SadhuBinning5ਸ਼ਹੀਦ ਭਗਤ ਸਿੰਘ ਨੂੰ ਸੱਚੀ ਸ਼ਰਧਾਂਜਲੀ ਇਹ ਹੀ ਹੋਵੇਗੀ ਜੇ ਅਸੀਂ ਉਸ ਦੇ ਵਿਚਾਰਾਂ ਨਾਲ ਹੁੰਦੀ ਬੇਇਨਸਾਫੀ ਨੂੰ ਰੋਕੀਏ ਅਤੇ ਉਹਦੇ ...”
(26 ਜੁਲਾਈ 2022)
ਮਹਿਮਾਨ: 780.


ਤੇਈ ਸਾਲ ਦੀ ਉਮਰ ਵਿੱਚ
, ਬਹੁਤ ਹੀ ਵੱਖਰੀ ਕਿਸਮ ਦੀਆਂ ਹਾਲਤਾਂ ਵਿੱਚ, ਸਾਹਮਣੇ ਖੜ੍ਹੀ ਮੌਤ ਦੀਆਂ ਅੱਖਾਂ ਵਿੱਚ ਅੱਖਾਂ ਪਾ ਕੇ, ਲਿਖਿਆ ਸ਼ਹੀਦ ਭਗਤ ਸਿੰਘ ਦਾ ਇਹ ਲੇਖ ‘ਮੈਂ ਨਾਸਤਕ ਕਿਉਂ ਹਾਂ?’ ਪੜ੍ਹਨ ’ਤੇ ਹਰ ਵਾਰ ਹੈਰਾਨ ਤੇ ਪ੍ਰਭਾਵਿਤ ਕਰਦਾ ਹੈ। ਨਾਲ ਹੀ ਇਹ ਗੱਲ ਹੈਰਾਨ ਤੇ ਪ੍ਰੇਸ਼ਾਨ ਵੀ ਕਰਦੀ ਹੈ ਕਿ ਇਹੋ ਜਿਹੀ ਸਾਫ ਸੁਥਰੀ ਤੇ ਤਾਕਤਵਰ ਲਿਖਤ ਵਲ ਬਣਦਾ ਧਿਆਨ ਕਿਉਂ ਨਹੀਂ ਦਿੱਤਾ ਗਿਆ।

ਅੰਗਰੇਜ਼ੀ ਜ਼ੁਬਾਨ ਦੇ ਮਸ਼ਹੂਰ ਦਾਰਸ਼ਨਿਕ ਲਿਖਾਰੀ ਬਰਟਰੈਂਡ ਰੱਸਲ ਨੇ ਭਗਤ ਸਿੰਘ ਦੇ ਇਸ ਲੇਖ ਤੋਂ ਦੋ ਤਿੰਨ ਸਾਲ ਪਹਿਲਾਂ ਇੱਕ ਲੇਖ ਲਿਖਿਆ ਸੀ, ‘ਮੈਂ ਇਸਾਈ ਕਿਉਂ ਨਹੀਂ? ‘ਵ੍ਹਾਈ ਆਈ ਐੱਮ ਨਾਟ ਏ ਕ੍ਰਿਸਚੀਅਨ? ਰੱਸਲ ਦੇ ਉਸ ਲੇਖ ਨੇ ਇਸਾਈ ਮੱਤ ਉੱਤੇ ਇੱਕ ਅਜਿਹੀ ਗਹਿਰੀ ਸੱਟ ਮਾਰੀ ਸੀ ਜਿਸਦੇ ਡਰ ਤੋਂ ਇਸਾਈ ਮੱਤ ਅਜੇ ਤਕ ਵੀ ਕੰਬਦਾ ਹੈ।

ਇੱਕ ਵੱਖਰੇ ਤਰੀਕੇ ਨਾਲ ਇਹ ਗੱਲ ਭਗਤ ਸਿੰਘ ਦੇ ਲੇਖ ਬਾਰੇ ਵੀ ਕਹੀ ਜਾ ਸਕਦੀ ਹੈ। ਪਹਿਲਾਂ ਲਗਦਾ ਸੀ ਕਿ ਭਗਤ ਸਿੰਘ ਦੇ ਇਸ ਲੇਖ ਨੇ ਧਾਰਮਿਕ ਲੋਕਾਂ ਉੱਪਰ ਉਸ ਕਿਸਮ ਦਾ ਅਸਰ ਨਹੀਂ ਕੀਤਾ ਜਿਸ ਕਿਸਮ ਦਾ ਰੱਸਲ ਦੇ ਲੇਖ ਨੇ ਇਸਾਈਆਂ ਉੱਪਰ ਕੀਤਾ ਸੀ। ਇਹ ਠੀਕ ਹੈ ਕਿ ਭਗਤ ਸਿੰਘ ਦੇ ਇਸ ਲੇਖ ਬਾਰੇ ਸ਼ਾਇਦ ਇਸਦੇ ਲਿਖਣ ਸਮੇਂ ਵੱਡੀ ਪੱਧਰ ’ਤੇ ਪ੍ਰਤੀਕਰਮ ਨਾ ਹੋਇਆ ਹੋਵੇ ਪਰ ਹੁਣ ਇਸ ਨੇ ਪੰਜਾਬ/ਭਾਰਤ ਦੇ ਧਾਰਮਿਕ ਲੋਕਾਂ ਨੂੰ ਵਖਤ ਪਾਇਆ ਹੋਇਆ ਹੈ। ਇਸ ਲੇਖ ਦੇ ਦੋ ਕਿਸਮ ਦੇ ਪ੍ਰਤੀਕਰਮ ਦੇਖੇ ਜਾ ਸਕਦੇ ਹਨ। ਇੱਕ ਤਾਂ ਇਸ ਨੂੰ ਅੱਖੋਂ ਉਹਲੇ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਰਹੀ ਹੈ ਅਤੇ ਅਜੇ ਵੀ ਕੀਤੀ ਜਾਂਦੀ ਹੈ। ਇਸ ਵਿੱਚ ਕਈ ਕਾਰਨਾਂ ਕਰਕੇ ਖੱਬੀਆਂ ਸਿਆਸੀ ਤਾਕਤਾਂ ਵੀ ਸ਼ਾਮਲ ਰਹੀਆਂ ਹਨ। ਕੁਝ ਹੱਦ ਤਕ ਇਹ ਗੱਲ ਸਮਝ ਵੀ ਪੈਂਦੀ ਹੈ ਕਿ ਲੋਕਾਂ ਨੂੰ ਉਨ੍ਹਾਂ ਦੀਆਂ ਫੌਰੀ ਸਮੱਸਿਆਵਾਂ ਦੇ ਹੱਲ ਲਈ ਜਥੇਬੰਦ ਕਰਨ ਵਿੱਚ ਇਹ ਗੱਲ ਅੜਿੱਕਾ ਬਣਦੀ ਹੈ। ਸੋ ਲੋਕਾਂ ਨੂੰ ਜਥੇਬੰਦ ਕਰਨ ਦੇ ਨਜ਼ਰੀਏ ਤੋਂ ਅਮਲੀ ਪੱਧਰ ’ਤੇ ਭਗਤ ਸਿੰਘ ਦੀਆਂ ਦੂਜੀਆਂ ਲਿਖਤਾਂ ਜ਼ਿਆਦਾ ਅਹਿਮੀਅਤ ਰੱਖਦੀਆਂ ਹਨ। ਇਸ ਤਰ੍ਹਾਂ ਭਗਤ ਸਿੰਘ ਦੇ ਰੱਬ ਅਤੇ ਧਰਮ ਬਾਰੇ ਵਿਚਾਰਾਂ ਨੂੰ ਪਿਛਾਂਹ ਰੱਖਿਆ ਜਾਂਦਾ ਹੈ।

ਭਗਤ ਸਿੰਘ ਦੇ ਨਾਸਤਿਕਤਾ ਬਾਰੇ ਵਿਚਾਰਾਂ ਦਾ ਦੂਜਾ ਪ੍ਰਤੀਕਰਮ ਉਸ ਨੂੰ ਕਦੇ ਸਿੱਖ ਤੇ ਕਦੇ ਆਰੀਆ ਸਮਾਜੀ ਬਣਾ ਕੇ ਪੇਸ਼ ਕਰਨਾ ਹੈ। ਇਹ ਕੰਮ ਬੜਾ ਚੇਤਨ ਤਰੀਕੇ ਨਾਲ ਕੀਤਾ ਜਾ ਰਿਹਾ ਹੈ। ਕੁਝ ਸਮਾਂ ਪਹਿਲਾਂ ਇਹ ਜਾਣਕਾਰੀ ਸਾਹਮਣੇ ਆਈ ਕਿ ਪੰਜਾਬ ਵਿੱਚ ਚੌਥੀ ਜਮਾਤ ਦੇ ਬੱਚਿਆਂ ਦੀ ਇੱਕ ਕਿਤਾਬ ਵਿੱਚ ਭਗਤ ਸਿੰਘ ਬਾਰੇ ਲਿਖੇ ਲੇਖ ਵਿੱਚ ਇਹ ਝੂਠੀ ਜਾਣਕਾਰੀ ਦਰਜ ਹੈ: “ਭਗਤ ਸਿੰਘ ਜੇਲ੍ਹ ਦੀ ਬੈਰਕ ਵਿੱਚ ਬੈਠਾ ਜਪੁਜੀ ਸਾਹਿਬ ਦਾ ਪਾਠ ਕਰ ਰਿਹਾ ਹੈ।” …. …. ਜੇਲ੍ਹ ਵਿੱਚ ਭਗਤ ਸਿੰਘ ਦੀ ਮਾਂ ਉਸ ਨੂੰ ਮਿਲਣ ਆਉਂਦੀ ਹੈ ਤੇ ਜਦੋਂ ਉਹ ਜਾਂਦੀ ਹੈ ਤਾਂ “ਭਗਤ ਸਿੰਘ ਜਪੁਜੀ ਸਾਹਿਬ ਫੜਦਾ ਹੈ ਤੇ ਪਾਠ ਕਰਨ ਲਈ ਬੈਠ ਜਾਂਦਾ ਹੈ।” ਇਸ ਕਿਸਮ ਦੀਆਂ ਕੋਸ਼ਿਸ਼ਾਂ ਲਗਾਤਾਰ ਹੋ ਰਹੀਆਂ ਹਨ ਜੋ ਇਸ ਗੱਲ ਵੱਲ ਇਸ਼ਾਰਾ ਹੈ ਕਿ ਇਹ ਲੇਖ ਧਾਰਮਿਕ ਵਿਰਤੀਆਂ ਵਾਲੇ ਲੋਕਾਂ ਨੂੰ ਤੰਗ ਕਰ ਰਿਹਾ ਹੈ। ਭਗਤ ਸਿੰਘ ਦੇ ਦੂਜੇ ਸਿਆਸੀ ਵਿਚਾਰਾਂ ਬਾਰੇ ਇਸ ਕਿਸਮ ਦੀਆਂ ਕੋਸ਼ਿਸ਼ਾਂ ਘੱਟ ਦੇਖਣ ਵਿੱਚ ਆਉਂਦੀਆਂ ਹਨ।

ਇਸ ਲੇਖ ਵਿੱਚ ਪੇਸ਼ ਭਗਤ ਸਿੰਘ ਦੇ ਵਿਚਾਰਾਂ ਦੇ ਉਲਟ ਨਿੱਤ ਉਸ ਦੇ ਨਾਂ ’ਤੇ ਧਾਰਮਿਕ ਪੂਜਾ ਪਾਠ ਹੁੰਦੇ ਹਨ, ਉਸ ਦੀ ਰੂਹ ਲਈ ਅਰਦਾਸਾਂ ਹੁੰਦੀਆਂ ਹਨ। ਪੰਜਾਬੀਆਂ/ਭਾਰਤੀਆਂ ਦੇ ਸਭ ਤੋਂ ਰੌਸ਼ਨ ਦਿਮਾਗ ਤੇ ਸਭ ਤੋਂ ਵੱਧ ਸਤਿਕਾਰ ਵਾਲੇ ਸ਼ਹੀਦ ਭਗਤ ਸਿੰਘ ਨਾਲ ਇਸ ਤੋਂ ਵੱਡੀ ਹੋਰ ਬੇਇਨਸਾਫੀ ਕਿਆਸ ਨਹੀਂ ਕੀਤੀ ਜਾ ਸਕਦੀ। ਉਹਦੇ ਨਾਂਅ ’ਤੇ ਅਰਦਾਸਾਂ ਕਰਨ ਵਾਲੇ ਲੋਕਾਂ ਨੂੰ ਅਰਦਾਸ ਬਾਰੇ ਉਹਦੇ ਲਿਖੇ ਸ਼ਬਦ ਪੜ੍ਹਨੇ ਚਾਹੀਦੇ ਹਨ: ਅਰਦਾਸ ਨੂੰ “ਮੈਂ ਮਨੁੱਖ ਦਾ ਸਭ ਤੋਂ ਵੱਧ ਖੁਦਗਰਜ਼ੀ ਕਰਨ ਵਾਲਾ ਤੇ ਘਟੀਆ ਕੰਮ ਸਮਝਦਾ ਹਾਂ।”

ਭਗਤ ਸਿੰਘ ਦੇ ਰੱਬ, ਧਰਮ ਤੇ ਨਾਸਤਿਕਤਾ ਸਬੰਧੀ ਵਿਚਾਰਾਂ ਬਾਰੇ ਅੱਜ ਗੱਲ ਕਰਨ ਦੀ ਕਿਉਂ ਜ਼ਰੂਰਤ ਹੈ?

