SadhuBinning2ਸਵੀਡਨ ਵਿੱਚ ਉਸ ਦੇ ਜੀਵਨ ’ਤੇ ਅਧਾਰਤ ਬਣੀ ਫਿਲਮ ਨੇ ਅੰਤਰ ਰਾਸ਼ਟਰੀ ਪੱਧਰ ਤੇ ...
(17 ਅਪ੍ਰੈਲ 2019)

 

 JoeHill1ਜੋਅ ਹਿੱਲ ਅਮਰੀਕਾ ਦੀ ਮਜ਼ਦੂਰ ਲਹਿਰ ਦਾ ਸਭ ਤੋਂ ਵੱਧ ਜਾਣਿਆਂ ਤੇ ਸਤਿਕਾਰਿਆ ਗੀਤਕਾਰ ਹੈ। ਉਹ ਇੰਡਸਟਰੀਅਲ ਵਰਕਰਜ਼ ਆਫ ਦਾ ਵਰਲਡ (ਇਹ ਯੂਨੀਅਨ ਆਈ ਡਬਲਿਊ ਡਬਲਿਊ, ਵੌਬਲੀਜ਼ ਤੇ ਵਨ ਬਿੱਗ ਯੂਨੀਅਨ ਦੇ ਨਾਵਾਂ ਨਾਲ ਵੀ ਜਾਣੀ ਜਾਂਦੀ ਹੈ) ਲਈ ਗੀਤ ਲਿਖਦਾ ਸੀ ਤੇ ਮਜ਼ਦੂਰਾਂ ਨੂੰ ਜਥੇਬੰਦ ਕਰਦਾ ਸੀ। ਇਸ ਯੂਨੀਅਨ ਦੀਆਂ ਸਰਗਰਮੀਆਂ ਅਤੇ ਜੋਅ ਹਿੱਲ ਦੇ ਗੀਤਾਂ ਦੀ ਤਾਕਤ ਨੇ ਵੀਹਵੀਂ ਸਦੀ ਦੇ ਸ਼ੁਰੂ ਵਿੱਚ ਅਮਰੀਕਾ ਦੀ ਅਮੀਰ ਜਮਾਤ ਨੂੰ ਪੈਰੋਂ ਹਿਲਾ ਦਿੱਤਾ। ਆਪਣੇ ਹੱਕਾਂ ਲਈ ਲੜਦੀ ਮਜ਼ਦੂਰ ਜਮਾਤ ਨੂੰ ਰੋਕਣ ਲਈ ਹਰ ਕਿਸਮ ਦਾ ਵਸੀਲਾ ਵਰਤ ਕੇ ਇਸ ਯੂਨੀਅਨ ਨੂੰ ਖਤਮ ਕੀਤਾ ਗਿਆ ਤੇ ਜੋਅ ਹਿੱਲ ਨੂੰ ਇੱਕ ਝੂਠੇ ਕਤਲ ਦੇ ਕੇਸ ਵਿੱਚ ਫਸਾ ਕੇ 19 ਨਵੰਬਰ 1915 ਵਾਲੇ ਦਿਨ ਨਾਲ ਸ਼ਹੀਦ ਕਰ ਦਿੱਤਾ।

ਜੋਅ ਹਿੱਲ ਦਾ ਪੂਰਾ ਨਾਂ ਜੋਇਲ ਇਮੇਨੁਅਲ ਹੇਗਲੁੰਡ ਸੀ। ਉਹ ਅਕਤੂਬਰ 7, 1879 ਨੂੰ ਸਵੀਡਨ ਵਿੱਚ ਜਨਮਿਆ ਸੀ। ਉਸ ਦੇ ਪਿਉ ਦੀ ਮੌਤ ਤੋਂ ਕੁਝ ਵਰ੍ਹੇ ਬਾਅਦ ਉਹਦੀ ਮਾਂ ਵੀ ਚੱਲ ਵਸੀ ਤੇ ਉਹ ਆਪਣੇ ਭਰਾ ਨਾਲ 1902 ਵਿੱਚ ਅਮਰੀਕਾ ਆ ਗਿਆ। ਅਮਰੀਕਾ ਆਉਣ ਵਾਲੇ ਹੋਰ ਆਵਾਸੀਆਂ ਵਾਂਗ ਸਮੁੰਦਰੀ ਜਹਾਜ਼ ਵਿੱਚੋਂ ਨਿਊ ਯਾਰਕ ਉੱਤਰੇ ਜੋਅ ਹਿੱਲ ਨੂੰ ਵੀ ਸਟੈਚੂ ਆਫ ਲਿਬਰਟੀ ਨੇ ਹੈਰਾਨ ਕਰ ਦਿੱਤਾ। ਉੱਥੇ ਪਹਿਲਾਂ ਵਸਦੇ ਇੱਕ ਜਾਣਕਾਰ ਨੇ ਉਹਨੂੰ ਸਮਝਾਇਆ ਕਿ ਬੁੱਤ ਬੇਹੱਦ ਵੱਡਾ ਜ਼ਰੂਰ ਹੈ ਪਰ ਇਹ ਅੰਦਰੋਂ ਖੋਖਲਾ ਹੈ।

