BeantKGill7ਮੈਂ ਉਹਨਾਂ ਤੋਂ ਆਪਣੀ ਨਜ਼ਰ ਚੁਰਾਵਾਂਗੀ ਕਿਉਂਕਿ ਮੈਨੂੰ ਪਤਾ ਹੈ ਕਿ ...
(19 ਅਕਤੂਬਰ 2017)

 

DiwaliA2 

ਦੀਵਾਲੀ ਦੇ ਦਿਨ ਹਨ। ਹਰ ਵਾਰ ਦੀ ਤਰ੍ਹਾਂ ਮੇਰੀ ਇਸ ਵਾਰ ਵੀ ਕੋਸ਼ਿਸ਼ ਇਹੀ ਸੀ ਕਿ ਘਰ ਦੀ ਝਾੜ ਪੂੰਜ, ਸਾਫ਼-ਸਫ਼ਾਈ ਦੁਸਹਿਰੇ ਤੋਂ ਪਹਿਲਾਂ-ਪਹਿਲਾਂ ਹੋ ਜਾਵੇ। ਸੋ ਇਹ ਸਭ ਮੇਰੀ ਉਮੀਦ ਅਨੁਸਾਰ ਹੋ ਗਿਆ। ਬੱਸ ਹੁਣ ਬੇਸਬਰੀ ਨਾਲ ਉਡੀਕ ਹੈ ਕਿ ਕਦ ਮੇਰੇ ਘਰ ਦੀ ਡੋਰ ਬੈੱਲ ਵੱਜੇ ਤੇ ਨਾਲ ਹੀ ਇਹ ਆਵਾਜ਼ ‘ ਅੰਟੀ ਦੀਵੇ ਲੈ ਲਵੋ’ ਮੇਰੇ ਕੰਨੀਂ ਪਵੇ। ਸਾਲਾਂ ਤੋਂ ਇਹ ਸਿਲਸਿਲਾ ਚੱਲ ਰਿਹਾ ਹੈ। ਜਿਵੇਂ ਕਿਸੇ ਸੁਹਾਗਣ ਨੂੰ ਆਪਣੇ ਪ੍ਰਦੇਸੀ ਪਤੀ ਦੀ ਉਡੀਕ, ਕਿਸੇ ਬਜ਼ੁਰਗ ਨੂੰ ਚਿਰਾਂ ਤੋਂ ਵਿੱਛੜੇ ਕਿਸੇ ਬਜ਼ੁਰਗ ਸਾਥੀ (ਦੋਸਤ) ਦੀ ਉਡੀਕ, ਮਾਂ ਨੂੰ ਚਿਰਾਂ ਤੋਂ ਵਿੱਛੜੇ ਧੀ ਜਾਂ ਪੁੱਤ ਦੀ, ਬੰਬੀਹੇ ਨੂੰ ਸਵਾਂਤੀ ਬੂੰਦ ਦੀ, ਕਿਸੇ ਸਾਧੂ ਨੂੰ ਸੰਗਤ ਵਿੱਚ ਜਾਣ ਦੀ ਤੜਫ ਲਗਦੀ ਹੈ। ਏਨੀ ਹੀ ਤੜਫ਼ ਹੈ, ਮੇਰੇ ਇਹਨਾਂ ਕੰਨਾਂ ਨੂੰ ਉਹਨਾਂ ਬੱਚਿਆਂ ਦੀ ਆਵਾਜ਼ ਸੁਣਨ ਦੀ। ਮੇਰੇ ਘਰ ਤੋਂ ਪੰਜ-ਦਸ ਮਿੰਟ ਦੇ ਰਸਤੇ ’ਤੇ ਹੀ ਦੀਵੇ ਬਣਾਉਣ ਵਾਲਿਆਂ ਘੁਮਿਆਰਾਂ ਦੇ ਘਰ ਹਨ। ਪਰ ਅਜੇ ਮੈਂ ਉੱਥੇ ਨਹੀਂ ਜਾ ਸਕਦੀ। ਕਿਉਂਕਿ ਇਹ ਬੱਚੇ ਵੀ ਉਹਨ੍ਹਾਂ ਦੇ ਹੀ ਹਨ। ਜੇ ਇਹਨਾਂ ਬੱਚਿਆਂ ਨੇ ਮੈਨੂੰ ਉੱਥੇ ਦੇਖ ਲਿਆ ਤਾਂ ਇਹਨਾਂ ਦੀ ਮੈਨੂੰ ਦੀਵੇ ਦੇਣ ਦੀ ਖੁਸ਼ੀ ਘਟ ਜਾਵੇਗੀ।

