SadhuBinning5 “ਪੈਨਸ਼ਨਾਂ ਅੱਧੀਆਂ ਘਟਾ ਦਿੱਤੀਆਂ ਗਈਆਂ ਅਤੇ ਵਿਕਰੀ ਟੈਕਸ ਵਿਚ 20% ਤੋਂ ਉੱਪਰ ਵਾਧਾ ...”

 (13 ਜੁਲਾਈ 2015) 

 


ਯੂਨਾਨ ਦੇ ਆਰਥਿਕ ਸੰਕਟ ਬਾਰੇ ਮੁੱਖ ਧਾਰਾ ਮੀਡੀਆ ਇਹ ਕਹਾਣੀ ਦੱਸ ਰਿਹਾ ਹੈ: ਸਰਕਾਰ ਨੇ ਹਿੰਮਤ ਤੋਂ ਵਾਧੂ ਖਰਚ ਕੀਤਾ ਦੇ ਦਵਾਲੀਆ ਹੋ ਗਈ
; ਦਰਿਆਦਿਲ ਬੈਂਕਾਂ ਨੇ ਪੈਸੇ ਦਿੱਤੇ ਪਰ ਯੂਨਾਨ ਕੋਲੋਂ ਫਿਰ ਵੀ ਆਪਣੇ ਬਿੱਲ ਨਹੀਂ ਤਾਰ ਹੋਏ, ਕਿਉਂਕਿ ਜਿਹੜੇ ਪੈਸੇ ਉਨ੍ਹਾਂ ਨੂੰ ਦਿੱਤੇ ਗਏ ਉਨ੍ਹਾਂ ਦੀ ਸਹੀ ਵਰਤੋਂ ਨਹੀਂ ਕੀਤੀ ਗਈ। ਇਹ ਗੱਲ ਕਾਫੀ ਠੀਕ ਲਗਦੀ ਹੈ ਨਾ?

ਪਰ ਫਰਕ ਇਹ ਹੈ ਕਿ ਇਹ ਸਰਾਸਰ ਚਿੱਟਾ ਝੂਠ ਹੈ ... ਇਕੱਲੇ ਯੂਨਾਨ ਬਾਰੇ ਹੀ ਨਹੀਂ, ਯੋਰਪ ਦੇ ਹੋਰ ਮੁਲਕਾਂ ਬਾਰੇ ਵੀ, ਜਿਵੇਂ ਸਪੇਨ, ਪੁਰਤਗਾਲ, ਇਟਲੀ ਅਤੇ ਆਇਰਲੈਂਡ, ਜਿਹੜੇ ਸਾਰੇ ਹੀ ਕੁਝ ਨਾ ਕੁਝ ਹੱਦ ਤੱਕ ਸੰਜਮਤਾ (ਆਸਟੈਰਿਟੀ) ਦਾ ਸਾਹਮਣਾ ਕਰ ਰਹੇ ਹਨ। ਇਸੇ ਤਰ੍ਹਾਂ ਦੇ ਝੂਠਾਂ ਸਹਾਰੇ ਹੀ ਵੱਡੀਆਂ ਬੈਂਕਾਂ ਅਤੇ ਕਾਰਪੋਰੇਸ਼ਨਾਂ ਨੇ ਕਈ ਦਹਾਕਿਆਂ ਤੱਕ ਲਾਤਿਨ ਅਮਰੀਕਾ, ਏਸ਼ੀਆ ਅਤੇ ਅਫਰੀਕਾ ਦੇ ਮੁਲਕਾਂ ਦਾ ਸ਼ੋਸ਼ਣ ਕੀਤਾ ਹੈ।

ਯੂਨਾਨ ਆਪਣੇ ਆਪ ਨਹੀਂ ਫੇਲ ਹੋਇਆ। ਇਸ ਨੂੰ ਫੇਲ ਕੀਤਾ ਗਿਆ ਹੈ।

ਸੰਖੇਪ ਵਿਚ, ਬੈਂਕਾਂ ਨੇ ਯੂਨਾਨ ਸਰਕਾਰ ਤਬਾਹ ਕੀਤੀ ਅਤੇ ਜਾਣ ਬੁੱਝ ਕੇ ਇਸ ਨੂੰ ਨਾ ਕਾਇਮ ਰੱਖੇ ਜਾ ਸਕਣ ਵਾਲੇ ਉਧਾਰ ਵੱਲ ਧੱਕਿਆ ਤਾਂ ਕਿ ਇਸ ਨਾਲ ਪੈਦਾ ਹੋਣ ਵਾਲੀ ਬੇਤਰਤੀਬੀ ਅਤੇ ਮੰਦਵਾੜੇ ਤੋਂ ਸਥਾਨਕ ਧਨਾਢ ਜਮਾਤ ਅਤੇ ਅੰਤਰਰਾਸ਼ਟਰੀ ਕਾਰਪੋਰੇਸ਼ਨਾਂ ਫਾਇਦਾ ਉਠਾ ਸਕਣ।

