦੇ ਲਈ ਦੱਸਦੇ ਆ ਇੱਥੇ ਕੋਈ ਕੰਮ ਈ ਨਹੀਂ। ਬੱਸ ਫਾਰਮਾਂ ਵਿੱਚ ਕੰਮ ਮਿਲਦਾ ਆ ਤਾਂ ਉਹ ਹਜ਼ਾਰਾ ਸੌਂਹ ਦੱਸਦਾ ਸੀ ਪਈ ਅਜੇ ਜਾ ਕੇ ਦੋ ਢਾਈ ਮਹੀਨਿਆਂ ਤਾਈਂ ਚੱਲੂ।”
“ਚਲੋ ਇਹ ਦੋ ਢਾਈ ਮਹੀਨੇ ਵੀ ਲੰਘ ਜਾਣੇ ਆਂ, ਜਦੋਂ ਕੰਮ ਤੁਰੂ ਉਦੋਂ ਸਹੀ,” ਬਲਵੰਤ ਕੌਰ ਨੇ ਕੁੜੀ ਨੂੰ ਥਾਪੜਦਿਆਂ ਕਿਹਾ ਜਿਹੜੀ ਸ਼ਾਇਦ ਉਹਨਾਂ ਦੀਆਂ ਗੱਲਾਂ ਸੁਣ ਕੇ ਜਾਗ ਪਈ ਸੀ।
ਪਹਿਲਾਂ ਤਾਂ ਜਸਵੰਤ ਵੀ ਸੁਰਜੀਤ ਦੇ ਬਾਹਰ ਕੰਮ ਕਰਨ ਦੇ ਹੱਕ ਵਿਚ ਨਹੀਂ ਸੀ ਪਰ ਫੇਰ ਉਹਨਾਂ ਦੋਹਾਂ ਦੇ ਕਹਿਣ ’ਤੇ ਉਹ ਵੀ ਮੰਨ ਗਿਆ। ਸੁਰਜੀਤ ਦੀ ਇਕ ਸਹੇਲੀ ਕੱਪੜੇ ਸੀਣ ਦਾ ਕੰਮ ਕਰਦੀ ਸੀ। ਸੁਰਜੀਤ ਨੂੰ ਵੀ ਉਸ ਨੇ ਆਪਣੇ ਨਾਲ ਹੀ ਕੰਮ ’ਤੇ ਲੁਆ ਲਿਆ। ਠੰਢ ਘਟਣ ਲੱਗੀ ਤੇ ਥੋੜ੍ਹੇ ਜਿਹੇ ਦਿਨ ਪੱਧਰੇ ਹੋਏ ਤਾਂ ਫਾਰਮਾਂ ਵਿਚ ਵੀ ਕੰਮ ਚੱਲਣ ਲੱਗ ਪਏ। ਚਰਨ ਸਿੰਘ ਆਪਣੇ ਪੇਂਡੂ ਹਜ਼ਾਰਾ ਸਿੰਘ ਨਾਲ ਕੰਮ ’ਤੇ ਜਾਣ ਲੱਗ ਪਿਆ। ਉਹ ਸਵੇਰੇ ਸਵਖਤੇ ਹੀ ਤਿਆਰ ਹੋ ਕੇ ਠੇਕੇਦਾਰ ਨਾਲ ਉਸ ਦੀ ਵੈਨ ਵਿਚ ਬੈਠ ਜਾਂਦੇ ਤੇ ਕੰਮ ’ਤੇ ਪਹੁੰਚਦਿਆਂ ਨੂੰ ਉਹਨਾਂ ਨੂੰ ਦੋ ਘੰਟੇ ਲੱਗ ਜਾਂਦੇ। ਤੇ ਸ਼ਾਮ ਨੂੰ ਘਰ ਪਹੁੰਚਦਿਆਂ ਪਹੁੰਚਦਿਆਂ ਹਨ੍ਹੇਰਾ ਹੋ ਜਾਂਦਾ। ਪਰ ਫਾਰਮਾਂ ਵਿਚ ਦਿਨ ਵੇਲੇ ਚਰਨ ਸਿੰਘ ਦਾ ਜੀਅ ਲੱਗਾ ਰਹਿੰਦਾ। ਪਹਿਲਾਂ ਭਾਵੇਂ ਉਹ ਇਕੱਲੇ ਹਜ਼ਾਰਾ ਸਿੰਘ ਨੂੰ ਜਾਣਦਾ ਸੀ ਪਰ ਬੜੀ ਛੇਤੀਂ ਬਾਕੀਆਂ ਨਾਲ ਵੀ ਉਸ ਦੀ ਨੇੜਤਾ ਹੋ ਗਈ।
ਜਦੋਂ ਉਹ ਘਰ ਆਉਂਦਾ ਤਾਂ ਸਾਰਾ ਟੱਬਰ ਇਕੱਠੇ ਬੈਠ ਕੇ ਰੋਟੀ ਖਾਂਦੇ। ਨਿਆਣੇ ਇਕ ਦੂਜੇ ਮਗਰ ਭੱਜਦੇ, ਲੜਦੇ, ਰੌਲ਼ਾ ਪਾਉਂਦੇ, ਉਹਨਾਂ ਦਾ ਦਿਲ ਪਰਚਾਈ ਰੱਖਦੇ। ਬਲਵੰਤ ਕੌਰ ਉਹਨਾਂ ਨੂੰ ਰੋਕਦੀ ਹਟਾਉਂਦੀ ਨਾਲ ਨਾਲ ਜਸਵੰਤ ਤੇ ਸੁਰਜੀਤ ਨੂੰ ਹਾਸੇ ਨਾਲ ਕਹਿੰਦੀ, “ਏਦਾਂ ਇਹ ਮੇਰੀ ਸਾਰੀ ਦਿਹਾੜੀ ਪਰੇਡ ਕਰਾਉਂਦੇ ਆ, ਮੇਰੀ ਇਕ ਵੀ ਤਾਂ ਨਹੀਂ ਸੁਣਦੇ, ਬਈ ਇਕ ਵੀ ਸੁਣ ਲੈਣ।”
ਚਰਨ ਸਿੰਘ ਉਹਨੂੰ ਛੇੜਦਿਆਂ ਕਹਿੰਦਾ, “ਦੇਖ ਲੈ ਜੇ ਇੱਥੇ ਪਰੇਡ ਨਈਂ ਕਰਨੀ ਤਾਂ ਫੇਰ ਫਾਰਮਾਂ ਵਿੱਚ ਚਲੇ ਚਲਿਆ ਕਰ। ਇੱਥੇ ਤਾਂ ਨਿੱਘੇ ਥਾਂ ਕਾਰਪਟ ’ਤੇ ਈ ਨਿਆਣਿਆਂ ਮਗਰ ਦੌੜਦੀ ਆਂ ਉੱਥੇ ਫਾਰਮਾਂ ਵਿੱਚ ਸਟਰਾਬੇਰੀ ਦੀਆਂ ਰੌਲ਼ਾਂ ਵਿੱਚ ਘਿਸੜਨਾ ਪੈਂਦਾ ਆ, ਜਿੱਦਾਂ ਨਿਆਣੇ ਢੇਰ ’ਤੇ ਘੀਸੀ ਕਰਦੇ ਹੁੰਦੇ ਆ।”
ਬਲਵੰਤ ਕੌਰ ਅੱਗੋਂ ਹੱਸ ਕੇ ਕਹਿੰਦੀ, “ਨਾ ਬਾਬਾ, ਤੂੰ ਹੀ ਕਰੀ ਜਾਇਆ ਕਰ ਘੀਸੀਆਂ ਉੱਥੇ, ਮੈਂ ਨਈਂ ਜਾਂਦੀ ਫੜੇ ਫਾਰਮਾਂ ਨੂੰ। ਨਾਲੇ ਮੇਰਾ ਪੁੱਤ, ਮੇਰੀ ਨੂੰਹ ਕਮਾਉਂਦੇ ਆ, ਤੂੰ ਕਮਾਊ ਆਂ, ਫੇਰ ਮੇਰੀ ਕੀ ਬਾਕੀ ਆ ਹੁਣ।”
ਜਸਵੰਤ ਵੀ ਹਾਸੇ ਵਿਚ ਆਪਣੇ ਪਿਓ ਦਾ ਪੱਖ ਲੈ ਲੈਂਦਾ ਤੇ ਕਹਿੰਦਾ, “ਦੇਖ ਲੈ ਬੀਬੀ, ਜੇ ਤੂੰ ਜਾਣਾ ਆਂ ਤਾਂ ਅਸੀਂ ਨਿਆਣਿਆਂ ਦਾ ਤਾਂ ਕੋਈ ਨਾ ਕੋਈ ਪ੍ਰਬੰਧ ਕਰ ਈ ਲਵਾਂਗੇ।”
ਦੋਨਾਂ ਪਿਓ ਪੁੱਤ ਨੂੰ ਬੀਬੀ ਦੇ ਉਲਟ ਹੋਇਆ ਦੇਖ ਸੁਰਜੀਤ ਉਸ ਦਾ ਪੱਖ ਲੈ ਲੈਂਦੀ, “ਤੁਸੀਂ ਆਪਣੀਆਂ ਸਕੀਮਾਂ ਆਪਣੇ ਕੋਲ ਈ ਰੱਖੋ, ਅਸੀਂ ਨਈਂ ਆਪਣੀ ਬੇ ਜੀ ਨੂੰ ਫਾਰਮਾਂ ਨੂੰ ਭੇਜਣਾ।”
ਬਲਵੰਤ ਕੌਰ ਉਹਨਾਂ ਦੀਆਂ ਗੱਲਾਂ ਦਾ ਆਨੰਦ ਮਾਣਦੀ ਆਪਣੇ ਨਿੱਕੇ ਜਿਹੇ ਤੋਤਲੀ ਬੋਲੀ ਬੋਲਦੇ ਪੋਤੇ ਨੂੰ ਕਹਿੰਦੀ, “ਵੇ ਦੀਪਿਆ ਦੇਖ ਲੈ ਤੇਰਾ ਪਿਓ ਮੈਨੂੰ ਫਾਰਮਾਂ ਨੂੰ ਭੇਜਣ ਲੱਗਿਐ, ਜਾਇਆ ਕਰਾਂ ਮੈਂ ਵੀ ਤੇਰੇ ਬਾਬੇ ਨਾਲ, ਤੂੰ ਸਾਂਭ ਲਏਂਗਾ ਨਾ ਕੱਲ੍ਹਾ ਈ ਆਪਣੀ ਭੈਣ ਰਾਣੀ ਨੂੰ?”
ਦੀਪਾ ਨੱਸ ਕੇ ਆ ਕੇ ਆਪਣੀ ਦਾਦੀ ਦੇ ਗਲ ਨੂੰ ਚੁੰਬੜ ਜਾਂਦਾ ਤੇ ਚਾਮਲ੍ਹੀ ਹੋਈ ਆਵਾਜ਼ ਵਿਚ ਉੱਚੀ ਉੱਚੀ ਕਰਦਾ, “ਨੋ, ਨੋ, ਤੂੰ ਨਈਂ ਜਾਣਾ।”
ਇਸ ’ਤੇ ਸਾਰੇ ਖਿੜ ਖਿੜਾ ਕੇ ਹੱਸ ਪੈਂਦੇ।
ਉਹਨਾਂ ਹੱਸਦੇ ਚਿਹਰਿਆਂ ਦਾ ਚੇਤਾ ਆਉਣ ’ਤੇ ਚਰਨ ਸਿੰਘ ਦੇ ਚਿਹਰੇ ’ਤੇ ਖੁਸ਼ੀ ਦੇ ਚਿੰਨ੍ਹ ਉੱਭਰੇ ਪਰ ਫੇਰ ਉਸੇ ਪਲ ਉਸ ਨੇ ਇਕ ਵੱਡਾ ਸਾਰਾ ਹਉਕਾ ਲਿਆ ਤੇ ਪਾਸਾ ਜਿਹਾ ਪਰਤ ਕੇ ਸੌਣ ਦੀ ਕੋਸ਼ਿਸ਼ ਕਰਨ ਲੱਗਾ।
ਪਰ ਨੀਂਦ ਤਾਂ ਜਿਵੇਂ ਅੱਜ ਉਸ ਨਾਲ ਉਸ ਦੀਆਂ ਖੁਸ਼ੀਆਂ ਵਾਂਗ ਹੀ ਰੁੱਸ ਗਈ ਸੀ। ਉਸ ਦਾ ਉਦਾਸ ਮਨ ਫੇਰ ਯਾਦਾਂ ਦੇ ਦੇਸ ਬੇਵਤਨਿਆਂ ਵਾਂਗ ਘੁੰਮਣ ਲੱਗਾ। ਚਰਨ ਸਿੰਘ ਨੂੰ ਉਸ ਦਿਨ ਦੀ ਯਾਦ ਕਦੀ ਨਹੀਂ ਭੁਲਦੀ ਸੀ ਜਿਸ ਦਿਨ ਉਨ੍ਹਾਂ ਨੇ ਆਪਣਾ ਨਵਾਂ ਘਰ ਲੈ ਕੇ ਉਸ ਵਿਚ ਅਖੰਡਪਾਠ ਕਰਵਾਇਆ ਸੀ। ਉਸ ਖੁਸ਼ੀ ਦੇ ਮੌਕੇ ’ਤੇ ਉਨ੍ਹਾਂ ਨੇ ਸਾਰੇ ਰਿਸ਼ਤੇਦਾਰ, ਪਿੰਡ ਦੇ ਸਾਰੇ ਟੱਬਰ, ਪਿੰਡ ਦੀਆਂ ਕੁੜੀਆਂ, ਮਿਲਣ-ਗਿਲਣ ਵਾਲੇ ਤੇ ਖਾਸ ਕਰ ਚਰਨ ਸਿੰਘ ਨਾਲ ਫਾਰਮਾਂ ਵਿਚ ਕੰਮ ਕਰਨ ਵਾਲੇ ਉਹਦੇ ਦੋਸਤ ਵੀ ਸੱਦੇ ਸਨ। ਭੋਗ ਪੈਣ ਬਾਅਦ ਸਾਰਿਆਂ ਨੇ ਚਰਨ ਸਿੰਘ ਨੂੰ ਤੇ ਬਲਵੰਤ ਕੌਰ ਨੂੰ ਆਪਣੇ ਪੁੱਤ ਨੂੰਹ ਵੱਲੋਂ ਸੁਖੀ ਹੋਣ ਲਈ ਕਿਸਮਤ ਵਾਲੇ ਆਖਿਆ ਸੀ। ਘਰ ਦੀ ਬੇਸਮਿੰਟ ਅਜੇ ਬਣੀ ਹੋਈ ਨਹੀਂ ਸੀ ਤੇ ਸਾਰਿਆਂ ਨੇ ਜਸਵੰਤ ਨੂੰ ਤੇ ਚਰਨ ਸਿੰਘ ਨੂੰ ਸਲਾਹਾਂ ਦਿੱਤੀਆਂ ਸੀ ਪਈ ਬੇਸਮਿੰਟ ਬਣਾ ਕੇ ਕਿਰਾਏ ’ਤੇ ਚੜ੍ਹਾ ਦੇਵੋ, ਜਿਹਦੇ ਨਾਲ ਉਹਨਾਂ ਦੀ ਬੜੀ ਸੋਹਣੀ ਕਿਸ਼ਤ ਤੁਰੀ ਜਾਣੀ ਸੀ। ਪਰ ਜਸਵੰਤ ਨੇ ਸਾਰਿਆਂ ਨੂੰ ਕਿਹਾ ਸੀ ਕਿ ਉਹ ਅੱਗੇ ਏਨੀ ਦੇਰ ਕਿਰਾਏ ’ਤੇ ਰਹੇ ਆ, ਉੱਨੀ ਕੁ ਘਰ ਦੀ ਕਿਸ਼ਤ ਆ। ਐਵੀਂ ਕਾਹਦੇ ਲਈ ਬੇਸਮਿੰਟ ਕਿਰਾਏ ’ਤੇ ਚੜ੍ਹਾਉਣੀ ਆਂ। ਅਜੇ ਚਰਨ ਸਿੰਘ ਦੇ ਮਨ ਨੂੰ ਉਹਨਾਂ ਦੀਆਂ ਗੱਲਾਂ ਠੀਕ ਲਗਦੀਆਂ ਸੀ ਪਰ ਉਹਨੇ ਵੀ ਬਹੁਤਾ ਜ਼ੋਰ ਨਹੀਂ ਸੀ ਪਾਇਆ।