ਹਾਂ’ ਜਾਵਾਂਗੀ ਮੈਂ ਇਹਨਾਂ ਦੀਵੇ ਵਾਲਿਆਂ ਦੇ ਘਰ ਵੀ, ਪਰ ਦੀਵਾਲੀ ਤੋਂ ਇੱਕ ਦਿਨ ਪਹਿਲਾਂ। ਜਦ ਇਹਨਾਂ ਪਰਿਵਾਰਾਂ ਦੀਆਂ ਨਜ਼ਰਾਂ ਦੀਵੇ ਲੈਣ ਆਉਣ ਵਾਲਿਆਂ ’ਤੇ ਟਿਕੀਆਂ ਹੁੰਦੀਆਂ ਹਨ। ਦੀਵਿਆਂ ਦੇ ਨਾਲ ਉਸ ਦਿਨ ਮੈਨੂੰ ਇਹਨਾਂ ਪਰਿਵਾਰਾਂ ਦੇ ਦਿਲਾਂ ਵਿੱਚੋਂ ਅਨੇਕਾਂ ਦੁਆਵਾਂ ਮਿਲਣਗੀਆਂ, ਜਿਹੜੀਆਂ ਇਹਨਾਂ ਦੇ ਬੁੱਲਾਂ ਵਿੱਚੋਂ ਨਹੀਂ, ਸਗੋਂ ਅੱਖਾਂ ਦੀ ਚਮਕ ਵਿੱਚੋਂ ਮਹਿਸੂਸ ਹੋਣਗੀਆਂ। ਜਦ ਉਹ ਬੱਚੇ ਆਉੁਣਗੇ, ਮੈਂ ਉਹਨਾਂ ਬੱਚਿਆਂ ਨੂੰ ਪੁੱਛਾਂਗੀ ਕਿ ਕਿਵੇਂ ਲਗਾਏ ਆ ਦੀਵੇ’ ਤਾਂ ਉਹ ਕਹਿਣਗੇ ‘ਦਸਾਂ ਦੇ ਦਸ ਹਨ, ਤੁਸੀਂ ਦਸਾਂ ਦੇ ਬਾਰਾਂ ਲੈ ਲਵੋ’ ਕਹਿੰਦਿਆਂ ਉਹ ਦੀਵੇ ਚੁਨਣ ਲੱਗਣਗੇ। ਜਦ ਮੈਂ ਕਹਾਂਗੀ ਕਿ ਸੌ ਦੀਵੇ ਦੇ ਦੇਵੋ, ਤਾਂ ਉਹ ਦੀਵੇ ਛੱਡ ਕੇ ਮੇਰੇ ਵੱਲ ਦੇਖਣ ਲੱਗਣਗੇ। ਹਾਂ, ਕਹਿੰਦਿਆਂ ਮੈਂ ਉਹਨਾਂ ਤੋਂ ਆਪਣੀ ਨਜ਼ਰ ਚੁਰਾਵਾਂਗੀ ਕਿਉਂਕਿ ਮੈਨੂੰ ਪਤਾ ਹੈ ਕਿ ਮੈਨੂੰ ਸੌ ਦੀਵਿਆਂ ਦੀ ਜ਼ਰੂਰਤ ਨਹੀਂ। ਮੈਨੂੰ ਦੋ ਜਾਂ ਤਿੰਨ ਦਰਜਨ ਦੀਵੇ ਬਾਲਣੇ ਹੁੰਦੇ ਹਨ। ਪਰ ਮੈਂ ਉਹਨਾਂ ਬੱਚਿਆਂ ਨੂੰ ਖੁਸ਼ ਦੇਖਣਾ ਚਾਹੁੰਦੀ ਹਾਂ। ਸੌ ਰੁਪਏ ਉਹਨਾਂ ਬੱਚਿਆਂ ਦੇ ਹੱਥ ਫੜਾਵਾਂਗੀ ਤਾਂ ਬੱਚਿਆਂ ਦਾ ਸਵਾਲ ਹੋਵੇਗਾ, ‘ਅੰਟੀ ਖੁੱਲ੍ਹੇ ਦੇ ਦੇਵੋ, ਸਾਡੇ ਕੋਲ ਖੁੱਲ੍ਹੇ ਨਹੀਂ ਹਨ।’ ਮੈਂ ਵੀ ਜਾਣ ਬੁੱਝ ਕੇ ਕਹਿੰਦੀ ਹਾਂ, ਬੇਟੇ ਮੇਰੇ ਕੋਲ ਵੀ ਖੁੱਲ੍ਹੇ ਨਹੀਂ ਹਨ। ਇਸ ਤੋਂ ਪਹਿਲਾਂ ਕਿ ਬੱਚੇ ਖੁੱਲ੍ਹੇ ਪੈਸੇ ਮੋੜਨ ਲਈ ਪ੍ਰੇਸ਼ਾਨ ਹੋਣ, ਮੈਂ ਪਹਿਲਾਂ ਹੀ ਕਹਿ ਦਿੰਦੀ ਹਾਂ, ‘ਕੋਈ ਨਾ ਪੁੱਤਰ, ਅਗਲੀ ਦੀਵਾਲੀ ਨੂੰ ਮੋੜ ਦੇਣੇ।’ ਉਹ ਬੱਚੇ ਖੁਸ਼ੀ ਖੁਸ਼ੀ ਆਪਣੀ ਰੇਹੜੀ ਲੈ ਕੇ ਅੱਗੇ ਤੁਰ ਜਾਂਦੇ ਹਨ। ਪਰ ਉਹ ਮਾਸੂਮ ਨਹੀਂ ਜਾਣਦੇ ਕਿ ਮੈਂ ਇੱਕ ਸੌ ਰੁਪਇਆ ਦੇ ਕੇ ਦੀਵਿਆਂ ਦੇ ਨਾਲ ਨਾਲ ਆਉਣ ਵਾਲੀ ਦੀਵਾਲੀ ਤੱਕ ਇੱਕ ਸਾਲ ਦੀਆਂ ਖੁਸ਼ੀਆਂ ਅਡਵਾਂਸ ਲੈ ਲਈਆਂ ਹਨ। ਉਹ ਬੱਚੇ ਆਉਂਦੀ ਦੀਵਾਲੀ ਨੂੰ ਵੀ ਮੇਰਾ ਘਰ ਵਸਦਾ ਦੇਖਣ ਲਈ ਦੁਆਵਾਂ ਕਰਨਗੇ ਤੇ ਮੈਂ ਦੀਵੇ ਲੈਣ ਲਈ ਉਹਨਾਂ ਦੀ ਉਡੀਕ ਕਰਾਂਗੀ। ਮੈਂ ਨਮ ਅੱਖਾਂ ਨਾਲ ਉਹਨਾਂ ਬੱਚਿਆਂ ਨੂੰ ਦੂਰ ਤੱਕ ਜਾਂਦੇ ਦੇਖਦੀ ਰਹਿੰਦੀ ਹਾਂ। ਮੈਨੂੰ ਏਦਾਂ ਮਹਿਸੂਸ ਹੁੰਦਾ ਹੈ, ਜਿਵੇਂ ਰੌਸ਼ਨੀਆਂ ਦੇ ਫਰਿਸ਼ਤੇ ਮੇਰੇ ਘਰ ਰੌਸ਼ਨੀ ਦਾ ਸਾਮਾਨ ਦੇ ਕੇ ਗਏ ਹੋਣ ਤੇ ਮੈਂ ਵੀ ਇਹਨਾਂ ਫਰਿਸ਼ਤਿਆਂ ਤੋਂ ਰੌਸ਼ਨੀ ਦੇ ਨਾਲ ਨਾਲ ਆਉਣ ਵਾਲੀ ਦੀਵਾਲੀ ਲਈ ਵੀ ਵਰ ਮੰਗ ਲਿਆ ਹੋਵੇ। ਬੱਸ ਇਹੀ ਪਵਿੱਤਰ ਰਿਸ਼ਤਾ ਹੈ ਮੇਰਾ ਅਤੇ ਉਹਨਾਂ ਬੱਚਿਆਂ ਦਾ ਜੋ ਹਰ ਸਾਲ ਦੀਵਾਲੀ ਦੀ ਉਡੀਕ ਕਰਨ ਲਈ ਮੈਨੂੰ ਖਿੱਚ ਪਾਉਂਦਾ ਹੈ।