ਦੁਨੀਆਂ ਭਰ ਵਿੱਚ, ਭਾਰਤ ਵਿੱਚ ਤੇ ਖਾਸ ਕਰ ਪੰਜਾਬੀ ਭਾਈਚਾਰੇ ਵਿੱਚ ਜਿਸ ਕਿਸਮ ਦਾ ਧਾਰਮਿਕ ਗਲਬਾ ਇਸ ਸਮੇਂ ਹੈ, ਉਸ ਨਾਲ ਬਹੁਤ ਜ਼ਿਆਦਾ ਸ਼ਕਤੀ, ਪੈਸਾ ਤੇ ਸਮਾਂ ਨਸ਼ਟ ਕੀਤਾ ਜਾ ਰਿਹਾ ਹੈ। ਅਸੀਂ ਦੇਖਦੇ ਸੁਣਦੇ ਹਾਂ ਕਿ ਧਰਮ ਦੇ ਨਾਂ ’ਤੇ ਹਰ ਰੋਜ਼ ਕੋਈ ਨਾ ਕੋਈ ਨਵਾਂ ਮਸਲਾ ਖੜ੍ਹਾ ਕੀਤਾ ਜਾਂਦਾ ਹੈ। ਜਿਸ ਕਿਸਮ ਦੇ ਹਾਸੋਹੀਣੇ ਮਸਲੇ ਖੜ੍ਹੇ ਕੀਤੇ ਜਾਂਦੇ ਹਨ ਉਨ੍ਹਾਂ ਨਾਲ ਸਮਾਜ ਦੀ ਕਿਸੇ ਤਰ੍ਹਾਂ ਵੀ ਕੋਈ ਭਲਾਈ ਨਹੀਂ ਹੋ ਸਕਦੀ। ਇਹ ਮਸਲੇ ਹਰ ਸਮੇਂ ਲੋਕਾਂ ਦੀ ਜਾਨ ਮਾਲ ਨੂੰ ਖਤਰੇ ਵਿੱਚ ਪਾਈ ਰੱਖਦੇ ਹਨ। ਬੀ ਜੇ ਪੀ ਲੋਕਾਂ ਦੇ ਧਾਰਮਿਕ ਅਹਿਸਾਸਾਂ ਦੀ ਵਰਤੋਂ ਕਰਕੇ ਰਾਜ ਕਰ ਰਹੀ ਹੈ। ਇਹ ਸਭ ਕੁਝ ਸਾਨੂੰ ਇੱਕੀਵੀਂ ਸਦੀ ਵਿੱਚ ਅੱਗੇ ਵਧਣ ਦੀ ਬਜਾਏ ਪਿੱਛੇ ਵਲ ਨੂੰ ਮੋੜ ਰਿਹਾ ਹੈ। ਇਸ ਬਹੁਤ ਹੀ ਖਤਰਨਾਕ ਰੁਝਾਨ ਨੂੰ ਰੋਕਣ ਦੀ ਲੋੜ ਹੈ।

ਇਸ ਔਖੇ ਮਸਲੇ ਦਾ ਹੱਲ ਕਿਸ ਤਰ੍ਹਾਂ ਲੱਭਿਆ ਜਾਵੇ?

ਮੇਰਾ ਸੁਝਾਅ ਹੈ ਕਿ ਅਸੀਂ ਭਗਤ ਸਿੰਘ ਤੋਂ ਹੀ ਇਸ ਬਾਰੇ ਸੇਧ ਲਈਏ। ਆਪਣੀ ਨਾਸਤਿਕਤਾ ਬਾਰੇ ਭਗਤ ਸਿੰਘ ਨੇ ਜੋ ਗੱਲਾਂ ਅਤੇ ਜਿਸ ਅੰਦਾਜ਼ ਵਿੱਚ ਕੀਤੀਆਂ ਹਨ ਉਨ੍ਹਾਂ ਵਿੱਚ ਬਹੁਤ ਕੁਝ ਇਹੋ ਜਿਹਾ ਹੈ ਜਿਹੜਾ ਸਾਨੂੰ ਇਸ ਸਮੱਸਿਆ ਨਾਲ ਜੂਝਣ ਲਈ ਸੇਧ ਦੇ ਸਕਦਾ ਹੈ। ਆਪਣੇ ਲੇਖ ਵਿੱਚ ਸਭ ਤੋਂ ਪਹਿਲਾਂ ਭਗਤ ਸਿੰਘ ਦੂਜਿਆਂ ਵੱਲੋਂ ਲਾਏ ਇਸ ਦੋਸ਼ ਦੀ ਗੱਲ ਕਰਦਾ ਹੈ ਕਿ ਕੀ ਉਸ ਦਾ ਨਾਸਤਿਕ ਹੋਣਾ ਉਸ ਦੇ ਹੰਕਾਰੀ ਹੋਣ ਦੀ ਨਿਸ਼ਾਨੀ ਹੈ? ਭਗਤ ਸਿੰਘ ਖੁਦ ਸਵਾਲ ਕਰਦਾ ਹੈ ਕਿ ‘ਕੀ ਮੈਂ ਬੇਲੋੜੇ ਮਾਣ ਕਰਕੇ ਨਾਸਤਕ ਬਣਿਆ ਹਾਂ ਜਾਂ ਇਸ ਵਿਸ਼ੇ ਬਾਰੇ ਡੂੰਘਾ ਮੁਤਾਲਿਆ ਕਰਨ ਮਗਰੋਂ ਅਤੇ ਗੰਭੀਰ ਸੋਚ ਵਿਚਾਰ ਮਗਰੋਂ ਨਾਸਤਕ ਬਣਿਆ ਹਾਂ?’ ਇਸ ਸਵਾਲ ਦਾ ਜਵਾਬ ਉਹ ਵਿਗਿਆਨਕ ਨਜ਼ਰੀਏ ਨਾਲ ਦਿੰਦਾ ਹੈ ਕਿ ਹੰਕਾਰੀ ਬੰਦਾ ਨਾਸਤਿਕ ਹੋ ਹੀ ਨਹੀਂ ਸਕਦਾ। ਉਹ ਵਿਸਥਾਰ ਵਿੱਚ ਚਰਚਾ ਕਰਦਾ ਹੈ:

“ਮੈਂ ਆਪਣੇ ਬਾਬਾ ਜੀ ਦੇ ਅਸਰ ਹੇਠ ਵੱਡਾ ਹੋਇਆ ਸੀ ਤੇ ਉਹ ਪੱਕੇ ਆਰੀਆ ਸਮਾਜੀ ਸਨ। ਕੋਈ ਆਰੀਆ ਸਮਾਜੀ ਹੋਰ ਤਾਂ ਸਭ ਕੁਝ ਹੋ ਸਕਦਾ ਹੈ, ਪਰ ਨਾਸਤਕ ਨਹੀਂ। ਮੈਂ ਆਪਣੀ ਪ੍ਰਾਇਮਰੀ ਦੀ ਪੜ੍ਹਾਈ ਮੁਕਾ ਕੇ ਲਾਹੌਰ ਦੇ ਡੀ ਏ ਵੀ ਸਕੂਲ ਵਿੱਚ ਦਾਖਲ ਹੋ ਗਿਆ ਤੇ ਇਹਦੇ ਬੋਰਡਿੰਗ ਹਾਊਸ ਵਿੱਚ ਪੂਰਾ ਇੱਕ ਸਾਲ ਰਿਹਾ। ਉੱਥੇ ਸਵੇਰ ਤੇ ਤ੍ਰਿਕਾਲ ਸੰਧਿਆ ਦੀਆਂ ਪ੍ਰਾਰਥਨਾਵਾਂ ਤੋਂ ਛੁੱਟ ਮੈਂ ਘੰਟਿਆਂ ਬੱਧੀ ਗਾਇਤ੍ਰੀ ਮੰਤਰ ਦਾ ਜਾਪ ਕਰਦਾ ਸੀ। ਮੈਂ ਉਨ੍ਹਾਂ ਦਿਨਾਂ ਵਿੱਚ ਪੱਕਾ ਸ਼ਰਧਾਲੂ ਸੀ। ਫੇਰ ਮੈਂ ਆਪਣੇ ਪਿਤਾ ਜੀ ਨਾਲ ਰਹਿਣਾ ਸ਼ੁਰੂ ਕਰ ਦਿੱਤਾ। ਉਨ੍ਹਾਂ ਦਾ ਧਾਰਮਕ ਦ੍ਰਿਸ਼ਟੀਕੋਣ ਉਦਾਰ ਸੀ। ਉਨ੍ਹਾਂ ਦੀਆਂ ਸਿੱਖਿਆਵਾਂ ਸਦਕਾ ਹੀ ਮੈਂ ਆਪਣੀ ਜ਼ਿੰਦਗੀ ਆਜ਼ਾਦੀ ਦੇ ਆਦਰਸ਼ ਨੂੰ ਅਰਪੀ। ਪਰ ਉਹ ਨਾਸਤਕ ਨਹੀਂ ਸਨ। ਉਨ੍ਹਾਂ ਦਾ ਰੱਬ ਵਿੱਚ ਪੱਕਾ ਅਕੀਦਾ ਸੀ, ਮੈਂਨੂੰ ਉਹ ਹਰ ਰੋਜ਼ ਪ੍ਰਾਰਥਨਾ ਕਰਨ ਲਈ ਕਹਿੰਦੇ ਹੁੰਦੇ ਸਨ। ਸੋ ਮੇਰੀ ਪਰਵਰਿਸ਼ ਇਸ ਢੰਗ ਨਾਲ ਹੋਈ।”

ਇਸ ਲੇਖ ਵਿੱਚ ਭਗਤ ਸਿੰਘ ਦੱਸਦਾ ਹੈ ਕਿ ਕਿਸ ਤਰ੍ਹਾਂ ਹੌਲੀ ਹੌਲੀ ਪੜ੍ਹ ਵਿਚਾਰ ਕੇ ਉਹ ਨਾਸਤਿਕ ਬਣਿਆ। ਉਹ ਖੁਦ ਨੂੰ ਮੁਖਤਾਬ ਹੁੰਦਾ ਹੈ: “ਅਧਿਅਨ ਕਰ ਤਾਂ ਕਿ ਤੂੰ ਆਪਣੇ ਵਿਰੋਧੀਆਂ ਦੀਆਂ ਦਲੀਲਾਂ ਦਾ ਜਵਾਬ ਦੇ ਸਕਣ ਯੋਗ ਹੋ ਜਾਏਂ। ਆਪਣੇ ਸਿਧਾਂਤ ਦੀ ਹਿਮਾਇਤ ਵਿੱਚ ਦਲੀਲਾਂ ਨਾਲ ਆਪਣੇ ਆਪ ਨੂੰ ਲੈਸ ਕਰਨ ਲਈ ਅਧਿਅਨ ਕਰ।” ਮੈਂ ਅਧਿਅਨ ਕਰਨਾ ਸ਼ੁਰੂ ਕਰ ਦਿੱਤਾ। ਮੇਰੇ ਪਹਿਲੇ ਅਕੀਦੇ ਤੇ ਵਿਸ਼ਵਾਸਾਂ ਵਿੱਚ ਬਹੁਤ ਵੱਡੀ ਤਬਦੀਲੀ ਆ ਗਈ।

ਭਗਤ ਸਿੰਘ ਦੱਸਦਾ ਹੈ ਕਿ ਉਹਨੇ ਮਾਰਕਸ, ਲੈਨਿਨ, ਟਰਾਟਸਕੀ, ਬਾਕੂਨਿਨ, ਡਾਰਵਿਨ, ਅਪਟਨ ਸਿੰਕਲੇਅਰ ਤੇ ਹੋਰ ਲੇਖਕਾਂ ਨੂੰ ਪੜ੍ਹਿਆ ਤੇ ਇਸ ਸਿੱਟੇ ’ਤੇ ਪਹੁੰਚਾ। ਉਹਦੇ ਆਪਣੇ ਸ਼ਬਦਾਂ ਵਿਚ: “1926 ਦੇ ਅਖੀਰ ਤਕ ਮੇਰਾ ਇਹ ਵਿਸ਼ਵਾਸ ਪੱਕਾ ਹੋ ਚੁੱਕਾ ਸੀ ਕਿ ਬ੍ਰਹਿਮੰਡ ਦੇ ਸਿਰਜਣ, ਪਾਲਣਹਾਰ ਤੇ ਸਰਬ ਸ਼ਕਤੀਮਾਨ ਦੀ ਹੋਂਦ ਦਾ ਸਿਧਾਂਤ ਬੇਬੁਨਿਆਦ ਹੈ।”

ਸਾਨੂੰ ਆਪਣੇ ਆਲੇ ਦੁਆਲੇ ਨੂੰ ਜਾਨਣ ਤੇ ਸਮਝਣ ਲਈ ਭਗਤ ਸਿੰਘ ਤੋਂ ਸੇਧ ਲੈਣੀ ਚਾਹੀਦੀ ਹੈ।

ਮੇਰਾ ਸੁਝਾਅ ਹੈ ਕਿ ਹੋਰ ਗੱਲਾਂ ਦੇ ਨਾਲ ਨਾਲ ਵਿਸ਼ਵ ਪੱਧਰ ’ਤੇ ਨਾਸਤਿਕਤਾ ਬਾਰੇ ਚੱਲ ਰਹੇ ਵਿਚਾਰ ਵਟਾਂਦਰੇ ਬਾਰੇ ਸਾਨੂੰ ਧਿਆਨ ਨਾਲ ਪੜ੍ਹਨ ਗੁੜ੍ਹਨ ਦੀ ਲੋੜ ਹੈ। ਪਿਛਲੇ ਕੁਝ ਸਾਲਾਂ ਦੌਰਾਨ ਪੱਛਮ ਵਿੱਚ ਨਾਸਤਿਕਤਾ ਬਾਰੇ ਬਹੁਤ ਕੁਝ ਲਿਖਿਆ ਪੜ੍ਹਿਆ ਜਾ ਰਿਹਾ ਹੈ। ਸਾਡੇ ਲਈ ਇਹ ਬਹੁਤ ਜ਼ਰੂਰੀ ਹੈ ਕਿ ਅਸੀਂ ਇਸ ਹੋ ਰਹੀ ਚਰਚਾ ਤੋਂ ਜਾਣੂ ਹੋਈਏ। ਇਹ ਠੀਕ ਹੈ ਕਿ ਇਨਕਲਾਬ ਜਾਂ ਅਸਲੀ ਤਬਦੀਲੀ ਤਾਂ ਸਿਆਸੀ ਸਰਗਰਮੀ ਨਾਲ ਹੀ ਆਵੇਗੀ ਪਰ ਜਿਹੜੀ ਚੀਜ਼ ਉਸ ਰਾਹ ਵਲ ਜਾਣ ਤੋਂ ਰੋਕਦੀ ਹੋਵੇ ਉਸ ਬਾਰੇ ਫਿਕਰ ਕਰਨ ਦੀ ਤੇ ਧਿਆਨ ਦੇਣ ਦੀ ਲੋੜ ਹੈ।

