”ਪਿਛਲੇ ਤਿੰਨ ਮਹੀਨੇ ਤੋਂ ਅਸੀਂ ਇਨ੍ਹਾਂ ਖਾਹਮੁਖਾਹ ਦੀਆਂ ਦੁਸ਼ਵਾਰੀਆਂ ਤੋਂ ਖਹਿੜਾ ਛੁਡਾਇਆ ਹੋਇਆ ਹੈ ..”
(2 ਜੁਲਾਈ 2020)
ਅਸਲ ਵਿੱਚ ਕੁਦਰਤ ਅਤੇ ਕਰੋਨਾ ਦੋਵਾਂ ਨੇ ਸਾਰੇ ਜਨਜੀਵਨ ਨੂੰ ਠੱਪ ਕਰਕੇ ਰੱਖ ਦਿੱਤਾ ਹੈ। ਇਨ੍ਹਾਂ ਨੇ ਮਨੁੱਖ ਜਾਤੀ ਨੂੰ ਘਰਾਂ ਅੰਦਰ ਕੈਦ ਕੀਤਾ ਹੋਇਆ ਹੈ। ਆਵਾਜਾਈ ਉੱਪਰ ਲਗਾਮਾਂ ਕੱਸ ਕੇ ਸੜਕਾਂ ਵਿਹਲੀਆਂ ਕਰ ਦਿੱਤੀਆਂ ਹਨ। ਦੇਸ਼ ਦੇ ਮਹਾਂਨਗਰਾਂ ਨੂੰ ਜਿੱਥੇ ਅੱਧੀ ਅੱਧੀ ਰਾਤ ਤਕ ਟ੍ਰੈਫਿਕ ਤੋਂ ਛੁਟਕਾਰਾ ਨਹੀਂ ਮਿਲਦਾ ਸੀ, ਉੱਥੇ ਹੁਣ ਚਿੜੀ ਤਕ ਨਹੀਂ ਫੜਕਦੀ। ਕਦੀ ਕਿਸੇ ਨੇ ਸੋਚਿਆ ਨਹੀਂ ਸੀ ਕਿ 125 ਕਰੋੜ ਤੋਂ ਉੱਪਰ ਦੀ ਆਬਾਦੀ ਵਾਲੇ ਦੇਸ਼ ਕੋਲੋਂ ਇੱਥੋਂ ਦੀ ਜਨਸੰਖਿਆ ਕਾਬੂ ਹੋ ਜਾਵੇਗੀ। ਦੂਸਰੀ ਕਹਾਵਤ ਹੈ, ‘ਡਰ ਅੱਗੇ ਭੂਤਨੇ ਨੱਚਦੇ ਹਨ’ ਇਹ ਇੱਥੇ ਬਿਲਕੁਲ ਫਿੱਟ ਬੈਠਦੀ ਹੈ। ਅਸਲ ਵਿੱਚ ਦੇਸ਼ ਦਾ ਪੂਰਨ ਤੌਰ ’ਤੇ ਬੰਦ ਹੋਣਾ ਇੱਥੋਂ ਦੇ ਲੋਕ ਦੇ ਮਨਾਂ ਅੰਦਰ ਸਹਿਮ ਦਾ ਹੀ ਨਤੀਜਾ ਹੈ। ਸ਼ਾਇਦ ਹੀ ਇਹ ਕੰਮ ਇੱਥੋਂ ਦੀਆਂ ਸਰਕਾਰਾਂ ਕਰ ਸਕਦੀਆਂ ਜੋ ਕੁਦਰਤ ਨੇ ਕਰ ਦਿਖਾਇਆ ਹੈ।
ਇਸ ਤੋਂ ਅੱਗੇ ਇੱਕ ਹੋਰ ਵਿਚਾਰ ਮਨ ਵਿੱਚ ਉਪਜਦਾ ਹੈ ਕਿ ਮਨੁੱਖ ਨੂੰ ਆਪਣੇ ਅੰਦਰਲੀ ਤਾਕਤ ਅਤੇ ਹੰਕਾਰ ਨੂੰ ਤਿਆਗ ਦੇਣਾ ਚਾਹੀਦਾ ਹੈ। ਕਿਉਂਕਿ ਕੁਦਰਤ ਤੋਂ ਬਲਵਾਨ ਕੋਈ ਨਹੀਂ ਹੈ। ਲਗਭਗ ਡੇਢ ਮਹੀਨਾ ਬੀਤ ਜਾਣ ਤੋਂ ਬਾਅਦ ਵੀ ਅਜੇ ਤਕ ਕਰੋਨਾ ਉੱਪਰ ਕਾਬੂ ਨਹੀਂ ਪਾਇਆ ਜਾ ਸਕਿਆ, ਜਿਸ ਕਰਕੇ ਸੂਬਾ ਸਰਕਾਰ ਨੂੰ ਇਹ ਲਾਕਡਾਊਨ ਅੱਗੇ ਹੋਰ ਦੋ ਹਫਤਿਆਂ ਤਕ ਕੁਝ ਢਿੱਲ ਸਮੇਤ ਵਧਾਉਣਾ ਪਿਆ ਹੈ।
ਨਫੇ ਨੁਕਸਾਨ ਤੋਂ ਇਲਾਵਾ ਦੇਸ਼ ਅੰਦਰ ਹਰ ਤਰ੍ਹਾਂ ਦੇ ਪ੍ਰਦੂਸ਼ਣ ਉੱਪਰ ਵੀ ਕੰਟਰੋਲ ਹੋਇਆ ਹੈ। ਜਿੱਥੇ ਵਾਤਾਵਰਣਕ ਸ਼ਾਂਤੀ ਰੂਹ ਨੂੰ ਸਕੂਨ ਦੇ ਰਹੀ ਹੈ। ਉੱਥੇ ਪੰਛੀਆਂ ਦਾ ਚਹਿਕਣਾ ਸਾਡੇ ਚੁਫੇਰੇ ਨੂੰ ਖੁਸ਼ਗਵਾਰ ਬਣਾ ਰਿਹਾ ਹੈ। ਸਵੇਰ ਵੇਲੇ ਬਾਹਰ ਖੁੱਲ੍ਹੇ ਅਸਮਾਨ ਹੇਠ ਸਾਹ ਲੈਣਾ ਸੌਖਾ ਹੋ ਗਿਆ ਹੈ। ਸਰੀਰ ਅਤੇ ਆਤਮਾ ਨੂੰ ਵਧੇਰੇ ਆਨੰਦ ਮਿਲਦਾ ਹੈ। ਪਹਿਲਾਂ ਕਣਕ ਦੀ ਵਾਢੀ ਦੇ ਦਿਨਾਂ ਵਿੱਚ ਐਲਰਜ਼ੀ ਵਾਲੇ ਮਰੀਜ਼ਾਂ ਨੂੰ ਬਹੁਤ ਔਖਾ ਹੋ ਜਾਂਦਾ ਸੀ। ਉਨ੍ਹਾਂ ਦੀ ਸਮੱਸਿਆ ਵਧ ਜਾਂਦੀ ਸੀ। ਹੁਣ ਸਾਹ, ਦਮਾ, ਹਰਟ ਅਟੈਕ ਵਰਗੀਆਂ ਬਿਮਾਰੀਆਂ ਤੋਂ ਕਾਫੀ ਹੱਦ ਤਕ ਨਿਜ਼ਾਤ ਮਿਲੀ ਹੈ। ਪ੍ਰਾਈਵੇਟ ਹਸਪਤਾਲ ਲਗਭਗ ਵਿਹਲੇ ਹੋਏ ਪਏ ਹਨ। ਦੁਕਾਨਾਂ ਉੱਪਰ ਤਾਂ ਲੋਕਾਂ ਦਾ ਤਾਂਤਾ ਲੱਗਿਆ ਰਹਿੰਦਾ ਸੀ। ਠੀਕ ਹੈ, ਇਸ ਬੰਦ ਨਾਲ ਦੇਸ਼ ਦੀ ਆਰਥਿਕਤਾ ਉੱਪਰ ਬੁਰਾ ਅਸਰ ਪਵੇਗਾ, ਹੇਠਲੇ ਵਰਗ ਲਈ ਇਹ ਸਮਾਂ ਬਹੁਤ ਸੰਵੇਦਨਸ਼ੀਲ ਅਤੇ ਕਠਿਨ ਹੈ। ਨਿੱਜੀ ਕਾਰੋਬਾਰੀਆਂ ਦੀ ਆਮਦਨੀ ਘੱਟ ਚੁੱਕੀ ਹੈ। ਦੂਜੇ ਪਾਸੇ ਦੇਖੀਏ ਤਾਂ ਇਸਦੇ ਨਾਲ ਨਾਲ ਆਮ ਲੋਕਾਂ ਦੇ ਖਰਚ ਵੀ ਘਟੇ ਹਨ।