ਭੋਗ ਵਾਲ਼ੀ ਸ਼ਾਮ ਨੂੰ ਜਸਵੰਤ ਨੇ ਆਪਣੇ ਕੁਝ ਖਾਸ ਦੋਸਤਾਂ ਤੇ ਚਰਨ ਸਿੰਘ ਨੇ ਆਪਣੇ ਦੋ ਤਿੰਨ ਭਾਈਬੰਦਾਂ ਨੂੰ ਸ਼ਰਾਬ ਵੀ ਪਿਲਾਈ ਸੀ। ਚਰਨ ਸਿੰਘ ਨੂੰ ਯਾਦ ਆਈ ਕਿ ਜਦੋਂ ਰਾਤ ਨੂੰ ਉਹ ਬੈਠੇ ਸ਼ਰਾਬ ਪੀ ਰਹੇ ਸਨ ਤਾਂ ਉਸ ਦੇ ਫਾਰਮਾਂ ਦੇ ਦੋਸਤ ਦੀਦਾਰ ਸਿੰਘ ਨੇ ਥੋੜ੍ਹਾ ਜਿਹਾ ਨਸ਼ੇ ਵਿੱਚ ਆਉਂਦਿਆਂ ਕਿਹਾ ਸੀ, “ਚਰਨ ਸਿਆਂ ਤੇਰੇ ਜਸਵੰਤ ਵਰਗੇ ਪੁੱਤ ਕਨੇਡੇ ਵਿੱਚ ਘਰ ਘਰ ਨਈਂ ਹੈਗੇ ਤੈਨੂੰ ਦੱਸਾਂ। ਇੱਥੇ ਤਾਂ ਪਤਾ ਨਈਂ ਕੀ ਹਵਾ ਨੂੰ ਮਾਰ ਵਗੀ ਹੋਈ ਆ, ਬਸ ਪੈਸੇ ਬਿਨਾਂ ਕੁਝ ਦਿਸਦਾ ਈ ਨਈਂ ਸੌਹਰਿਆਂ ਨੂੰ। ਮੈਂ ਆਹ ਨਾ ਅੱਜ ਪਹਿਲੀ ਵਾਰੀ ਤੇਰੇ ਮੁੰਡੇ ਦੇ ਮੂੰਹੋਂ ਸੁਣਿਆਂ ਪਈ ਬੇਸਮਿੰਟ ਕੀ ਕਿਰਾਏ ’ਤੇ ਚੜ੍ਹਾਉਣੀ ਆਂ। ਵਾਹ ਬਈ ਵਾਹ ਪੁੱਤ ਹੋਵੇ ਤਾਂ ਤੇਰੇ ਜਸਵੰਤ ਵਰਗਾ।” ਦੀਦਾਰ ਸਿੰਘ ਦੀਆਂ ਗੱਲਾਂ ਸੁਣ ਕੇ ਚਰਨ ਸਿੰਘ ਦੀ ਛਾਤੀ ਮਾਣ ਵਿਚ ਫੁੱਲ ਗਈ ਸੀ।
ਤੇ ਆਪਣੀ ਗੱਲ ’ਤੇ ਪੱਕਾ ਰਹਿੰਦਿਆਂ ਜਸਵੰਤ ਨੇ ਸੱਚੀਂ ਬੇਸਮਿੰਟ ਨਹੀਂ ਸੀ ਬਣਾਈ। ਉਹਨੇ ਬੱਸ ਬੇਸਮਿੰਟ ਵਿਚ ਫਾਇਰ ਪਲੇਸ ਵਾਲੇ ਪਾਸੇ ਨਿਆਣਿਆਂ ਦੇ ਖੇਡਣ ਲਈ ਤੇ ਕਿਤੇ ਆਏ ਗਏ ਦੇ ਬੈਠਣ ਲਈ ਛੋਟਾ ਜਿਹਾ ਕਮਰਾ ਬਣਾ ਲਿਆ ਸੀ। ਚਰਨ ਸਿੰਘ ਫਾਰਮਾਂ ਵਿੱਚ ਕੰਮ ਕਰਦਾ ਤੇ ਸਿਆਲ ਨੂੰ ਅਨਇੰਪਲੁਆਏਮੈਂਟ ਲੈਂਦਾ। ਸੁਰਜੀਤ ਸੀਣ ਦਾ ਕੰਮ ਕਰੀ ਜਾਂਦੀ ਸੀ। ਉਹਨਾਂ ਦੇ ਘਰ ਦਾ ਤੋਰਾ ਵਧੀਆ ਤੁਰੀ ਜਾਂਦਾ ਸੀ। ਘਰ ਲੈਣ ਤੋਂ ਦੂਜੇ ਸਾਲ ਹੀ ਜਦੋਂ ਸਿਆਲ ਨੂੰ ਫਾਰਮਾਂ ਦੇ ਕੰਮ ਮੁੱਕੇ ਤਾਂ ਜਸਵੰਤ ਨੇ ਜ਼ੋਰ ਪਾ ਕੇ ਚਰਨ ਸਿੰਘ ਤੇ ਬਲਵੰਤ ਕੌਰ ਨੂੰ ਦੋ ਕੁ ਮਹੀਨਿਆਂ ਲਈ ਦੇਸ ਨੂੰ ਭੇਜ ਦਿੱਤਾ ਸੀ। ਚਰਨ ਸਿੰਘ ਨੂੰ ਯਾਦ ਹੈ ਉਨ੍ਹਾਂ ਲਈ ਦੇਸ ਦਾ ਉਹ ਫੇਰਾ ਕਿੰਨਾ ਖੁਸ਼ੀਆਂ ਭਰਿਆ ਸੀ। ਉਹਨਾਂ ਪਿੰਡ ਜਾ ਕੇ ਵੀ ਪਿੰਡ ਦੀ ਜਗ੍ਹਾ, ਜਿਹਨੂੰ ਬਾਬਾਤਾਣਾ ਕਹਿੰਦੇ ਸਨ, ਉੱਥੇ ਅਖੰਡਪਾਠ ਕਰਵਾਇਆ ਸੀ ਤੇ ਨਾਲੇ ਸ਼ਹੀਦਾਂ ਦੀ ਬਣਦੀ ਜਗ੍ਹਾ ਲਈ ਪੈਸੇ ਦਿੱਤੇ ਸਨ। ਸਾਰੇ ਪਿੰਡ ਵਿਚ ਉਹਨਾਂ ਦੇ ਟੱਬਰ ਦੀ ਚੰਗੀ ਕਿਸਮਤ ਦੀਆਂ ਤੇ ਖਾਸ ਕਰ ਜਸਵੰਤ ਦੀ ਨੇਕੀ ਦੀਆਂ ਗੱਲਾਂ ਹੁੰਦੀਆਂ ਰਹੀਆਂ ਸੀ।
ਚਰਨ ਸਿੰਘ ਨੇ ਫੇਰ ਪਾਸਾ ਬਦਲਿਆ ਤੇ ਰਜ਼ਾਈ ਨੂੰ ਆਪਣੇ ਪਾਸੀਂ ਘੁੱਟਣ ਦੀ ਕੋਸ਼ਿਸ਼ ਕੀਤੀ। ਉਹਨੇ ਇਕ ਵਾਰ ਫੇਰ ਸਿਰਹਾਣੇ ਤੋਂ ਥੋੜ੍ਹਾ ਜਿਹਾ ਸਿਰ ਚੁੱਕ ਕੇ ਕਲਾਕ ਵਲ ਦੇਖਿਆ। ਅਜੇ ਮਸੀਂ ਤਿੰਨ ਈ ਵੱਜੇ ਸੀ। ਉਸ ਨੇ ਅੱਖਾਂ ਬੰਦ ਕਰਨ ਦੀ ਕੋਸ਼ਿਸ਼ ਕੀਤੀ ਪਰ ਬੇਕਾਰ ਸਾਬਤ ਹੋਈ। ਫੇਰ ਜਿਵੇਂ ਉਸ ਨੇ ਆਪਣੇ ਆਪ ਅੱਗੇ ਹਾਰ ਜਿਹੀ ਮੰਨ ਲਈ ਹੋਵੇ। ਆਪਣੀਆਂ ਯਾਦਾਂ ਨੂੰ ਰੋਕਣ ਦੀ ਬਜਾਏ ਉਹ ਖੁਦ ਹੀ ਸਭ ਕੁਝ ਫੋਲਣ ਲੱਗ ਪਿਆ।
ਜਦੋਂ ਉਹ ਤੇ ਬਲਵੰਤ ਕੌਰ ਦੇਸ ਗੇੜਾ ਮਾਰ ਕੇ ਆਏ ਸਨ ਤਾਂ ਉਸ ਤੋਂ ਅਗਲੇ ਕੁਝ ਮਹੀਨਿਆਂ ਵਿਚ ਦੋ ਤਿੰਨ ਅਹਿਮ ਘਟਨਾਵਾਂ ਘਟੀਆਂ ਸਨ ਜਿਨ੍ਹਾਂ ਤੋਂ ਬਾਅਦ ਉਨ੍ਹਾਂ ਦੀ ਜ਼ਿੰਦਗੀ ਮੁੜ ਕਦੀ ਪਹਿਲਾਂ ਵਾਲ਼ੀ ਲੀਹ ’ਤੇ ਨਾ ਆਈ। ਪਹਿਲੀ ਗੱਲ ਤਾਂ ਇਹ ਹੋਈ ਸੀ ਕਿ ਸੁਰਜੀਤ ਦੇ ਕੰਮ ’ਤੇ ਕੋਈ ਹੜਤਾਲ ਹੋ ਗਈ ਤੇ ਉਸ ਦਾ ਕੰਮ ਖੜ੍ਹ ਗਿਆ। ਘਰ ਦੀ ਕਿਸ਼ਤ ਤੇ ਹੋਰ ਖਰਚੇ ਚੱਲਣੇ ਮੁਸ਼ਕਿਲ ਹੋ ਗਏ। ਫੇਰ ਸੁਰਜੀਤ ਦੇ ਪੈਰ ਭਾਰੇ ਹੋ ਗਏ ਤੇ ਉਹ ਕੋਈ ਹੋਰ ਕੰਮ ਟੋਲਣੋਂ ਜਾਂਦੀ ਰਹੀ। ਉਹਨਾਂ ਦਿਨਾਂ ਵਿਚ ਮਜਬੂਰ ਹੋ ਕੇ ਜਸਵੰਤ ਨੂੰ ਬੇਸਮਿੰਟ ਬਣਾ ਕੇ ਕਿਰਾਏ ’ਤੇ ਚੜ੍ਹਾਉਣੀ ਪਈ। ਉਸੇ ਸਾਲ ਉਨ੍ਹਾਂ ਉੱਪਰ ਇਕ ਮੁਸੀਬਤ ਹੋਰ ਆ ਪਈ। ਜਸਵੰਤ ਦਾ ਕੰਮ ’ਤੇ ਜਾਂਦੇ ਦਾ ਐਕਸੀਡੈਂਟ ਹੋ ਗਿਆ। ਉਸ ਦੇ ਕਾਫੀ ਸੱਟਾਂ ਲੱਗੀਆਂ ਤੇ ਉਸ ਨੂੰ ਦੋ ਕੁ ਹਫਤੇ ਹਸਪਤਾਲ ਵੀ ਰਹਿਣਾ ਪਿਆ। ਚਰਨ ਸਿੰਘ ਨੂੰ ਯਾਦ ਹੈ ਕਿ ਅਸਲ ਵਿਚ ਇਹ ਐਕਸੀਡੈਂਟ ਹੀ ਸੀ ਜਿਸ ਨੇ ਉਨ੍ਹਾਂ ਦੀਆਂ ਜ਼ਿੰਦਗੀਆਂ ਦਾ ਰੁਖ ਹੋਰ ਈ ਪਾਸੇ ਮੋੜ ਕੇ ਰੱਖ ਦਿੱਤਾ ਸੀ।
ਸੱਟਾਂ ਲੱਗੀਆਂ ਹੋਣ ਕਰਕੇ ਜਸਵੰਤ ਸਿੰਘ ਕਿੰਨੀ ਦੇਰ ਕੰਮ ’ਤੇ ਨਹੀਂ ਸੀ ਗਿਆ। ਚਰਨ ਸਿੰਘ ਨੂੰ ਯਾਦ ਹੈ ਉਸ ਨੇ ਇਕ ਵਾਰੀ ਜਸਵੰਤ ਨੂੰ ਕਿਹਾ ਸੀ, “ਪੁੱਤ ਜਸਵੰਤ ਹੁਣ ਤੇਰੀਆਂ ਸੱਟਾਂ ਸੁੱਟਾਂ ਤਾਂ ਕਦੋਂ ਦੀਆਂ ਠੀਕ ਹੋ ਗਈਆਂ ਲਗਦੀਆਂ ਤੂੰ ਹੁਣ ਕੰਮ ’ਤੇ ਕਿਉਂ ਨਈਂ ਜਾਂਦਾ?”
“ਭਾਈਆ ਘਰ ਬੈਠੇ ਨੂੰ ਪੈਸੇ ਮਿਲੀ ਜਾਂਦੇ ਆ ਕੰਮ ’ਤੇ ਕਾਹਦੇ ਲਈ ਜਾਣਾ ਆਂ?”
“ਫੇਰ ਵੀ ਪੁੱਤ ਬੰਦੇ ਨੂੰ ਜ਼ਿੰਦਗੀ ਵਿੱਚ ਵਾਹ ਲਗਦੀ ਨੂੰ ਇਮਾਨਦਾਰੀ ਵਰਤਣੀ ਚਾਹੀਦੀ ਆ, ਜੇ ਤੂੰ ਹੁਣ ਕੰਮ ਕਰ ਸਕਦਾ ਆਂ ਤਾਂ ਤੈਨੂੰ ਜਾਣਾ ਚਾਹੀਦਾ ਆ।” ਚਰਨ ਸਿੰਘ ਨੇ ਆਪਣੇ ਦਿਲ ਦੀ ਗੱਲ ਕੀਤੀ ਤੇ ਨਾਲੇ ਉਸ ਨੂੰ ਡਰ ਜਿਹਾ ਲਗਦਾ ਸੀ ਕਿ ਕਿਤੇ ਜਸਵੰਤ ਦਾ ਕੰਮ ਹੀ ਨਾ ਟੁੱਟ ਜਾਵੇ।
“ਭਾਈਆ ਮੈਂ ਕੋਈ ਹੇਰਾ ਫੇਰੀ ਥੋੜ੍ਹੋ ਕਰ ਰਿਹਾਂ। ਸਾਡਾ ਹੱਕ ਹੈ, ਅਸੀਂ ਸੱਟ ਚੋਟ ਲੱਗੀ ’ਤੇ ਪੈਸੇ ਲੈ ਸਕਦੇ ਆਂ, ਉਹੋ ਈ ਮੈਂ ਲੈ ਰਿਹਾਂ। ਨਾਲੇ ਸਾਰੇ ਏਦਾਂ ਕਰਦੇ ਆ, ਮੈਂ ਕਿਤੇ ਕੱਲਾ ਥੋੜ੍ਹੋ ਆਂ।”
ਚਰਨ ਸਿੰਘ ਨੂੰ ਲੱਗਾ ਸੀ ਕਿ ਜਿਵੇਂ ਉਸ ਨੂੰ ਕਨੇਡੇ ਦੇ ਰਸਮਾਂ ਰਿਵਾਜਾਂ ਦੀ ਸਮਝ ਨਹੀਂ ਸੀ ਆ ਰਹੀ। ਪਰ ਜਸਵੰਤ ਦੀਆਂ ਗੱਲਾਂ ਨਾਲ ਉਹਨੂੰ ਕੁਝ ਹੌਂਸਲਾ ਜਿਹਾ ਹੋ ਗਿਆ ਸੀ। ਫੇਰ ਕੁਝ ਮਹੀਨਿਆਂ ਬਾਦ ਤਾਂ ਚਰਨ ਸਿੰਘ ਤੇ ਬਲਵੰਤ ਕੌਰ ਨੂੰ ਸਗੋਂ ਬਹੁਤ ਹੀ ਫਿਕਰ ਹੋਣ ਲੱਗ ਪਿਆ ਜਦੋਂ ਉਹਨਾਂ ਨੂੰ ਪਤਾ ਲੱਗਾ ਕਿ ਜਸਵੰਤ ਨੂੰ ਜਿਹੜੇ ਪੈਸੇ ਮਿਲਦੇ ਸਨ ਉਹ ਮਿਲਣੋ ਬੰਦ ਹੋ ਗਏ ਸਨ। ਉਹਨਾਂ ਦੋਹਾਂ ਨੇ ਇਕ ਦਿਨ ਮੌਕਾ ਦੇਖ ਕੇ ਫੇਰ ਜਸਵੰਤ ਨੂੰ ਕਿਹਾ ਸੀ ਕਿ ਉਹ ਕੰਮ ’ਤੇ ਜਾਣ ਲੱਗ ਪਵੇ। ਜਸਵੰਤ ਨੇ ਹੌਲ਼ੀ ਹੌਲ਼ੀ ਉਹਨਾਂ ਨੂੰ ਦੱਸਿਆ ਸੀ ਕਿ ਉਸ ਦਾ ਕਾਰਾਂ ਦੀ ਬੀਮਾ ਕੰਪਨੀ ਆਈ. ਸੀ. ਬੀ. ਸੀ. ਨਾਲ ਮੁਕੱਦਮਾ ਚੱਲਦਾ ਸੀ। ਤੇ ਜਿਹੜਾ ਵਕੀਲ ਉਸ ਨੇ ਕੀਤਾ ਸੀ ਉਸ ਦਾ ਕਹਿਣਾ ਸੀ ਕਿ ਉਹ ਇਹ ਕੇਸ ਜ਼ਰੂਰ ਹੀ ਜਿੱਤ ਜਾਵੇਗਾ। ਉਸ ਵਕੀਲ ਨੇ ਅੱਗੇ ਵੀ ਕਈ ਲੋਕਾਂ ਦੇ ਇਹੋ ਜਿਹੇ ਕੇਸ ਜਿੱਤੇ ਸਨ। ਮੁਕੱਦਮੇ ਦਾ ਫੈਸਲਾ ਹੋਣ ਤੋਂ ਪਹਿਲਾਂ ਹੀ ਜਸਵੰਤ ਕੰਮ ’ਤੇ ਜਾਣ ਲੱਗ ਪਿਆ ਸੀ। ਫੇਰ ਕੁਝ ਮਹੀਨਿਆਂ ਬਾਦ ਘਰ ਵਿਚ ਅਚਾਨਕ ਇਕ ਖੁਸ਼ੀ ਜਿਹੀ ਪਸਰ ਗਈ ਜਦੋਂ ਉਹਨਾਂ ਨੂੰ ਪਤਾ ਲੱਗਾ ਕਿ ਜਸਵੰਤ ਦੇ ਮੁਕੱਦਮੇ ਦਾ ਫੈਸਲਾ ਉਹਨਾਂ ਦੇ ਹੱਕ ਵਿਚ ਹੋ ਗਿਆ ਸੀ ਤੇ ਬੀਮਾ ਕੰਪਨੀ ਵੱਲੋਂ ਜਸਵੰਤ ਨੂੰ ਵੱਡੀ ਰਕਮ ਮਿਲਣੀ ਸੀ।