ਗਰੀਬ ਹੋਣ ਕਾਰਨ ਤੇ ਅੰਗ੍ਰੇਜ਼ੀ ਦੀ ਜਾਣਕਾਰੀ ਬਿਨਾਂ ਜੋਅ ਨੂੰ ਹਰ ਪਾਸੇ ਵਧੀਕੀਆਂ ਸਹਿਣੀਆਂ ਪਈਆਂ। ਹਰ ਕੋਈ ਉਸ ਦੇ ਨਾਂ ਦਾ ਮੁਖੌਲ ਉਡਾਉਂਦਾ। ਨਤੀਜੇ ਵਜੋਂ ਉਹ ਪਹਿਲਾਂ ਜੋਅ ਹਿਲਸਟਰੌਮ ਬਣਿਆ ਤੇ ਫਿਰ ਜੋਅ ਹਿੱਲ ਦੇ ਨਾਂ ਨਾਲ ਜਾਣਿਆ ਜਾਣ ਲੱਗਾ। ਜੋਅ ਨੂੰ ਬਚਪਨ ਤੋਂ ਹੀ ਗਾਉਣ ਦਾ, ਕਵਿਤਾ ਤੇ ਗੀਤ ਲਿਖਣ ਦਾ ਤੇ ਵੱਖਰੇ ਵੱਖਰੇ ਸਾਜ਼ ਬਜਾਉਣ ਦਾ ਸ਼ੌਕ ਸੀ। ਆਪਣੇ ਇਸ ਸ਼ੌਕ ਨੂੰ ਪਾਲਦਾ ਉਹ ਫਾਰਮਾਂ, ਇਮਾਰਤ ਉਸਾਰੀ, ਪੁਲ ਉਸਾਰੀ, ਖਾਣਾਂ, ਰੇਲ, ਤੇ ਜਿੱਥੇ ਵੀ ਕੋਈ ਕੰਮ ਮਿਲਦਾ ਕਰਦਾ ਅਗਲੇ ਕੁਝ ਸਾਲਾਂ ਦੌਰਾਨ ਅਮਰੀਕਾ ਤੇ ਪੱਛਮੀ ਤੱਟ ਵਲ ਆ ਗਿਆ। ਕੈਲੇਫੋਰਨੀਆ ਦੇ ਸੈਨ ਪੈਡਰੋ ਇਲਾਕੇ ਵਿੱਚ ਕੰਮ ਕਰਦਿਆਂ 1910-11 ਦੌਰਾਨ ਉਹ ਆਈ ਡਬਲਿਊ ਡਬਲਿਊ ਦਾ ਮੈਂਬਰ ਬਣ ਗਿਆ। ਇਹ ਯੂਨੀਅਨ ਜੂਨ 1905 ਨੂੰ ਚਿਕਾਗੋ ਵਿੱਚ ਸਮਾਜਵਾਦੀ, ਵਿਦ੍ਰੋਹੀ, ਟਰੇਡ ਯੂਨੀਅਨਿਸਟ, ਅਤੇ ਇਨਕਲਾਬੀਆਂ ਨੇ ਰਲ਼ ਕੇ ਸ਼ੁਰੂ ਕੀਤੀ ਸੀ। ਇਸ ਯੂਨੀਅਨ ਦਾ ਵਿਚਾਰ ਉਸ ਵੇਲੇ ਦੀਆਂ ਸਥਾਪਤ ਯੂਨੀਅਨਾਂ ਨਾਲੋਂ ਵੱਖਰਾ ਸੀ। ਕੋਸ਼ਿਸ਼ ਇਹ ਸੀ ਕਿ ਸਮੁੱਚੇ ਮਜ਼ਦੂਰ ਵਰਗ ਨੂੰ, ਬਿਨਾਂ ਕਿਸੇ ਭੇਦ ਭਾਵ ਦੇ ਇੱਕ ਝੰਡੇ ਥੱਲੇ 'ਵਨ ਬਿੱਗ ਯੂਨੀਅਨ' ਵਿੱਚ ਜਥੇਬੰਦ ਕੀਤਾ ਜਾਵੇ। ਜੋਅ ਹਿੱਲ ਨੂੰ ਇਹ ਵਿਚਾਰ ਬਹੁਤ ਪਸੰਦ ਆਇਆ।