ਜੇ ਤੁਸੀਂ ਮਾਫੀਆ ਬਾਰੇ ਬਣੀਆਂ ਫਿਲਮਾਂ ਦੇਖਣ ਦੇ ਸ਼ੌਕੀਨ ਹੋ ਤਾਂ ਤੁਹਾਨੂੰ ਪਤਾ ਹੋਣਾ ਹੈ ਕਿ ਮਾਫੀਆ ਕਿਸੇ ਵਧੀਆ ਚੱਲਣ ਵਾਲੀ ਰੈਸਟੋਰੈਂਟ ਨੂੰ ਕਿਸ ਤਰ੍ਹਾਂ ਆਪਣੇ ਕਬਜ਼ੇ ਵਿਚ ਕਰਦਾ ਹੈ। ਪਹਿਲਾਂ, ਉਹ ਚਲਦੇ ਧੰਦੇ ਵਿਚ ਕਿਸੇ ਨਾ ਕਿਸੇ ਤਰੀਕੇ ਨਾਲ ਖਲਲ ਪਾਉਣਗੇ - ਰੈਸਟੋਰੈਂਟ ਵਿਚ ਕੋਈ ਕਤਲ ਕਰਵਾ ਦੇਣਗੇ ਜਾਂ ਅੱਗ ਲਗਵਾ ਦੇਣਗੇ। ਜਦੋਂ ਚਲਦੇ ਕੰਮ ਨੂੰ ਨੁਕਸਾਨ ਹੋਣਾ ਸ਼ੁਰੂ ਹੋ ਜਾਵੇ, ਤਾਂ ਗੌਡਫਾਦਰ ਦੋਸਤੀ ਦੇ ਵਿਖਾਵੇ ਵਜੋਂ ਮਦਦ ਲਈ ਕੁਝ ਪੈਸੇ ਦੇ ਦੇਵੇਗਾ। ਬਦਲੇ ਵਿਚ ਉਨ੍ਹਾਂ ਦਾ ਕੋਈ ਬੰਦਾ (ਗਰੀਸੀ ਥੰਬ) ਰੈਸਟੋਰੈਂਟ ਦੇ ਹਿਸਾਬ ਕਿਤਾਬ ਨੂੰ ਆਪਣੇ ਹੱਥਾਂ ਵਿਚ ਲੈ ਲਵੇਗਾ, ਬਿੱਗ ਜੋਈ ਨੂੰ ਖਰੀਦੋ ਫਰੋਖਤ ਦਾ ਕਰਤਾ ਧਰਤਾ ਬਣਾ ਦਿੱਤਾ ਜਾਵੇਗਾ, ਅਤੇ ਇਸ ਤਰ੍ਹਾਂ ਹੌਲੀ ਹੌਲੀ ਸਭ ਕੁਝ ਹਥਿਆ ਲਿਆ ਜਾਂਦਾ ਹੈ। ਕਹਿਣ ਦੀ ਲੋੜ ਨਹੀਂ ਹੈ ਕਿ ਰੈਸਟੋਰੈਂਟ ਦੇ ਮਾਲਕ ਵਾਸਤੇ ਇਹ ਤੇਜ਼ੀ ਨਾਲ ਬੁਰੇ ਹਾਲਾਤ ਵਲ ਵਧਣ ਦਾ ਅਮਲ ਹੁੰਦਾ ਹੈ ਤੇ ਉਹ ਛੇਤੀ ਹੀ ਕੰਗਾਲ ਹੋ ਜਾਂਦਾ ਹੈ, ਹਾਂ ਜੇ ਕਿਸਮਤ ਚੰਗੀ ਹੋਵੇ ਤਾਂ ਸ਼ਾਇਦ ਜੀਂਦਾ ਰਹੇ।

ਆਓ ਹੁਣ ਮਾਫੀਆ ਦੀ (ਫਿਲਮ ਦੀ) ਕਹਾਣੀ ਦੇ ਚਾਰ ਪੜਾਵਾਂ ਨੂੰ ਅੰਤਰਰਾਸ਼ਟਰੀ ਆਰਥਿਕਤਾ ਉੱਪਰ ਲਾਗੂ ਕਰ ਕੇ ਦੇਖੀਏ।

ਪੜਾ ਪਹਿਲਾ: ਯੂਨਾਨ ਦੇ ਸਮੱਸਿਆ ਵਿਚ ਫਸਣ ਦਾ ਪਹਿਲਾ ਤੇ ਸਭ ਤੋਂ ਵੱਡਾ ਕਾਰਨ ਸਾਲ 2008 ਵਿਚ ਹੋਇਆ ਮਹਾਨ ਆਰਥਿਕ ਮੰਦਵਾੜਾਸੀ ਜਿਹੜਾ ਕਿ ਵਾਲ ਸਟਰੀਟ ਅਤੇ ਅੰਤਰਰਾਸ਼ਟਰੀ ਬੈਂਕਰਾਂ ਦੇ ਦਿਮਾਗ ਦੀ ਕਾਢ ਸੀ। ਜੇ ਤੁਹਾਨੂੰ ਚੇਤਾ ਹੋਵੇ ਤਾਂ, ਬੈਂਕਾਂ ਨੇ ਇਕ ਨਵੀਂ ਵਧੀਆ ਸਕੀਮ ਘੜੀ ਤੇ ਉਹ ਹਰ ਕਿਸੇ ਨੂੰ ਘੱਟ ਵਿਆਜ ਤੇ ਮੋਰਟਗੇਜ ਦੇਣ ਲੱਗ ਪਏ। ਫੇਰ ਉਨ੍ਹਾਂ ਨੇ ਇਹ ਫਟਣ ਲਈ ਤਿਆਰ ਆਰਥਿਕ ਬੰਬਾਂ ਦੇ ਪੈਕੇਜ ਬਣਾ ਕੇ ਉਨ੍ਹਾਂ ਨੂੰ ਮੋਰਟਗੇਜ ਬੈਕਡ ਸਕਿਉਰਟੀਜ਼ਦੇ ਨਾਂਅ ਥੱਲੇ ਦੁਨੀਆ ਭਰ ਦੀਆਂ ਵਿੱਤੀ ਸੰਸਥਾਵਾਂ ਨੂੰ ਵੇਚ ਕੇ ਵੱਡੇ ਮੁਨਾਫੇ ਕਮਾਏ।

ਇਸ ਅਪਰਾਧਸ਼ੀਲ ਸਰਗਰਮੀ ਦੀ ਮਦਦ ਕਰਨ ਵਾਲੀ ਸੀ ਬੈਂਕਾਂ ਦੇ ਢਾਂਚੇ ਦੀ ਇਕ ਹੋਰ ਸ਼ਾਖ, ਮੁੱਲ ਪਾਉਣ ਵਾਲੀਆਂ ਸੰਸਥਾਵਾਂ ਦੇ ਸਮੂਹ - ਐਸ ਐਂਡ ਪੀ, ਫਿਚ ਐਂਡ ਮੂਡੀਜ਼ - ਜਿਨ੍ਹਾਂ ਨੇ ਇਹ ਹਰ ਹਾਲਤ ਵਿਚ ਫੇਲ ਹੋਣ ਵਾਲੀਆਂ ਆਰਥਿਕ ਵਸਤਾਂ ਨੂੰ ਬਹੁਤ ਮੁੱਲਵਾਨ ਦੱਸਿਆ। ਵੱਡੀਆਂ ਬੈਂਕਾਂ ਵਲੋਂ ਟੋਨੀ ਬਲੇਅਰ ਵਰਗੇ ਬੇਅਸੂਲੇ ਸਿਆਸਤਦਾਨਾਂ ਨੂੰ ਪੈਸੇ ਦੇ ਕੇ ਉਨ੍ਹਾਂ ਕੋਲੋਂ ਇਨ੍ਹਾਂ ਖਤਰਨਾਕ ਸਕਿਉਰਟੀਆਂ ਨੂੰ ਪੈਨਸ਼ਨ ਫੰਡਾਂ ਅਤੇ ਮਿਊਂਸਪਿਲਟੀਆਂ ਕੋਲ ਵੇਚਣ ਵਾਸਤੇ ਦਲਾਲੀ ਕਰਵਾਈ। ਇਸ ਸਕੀਮ ਅਧੀਨ ਬੈਂਕਾਂ ਅਤੇ ਵਾਲ ਸਟਰੀਟ ਦੇ ਗੁਰੂਆਂ ਨੇ ਸੈਂਕੜੇ ਬਿਲੀਅਨ ਡਾਲਰ ਬਣਾਏ।