ਚਰਨ ਸਿੰਘ ਨੂੰ ਯਾਦ ਹੈ ਕਿ ਉਸ ਦਿਨ ਰਾਤ ਨੂੰ ਸੌਣ ਲੱਗਿਆਂ ਬਲਵੰਤ ਕੌਰ ਨੇ ਦੋਵੇਂ ਹੱਥ ਜੋੜ ਕੇ ਰੱਬ ਦਾ ਸ਼ੁਕਰ ਕੀਤਾ ਸੀ। ਤੇ ਉਹਨੇ ਚਰਨ ਸਿੰਘ ਨੂੰ ਦੱਸਿਆ ਸੀ ਕਿ ਜਦੋਂ ਜਸਵੰਤ ਦਾ ਐਕਸੀਡੈਂਟ ਹੋਇਆ ਸੀ ਤਾਂ ਉਸ ਨੇ ਮਨ ਵਿੱਚ ਪਿੰਡ ਵਾਲ਼ੀ ਜਗ੍ਹਾ ’ਤੇ ਇਕ ਵਾਰ ਫੇਰ ਅਖੰਡਪਾਠ ਕਰਾਉਣ ਦੀ ਸੁੱਖ ਸੁੱਖੀ ਸੀ। ਅੱਗੋਂ ਚਰਨ ਸਿੰਘ ਨੇ ਵੀ ਖੁਸ਼ ਹੁੰਦਿਆਂ ਕਿਹਾ ਸੀ ਕਿ ਇਸ ਵਾਰ ਉਹ ਸਾਰੇ ਟੱਬਰ ਨੂੰ ਲੈ ਕੇ ਪਿੰਡ ਜਾਣਗੇ। ਪਰ ਉਹਨਾਂ ਦੀ ਇਹ ਆਸ ਕਦੀ ਪੂਰੀ ਨਾ ਹੋਈ। ਇਹ ਯਾਦ ਆਉਂਦਿਆਂ ਹੀ ਚਰਨ ਸਿੰਘ ਨੂੰ ਆਪਣੇ ਪੁੱਤ ’ਤੇ ਲੋਹੜੇ ਦੀ ਖਿਝ ਆਈ। ਫੇਰ ਉਸ ਨੇ ਜਿਵੇਂ ਆਪਣੇ ਆਪ ਨੂੰ ਸਮਝਾਉਣ ਲਈ ਕਿਹਾ, “ਜੋ ਬੰਦੇ ਦੇ ਕਰਮਾਂ ਵਿੱਚ ਹੁੰਦਾ ਹੈ, ਉਹ ਹੀ ਭੋਗਣਾ ਹੁੰਦਾ ਹੈ। ਕਰਮਾਂ ਦੀ ਈ ਗੱਲ ਹੋਈ ਕਿ ਹੱਸਦੇ ਖੇਲ੍ਹਦੇ ਪਰਿਵਾਰ ’ਤੇ ਜਦੋਂ ਲੱਛਮੀ ਦੇਵੀ ਦਿਆਲ ਹੋਈ ਤਾਂ ਖੁਸ਼ੀਆਂ ਸਮੇਟ ਕੇ ਲੈ ਗਈ।” ਕਰਮਾਂ ਨੂੰ ਦੋਸ਼ੀ ਦਰਸਾ ਕੇ ਉਹਨੂੰ ਕੁਝ ਕੁਝ ਸੌਖ ਮਹਿਸੂਸ ਹੋਈ। ਪਰ ਨੀਂਦ ਆਉਣ ਜੋਗੀ ਮਨ ਨੂੰ ਚੈਨ ਨਾ ਆਈ।
ਉਹਨੂੰ ਯਾਦ ਆਇਆ ਕਿ ਜਦੋਂ ਬੀਮਾ ਕੰਪਨੀ ਵੱਲੋਂ ਜਸਵੰਤ ਨੂੰ ਪੈਸੇ ਮਿਲੇ ਸਨ ਤਾਂ ਉਹਨੇ ਆਪਣੇ ਦੋਸਤ ਦੀ ਸਲਾਹ ਨਾਲ ਘਰ ਪਾਉਣ ਲਈ ਇਕ ਲਾਟ ਖਰੀਦ ਲਈ। ਪਰ ਘਰ ਪਾਉਣ ਲਈ ਉਹਨਾਂ ਨੂੰ ਪੈਸੇ ਬੈਂਕ ਤੋਂ ਚੁੱਕਣੇ ਪੈਣੇ ਸਨ। ਚਰਨ ਸਿੰਘ ਨੂੰ ਉਹਦੀ ਇਹ ਗੱਲ ਚੰਗੀ ਨਾ ਲੱਗੀ। ਚਰਨ ਸਿੰਘ ਸਮਝਦਾ ਸੀ ਕਿ ਘਰ ਤਾਂ ਹੁਣ ਉਹਨਾਂ ਕੋਲ ਬਥੇਰਾ ਵਧੀਆ ਹੈ, ਹੋਰ ਕੀ ਕਰਨਾ ਹੈ। ਪਰ ਜਦੋਂ ਜਸਵੰਤ ਨੇ ਚਰਨ ਸਿੰਘ ਨੂੰ ਸਾਰੀ ਸਕੀਮ ਸਮਝਾਈ ਕਿ ਇਸ ਵਿਚ ਘਰ ਪਾ ਕੇ ਵੇਚ ਦਿਆਂਗੇ ਤਾਂ ਚਾਲੀ ਪੰਜਾਹ ਹਜ਼ਾਰ ਦਾ ਫਾਇਦਾ ਹੋਊਗਾ ਤਾਂ ਚਰਨ ਸਿੰਘ ਨੂੰ ਤਾਂ ਸੁਣ ਕੇ ਚਾਅ ਚੜ੍ਹ ਗਿਆ ਸੀ। ਉਹਨੇ ਆਪਣੀ ਵੱਲੋਂ ਜਸਵੰਤ ਨੂੰ ਪੂਰੀ ਹੱਲਾਸ਼ੇਰੀ ਦਿੱਤੀ।
ਜਸਵੰਤ ਨਾਲੇ ਮਿੱਲ ਵਿਚ ਕੰਮ ਕਰਦਾ ਤੇ ਨਾਲੇ ਘਰ ਬਣਾਉਣ ਦਾ ਕੰਮ ਕਰਨ ਲੱਗ ਪਿਆ। ਉਹਨੇ ਚਰਨ ਸਿੰਘ ਨੂੰ ਦੱਸਿਆ ਸੀ ਕਿ ਘਰ ਬਣਾਉਣ ਦਾ ਕੰਮ ਤਾਂ ਕੁਛ ਵੀ ਨਹੀਂ ਸੀ। ਉਹਦੀ ਮਿੱਲ ਵਿਚ ਕੰਮ ਕਰਦੇ ਦੋ ਤਿੰਨ ਜਣੇ ਇਹ ਕੰਮ ਕਰਦੇ ਸਨ ਤੇ ਸਾਲ ਵਿਚ ਇੱਕ ਦੋ ਘਰ ਬਣਾ ਕੇ ਵੇਚ ਦਿੰਦੇ ਸਨ। ਨਾਲੇ ਆਪ ਤਾਂ ਕੁਛ ਕਰਨਾ ਈ ਨਹੀਂ ਸੀ ਪੈਣਾ, ਸਿਰਫ ਠੇਕੇਦਾਰਾਂ ਨੂੰ ਠੇਕੇ ਦੇਣੇ ਸਨ। ਕਿਸੇ ਨੂੰ ਘਰ ਦੀ ਚਾਰ ਦਿਵਾਰੀ ਖੜ੍ਹੀ ਕਰਨ ਦਾ, ਕਿਸੇ ਨੂੰ ਛੱਤ ਪਾਉਣ ਦਾ, ਕਿਸੇ ਨੂੰ ਬਾਹਰ ਸਟੱਕੋ ਕਰਨ ਦਾ, ਕਿਸੇ ਨੂੰ ਬਿਜਲੀ ਲਾਉਣ ਦਾ ਤੇ ਕਿਸੇ ਨੂੰ ਪਲੰਬਿੰਗ ਦਾ। ਚਰਨ ਸਿੰਘ ਨੂੰ ਵੀ ਗੱਲਾਂ ਬੜੀਆਂ ਵਧੀਆ ਲੱਗੀਆਂ। ਉਹ ਰਾਤ ਨੂੰ ਬਲਵੰਤ ਕੌਰ ਨੂੰ ਸਾਰੀਆਂ ਗੱਲਾਂ ਏਦਾਂ ਦੱਸਦਾ ਤੇ ਸਮਝਾਉਂਦਾ ਜਿੱਦਾਂ ਉਹਨੂੰ ਦੱਸ ਕੇ ਉਹ ਪੱਕ ਕਰਨਾ ਚਾਹੁੰਦਾ ਹੋਵੇ ਪਈ ਉਹਨੂੰ ਆਪ ਸਾਰੀ ਗੱਲ ਦੀ ਸਮਝ ਆ ਗਈ ਹੈ ਕਿ ਨਹੀਂ।
ਜਸਵੰਤ ਨੇ ਘਰ ਪਾਉਣਾ ਸ਼ੁਰੂ ਕਰ ਲਿਆ। ਘਰ ਦੀ ਪਲੈਨ ਬਣਵਾਉਣ, ਸਿਟੀ ਤੋਂ ਪਾਸ ਕਰਵਾਉਣ ਦੇ ਕੰਮ ਤੋਂ ਲੈ ਕੇ ਠੇਕੇਦਾਰਾਂ ਨਾਲ ਗੱਲਬਾਤ ਕਰਨ ਦੇ ਚੱਕਰ ਵਿਚ ਪਏ ਜਸਵੰਤ ਨੂੰ ਤਾਂ ਕੰਮ ਤੋਂ ਆ ਕੇ ਸਿਰ ਖੁਰਕਣ ਦੀ ਵਿਹਲ ਨਾ ਮਿਲਦੀ। ਨਾ ਕਦੀ ਉਹਦੇ ਕੋਲ ਨਿਆਣਿਆਂ ਨਾਲ ਗੱਲ ਕਰਨ ਦਾ ਸਮਾਂ ਹੁੰਦਾ ਸੀ ਤੇ ਨਾ ਹੀ ਕਿਸੇ ਹੋਰ ਨਾਲ। ਜਿਹਨਾਂ ਦਿਨਾਂ ਵਿਚ ਉਹਦੀ ਕੰਮ ’ਤੇ ਰਾਤ ਦੀ ਸ਼ਿਫਟ ਹੁੰਦੀ ਉਹ ਮਸੀਂ ਦੋ ਚਾਰ ਘੰਟੇ ਹੀ ਸੌਂਦਾ ਤੇ ਫੇਰ ਉੱਠ ਕੇ ਚੱਲ ਸੋ ਚੱਲ। ਕਦੀ ਕਿਸੇ ਨੂੰ ਫੋਨ ਕਰ, ਕਦੀ ਕਿਸੇ ਠੇਕੇਦਾਰ ਨਾਲ ਖਹਿਬੜ, ਕਦੀ ਕਿਸੇ ਨਾਲ। ਠੇਕੇਦਾਰ ਵੀ ਬਹੁਤੇ ਆਪਣੇ ਹੀ ਬੰਦੇ ਸਨ ਤੇ ਉਹ ਕੰਮ ਦਾ ਲਾਰਾ ਲਾ ਦਿੰਦੇ ਤੇ ਮੌਕੇ ਸਿਰ ਕਰਦੇ ਕਦੀ ਨਾ। ਜਸਵੰਤ ਸਿੰਘ ਕਦੀ ਇਕ ਪਾਸੇ ਨੂੰ ਨੱਠਦਾ ਕਦੀ ਦੂਜੇ ਨੂੰ।
ਜਿੰਨੇ ਮਹੀਨੇ ਘਰ ਦਾ ਕੰਮ ਚਲਦਾ ਰਿਹਾ, ਚਰਨ ਸਿੰਘ ਦਾ ਵੀ ਸਾਰਾ ਵਕਤ ਘਰ ਦੇ ਚੱਕਰਾਂ ਵਿਚ ਹੀ ਲਗਦਾ। ਜਸਵੰਤ ਕਦੀ ਉਹਨੂੰ ਇੱਧਰੋਂ ਮਿੱਟੀ ਪੁੱਟ ਕੇ ਉੱਧਰ ਸੁੱਟਣ ਲਾ ਦੇਂਦਾ ਤੇ ਕਦੀ ਕੋਈ ਲੱਕੜਾਂ ਇਕ ਪਾਸੇ ਚੁੱਕ ਕੇ ਦੂਜੇ ਪਾਸੇ ਰੱਖਣ ਲਾ ਦੇਂਦਾ ਤੇ ਕਦੀ ਕੁਝ ਕਰਨ। ਨਹੀਂ ਤਾਂ ਉਹਨੂੰ ਕਹਿ ਦੇਂਦਾ ਪਈ ਜਿੰਨਾ ਚਿਰ ਆਹ ਠੇਕੇਦਾਰ ਦੇ ਬੰਦੇ ਫਲਾਣਾ ਕੰਮ ਕਰਦੇ ਆ, ਇਹਨਾਂ ਦਾ ਖਿਆਲ ਰੱਖੀਂ।
ਚਰਨ ਸਿੰਘ ਨੂੰ ਬੜੀ ਖਿਝ ਆਉਂਦੀ। ਉਸ ਨੇ ਸਾਰੀ ਉਮਰ ਕੰਮ ਤਾਂ ਡਟ ਕੇ ਕੀਤਾ ਸੀ ਪਰ ਉਹਨੇ ਬੜੀ ਟਿਕ ਕੇ ਜ਼ਿੰਦਗੀ ਗੁਜ਼ਾਰੀ ਸੀ। ਕਈ ਵਾਰ ਉਹ ਥੱਕਿਆ ਤੇ ਖਿਝਿਆ ਜਿਹਾ ਬਲਵੰਤ ਕੌਰ ਕੋਲ ਸ਼ਿਕਾਇਤ ਲਾਉਂਦਾ, “ਇਹ ਵੀ ਕੀ ਜੂਨ ਹੋਈ ਬਈ ਸਾਰੀ ਦਿਹਾੜੀ ਬੰਦਾ ਸੂਲੀ ’ਤੇ ਈ ਟੰਗਿਆ ਰਹੇ। ਜਿੱਦਣ ਦਾ ਆਹ ਘਰ ਦਾ ਕੰਮ ਸ਼ੁਰੂ ਕੀਤਾ ਆ ਮੁੰਡਾ ਇਕ ਪਲ ਨਾ ਤਾਂ ਆਪ ਰਮਾਨ ਨਾਲ ਘਰ ਬੈਠਾ ਆ ਤੇ ਨਾ ਕਿਸੇ ਹੋਰ ਨੂੰ ਬੈਠਣ ਦਿੱਤਾ।”
ਬਲਵੰਤ ਕੌਰ ਦਾ ਵੀ ਇਹੋ ਜਿਹਾ ਹੀ ਵਿਚਾਰ ਸੀ, “ਪੈਸੇ ਤਾਂ ਮੰਨਿਆ ਬਣ ਜਾਣਗੇ ਪਰ ਮੁੰਡੇ ਦਾ ਤਾਂ ਸੁਭਾਅ ਈ ਬੜਾ ਖਰ੍ਹਵਾ ਜਿਹਾ ਹੋਈ ਜਾਂਦਾ ਆ, ਜਦੋਂ ਵੀ ਬੋਲਦਾ ਖਿਝ ਕੇ ਬੋਲਦਾ ਆ। ਮੈਂ ਕੱਲ੍ਹ ਕਹਿ ਬੈਠੀ ਪਈ ਛੋਟੀ ਕੁੜੀ ਨੂੰ ਬੁਖਾਰ ਜਿਹਾ ਹੋਇਆ ਲਗਦਾ ਆ, ਤੂੰ ਇਹਨੂੰ ਡਾਕਟਰ ਦੇ ਈ ਦਿਖਾਲ ਲਿਆ ਕਿਸੇ ਵੇਲੇ, ਤਾਂ ਅੱਗਿਓਂ ਨੱਠ ਕੇ ਪਿਆ, ਅਖੇ ਮੇਰੇ ਕੋਲ ਤਾਂ ਮਰਨ ਦੀ ਵਿਹਲ ਨਈਂ, ਕੁੜੀ ਨੂੰ ਮੈਂ ਡਾਕਟਰ ਦੇ ਕਦੋਂ ਲੈ ਜਾਊਂਗਾ? ਅਖੇ ਜੇ ਨਾ ਠੀਕ ਹੋਈ ਤਾਂ ਕੱਲ੍ਹ ਨੂੰ ਜੀਤੀ ਨੂੰ ਕਹਿ ਦੇਈਂ ਤਕਾਲਾਂ ਨੂੰ ਕੰਮ ਤੋਂ ਬਾਅਦ ਲੈ ਜਾਵੇ।”
