TarsemLande7ਜਦੋਂ ਤਕ ਸਾਡੇ ਅੰਦਰੋਂ ਨਕਾਰਾਤਮਿਕ ਸੋਚ ਨਹੀਂ ਜਾਂਦੀ, ਉਦੋਂ ਤਕ ...
(18 ਅਪਰੈਲ 2020)

 

ਮਨੁੱਖ ਦੀ ਜ਼ਿੰਦਗੀ ਬਹੁਤ ਛੋਟੀ ਹੈ। ‘ਇਹ ਜਹਾਨ ਮਿੱਠਾ, ਅਗਲਾ ਕੀਹਨੇ ਡਿੱਠਾ।’ ਭਾਵ ਕਿ ਇਸ ਜ਼ਿੰਦਗੀ ਨੂੰ ਜੇਕਰ ਖੁਸ਼ੀਆਂ ਸੰਗ ਮਾਨੀਏ ਤਾਂ ਇਹ ਬਹੁਤ ਪਿਆਰੀ ਬਣ ਸਕਦੀ ਹੈ। ਅਗਲੇ ਪਿਛਲੇ ਜਨਮ ਬਾਰੇ ਕਿਸੇ ਨੂੰ ਕੋਈ ਥਹੁ ਪਤਾ ਨਹੀਂ ਹੈ। ਨਾ ਹੀ ਇਹ ਪਤਾ ਹੈ ਕਿ ਵਿਅਕਤੀ ਮੌਤ ਤੋਂ ਬਾਅਦ ਕਿੱਥੇ ਜਾਂਦਾ ਹੈ। ਕੀ ਕਰਦਾ ਹੈ। ਪਰ ਜੇ ਸਾਨੂੰ ਇਹ ਕੀਮਤੀ ਜੀਵਨ ਮਿਲਿਆ ਹੀ ਹੈ ਤਾਂ ਵਿਅਕਤੀ ਨੂੰ ਆਪਸੀ ਵੈਰ-ਵਿਰੋਧ ਅਤੇ ਸਾੜੇ ਦੇ ਬੀਜ ਨਹੀਂ ਬੀਜਣੇ ਚਾਹੀਦੇ। ਮਨਾਂ ਵਿੱਚ ਈਰਖਾ, ਗੁੱਸਾ, ਆਕੜ, ਹਉਮੈ, ਜ਼ਿੱਦ ਆਦਿ ਪੈਦਾ ਨਹੀਂ ਕਰਨੀ ਚਾਹੀਦੀ, ਸਗੋਂ ਪਿਆਰ, ਮੁਹੱਬਤ, ਅਪਣੱਤ, ਭਾਈਚਾਰਕ ਸਾਂਝ ਦੀ ਛਿੱਟ ਵੰਡਣੀ ਚਾਹੀਦੀ ਹੈ।

ਜੇਕਰ ਵਿਅਕਤੀ ਚੰਗੇ ਕੰਮ ਕਰੇਗਾ ਤਾਂ ਉਸ ਦੇ ਕਰਮ ਚੰਗੇ ਬਣਨਗੇ। ਜੀਵਨ ਖੁਸ਼ਹਾਲ ਬਣੇਗਾ। ਜ਼ਿੰਦਗੀ ਦੀ ਗੱਡੀ ਸੁਖਮਈ ਚੱਲਦੀ ਰਹੇਗੀ। ਜੇਕਰ ਮਾੜੇ ਕੰਮ ਕਰਾਂਗੇ ਤਾਂ ਕਰਮ ਮਾੜੇ ਬਣਨਗੇ ਅਤੇ ਜੀਵਨ ਨਰਕਮਈ ਬਣ ਕੇ ਰਹਿ ਜਾਵੇਗਾ। ਇਹ ਫੈਸਲਾ ਵਿਅਕਤੀ ਦੇ ਖੁਦ ਦੇ ਹੱਥ ਵਿੱਚ ਹੈ। ਇਸ ਤੋਂ ਬਾਅਦ ਜੇਕਰ ਅਸੀਂ ਆਪਣੇ ਕਰਮਾਂ ਨੂੰ ਜਾਂ ਰੱਬ ਨੂੰ ਕੋਸਾਂਗੇ ਤਾਂ ਇਹ ਸਾਡੀ ਮੂਰਖਤਾ ਹੋਵੇਗੀ। ਇੰਨੀ ਕੁ ਸੋਝੀ ਸਾਨੂੰ ਸਭ ਨੂੰ ਹੈ ਪਰ ਫਿਰ ਵੀ ਇਸਦੇ ਬਾਵਜੂਦ ਵੀ ਸਾਡੇ ਅੰਦਰ ਲੱਤ ਖਿੱਚਣ ਦੀ ਰਾਜਨੀਤੀ ਘਰ ਕਰ ਗਈ ਹੈ।