ਪਰ ਇਹ ਉਨ੍ਹਾਂ ਦੇ ਬਹੁਤ ਵੱਡੇ ਘੁਟਾਲੇ ਦਾ ਅਜੇ ਪਹਿਲਾ ਹੀ ਪੜਾ ਸੀ। ਅਗਲੇ ਤਿੰਨ ਪੜਾਵਾਂ ਦੌਰਾਨ ਹੋਰ ਬਹੁਤ ਸਾਰਾ ਪੈਸਾ ਬਣਾਉਣਾ ਸੀ ਇਨ੍ਹਾਂ ਨੇ।

ਪੜਾ ਦੂਜਾ: ਇਹ ਪੜਾ ਉਦੋਂ ਆਇਆ ਜਦੋਂ ਇਹ ਵਿੱਤੀ ਬੰਬ ਫਟਿਆ। ਕੁਝ ਹਫਤਿਆਂ ਦੇ ਸਮੇਂ ਦੌਰਾਨ ਹੀ ਦੁਨੀਆ ਭਰ ਦੀਆਂ ਤਜਾਰਤੀ ਤੇ ਨਿਵੇਸ਼ ਬੈਂਕਾਂ ਟੁੱਟਣੀਆਂ ਸ਼ੁਰੂ ਹੋ ਗਈਆਂ। ਸਥਾਨਕ ਅਤੇ ਇਲਾਕਾਈ ਸਰਕਾਰਾਂ ਦੇ ਨਿਵੇਸ਼ ਕੀਤੇ ਹੋਏ ਪੈਸੇ ਅਤੇ ਜਾਇਦਾਦਾਂ ਖਤਮ ਹੋ ਗਈਆਂ। ਹਰ ਜਗਾਹ ਅਫਰਾਤਫਰੀ (Chaos) ਮਚ ਗਈ।

ਗੋਲਡਮੈਨ ਸੈਕਸ ਅਤੇ ਹੋਰ ਵੱਡੀਆਂ ਬੈਂਕਾਂ ਵਰਗੀਆਂ ਗਿਰਝਾਂ ਨੇ ਤਿੰਨ ਤਰੀਕਿਆਂ ਨਾਲ ਇਸ ਤੋਂ ਫਾਇਦਾ ਉਠਾਇਆ: ਇਕ, ਉਹ ਦੂਜੀਆਂ ਬੈਂਕਾਂ ਜਿਵੇਂ ਕਿ ਲੇਹਮੈਨ ਬਰਦਰਜ਼ ਅਤੇ ਵਾਸ਼ਿੰਗਟਨ ਮਿਊਚਲ ਵਰਗੀਆਂ ਵਿੱਤੀ ਸੰਸਥਾਵਾਂ ਨੂੰ ਡਾਲਰਾਂ ਦੀ ਥਾਂ ਸੈਂਟਾਂ ਵਿਚ ਖਰੀਦ ਸਕਦੀਆਂ ਸਨ। ਦੂਜਾਹੋਰ ਦੁਸ਼ਟ-ਭਰਪੂਰਤਾ ਨਾਲ ਗੋਲਡਮੈਨ ਸੈਕਸ ਅਤੇ ਅੰਦਰੂਨੀ ਜਾਣਕਾਰੀ ਰੱਖਣ ਵਾਲੇ ਜਿਵੇਂ ਕਿ ਜਾਹਨ ਪਾਲਸਨ (ਜਿਹਨੇ ਹੁਣੇ ਜਿਹੇ ਹਾਰਵਰਡ ਨੂੰ $400 ਮਿਲੀਅਨ ਦਾਨ ਕੀਤੇ ਹਨ) ਨੇ ਆਪਸ ਇਹ ਸ਼ਰਤਾਂ ਲਾਈਆਂ ਹੋਈਆਂ ਸਨ ਕਿ ਇਹ ਸਕਿਉਰਟੀਆਂ ਹਰ ਹਾਲਤ ਵਿਚ ਫੇਲ ਹੋ ਜਾਣਗੀਆਂ। ਪਾਲਸਨ ਨੇ ਬਿਲੀਅਨ ਡਾਲਰ ਬਣਾਏ ਅਤੇ ਮੀਡੀਏ ਨੇ ਉਹਦੀ ਸਿਆਣਪ ਦੇ ਗੁਣਗਾਨ ਕੀਤੇ ਤੇ ਜਸ਼ਨ ਮਨਾਏ। (ਮਿਸਾਲ ਵਜੋਂ, ਜ਼ਰਾ ਸੋਚੋ 9/11 ਦਾ ਕਾਰਾ ਕਰਨ ਵਾਲੇ ਆਤੰਕਵਾਦੀ ਆਪਣੇ ਕਾਰੇ ਤੇ ਸ਼ਰਤਾਂ ਲਾਉਣ ਤੇ ਫੇਰ ਉਸ ਤੋਂ ਮੁਨਾਫਾ ਕਮਾਉਣ)। ਤੀਜਾ, ਜ਼ਖਮਾਂ ਤੇ ਲੂਣ ਮਲਣ ਲਈ, ਵੱਡੇ ਬੈਂਕਰਾਂ ਨੇ ਉਨ੍ਹਾਂ ਹੀ ਸ਼ਹਿਰੀਆਂ ਤੋਂ ਆਪਣੇ ਬਚਾ ਦੀ ਮੰਗ ਕੀਤੀ, ਜਿਨ੍ਹਾਂ ਦੀਆਂ ਜ਼ਿੰਦਗੀਆਂ ਇਨ੍ਹਾਂ ਬੈਂਕਾਂ ਨੇ ਤਬਾਹ ਕੀਤੀਆਂ ਸਨ। ਇਨ੍ਹਾਂ ਬੈਂਕਰਾਂ ਦੇ ਹੌਸਲੇ ਦੇਖੋ। ਅਮਰੀਕਾ ਵਿਚ ਟੈਕਸ ਦੇਣ ਵਾਲਿਆਂ ਕੋਲੋਂ ਇਨ੍ਹਾਂ ਨੇ ਸੈਂਕੜੇ ਬਿਲੀਅਨ ਡਾਲਰ ਰਗੜੇ ਅਤੇ ਫੈਡਰਲ ਰੀਜ਼ਰਵ ਬੈਂਕ ਤੋਂ ਕਈ ਟ੍ਰਿਲੀਅਨ ਡਾਲਰ ਲਏ, ਜਿਹੜਾ ਕਿ ਅਸਲ ਵਿਚ ਬੈਂਕਰਾਂ ਦਾ ਹੀ ਇਕ ਕਾਇਮ ਕੀਤਾ ਹੋਇਆ ਢਾਂਚਾ ਹੈ।