“ਇਕ ਵਾਰੀ ਇਹ ਕਰ ਲਿਆ, ਮੁੜ ਕੇ ਉਹਨੂੰ ਕਹਿਣਾ ਆਂ ਇਸ ਕੰਮ ਵਿਚ ਨਾ ਪਵੇ। ਬੜਾ ਸੁਹਣਾ ਮਿੱਲ ਵਿੱਚ ਉਹਦਾ ਕੰਮ ਲੱਗਾ ਆ, ਸਰੀ ਜਾਊਗਾ, ਨਾਲੇ ਬੰਦਾ ਥੋੜ੍ਹੀ ਖਾ ਲਵੇ ਜ਼ਰੂਰੀ ਥੋੜ੍ਹੋ ਆ ਪਈ ਸਾਰੇ ਕੰਮਾਂ ਵਿਚ ਦੂਜੇ ਲੋਕਾਂ ਦੀ ਰੀਸ ਈ ਕਰਨੀ ਆਂ।”
ਘਰ ਦਾ ਕੰਮ ਖਤਮ ਹੋਏ ’ਤੇ ਸਾਰੇ ਟੱਬਰ ਨੇ ਸੁਖ ਦਾ ਸਾਹ ਲਿਆ। ਘਰ ਵਿਚ ਅਜੇ ਕਾਰਪਿੱਟ ਪਾਉਣ ਵਾਲ਼ੀ ਤੇ ਹੋਰ ਵੀ ਨਿੱਕੇ ਮੋਟੇ ਕੰਮ ਖਤਮ ਹੋਣ ਵਾਲੇ ਰਹਿੰਦੇ ਸਨ ਕਿ ਇਕ ਪੰਜਾਬੀ ਰੀਅਲ ਅਸਟੇਟ ਏਜੰਟ ਨੇ ਚੀਨਿਆਂ ਨਾਲ ਘਰ ਦਾ ਸੌਦਾ ਕਰਾ ਦਿੱਤਾ। ਜਸਵੰਤ ਬਹੁਤ ਖੁਸ਼ ਸੀ। ਉਹ ਕਹਿ ਰਿਹਾ ਸੀ ਕਿ ਉਹਨਾਂ ਦੀ ਕਿਸਮਤ ਬਹੁਤ ਵਧੀਆ ਨਿਕਲੀ ਸੀ। ਘਰਾਂ ਦੀਆਂ ਕੀਮਤਾਂ ਚੜ੍ਹ ਰਹੀਆਂ ਸਨ। ਘਰ ਵਿੱਚੋਂ ਉਹਨਾਂ ਨੂੰ ਸੱਚਮੁੱਚ ਹੀ ਪੰਜਾਹ ਹਜ਼ਾਰ ਡਾਲਰ ਬਚ ਗਿਆ ਸੀ।
ਏਨੀ ਵੱਡੀ ਰਕਮ ਦਾ ਨਫਾ ਸੁਣ ਕੇ ਤਾਂ ਚਰਨ ਸਿੰਘ ਤੇ ਬਲਵੰਤ ਕੌਰ ਵੀ ਬਹੁਤ ਖੁਸ਼ ਹੋਏ। ਚਰਨ ਸਿੰਘ ਨੂੰ ਪਿਛਲੇ ਮਹੀਨਿਆਂ ਦੀ ਖਿਝ ਤੇ ਥਕਾਵਟ ਦਾ ਜਿਵੇਂ ਚਿੱਤ ਚੇਤਾ ਈ ਭੁੱਲ ਗਿਆ ਸੀ। ਉਹ ਦੋਵੇਂ ਜਣੇ ਮਨ ਵਿੱਚ ਸਕੀਮਾਂ ਲਾਉਣ ਲੱਗੇ ਪਈ ਹੁਣ ਉਹ ਸਾਰਾ ਟੱਬਰ ਦੇਸ ਇਕ ਗੇੜਾ ਮਾਰ ਆਉਣ। ਪਰ ਉਹਨਾਂ ਨੂੰ ਪਤਾ ਈ ਉਦੋਂ ਲੱਗਾ ਜਦੋਂ ਜਸਵੰਤ ਨੇ ਦੋ ਹੋਰ ਨਵੀਂਆਂ ਲਾਟਾਂ ਖਰੀਦ ਲਈਆਂ ਤੇ ਦੋ ਘਰ ਪਾਉਣ ਦੀ ਸਕੀਮ ਬਣਾ ਲਈ।
ਚਰਨ ਸਿੰਘ ਨੇ ਉਹਨੂੰ ਰੋਕਣ ਦੀ ਕੋਸ਼ਿਸ਼ ਕੀਤੀ, “ਦੇਖ ਕਾਕਾ ਇਹ ਕੰਮ ਮੈਨੂੰ ਤਾਂ ਇੰਨਾ ਸੁਖਾਲਾ ਨਹੀਂ ਲਗਦਾ। ਸਾਰੀ ਦਿਹਾੜੀ ਭੱਜ ਨੱਠ, ਫੇਰ ਤੂੰ ਕੰਮ ’ਤੇ ਵੀ ਜਾਣਾ ਹੁੰਦਾ ਆ। ਨਿਆਣੇ ਵਾਧੂ ਦੇ ਰੁਲਦੇ ਆ। ਤੇਰੇ ਕੋਲ ਤਾਂ ਕਦੀ ਟੈਮ ਨਹੀਂ ਹੁੰਦਾ ਉਹਨਾਂ ਨਾਲ ਗੱਲ ਕਰਨ ਦਾ ਵੀ।”
“ਪਰ ਭਾਈਆ ਪਹਿਲੀ ਵਾਰੀ ਹੋਣ ਕਰਕੇ ਆਪਾਂ ਨੂੰ ਜ਼ਿਆਦਾ ਮੁਸ਼ਕਿਲ ਆਈ ਆ, ਹੁਣ ਦੇਖੀਂ ਤੂੰ ਫਟਾਫਟ ਆਪਣੇ ਆਪ ਕੰਮ ਹੁੰਦਾ।”
ਜਸਵੰਤ ਦੀ ਗੱਲ ਤੇ ਗੱਲ ਕਰਨ ਦੇ ਅੰਦਾਜ਼ ਤੋਂ ਚਰਨ ਸਿੰਘ ਨੂੰ ਲੱਗਾ ਕਿ ਹੁਣ ਉਸ ਨੂੰ ਇਸ ਕੰਮ ਤੋਂ ਹਟਾਉਣਾ ਮੁਸ਼ਕਿਲ ਹੈ। ਪਰ ਫੇਰ ਵੀ ਉਸ ਨੇ ਇਕ ਵਾਰੀ ਹੋਰ ਕੋਸ਼ਿਸ਼ ਕੀਤੀ, “ਪੁੱਤ ਟੱਬਰ ਵਲ ਧਿਆਨ ਦੇਣਾ ਵੀ ਤਾਂ ਜ਼ਰੂਰੀ ਹੈ ਕਿ ਨਹੀਂ, ਕੀ ਪੈਸਾ ਈ ਸਭ ਕੁਛ ਹੁੰਦਾ ਆ।”
ਜਸਵੰਤ ਚਰਨ ਸਿੰਘ ਦੀ ਗੱਲ ਤੋਂ ਖਿਝ ਗਿਆ ਸੀ ਤੇ ਕਹਿਣ ਲੱਗਾ, “ਭਾਈਆ ਤੂੰ ਐਵੀਂ ਆਪਣੀਆਂ ਮਾਰੀ ਜਾਨਾਂ ਆਂ, ਟੱਬਰ ਕਿੱਥੇ ਨੂੰ ਦੌੜਿਆ ਜਾਂਦਾ ਆ। ਹੁਣ ਮੌਕਾ ਵਧੀਆ ਆ ਜੇ ਇਹ ਦੋ ਘਰ ਵੀ ਛੇਤੀਂ ਦੇਣੀ ਬਣਾ ਕੇ ਵੇਚ ਦੇਈਏ ਤਾਂ ਸਾਰੀ ਉਮਰ ਮੌਜ ਕਰਾਂਗੇ।”
ਚਰਨ ਸਿੰਘ ਨੂੰ ਜਸਵੰਤ ਦਾ ਰਵੱਈਆ ਚੰਗਾ ਨਹੀਂ ਸੀ ਲੱਗਾ ਤੇ ਉਹਨੇ ਰਾਤ ਨੂੰ ਬਲਵੰਤ ਕੌਰ ਨੂੰ ਕਿਹਾ ਸੀ, “ਮੈ ਤਾਂ ਸੋਚਦਾ ਸੀ ਹੁਣ ਚਾਰ ਪੈਸੇ ਹੱਥ ਵਿੱਚ ਹੈਗੇ ਆ, ਆਪਾਂ ਸਾਰਾ ਟੱਬਰ ਦੇਸ ਗੇੜਾ ਮਾਰ ਆਉਨੇ ਆਂ। ਨਾਲੇ ਮੇਰੇ ਦਿਲ ਵਿੱਚ ਸੀ ਪਈ ਆਪਣੇ ਬਾਹਰਲੇ ਖੂਹ ਨਾਲ ਲਗਦੇ ਦੋ ਖੱਤੇ ਭਗਤੂ ਅਮਲੀ ਕੋਲੋਂ ਲੈ ਲੈਂਦੇ, ਉਹਨੇ ਤਾਂ ਹੋਰ ਸਾਲ ਖੰਡ ਤਾਈਂ ਕਿਸੇ ਨਾ ਕਿਸੇ ਨੂੰ ਦੇ ਈ ਦੇਣੇ ਆਂ। ਖਬਰੇ ਹਜ਼ਾਰਾ ਸੌਂਹ ਹੋਣੀ ਈ ਹੱਥ ਮਾਰ ਜਾਣ। ਇੱਥੇ ਤਾਂ ਠੀਕ ਆ ,ਪਿੱਛੇ ਦਾ ਹੁਣ ਕਿਤੇ ਆਪਾਂ ਚੇਤਾ ਈ ਥੋੜ੍ਹੋ ਭੁਲਾ ਦੇਣਾ ਆਂ।”
ਜ਼ਮੀਨ ਲੈਣ ਵਾਲ਼ੀ ਗੱਲ ਬਲਵੰਤ ਕੌਰ ਨੂੰ ਬਹੁਤੀ ਜਚੀ ਨਹੀਂ ਸੀ ਲਗਦੀ। ਉਹਨੇ ਆਪਣੀ ਵੱਲੋਂ ਇਕ ਤਰ੍ਹਾਂ ਫੈਸਲਾ ਜਸਵੰਤ ਦੇ ਹੱਕ ਵਿਚ ਕਰ ਦਿੱਤਾ ਸੀ, “ਜੇ ਮੁੰਡਾ ਟੁੱਟ ਟੁੱਟ ਕੇ ਮਰਦਾ ਆ ਤਾਂ ਘਰ ਲਈ ਕਰਦਾ ਆ ਕਿਸੇ ਹੋਰ ਲਈ ਥੋੜ੍ਹੋ ਲੱਗਾ ਆ ਆਪਣੀ ਜਾਨ ਮਾਰਨ। ਨਾਲੇ ਪਿੱਛੇ ਜ਼ਮੀਨ ਨੂੰ ਹੁਣ ਤੂੰ ਕੀ ਕਰੇਂਗਾ। ਕਿਹਨੇ ਸਾਂਭਣੀ ਆਂ ਹੁਣ? ਭਾਈ ਤੂੰ ਬਾਹਲੀ ਟੋਕਾ ਟਾਕੀ ਨਾ ਕਰਿਆ ਕਰ ਮੁੰਡੇ ਨੂੰ। ਕੀ ਮਾੜਾ ਆ ਜੇ ਚਾਰ ਪੈਸੇ ਹੱਥ ਵਿਚ ਹੋਣਗੇ?”
ਬਲਵੰਤ ਕੌਰ ਦੀ ਗੱਲ ਸੁਣ ਕੇ ਚਰਨ ਸਿੰਘ ਕੁਝ ਬੋਲਿਆ ਨਹੀਂ। ਉਹਦਾ ਦਿਲ ਤਾਂ ਕਰਦਾ ਸੀ ਪਈ ਘੱਟੋ ਘੱਟ ਬਲਵੰਤ ਕੌਰ ਤਾਂ ਮੁੰਡੇ ਦਾ ਪੱਖ ਨਾ ਲਵੇ। ਪਰ ਫੇਰ ਉਹ ਆਪਣੇ ਸੁਭਾਅ ਮੁਤਾਬਕ ਚੁੱਪ ਕਰ ਗਿਆ ਸੀ। ਉਂਝ ਘਰਾਂ ਦੇ ਕੰਮ ਵਿੱਚੋਂ ਇੰਨਾ ਫਾਇਦਾ ਹੋਣ ਦੀ ਗੱਲ ਉਹਨੂੰ ਵੀ ਬਹੁਤ ਵਧੀਆ ਲਗਦੀ ਸੀ।
ਚਰਨ ਸਿੰਘ ਨੇ ਜਸਵੰਤ ਨੂੰ ਟੋਕਣੋਂ ਛੱਡ ਦਿੱਤਾ। ਜਸਵੰਤ ਨੇ ਉਹ ਦੋ ਘਰ ਬਣਾਏ ਤੇ ਵੇਚ ਲਏ। ਉਸ ਵਿੱਚੋਂ ਵੀ ਉਸ ਨੂੰ ਵਾਹਵਾ ਪੈਸੇ ਬਣੇ। ਤੇ ਫੇਰ ਉਹ ਪੈਸੇ ਉਸ ਨੇ ਹੋਰ ਲਾਟਾਂ ’ਤੇ ਲਾਏ ਤੇ ਹੋਰ ਘਰ ਬਣਾਏ। ਪਰ ਫੇਰ ਇਕ ਵਾਰੀ ਉਹਦੇ ਬਣਾਏ ਹੋਏ ਤਿੰਨ ਘਰ ਵਿਕਣ ਵਿਚ ਹੀ ਨਾ ਆਉਣ। ਘਰ ਵੀ ਕਾਫੀ ਵੱਡੇ ਵੱਡੇ ਸਨ ਤੇ ਜਸਵੰਤ ਨੇ ਜਿੰਨੇ ਕੋਲ ਪੈਸੇ ਸੀ, ਉਹ ਹੀ ਨਹੀਂ, ਉਹਨਾਂ ’ਤੇ ਬੈਂਕ ਕੋਲੋਂ ਵੀ ਕਾਫੀ ਕਰਜ਼ਾ ਚੁੱਕ ਕੇ ਲਾਇਆ ਹੋਇਆ ਸੀ। ਹਾਰ ਕੇ ਖਿਝ ਕੇ ਉਸ ਨੇ ਦੋ ਘਰ ਸਸਤੇ ਹੀ ਵੇਚ ਦਿੱਤੇ ਤੇ ਤੀਜੇ ਵਿਚ ਆਪ ਰਹਿਣ ਲੱਗ ਪਏ। ਪਰ ਫੇਰ ਵੀ ਉਸ ਕੋਲ ਇੰਨੇ ਕੁ ਪੈਸੇ ਸਨ ਕਿ ਉਹਨੇ ਤਿੰਨ ਲਾਟਾਂ ਹੋਰ ਲੈ ਲਈਆਂ ਅਤੇ ਉਹਨਾਂ ਵਿੱਚੋਂ ਇਕ ਵਿਚ ਘਰ ਪਾਉਣ ਲੱਗ ਪਿਆ।