ਹਰ ਕਿਸਮ ਦੇ ਕੰਮਾਂ ਤੋਂ ਹਾਸਲ ਕੀਤੇ ਆਪਣੇ ਤਜਰਬੇ ਤੇ ਅਧਾਰਤ ਉਹ ਕਵਿਤਾ ਤੇ ਗੀਤ ਲਿਖਦਾ। ਸ਼ੁਰੂ ਸ਼ੁਰੂ ਵਿੱਚ ਯੂਨੀਅਨ ਦੀਆਂ ਮੀਟਿੰਗਾਂ ਦੌਰਾਨ ਉਹ ਕਦੇ ਗਿਟਾਰ ਤੇ ਕਦੇ ਪਿਆਨੋ ਬਜਾਉਂਦਾ ਤੇ ਕਈ ਵਾਰ ਆਪਣੇ ਲਿਖੇ ਗੀਤ ਗਾਉਂਦਾ। ਉਹਦੇ ਗੀਤ ਵਿਅੰਗ ਭਰੇ, ਸਰਲ ਭਾਸ਼ਾ ਵਿੱਚ ਤੇ ਮਜ਼ਦੂਰਾਂ ਦੀ ਸਮੱਸਿਆਵਾਂ ਨਾਲ ਸਬੰਧਤ ਹੁੰਦੇ। ਉਹ ਬਹੁਤ ਛੇਤੀ ਆਪਣੀ ਇਸ ਕਲਾ ਕਾਰਨ ਮਜ਼ਦੂਰਾਂ ਵਿੱਚ ਜਾਣਿਆ ਜਾਣ ਲੱਗਾ। ਉਹਨੇ 'ਕੇਸੀ ਜੋਨਜ਼', 'ਦਾ ਪਰੀਚਰ ਐਂਡ ਦਾ ਸਲੇਵ’‘ਦਾ ਰਬਿੱਲ ਗਰਲ' ‘ਵੇਅਰ ਦਾ ਫਰੇਜ਼ਰ ਰਿਵਰ ਫਲੋਅ’ ਵਰਗੇ ਅਨੇਕਾਂ ਮਸ਼ਹੂਰ ਗੀਤਾਂ ਦੀ ਰਚਨਾ ਕੀਤੀ। ਫਿਲਿਪ ਫੋਨਰ ਅਨੁਸਾਰ, “ਆਈ ਡਬਲਿਊ ਡਬਲਿਊ ਦਾ ਸਭ ਤੋਂ ਵੱਧ ਕਾਮਯਾਬ, ਮਸ਼ਹੂਰ ਤੇ ਵੱਧ ਗੀਤ ਲਿਖਣ ਵਾਲਾ ਜੋਸਿਫ ਹਿਲਸਟਰਮ ਸੀ ਜਿਸ ਨੂੰ ਦੁਨੀਆਂ ਦੇ ਹਰ ਹਿੱਸੇ ਵਿੱਚ ਲੱਖਾਂ ਲੋਕ ਜੋਅ ਹਿੱਲ ਵਜੋਂ ਜਾਣਦੇ ਹਨ।”