ਯੂਨਾਨ ਵਿਚ, ਸਥਾਨਕ ਬੈਂਕਾਂ ਨੇ 30 ਬਿਲੀਅਨ ਡਾਲਰਾਂ ਤੋਂ ਵੱਧ ਪੈਸੇ ਯੂਨਾਨੀ ਲੋਕਾਂ ਦੀਆਂ ਜੇਬਾਂ ਵਿੱਚੋਂ ਕਢਵਾਏ। ਜ਼ਰਾ ਇਹ ਗੱਲ ਪਚਾ ਲਓ - ਯੂਨਾਨ ਦੀ ਗੈਰ-ਜ਼ਿੰਮੇਵਾਰ ਕਹੀ ਜਾਂਦੀ ਸਰਕਾਰ ਨੇ ਪੱਕੇ ਪੂੰਜੀਵਾਦੀ ਬੈਂਕਰਾਂ ਨੂੰ ਕੋਲੋਂ ਪੈਸੇ ਦੇ ਕੇ ਰਿਹਾਈ ਦੁਆਈ।

ਪੜਾ ਤੀਜਾ: ਤੀਜਾ ਪੜਾ ਉਦੋਂ ਆਇਆ ਜਦੋਂ ਬੈਂਕਾਂ ਨੇ ਸਰਕਾਰ ਨੂੰ ਬੇਹਿਸਾਬੇ ਉਧਾਰ ਦੀ ਜ਼ਿੰਮੇਵਾਰੀ ਲੈਣ ਲਈ ਮਜਬੂਰ ਕੀਤਾ। ਗੱਲ ਸਮਝਣ ਲਈ, ਜੀਵ ਵਿਗਿਆਨ ਅੰਦਰਲੇ ਕਿਸੇ ਵਾਇਰਸ ਜਾਂ ਜਰਾਸੀਮ ਬਾਰੇ ਸੋਚੋ। ਇਨ੍ਹਾਂ ਸਾਰਿਆਂ ਕੋਲ ਆਪਣੇ ਮੇਜ਼ਬਾਨ ਦੇ ਸੁਰੱਖਿਅਤ ਢਾਂਚੇ (ਅਮਿਊਨ ਸਿਸਟਮ) ਨੂੰ ਕਮਜ਼ੋਰ ਕਰਨ ਦੇ ਵਿਸ਼ੇਸ਼ ਤਰੀਕੇ ਹੁੰਦੇ ਹਨ। ਇਨ੍ਹਾਂ ਸੁਆਰਥੀ ਅੰਤਰਰਾਸ਼ਟਰੀ ਬੈਂਕਾਂ ਦਾ ਇਕ ਪਰਤਾਇਆ ਹੋਇਆ ਤਰੀਕਾ ਹੈ ਕਿ ਮੁਲਕ ਦੇ ਬੌਂਡਾਂ ਦਾ ਮੁੱਲ ਘਟਾ ਦੇਵੋ। ਅਤੇ ਇਨ੍ਹਾਂ ਬੈਂਕਰਾਂ ਨੇ 2009 ਦੇ ਅਖੀਰ ਵਿਚ ਸ਼ੁਰੂ ਕਰ ਕੇ ਸੱਚਮੁੱਚ ਇਸ ਤਰ੍ਹਾਂ ਹੀ ਕੀਤਾ। ਇਸ ਨਾਲ ਬੌਂਡਾਂ ਤੇ ਲਗਦਾ ਵਿਆਜ ਉਸੇ ਵੇਲੇ (ਉਸ ਤੋਂ ਹੋਣ ਵਾਲੀ ਆਮਦਨ) ਵਧ ਜਾਂਦਾ ਹੈ ਜਿਸ ਨਾਲ ਉਸ ਦੇਸ ਵਲੋਂ ਹੋਰ ਪੈਸੇ ਉਧਾਰ ਲੈਣੇ ਜਾਂ ਪਹਿਲਾਂ ਵਾਲੇ ਬੌਂਡਾਂ ਨੂੰ ਬਚਾਈ ਰੱਖਣਾ ਮਹਿੰਗੇ ਤੋਂ ਮਹਿੰਗਾ ਹੋ ਜਾਂਦਾ ਹੈ।