ਚਰਨ ਸਿੰਘ ਨੂੰ ਹੁਣ ਯਾਦ ਕਰਕੇ ਦੁੱਖ ਜਿਹਾ ਮਹਿਸੂਸ ਹੋ ਰਿਹਾ ਹੈ ਕਿ ਕਿਸ ਤਰ੍ਹਾਂ ਉਹਨਾਂ ਦੇ ਘਰ ਦਾ ਰੁਖ ਹੀ ਬਦਲ ਗਿਆ ਸੀ। ਤੇ ਘਰ ਬਣਾ ਕੇ ਵੇਚਣ ਦੇ ਲਗਾਤਾਰ ਚੱਲ ਰਹੇ ਇਸ ਸਿਲਸਲੇ ਅੱਗੇ ਚਰਨ ਸਿੰਘ ਆਪਣੇ ਆਪ ਨੂੰ ਬੇਬੱਸ ਮਹਿਸੂਸ ਕਰਦਾ। ਉਹਨੂੰ ਲਗਦਾ ਜਿਵੇਂ ਉਹ ਤੇਜ਼ ਚਲਦੇ ਪਾਣੀ ’ਤੇ ਤਰ ਰਿਹਾ ਪੱਤਾ ਹੋਵੇ। ਘਰ ਵਿੱਚ ਉਹਦੀ ਉਹ ਪਹਿਲਾਂ ਵਾਲ਼ੀ ਥਾਂ ਨਹੀਂ ਸੀ ਰਹੀ। ਜਸਵੰਤ ਹੁਣ ਉਸ ਦੀ ਸਲਾਹ ਵੀ ਨਹੀਂ ਸੀ ਪੁੱਛਦਾ। ਸਗੋਂ ਚਰਨ ਸਿੰਘ ਤੇ ਬਲਵੰਤ ਕੌਰ ਨੂੰ ਲਗਦਾ ਕਿ ਜਸਵੰਤ ਹੁਣ ਸਭ ਕੁਝ ਸੁਰਜੀਤ ਦੀ ਸਲਾਹ ਨਾਲ ਹੀ ਕਰਦਾ ਸੀ। ਇਸ ਨਾਲ ਉਹਨਾਂ ਦੋਹਾਂ ਦੇ ਮਨਾਂ ਵਿਚ ਸੁਰਜੀਤ ਪ੍ਰਤੀ ਪਹਿਲਾਂ ਵਾਲਾ ਪਿਆਰ ਨਫਰਤ ਵਿਚ ਵਟਣ ਲੱਗ ਪਿਆ। ਜੁਆਨ ਹੋ ਰਹੇ ਨਿਆਣੇ ਵੀ ਆਪ-ਮੁਹਾਰੇ ਹੋ ਰਹੇ ਸਨ। ਪਰ ਜਸਵੰਤ ਦਾ ਇਹਨਾਂ ਗੱਲਾਂ ਵਲ ਜਿਵੇਂ ਕੋਈ ਧਿਆਨ ਹੀ ਨਹੀਂ ਸੀ। ਘਰਾਂ ’ਤੇ ਕੰਮ ਕਰਨ ਵਾਲੇ ਬੰਦਿਆਂ ਨੂੰ ਖੁਸ਼ ਰੱਖਣ ਲਈ ਉਹ ਰੋਜ਼ ਰਾਤ ਨੂੰ ਸ਼ਰਾਬ ਪੀਂਦਾ। ਚਰਨ ਸਿੰਘ ਨੂੰ ਉਸ ਵਿੱਚੋਂ ਕੋਈ ਵੀ ਪਹਿਲਾਂ ਵਾਲ਼ੀ ਗੱਲ ਨਾ ਲੱਭਦੀ। ਘਰ ਵੇਚ ਕੇ ਪੈਸੇ ਬਣ ਜਾਂਦੇ, ਉਸ ਤੋਂ ਵੱਧ ਬਣਾਉਣ ਦੇ ਲਾਲਚ ਵਿਚ ਹੋਰ ਲਾਟਾਂ ਲੈ ਲੈਂਦਾ ਹੈ। ਹੁਣ ਉਸ ਕੋਲ ਤਿੰਨ ਚਾਰ ਲਾਟਾਂ ਹਨ ਤੇ ਤਿੰਨ ਪੁਰਾਣੇ ਘਰ ਲੈ ਕੇ ਕਿਰਾਏ ’ਤੇ ਵੀ ਦਿੱਤੇ ਹੋਏ ਹਨ। ਹੁਣ ਇੱਕ ਦੋ ਘਰ ਉਸ ਦੇ ਹਮੇਸ਼ਾ ਪੈ ਰਹੇ ਹੁੰਦੇ ਹਨ। ਉਸ ਨੂੰ ਉਮੀਦ ਹੈ ਕਿ ਜਿੱਥੇ ਉਸ ਦੀਆਂ ਤਿੰਨ ਲਾਟਾਂ ਹਨ ਉੱਥੇ ਅਪਾਰਟਮੈਂਟ ਬਣਨ ਦਾ ਕਾਨੂੰਨ ਪਾਸ ਹੋ ਜਾਵੇਗਾ। ਇਸ ਆਸ ਵਿਚ ਉਸ ਨੇ ਮਿਉਂਸਪੈਲਟੀ ਦੀ ਇਲੈਕਸ਼ਨ ਵਿਚ ਜਿੱਤਣ ਵਾਲ਼ੀ ਪਾਰਟੀ ਦੀ ਵਾਹਵਾ ਮਦਦ ਵੀ ਕੀਤੀ ਸੀ। ਜਸਵੰਤ ਦੇ ਵਧਦੇ ਕੰਮ ਬਾਰੇ ਜਦ ਕਦੀ ਉਹ ਦੂਜੇ ਲੋਕਾਂ ਕੋਲੋਂ ਸੁਣਦਾ ਤਾਂ ਉਹਨੂੰ ਖੁਸ਼ੀ ਵੀ ਬਹੁਤ ਹੁੰਦੀ। ਪਰ ਜਦ ਉਹ ਆਪਣੀ ਹਾਲਤ ਵਲ ਦੇਖਦਾ ਤਾਂ ਫੇਰ ਉਸ ਦਾ ਮਨ ਜਸਵੰਤ ਲਈ ਨਫਰਤ ਨਾਲ ਭਰ ਜਾਂਦਾ।
ਤੇ ਚਰਨ ਸਿੰਘ ਨੇ ਪਏ ਪਏ ਨੇ ਕਮਰੇ ਦੇ ਵਿਚ ਨਿਗ੍ਹਾ ਦੁੜਾਈ ਤੇ ਸੋਚਿਆ ਕਿ ਉਹਨਾਂ ਦੇ ਬਣਾਏ ਇੰਨੇ ਘਰਾਂ ਵਿੱਚੋਂ ਉਸ ਦੇ ਪੱਲੇ ਇਹ ਕਮਰਾ ਹੀ ਆਇਆ ਸੀ। ਇਸ ਸੋਚ ਨਾਲ ਉਸ ਦੇ ਅੰਦਰੋਂ ਆਪ-ਮੁਹਾਰੇ ਜਸਵੰਤ ਲਈ ਗਾਲ਼ ਨਿਕਲੀ। ਉਸ ਦਾ ਖਿਆਲ ਸੀ ਕਿ ਜਸਵੰਤ ਨੂੰ ਘਰਾਂ ਤੇ ਪੈਸੇ ਬਿਨਾਂ ਕੋਈ ਤੀਜੀ ਗੱਲ ਸੁੱਝਦੀ ਹੀ ਨਹੀਂ ਸੀ। ਚਰਨ ਸਿੰਘ ਨੂੰ ਸਭ ਤੋਂ ਵਧ ਜਸਵੰਤ ’ਤੇ ਖਿਝ ਉਸ ਵੇਲੇ ਆਈ ਸੀ ਜਦੋਂ ਬਲਵੰਤ ਕੌਰ ਦੇ ਵਾਰ ਵਾਰ ਕਹਿਣ ’ਤੇ ਵੀ ਉਹ ਦੇਸ ਨੂੰ ਜਾਣ ਨੂੰ ਨਹੀਂ ਸੀ ਮੰਨਿਆਂ। ਕਹਿੰਦਾ ਉੱਥੇ ਅੱਜ ਕੱਲ੍ਹ ਸੌ ਕਿਸਮ ਦੇ ਖਤਰੇ ਆ, ਕਾਹਦੇ ਲਈ ਐਵੇਂ ਵਾਧੂ ਪੰਗੇ ਵਿੱਚ ਪੈਣਾ ਆਂ। ਬਲਵੰਤ ਕੌਰ ਨੇ ਵਾਸਤਾ ਪਾਇਆ ਸੀ, “ਪੁੱਤ ਮੈਂ ਤਾਂ ਜਦੋਂ ਤੇਰੇ ਸੱਟ ਲੱਗੀ ਸੀ, ਉਦੋਂ ਦੀ ਬਾਬੇ ਤਾਣੇ ਖੰਡ ਪਾਠ ਕਰਾਉਣ ਦੀ ਸੁੱਖ ਸੁੱਖੀ ਹੋਈ ਸੀ।”
“ਚੱਲ ਬੀਬੀ ਏਦਾਂ ਕਰਦੇ ਆਂ ਆਪਾਂ, ਇੱਥੇ ਗੁਰਦਵਾਰੇ ਖੰਡ ਪਾਠ ਕਰਾ ਦਿੰਦੇ ਆਂ ਤੇ ਦੇਸ ਨੂੰ ਥੋੜ੍ਹੇ ਜਿਹੇ ਪੈਸੇ ਭੇਜ ਦਿਆਂਗੇ। ਤੇ ਫੇਰ ਜਦੋਂ ਪੰਜਾਬ ਵਿੱਚ ਰੌਲ਼ਾ-ਗੌਲ਼ਾ ਘਟ ਗਿਆ, ਆਪਾਂ ਜਾ ਆਵਾਂਗੇ।”
ਜਸਵੰਤ ਦੀ ਪਿੰਡ ਨੂੰ ਜਾਣ ਵਾਲ਼ੀ ਗੱਲ ਦਾ ਬਲਵੰਤ ਕੌਰ ਨੂੰ ਕੋਈ ਯਕੀਨ ਨਹੀਂ ਸੀ ਪਰ ਉਹ ਉਸ ਦੀ ਅਖੰਡ-ਪਾਠ ਵਾਲ਼ੀ ਗੱਲ ਨਾਲ ਰਾਜ਼ੀ ਹੋ ਗਈ ਸੀ। ਤੇ ਜਸਵੰਤ ਨੇ ਅਖੰਡ-ਪਾਠ ਕਰਵਾ ਦਿੱਤਾ ਸੀ। ਤੇ ਫੇਰ ਚਰਨ ਸਿੰਘ ਇਹ ਦੇਖ ਕੇ ਹੈਰਾਨ ਹੋਇਆ ਸੀ ਕਿ ਹੁਣ ਉਹ ਹਰ ਸਾਲ ਈ ਅਖੰਡ-ਪਾਠ ਕਰਾਉਣ ਲੱਗ ਪਿਆ। ਇਸ ਬਹਾਨੇ ਸੱਦ ਕੇ ਠੇਕੇਦਾਰਾਂ ਨੂੰ ਸ਼ਰਾਬ ਪਿਲਾ ਦਿੰਦਾ ਹੈ। ਨਾਲੇ ਬਲਵੰਤ ਕੌਰ ਨੂੰ ਵੀ ਖੁਸ਼ ਕਰ ਰੱਖਦਾ ਹੈ। ਅਖੰਡ-ਪਾਠ ਕਰਾਉਂਦੇ ਰਹਿਣ ਕਰਕੇ ਹੁਣ ਉਹਦੀ ਗੁਰਦਵਾਰੇ ਵੀ ਕਾਫੀ ਪੁੱਛ-ਗਿੱਛ ਹੈ। ਪਰ ਜਦੋਂ ਦਾ ਚਰਨ ਸਿੰਘ ਨੂੰ ਇਸ ਗੱਲ ਦਾ ਪਤਾ ਲੱਗਾ ਸੀ ਕਿ ਉਹ ਜਿਹੜੇ ਪੈਸੇ ਅਖੰਡ-ਪਾਠ ’ਤੇ ਖਰਚਦਾ ਸੀ ਉਹਦੇ ਵਿੱਚੋਂ ਬਹੁਤੇ ਤਾਂ ਗੁਰਦਵਾਰੇ ਵਾਲਿਆਂ ਨਾਲ ਗੰਢ-ਤੁੱਪ ਕਰਕੇ ਕਿਸੇ ਨਾ ਕਿਸੇ ਤਰੀਕੇ ਨਾਲ ਇਨਕਮ ਟੈਕਸ ਵਿਚ ਭਰ ਦਿੰਦਾ ਸੀ, ਤਾਂ ਉਸ ਨੂੰ ਲੱਗਾ ਸੀ ਜਿੱਦਾਂ ਜਸਵੰਤ ਹੁਣ ਰੱਬ ਨਾਲ ਵੀ ਹੇਰਾ-ਫੇਰੀ ਕਰਨ ਲੱਗ ਪਿਆ ਸੀ। ਪਰ ਨਾਲ ਹੀ ਉਹਨੂੰ ਲਗਦਾ ਜਿਵੇਂ ਜਸਵੰਤ ਨੂੰ ਤਾਂ ਇਹ ਸਭ ਕੁਝ ਬੜਾ ਰਾਸ ਆ ਰਿਹਾ ਸੀ ਤੇ ਉਹ ਬੜਾ ਖੁਸ਼ ਸੀ।
ਚਰਨ ਸਿੰਘ ਨੂੰ ਯਾਦ ਆਇਆ ਕਿ ਬਲਵੰਤ ਕੌਰ ਨੇ ਨਿਆਣਿਆਂ ਨੂੰ ਨਾਲ ਲੈ ਕੇ ਪਿੰਡ ਨਾ ਜਾ ਸਕਣ ਵਾਲ਼ੀ ਗੱਲ ਨੂੰ ਬਹੁਤ ਮਨ ’ਤੇ ਲਾਇਆ ਸੀ। ਜਦੋਂ ਡੇਢ ਕੁ ਸਾਲ ਪਹਿਲਾਂ ਉਹ ਕੈਲਗਰੀ ਨੂੰ ਗਈ ਸੀ ਤਾਂ ਜਾਣ ਤੋਂ ਪਹਿਲੀ ਰਾਤ ਉਹਨੇ ਅੱਖਾਂ ਭਰ ਕੇ ਕਿਹਾ ਸੀ, “ਬੜਾ ਈ ਦਿਲ ਵਿੱਚ ਚਾਅ ਸੀ ਪਈ ਦੀਪੇ ਨੂੰ, ਰਾਣੀ ਨੂੰ ਤੇ ਛੋਟੀ ਦੇਬੀ ਨੂੰ ਲੈ ਕੇ ਪਿੰਡ ਜਾਵਾਂਗੇ। ਸੌ ਚਾਅ-ਮਲ੍ਹਾਰ ਕਰਾਂਗੇ।”
“ਕਿਸਮਤ ਕੀ ਕੀ ਰੰਗ ਦਿਖਾਉਂਦੀ ਆ ਬੰਦੇ ਨੂੰ। ਉੱਪਰਲੇ ਦੀ ਨਿਗ੍ਹਾ ਬਿਨਾਂ ਕਾਹਨੂੰ ਕਿਸੇ ਨੂੰ ਖੁਸ਼ੀ ਨਸੀਬ ਹੁੰਦੀ ਆ। ਹੁਣ ਪੈਸੇ ਦਾ ਤਾਂ ਇਹਨੂੰ ਕੋਈ ਘਾਟਾ ਨਈਂ ਪਰ ਸਹੁਰੇ ਦੀ ਰੂਹ ਤਾਂ ਜਿਵੇਂ ਰਹੀ ਨਹੀਂ।” ਚਰਨ ਸਿੰਘ ਨੂੰ ਵੀ ਨਾ ਜਾਣ ਦਾ ਡਾਢਾ ਦੁੱਖ ਸੀ।
“ਟੱਬਰ ਦਾ ਵੀ ਕੀ ਬਚਿਆ ਆ ਹੁਣ,” ਬਲਵੰਤ ਕੌਰ ਨੇ ਵੱਡਾ ਸਾਰਾ ਹਉਕਾ ਭਰਿਆ।
“ਜਿੰਨਾ ਗੁੜ ਪਾਓ ਉੱਨਾ ਈ ਮਿੱਠਾ ਹੋਣਾ ਆ ਬਲਵੰਤ ਕੌਰੇ। ਹੁਣ ਆਪਣੇ ਈ ਘਰ ਦੀ ਬਿਗਾਨਿਆਂ ਕੋਲ ਕੀ ਮਿੱਟੀ ਪੱਟੀਏ? ਮੁੰਡੇ ਨੇ ਜਦੋਂ ਦੀ ਕਾਰ ਲਈ ਆ ਘਰੋਂ ਬਾਹਰ ਈ ਰਹਿੰਦਾ ਆ। ਪਤਾ ਨਈਂ ਕਿਸ ਕਿਸਮ ਦੀ ਮਡੀਰ ਨਾਲ ਘੁੰਮਦਾ ਖਾਂਦਾ ਆ। ਸ਼ਰਮ ਨਾਲ ਮਰ ਜਾਣ ਨੂੰ ਜੀਅ ਕਰਦਾ ਆ। ਜਿੱਦਣ ਸਹੁਰੇ ਨੂੰ ਸੁੱਤੇ ਪਏ ਨੂੰ ਘਰੋਂ ਪੁਲਸ ਆਲਾ ਉਠਾਲ ਕੇ ਕੜੀ ਲਾ ਕੇ ਲੈ ਗਿਆ, ਸਾਲ਼ਾ ਕੰਧ ਵਿੱਚ ਸਿਰ ਮਾਰ ਕੇ ਮਰ ਜਾਣ ਨੂੰ ਜੀਅ ਕਰੇ। ਜਰ ਹੁੰਦੀ ਆ ਇਹੋ ਜਿਹੀ ਗੱਲ। ਇਹਨਾਂ ਵਲ ਦੇਖ ਲਓ, ਕੋਈ ਫਰਕ ਈ ਨਈਂ, ਬਈ ਜਿੱਦਾਂ ਕੁਛ ਹੋਇਆ ਈ ਨਈਂ ਹੁੰਦਾ। ਏਡੀ ਵੱਡੀ ਗੱਲ ਹੋ ਗਈ ਆ। ਮੁੰਡੇ ਨੇ ਚੋਰੀ ਕੀਤੀ ਆ, ਫੇਰ ਫੜਿਆ ਗਿਆ। ਸਹੁਰਿਓ ਕੁਛ ਨਮੋਸ਼ੀ ਮੰਨੋ, ਕੁਛ ਸ਼ਰਮ ਮੰਨੋ, ਪਈ ਗਾਹਾਂ ਨੂੰ ਇਹੋ ਜਿਹੀ ਕਰਤੂਤ ਨਾ ਕਰੇ।”