ਇਸ ਲਾਕਡਾਊਨ ਨੇ ਜੋ ਅਗਲਾ ਸਬਕ ਸਾਨੂੰ ਸਿਖਾਇਆ ਹੈ, ਉਹ ਹੈ ਸਾਡਾ ਪਾਸ ਹੁਣ ਵਧੇਰੇ ਵਿਹਲਾ ਸਮਾਂ ਹੋਣਾ। ਅਸੀਂ ਫਜ਼ੂਲ ਦਾ ਸ਼ਹਿਰਾਂ ਵਿੱਚ ਜਾਂ ਰਿਸ਼ਤੇਦਾਰੀਆਂ ਵਿੱਚ ਘੁੰਮਣ ਤੁਰੇ ਰਹਿੰਦੇ ਸੀ। ਦੇਖਿਆ ਜਾਵੇ ਤਾਂ ਪਿਛਲੇ ਤਿੰਨ ਮਹੀਨੇ ਤੋਂ ਅਸੀਂ ਇਨ੍ਹਾਂ ਖਾਹਮੁਖਾਹ ਦੀਆਂ ਦੁਸ਼ਵਾਰੀਆਂ ਤੋਂ ਖਹਿੜਾ ਛੁਡਾਇਆ ਹੋਇਆ ਹੈ। ਪਹਿਲਾਂ ਜੇਕਰ ਕਿਸੇ ਦੀ ਮੌਤ ਹੋ ਜਾਣੀ ਤਾਂ ਰਿਸ਼ਤੇਦਾਰਾਂ ਦੇ ਕੈਂਟਰ ਭਰ ਕੇ ਤੁਰ ਪੈਣੇ। ਅਖੇ ਅਸੀਂ ਅਗਲਿਆਂ ਨਾਲ ਦੁੱਖ ਸਾਂਝਾ ਕਰਨ ਚੱਲੇ ਹਾਂ। ਦੁੱਖ ਤਾਂ ਸਿਰਫ ਘਰ ਵਾਲਿਆਂ ਜਾਂ ਨੇੜਲੇ ਸਾਕ ਸੰਬੰਧੀਆਂ ਨੂੰ ਹੀ ਹੁੰਦਾ ਹੈ। ਬਾਕੀਆਂ ਲਈ ਤਾਂ ‘ਚਿੜੀਆਂ ਦੀ ਮੌਤ, ਗਵਾਰਾਂ ਦਾ ਹਾਸਾ’ ਵਾਲੀ ਕਹਾਵਤ ਸਿੱਧ ਹੁੰਦੀ ਹੈ। ਇਸੇ ਤਰ੍ਹਾਂ ਹੀ ਵਿਆਹਾਂ ਉੱਪਰ ਕੀਤਾ ਜਾਂਦਾ ਫਜ਼ੂਲ ਖਰਚ ਅਤੇ ਇਕੱਠ ਸਾਡੀ ਨਾਸਮਝੀ ਦੀ ਅਗਵਾਈ ਭਰਦਾ ਹੈ। ਲਾਕਡਾਊਨ ਦੇ ਦੌਰਾਨ ਕਿੰਨੇ ਹੀ ਵਿਆਹ ਨਾ ਮਾਤਰ ਖ਼ਰਚ ਅਤੇ ਘੱਟ ਇਕੱਠ ਕਰਕੇ ਹੋਏ ਹਨ, ਜੋ ਇਸ ਗੱਲ ਦੀ ਗਵਾਹੀ ਭਰਦੇ ਹਨ ਕਿ ‘ਸਾਦੇ ਵਿਆਹ ਤੇ ਸਾਦੇ ਭੋਗ, ਨਾ ਕੋਈ ਚਿੰਤਾ ਨਾ ਕੋਈ ਰੋਗ।’ ਆਪਣੇ ਵਾਲ ਵਾਲ ਕਰਜ਼ੇ ਵਿੱਚ ਵਿੰਨ੍ਹਣ ਦੇ ਅਸੀਂ ਖੁਦ ਵੀ ਜ਼ਿੰਮੇਵਾਰ ਹਾਂ।