ਅਮਰੀਕਾ ਕਨੇਡਾ ਦੇ ਮਜ਼ਦੂਰ ਘੋਲਾਂ ਵਿੱਚ ਗੀਤਾਂ ਦੀ ਬਹੁਤ ਮਹੱਤਤਾ ਰਹੀ ਹੈ ਅਤੇ ਵਿਸ਼ੇਸ਼ ਕਰਕੇ ਆਈ ਡਬਲਿਊ ਡਬਲਿਊ (1905 ਤੋਂ ਲੈ ਕੇ 1924-25 ਤੱਕ) ਵਾਸਤੇ ਤਾਂ ਰਲ਼ ਕੇ ਗੀਤ ਗਾਉਣ ਦੀ ਰਵਾਇਤ ਬਹੁਤ ਹੀ ਤਕੜੀ ਸੀ। ਮਜ਼ਦੂਰ ਜਮਾਤ ਦੀਆਂ ਮੌਜੂਦਾ ਜੱਦੋਜਹਿਦਾਂ ਵਿੱਚ ਵੀ ਇਸ ਲਹਿਰ ਦਾ ਅਸਰ ਦੇਖਿਆ ਜਾ ਸਕਦਾ ਹੈ। ਹੋਰ ਪ੍ਰਾਪਤੀਆਂ ਦੇ ਨਾਲ ਨਾਲ ਇਸ ਲਹਿਰ ਦਾ ਮਜ਼ਦੂਰਾਂ ਦੇ ਸਮੂਹ-ਗਾਨ ਰਚਣ ਵਿੱਚ ਆਪਣਾ ਇੱਕ ਖਾਸ ਸਥਾਨ ਹੈ। ਇਸ ਲਹਿਰ ਦਾ ਨਾਅਰਾ ਸੀ 'ਗਾਵੋ ਅਤੇ ਲੜੋ' ਅਤੇ ਇਸ ਨੂੰ 'ਗਾਉਂਦੀ ਮਜ਼ਦੂਰ ਲਹਿਰ' ਕਹਿ ਕੇ ਵੀ ਯਾਦ ਕੀਤਾ ਜਾਂਦਾ ਹੈ। ਇਕੱਲੀ ਇਸ ਲਹਿਰ ਨੇ ਲੋਕਾਂ ਵਿੱਚ ਹਰਮਨ ਪਿਆਰੇ ਹੋਣ ਵਾਲੇ ਦੋ ਸੌ ਤੋਂ ਉੱਪਰ ਮਜ਼ਦੂਰ ਯੂਨੀਅਨ ਦੇ ਗੀਤ ਪੈਦਾ ਕੀਤੇ। ਇਨ੍ਹਾਂ ਵਲੋਂ 1908-09 ਤੋਂ ਸ਼ੁਰੂ ਕਰਕੇ ‘ਲਾਲ ਗੀਤਾਂ ਦੀ ਕਿਤਾਬੜੀ’ ਨਾਂ ਦੀ ਪੁਸਤਕ ਸਮੇਂ ਸਮੇਂ ਛਾਪੀ ਜਾਂਦੀ ਸੀ। ਇਸ ਕਿਤਾਬ ਦੇ 1913 ਦੇ ਐਡੀਸ਼ਨ ਵਿੱਚ ਜੋਅ ਹਿੱਲ ਦੇ ਤੇਰਾਂ ਗੀਤ ਸ਼ਾਮਲ ਸਨ। ਇਸ ਕਿਤਾਬ ਦੀਆਂ 1956 ਤੱਕ 29 ਐਡੀਸ਼ਨਾਂ ਛਪ ਚੁੱਕੀਆਂ ਸਨ। ਹੁਣ ਵੀ ਇਹ ਕਿਤਾਬ ਉਸ ਲਹਿਰ ਨਾਲ ਹਮਦਰਦੀ ਰੱਖਣ ਵਾਲੇ ਲੋਕਾਂ ਵਲੋਂ ਕਦੀ ਕਦੀ ਛਾਪੀ ਜਾਂਦੀ ਹੈ ਅਤੇ ਹੱਥੋ ਹੱਥ ਵਿਕ ਜਾਂਦੀ ਹੈ। ਇਸ ਲਹਿਰ ਦੇ ਇਸ ਖਾਸੇ ਬਾਰੇ ਜਾਹਨ ਟਕਮੈਨ ਦਾ ਕਹਿਣਾ ਹੈ: "ਹੋਰ ਗੱਲਾਂ ਦੇ ਨਾਲ ਨਾਲ ਇੱਕ ਖਾਸ ਗੱਲ ਲਈ ਮਜ਼ਦੂਰ ਜਮਾਤ ਆਈ ਡਬਲਿਊ ਡਬਲਿਊ ਦੀ ਰਿਣੀ ਹੈ ਕਿ ਇਹਨੇ ਆਜ਼ਾਦੀ ਦੀ ਲੜਾਈ ਵਿੱਚ ਸਾਂਝੇ ਗਾਏ ਜਾਣ ਵਾਲੇ ਗੀਤਾਂ ਦੀ ਅਹਿਮੀਅਤ ਦੀ ਸਿੱਖਿਆ ਦਿੱਤੀ।”