ਸਾਲ 2009 ਤੋਂ ਅੱਧ 2010 ਤੱਕ ਯੂਨਾਨ ਦੇ ਦਸ-ਸਾਲਾ ਬੌਂਡਾਂ ਤੋਂ ਹੋਣ ਵਾਲੀ ਆਮਦਨ ਤਿੰਨ ਗੁਣਾ ਵਧ ਗਈ। ਇਸ ਜ਼ਾਲਮਾਨਾ ਵਿੱਤੀ ਹਮਲੇ ਨੇ ਯੂਨਾਨ ਦੀ ਸਰਕਾਰ ਦੇ ਗੋਡੇ ਟਿਕਾ ਦਿੱਤੇ ਅਤੇ ਬੈਂਕਰਾਂ ਨੇ 110 ਬਿਲੀਅਨ ਯੂਰੋ ਦੇ ਉਧਾਰ ਦਾ ਪਹਿਲਾ ਸੌਦਾ ਮਾਰ ਲਿਆ।

ਬੈਂਕਾਂ ਮੁਲਕਾਂ ਦੀ ਸਿਆਸਤ ਵੀ ਆਪਣੇ ਕਾਬੂ ਵਿਚ ਰੱਖਦੀਆਂ ਹਨ। ਸਾਲ 2011 ਵਿਚ ਜਦੋਂ ਯੂਨਾਨ ਦੇ ਮੁੱਖ ਮੰਤਰੀ ਨੇ ਦੂਜੀ ਵੱਡੀ ਜ਼ਮਾਨਤ ਮੰਨਣ ਤੋਂ ਇਨਕਾਰ ਕੀਤਾ ਤਾਂ ਬੈਂਕਾਂ ਨੇ ਉਹਨੂੰ ਅਹੁਦੇ ਤੋਂ ਲਾਹ ਮਾਰਿਆ ਅਤੇ ਉਸੇ ਵੇਲੇ ਈ ਸੀ ਬੀ (ਯੋਰਪੀਅਨ ਸੈਂਟਰਲ ਬੈਂਕ) ਦੇ ਉਪ ਪ੍ਰਧਾਨ ਨੂੰ ਉਹਦੀ ਜਗਾਹ ਸਥਾਪਤ ਕਰ ਦਿੱਤਾ। ਚੋਣਾਂ ਦੀ ਵੀ ਕੋਈ ਲੋੜ ਨਹੀਂ। ਜਮਹੂਰੀਅਤ ਦੀ ਮਾਰੋ ...। ਤੇ ਇਸ ਨਵੇਂ ਸੱਜਣ ਨੇ ਕੀ ਕੀਤਾ? ਬੈਂਕਰਾਂ ਨੇ ਜਿਹੜਾ ਵੀ ਕੋਈ ਕਾਗਜ਼ ਪੱਤਰ ਲਿਆਂਦਾ ਉਸ ਉੱਪਰ ਅੱਖਾਂ ਮੀਟ ਕੇ ਦਸਤਖਤ ਕਰ ਦਿੱਤੇ।

(ਨਾਲ ਹੀ, ਉਸ ਤੋਂ ਅਗਲੇ ਦਿਨ ਹੀ, ਬਿਲਕੁਲ ਇਹੀ ਗੱਲ ਇਟਲੀ ਵਿਚ ਵਾਪਰੀ, ਜਿੱਥੇ ਮੁੱਖ ਮੰਤਰੀ ਨੇ ਅਸਤੀਫਾ ਦੇ ਦਿੱਤਾ, ਤੇ ਉਸ ਦੀ ਜਗਾਹ ਬੈਂਕਰ/ਆਰਥਿਕ ਕਠਪੁਤਲੀ ਬਿਠਾ ਦਿੱਤੀ। ਦਸ ਦਿਨ ਬਾਅਦ, ਸਪੇਨ ਵਿਚ ਵੀ ਇਕ ਸਮੇਂ ਤੋਂ ਪਹਿਲਾਂ ਹੋਣ ਵਾਲੀ ਚੋਣ ਹੋਈ ਤੇ ਇਕ ਬੈਂਕਰ ਕਠਪੁਤਲੀ ਨੇ ਚੋਣ ਜਿੱਤ ਲਈ।)

ਕਠਪੁਤਲੀ ਨਚਾਉਣ ਵਾਲੇ ਮਾਲਕਾਂ ਲਈ ਨਵੰਬਰ 2011 ਦਾ ਮਹੀਨਾ ਸਭ ਤੋਂ ਵਧੀਆ ਮਹੀਨਾ ਸੀ।

ਕੁਝ ਮਹੀਨੇ ਬਾਅਦ, 2012 ਵਿਚ, ਪਹਿਲਾਂ ਵਾਲੀ ਬੌਂਡ ਮਾਰਕਿਟ ਦੀ ਵਰਤੀ ਹੋਈ ਜੁਗਤ ਦੀ ਵਰਤੋਂ ਨਾਲ ਯੂਨਾਨ ਦੇ ਬੌਂਡਾਂ ਤੋਂ ਹੋਣ ਵਾਲੀ ਆਮਦਨ 50% ਤੱਕ ਹੋ ਗਈ!!! ਇਸ ਆਰਥਿਕ ਦਹਿਸ਼ਤ ਦਾ ਉਸੇ ਵੇਲੇ ਮਨਸ਼ਾ ਅਨੁਸਾਰ ਅਸਰ ਹੋਇਆ: ਯੂਨਾਨ ਦੀ ਸੰਸਦ ਨੂੰ ਫੇਰ ਇਕ ਬੇਹਿਸਾਬੀ ਜ਼ਮਾਨਤ ਲਈ ਰਜ਼ਾਮੰਦ ਹੋਣਾ ਪਿਆ, ਪਹਿਲੀ ਨਾਲੋਂ ਵੀ ਵੱਡੀ ਜ਼ਮਾਨਤ।