ਸਾਡੀਆਂ ਖੱਬੀਆਂ ਪਾਰਟੀਆਂ ਇਸ ਗੱਲੋਂ ਵੀ ਫੇਲ ਹੋਈਆਂ ਹਨ ਕਿ ਵੋਟਾਂ ਦੀ ਸਿਆਸਤ ਦੇ ਨਜ਼ਰੀਏ ਤੋਂ ਉਨ੍ਹਾਂ ਨੇ ਇਸ ਪਾਸੇ ਵਲ ਧਿਆਨ ਦੇਣ ਤੋਂ ਕੰਨੀ ਕਤਰਾਈ ਹੈ। ਭਗਤ ਸਿੰਘ ਵੀ ਸਿਆਸੀ ਬੰਦਾ ਸੀ ਪਰ ਉਹਨੇ ਇਸ ਗੱਲ ਦੀ ਲੋੜ ਮਹਿਸੂਸ ਕੀਤੀ ਕਿ ਬਰਾਬਰਤਾ ਵਾਲਾ ਸਮਾਜ ਸਿਰਜਣ ਲਈ ਸਿਆਸੀ ਸੂਝ ਦੇ ਨਾਲ ਨਾਲ ਲੋਕਾਂ ਦੀ ਬੌਧਿਕ ਪੱਧਰ ਨੂੰ ਵੀ ਉੱਚਾ ਚੁੱਕਣ ਦੀ ਲੋੜ ਹੈ ਤੇ ਧਰਮ ਹਮੇਸ਼ਾ ਉਨ੍ਹਾਂ ਨੂੰ ਆਪਣੀ ਬੁੱਧੀ ਦੀ ਵਰਤੋਂ ਕਰਨ ਤੋਂ ਰੋਕਦਾ ਹੈ। ਉਹ ਕਹਿੰਦਾ ਹੈ: ਜਿਹੜਾ ਵੀ ਮਨੁੱਖ ਪ੍ਰਗਤੀ ਦਾ ਹਾਮੀ ਹੈ, ਉਸ ਨੂੰ ਲਾਜ਼ਮੀ ਤੌਰ ਉੱਤੇ ਪੁਰਾਣੇ ਵਿਸ਼ਵਾਸ ਦੀ ਹਰ ਗੱਲ ਦੀ ਆਲੋਚਨਾ ਕਰਨੀ ਪਏਗੀ, ਇਹਦੇ ਵਿੱਚ ਅਵਿਸ਼ਵਾਸ ਪ੍ਰਗਟ ਕਰਨਾ ਪਏਗਾ, ਤੇ ਇਹਦੇ ਹਰ ਪਹਿਲੂ ਨੂੰ ਵੰਗਾਰਨਾ ਪਏਗਾ, ਪ੍ਰਚਲਤ ਵਿਸ਼ਵਾਸ ਦੀ ਇਕੱਲੀ ਇਕੱਲੀ ਗੱਲ ਦੀ ਬਾਦਲੀਲ ਪੁਣਛਾਨ ਕਰਨੀ ਹੋਵੇਗੀ।”

ਸੋ ਮੇਰਾ ਵਿਚਾਰ ਹੈ ਕਿ ਮੌਜੂਦਾ ਸਮੇਂ ਸੰਸਾਰ ਪੱਧਰ ’ਤੇ ਚੱਲ ਰਹੀਆਂ ਇਸ ਕਿਸਮ ਦੀਆਂ ਲਹਿਰਾਂ ਤੇ ਵਿਚਾਰ ਵਟਾਂਦਰੇ ਬਾਰੇ ਸਾਨੂੰ ਜਾਣੂ ਹੋਣਾ ਚਾਹੀਦਾ ਹੈ ਤਾਂ ਕਿ ਅਸੀਂ ਭਗਤ ਸਿੰਘ ਵਾਂਗ ਹੀ ਇੱਕ ਵੱਖਰੇ ਹੌਸਲੇ ਤੇ ਵਿਸ਼ਵਾਸ ਨਾਲ ਲੋਕਾਂ ਨੂੰ ਰੱਬ ਤੇ ਧਰਮ ਦੇ ਨ੍ਹੇਰੇ ਵਿੱਚੋਂ ਕੱਢਣ ਦੀ ਕੋਸ਼ਿਸ਼ ਕਰ ਸਕੀਏ।

ਹਰ ਇਨਸਾਨ ਨੂੰ ਜਾਤੀ ਪੱਧਰ ’ਤੇ ਆਪਣੀ ਮਰਜ਼ੀ ਦੇ ਰੱਬ ਜਾਂ ਧਾਰਮਿਕ ਵਿਚਾਰਾਂ ਨੂੰ ਮੰਨਣ ਦੀ ਪੂਰਨ ਤੌਰ ’ਤੇ ਆਜ਼ਾਦੀ ਹੋਣੀ ਚਾਹੀਦੀ ਹੈ। ਕਿਸੇ ਵੀ ਦੂਜੇ ਬੰਦੇ ਜਾਂ ਕਿਸੇ ਸਿਆਸੀ, ਸਰਕਾਰੀ ਜਾਂ ਗੈਰ ਸਰਕਾਰੀ ਤਾਕਤ ਨੂੰ ਲੋਕਾਂ ਦੇ ਇਸ ਜਾਤੀ ਵਿਚਾਰ ਵਿੱਚ ਦਖਲ ਅੰਦਾਜ਼ੀ ਕਰਨ ਦਾ ਹੱਕ ਨਹੀਂ ਹੋਣਾ ਚਾਹੀਦਾ। ਪਰ ਨਾਲ ਹੀ ਜਥੇਬੰਧਕ ਧਰਮਾਂ ਤੋਂ ਇਹ ਹੱਕ ਖੋਹਣਾ ਚਾਹੀਦਾ ਹੈ ਕਿ ਉਹ ਲੋਕਾਂ ਉੱਪਰ ਆਪਣੇ ਵਿਚਾਰ ਠੋਸਣ।