ਯੂਨੀਅਨ ਦਾ ਵਧਦਾ ਪ੍ਰਭਾਵ ਤੇ ਜੋਅ ਹਿੱਲ ਦੀਆਂ ਇਨ੍ਹਾਂ ਸਰਗਰਮੀਆਂ ਕਾਰਨ ਕੁਝ ਹੀ ਸਾਲਾਂ ਵਿੱਚ ਉਹ ਮਾਲਕਾਂ ਲਈ ਇੱਕ ਹਊਆ ਬਣ ਗਿਆ ਤੇ ਜਿਵੇਂ 'ਮਾਲਕਾਂ' ਦਾ 'ਸੁਭਾਅ' ਹੁੰਦਾ ਹੈ ਉਹ ਇਹ 'ਕੰਡਾ' ਕੱਢਣ ਲਈ ਕੁਝ ਵੀ ਕਰਨ ਨੂੰ ਤਿਆਰ ਸਨ। ਇਸ ਮਕਸਦ ਲਈ ਉਨ੍ਹਾਂ ਨੇ ਹਰ ਕਿਸਮ ਦੇ ਕਾਨੂੰਨਾਂ, ਰਸਮਾਂ ਰਵਾਇਤਾਂ ਨੂੰ ਛਿੱਕੇ ਟੰਗ ਕੇ ਜੋਅ ਹਿੱਲ ਨੂੰ ਇੱਕ ਝੂਠੇ ਕਤਲ ਦੇ ਮੁਕੱਦਮੇ ਵਿੱਚ ਫਸਾ ਕੇ ਜਨਵਰੀ 1914 ਵਿੱਚ ਗ੍ਰਿਫਤਾਰ ਕਰ ਲਿਆ। ਤਕਰੀਬਨ ਦੋ ਸਾਲ ਤੱਕ ਉਹਦਾ ਕੇਸ ਕਚਿਹਰੀ ਵਿੱਚ ਫਸਾਈ ਰੱਖਿਆ। ਉਸ ਦੇ ਕੇਸ ਨੇ ਬਹੁਤ ਵੱਡੀ ਗਿਣਤੀ ਵਿੱਚ ਲੋਕਾਂ ਦਾ ਧਿਆਨ ਖਿੱਚਿਆ। ਉੱਤਰੀ ਅਮਰੀਕਾ, ਯੂਰਪ ਤੇ ਅਸਟਰੇਲੀਆ ਤੱਕ ਲੋਕਾਂ ਵਲੋਂ ਉਹਦੇ ਹੱਕ ਵਿੱਚ ਆਵਾਜ਼ ਉਠਾਈ ਗਈ। ਸਵੀਡਨ ਦੀ ਸਰਕਾਰ ਤੇ ਅਮਰੀਕਾ ਦੇ ਉਸ ਸਮੇਂ ਦੇ ਪ੍ਰਧਾਨ ਵੁਡਰੋ ਵਿਲਸਨ ਨੇ ਵੀ ਲੋਕਾਂ ਦੀ ਮੰਗ ਤੇ ਕੇਸ ਵਿੱਚ ਦਖਲ ਅੰਦਾਜ਼ੀ ਕਰਨ ਦੀ ਕੋਸ਼ਿਸ਼ ਕੀਤੀ। ਪਰ ਜੋਅ ਹਿੱਲ ਅਮੀਰ ਮਾਲਕਾਂ ਲਈ ਬਹੁਤ ਖਤਰਨਾਕ ਬਣ ਚੁੱਕਾ ਸੀ। ਯੂਟਾਹ ਸਟੇਟ ਵਿੱਚ ਉਸ ਸਮੇਂ ਸਿਆਸਤ, ਪੈਸਾ ਤੇ ਜਥੇਬੰਦ ਧਰਮ ਦੀ ਤਿੱਕੜੀ ਰਲ਼ ਕੇ ਰਾਜ ਕਰਦੀ ਸੀ ਤੇ ਫਿਲਿਪ ਫੋਨਰ ਅਨੁਸਾਰ' “ਇਸ ਤਾਕਤਵਰ ਤਿਕੜੀ ਨੇ ਫੈਸਲਾ ਕਰ ਦਿੱਤਾ ਕਿ ਜੋਅ ਹਿੱਲ ਨੂੰ ਹਰ ਹਾਲਤ ਵਿੱਚ ਮਾਰਨਾ ਹੈ। ਜੋਅ ਹਿੱਲ ਦੀ ਸਜ਼ਾ ਵਿਰੁੱਧ ਉੱਠੀ ਅਮਰੀਕਨ ਇਤਿਹਾਸ ਵਿੱਚ ਸਭ ਤੋਂ ਵਧ ਤਾਕਤਵਰ ਰੋਸ ਲਹਿਰ ਨੂੰ ਅਣਗੌਲਿਆ ਕਰਕੇ ਇਹ ਤਿੱਕੜੀ ਆਪਣੇ ਇਸ ਫੈਸਲੇ ਤੇ ਕਾਇਮ ਰਹੀ। ਜੋਅ ਹਿੱਲ ਨੂੰ ਨਵੰਬਰ 19, 1915 ਦੇ ਦਿਨ ਯੂਟਾਹ ਸਟੇਟ ਦੇ ਸ਼ਹਿਰ ਸਾਲਟ ਲੇਕ ਦੀ ਜੇਲ ਵਿੱਚ ਪੰਜ ਬੰਦਿਆ ਦੇ ‘ਫਾਏਰਿੰਗ ਸੁਕਐਡ’ ਨੇ ਗੋਲੀ ਮਾਰ ਕੇ ਸ਼ਹੀਦ ਕਰ ਦਿੱਤਾ। ਉਸ ਦੇ ਆਖਰੀ ਸ਼ਬਦ ਸਨ: “ਮੈਂ ਬੜੀ ਸਾਫ ਜ਼ਮੀਰ (ਕਲੀਅਰ ਕੌਂਸ਼ੀਅੰਸ) ਨਾਲ ਮਰ ਰਿਹਾ ਹਾਂ, ਮੈਂ ਲੜਦਾ ਮਰ ਰਿਹਾ ਹਾਂ, ਕਿਸੇ ਡਰਾਕਲ ਦੀ ਤਰ੍ਹਾਂ ਨਹੀਂ।”

ਸ਼ਹੀਦ ਹੋਣ ਤੋਂ ਕੁਝ ਹੀ ਘੰਟੇ ਪਹਿਲਾਂ ਉਹਨੇ ਆਪਣੇ ਯੂਨੀਅਨ ਦੇ ਸਾਥੀ ਵਿਲੀਅਮ ਹੇਅਵੁੱਡ ਦੇ ਨਾਂਅ ਲਿਖੇ ਛੋਟੇ ਜਿਹੇ ਖਤ ਵਿੱਚ ਲਿਖਿਆ: “ਅਲਵਿਦਾ ਬਿੱਲ: ਮੈਂ ਇੱਕ ਸੱਚੇ ਵਿਦ੍ਰੋਹੀ ਵਾਂਗ ਮਰ ਰਿਹਾ ਹਾਂ। ਮੇਰੇ ਤੇ ਰੋਣ ਧੋਣ ਵਿੱਚ ਸਮਾਂ ਨਾ ਗੁਆਉਣਾ - ਜਥੇਬੰਦ ਹੋਣਾ।” ਜੋਅ ਹਿੱਲ ਦੇ ਇਹ ਸ਼ਬਦ ਅੱਜ ਵੀ ਹੜਤਾਲਾਂ ਵੇਲੇ, ਮਜ਼ਦੂਰ ਰੈਲੀਆਂ ਤੇ ਜਲੂਸਾਂ ਸਮੇਂ ਲੋਕਾਂ ਵਲੋਂ ਦੁਹਰਾਏ ਜਾਂਦੇ ਹਨ।