ਹੁਣ, ਇਹ ਇਕ ਹੋਰ ਤੱਤ ਹੈ ਜੋ ਬਹੁਤੇ ਲੋਕ ਸਮਝ ਨਹੀਂ ਪਾਉਂਦੇ। ਇਹ ਉਧਾਰ, ਸਧਾਰਨ ਉਧਾਰ ਨਹੀਂ ਹੁੰਦੇ ਜਿਵੇਂ ਕਿ ਤੁਸੀਂ ਜਾ ਕੇ ਕਰੈਡਿਟ ਕਾਰਡ ਜਾਂ ਬੈਂਕ ਤੋਂ ਲੈ ਲੈਂਦੇ ਹੋ। ਇਨ੍ਹਾਂ ਉਧਾਰਾਂ ਨਾਲ ਵਿਸ਼ੇਸ਼ ਸ਼ਰਤਾਂ ਜੁੜੀਆਂ ਹੁੰਦੀਆਂ ਹਨ ਜਿਹੜੀਆਂ ਇਹ ਮੰਗ ਕਰਦੀਆਂ ਹਨ ਕਿ ਮੁਲਕ ਦੀ ਜਾਇਦਾਦ ਦਾ ਨਿੱਜੀਕਰਨ ਕੀਤਾ ਜਾਵੇ। ਜੇ ਤੁਸੀਂ ਫਿਲਮ ਗਾਡਫਾਦਰ ਤਿੰਨ ਦੇਖੀ ਹੋਵੇ, ਤੁਹਾਨੂੰ ਹਾਈਮਨ ਰੌਥ ਦਾ ਚੇਤਾ ਹੋਵੇਗਾ, ਪੂੰਜੀ ਨਿਵੇਸ਼ਕ ਜਿਹੜਾ ਆਪਣੇ ਦੋਸਤਾਂ ਦਰਮਿਆਨ ਕਿਊਬਾ ਦੇ ਹਿੱਸੇ ਪਾ ਰਿਹਾ ਹੁੰਦਾ ਹੈ। ਹਾਈਮਨ ਰੌਥ ਦੀ ਥਾਂ ਗੋਲਡਮੈਨ ਸੈਕਸ ਜਾਂ ਆਈ ਐੱਮ ਐੱਫ (ਇੰਟਰਨੈਸ਼ਨਲ ਮੌਨੇਟਰੀ ਫੰਡ) ਜਾਂ ਈ ਸੀ ਬੀ (ਯੋਰਪੀਅਨ ਸੈਂਟਰਲ ਬੈਂਕ) ਨੂੰ ਰੱਖ ਕੇ ਦੇਖੋ ਤੇ ਤੁਹਾਨੂੰ ਸਾਰੀ ਤਸਵੀਰ ਦਿਸ ਪਵੇਗੀ।

ਪੜਾ ਚੌਥਾ: ਹੁਣ, “ਸੰਜਮਤਾ” (ਆਸਟੈਰਿਟੀ) ਜਾਂ ਢਾਂਚਾਗਤ ਸੁਧਾਰ” (ਸਟਰਕਚਰਲ ਰੀਫੌਰਮਜ਼) ਦੇ ਨਾਂ ਥੱਲੇ ਮੁਲਕ ਦਾ ਬਲਾਤਕਾਰ ਤੇ ਬੇਇਜ਼ਤੀ ਸ਼ੁਰੂ ਹੋ ਜਾਂਦੀ ਹੈ। ਉਸ ਉਧਾਰ ਲਈ ਜਿਹੜਾ ਯੂਨਾਨ ਉੱਪਰ ਠੋਸਿਆ ਗਿਆ ਸੀ, ਯੂਨਾਨ ਨੂੰ ਆਪਣੀ ਮੁਨਾਫਾ ਦੇਣ ਵਾਲੀ ਬਹੁਤ ਸਾਰੀ ਜਾਇਦਾਦ ਸਥਾਨਕ ਅਮੀਰਾਂ (ਓਲੀਗਾਰਕ) ਅਤੇ ਅੰਤਰਰਾਸ਼ਟਰੀ ਕਾਰਪੋਰੇਸ਼ਨਾਂ ਕੋਲ ਵੇਚਣੀ ਪਈ। ਅਤੇ ਨਿੱਜੀਕਰਨ ਬੜਾ ਨਿਰਦਈ ਹੁੰਦਾ ਹੈ ਜਿਹਦੇ ਵਿਚ ਸਭ ਕੁਝ ਅਤੇ ਜੋ ਕੁਝ ਵੀ ਫਾਇਦੇ ਵਾਲਾ ਹੋਵੇ ਸ਼ਾਮਲ ਹੁੰਦਾ ਹੈ। ਯੂਨਾਨ ਵਿਚ ਹੋਏ ਨਿੱਜੀਕਰਨ ਵਿਚ ਸ਼ਾਮਲ ਸੀ ਪਾਣੀ, ਬਿਜਲੀ, ਡਾਕਖਾਨਾ, ਹਵਾਈ ਅੱਡਿਆਂ ਦੀ ਸੇਵਾਵਾਂ, ਕੌਮੀ ਬੈਂਕਾਂ, ਸੰਚਾਰ, ਬੰਦਰਗਾਹਾਂ (ਜਿਹੜਾ ਮੁਲਕ ਦੁਨੀਆ ਵਿਚ ਇਸ ਕੰਮ ਦਾ ਆਗੂ ਹੋਵੇ ਉੱਥੇ ਇਹ ਬਹੁਤ ਵੱਡੀ ਗੱਲ ਹੈ) ਆਦਿ। ਨਾਲ ਹੀ ਸਦਾ-ਜੁਗਾੜੂ ਬੈਂਕਰ ਉਸੇ ਵੇਲੇ ਮੰਗ ਕਰਦੇ ਹਨ ਕਿ ਸਾਰੇ ਸੰਚਾਰ ਸਾਧਨ ਵੀ ਨਿੱਜੀ ਹੱਥਾਂ ਵਿਚ ਦੇ ਦਿੱਤੇ ਜਾਣ, ਜਿਸ ਦਾ ਅਰਥ ਹੈ ਕਿ ਮੁਲਕ ਨੂੰ ਟੀ ਵੀ ਤੇ ਦਿਸਣ ਵਾਲੇ ਸੋਹਣੇ ਚਿਹਰੇ ਦੇਖਣ ਨੂੰ ਮਿਲਦੇ ਹਨ ਜੋ ਨਿੱਤ ਦਿਨ ਸਥਾਪਤੀ ਦੇ ਪ੍ਰਾਪੇਗੰਡੇ ਨੂੰ ਅੱਖਾਂ ਮੀਟ ਕੇ ਦੁਹਰਾਈ ਜਾਂਦੇ ਹਨ ਅਤੇ ਧੋਖੇਬਾਜ਼ ਅਤੇ ਲਾਲਚੀ ਬੈਂਕਰਾਂ ਨੂੰ ਲੋਕਾਂ ਦੇ ਰੱਖਿਅਕ ਦੱਸਦੇ ਹਨ ਅਤੇ ਸਮਝਾਉਂਦੇ ਹਨ ਕਿ ਸੰਜਮਤਾ ਦੇ ਥੱਲੇ ਗੁਲਾਮੀ ਕਿਸੇ ਵੀ ਹੋਰ ਬਦਲ ਨਾਲੋਂ ਬੇਹਤਰ ਹੈ।