ਅਸੀਂ ਕਨੇਡਾ ਵਿੱਚ ਰਹਿ ਰਹੇ ਹਾਂ। ਇਹ ਆਮ ਲੋਕਾਂ ਦੇ ਰਹਿਣ ਲਈ ਇੱਕ ਚੰਗਾ ਮੁਲਕ ਮੰਨਿਆ ਜਾ ਰਿਹਾ ਹੈ ਤੇ ਹੈ ਵੀ। ਮੇਰੇ ਵਿਚਾਰ ਵਿੱਚ ਇਸਦਾ ਮੁੱਖ ਕਾਰਨ ਇੱਥੇ ਧਰਮ ਤੇ ਸਟੇਟ ਵਿੱਚ ਦੂਰੀ ਹੈ। ਸਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਇਹ ਕੋਈ ਆਪਣੇ ਆਪ ਵਾਪਰੀ ਗੱਲ ਨਹੀਂ ਹੈ, ਇਸ ਲਈ ਬਹੁਤ ਸਾਰੇ ਲੋਕਾਂ ਨੇ ਜੱਦੋਜਿਹਦ ਕੀਤੀ ਹੈ। ਕੋਈ ਵੀ ਧਰਮ ਤਾਕਤ ਤੋਂ ਪਾਸੇ ਨਹੀਂ ਹੋਣਾ ਚਾਹੁੰਦਾ ਸਗੋਂ ਹਰ ਧਰਮ ਦੀ ਇਹ ਹਮੇਸ਼ਾ ਕੋਸ਼ਿਸ਼ ਰਹੀ ਹੈ ਕਿ ਉਹ ਤਾਕਤ ਦਾ ਹਿੱਸਾ ਹੀ ਨਾ ਹੋਵੇ ਸਗੋਂ ਤਾਕਤ ਹੋਵੇ ਹੀ ਉਹਦੇ ਹੱਥ ਵਿੱਚ। ਤੇ ਅਸੀਂ ਦੇਖ ਸਕਦੇ ਹਾਂ ਕਿ ਜਿਨ੍ਹਾਂ ਮੁਲਕਾਂ ਵਿੱਚ ਤਾਕਤ ਧਾਰਮਿਕ ਸ਼ਕਤੀਆਂ ਦੇ ਹੱਥ ਵਿੱਚ ਹੈ ਉੱਥੇ ਜੀਵਨ ਕਿਹੋ ਜਿਹਾ ਹੈ।

ਸਾਨੂੰ ਸਾਵਧਾਨ ਰਹਿਣ ਦੀ ਲੋੜ ਹੈ ਕਿ ਕਿਤੇ ਸਾਡਾ ਇਹ ਮੁਲਕ ਕਨੇਡਾ ਵੀ ਮੁੜ ਕੇ ਉਸ ਪਾਸੇ ਵਲ ਨੂੰ ਨਾ ਸਰਕ ਜਾਵੇ। ਕਈ ਕੁਝ ਬੜਾ ਖਤਰਨਾਕ ਵਾਪਰ ਰਿਹਾ ਹੈ ਜਿਸ ਵਿੱਚ ਸਾਡਾ ਆਪਣਾ ਭਾਈਚਾਰਾ ਵੀ ਸ਼ਾਮਲ ਹੈ। ਕਨੇਡਾ ਵਿਚਲੇ ਸਾਡੇ ਭਾਈਚਾਰੇ ਦੀ ਕੋਈ ਵੀ ਗੈਰ-ਧਾਰਮਿਕ ਸੰਸਥਾ ਇੰਨੀ ਤਾਕਤ ਵਾਲੀ ਨਹੀਂ ਕਿ ਉਹ ਲੋਕਾਂ ਦੇ ਸਿਆਸੀ ਵਿਚਾਰਾਂ ਨੂੰ ਪ੍ਰਭਾਵਿਤ ਕਰ ਸਕੇ ਜਾਂ ਸੇਧ ਦੇ ਸਕੇ। ਨਤੀਜੇ ਵਜੋਂ ਭਾਈਚਾਰੇ ਦੀ ਸਿਆਸੀ ਤਾਕਤ ਧਾਰਮਿਕ ਸੰਸਥਾਵਾਂ ਦੇ ਹੱਥ ਵਿੱਚ ਹੈ। ਇਸ ਗੱਲ ਨੂੰ ਇੱਥੋਂ ਦੇ ਹਰ ਪਾਰਟੀ ਦੇ ਸਿਆਸੀ ਲੋਕ ਵੀ ਸਮਝਦੇ ਤੇ ਜਾਣਦੇ ਹਨ। ਸਾਡੇ ਸਾਰੇ ਧਾਰਮਿਕ ਅਦਾਰੇ ਸਿਆਸੀ ਲੋਕਾਂ ਨੂੰ ਸੱਦਦੇ ਹਨ, ਸਨਮਾਨਿਤ ਕਰਦੇ ਹਨ ਅਤੇ ਲੋਕਾਂ ਨੂੰ ਵੋਟ ਪਾਉਣ ਲਈ ਸਿੱਧੇ ਜਾਂ ਅਸਿੱਧੇ ਤੌਰ ’ਤੇ ਉਤਸ਼ਾਹਿਤ ਕਰਦੇ ਹਨ। ਇਹ ਇੱਕ ਸੈਕੂਲਰ ਤੇ ਡੈਮੋਕਰੈਟਿਕ ਮੁਲਕ ਲਈ ਕਿਸੇ ਤਰ੍ਹਾਂ ਵੀ ਵਧੀਆ ਰੁਝਾਨ ਨਹੀਂ ਹੈ। ਜਿਹੜੀ ਵੀ ਸਿਆਸੀ ਪਾਰਟੀ ਸੂਬੇ ਦੀ ਪੱਧਰ ’ਤੇ ਜਾਂ ਕੇਂਦਰ ਵਿੱਚ ਸਰਕਾਰ ਬਣਾਉਂਦੀ ਹੈ ਉਹ ਧਾਰਮਿਕ ਸੰਸਥਾਵਾਂ ਵੱਲੋਂ ਮਿਲੇ ਸਹਿਯੋਗ ਬਦਲੇ ਧਾਰਮਿਕ ਅਦਾਰਿਆਂ ਨੂੰ ਗਰਾਂਟਾਂ ਦਿੰਦੇ ਹਨ ਤੇ ਹੋਰ ਵੀ ਲੋੜੀਂਦੀ ਸਹਾਇਤਾ ਦਿੰਦੇ ਹਨ। ਕੋਈ ਵੀ ਸਰਕਾਰ ਸਾਡੇ ਭਾਈਚਾਰੇ ਦੇ ਹੋਰ ਪੱਖਾਂ ਵੱਲ ਉੰਨਾ ਧਿਆਨ ਨਹੀਂ ਦਿੰਦੀ। ਤੀਜੇ ਚੌਥੇ ਥਾਂ ਹੋਣ ਦੇ ਬਾਵਜੂਦ ਸਾਡੀ ਬੋਲੀ ਨੂੰ ਸਰਕਾਰ ਵੱਲੋਂ ਕਿਸੇ ਕਿਸਮ ਦੀ ਕੋਈ ਇਮਦਾਦ ਨਹੀਂ ਮਿਲ ਰਹੀ। ਸਰਕਾਰੀ ਤੌਰ ’ਤੇ ਸਾਡੀ ਬੋਲੀ ਅਜੇ ਵੀ ਕਨੇਡਾ ਵਿੱਚ ਬਦੇਸ਼ੀ ਬੋਲੀ ਹੈ। ਸਾਡੇ ਸਾਹਿਤ ਨੂੰ ਨਾ ਤਾਂ ਕਨੇਡੀਅਨ ਸਾਹਿਤ ਮੰਨਿਆ ਜਾ ਰਿਹਾ ਹੈ ਤੇ ਨਾ ਹੀ ਇਸਦੇ ਵਾਧੇ ਲਈ ਕਿਸੇ ਵੀ ਪੱਧਰ ’ਤੇ ਕਿਸੇ ਕਿਸਮ ਦੀ ਕੋਈ ਇਮਦਾਦ ਮਿਲ ਰਹੀ ਹੈ। ਪਰ ਸਾਡਾ ਭਾਈਚਾਰਾ ਧਾਰਮਿਕ ਅਦਾਰਿਆਂ ਦੇ ਵਾਧੇ ਨੂੰ ਲੈ ਕੇ ਹੀ ਹਰ ਵੇਲੇ ਕੱਛਾਂ ਬਜਾਉਂਦਾ ਰਹਿੰਦਾ ਹੈ। ਇਹ ਸਾਡੇ ਲਈ ਫਿਕਰ ਵਾਲੀ ਗੱਲ ਹੋਣੀ ਚਾਹੀਦੀ ਹੈ। ਕਨੇਡਾ ਵਿੱਚ ਰਹਿੰਦਿਆਂ ਭਗਤ ਸਿੰਘ ਨੂੰ ਯਾਦ ਕਰਨ ਦਾ ਤਾਂ ਹੀ ਕੋਈ ਫਾਇਦਾ ਹੈ ਜੇ ਅਸੀਂ ਉਸ ਦੇ ਵਿਚਾਰਾਂ ਤੋਂ ਸੇਧ ਲੈ ਕੇ ਇਸ ਸਮਾਜ ਨੂੰ ਸਹੀ ਪਾਸੇ ਵਲ ਲੈ ਜਾਣ ਦੀ ਕੋਸ਼ਿਸ਼ ਕਰੀਏ। ਭਗਤ ਸਿੰਘ ਨੇ ਸਿਰਫ ਸ਼ੌਕ ਵਜੋਂ ਨਾਸਤਿਕ ਹੋਣ ਦਾ ਐਲਾਨ ਨਹੀਂ ਸੀ ਕੀਤਾ। ਉਹ ਧਰਮ ਦੇ ਨਾਂਹ-ਪੱਖੀ ਰੋਲ਼ ਬਾਰੇ ਬਹੁਤ ਚੇਤਨ ਸੀ ਤੇ ਚਾਹੁੰਦਾ ਸੀ ਕਿ ਇੰਨੀ ਵੱਡੀ ਪੱਧਰ ’ਤੇ ਗੁਆਈ ਜਾ ਰਹੀ ਸ਼ਕਤੀ ਤੇ ਸਮਾਂ ਬਰਬਾਦ ਕਰਨ ਤੋਂ ਸਮਾਜ ਨੂੰ ਰੋਕਿਆ ਜਾਵੇ।