“ਅੱਛਾ ਮ੍ਹਾਰਾਜ ਜੋ ਕਰਦਾ ਆ ਸੋਚ ਸਮਝ ਕੇ ਈ ਕਰਦਾ ਆ। ਕੋਈ ਸਾਡੇ ਕੋਲੋਂ ਈ ਕਿਤੇ ਭੁੱਲ ਹੋ ਗਈ ਹੋਊਗੀ।” ਬਲਵੰਤ ਕੌਰ ਨੇ ਆਪਣੀਆਂ ਗਿੱਲੀਆਂ ਅੱਖਾਂ ਨੂੰ ਪੂੰਝਦਦਿਆਂ ਕਿਹਾ ਸੀ।
“ਕਿੰਨਾ ਕੁ ਚਿਰ ਰੱਖਣਗੇ ਤੈਨੂੰ ਕੈਲਗਰੀ ਵਾਲੇ?” ਚਰਨ ਸਿੰਘ ਨੇ ਪੁੱਛਿਆ ਸੀ।
“ਕੀ ਪਤਾ ਹੁਣ, ਨਿੱਕੇ ਨਿੱਕੇ ਨਿਆਣੇ ਆ ਉਹਨਾਂ ਦੇ। ਨਾਲੇ ਉਹਨਾਂ ਨਾਲੋਂ ਤਾਂ ਜਾਦੇ ਗੱਲ ਇਹਨਾਂ ਦੇ ਵੱਸ ਵਿੱਚ ਆ। ਜਦੋਂ ਮੁੜ ਕੇ ਲਿਆਉਣਗੇ ਉਦੋਂ ਈ ਆਊਂਗੀ। ਹੁਣ ਕੈਲਗਰੀ ਬਰਾਮ ਤਾਂ ਹੈ ਨਈਂ ਪਈ ਤਾਂਗਾ ਫੜ ਕੇ ਪਿੰਡ ਨੂੰ ਆ ਜਾਊਂਗੀ।” ਬਲਵੰਤ ਕੌਰ ਨੇ ਖਿਝ ਜਿਹੀ ਨਾਲ ਕਿਹਾ ਸੀ।
ਚਰਨ ਸਿੰਘ ਨੇ ਇਕ ਵਾਰ ਮੁੜ ਕੇ ਬਲਵੰਤ ਕੌਰ ਵਲ ਦੇਖਿਆ ਸੀ ਤੇ ਫੇਰ ਹੈਰਾਨ ਜਿਹਾ ਹੁੰਦਿਆਂ ਸੋਚਿਆ ਸੀ ਕਿ ਉਹ ਵੀ ਕਿੰਨੀ ਬਦਲ ਗਈ ਸੀ। ਉਹਨੂੰ ਲੱਗਾ ਜਿੱਦਾਂ ਕੁਛ ਵੀ ਪਹਿਲਾਂ ਵਰਗਾ ਨਹੀਂ ਸੀ ਰਿਹਾ। ਉਹ ਖੁਦ ਵੀ ਪਹਿਲਾਂ ਵਾਲਾ ਨਹੀਂ ਸੀ ਰਿਹਾ। ਉਹਨੂੰ ਯਾਦ ਹੈ ਕਿ ਔਖੇ ਦਿਨਾਂ ਵਿਚ ਵੀ ਉਹਦੇ ਮਨ ਵਿਚ ਇਕ ਸ਼ਾਂਤੀ ਜਿਹੀ ਇਕ ਠਰ੍ਹੰਮਾ ਹੁੰਦਾ ਸੀ। ਹੁਣ ਉਹ ਵੀ ਕਿਹੜਾ ਜਸਵੰਤ ਨਾਲੋਂ ਘੱਟ ਟੁੱਟ ਟੁੱਟ ਕੇ ਮਰਦਾ ਸੀ। ਉਸ ਨੂੰ ਇਸ ਗੱਲ ਦੀ ਵੀ ਸਮਝ ਜਿਹੀ ਨਹੀਂ ਸੀ ਲਗਦੀ ਕਿ ਉਹ ਕਿਹਦੇ ਲਈ ਪੈਸੇ ਕਮਾ ਰਿਹਾ ਸੀ? ਪਰ ਰੱਬ ਦੀ ਅਜਿਹੀ ਕਰਨੀ ਸੀ ਕਿ ਉਸ ਤੋਂ ਕੰਮ ਕੀਤੇ ਬਿਨਾਂ ਰਹਿ ਹੀ ਨਹੀਂ ਸੀ ਹੁੰਦਾ। ਇੱਕ ਪਲ ਉਸ ਨੂੰ ਆਪਣੇ ਆਪ ’ਤੇ ਬੜੀ ਖਿਝ ਆਈ ਤੇ ਫੇਰ ਉਹਨੇ ਆਪਣੇ ਆਪ ਨੂੰ ਇਸ ਸੋਚ ਤੋਂ ਪਰੇ ਖਿੱਚ ਲਿਆ।
ਉਹ ਫੇਰ ਬਲਵੰਤ ਕੌਰ ਬਾਰੇ ਸੋਚਣ ਲੱਗ ਪਿਆ। ਉਹਦਾ ਕਦੀ ਕਦੀ ਦਿਲ ਬੜਾ ਕਾਹਲਾ ਪੈਂਦਾ ਜਾਪਦਾ ਤੇ ਚਾਹੁੰਦਾ ਕਿ ਬਲਵੰਤ ਕੌਰ ਉਸੇ ਪਲ ਉਹਦੇ ਨਾਲ ਦੇ ਮੰਜੇ ’ਤੇ ਪਈ ਹੋਵੇ। ਚਰਨ ਸਿੰਘ ਨੇ ਅੰਦਾਜ਼ਾ ਲਾਇਆ ਪਈ ਬਲਵੰਤ ਕੌਰ ਨੂੰ ਗਈ ਨੂੰ ਅਜੇ ਤਿੰਨ ਕੁ ਮਹੀਨੇ ਹੀ ਹੋਏ ਸੀ ਜਦੋਂ ਸੁਰਜੀਤ ਦੇ ਭੈਣ ਤੇ ਭਣੋਈਆ ਨਿਆਣਿਆਂ ਨੂੰ ਲੈ ਕੇ ਟਰਾਂਟੋ ਤੋਂ ਇੱਥੇ ਆਏ ਸੀ। ਕਹਿੰਦੇ ਸੀ, “ਉੱਥੇ ਕੰਮਾਂ ਕਾਰਾਂ ਦਾ ਬੜਾ ਮੰਦਾ ਸੀ।”
ਉਹਨਾਂ ਦੇ ਆਉਣ ’ਤੇ ਚਰਨ ਸਿੰਘ ਦਾ ਮੰਜਾ ਉਹਨਾਂ ਨੇ ਬੇਸਮਿੰਟ ਦੇ ਇਸ ਕਮਰੇ ਵਿਚ ਰੱਖ ਦਿੱਤਾ।
ਕਮਰੇ ਵਿਚ ਮੰਜਾ ਰੱਖਦਿਆਂ ਜਸਵੰਤ ਨੇ ਕਿਹਾ ਸੀ, “ਦੋ ਕੁ ਮਹੀਨਿਆਂ ਤਾਈਂ ਬੇਸਮਿੰਟ ਗੋਰਿਆਂ ਤੋਂ ਵਿਹਲੀ ਕਰਾ ਲਾਂਗੇ ਤੇ ਇਨ੍ਹਾਂ ਨੂੰ ਬੇਸਮਿੰਟ ਵਿਚ ਮੂਵ ਕਰ ਦਿਆਂਗੇ ਤੇ ਫੇਰ ਤੂੰ ਮੁੜ ਕੇ ਉੱਤੇ ਆਪਣੇ ਕਮਰੇ ਵਿਚ ਆ ਜਾਈਂ।”
“ਲੈ ਅੱਜ ਹੁੰਦੇ ਆ ਦੋ ਮਹੀਨੇ।” ਚਰਨ ਸਿੰਘ ਨੇ ਖਿਝਦਿਆਂ ਸੋਚਿਆ।
“ਵਾਹ ਉਏ ਕਰਮਾਂ ਦਿਆ ਵਲੀਆ, ਰਿੱਧੀ ਖੀਰ ਤੇ ਬਣ ਗਿਆ ਦਲੀਆ।” ਚਰਨ ਸਿੰਘ ਨੇ ਪਾਸਾ ਬਦਲਦਿਆਂ ਆਪਣੇ ਆਪ ਨੂੰ ਕਹਾਣਾ ਪਾ ਕੇ ਸੁਣਾਇਆ। ਉਹਨੇ ਕਲਾਕ ਵਲ ਦੇਖਿਆ ਪੰਜ ਵੱਜਣ ਵਾਲੇ ਸੀ। ਉਹਨੇ ਤਾਕੀ ਦਾ ਪਰਦਾ ਪਰੇ ਹਟਾ ਕੇ ਬਾਹਰ ਦੇਖਿਆ। ਬਾਹਰ ਕਈਆਂ ਦਿਨਾਂ ਦੀ ਪੈਣ ਪੈਣ ਕਰਦੀ ਬਰਫ ਬੜੇ ਜ਼ੋਰ ਸ਼ੋਰ ਨਾਲ ਪੈ ਰਹੀ ਸੀ। ਸਭ ਕੁਝ ਚਿੱਟਾ ਹੋਇਆ ਪਿਆ ਸੀ।
“ਤੂੰ ਵੀ ਕੱਢ ਲੈ ਜਿਹੜੀ ਕਸਰ ਰਹਿੰਦੀ ਆ,” ਉਹਨੇ ਬਰਫ ਵਲ ਦੇਖਦੇ ਨੇ ਕਿਹਾ। ਉਹਨੂੰ ਯਾਦ ਆਇਆ ਕੱਲ੍ਹ ਟਰੱਕੀ ਵਿੱਚੋਂ ਉੱਤਰਨ ਲੱਗੇ ਨੂੰ ਕਰਮ ਸੌਂਹ ਠੇਕੇਦਾਰ ਨੇ ਕਿਹਾ ਸੀ ਪਈ ਕੱਲ੍ਹ ਨੂੰ ਪੇਪਰ ਰਿਚਮੰਡ ਵਿਚ ਸਿੱਟਣੇ ਆਂ। ਚਰਨ ਸਿੰਘ ਨੂੰ ਪਤਾ ਸੀ ਕਿ ਰਿਚਮੰਡ ਵਿਚ ਕਈ ਥਾਹੀਂ ਸਾਈਡ ਵਾਕ ਵੀ ਨਹੀਂ ਸੀ ਬਣੇ ਹੋਏ ਤੇ ਸਾਰੀ ਦਿਹਾੜੀ ਬਰਫ ਵਿਚ ਬੜਾ ਔਖਿਆਂ ਹੋਣਾ ਪੈਣਾ ਸੀ। ਫੇਰ ਉਹਨੂੰ ਖਿਆਲ ਆਇਆ ਪਈ ਜਵਾਲਾ ਸੌਂਹ ਨੇ ਇਕ ਦਿਨ ਕਿਹਾ ਸੀ, “ਚਰਨ ਸਿੰਹਾਂ ਜੇ ਬਰਫ ਪੈਂਦੀ ਵਿੱਚ ਕੰਮ ’ਤੇ ਆਇਆ ਤਾਂ ਜਰਾਬਾਂ ਦਾ ਜੋੜਾ ਇਕ ਵਾਧੂ ਕੋਲ ਰੱਖੀਂ, ਕਈ ਵਾਰੀ ਸਾਰੀ ਦਿਹਾੜੀ ਬਰਫ ਵਿੱਚ ਫਿਰਦਿਆਂ ਜਰਾਬਾਂ ਗਿੱਲੀਆਂ ਹੋ ਜਾਂਦੀਆਂ ਆਂ, ਭਾਵੇਂ ਕਿੰਨੇ ਵਧੀਆ ਰਬੜੀ ਬੂਟ ਹੋਣ। ਅੱਵਲ ਤਾਂ ਬੰਦਾ ਏਹੋ ਜਿਹੇ ਦਿਨ ਵਿੱਚ ਕੰਮ ’ਤੇ ਈ ਨਾ ਆਵੇ। ਮੈਂ ਤਾਂ ਜਿਹੜੇ ਵੀ ਠੇਕੇਦਾਰ ਨਾਲ ਕੰਮ ਕਰਾਂ ਉਹਨੂੰ ਪਹਿਲਾਂ ਦੱਸ ਦਿਨਾਂ ਹੁੰਨਾਂ ਪਈ ਜਿੱਦਣੇ ਬਰਫ ਬੁਰਫ ਪਈ ਮੈਂ ਤਾਂ ਕੰਮ ’ਤੇ ਨਈਂ ਆਉਣਾ। ਤੇ ਨਾ ਹੁਣ ਆਪਾਂ ਕਦੀ ਏਦਾਂ ਦੇ ਮੌਸਮ ਵਿੱਚ ਕੰਮ ਕੀਤਾ ਈ ਆ। ਆਪਾਂ ਹੁਣ ਕਿਹੜਾ ਕਿਸੇ ਨੂੰ ਹਿਸਾਬ ਦੇਣਾ ਆਂ, ਐਂਵੇਂ ਕਿਉਂ ਜਾਨ ਤੋੜੀ ਜਾਈਏ।”
ਜਵਾਲਾ ਸਿੰਘ ਦਾ ਚੇਤਾ ਆਉਂਦਿਆਂ ਹੀ ਉਸ ਦਾ ਮਨ ਥੋੜ੍ਹਾ ਜਿਹਾ ਖੁਸ਼ ਹੋ ਗਿਆ। ਅੱਜ ਕੱਲ੍ਹ ਜਵਾਲਾ ਸੌਂਹ ਹੀ ਸੀ ਜਿਹਦੇ ਨਾਲ ਉਹ ਆਪਣਾ ਦੁਖ-ਸੁਖ ਸਾਂਝਾ ਕਰਦਾ ਸੀ। ਉਹ ਜਵਾਲਾ ਸਿੰਘ ਨੂੰ ਬੜਾ ਜਿਗਰੇ ਆਲਾ ਤੇ ਦਿਲ ਦਾ ਸੋਨਾ ਬੰਦਾ ਸਮਝਦਾ ਸੀ। ਉਹਨਾਂ ਨੂੰ ਇਕੱਠਿਆਂ ਪੇਪਰ ਸਿੱਟਣ ਦਾ ਕੰਮ ਕਰਦਿਆਂ ਨੂੰ ਛੇ ਮਹੀਨੇ ਤੋਂ ਉੱਪਰ ਹੋ ਗਏ ਸਨ।
ਚਰਨ ਸਿੰਘ ਨੂੰ ਜਵਾਲਾ ਸਿੰਘ ਦੀਆਂ ਗੱਲਾਂ ਬਾਤਾਂ ਤੇ ਸੁਭਾਅ ਬਹੁਤ ਹੀ ਵਧੀਆ ਲਗਦੇ ਸਨ। ਉਸ ਨਾਲ ਆਪਣੇ ਟੱਬਰ ਦੀਆਂ, ਘਰ ਦੀਆਂ ਵੀ ਸਾਰੀਆਂ ਗੱਲਾਂ ਕਰ ਲੈਂਦਾ ਸੀ। ਇਕ ਰਾਤ ਉਹ ਕੰਮ ਤੋਂ ਲੇਟ ਹੋ ਗਏ ਸਨ ਤੇ ਚਰਨ ਸਿੰਘ ਜਵਾਲਾ ਸਿੰਘ ਦੇ ਘਰ ਹੀ ਰਾਤ ਰਹਿ ਪਿਆ ਸੀ। ਜਵਾਲਾ ਸਿੰਘ ਇਕ ਹੋਰ ਬੰਦੇ ਨਾਲ ਪੁਰਾਣੇ ਘਰ ਦੀ ਬੇਸਮਿੰਟ ਵਿਚ ਰਹਿੰਦਾ ਸੀ ਜਿਸਦੇ ਦੋ ਸੌਣ ਵਾਲੇ ਕਮਰੇ, ਇਕ ਛੋਟਾ ਜਿਹਾ ਬਹਿਣ ਵਾਲਾ ਕਮਰਾ, ਰਸੋਈ ਤੇ ਗੁਸਲਖਾਨਾ ਸੀ।
ਉਹਨਾਂ ਨੇ ਰਸੋਈ ਵਿਚ ਪਈਆਂ ਕੁਰਸੀਆਂ ’ਤੇ ਬੈਠ ਕੇ ਆਪਣੇ ਕੰਮ ਵਾਲੇ ਬੂਟ ਲਾਹੇ। ਚਰਨ ਸਿੰਘ ਨੇ ਆਲਾ-ਦੁਆਲਾ ਦੇਖ ਕੇ ਪੁੱਛਿਆ ਸੀ, “ਤੇਰਾ ਸਾਥੀ ਨਈਂ ਦੀਹਦਾ ਅੱਜ ਕਿਤੇ?”