ਇਸ ਦੇ ਨਾਲ ਹੀ, ਜ਼ਾਲਮ ਬੈਂਕਰ ਸਰਕਾਰ ਦੇ ਬੱਜਟ ਦੀ ਇਕੱਲੀ ਇਕੱਲੀ ਲਾਈਨ ਆਪਣੀ ਮਰਜ਼ੀ ਨਾਲ ਲਿਖਾਉਂਦੇ ਹਨ। ਤੁਸੀਂ ਮਿਲਟਰੀ ਦਾ ਖਰਚਾ ਘਟਾਉਣਾ ਚਾਹੁੰਦੇ ਹੋ? ਨਹੀਂ! ਧਨਾਢਾਂ ਅਤੇ ਵੱਡੀਆਂ ਕਾਰਪੋਰੇਸ਼ਨਾਂ ਦਾ ਟੈਕਸ ਵਧਾਉਣਾ ਚਾਹੁੰਦੇ ਹੋ? ਨਹੀਂ!  ਛੋਟੀਆਂ ਛੋਟੀਆਂ ਗੱਲਾਂ ਵਿਚ ਆਪਣੀ ਮਰਜ਼ੀ ਕਰਵਾਉਣ ਦਾ ਇਸ ਕਿਸਮ ਦਾ ਰਿਸ਼ਤਾ ਹੋਰ ਕਿਸੇ ਉਧਾਰ ਲੈਣ ਤੇ ਦੇਣ ਵਾਲੇ ਵਿਚਾਲੇ ਨਹੀਂ ਹੁੰਦਾ।

ਸੋ ਬੈਂਕਰਾਂ ਅਧੀਨ ਇਸ ਕਿਸਮ ਦੇ ਨਿੱਜੀਕਰਨ ਅਤੇ ਧੱਕੇਸ਼ਾਹੀ ਬਾਅਦ ਕੀ ਹੁੰਦਾ ਹੈ? ਸਾਫ ਗੱਲ ਹੈ ਕਿ ਸਰਕਾਰ ਦੀ ਆਮਦਨੀ ਘਟ ਜਾਂਦੀ ਹੈ ਤੇ ਉਧਾਰ ਹੋਰ ਵਧ ਜਾਂਦਾ ਹੈ। ਹੁਣ ਇਸ ਨੂੰ ਤੁਸੀਂ ਕਿਵੇਂ ਠੀਕਕਰੋਗੇ? ਸਿੱਧੀ ਗੱਲ ਹੈ ਖਰਚਾ ਘਟਾਓ! ਸਰਕਾਰੀ ਕਾਮਿਆਂ ਨੂੰ ਹਟਾ ਦਿਓ, ਘੱਟ ਤੋਂ ਘੱਟ ਤਨਖਾਹ ਵੀ ਖਤਮ ਕਰ ਦੇਵੋ, ਪੈਨਸ਼ਨਾਂ (ਜਿਸ ਤਰ੍ਹਾਂ ਸਾਡੀ ਸੋਸ਼ਲ ਸਕਿਊਰਿਟੀ ਹੈ) ਬੰਦ ਕਰ ਦੇਵੋ, ਪਬਲਿਕ ਸੇਵਾਵਾਂ ਵਿਚ ਕਟੌਤੀਆਂ ਕਰੋ, ਅਤੇ ਉਨ੍ਹਾਂ ਚੀਜ਼ਾਂ ਤੇ ਟੈਕਸ ਵਧਾ ਦੇਵੋ ਜਿਹੜੀਆਂ 99% ਲੋਕਾਂ ’ਤੇ ਅਸਰ ਕਰਦੀਆਂ ਹੋਣ 1% ’ਤੇ ਨਹੀਂ। ਉਦਾਹਰਨ ਵਜੋਂ, ਪੈਨਸ਼ਨਾਂ ਅੱਧੀਆਂ ਘਟਾ ਦਿੱਤੀਆਂ ਗਈਆਂ ਅਤੇ ਵਿਕਰੀ ਟੈਕਸ ਵਿਚ 20% ਤੋਂ ਉੱਪਰ ਵਾਧਾ ਕੀਤਾ ਗਿਆ। ਇਨ੍ਹਾਂ ਸਾਰੀਆਂ ਗੱਲਾਂ ਕਾਰਨ ਯੂਨਾਨ ਅਮਰੀਕਾ ਵਿਚ 1930 ਦੌਰਾਨ ਵਾਪਰੇ ਵੱਡੇ ਮੰਦਵਾੜੇ ਨਾਲੋਂ ਵੀ ਜ਼ਿਆਦਾ ਆਰਥਿਕ ਬਿਪਤਾ ਵਿੱਚੋਂ ਲੰਘ ਰਿਹਾ ਹੈ।

ਇਸ ਸਭ ਕਾਸੇ ਤੋਂ ਪਿੱਛੋਂ, ਨਿਰਦਈ ਬੈਂਕਰਾਂ ਵਲੋਂ ਕਿਹੜਾ ਹੱਲ ਸੁਝਾਇਆ ਗਿਆ ਹੈ? ਵੱਧ ਟੈਕਸ! ਪੈਨਸ਼ਨਾਂ ਤੇ ਹੋਰ ਕਟੌਤੀਆਂ! ਕਿਸੇ ਮੁਲਕ ਨੂੰ ਸੰਜਮਤਾ ਵਿੱਚੋਂ, ਇਸ ਕਿਸਮ ਦੇ ਆਰਥਿਕ ਸਰਬਨਾਸ਼ ਰਾਹੀਂ ਲੰਘਾਉਣ ਦਾ ਕੰਮ ਖਾਸ ਕਿਸਮ ਦੇ ਮਾਨਸਿਕ ਰੋਗੀ ਹੀ ਕਰ ਸਕਦੇ ਹਨ।