ਕਨੇਡਾ ਦੇ ਸਮਾਜ ਨੂੰ ਧਰਮ ਤੋਂ ਕੀ ਖਤਰਾ ਹੋ ਸਕਦਾ ਹੈ?

ਇਸ ਖਤਰੇ ਦੀ ਇੱਕ ਉਦਾਹਰਣ ਵਜੋਂ ਅਸੀਂ ਧਾਰਮਿਕ ਅਧਾਰ ਵਾਲੇ ਪ੍ਰਾਈਵੇਟ ਸਕੂਲਾਂ ਦੀ ਗੱਲ ਕਰ ਸਕਦੇ ਹਾਂ। ਜਿਸ ਤਰੀਕੇ ਨਾਲ ਕਨੇਡਾ ਵਿੱਚ ਪ੍ਰਾਈਵੇਟ ਸਕੂਲ, ਤੇ ਖਾਸ ਕਰ ਧਾਰਮਿਕ ਸਕੂਲ ਇਸ ਵੇਲੇ ਵਧ ਫੁੱਲ ਰਹੇ ਹਨ ਉਸ ਬਾਰੇ ਵਿਚਾਰ ਕਰਨ ਦੀ ਲੋੜ ਹੈ। ਕਨੇਡਾ ਦੇ ਬਹੁਤ ਸਾਰੇ ਸੂਬਿਆਂ ਵਿੱਚ ਸੂਝਵਾਨ ਅਧਿਆਪਕਾਂ ਨੇ ਲੰਮੀ ਜੱਦੋਜਹਿਦ ਦੇ ਸਿੱਟੇ ਵਜੋਂ ਸਕੂਲਾਂ ਵਿੱਚ ਧਾਰਮਿਕ ਅਰਦਾਸਾਂ ਤੇ ਧਾਰਮਿਕ ਪਰਚਾਰ ’ਤੇ ਰੋਕ ਲਗਵਾ ਰੱਖੀ ਹੈ। ਪਰ ਹੁਣ ਪ੍ਰਾਈਵੇਟ ਸਕੂਲਾਂ ਵਿੱਚ ਧਾਰਮਿਕ ਪਰਚਾਰ ਸਿੱਖਿਆ ਦਾ ਹਿੱਸਾ ਬਣ ਰਹੇ ਹਨ। ਇਹ ਖਤਰਨਾਕ ਰੁਝਾਨ ਹੈ। ਆਉਣ ਵਾਲੇ ਸਮੇਂ ਵਿੱਚ ਇਹਦੇ ਮਾੜੇ ਸਿੱਟੇ ਨਿਕਲ ਸਕਦੇ ਹਨ।