ਇਸ ਸਮੇਂ ਹੀ ਉਹਨੇ ਆਪਣਾ ਆਖਰੀ ਗੀਤ ਲਿਖਿਆ:

ਮੇਰੀ ਆਖਰੀ ਵਸੀਅਤ

ਮੇਰੀ ਵਸੀਅਤ ਦਾ ਫੈਸਲਾ ਹੈ ਬੜਾ ਹੀ ਸੁਖਾਲਾ

ਕੁਝ ਵੀ ਨਹੀਂ ਹੈ ਵੰਡਣ ਵਾਲਾ

ਮੇਰੇ ਨਜ਼ਦੀਕੀਆਂ ਨੂੰ ਲੜਨੇ ਦੀ ਕੋਈ ਲੋੜ ਨਾ

ਰੁੜ੍ਹਦੇ ਪੱਥਰਾਂ ਤੇ ਕਦੇ ਉੱਗਦੀ ਕਾਈ ਨਾ

ਮੇਰਾ ਧੜ? ਉਹ! ਜੇ ਮੈਂ ਚੁਣ ਸਕਦਾ

ਇਸ ਨੂੰ ਸਾੜ ਕੇ ਸੁਆਹ ਕਰਦਾ

ਮੌਜ ਮਸਤੀ ਵਿੱਚ ਉੱਡਦੀ ਹਵਾ ਨੂੰ ਦੇ ਦਿੰਦਾ

ਉਹ ਜਾ ਕੇ ਵਿਖੇਰਦੀ ਜਿੱਥੇ ਕਿਤੇ ਵੀ ਹੁੰਦੇ ਫੁੱਲ ਖਿੜਦੇ

ਤੇ ਸ਼ਾਇਦ ਕੋਈ ਮੁਰਝਾਇਆ ਫੁੱਲ

ਮੁੜ ਕੇ ਫਿਰ ਕਿਤੇ ਖਿੜਦਾ ਸੁਗੰਧੀਆਂ ਖਿਲੇਰਦਾ

ਬੱਸ ਇਹੀ ਹੈ ਮੇਰੀ ਆਖਰੀ ਵਸੀਅਤ

ਸਾਰੇ ਜੀਵੋ ਤੇ ਖੁਸ਼ੀਆਂ ਮਾਣੋ

- ਜੋਅ ਹਿੱਲ

(ਇਹ ਗੀਤ ਬਹੁਤ ਹੀ ਪ੍ਰਭਾਵਸ਼ਾਲੀ ਆਵਾਜ਼ ਵਿੱਚ ਮਰਵ ਹਮਿਲਟਨ ਵਲੋਂ ਗਾਇਆ ਇੰਟਰਨੈੱਟ http://www.marvmusic.com/ ਉੱਪਰ ਸੁਣਿਆ ਜਾ ਸਕਦਾ ਹੈ।)

ਆਪਣੇ ਗੀਤਾਂ ਨਾਲ ਯੂਨੀਅਨ ਵਿੱਚ ਯੋਗਦਾਨ ਪਾਉਣ ਦੇ ਨਾਲ ਨਾਲ ਜੋਅ ਹਿੱਲ ਨੇ ਆਪਣੀ ਸੂਝ ਤੇ ਆਪਣੇ ਸਮੇਂ ਤੋਂ ਵੀ ਅੱਗੇ ਦੀ ਸੋਚ ਦਾ ਹੋਰ ਲਿਖਤਾਂ ਵਿੱਚ ਵਿਖਾਵਾ ਕੀਤਾ। ਉਦਾਹਰਨ ਵਜੋਂ ਉਹਨੂੰ ਯੂਨੀਅਨ ਵਿੱਚ ਔਰਤਾਂ ਦੀ ਸ਼ਮੂਲੀਅਤ ਦੀ ਘਾਟ ਹਮੇਸ਼ਾ ਰੜਕਦੀ ਸੀ। ਉਹਨੇ ਲਿਖਿਆ: “ਯੂਨਾਈਟਿੱਡ ਸਟੇਟ ਵਿੱਚ ਔਰਤਾਂ ਨੂੰ ਨਿਰਾਸ਼ਾ ਦੀ ਹੱਦ ਤੱਕ ਅਣਗੌਲਿਆ ਕੀਤਾ ਜਾਂਦਾ ਹੈ, ਖਾਸ ਕਰ ਪੱਛਮੀ ਤੱਟ ਤੇ। ਨਤੀਜੇ ਵਜੋਂ ਅਸੀਂ ਯੂਨੀਅਨ ਨੂੰ ਇੱਕ ਲੱਤਾ ਘਿਨਾਉਣਾ ਜਿਹਾ ਅਜੀਬ ਜਾਨਵਰ ਬਣਾ ਦਿੱਤਾ ਹੈ। ... ਸਾਡੇ ਕੰਮਾਂ ਕਾਰਾਂ ਵਿੱਚ ਜ਼ਿੰਦਗੀ ਦੀ ਧੜਕਨ ਤੇ ਉਤਸ਼ਾਹ ਦੀ ਕਮੀ ਹੈ ਜੋ ਸਿਰਫ ਔਰਤ ਹੀ ਪੈਦਾ ਕਰ ਸਕਦੀ ਹੈ।”