ਕਿਸੇ ਦੀ ਮੌਤ ’ਤੇ ਸਾਡੇ ਹਿਰਦੇ ਅੰਦਰ ਇੱਕ ਪ੍ਰਸ਼ਨ ਪਨਪਦਾ ਹੈ ਕਿ ਇੱਥੇ ਕੀ ਹੈ? ਨਾਲ ਕੀ ਜਾਣਾ ਹੈ? ਦਿਲ ਵਿੱਚ ਦੂਜਿਆਂ ਲਈ ਪਿਆਰ ਦੀ ਭਾਵਨਾ ਵੀ ਆਉਂਦੀ ਹੈ। ਪਰ ਘਰ ਪਰਤਦਿਆਂ ਹੀ ਸਭ ਕੁਝ ਵਿਸਾਰ ਦਿੱਤਾ ਜਾਂਦਾ ਹੈ।

ਜਦੋਂ ਤਕ ਸਾਡੇ ਅੰਦਰੋਂ ਨਕਾਰਾਤਮਿਕ ਸੋਚ ਨਹੀਂ ਜਾਂਦੀ, ਉਦੋਂ ਤਕ ਅਸੀਂ ਅੱਗੇ ਨਹੀਂ ਵਧ ਸਕਦੇ। ਵਿਦੇਸ਼ਾਂ ਵਿੱਚ ਕਿਸੇ ਇੱਕ ਵਿਅਕਤੀ ਨੂੰ ਦੂਜੇ ਨਾਲ ਜਾਂ ਉਸ ਦੀ ਨਿੱਜੀ ਜ਼ਿੰਦਗੀ ਨਾਲ, ਇੱਕ ਗਵਾਂਢੀ ਨੂੰ ਦੂਜੇ ਗਵਾਂਢੀ ਨਾਲ ਕੋਈ ਵਾਹ ਵਾਸਤਾ ਨਹੀਂ ਹੈ ਕਿ ਉਹ ਕਿੱਥੇ ਹੈ? ਕਿੱਧਰੋਂ ਆਇਆ ਹੈ? ਕੀ ਕਰਦਾ ਹੈ? ਕੀ ਖਾਂਦਾ ਹੈ? ਕੀ ਪਹਿਨਦਾ ਹੈ? ਨਾਲ ਦੇ ਘਰ ਕੌਣ ਵਸਦਾ ਹੈ? ਪਰ ਅਸੀਂ ਇੱਧਰ ਵਿਹਲੇ ਹੁੰਦੇ ਹੋਏ ਇੱਕ ਦੂਜੇ ਦੀ ਨਿੰਦਿਆ ਚੁਗਲੀ ਵਿੱਚ ਫਸੇ ਹੋਏ ਇਹ ਸੋਚਦੇ ਹਾਂ, ਇਹ ਕੌਣ ਹੈ? ਕਿੱਧਰੋਂ ਆਇਆ? ਕਿੱਧਰ ਚੱਲਿਆ ਹੈ? ਅਸੀਂ ਸਾਰਾ ਦਿਨ ਅਜਿਹੀਆਂ ਭਿਣਕਾਂ ਵਿੱਚ ਲੱਗੇ ਰਹਿੰਦੇ ਹਾਂ। ਇੱਥੇ ਲੋਕ ਆਪਣੀ ਘੱਟ ਅਤੇ ਦੂਜਿਆਂ ਦਾ ਜ਼ਿਆਦਾ ਫਿਕਰ ਕਰਦੇ ਹਨ। ਸਾਰਾ ਦਿਨ ਖਾਹਮਖਾਹ ਦੇ ਸੰਸਿਆਂ ਝੋਰਿਆਂ ਵਿੱਚ ਦਿਨ ਬਤੀਤ ਕਰ ਦਿੰਦੇ ਹਾਂ।