“ਉਹ ਐਂਛੀ ਪੱਠਾ ਆ ਪੂਰਾ। ਜਦੋਂ ਦਿਲ ਕਰੇ ਉਦੋਂ ਈ ਘਰ ਵੜਦਾ ਆ। ਜਿਹਨਾਂ ਦਿਨਾਂ ਵਿੱਚ ਉਹਨੂੰ ਵੈਲਫੇਅਰ ਦੇ ਪੈਸੇ ਮਿਲੇ ਹੋਣ ਉਦੋਂ ਉਹ ਘਰ ਲੇਟ ਈ ਆਉਂਦਾ ਆ। ਕਿਸੇ ਬੜੇ ਬੀਅਰ ਪਾਲੇ ਵਿੱਚ ਬੈਠਾ ਹੋਣਾ ਆ।”
“ਅੱਗਾ-ਪਿੱਛਾ ਨਈਂ ਉਹਦਾ ਕੋਈ?” ਚਰਨ ਸਿੰਘ ਨੇ ਸੁਭਾਵਕ ਹੀ ਪੁੱਛਿਆ।
ਉਸ ਦੀ ਗੱਲ ਦਾ ਜਵਾਬ ਦੇਣ ਦੀ ਥਾਂ ਜਵਾਲਾ ਸਿੰਘ ਨੇ ਇਕ ਪਲ ਚਰਨ ਸਿੰਘ ਵਲ ਦੇਖਿਆ। ਫੇਰ ਉਹਨੇ ਆਪਣੀਆਂ ਜਰਾਬਾਂ ਦਾ ਗੁੱਛਾ ਜਿਹਾ ਬਣਾ ਕੇ ਬੂਟਾਂ ਵਿੱਚ ਪਾਉਂਦਿਆਂ ਕਿਹਾ, “ਤੇਰਾ ਮੇਰਾ ਪਿੱਛਾ ਹੈ ਗਾ ਈ ਆ ਚਰਨ ਸਿਹਾਂ। ਇਸ ਮੁਲਕ ਵਿੱਚ ਕੀ ਫਰਕ ਪੈਂਦਾ ਆ ਅੱਗਿਆਂ ਪਿੱਛਿਆਂ ਨਾਲ। ਆਪੋ ਆਪਣੇ ਢਿੱਡ ਤੋਂ ਅੱਗੇ ਕਿਸੇ ਨੂੰ ਕੁਛ ਨਈਂ ਦੀਹਦਾ ਇੱਥੇ।” ਜਵਾਲਾ ਸਿੰਘ ਨੇ ਪਲ ਕੁ ਰੁਕ ਕੇ ਤੇ ਫੇਰ ਹਿੰਮਤ ਨਾਲ ਕੁਰਸੀ ਤੋਂ ਉੱਠਦਿਆਂ ਕਿਹਾ, “ਤੂੰ ਐਂ ਕਰ, ਪਹਿਲਾਂ ਮਾੜਾ ਜਿਹਾ ਸ਼ਾਵਰ ਲੈ ਲਾ। ਮੈਂ ਚਾਹ ਦਾ ਕੱਪ ਕੱਪ ਬਣਾਉਨਾਂ। ਫੇਰ ਆਪਾਂ ਥੋੜ੍ਹਾ ਜਿਹਾ ਅਟਕ ਕੇ ਰੋਟੀ ਬਣਾਵਾਂਗੇ।”
ਚਰਨ ਸਿੰਘ ਬੀਬੇ ਬੱਚੇ ਦੇ ਆਖਾ ਮੰਨਣ ਵਾਂਗ ਬਿਨਾਂ ਕੁਝ ਕਹੇ ਉੱਠ ਕੇ ਨਹਾਉਣ ਚਲੇ ਗਿਆ। ਜਦੋਂ ਉਹ ਨਹਾ ਕੇ ਬਾਹਰ ਨਿਕਲਿਆ ਤਾਂ ਰਸੋਈ ਵਿੱਚੋਂ ਉਹਨੂੰ ਅਲੋਜ਼ਿਆਂ ਦੇ ਰਾਗ ਦੀ ਆਵਾਜ਼ ਆਈ। ਜਵਾਲਾ ਸਿੰਘ ਨੇ ਟੇਪ ਰੀਕਾਰਡ ਲਾਈ ਹੋਈ ਸੀ ਤੇ ਆਪ ਉਹ ਚਾਹ ਵਿੱਚ ਦੁੱਧ ਪਾ ਕੇ ਉਬਾਲੀ ਆਉਣ ਦੀ ਉਡੀਕ ਵਿੱਚ ਸਟੋਵ ਦੇ ਲਾਗੇ ਹੀ ਖੜ੍ਹਾ ਸੀ।
ਉਹਨੇ ਚਰਨ ਸਿੰਘ ਨੂੰ ਦੇਖ ਕੇ ਕਿਹਾ, “ਲੈ ਐਂ ਕਰ ਤੂੰ, ਆਹ ਚਾਹ ਦਾ ਖਿਆਲ ਰੱਖੀਂ, ਮੈਂ ਵੀ ਮਾੜਾ ਜਿਹਾ ਪਿੰਡੇ ’ਤੇ ਪਾਣੀ ਪਾ ਲੈਨਾਂ ਆਂ। ਆਹ ਪੋਣੀ ਪਈ ਆ ਭਾਂਡਿਆਂ ਆਲੀ ਟੋਕਰੀ ’ਚ, ਚਾਹ ਪੁਣ ਲਈਂ।”
ਉਹਨਾਂ ਨੇ ਚਾਹ ਪੀਤੀ ਤੇ ਕਿੰਨੀ ਦੇਰ ਬੈਠੇ ਗੱਲਾਂ ਕਰਦੇ ਰਹੇ। ਫੇਰ ਜਵਾਲਾ ਸਿੰਘ ਹੌਂਸਲੇ ਨਾਲ ਉੱਠਿਆ ਤੇ ਉਹਨੇ ਫੁਰਤੀ ਨਾਲ ਆਟਾ ਗੁੰਨ੍ਹ ਕੇ ਰੋਟੀਆਂ ਬਣਾ ਲਈਆਂ। ਇਕ ਦੋ ਦਿਨ ਪਹਿਲਾਂ ਬਣਾਏ ਹੋਏ ਮੀਟ ਦੀ ਤਰੀ ਤੱਤੀ ਕਰ ਲਈ। ਚਰਨ ਸਿੰਘ ਹੈਰਾਨ ਜਿਹਾ ਹੋਇਆ ਜਵਾਲਾ ਸਿੰਘ ਵਲ ਦੇਖਦਾ ਰਿਹਾ। ਜਵਾਲਾ ਸਿੰਘ ਕੋਲ ਸ਼ਰਾਬ ਦੀ ਅੱਧੀ ਬੋਤਲ ਪਈ ਸੀ ਜਿਹੜੀ ਉਹਨਾਂ ਨੇ ਰੋਟੀ ਖਾਣ ਤੋਂ ਪਹਿਲਾਂ ਹੀ ਪੀ ਲਈ। ਰੋਟੀ ਖਾ ਕੇ ਉਹ ਕਿੰਨੀ ਰਾਤ ਗੱਲਾਂ ਕਰਦੇ ਰਹੇ।
ਥੋੜ੍ਹਾ ਨਸ਼ੇ ਵਿੱਚ ਹੋਣ ਕਰਕੇ ਚਰਨ ਸਿੰਘ ਦਾ ਮੱਲੋ ਮੱਲੀ ਦਿਲ ਕਰੀ ਜਾ ਰਿਹਾ ਸੀ ਕਿ ਉਹ ਜਵਾਲਾ ਸਿੰਘ ਨਾਲ ਜਸਵੰਤ ਦੇ ਇਸ ਤਰ੍ਹਾਂ ਬਦਲ ਜਾਣ ਬਾਰੇ ਗੱਲਾਂ ਕਰੀ ਜਾਵੇ। ਉਹਨੂੰ ਯਾਦ ਆ ਰਿਹਾ ਸੀ ਕਿ ਜਦੋਂ ਜਵਾਲਾ ਸਿੰਘ ਨੇ ਉਹਦੇ ਸੌਣ ਲਈ ਬਹਿਣ ਵਾਲੇ ਕਮਰੇ ਵਿਚ ਪਏ ਸੋਫੇ ਦਾ ਮੰਜਾ ਬਾਹਰ ਖਿੱਚਿਆ ਤੇ ਉਸ ’ਤੇ ਇਕ ਪਤਲੀ ਜਿਹੀ ਚਾਦਰ ਵਿਛਾਈ ਸੀ ਤਾਂ ਚਰਨ ਸਿੰਘ ਨੇ ਚਾਦਰ ਉਸ ਦੇ ਹੱਥੋਂ ਫੜਦਿਆਂ ਕਿਹਾ ਸੀ, “ਜਵਾਲਾ ਸਿਹਾਂ, ਸਾਡਾ ਤਾਂ ਐਹੋ ਜਿਹਾ ਹੱਸਦਾ-ਵੱਸਦਾ ਘਰ ਸੀ ਪਈ ਮਿਲਣ-ਗਿਲਣ ਵਾਲੇ ਸਾਡੇ ਘਰ ਦੀ ਮਿਸਾਲ ਦਿੰਦੇ ਸੀ। ਪਰ ਕਿਸਮਤ, ਮੁੰਡੇ ਦਾ ਸੁਭਾਅ ਹੁੰਦਾ ਸੀ ਪਈ ਜਾਹ ਤਾਂ ਜੀ ਤੋਂ ਬਿਨਾਂ ਕਦੀ ਬੋਲ ਜਾਵੇ। ਲਾਲਚ ਦਾ ਤਾਂ ਨਾਂ ਨਹੀਂ ਸੀ ਜਾਣਦਾ। ਮੈਨੂੰ ਕਹਿਣਾ, ਭਾਈਆ, ਬੱਸ ਸਾਲ ਕੁ ਹੋਰ ਫਾਰਮਾਂ ਵਿੱਚ ਕਰ ਲੈ ਕੰਮ ਜੇ ਕਰਨਾ ਆਂ, ਫੇਰ ਨਈਂ ਤੇਰੇ ਕੋਲੋਂ ਕੰਮ ਕਰਾਉਣਾ ...।”
ਜਵਾਲਾ ਸਿੰਘ ਨੇ ਉਸ ਦੀ ਗੱਲ ਵਿੱਚੋਂ ਈ ਟੋਕ ਦਿੱਤੀ ਸੀ ਤੇ ਕਿਹਾ ਸੀ, “ਚਰਨ ਸਿਹਾਂ, ਤੂੰ ਜਿੰਨਾ ਮਰਜ਼ੀ ਆ ਮਨ ਨੂੰ ਕਲਪਾਈ ਜਾ, ਫੈਦਾ ਕੁਛ ਨਈਂ ਹੋਣਾ। ਜੇ ਤਾਂ ਕੱਲਾ ਤੇਰਾ ਮੁੰਡਾ ਹੀ ਏਦਾਂ ਦਾ ਹੁੰਦਾ ਤਾਂ ਫੇਰ ਤਾਂ ਬੰਦਾ ਉਹਨੂੰ ਬੁਰਾ ਭਲਾ ਕਹਿੰਦਾ ਵੀ ਚੰਗਾ ਲਗਦਾ। ਜਦ ਹੁਣ ਇੱਥੇ ਸਾਰਿਆਂ ਦਾ ਈ ਏਹੋ ਹਾਲ ਆ ਤਾਂ ਹੁਣ ਵਿਚਾਰੇ ਜਸਵੰਤ ਨੂੰ ਤੂੰ ਕੀ ਫਾਂਸੀ ਲਾ ਦੇਵੇਂਗਾ।”
“ਫਾਂਸੀ ਤਾਂ ਕੀ ਲਾਉਣੀ ਆਂ, ਆਪਣੀ ਮੌਜ ਕਰੇ। ਉਹਦੇ ਘਰਾਂ ਦਾ ਉਹਦੇ ਪੈਸੇ ਦਾ ਮੈਨੂੰ ਕੋਈ ਦੁੱਖ ਥੋੜ੍ਹੋ ਆ। ਪਹਿਲਾਂ ਪਹਿਲਾਂ ਮੈਂ ਉਹਨੂੰ ਪਿੰਡ ਜ਼ਮੀਨ ਲੈਣ ਲਈ ਦੋ ਚਾਰ ਵਾਰ ਕਿਹਾ ਸੀ, ਉਹ ਨਹੀਂ ਆਖੇ ਲੱਗਾ, ਹਾਰ ਕੇ ਮੈਂ ਕਹਿਣੋ ਈ ਹਟ ਗਿਆ। ਮੈਂ ਤਾਂ ਬੱਸ ਹੁਣ ਇੰਨਾ ਕੁ ਚਾਹੁੰਨਾਂ ਪਈ ਆਪਣੀ ਮਾਂ ਨੂੰ ਕੋਲ ਰੱਖੇ, ਅੱਗੇ ਆਂਗ ਟੱਬਰ ਵਿੱਚ ਕਦੀ ਬੈਠਿਆ ਖੇਲ੍ਹਿਆ ਕਰੇ। ਸਭ ਕੁਛ ਹੁੰਦਿਆਂ-ਸੁੰਦਿਆਂ ਕਿਉਂ ਉਹ ਏਦਾਂ ਦਾ ਨਿਰਮੋਹਾ ਹੋ ਗਿਆ। ਇਸੇ ਗੱਲ ਦੀ ਸਮਝ ਨਈਂ ਲਗਦੀ।”
“ਇਹ ਸਮਝ ਲੱਗਣੀ ਵੀ ਨਈਂ। ਮੈਂ ਤਾਂ ਹਾਰ ਕੇ ਸੋਚਣਾ ਈ ਛੱਡ ਤਾ ਏਹਨਾਂ ਗੱਲਾਂ ਬਾਰੇ। ਮਨ ਨੂੰ ਬੜੀ ਸ਼ਾਂਤੀ ਆ ਹੁਣ। ਆਪਣੇ ਘਰ ਵਿੱਚ ਮੁੜ ਕੇ ਰਾਜੇ ਬਣੇ ਬੈਠੇ ਆਂ।”
“ਇਹ ਤਾਂ ਗੱਲ ਤੇਰੀ ਠੀਕ ਆ ਜਵਾਲਾ ਸਿਹਾਂ, ਸੱਚੀਂ ਮੈਂ ਹੁਣ ਘਰ ਨੂੰਹ ਦੇ ਹੱਥਾਂ ਵਲ ਈ ਦੇਖਦਾ ਰਹਿੰਨਾਂ ਪਈ ਕਦੋਂ ਪਕਾਉਂਦੀ ਆ।”
“ਤੈਨੂੰ ਅੱਗੇ ਵੀ ਕਿਹਾ ਤੇ ਹੁਣ ਵੀ ਸੁਣ ਲੈ, ਜਿੱਦਣ ਤੇਰਾ ਦਿਲ ਕਰੇ ਆਪਣੇ ਕੱਪੜੇ ਚੁੱਕ ਲਿਆਈਂ। ਆਹ ਮੇਰੇ ਆਲ਼ੇ ਬੈੱਡਰੂਮ ਵਿਚ ਬਥੇਰਾ ਥਾਂ ਆ, ਆਪਾਂ ਇਕ ਮੰਜਾ ਹੋਰ ਲਿਆ ਕੇ ਰੱਖ ਲਵਾਂਗੇ। ਜਦੋਂ ਤੇਰੀ ਸਿੰਘਣੀ ਕੈਲਗਰੀ ਤੋਂ ਮੁੜ ਆਈ, ਰਾਮ ਨਾਲ ਆਪਣੀ ਕੋਈ ਬੇਸਮਿੰਟ ਕਰਾਏ ’ਤੇ ਲੈ ਕੇ ਰਹਿਣ ਲੱਗ ਪਿਓ, ਐਸ਼ ਕਰੋਂਗੇ। ਮੁੰਡਿਆਂ ਨੇ ਤਾਂ ਜੋ ਕੁਛ ਕਰਨਾ ਆ, ਉਹੀ ਕਰਨਾ ਆ। ਨਾਲੇ ਤੈਨੂੰ ਸੱਚੀ ਦੱਸਾਂ, ਆਪਣੀ ਵੱਲੋਂ ਤਾਂ ਉਹ ਇਹ ਵੀ ਨਈਂ ਸਮਝਦੇ ਪਈ ਉਹ ਕੋਈ ਗਲਤ ਜਾਂ ਮਾੜੀ ਗੱਲ ਕਰਦੇ ਆ। ਮੈਂ ਵੀ ਪਹਿਲਾਂ ਪਹਿਲਾਂ ਤੇਰੇ ਆਂਗ ਆਪਣੇ ਮੁੰਡੇ ’ਤੇ ਬਹੁਤ ਖਿਝਦਾ ਹੁੰਦਾ ਸੀ। ਹੁਣ ਹੌਲ਼ੀ ਹੌਲ਼ੀ ਮੈਨੂੰ ਉਹਦੇ ’ਤੇ ਗੁੱਸਾ ਈ ਆਉਣੋਂ ਹਟ ਗਿਆ। ਹੁਣ ਉਹ ਕਦੀ ਕਦੀ ਆ ਕੇ ਮਿਲ ਵੀ ਜਾਂਦਾ ਆ, ਨਾਲੇ ਨਿਆਣਿਆਂ ਨੂੰ ਮਿਲਾ ਜਾਂਦਾ ਆ ਤੇ ਦਿਨ ਸੁਦ ਹੋਵੇ, ਮੈਂ ਵੀ ਚਲੇ ਜਾਨਾਂ ਆਂ। ਚਰਨ ਸਿੰਹਾਂ ਯਾਰ, ਸਿੱਧੀ ਜਿਹੀ ਗੱਲ ਆ, ਜਦ ਆਪਣਾ ਕਮਾਉਣਾ ਆਪਣਾ ਖਾਣਾ, ਫੇਰ ਕਾਹਨੂੰ ਇਕ ਦੂਜੇ ਦੇ ਗਲ਼ ਵਿੱਚ ਗੂਠਾ ਦੇਈ ਰੱਖਣਾ। ਜੇ ਤਾਂ ਬਣਦੀ ਹੋਵੇ ਤਾਂ ਉਹਦੇ ਨਾਲ ਦੀ ਰੀਸ ਨਈਂ। ਸਾਡੇ ਤਾਂ ਮੁੰਡੇ ਦੀ ਮਾਂ ਦੀ ਤੇ ਵਹੁਟੀ ਦੀ ਪਹਿਲੇ ਦਿਨੋਂ ਈ ਨਈਂ ਸੀ ਬਣੀ। ਰੋਜ਼ ਦੇ ਕਲੇਸ਼ ਤੋਂ ਤੰਗ ਆ ਕੇ ਅਸੀਂ ਤਾਂ ਵੱਖ ਈ ਰਹਿਣ ਲੱਗ ਪਏ। ਜਿੰਨਾ ਚਿਰ ਉਹ ਜੀਂਦੀ ਰਹੀ ਬੜੀ ਸੁਹਣੀ ਲੰਘੀ ਗਈ। ਉਹਦੇ ਮਰਨ ’ਤੇ ਥੋੜ੍ਹੀ ਜਿਹੀ ਤੰਗੀ ਹੋਈ ਸੀ ਰੋਟੀ ਪਾਣੀ ਦੀ। ਮੈਂ ਮਹੀਨਾ ਕੁ ਮੁੰਡੇ ਨਾਲ ਰਿਹਾ ਸੀ। ਪਰ ਮੇਰਾ ਜੀਅ ਈ ਨਈਂ ਲੱਗਾ ਉਹਨਾਂ ਨਾਲ। ਮੈਂ ਤਾਂ ’ਕੱਲ੍ਹਾ ਈ ਇੱਥੇ ਬੇਸਮਿੰਟ ਵਿੱਚ ਆ ਗਿਆ ਸੀ। ਫੇਰ ਆਹ ਪ੍ਰੀਤੂ ਨਾਲ ਰਹਿਣ ਲੱਗ ਪਿਆ। ਹੁਣ ਇਹਦੇ ਨਾਲ ਗੱਪਾਂ-ਛੱਪਾਂ ਮਾਰ ਕੇ ਘੜੀ ਲੰਘ ਜਾਂਦੀ ਆ। ਕਿਸੇ ਦੀ ਅੱਧੀ ਨਾ ਸਾਰੀ, ਆਪਣੀ ਮੌਜ ਕਰੀ ਦੀ ਆ।” ਜਵਾਲਾ ਸਿੰਘ ਨੇ ਰਸੋਈ ਦੀ ਬੱਤੀ ਬੁਝਾਉਂਦਿਆਂ ਤੇ ਆਪਣੇ ਕਮਰੇ ਵਲ ਨੂੰ ਜਾਂਦਿਆਂ ਕਿਹਾ ਸੀ।