ਜੋਅ ਹਿੱਲ ਦੇ ਮਿਸਾਲੀ ਜੀਵਨ ਬਾਰੇ ਕਾਫੀ ਕੁਛ ਲਿਖਿਆ ਮਿਲਦਾ ਹੈ। ਉਸ ਬਾਰੇ ਦੋ ਤਿੰਨ ਨਾਵਲ ਲਿਖੇ ਜਾ ਚੁੱਕੇ ਹਨ। ਬੈਰੀ ਸਟੇਵਿਸ ਨੇ 1954 ਵਿੱਚ ਜੋਅ ਹਿੱਲ ਬਾਰੇ ਇੱਕ ਮਸ਼ਹੂਰ ਕਿਤਾਬ, ‘ਇਨਸਾਨ ਜੋ ਮਰਿਆ ਨਹੀਂ ਲਿਖੀ।’ ਫਿਲਿਪ ਫੋਨਰ ਨੇ ਜੋਅ ਹਿੱਲ ਦੇ ਮੁਕੱਦਮੇ ਬਾਰੇ ਇੱਕ ਪੂਰੀ ਕਿਤਾਬ ‘ਦਾ ਕੇਸ ਆਫ ਜੋਅ ਹਿੱਲ’ ਲਿਖੀ ਹੈ। ਸਵੀਡਨ ਵਿੱਚ ਉਸ ਦੇ ਜੀਵਨ ਤੇ ਅਧਾਰਤ ਬਣੀ ਫਿਲਮ ਨੇ ਅੰਤਰ ਰਾਸ਼ਟਰੀ ਪੱਧਰ ਤੇ ਕਈ ਇਨਾਮ ਹਾਸਲ ਕੀਤੇ ਸਨ। ਇਸ ਫਿਲਮ ਤੇ ਅਧਾਰਤ ਜਾਹਨ ਮੈਕਡਰਮੈਂਟ ਵਲੋਂ ‘ਜੋਅ ਹਿੱਲ’ ਨਾਂ ਦਾ ਨਾਵਲ ਲਿਖਿਆ ਗਿਆ। ਜੋ ਹਿੱਲ ਦੇ ਗੀਤ ਬਹੁਤ ਸਾਰੇ ਲੋਕਾਂ ਨੇ ਗਾਏ ਹਨ।

ਪੰਜਾਬੀ ਕਵੀ (ਤੇ ਵਿਗਿਆਨੀ) ਸੁਖਪਾਲ ਨੇ 1993 ਵਿੱਚ ਮਜ਼ਦੂਰ ਜਮਾਤ ਵਲੋਂ ਗਾਏ ਜਾਣ ਵਾਲੇ ਗੀਤਾਂ ਦੀ ਇੱਕ ਕਿਤਾਬ ਤਿਆਰ ਕੀਤੀ ਸੀ- ‘ਗੋਦ ਲਏ ਗੀਤ।’ ਇਸ ਕਿਤਾਬ ਵਿੱਚ ਉਸ ਨੇ ਜੋਅ ਹਿੱਲ ਦੇ ਵੀ ਤਿੰਨ ਗੀਤ ਸ਼ਾਮਲ ਕੀਤੇ ਸਨ। ਸੁਖਪਾਲ ਨੇ ਇਨ੍ਹਾਂ ਗੀਤਾਂ ਨੂੰ ਜਿਉਂ ਦਾ ਤਿਉਂ ਅਨੁਵਾਦ ਨਹੀਂ ਸੀ ਕੀਤਾ ਸਗੋਂ ਉਨ੍ਹਾਂ ਦੀ ਪੰਜਾਬੀ ਵਿੱਚ ਮੁੜ-ਸਿਰਜਣਾ ਕਰਨ ਦੀ ਕਾਮਯਾਬ ਕੋਸ਼ਿਸ਼ ਕੀਤੀ ਸੀ। ਇਹ ਹੇਠਲਾ ਗੀਤ ਜੋਅ ਹਿੱਲ ਦੇ ਗੀਤ ‘ਦੇਅਰ ਇਜ਼ ਪਾਵਰ ਇਨ ਦਾ ਯੂਨੀਅਨ’ ਦਾ ਪੰਜਾਬੀ ਰੂਪ ਹੈ:

ਯੂਨੀਅਨ ਦਾ ਹੋਕਾ

ਭੁੱਖਾਂ ਦੁੱਖਾਂ ਤੋਂ ਛੁਟਕਾਰਾ ਪਾਉਣਾ ਚਾਹੁੰਦੇ ਜੇ
ਜੂਲ਼ਾ ਗਲ਼ੋਂ ਗੁਲਾਮੀ ਵਾਲਾ ਲਾਹੁਣਾ ਚਾਹੁੰਦੇ ਜੇ

ਹੱਥ ਵਧਾਓ ਹਿੱਸਾ ਪਾਓ ਲੋਕ ਲਹਿਰ ਵਿੱਚ ਲੋਕਾ ਵੇ
ਯੂਨੀਅਨ ਦੇ ਵਿੱਚ ਭਰਤੀ ਹੋ ਜਾਓ ਯੂਨੀਅਨ ਦਾ ਹੋਕਾ ਵੇ।

ਬੜਾ ਹੀ ਕਾਮਿਆਂ ਦੀ ਏਕਤਾ ਵਿੱਚ ਜ਼ੋਰ ਹੈ
ਇਸ ਜ਼ੋਰ ਅੱਗੇ ਮਾਲਕਾਂ ਦੀ ਹਰ ਤਾਕਤ ਕਮਜ਼ੋਰ ਹੈ

ਹੁਣ ਹਰ ਜਗ੍ਹਾ ਹੀ ਕਾਮਿਓ ਕਾਮਿਆਂ ਦਾ ਰਾਜ ਹੋਊ
ਹੁਣ ਪੈਰਾਂ ਥੱਲੇ ਲੁੱਟ ਦਾ ਆ ਗਿਆ ਹਰ ਤਾਜ ਹੋਊ

ਇਹ ਕਹਿ ਰਿਹਾ ਹੈ ਵਗ ਰਹੀ ਨਵੀਂ ਵਾਅ ਦਾ ਝੋਕਾ ਵੇ।

ਗੰਦਗੀ ਵਿੱਚ ਰੀਂਗਦੀ ਇਹ ਜ਼ਿੰਦਗੀ ਜੇ ਰਾਸ ਹੈ
ਤਾਂ ਭੁੱਲ ਜਾਓ ਫਿਰ ਯੂਨੀਅਨ ਦੀ ਗੱਲ ਬਕਵਾਸ ਹੈ

ਜੇ ਜ਼ਿੰਦਗੀ ਨੂੰ ਜੀਣ ਜੋਗਾ ਹੋ ਬਣਾਉਣਾ ਲੋਚਦੇ
ਤਾਂ ਹੱਥ ਮਿਲਾਓ ਫਿਰ ਉਨ੍ਹਾਂ ਸੰਗ ਜੋ ਇਹੋ ਗੱਲ ਸੋਚਦੇ
ਕਿਰਤਾਂ ਵਾਲੇ ਕੱਠੇ ਹੋ ਜਾਓ ਕੀ ਵੱਡਾ ਕੀ ਛੋਟਾ ਵੇ।

ਉੱਠੋ ਉੱਠੋ ਉੱਠੋ ਉੱਠੋ ਕਾਮਿਓ ਹਰ ਦੇਸ਼ ਚੋਂ
ਉੱਠੋ ਹੁਣ ਹਰ ਧਰਮ ਵਿੱਚੋਂ ਹਰ ਨਸਲ ਵਿੱਚੋਂ ਹਰ ਭੇਸ
ਚੋਂ

ਫੁੱਟ ਦੀ ਹੁਣ ਪਾਈ ਲਕੀਰ ਨੂੰ ਹੈ ਲੰਘਣਾ
ਇੱਕ ਆਵਾਜ਼ ਹੋ ਕੇ ਦੁਨੀਆਂ ਵਿੱਚੋਂ ਹੈ ਹਿੱਸਾ ਮੰਗਣਾ
ਪੂੰਜੀਪਤੀਆਂ ਦਾ ਹਰ ਲਾਰਾ ਹੋ ਗਿਆ ਹੈ ਖੋਟਾ ਵੇ।

ਜੋਅ ਹਿੱਲ ਦੇ ਗੀਤ (ਅੰਗ੍ਰੇਜ਼ੀ ਵਿੱਚ) ਇਸ ਸਾਈਟ ਤੇ ਪੜ੍ਹੇ ਜਾ ਸਕਦੇ ਹਨ: http://www.folkarchive.de/history/hill.html

*****

(ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਆਪਣੀ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)

(1555)

(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.om)

About the Author

ਸਾਧੂ ਬਿਨਿੰਗ

ਸਾਧੂ ਬਿਨਿੰਗ

Burnaby, B.C, Canada
(sadhu.binning@gmail.com)