ਲਾਕਡਾਊਨ ਨੇ ਬਾਹਰਲੇ ਮੁਲਕਾਂ ਦੇ ਸਮਾਜਿਕ ਵਤੀਰੇ ਉੱਪਰ ਬਹੁਤਾ ਅਸਰ ਨਹੀਂ ਪਾਇਆ। ਉਹਨਾਂ ਵਿੱਚ ਤਾਂ ਪਹਿਲਾਂ ਹੀ ‘ਸੋਸ਼ਲ ਡਿਸਟੈਂਸ’ ਸਨ। ਉਨ੍ਹਾਂ ਕੋਲ ਤਾਂ ਕੰਮ ਤੋਂ ਹੀ ਵਿਹਲ ਨਹੀਂ ਸੀ ਹੁੰਦੀ, ਮੇਲ-ਮਿਲਾਪ ਤਾਂ ਗੱਲ ਹੀ ਦੂਰ ਦੀ ਸੀ। ਇਹ ਫਰਕ ਤਾਂ ਸਾਡੇ ਦੇਸ਼ ਵਿੱਚ ਪਿਆ ਹੈ ਤਾਂ ਹੀ ਸਾਨੂੰ ‘ਸੋਸ਼ਲ ਡਿਸਟੈਂਸ’ ਦੀ ਵਾਰ ਵਾਰ ਗੁਹਾਰ ਲਗਾਉਣੀ ਪੈ ਰਹੀ ਹੈ। ਲੋਕਾਂ ਵਿੱਚ ਘਰਾਂ ਤੋਂ ਬਾਹਰ ਨਿਕਲ ਕੇ ਖੁੰਡਾਂ ਉੱਤੇ ਬਹਿਣਾ ਵਿਹਲਾ ਸਮਾਂ ਬਤੀਤ ਕਰਨ ਦਾ ਵਧੀਆ ਸਾਧਨ ਮੰਨਿਆ ਜਾਂਦਾ ਸੀ। ਜਿੱਥੇ ‘ਟੰਗ ਲਾਊ’ ਦੀ ਨੀਤੀ ਤੇ ਨੀਅਤ ਘੜੀ ਜਾਂਦੀ ਸੀ। ਇਸ ਨਾਮੁਰਾਦ ਬਿਮਾਰੀ ਨੇ ਲੋਕਾਂ ਨੂੰ ਘਰਾਂ ਅੰਦਰ ਵਾੜ ਕੇ ਉਨ੍ਹਾਂ ਨੂੰ ਘਰ ਦੇ ਕਿਸੇ ਕੰਮ ਨੂੰ ਹੱਥ ਪਾਉਣ ਲਈ ਪ੍ਰੇਰਿਤ ਵੀ ਕੀਤਾ ਹੈ।
ਪਰਿਵਾਰ ਦੇ ਮੈਂਬਰਾਂ ਨੂੰ ਆਪਸ ਵਿੱਚ ਵਧੀਆ ਤਾਲਮੇਲ ਸਥਾਪਿਤ ਕਰਨ ਦਾ ਮੌਕਾ ਵੀ ਦਿੱਤਾ ਹੈ। ਬਾਹਰ ਦੀਆਂ ਬਣੀਆਂ ਵਸਤਾਂ ਨਾ ਖਾਣ ਅਤੇ ਤੰਦਰੁਸਤ ਰਹਿਣ ਦਾ ਵੀ ਸਬਕ ਸਿਖਾਇਆ ਹੈ। ਜੇਕਰ ਅਸੀਂ ਇਸੇ ਤਰ੍ਹਾਂ ਹੀ ਸਿਆਣਪ ਵਰਤਦੇ ਰਹਾਂਗੇ ਤਾਂ ਕਰੋਨਾ ਉੱਪਰ ਜਲਦ ਹੀ ਜਿੱਤ ਹਾਸਲ ਕਰ ਲਵਾਂਗੇ। ਸਾਡੀ ਜ਼ਿੰਦਗੀ ਦੀ ਗੱਡੀ ਪਹਿਲਾਂ ਦੀ ਤਰ੍ਹਾਂ ਸੁਤੰਤਰ ਹੋ ਕੇ ਚੱਲਣ ਲੱਗ ਪਏਗੀ। ਕੁਝ ਸਮੇਂ ਬਾਅਦ ਇਸ ਸਮੇਂ ਦੌਰਾਨ ਪਏ ਘਾਟੇ ਭੁੱਲ ਜਾਵਾਂਗੇ। ਇਹ ਗੱਲ ਵਾਕਈ ਹੀ ਸੱਚ ਹੈ ‘ਜੇਕਰ ਜਾਨ ਹੈ ਤਾਂ ਹੀ ਜਹਾਨ ਹੈ।’ ਹਰ ਸਮੇਂ ਵਿਅਕਤੀ ਨੂੰ ਆਪਣੇ ਅੰਦਰ ਨਕਰਾਤਮਿਕ ਵਿਚਾਰ ਹੀ ਨਹੀਂ ਬੀਜਣੇ ਚਾਹੀਦੇ। ਪੈਦਾ ਹੋਏ ਇਨ੍ਹਾਂ ਹਾਲਾਤ ਤੋਂ ਵੀ ਸਾਨੂੰ ਕੁਝ ਨਾ ਕੁਝ ਪੱਲੇ ਬੰਨ੍ਹ ਲੈਣਾ ਚਾਹੀਦਾ ਹੈ, ਜਿਸ ਨਾਲ ਅਸੀਂ ਅਗਲੇਰੀ ਜ਼ਿੰਦਗੀ ਸੌਖੀ ਬਤੀਤ ਕਰ ਸਕਦੇ ਹਾਂ। ਜੇਕਰ ਅਸੀਂ ਇਸ ਤਰ੍ਹਾਂ ਦੀ ਸ਼ੁੱਧਤਾ ਨੂੰ ਅਪਣਾ ਲੈਂਦੇ ਹਾਂ ਤਾਂ ਆਪਣੀ ਜ਼ਿੰਦਗੀ ਵਿੱਚ ਬੜੇ ਹੀ ਸੌਖੇ ਰਹਾਂਗੇ।
ਕੁਦਰਤ ਨੇ ਤਾਂ ਸਾਡੇ ਸਾਹਮਣੇ ਸਹੀ ਢੰਗ ਨਾਲ ਜ਼ਿੰਦਗੀ ਜਿਊਣ ਦਾ ਟਰੇਲਰ ਭੇਜਿਆ ਹੈ, ਇਸ ਉੱਪਰ ਅਮਲ ਕਰਕੇ ਇਸ ਨਾਮੁਰਾਦ ਬਿਮਾਰੀ ਤੋਂ ਛੁਟਕਾਰਾ ਪਾਉਣਾ ਸਾਡੇ ’ਤੇ ਨਿਰਭਰ ਕਰਦਾ ਹੈ। ਜੋ ਚੀਜ਼ ਵਿਅਕਤੀ ਨੂੰ ਜ਼ਿੰਦਗੀ ਵਿੱਚ ਸੌਖ ਦਿੰਦੀ ਹੈ, ਉਸ ਨੂੰ ਜ਼ਰੂਰ ਅਪਣਾ ਲੈਣਾ ਚਾਹੀਦਾ ਹੈ।
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)
(2230)
(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.gmail.com)







































































