ਜੇ ਹਰ ਯੂਨਾਨੀ ਨੂੰ ਸੰਜਮਤਾ ਦੀ ਅਸਲੀਅਤ ਦਾ ਪਤਾ ਹੁੰਦਾ ਤਾਂ ਉਹ ਕਦੇ ਵੀ ਇਸ ਦੀ ਹਿਮਾਇਤ ਨਾ ਕਰਦੇ। ਇਹੀ ਗੱਲ ਸਪੇਨ, ਇਟਲੀ ਤੇ ਪੁਰਤਗਾਲ, ਆਇਰਲੈਂਡ ਅਤੇ ਹੋਰ ਦੂਜੇ ਮੁਲਕ, ਜੋ ਸੰਜਮਤਾ ਵਿੱਚੋਂ ਲੰਘ ਰਹੇ ਹਨ, ’ਤੇ ਲਾਗੂ ਹੁੰਦੀ ਹੈ। ਇਸ ਸਭ ਦਾ ਉਦਾਸ ਕਰਨ ਵਾਲਾ ਪੱਖ ਇਹ ਹੈ ਕਿ ਇਹ ਕੋਈ ਬਹੁਤੀਆਂ ਵਿਸ਼ੇਸ਼ ਜੁਗਤਾਂ ਨਹੀਂ। ਦੂਜੀ ਵੱਡੀ ਜੰਗ ਤੋਂ ਹੀ ਆਈ ਐੱਮ ਐੱਫ ਅਤੇ ਵਰਲਡ ਬੈਂਕ ਵਲੋਂ ਇਸ ਕਿਸਮ ਦੀਆਂ ਲੁਟੇਰੀਆਂ ਜੁਗਤਾਂ ਅਨੇਕਾਂ ਵਾਰ ਲਾਤੀਨੀ ਅਮਰੀਕਾ, ਏਸ਼ੀਆ ਅਤੇ ਅਫਰੀਕਾ ਵਿਚ ਵਰਤੀਆਂ ਗਈਆਂ ਹਨ।

ਦੁਨੀਆ ਦੇ ਨਵੇਂ ਢਾਂਚੇ (ਨਿਊ ਵਰਲਡ ਆਰਡਰ) ਦੀ ਇਹ ਅਸਲੀਅਤ ਹੈ - ਦੁਨੀਆ ਜਿਸ ਦੀਆਂ ਮਾਲਕ ਮੁੱਠੀ ਭਰ ਕਾਰਪੋਰੇਸ਼ਨਾਂ ਤੇ ਬੈਂਕਾਂ ਹਨ; ਦੁਨੀਆ ਜਿਹੜੀ ਆਗਿਆਕਾਰ, ਨਿਤਾਣੇ ਅਤੇ ਕਰਜ਼ਈ ਕਾਮਿਆਂ ਨਾਲ ਭਰੀ ਹੋਈ ਹੈ।

ਸੋ, ਯੂਨਾਨ ਦੇ ਮਾਣਮੱਤੇ ਲੋਕਾਂ ਲਈ ਜ਼ੂਸ (Zeus) ਵਾਂਗ ਮੁੜ ਉੱਠਣ ਦਾ ਮੌਕਾ ਹੈ ਅਤੇ ਲਾਲਚੀ ਕਠਪੁਤਲੀਆਂ ਨਚਾਉਣ ਵਾਲੇ, ਦੇਸ਼ ਵਿਰੋਧੀ ਪੂੰਜੀਪਤੀਆਂ, ਲਹੂ ਪੀਣੇ ਬੈਂਕਰਾਂ ਅਤੇ ਭ੍ਰਿਸ਼ਟ ਸਿਆਸੀ ਲੋਕਾਂ ਨੂੰ ਜ਼ੋਰਦਾਰ ਤਰੀਕੇ ਨਾਲ ਨਾਂਹ ਕਹਿਣ ਦਾ ਸਮਾਂ ਹੈ।

ਪਿਆਰੇ ਯੂਨਾਨ ਵਾਸੀਓ , ਇਹ ਗੱਲ ਜਾਣ ਲਿਓ ਕਿ ਦੁਨੀਆ ਤੁਹਾਡੇ ਲਈ ਅਰਦਾਸਾਂ ਕਰ ਰਹੀ ਹੈ ਅਤੇ ਤੁਹਾਡੇ ਨਾਲ ਖੜ੍ਹੀ ਹੈ। ਇਸ ਵੀਕਇੰਡ ਤੇ ਸੰਜਮਤਾ ਤੋਂ ਇਨਕਾਰ ਵਿਚ ਵੋਟ ਪਾਓ। ਆਜ਼ਾਦੀ, ਖੁਦਮੁਖਤਾਰੀ, ਸਵੈ-ਸਰਕਾਰ, ਅਤੇ ਜਮਹੂਰੀਅਤ ਨੂੰ ਹਾਂ ਕਹੋ। ਇਸ ਵੀਕਇੰਡ ਤੇ ਵੋਟ ਪਾਉਣ ਜਾਓ ਅਤੇ 99% ਯੂਨਾਨ, ਯੋਰਪ ਤੇ ਸਾਰੀ ਦੁਨੀਆ ਦੇ ਹੱਕ ਵਿਚ ਇਕ ਜ਼ੋਰਦਾਰ ਸਾਫ ਜਿੱਤ ਹਾਸਲ ਕਰੋ।

(ਨੋਟ: ਪਿਛਲੇ ਐਤਵਾਰ (ਜੁਲਾਈ 5, 2015) ਯੂਨਾਨ ਦੇ ਲੋਕਾਂ ਨੇ ਵੱਡੀ ਗਿਣਤੀ (60% ਤੋਂ ਉੱਪਰ) ਸੰਜਮਤਾ (ਆਸਟੈਰਿਟੀ) ਤੋਂ ਇਨਕਾਰ ਵਿਚ ਵੋਟ ਪਾਈ ਹੈ)

*****

(35)

About the Author

ਸਾਧੂ ਬਿਨਿੰਗ

ਸਾਧੂ ਬਿਨਿੰਗ

Sadhu Binning D. Litt. (Burnaby, B.C, Canada.)
Phone: (778 - 773 1886)
(sadhu.binning@gmail.com)