TarsemLande7ਮੈਂ ਚਾਈਂ-ਚਾਈਂ ਘਰ ਵੱਲ ਭੱਜਿਆ ਕਿ ਇਹ ਖਬਰ ਸੁਣਕੇ ਦਾਦਾ ਜੀ ...
(1 ਦਸੰਬਰ 2017)

 

ਸਾਲ 1994 ਵਿੱਚ ਮੇਰੀ ਉਮਰ ਕੋਈ 9-10 ਸਾਲ ਦੀ ਹੋਵੇਗੀ। ਪਿਤਾ ਜੀ ਫੌਜ ਵਿੱਚ ਬਤੌਰ ਨਾਇਬ ਸੂਬੇਦਾਰ ਸੇਵਾਵਾਂ ਨਿਭਾ ਰਹੇ ਸਨ। ਘਰ ਗਾਰੇ ਦੀ ਚਿਣਾਈ ਵਾਲੀਆਂ ਇੱਟਾਂ ਦਾ ਹੀ ਸੀ। ਇਸ ਵਿੱਚ ਦੋ ਕਮਰੇ, ਇੱਕ ਰਸੋਈ ਅਤੇ ਛੋਟਾ ਜਿਹਾ ਵਿਹੜਾ ਸੀ। ਘਰ ਦਾ ਪਿਛਵਾੜਾ ਖਾਲੀ ਪਿਆ ਸੀ। ਘਰ ਦੀ ਸਾਰੀ ਜ਼ਿੰਮੇਵਾਰੀ ਦਾਦਾ ਜੀ ਦੇ ਮੋਢਿਆਂ ਤੇ ਸੀ। ਦਾਦਾ ਜੀ ਪ੍ਰਭੂ-ਭਗਤੀ ਵਾਲੇ ਸੁਭਾਅ ਦੇ ਮਾਲਕ ਹੋਣ ਕਰਕੇ ਪਿੰਡ ਵਿੱਚ ਬਹੁਤੇ ਲੋਕ ਉਹਨਾਂ ਨੂੰ ਭਗਤ’ ਦੇ ਨਾਂ ਨਾਲ ਬਲਾਉਂਦੇ ਸਨ। ਖੇਤਾਂ ਦਾ ਸਾਰਾ ਕੰਮ ਉਹ ਆਪਣੇ ਹੱਥੀਂ ਕਰਦੇ ਸਨ। ਸ਼ਾਮ ਨੂੰ ਰੋਟੀ-ਟੁੱਕ ਛਕ ਕੇ ਉਹਨਾਂ ਸੰਘਿਆਂ ਦੇ ਖੇਤ ਕੋਲ ਟੁੱਟੀ ਪੁਲੀ ਤੱਕ ਦਾ ਗੇੜਾ ਜ਼ਰੂਰ ਲਾ ਕੇ ਆਉਣਾ। ਮਾੜਾ ਦੌਰ ਚਲਦਾ ਹੋਣ ਕਰਕੇ ਹਾਲਾਤ ਕੁੱਝ ਅਣਸੁਖਾਵੇਂ ਸਨ। ਕਈ ਵਾਰ ਮਾਤਾ ਜੀ ਨੇ ਕਹਿ ਵੀ ਦੇਣਾ, “ਬਾਪੂ ਜੀ, ਵੇਲਾ ਚੰਗਾ ਨ੍ਹੀਂ ...।” ਪਰ ਦਾਦਾ ਜੀ ਵੀ ਸਰੀਰ ਤੋਂ ਮਜਬੂਰ ਸਨ। ਉਨ੍ਹਾਂ ਕਹਿਣਾ, “ਕੀ ਕਰਾਂ ਪੁੱਤ, ਏਨੇ ਬਿਨਾਂ ਜੰਗਲ-ਪਾਣੀ ਨੀਂ ਆਉਂਦਾ ...।”