ਹਰੇਕ ਬੰਦਾ ਸੁਤੰਤਰ ਹੈ। ਉਸ ਨੂੰ ਆਪਣੀ ਜ਼ਿੰਦਗੀ ਆਪਣੇ ਤਰੀਕੇ ਨਾਲ ਬਤੀਤ ਕਰਨ ਦਾ ਅਧਿਕਾਰ ਹੈ। ਉਸਦੀਆਂ ਆਪਣੀਆਂ ਇੱਛਾਵਾਂ ਹਨ। ਬਹੁਤੇ ਲੋਕ ਤਾਂ ਫਾਲਤੂ ਦੀਆਂ ਟੈਨਸ਼ਨਾਂ ਸਹੇੜ ਕੇ ਬਿਮਾਰੀਆਂ ਲਗਾਈ ਬੈਠੇ ਹਨ। ਕੀ ਫਾਇਦਾ ਇਹੋ ਜਿਹੇ ਫ਼ਿਕਰਾਂ ਦਾ ਜੋ ਸਾਡੇ ਖੁਦ ਲਈ ਘਾਤਕ ਸਿੱਧ ਹੁੰਦੇ ਹਨ? ਫ਼ਿਕਰ ਕਰੋ ਆਪਣੇ ਸਰੀਰ ਦਾ, ਮਾੜੇ ਸਿਸਟਮ ਦਾ, ਰੁਜ਼ਗਾਰ ਦਾ, ਮਾਂ ਬੋਲੀ ਦਾ, ਵਿਦੇਸ਼ਾਂ ਨੂੰ ਜਹਾਜ਼ ਚੜ੍ਹ ਚੱਲੀ ਜਵਾਨੀ ਦਾ। ਇਨ੍ਹਾਂ ਦੇ ਬਚਾਅ ਲਈ ਅੱਗੇ ਆ ਕੇ ਜੇਕਰ ਕੁਝ ਕਰ ਸਕਦੇ ਹੋ ਤਾਂ ਬਿਹਤਰ ਹੋਵੇਗਾ। ਨਹੀਂ ਤਾਂ ਸਮਾਂ ਅਜਾਈਂ ਗਵਾਉਣ ਦਾ ਕੋਈ ਫਾਇਦਾ ਨਹੀਂ। ਇਸ ਨਾਲੋਂ ਤਾਂ ਚੰਗਾ ਹੈ- ‘ਜੀਓ ਔਰ ਜੀਨੇ ਦੋ’ ਦਾ ਸਿਧਾਂਤ ਅਪਣਾ ਲਓ। ਤਣਾਅ ਅਤੇ ਈਰਖਾ ਮੁਕਤ ਜ਼ਿੰਦਗੀ ਗੁਜ਼ਾਰੋ, ਤਾਂ ਹੀ ਸਰੀਰ ਨਿਰੋਗ ਰਹਿ ਸਕਦਾ ਹੈ। ਇਹ ਕਥਨ ਸਭ ਨੂੰ ਪੱਲੇ ਬੰਨ੍ਹ ਲੈਣਾ ਚਾਹੀਦਾ ਕਿ ‘ਇੱਕ ਸਵਸਥ ਸਰੀਰ ਵਿੱਚ ਸਵਸਥ ਮਨ ਦਾ ਵਾਸਾ ਹੁੰਦਾ ਹੈ।’

*****

(ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)

(2065)

(ਸਰੋਕਾਰ ਨਾਲ ਸੰਪਰਕ ਲਈ:This email address is being protected from spambots. You need JavaScript enabled to view it.)

About the Author

ਤਰਸੇਮ ਲੰਡੇ

ਤਰਸੇਮ ਲੰਡੇ

Lande, Moga, Punjab, India.
Phone: (91 - 99145 - 86784)
Email: (singhtarsem1984@gmail.com)