ਮੈਨੂੰ ਨਹੀਂ ਪਤਾ ਉਹ ਬੱਚੇ ਕੌਣ ਹਨ? ਹਿੰਦੂ, ਮੁਸਲਮਾਨ, ਸਿੱਖ ਜਾਂ ਈਸਾਈ, ਬੱਸ ਮੈਨੂੰ ਤਾਂ ਉਹਨਾਂ ਦੀ ਖੁਸ਼ੀ ਦਿਸਦੀ ਹੈ। ਭਾਵੇਂ ਬਚਪਨ ਵਾਲੀ ਉਹ ਦੀਵਾਲੀ ਕਦੇ ਨਹੀਂ ਆਈ, ਜਦ ਨਾਨੀ ਦੀ ਸਹੇਲੀ ਤਾਈ ਬਚਨੋ ਆਪਣੀ ਸੋਨੇ ਰੰਗੇ ਬਟਨਾਂ ਵਾਲੀ ਕੁੜਤੀ ਦੀ ਜੇਬ ਵਿੱਚੋਂ ਖੰਡ ਦੇ ਬਣੇ ਖਿਡੌਣੇ ਕੱਢ ਕੇ ਦਿੰਦੀ ਸੀ, ਜਦ ਨਾਨੀ ਨਾਲ ਦੇ ਬੰਦ ਪਏ ਘਰ ਦੇ ਅੱਗੇ ਦੋ ਦੀਵੇ ਮੈਨੂੰ ਰੱਖ ਆਉਣ ਲਈ ਕਹਿੰਦੀ ਸੀ। ਜਦ ਦਹਾਕਿਆਂ ਬਾਅਦ ਉਸ ਘਰ ਦਾ ਬੂਹਾ ਖੁੱਲਿਆ ਤਾਂ ਲੱਗਾ ਜਿਵੇਂ ਨਾਨੀ ਨੇ ਇਹਨਾਂ ਘਰਾਂ ਦੇ ਪ੍ਰਦੇਸੀ ਚਿਰਾਗਾਂ ਨੂੰ ਬੁਝਣ ਨਹੀਂ ਸੀ ਦਿੱਤਾ। ਹੁਣ ਦੀ ਦੀਵਾਲੀ ਮੈਨੂੰ ਧੁੰਦਲੀ-ਧੁੰਦਲੀ ਲੱਗਦੀ ਆ। ਹੁਣ ਜੇ ਇੱਕ ਘਰ ਵਿੱਚੋਂ ਦੋ ਪਟਾਕੇ ਚੱਲਣ ਦੀ ਆਵਾਜ਼ ਆਉਂਦੀ ਹੈ ਤਾਂ ਦੂਸਰੇ ਵਿੱਚੋਂ ਚਾਰ ਤੇ ਤੀਸਰੇ ਵਿੱਚੋਂ ਅੱਠ ਤਾਂ ਉਦੋਂ ਇੰਝ ਪ੍ਰਤੀਤ ਹੁੰਦਾ ਹੈ, ਜਿਵੇਂ ਅਸੀਂ ਕਿਸੇ ਪਿੰਡ ਜਾਂ ਸ਼ਹਿਰ ਨਹੀਂ, ਸਗੋਂ ਕਿਸੇ ਜੰਗ ਲੱਗੀ ਸਰਹੱਦ ਤੇ ਖੜ੍ਹੇ ਹੋਈਏ। ਕਿਸੇ ਬਿਮਾਰੀ ਜਾਂ ਉਨੀਂਦਰੇ ਕਾਰਨ ਤੜਫ਼ਦੇ ਬਜ਼ੁਰਗ ਜਾਂ ਬੀਮਾਰ ਦੀ ਆਵਾਜ਼ ਪਰਿਵਾਰ ਤੱਕ ਨਹੀਂ ਪਹੁੰਚਦੀ। ਕੁਝ ਦਿਨਾਂ ਜਾਂ ਮਹੀਨਿਆਂ ਦੇ ਬੱਚੇ ਨੂੰ ਇਹ ਦੁਨੀਆਂ ਰਾਖ਼ਸ਼ਿਸ਼ਾਂ ਦੀ ਲੱਗਦੀ ਹੈ। ਸਹਿਮੇ ਹੋਏ ਕੁੱਤੇ, ਬਿੱਲੀਆਂ ਜਾਨਵਰ ਨਾ ਜਾਣੇ ਸਾਡੀ ਅਕਲ ਬਾਰੇ ਕੀ ਕੁਝ ਸੋਚਦੇ ਹੋਣਗੇ? ਅਸੀਂ ਇਤਿਹਾਸਿਕ ਤੱਥਾਂ ਤੋਂ ਜਦ ਦੇਖਦੇ ਹਾਂ ਤਾਂ ਹਿੰਦੂ ਲੋਕ ਰਾਮ ਜੀ ਦੇ ਆਉਣ ਅਤੇ ਸਿੱਖ ਲੋਕ ਸ਼੍ਰੀ ਗੁਰੂ ਹਰਗੋਬਿੰਦ ਪਾਤਿਸ਼ਾਹ ਜੀ ਦੀ ਗਵਾਲੀਅਰ ਦੇ ਕਿਲੇ ਵਿੱਚੋਂ ਬਵੰਜਾ ਰਾਜਿਆਂ ਸਮੇਤ ਰਿਹਾਅ ਹੋਣ ਦੀ ਖੁਸ਼ੀ ਵਿੱਚ ਦੀਵਾਲੀ ਮਨਾਉਂਦੇ ਹਨ। ਪਰ ਸੱਚ ਤਾਂ ਇਹ ਹੈ ਕਿ ਅਸੀਂ ਰਾਮ ਜੀ ਅਤੇ ਗੁਰੂ ਹਰਗੋਬਿੰਦ ਪਾਤਿਸ਼ਾਹ ਦੇ ਅਸਲੀ ਉਪਦੇਸ਼ ਤੋਂ ਕੋਹਾਂ ਦੂਰ ਹਾਂ। ਰਾਮ ਜੀ ਨੇ ਤਾਂ ਆਪਣੀ ਮਤਰੇਈ ਮਾਂ ਦਾ ਕਹਿਣਾ ਵੀ ਸਿਰ ਮੱਥੇ ਮੰਨਿਆ। ਪਰ ਅਸੀਂ ਆਪਣੀਆਂ ਸਕੀਆਂ ਮਾਵਾਂ ਅਤੇ ਪਰਿਵਾਰਾਂ ਨੂੰ ਛੱਡ ਦੀਵਾਲੀ ਦੇ ਦਿਨ ਸ਼ਰਾਬਾਂ ਮੀਟ ਮੁਰਗਿਆਂ ਅਤੇ ਜੂਆ ਖੇਡਦਿਆਂ ਦੀਵਾਲੀ ਮਨਾਉਂਦੇ ਹਾਂ। ਕਾਫ਼ੀ ਕੁੜੀਆਂ ਅਤੇ ਔਰਤਾਂ ਨੇ ਵੀ ਦੀਵਾਲੀ ਦੇ ਪਵਿੱਤਰ ਦਿਨ ਅਤੇ ਰਾਤ ਨੂੰ ਕਿੱਟੀ ਪਾਰਟੀਆਂ ਵਿੱਚ ਜਾਣਾ ਹੁੰਦਾ ਹੈ। ਅਸੀਂ ਜਾਤੀਵਾਦ ਅਤੇ ਪਾਰਟੀਬਾਜ਼ੀ ਵਿੱਚ ਪੈ ਕੇ ਇਹ ਗੱਲ ਭੁੱਲ ਜਾਂਦੇ ਹਾਂ ਕਿ ਬਵੰਜਾਂ ਰਾਜੇ ਇੱਕ ਹੀ ਜਾਤ ਅਤੇ ਗੋਤ ਦੇ ਨਹੀਂ ਸਨ ਅਤੇ ਨਾ ਹੀ ਗੁਰੂ ਹਰਗੋਬਿੰਦ ਪਾਤਿਸ਼ਾਹ ਦੇ ਰਿਸ਼ਤੇਦਾਰ। ਉਹਨਾਂ ਵਿੱਚ ਜੇ ਕੋਈ ਰਿਸ਼ਤਾ ਸੀ ਤਾਂ ਪਿਆਰ ਦਾ। ਪਰ ਸਾਨੂੰ ਤਾਂ ਹੁਣ ਪਤਾ ਹੀ ਨਹੀਂ ਕਿ ਪਿਆਰ ਕੀ ਹੁੰਦਾ ਹੈ? ਇਨਸਾਨੀਅਤ ਕੀ ਹੁੰਦੀ ਹੈ? ਸਾਨੂੰ ਤਾਂ ਬੱਸ ਇੰਨਾ ਪਤਾ ਹੈ ਕਿ ਇਹ ਹਿੰਦੂ ਹਨ, ਇਹ ਸਿੱਖ ਹਨ - ਦਿਸਣੇ ਨਹੀਂ ਚਾਹੀਦੇ। ਇਹ ਮੁਸਲਮਾਨ ਹਨ, ਇਹ ਇਸਾਈ ਹਨ, ਇਹਨਾਂ ਨੂੰ ਇੱਥੋਂ ਕੱਢ ਦੇਵੋ - ਕਿਉਂਕਿ ਸਾਡੀ ਸੋਚ ਸੁੰਗੜ ਚੁੱਕੀ ਹੈ। ਸਾਡੇ ਵਿੱਚ ਹੁਣ ਸਭ ਤੋਂ ਵੱਡਾ ਪਾੜਾ ਧਰਮਾਂ ਦਾ ਹੈ। ਇਹ ਧਰਮ ਚੰਗਾ ਨਹੀਂ, ਇਹ ਧਰਮ ਉੱਚਾ ਨਹੀਂ, ਇਹ ਧਰਮ ਗ੍ਰੰਥ ਪਵਿੱਤਰ ਨਹੀਂ ਆਦਿ। ਪਰ ਕਿਸੇ ਵੀ ਧਾਰਮਿਕ ਗ੍ਰੰਥ ਵਿੱਚ ਨਹੀਂ ਲਿਖਿਆ ਕਿ ਅਲੱਗ ਅਲੱਗ ਧਰਮਾਂ ਦੇ ਲੋਕਾਂ ਦਾ ਖੂਨ ਅਲੱਗ ਅਲੱਗ ਹੈ। ਜਦ ਖੂਨ ਇੱਕ ਹੈ, ਮਾਸ ਹੱਡੀਆਂ ਇੱਕ ਹਨ ਤਾਂ ਇਹ ਧਰਮਾਂ ਅਤੇ ਜਾਤਾਂ ਦਾ ਕੀ ਪਾੜਾ ਹੈ?