ਜਵਾਲਾ ਸਿੰਘ ਨਾਲ ਕੀਤੀਆਂ ਗੱਲਾਂ ਬਾਰੇ ਸੋਚਦਿਆਂ ਚਰਨ ਸਿੰਘ ਨੇ ਇਕ ਵਾਰੀ ਫਿਰ ਬਾਹਰ ਬਰਫ ਵਲ ਦੇਖਿਆ। ਉਹਦਾ ਵੀ ਦਿਲ ਕੀਤਾ ਕਿ ਉਹ ਵੀ ਜਵਾਲਾ ਸਿੰਘ ਵਾਂਗ ਅੱਜ ਕੰਮ ’ਤੇ ਨਾ ਜਾਵੇ। ਫੇਰ ਉਹਨੇ ਸੋਚਿਆ ਪਈ ਅੱਜ ਸਨਿੱਚਰਵਾਰ ਆ, ਨੂੰਹ ਪੁੱਤ ਦੋਹਾਂ ਨੇ ਈ ਘਰ ਹੋਣਾ ਤੇ ਉਹਨੀਂ ਐਵੇਂ ਸਾਰੀ ਦਿਹਾੜੀ ਅੱਖਾਂ ਜਿਹੀਆਂ ਕੱਢੀ ਜਾਣੀਆਂ। ਉਹਨੇ ਜਵਾਲਾ ਸਿੰਘ ਦੀ ਆਖਰੀ ਗੱਲ ਬਾਰੇ ਫੇਰ ਸੋਚਿਆ। ਕਿਉਂ ਨਾ ਸੱਚੀਂ ਉਹ ਜਾ ਕੇ ਜਵਾਲਾ ਸਿੰਘ ਨਾਲ ਰਹਿਣ ਲੱਗ ਪਵੇ। ਜੇ ਉਹਦੇ ਜਾਣ ਦਾ ਜਸਵੰਤ ਨੂੰ ਕੋਈ ਦਰਦ ਹੋਊਗਾ ਤਾਂ ਆਪੇ ਉਹਦੀ ਮਿੰਨਤ ਕਰ ਕੇ ਲੈ ਆਵੇਗਾ। ਘੱਟੋ ਘੱਟ ਫੇਰ ਐਸ ਠੰਢੇ ਕਮਰੇ ਤੋਂ ਤਾਂ ਜਾਨ ਛੁੱਟੂਗੀ। ਪਰ ਫੇਰ ਉਹ ਇਹ ਸੋਚ ਕੇ ਕਿ “ਆਪਣਾ ਘਰ ਕਿਤੇ ਏਦਾਂ ਛੱਡਿਆ ਜਾਂਦਾ ਆ,” ਆਪ ਹੀ ਡਰ ਗਿਆ। ਉਸੇ ਵੇਲੇ ਉਹਦੇ ਮਨ ਵਿਚ ਦੂਜਾ ਖਿਆਲ ਆ ਗਿਆ, “ਕੀ ਰੱਖਿਆ ਆ ਮੇਰਾ ਇਸ ਘਰ ਵਿਚ?” ਉਹਨੂੰ ਆਪਣਾ ਸਿਰ ਘੁੰਮਦਾ ਲੱਗਾ। ਉਹਨੇ ਸਿਰ ਚੁੱਕ ਕੇ ਕਲਾਕ ਵਲ ਦੇਖਿਆ।
ਪੂਰੇ ਪੰਜ ਵੱਜ ਗਏ ਸਨ। ਉਹਨੇ ਕਾਹਲੀ ਨਾਲ ਅਲਾਰਮ ਬੰਦ ਕਰਨ ਦੀ ਕੋਸ਼ਿਸ਼ ਕੀਤੀ। ਫੇਰ ਉਹਨੂੰ ਖਿਆਲ ਆਇਆ ਕਿ ਉਹਨੇ ਅਲਾਰਮ ਤਾਂ ਲਾਇਆ ਈ ਨਹੀਂ ਸੀ। ਉਹ ਹੌਲ਼ੀ ਹੌਲ਼ੀ ਰਜ਼ਾਈ ਪਰ੍ਹਾਂ ਕਰਕੇ ਮੰਜੇ ਵਿੱਚੋਂ ਨਿਕਲਿਆ। ਉਹਨੂੰ ਇਸ ਤਰ੍ਹਾਂ ਮਹਿਸੂਸ ਹੋਇਆ ਕਿ ਜਿਸ ਤਰ੍ਹਾਂ ਉਹ ਕਦੀ ਸੁੱਤਾ ਹੀ ਨਹੀਂ ਹੁੰਦਾ। ਉਹਦਾ ਸਰੀਰ ਥਾਂ ਥਾਂ ਤੋਂ ਦੁਖ ਰਿਹਾ ਸੀ। ਉਹਨੇ ਮੰਜੇ ਲਾਗੇ ਪਈ ਆਪਣੀ ਪੈਂਟ ਪਾਉਣ ਲਈ ਚੁੱਕੀ। ਉਹ ਠੰਢ ਨਾਲ ਆਕੜੀ ਪਈ ਸੀ। ਕਮੀਜ਼ ਦਾ ਵੀ ਇਹੋ ਹਾਲ ਸੀ। ਫੇਰ ਉਹ ਹੌਲ਼ੀ ਹੌਲ਼ੀ ਬੂਹਾ ਖੋਲ੍ਹ ਕੇ ਬਾਥਰੂਮ ਗਿਆ। ਬਾਥਰੂਮ ਦਾ ਪਾਣੀ ਛੱਡਣ ਲੱਗੇ ਨੇ ਉਹਨੇ ਕਿਰਾਏਦਾਰ ਗੋਰੇ ਗੋਰੀ ਬਾਰੇ ਸੋਚਿਆ। ਪਤਾ ਨਈਂ ਉਹ ਘਰ ਆਏ ਵੀ ਸੀ ਜਾਂ ਨਈਂ। ਚਰਨ ਸਿੰਘ ਨੇ ਉਹਨਾਂ ਦੀ ਕੋਈ ਬਿੜਕ ਨਹੀਂ ਸੀ ਸੁਣੀ। ਉਹਨੇ ਕਾਹਲੀ ਕਾਹਲੀ ਬੁਰਸ਼ ਕੀਤਾ ਤੇ ਗਰਮ ਪਾਣੀ ਛੱਡ ਕੇ ਚੰਗੀ ਤਰ੍ਹਾਂ ਮੂੰਹ ਧੋਤਾ। ਸਰੀਰ ਨਾਲ ਲਗਦਾ ਗਰਮ ਪਾਣੀ ਉਹਨੂੰ ਬਹੁਤ ਹੀ ਸੁਖਾਵਾਂ ਲੱਗਾ। ਉੁਹਦਾ ਦਿਲ ਕੀਤਾ ਕਿ ਸ਼ਾਵਰ ਲੈ ਲਵੇ। ਫੇਰ ਉਹਨੇ ਸੋਚਿਆ ਕਿ ਬਾਹਰ ਬਰਫ ਵਿਚ ਜਾਣਾ ਹੈ, ਕਿਤੇ ਠੰਢ ਹੀ ਨਾ ਲੱਗ ਜਾਵੇ, ਨਾਲੇ ਉਹ ਸ਼ਾਵਰ ਨਾਲ ਹੋਣ ਵਾਲੇ ਖੜਾਕ ਤੋਂ ਵੀ ਡਰਦਾ ਸੀ। ਮੁੜ ਕੇ ਉਹ ਆਪਣੇ ਕਮਰੇ ਵਿਚ ਆ ਗਿਆ। ਮੰਜੇ ’ਤੇ ਬੈਠ ਕੇ ਉਹ ਜੁਰਾਬਾਂ ਪਾਉਣ ਲੱਗਾ। ਜੁਰਾਬਾਂ ਵੀ ਆਕੜੀਆਂ ਪਈਆਂ ਸਨ। ਜੁਰਾਬਾਂ ਦਾ ਅਕੜਾ ਜਿਹਾ ਭੰਨਦੇ ਉਹਦੇ ਹੱਥ ਇਕ ਪਲ ਰੁਕੇ। ਉਹਨੂੰ ਲੱਗਾ ਕਿਤੇ ਉਹ ਕੱਚ ਵਾਂਗ ਟੁੱਟ ਨਾ ਜਾਣ ਤੇ ਉਹਨਾਂ ਦੇ ਖੜਕੇ ਨਾਲ ਗੋਰਾ ਗੋਰੀ ਨਾ ਉੱਠ ਪੈਣ। ਫੇਰ ਆਪ ਈ ਇਸ ਗੱਲ ’ਤੇ ਅੰਦਰੋਂ ਹੱਸ ਜਿਹਾ ਪਿਆ। ਫੇਰ ਉਹਨੇ ਮੰਜੇ ਤੋਂ ਦੀ ਤਾਕੀ ਰਾਹੀਂ ਬਾਹਰ ਦੇਖਿਆ। ਬਰਫ ਨਾਲ ਸਭ ਕੁਝ ਚਿੱਟਾ ਹੋਇਆ ਪਿਆ ਸੀ। ਉਹਨੇ ਆਪਣੇ ਆਪ ਨੂੰ ਕਿਹਾ, ‘ਹਾਂ ਬਈ, ਜਵਾਲਾ ਸਿੰਘ ਤਾਂ ਨਈਂ ਅੱਜ ਆਉਂਦਾ ਕੰਮ ’ਤੇ।” ਉਹਨੂੰ ਇਕ ਪਲ ਲਈ ਜਵਾਲਾ ਸਿੰਘ ਨਾਲ ਈਰਖਾ ਜਿਹੀ ਹੋਈ। ਤੇ ਉਹਦੇ ਮਨ ਵਿਚ ਆਇਆ ਕਿ ਉਹ ਵੀ ਜੇ ਅੱਜ ਕੰਮ ਤੇ ਨਾ ਜਾਵੇ ਤਾਂ ਕਿੰਨਾ ਚੰਗਾ ਹੋਵੇ। ਪਰ ਫੇਰ ਉਹਨੂੰ ਖਿਆਲ ਆਇਆ ਕਿ ਇਹ ਗੱਲ ਤਾਂ ਪਹਿਲਾਂ ਹੀ ਸੋਚ ਕੇ ਰੱਦ ਕਰ ਹਟਿਆ ਹੈ ਤੇ ਉਹਨੂੰ ਕੰਮ ’ਤੇ ਜਾਣਾ ਹੀ ਚਾਹੀਦਾ ਹੈ।
ਜੁਰਾਬਾਂ ਪਾ ਕੇ ਉਹਨੇ ਪਿੰਨੀਆਂ ਤਕ ਆਉਣ ਵਾਲੇ ਰਬੜੀ ਬੂਟ ਪਾ ਲਏ। ਕੰਧ ਵਿੱਚ ਗੱਡੀ ਮੇਖ ਤੋਂ ਉਹਨੇ ਆਪਣੀ ਪੱਗ ਲਾਹ ਕੇ ਕਾਹਲੀ ਨਾਲ ਲਪੇਟੀ। ਉਹਨੇ ਵੱਡੀ ਜੈਕਟ ਪਾ ਕੇ ਉਹਦੀ ਹੁੱਡ ਪੱਗ ਉੱਤੋਂ ਦੀ ਕਰ ਲਈ। ਕੰਧ ਨਾਲ ਪਈ ਆਪਣੀ ਲੰਚ ਵਾਲ਼ੀ ਬਿੱਲੀ ਚੁੱਕੀ ਜਿਹਦੇ ਵਿਚ ਉਹਦੀ ਨੂੰਹ ਨੇ ਰਾਤੀਂ ਹੀ ਆਂਡਿਆਂ ਦੀਆਂ ਦੋ ਸੈਂਡਵਿੱਚਾਂ, ਇਕ ਕੇਲਾ ਤੇ ਦੋ ਕੁ ਕੁੱਕੀਆਂ ਰੱਖ ਦਿੱਤੀਆਂ ਹੋਈਆਂ ਸਨ।
ਉਹਨੇ ਬੜੀ ਸਾਵਧਾਨੀ ਨਾਲ ਬਿਨਾਂ ਖੜਾਕ ਕਰਨ ਤੋਂ ਬੇਸਮਿੰਟ ਦੀ ਡੋਰ ਖੋਲ੍ਹੀ। ਬਾਹਰ ਨਿਕਲਦਿਆਂ ਹੀ ਉਸ ਦੇ ਪੈਰ ਫੁੱਟ ਫੁੱਟ ਬਰਫ ਵਿਚ ਧਸ ਗਏ। ਤਾਜ਼ੀ ਬਰਫ ਵਿਚ ਉਹਨੂੰ ਥੋੜ੍ਹਾ ਜ਼ੋਰ ਲਾ ਕੇ ਤੁਰਨਾ ਪਿਆ। ਘਰ ਦੇ ਪਾਸੇ ਤੋਂ ਦੀ ਹੋ ਕੇ ਉਹ ਹੌਲ਼ੀ ਹੌਲ਼ੀ ਸਾਹਮਣੀ ਸੜਕ ’ਤੇ ਪਹੁੰਚ ਗਿਆ। ਸੜਕ ਦਾ ਮੋੜ ਮੁੜਨ ਤੋਂ ਪਹਿਲਾਂ ਉਹਨੇ ਇਕ ਵਾਰੀ ਮੁੜ ਕੇ ਘਰ ਵਲ ਦੇਖਿਆ। ਘਰ ਦੀ ਛੱਤ ਉੱਪਰ ਤੇ ਆਸੇ-ਪਾਸੇ ਪਈ ਬਰਫ ਨਾਲ ਘਰ ਦਾ ਰੰਗ-ਰੂਪ ਹੋਰ ਵੀ ਉੱਘੜਿਆ ਲੱਗਾ। ਤੇ ਉਹਨੂੰ ਅਚਾਨਕ ਉਹ ਘਰ ਬਹੁਤ ਸੋਹਣਾ ਜਾਪਿਆ। ਘਰ ਦੇ ਸਨ-ਡੈੱਕ ਥੱਲੇ ਖੜ੍ਹੀਆਂ ਉਹਦੇ ਨੂੰਹ ਪੁੱਤ ਦੀਆਂ ਲਾਲ ਤੇ ਹਰੇ ਰੰਗ ਦੀਆਂ ਕਾਰਾਂ। ਦੂਰੋਂ ਦੇਖਿਆਂ ਉਹਨੂੰ ਘਰ ਸਵਰਗ ਦੀ ਕੋਈ ਚੀਜ਼ ਜਾਪੀ - ਉਹਦੀ ਪਹੁੰਚ ਤੋਂ ਪਰੇ ਦੀ ਕੋਈ ਚੀਜ਼।
ਅੰਦਰ ਦੇ ਜਜ਼ਬਾਤ ਨੂੰ ਦਬਾਉਂਦਿਆਂ ਉਹ ਝੱਟ ਹੀ ਮੂੰਹ ਮੋੜ ਕੇ ਬੱਸ ਅੱਡੇ ਵਲ ਨੂੰ ਤੁਰ ਪਿਆ। ਕੁਝ ਕਦਮ ਤੁਰ ਕੇ ਉਹ ਰੁਕ ਗਿਆ। ਫੇਰ ਉਹਨੇ ਆਪਣੀ ਲੰਚ ਵਾਲ਼ੀ ਬਿੱਲੀ ਇਕ ਪਲ ਲਈ ਬਰਫ ’ਤੇ ਰੱਖੀ ਅਤੇ ਜੈਕਟ ਦੀ ਹੁੱਡ ਦੇ ਥੱਲੇ ਆਪਣੀ ਪੱਗ ਠੀਕ ਕੀਤੀ।
ਉਹਨੇ ਘੁੰਮ ਕੇ ਸੜਕ ਦੇ ਦੂਜੇ ਪਾਸੇ ਨੂੰ ਵੇਖਿਆ। ਬਰਫ ਨਾਲ ਸਭ ਕੁਝ ਚਿੱਟਾ ਹੋਇਆ ਪਿਆ ਸੀ। ਤੇ ਬਿਜਲੀ ਦੀ ਰੌਸ਼ਨੀ ਵਿਚ ਬਰਫ ਚਮਕਦੀ ਉਹਨੂੰ ਸੋਹਣੀ ਲੱਗੀ। ਉਹ ਪਲ ਕੁ ਉੱਥੇ ਖੜ੍ਹਾ ਸੋਚਦਾ ਰਿਹਾ ਤੇ ਬਰਫ ਵਲ ਦੇਖਦਾ ਰਿਹਾ। ਫੇਰ ਪਤਾ ਨਹੀਂ ਉਹਦੇ ਦਿਲ ਵਿਚ ਕੀ ਆਈ ਕਿ ਉਹਨੇ ਬਿੱਲੀ ਚੁੱਕ ਕੇ ਕੱਛੇ ਮਾਰੀ ਤੇ ਇਕ ਵਾਰੀ ਮੁੜ ਕੇ ਆਪਣੇ ਘਰ ਵਲ ਨੂੰ ਦੇਖਿਆ। ਉੱਧਰ ਨੂੰ ਦੇਖਦਿਆਂ ਉਹਨੇ ਸਿਰ ਨੂੰ ਝਟਕਾ ਜਿਹਾ ਦਿੱਤਾ ਤੇ ਸੜਕ ਦੇ ਉਲਟੇ ਪਾਸੇ ਵਲ ਨੂੰ ਤੁਰ ਪਿਆ। ਬੱਸ ਦੀ ਉਡੀਕ ਕਰਨ ਦੀ ਬਜਾਏ ਉਹ ਜਵਾਲਾ ਸਿੰਘ ਦੇ ਘਰ ਨੂੰ ਤੁਰ ਪਿਆ ਜੋ ਉੱਥੋਂ ਮੀਲ ਕੁ ਦੀ ਵਿੱਥ ’ਤੇ ਸੀ। ਆਪਣੇ ਇਸ ਅਜੀਬ ਫੈਸਲੇ ਨਾਲ ਉਹਨੇ ਅਚਾਨਕ ਆਪਣੇ ਆਪ ਨੂੰ ਫੁੱਲ ਵਰਗਾ ਹੌਲਾ ਤੇ ਆਸਮਾਨ ਵਿਚ ਉੱਡਦੇ ਪੰਛੀ ਵਾਂਗ ਆਜ਼ਾਦ ਮਹਿਸੂਸ ਕੀਤਾ। ਬਰਫ ਵਿੱਚ ਤੁਰਦਿਆਂ ਹੁਣ ਉਹਨੂੰ ਪੈਰਾਂ ਥੱਲੇ ਆ ਰਹੀ ਬਰਫ ਦੀ ਕਿਰਚ ਕਿਰਚ ਦੀ ਆਵਾਜ਼ ਬੜੀ ਸੁਖਾਵੀਂ ਲੱਗਣ ਲੱਗੀ। ਅੱਧਾ ਕੁ ਬਲਾਕ ਜਾ ਕੇ ਉਹਨੇ ਇਕ ਵਾਰੀ ਪਿਛਾਂਹ ਮੁੜ ਕੇ ਦੇਖਿਆ। ਉਹਨੂੰ ਆਪਣੇ ਪੈਰਾਂ ਨਾਲ ਬਰਫ ਦੀ ਪੱਧਰੀ ਹਿੱਕ ’ਤੇ ਪਈ ਪੈੜ ਦੇਖ ਕੇ ਨਿਆਣਿਆਂ ਵਾਂਗ ਖੁਸ਼ੀ ਜਿਹੀ ਮਹਿਸੂਸ ਹੋਈ। ਤੇ ਫੇਰ ਉਹ ਲੰਬੀਆਂ ਲੰਬੀਆਂ ਪੁਲਾਂਘਾਂ ਭਰ ਕੇ ਤੁਰਨ ਲੱਗਾ।
*****
(1365)
(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.om)