ਹਾੜ੍ਹੀ ਵੱਢਣ ਤੋਂ ਬਾਅਦ ਸਾਨੂੰ ਤਿੰਨਾਂ ਭੈਣ-ਭਰਾਵਾਂ ਨੂੰ ਉਨ੍ਹਾਂ ਤੂੜੀ ਲਤੜਾਉਣ ਨਾਲ ਲਾ ਲੈਣਾ। ਸਾਡੀਆਂ ਤਾਂ ਲੱਤਾਂ ਦੀ ਬੱਸ ਹੋ ਜਾਣੀ। ਦਾਣੇ-ਫੱਕੇ ਤੇ ਤੂੜੀ-ਤੰਦ ਸੰਭਾਲਣ ਤੋਂ ਬਾਅਦ ਉਨ੍ਹਾਂ ਸਾਡੇ ਸਿਰਾਂ ਤੇ ਥੋੜ੍ਹ-ਥੋੜ੍ਹੀ ਕਣਕ ਧਰਦਿਆਂ ਕਹਿਣਾ, “ਚਲੋ ਬੀ ਚੁੱਕੋ, ਆਪਣੀ-ਆਪਣੀ ਰੀੜੀ ...।” ਸੇਠਾਂ ਦੀ ਦੁਕਾਨ ਤੋਂ ਸਾਨੂੰ ਕੁੱਝ ਨਾ ਕੁੱਝ ਖੁਆ-ਪਿਆ ਦੇਣਾ ਤੇ ਆਪ ਗੋਲੀ ਵਾਲਾ ਬੱਤਾ’ ਪੀ ਲੈਣਾ। ਬਾਕੀ ਵਧੇ ਰੁਪਈਆਂ ਦੀਆਂ ਕਿਤਾਬਾਂ-ਕਾਪੀਆਂ ਲੈ ਦੇਣੀਆਂ। ਅਸੀਂ ਚਾਈਂ-ਚਾਈਂ ਘਰ ਆ ਜਾਣਾ।

ਉਹਨਾਂ ਦਿਨਾਂ ਵਿੱਚ ਘਰਾਂ ਦੀਆਂ ਔਰਤਾਂ ਭਾਂਡੇ ਸਵਾਹ ਨਾਲ ਰਗੜ ਕੇ ਮਾਂਜਦੀਆਂ ਸਨ। ਕਈ ਵਾਰ ਦਾਦਾ ਜੀ ਨੇ ਥਾਲ ਵਿੱਚੋਂ ਦੀ ਦੇਖ ਕੇ ਵਲਾਂ ਵਾਲੀ’ ਪੱਗ ਬੰਨ੍ਹਣੀ ਅਤੇ ਬੜੇ ਖੁਸ਼ ਹੋਣਾ। ਇੱਕ ਦਿਨ ਉਨ੍ਹਾਂ ਸਾਨੂੰ ਅੱਧਾ-ਪੁਰਾਣਾ ਸਾਈਕਲ ਖਰੀਦ ਕੇ ਲੈ ਦਿੱਤਾ। ਇਸ ਤੇ ਸਾਡੀ ਖੁਸ਼ੀ ਦਾ ਠਿਕਾਣਾ ਨਾ ਰਿਹਾ। ਸਾਡੇ ਵਿੱਚੋਂ ਉਹ ਵੱਡੀ ਭੈਣ ਨੂੰ ਜ਼ਿਆਦਾ ਪਿਆਰ ਕਰਦੇ ਸਨ। ਪਰ ਛੋਟੇ-ਮੋਟੇ ਕੰਮਾਂ ਤੇ ਮੈਨੂੰ ਨਾਲ ਲਗਾਈ ਰੱਖਣਾ। ਕਈ ਵਾਰ ਉਹਨਾਂ ਨੇ ਮਾਤਾ ਜੀ ਨੂੰ ਕਹਿਣਾ, “ਪੁੱਤ ਛਿੰਦਰ, ਆਹ ਨਿਆਣੇ ਦਾ ਮੈਨੂੰ ਵੀ ਆਸਰਾ ਹੋ ਗਿਆ ਹੁਣ ...।” ਅਸਲ ਵਿੱਚ ਉਨ੍ਹਾਂ ਦੀ ਦਿਲੀ ਇੱਛਾ ਸੀ ਕਿ ਉਨ੍ਹਾਂ ਦਾ ਪੁੱਤ ਤੇ ਪੋਤਰਾ ਇਕੱਠੇ ਕੰਮ ਕਰਨ ਅਤੇ ਉਹ ਆਪ ਆਰਾਮ ਕਰਨ। ਬਚਪਨ ਤੋਂ ਕੰਮ ਕਰਦੇ ਆ ਰਹੇ ਹੋਣ ਕਰਕੇ ਉਹਨਾਂ ਨੂੰ ਆਰਾਮ ਦੇ ਦਿਨਾਂ ਦੀ ਤਾਂਘ ਸੀ। ਦੂਜੀ ਇੱਛਾ ਸੀ ਕਿ ਘਰ ਦਾ ਵਿਹੜਾ ਖੁੱਲ੍ਹਾ ਤੇ ਪੱਕਾ ਹੋ ਜਾਏ।

ਇੱਕ ਦਿਨ ਉਹ ਲਾਗਲੇ ਪਿੰਡ ਸਮਾਲਸਰ ਤੋਂ ਬਲਦ-ਗੱਡੀ ਤੇ ਖੇਤ ਵਾਲੀ ਮੋਟਰ ਠੀਕ ਕਰਵਾ ਕੇ ਲਿਆ ਰਹੇ ਸਨ। ਕੈਂਟਰ ਦੀ ਬੈਲ-ਗੱਡੀ ਨਾਲ ਟੱਕਰ ਹੋ ਜਾਣ ਕਰਕੇ ਉਨ੍ਹਾਂ ਦੇ ਸੱਟ ਲੱਗ ਗਈ। ਉਹ ਬਿਮਾਰ ਰਹਿਣ ਲੱਗ ਪਏ। ਫਿਰ ਇੱਕ ਦਿਨ ਡਾਕਟਰੀ ਜਾਂਚ ਤੋਂ ਪਤਾ ਲੱਗਾ ਕਿ ਉਨ੍ਹਾਂ ਨੂੰ ਕੈਂਸਰ ਨੇ ਘੇਰ ਲਿਆ ਹੈ। ਇਸ ਤੇ ਪਿਤਾ ਜੀ ਵੀ ਫੌਜ ਵਿੱਚੋਂ ਰਿਟਾਇਰਮੈਂਟ ਲੈ ਕੇ ਘਰ ਵਾਪਸ ਆ ਗਏ ਤਾਂ ਜੋ ਘਰ ਰਹਿ ਕੇ ਦਾਦਾ ਜੀ ਦੀ ਸੇਵਾ-ਸੰਭਾਲ ਕਰ ਸਕਣ।

ਮਾਰਚ 1995 ਨੂੰ ਮੈਂ ਮਿਡਲ ਦੇ ਇਮਤਿਹਾਨ ਵਿੱਚੋਂ ਚੰਗੇ ਅੰਕਾਂ ਨਾਲ ਪਾਸ ਹੋ ਗਿਆ। ਮੈਂ ਚਾਈਂ-ਚਾਈਂ ਘਰ ਵੱਲ ਭੱਜਿਆ ਕਿ ਇਹ ਖਬਰ ਸੁਣਕੇ ਦਾਦਾ ਜੀ ਖੁਸ਼ ਹੋਣਗੇ। ਪਰ ਮੇਰੇ ਘਰ ਪਹੁੰਚਣ ਤੋਂ ਪਹਿਲਾਂ ਹੀ ਦਾਦਾ ਜੀ ਇਸ ਦੁਨੀਆਂ ਨੂੰ ਅਲਵਿਦਾ ਕਹਿ ਗਏ ਸਨ।

ਹੁਣ ਘਰ ਵੀ ਪੱਕਾ ਤੇ ਖੁੱਲ੍ਹਾ ਹੋ ਗਿਆ ਹੈ। ਅਸੀਂ ਤਿਨੋਂ ਭੈਣ-ਭਰਾ ਆਪੋ-ਆਪਣੇ ਘਰੀਂ ਚੰਗੀ ਜ਼ਿੰਦਗੀ ਬਸਰ ਕਰ ਰਹੇ ਹਾਂ। ਮੈਨੂੰ ਸਰਕਾਰੀ ਨੌਕਰੀ ਤੇ ਘਰਵਾਲੀ ਵੀ ਪੜ੍ਹੀ-ਲਿਖੀ ਮਿਲ ਗਈ। ਦੋ ਬਾਲ ਵੀ ਰੱਬ ਨੇ ਬਖਸ਼ ਦਿੱਤੇ। ਛੁੱਟੀ ਵਾਲੇ ਦਿਨ ਪਿਤਾ ਜੀ ਨਾਲ ਖੇਤ ਵੀ ਹੱਥ ਵਟਾ ਦੇਈਦਾ ਹੈ। ਸਭ ਸੰਦ-ਸਾਧਨ ਸਾਡੇ ਕੋਲ ਹਨ। ਦੁੱਖ ਇਸ ਗੱਲ ਦਾ ਹੈ ਕਿ ਦਾਦਾ ਜੀ ਹੁਣ ਸਾਡੇ ਵਿੱਚ ਨਹੀਂ ਹਨ। ਇਹੀ ਦਿਨ ਦੇਖਣ ਲਈ ਤਾਂ ਉਹ ਹੱਡ-ਭੰਨਵੀਂ ਮਿਹਨਤ ਕਰਿਆ ਕਰਦੇ ਸਨ।

*****

(914)

ਆਪਣੇ ਵਿਚਾਰ ਸਾਂਝੇ ਕਰੋ: (This email address is being protected from spambots. You need JavaScript enabled to view it.)

About the Author

ਤਰਸੇਮ ਲੰਡੇ

ਤਰਸੇਮ ਲੰਡੇ

Lande, Moga, Punjab, India.
Phone: (91 - 99145 - 86784)
Email: (singhtarsem1984@gmail.com)