ਸਬਜ਼ੀ ਲੈਣ ਗਈ ਦੇਖਦੀ ਹਾਂ, ਰਹੀਮ ਤੇ ਕਾਹਨਾਂ ਨਾਂ ਦੇ ਦੋ ਸਬਜ਼ੀ ਵਾਲੇ ਆਪਸ ਵਿੱਚ ਕੁਝ ਫੁਸਰ ਫੁਸਰ ਕਰ ਰਹੇ ਸਨ। ਮੈਂ ਉਹਨਾਂ ਨੂੰ ਕਾਫ਼ੀ ਸਮੇਂ ਤੋਂ ਦੇਖਦੀ ਹਾਂ, ਇਕੱਠੇ ਰੇਹੜੀਆਂ ਲਗਾਉਂਦਿਆਂ। ਇੱਕ ਨਾ ਹੋਵੇ ਤਾਂ ਦੂਸਰਾ ਸਬਜ਼ੀ ਤੋਲ ਦਿੰਦਾ ਹੈ ਤੇ ਪੈਸੇ ਉਸਦੀ ਰੇਹੜੀ ਦੇ ਬਕਸੇ ਵਿੱਚ ਪਾ ਦਿੰਦਾ। ਮੈਨੂੰ ਉਹ ਬਹੁਤ ਉਦਾਸ ਲੱਗੇ। ਮੈਨੂੰ ਉਹਨਾਂ ਨੂੰ ਪੁੱਛਣ ਦੀ ਜ਼ਰੂਰਤ ਨਹੀਂ ਪਈ ਕਿਉਂਕਿ ‘ਜੰਗ’ ਸ਼ਬਦ ਮੇਰੇ ਕੰਨਾਂ ਵਿੱਚ ਪੈ ਗਿਆ ਸੀ। ਵਾਪਸ ਆਉਂਦਿਆਂ ਸੋਚਦੀ ਹਾਂ, ਨਾ ਰਹੀਮ ਨੂੰ ਜੰਗ ਦਾ ਕਾਰਨ ਪਤਾ ਹੈ, ਨਾ ਕਾਹਨੇ ਨੂੰ। ਉਹਨਾਂ ਨੂੰ ਨਹੀਂ ਪਤਾ ਕਿ ਸਰਹੱਦ ਦੇ ਪਾਰ ਕੌਣ ਵੱਸਦੇ ਹਨ। ਉਹਨਾਂ ਨੂੰ ਨਹੀਂ ਪਤਾ ਕਿ ਇੱਥੇ ਹਿੰਦੂ, ਮੁਸਲਮਾਨ ਜਾਂ ਸਿੱਖ ਵਸਦੇ ਹਨ। ਬਸ ਰਹੀਮ ਨੂੰ ਕਾਹਨਾ ਖ਼ੁਦਾ ਲਗਦਾ ਹੈ ਤੇ ਕਾਹਨੇ ਨੂੰ ਰਹੀਮ ਭਗਵਾਨ। ਉਹਨਾਂ ਨੂੰ ਪਤਾ ਹੈ ਮੇਰੇ ਬਾਰੇ ਕਿ ਮੈਂ ਉਹਨਾਂ ਦੇ ਧਰਮ ਅਤੇ ਜਾਤ ਦੀ ਨਹੀਂ ਹਾਂ। ਫਿਰ ਵੀ ਉਹਨਾਂ ਦੀਆਂ ਅੱਖਾਂ ਵਿੱਚ ਮੈਂ ਆਪਣੇ ਲਈ ਪਿਆਰ ਅਤੇ ਸਤਿਕਾਰ ਦੇਖਦੀ ਹਾਂ। ਏਦਾਂ ਲਗਦਾ ਹੈ ਜਿਵੇਂ ਉਹਨਾਂ ਦੇ ਦਿਲਾਂ ਵਿੱਚ ਮੋਹ ਦੇ ਦੀਵੇ ਲਟ ਲਟ ਬਲਦੇ ਹੋਣ। ਪਤਾ ਨਹੀਂ ਇਹਨਾਂ ਦੀਵਿਆਂ ਨੂੰ ਉਹਨਾਂ ਨੇ ਕਿੰਨੀ ਕਿੰਨੀ ਕੀਮਤ ਦੇ ਕੇ ਜਗਦੇ ਰੱਖਿਆ ਹੋਵੇਗਾ। ਤਾਂ ਹੀ ਤਾਂ ਉਹ ਜੰਗ ਤੋਂ ਉਦਾਸ ਹਨ। ਪਰ ਉਹ ਕੀ ਜਾਨਣ ਕਿ ਨਾ ਤਾਂ ਰਹੀਮ ਜੰਗ ਚਾਹੁੰਦਾ ਹੈ ਤੇ ਨਾ ਹੀ ਕਾਹਨਾ। ਸਿਰਫ਼ ਕੁਰਸੀਆਂ ਹੀ ਜੰਗ ਚਾਹੁੰਦੀਆਂ ਹਨ। ਪਰ ਜੰਗ ਵਿੱਚ ਨੁਕਸਾਨ ਰਾਮ, ਰਹੀਮ ਅਤੇ ਕਾਹਨੇ ਦਾ ਹੀ ਹੁੰਦਾ ਹੈ, ਕੁਰਸੀਆਂ ਦਾ ਨਹੀਂ। ਉਹ ਲੋਕ ਨਹੀਂ ਜਾਣਦੇ ਸਿਕੰਦਰ ਵਰਗੇ ਖਾਲੀ ਹੱਥ ਗਏ ਅਤੇ ਬੁੱਲ੍ਹੇ ਸ਼ਾਹ ਵਰਗੇ ਫ਼ਕੀਰਾਂ ਦੀ ਦੁਨੀਆਂ ਅੱਜ ਵੀ ਦੀਵਾਨੀ ਹੈ।