ਪ੍ਰਾਈਵੇਟ ਸਕੂਲ ਲੋਕਾਂ ਦੇ ਟੈਕਸ ਦੇ ਪੈਸੇ ਨਾਲ ਚੱਲ ਰਹੇ ਹਨ। ਸਰਕਾਰਾਂ ਪਬਲਿਕ ਵਿੱਦਿਆ ਉੱਪਰ ਖਰਚ ਆਉਂਦਾ ਪੈਸਾ ਘਟਾ ਰਹੀਆਂ ਹਨ। ਜੇ ਇਹ ਰੁਝਾਨ ਇਸੇ ਤਰ੍ਹਾਂ ਰਿਹਾ ਤਾਂ ਇਸ ਗੱਲ ਦੀ ਸੰਭਾਵਨਾ ਹੈ ਕਿ ਪਬਲਿਕ ਸਕੂਲਾਂ (ਸਰਕਾਰੀ ਸਕੂਲਾਂ) ਦੀ ਸਥਿਤੀ ਵਿਗੜਦੀ ਜਾਏਗੀ ਤੇ ਫੇਰ ਹਰ ਕਿਸੇ ਨੂੰ ਮਜਬੂਰਨ ਆਪਣੇ ਬੱਚਿਆਂ ਨੂੰ ਪ੍ਰਾਈਵੇਟ ਸਕੂਲਾਂ ਵਿੱਚ ਦਾਖਲ ਕਰਵਾਉਣਾ ਪਏਗਾ। ਅਸੀਂ ਪੰਜਾਬ ਵਿੱਚ ਕਾਫੀ ਦੇਰ ਤੋਂ ਇਹ ਵਾਪਰ ਰਿਹਾ ਦੇਖ ਰਹੇ ਹਾਂ। ਕਨੇਡਾ ਦੇ ਵਿੱਦਿਅਕ ਢਾਂਚੇ ਦੇ ਭਵਿੱਖ ਬਾਰੇ ਸਾਨੂੰ ਫਿਕਰ ਕਰਨਾ ਚਾਹੀਦਾ ਹੈ। ਅਧਿਆਪਕ, ਜਿਵੇਂ ਬੀ ਸੀ ਟੀਚਰਜ਼ ਫੈਡਰੇਸ਼ਨ, ਅਜੇ ਵੀ ਕੋਸ਼ਿਸ਼ ਕਰਦੇ ਹਨ ਕਿ ਪਬਲਿਕ ਸਕੂਲਾਂ ਦੀ ਹਾਲਤ ਇੰਨੀ ਨਾ ਵਿਗੜੇ। ਜਿੰਨਾ ਉਹ ਆਪਣੀਆਂ ਤਨਖਾਹਾਂ ਲਈ ਜੱਦੋਜਹਿਦ ਕਰਦੇ ਹਨ ਉੰਨਾ ਹੀ ਬੀ ਸੀ ਵਿੱਚ ਵਿੱਦਿਆ ਦੀ ਪੱਧਰ ਨੂੰ ਕਾਇਮ ਰੱਖਣ ਲਈ ਵੀ ਆਵਾਜ਼ ਉਠਾਉਂਦੇ ਹਨ। ਸੰਭਵ ਹੈ ਕਿ ਇਹੀ ਕੁਝ ਓਨਟੈਰੀਓ ਜਾਂ ਹੋਰ ਸੂਬਿਆਂ ਵਿੱਚ ਵੀ ਹੋ ਰਿਹਾ ਹੋਵੇ। ਸਾਨੂੰ ਉਨ੍ਹਾਂ ਦੀਆਂ ਇਨ੍ਹਾਂ ਕੋਸ਼ਿਸ਼ਾਂ ਦਾ ਪਤਾ ਹੋਣਾ ਚਾਹੀਦਾ ਹੈ ਤੇ ਉਨ੍ਹਾਂ ਦੀਆਂ ਕੋਸ਼ਿਸ਼ਾਂ ਵਿੱਚ ਸਾਥ ਦੇਣਾ ਚਾਹੀਦਾ ਹੈ।

ਅਜੋਕੇ ਸਮੇਂ ਦੀ ਇੱਕ ਵੱਡੀ ਲੋੜ ਧਰਮ ਤੇ ਸਿਆਸਤ ਵਿੱਚ ਵੱਧ ਤੋਂ ਵੱਧ ਦੂਰੀ ਪੈਦਾ ਕਰਨ ਦੀ ਹੈ। ਕਨੇਡਾ ਵਿੱਚ ਜਿਸ ਤਰੀਕੇ ਨਾਲ ਧਰਮ ਤੇ ਸਿਆਸਤ ਅਤੇ ਵਿੱਦਿਆ ਵਰਗੇ ਅਦਾਰਿਆਂ ਵਿੱਚ ਇਹ ਦੂਰੀ ਘਟਾਈ ਜਾ ਰਹੀ ਹੈ, ਇਹ ਗੱਲ ਸਾਡੇ ਲਈ ਚਿੰਤਾ ਵਾਲੀ ਹੋਣੀ ਚਾਹੀਦੀ ਹੈ। ਜਥੇਬੰਦ ਧਰਮਾਂ ਨੂੰ ਟੈਕਸ ਦੀਆਂ ਛੋਟਾਂ ਤੇ ਗਰਾਟਾਂ ਰਾਹੀਂ ਮਿਲਦੀ ਸਰਕਾਰੀ ਇਮਦਾਦ ਬੰਦ ਹੋਣੀ ਚਾਹੀਦੀ ਹੈ। ਬੱਚਿਆਂ ਨੂੰ ਦਿੱਤੀ ਜਾ ਰਹੀ ਧਾਰਮਿਕ ਸਿੱਖਿਆ ਨੂੰ ਸਰਕਾਰੀ ਤੇ ਕਾਨੂੰਨੀ ਮਾਨਤਾ ਜਾਂ ਇਮਦਾਦ ਨਹੀਂ ਹੋਣੀ ਚਾਹੀਦੀ। ਇਹ ਰੁਝਾਨ ਆਉਣ ਵਾਲੇ ਸਮੇਂ ਦੌਰਾਨ ਕਨੇਡੀਅਨ ਸਮਾਜ ਨੂੰ ਵੀ ਉਸੇ ਕਿਸਮ ਦੇ ਮਾਹੌਲ ਵਿੱਚ ਬਦਲ ਸਕਦਾ ਹੈ ਜਿਸ ਕਿਸਮ ਦਾ ਮਾਹੌਲ ਅਸੀਂ ਦੁਨੀਆਂ ਦੇ ਉਨ੍ਹਾਂ ਮੁਲਕਾਂ ਵਿੱਚ ਦੇਖ ਰਹੇ ਹਾਂ ਜਿੱਥੇ ਧਰਮ ਤੇ ਸਿਆਸਤ ਵਿਚਕਾਰ ਕੋਈ ਦੂਰੀ ਨਹੀਂ ਹੈ।

ਮੈਂ ਸਮਝਦਾ ਹਾਂ ਕਿ ਸ਼ਹੀਦ ਭਗਤ ਸਿੰਘ ਨੂੰ ਸੱਚੀ ਸ਼ਰਧਾਂਜਲੀ ਇਹ ਹੀ ਹੋਵੇਗੀ ਜੇ ਅਸੀਂ ਉਸ ਦੇ ਵਿਚਾਰਾਂ ਨਾਲ ਹੁੰਦੀ ਬੇਇਨਸਾਫੀ ਨੂੰ ਰੋਕੀਏ ਅਤੇ ਉਹਦੇ ਵਿਚਾਰਾਂ ਤੋਂ  ਸੇਧ ਲੈ ਕੇ ਵਿਗਿਆਨਕ ਪਹੁੰਚ ਨਾਲ ਸਮਾਜ ਵਿੱਚ ਤਰਕਸ਼ੀਲਤਾ ਨੂੰ ਵਧਾਈਏ।

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।

(3708)

(ਸਰੋਕਾਰ ਨਾਲ ਸੰਪਰਕ ਲਈThis email address is being protected from spambots. You need JavaScript enabled to view it.)

About the Author

ਸਾਧੂ ਬਿਨਿੰਗ

ਸਾਧੂ ਬਿਨਿੰਗ

Sadhu Binning D. Litt. (Burnaby, B.C, Canada.)
Phone: (778 - 773 1886)
(sadhu.binning@gmail.com)