ਇੱਕ ਐਸੇ ਇਨਸਾਨ ਨੂੰ ਸਾਲਾਂ ਤੋਂ ਜਾਣਦੀ ਹਾਂ ਜੋ ਹਰ ਦੀਵਾਲੀ ’ਤੇ ਕੁਝ ਦੀਵੇ, ਲੜੀਆਂ, ਮਠਿਆਈਆਂ ਅਤੇ ਫ਼ਲ ਖਰੀਦਦਾ ਹੈ। ਚੋਰਾਂ ਵਾਂਗ ਆਪਣੇ ਆਪ ਨੂੰ ਲੁਕਾਉਂਦਿਆਂ ਝੁੱਗੀਆਂ ਵਿਚ ਜਾਂਦਾ ਹੈ। ਹਰ ਝੁੱਗੀ ਵਿੱਚ ਬਿਨ ਬੋਲਿਆਂ ਸਾਮਾਨ ਵੰਡਦਾ ਹੈ। ਝੁੱਗੀਆਂ ਵਾਲਿਆਂ ਨੂੰ ਨਹੀਂ ਪਤਾ ਕਿ ਉਹ ਕੌਣ ਹੈ? ਉਸਦੇ ਪਰਿਵਾਰ ਨੂੰ ਵੀ ਨਹੀਂ ਪਤਾ ਕਿ ਦੀਵਾਲੀ ਨੂੰ ਉਹ ਕਿੱਥੇ ਜਾਂਦਾ ਹੈ। ਪਰ ਜਦ ਉਹ ਝੁੱਗੀਆਂ ਵਿੱਚੋਂ ਵਾਪਿਸ ਪਰਤਦਾ ਹੈ ਤਾਂ ਕੋਹਾਂ ਤੋਂ ਪਤਾ ਲਗਦਾ ਹੈ ਕਿ ਇਸ ਬਸਤੀ ਵਿੱਚ ਅੱਜ ਕੋਈ ਫਰਿਸ਼ਤਾ ਖੁਸ਼ੀਆਂ ਵੰਡ ਕੇ ਗਿਆ ਹੈ। ਕੋਈ ਮੋਹ ਦੇ ਦੀਵੇ ਬਾਲ ਕੇ ਗਿਆ ਹੈ। ਮੈਨੂੰ ਜ਼ਿਆਦਾ ਤਾਂ ਨਹੀਂ ਪਤਾ ਪਰ ਉਸ ਆਦਮੀ ਦੇ ਵਾਪਿਸ ਪਰਤਣ ਤੋਂ ਬਾਅਦ ਜੇ ਕੋਈ ਉਸ ਬਸਤੀ ਵਿੱਚ ਜਾ ਕੇ ਪੁੱਛੇਗਾ ਤਾਂ ਉਹ ਇਹੀ ਕਹਿਣਗੇ ਖ਼ੁਦਾ ਭੇਦ ਭਾਵ ਨਹੀਂ ਕਰਦਾ, ਸਭ ਨੂੰ ਬਰਾਬਰ ਸਮਝਦਾ ਹੈ। ਪਰ ਅਸੀਂ ਕਿੱਥੇ ਖੜ੍ਹੇ ਹਾਂ? ਖੁਸ਼ੀਆਂ ਦਿੰਦੇ ਹਾਂ ਕਿ ਖੋਂਹਦੇ ਹਾਂ? ਅਸੀਂ ਭਗਵਾਨ ਹਾਂ ਕਿ ਸ਼ੈਤਾਨ? ਆਪਣੇ ਆਪ ਦਾ ਮੁਲਾਂਕਣ ਕਰੀਏ। ਬਹੁਤ ਸਾਲ ਪਹਿਲਾਂ ਕਰਨਾ ਚਾਹੀਦਾ ਸੀ, ਨਹੀਂ ਕੀਤਾ। ਜ਼ਰੂਰਤ ਵੀ ਨਹੀਂ ਸਮਝੀ। ਦੇਸ਼ ਆਜ਼ਾਦ ਹੋਣਾ ਚਾਹੀਦਾ ਸੀ, ਹੋ ਗਿਆ। ਆਪ ਤੋਂ ਗਰੀਬਾਂ ਨੂੰ ਅਜੇ ਵੀ ਅਸੀਂ ਗੁਲਾਮ ਰੱਖਿਆ ਹੋਇਆ ਹੈ। ਮਨ ਨੂੰ ਜਾਤੀਵਾਦ, ਭੇਦਭਾਵ, ਗਰੀਬੀ ਅਮੀਰੀ, ਊਚ ਨੀਚ ਤੋਂ ਆਜ਼ਾਦ ਨਹੀਂ ਕੀਤਾ। ਇਸ ਨੂੰ ਹੋਰ ਵੀ ਮੋਟੇ, ਤਿੱਖੇ ਅਤੇ ਸੰਘਣੇ ਪਿੰਜਰੇ ਵਿੱਚ ਕੈਦ ਕਰ ਲਿਆ। ਜੇ ਇਸ ਨੂੰ ਆਜ਼ਾਦ ਕਰ ਦਿੱਤਾ ਤਾਂ ਇਹ ਮਠਿਆਈ ਨੂੰ ਵੰਡ ਕੇ ਖਾਣ ਲਈ ਕਹੇਗਾ। ਹਰ ਦੇਹਲੀ ’ਤੇ ਖੁਸ਼ੀਆਂ ਦੇ ਦੀਵੇ ਬਾਲਣ ਲਈ ਕਹੇਗਾ। ਜੇ ਐਸਾ ਹੋ ਗਿਆ, ਮਨ ਦੀ ਮੰਨ ਲਈ ਤਾਂ ਲੋਕ ਕਿਤੇ ਤੈਨੂੰ ਵੀ ਨੀਵਾਂ ਨਾ ਸਮਝ ਬੈਠਣ। ਬੱਸ ਇਹੀ ਵਹਿਮ ਤੈਨੂੰ ਬੰਨ੍ਹੀ ਬੈਠਾ ਹੈ। ਤੈਨੂੰ ਚੰਗੇ ਕਰਮ ਕਰਨ ਤੋਂ ਰੋਕ ਰਿਹਾ ਹੈ।

ਗਰਭਵਤੀ ਲੱਛਮੀ ਦਾ ਰੋਂਦਾ ਚਿਹਰਾ ਅਚਾਨਕ ਮੇਰੀਆਂ ਅੱਖਾਂ ਅੱਗੇ ਆਇਆ, ਕਿਉਂਕਿ ਪਿਛਲੀ ਦੀਵਾਲੀ ਦੇ ਦਿਨਾਂ ਵਿੱਚ ਲੱਛਮੀ ਕਿਸੇ ਤੋਂ ਦੋ ਸੌ ਰੁਪਏ ਫੜ ਕੇ ਸਰਕਾਰੀ ਹਸਪਤਾਲ ਵਿੱਚ ਆਪਣਾ ਚੈੱਕਅੱਪ ਕਰਾਉਣ ਚੱਲੀ ਸੀ। ਤੁਰੀ ਜਾਂਦੀ ਨੂੰ ਦੋ ਮੋਟਰਸਾਈਕਲ ਸਵਾਰਾਂ ਨੇ ਜ਼ੋਰ ਦੀ ਧੱਕਾ ਮਾਰਿਆ ਤੇ ਉਸਦੇ ਹੱਥ ਵਿੱਚੋਂ ਲਿਫਾਫ਼ਾ ਖੋਹ ਕੇ ਲੈ ਗਏ, ਜਿਸ ਵਿੱਚ ਦੋ ਸੌ ਰੁਪਏ ਤੇ ਉਸਦਾ ਜਣੇਪੇ ਵਾਲਾ ਕਾਰਡ ਸੀ। ਜਦ ਸਹਿਮੀ ਹੋਈ ਲੱਛਮੀ ਤੋਂ ਪੁਲਿਸ ਨੇ ਪੁੱਛਿਆ ਕਿ ‘ਉਹ ਕਿੱਦਾਂ ਦੇ ਸਨ’ ਤਾਂ ਉਹ ਇੰਨਾ ਹੀ ਕਹਿ ਸਕੀ ਕਿ ਉਹ ਬਹੁਤ ਜਰਵਾਣੇ ਸਨ ਤੇ ਵੱਡੇ ਵੱਡੇ ਹੱਥਾਂ ਵਾਲੇ ਸਨ। ਇਸ ਧੱਕੇ ਨੇ ਲੱਛਮੀ ਦਾ ਲਿਫਾਫਾ ਹੀ ਨਹੀਂ ਸੀ ਖੋਹਿਆ, ਬੱਚਾ ਵੀ ਖੋਹ ਲਿਆ ਸੀ। ਲੱਛਮੀ ਨੂੰ ਹੁਣ ਹਰ ਦੀਵਾਲੀ ਖੂਨੀ ਲਗਦੀ ਹੈ। ਮੈਂ ਹੁਣ ਲਿਫਾਫਾ ਖੋਂਹਦੇ ਵੱਡੇ ਵੱਡੇ ਖ਼ੂਨੀ ਹੱਥਾਂ ਅਤੇ ਦੀਵੇ ਗਿਣਦੇ ਹੱਥਾਂ ਦੀ ਤੁਲਨਾ ਕਰਨ ਲਗਦੀ ਹਾਂ। ਲੱਛਮੀ ਸੋਚਦੀ ਹੋਵੇਗੀ ਕਿ ਉਹ ਵੱਡੇ ਵੱਡੇ ਹੱਥ ਦੁਨੀਆਂ ਤੋਂ ਛੇਤੀ ਚਲੇ ਜਾਣ ਤਾਂ ਜੋ ਕਿਸੇ ਹੋਰ ਦੀ ਗੋਦ ਸੁੰਨੀ ਨਾ ਹੋਵੇ। ਮੈਂ ਸੋਚਦੀ ਹਾਂ ਕਿ ਉਹ ਦੀਵੇ ਗਿਣਦੇ ਹੱਥ, ਪਿਆਰ ਤੇ ਰੌਸ਼ਨੀਆਂ ਵੰਡਦੇ ਹੱਥ, ਹਰ ਘਰ ਨੂੰ ਰੁਸ਼ਨਾਉਂਦੇ, ਦੀਵੇ ਬਣਾਉਣ ਵਾਲੇ ਹੱਥ, ਰੱਬ ਕਰੇ ਰਹਿੰਦੀ ਦੁਨੀਆਂ ਤੱਕ ਸਲਾਮਤ ਰਹਿਣ, ਜਿਹਨਾਂ ਦੀਆਂ ਨਰਮ ਕਲਾਈਆਂ ਫੜ ਕੇ ਹੱਥ ਚੁੰਮਣ ਨੂੰ ਜੀਅ ਕਰਦਾ ਹੈ। ਰੱਬ ਨੇ ਕਿੰਨੇ ਪਿਆਰ ਨਾਲ ਬਣਾਏ ਹੋਣਗੇ ਇਹ ਦੀਵੇ ਵੰਡਣ ਵਾਲੇ ਹੱਥ।

*****

(868)

ਆਪਣੇ ਵਿਚਾਰ ਸਾਂਝੇ ਕਰੋ: (This email address is being protected from spambots. You need JavaScript enabled to view it.)

About the Author

ਬੇਅੰਤ ਕੌਰ ਗਿੱਲ

ਬੇਅੰਤ ਕੌਰ ਗਿੱਲ

Moga, Punjab, India.
Phone: (91 - 94656 - 06210)

Email: (gillbeant49@gmail.com)

More articles from this author