“ਮੈਂ ਗ਼ਲਤੀਆਂ ਕੀਤੀਆਂ, ਉਨ੍ਹਾਂ ਦੀ ਸਜ਼ਾ ਭੁਗਤ ਰਿਹਾ ਹਾਂ। ਮੈਨੂੰ ਆਪਣੇ ਕੀਤੇ ’ਤੇ ਪਛਤਾਵਾ ਹੈ। ਪਰ ਸਜ਼ਾ ਲਈ ...”
(24 ਮਾਰਚ 2018)
“ਤੂੰ ਕਿੱਥੇ ਰਹਿ ਗਈ ਸੀ?” ਜਦ ਨਾਨੀ ਨੇ ਦੋ ਵਾਰ ਕਿਹਾ ਤਾਂ ਮੈਨੂੰ ਲੱਗਾ ਕਿ ਨਾਨੀ ਕੁਝ ਪੁੱਛ ਰਹੀ ਸੀ। ਸੱਚਮੁੱਚ ਸੁੱਤਾ ਹੋਇਆ ਦਿਮਾਗ ਤੇ ਸਹਿਮਿਆ ਹੋਇਆ ਦਿਲ ਹੁਣ ਧੜਕਿਆ ਸੀ। ਮੇਰਾ ਮਿੱਟੀ ਨਾਲ ਭਰਿਆ ਮੂੰਹ ਸਿਰ ਦੇਖ ਨਾਨੀ ਘਬਰਾ ਗਈ ਸੀ। ਇਹ ਘਟਨਾ ਮੇਰੇ ਨਾਨਕੇ ਪਿੰਡ ਵਾਪਰੀ, ਜਦ ਮੈਂ ਹਾਈ ਸਕੂਲ ਵਿੱਚ ਪੜ੍ਹਦੀ ਸੀ। ਸਾਡਾ ਡਰਾਇੰਗ ਦਾ ਪੇਪਰ ਸੀ ਕਿ ਸਕੂਲ ਵਿੱਚ ਅਚਾਨਕ ਰੌਲਾ ਪੈ ਗਿਆ, “ਅੱਤਵਾਦੀ ਆ ਗਏ … ਅੱਤਵਾਦੀ ਆ ਗਏ …।” ਸਭ ਬੱਚੇ ਅਤੇ ਅਧਿਆਪਕ ਆਪਣੀ ਜਾਨ ਬਚਾਉਣ ਲਈ ਸਕੂਲ ਛੱਡ ਕੇ ਭੱਜ ਨਿੱਕਲੇ। ਸਾਡਾ ਕਮਰਾ ਮੇਨ ਗੇਟ ਦੇ ਬਿਲਕੁਲ ਨੇੜੇ ਸੀ, ਸੋ ਸਾਡੀ ਜਮਾਤ ਸਭ ਤੋਂ ਪਹਿਲਾਂ ਭੱਜੀ। ਨੇੜੇ ਦੇ ਪੰਜ-ਛੇ ਪਿੰਡਾਂ ਵਿੱਚੋਂ ਸਿਰਫ਼ ਇਸ ਪਿੰਡ ਵਿੱਚ ਹੀ ਹਾਈ ਸਕੂਲ ਸੀ। ਅੱਠਵੀਂ, ਨੌਵੀਂ ਤੇ ਦਸਵੀਂ ਦੇ ਬੱਚੇ ਕਾਫ਼ੀ ਜਰਵਾਣੇ ਹੁੰਦੇ ਸਨ, ਕਿਉਂਕਿ ਛੇ ਸਾਲ ਦਾ ਬੱਚਾ ਪੜ੍ਹਨ ਲੱਗਦਾ ਸੀ ਤੇ ਦੋ ਤਿੰਨ ਬਰੇਕ ਦਸ ਸਾਲਾਂ ਵਿੱਚ ਲਾ ਜਾਂਦਾ ਸੀ। ‘ਅੱਠਵੀਂ ਤੱਕ ਸਭ ਪਾਸ’ ਵਾਲਾ ਕਾਨੂੰਨ ਉਦੋਂ ਨਹੀਂ ਸੀ।
ਮੈਨੂੰ ਧੱਕਾ ਤੇ ਮੈਂ ਵੱਜਾ ਮੈਂ ਡਿੱਗ ਪਈ। ਰੇਤਲਾ ਇਲਾਕਾ ਹੋਣ ਕਰਕੇ ਰੇਤ ਬਹੁਤ ਸੀ। ਰੇਤ ਨੇ ਜਿਵੇਂ ਮੈਨੂੰ ਬਚਾ ਲਿਆ। ਮੈਂ ਨਾਨੀ ਦੀ ਗੱਲ ਅਣਸੁਣੀ ਕਰਦਿਆਂ ਸਵਾਲ ਕੀਤਾ, “ਨਾਨੀ, ਅੱਤਵਾਦੀ ਕੌਣ ਹੁੰਦੇ ਹਨ?”
ਨਾਨੀ ਦੋ ਕੁ ਮਿੰਟ ਚੁਪ ਰਹੀ ਤੇ ਫਿਰ ਲੰਬਾ ਹਉਕਾ ਲੈ ਕੇ ਬੋਲੀ, “ਪੁੱਤ, ਮਾੜੀ ਕਿਸਮਤ ਵਾਲੇ।” ਮੈਨੂੰ ਨਾਨੀ ਦੀ ਗੱਲ ਦੀ ਕੁਝ ਸਮਝ ਨਾ ਆਈ। ਇਹ ਵੀ ਸੱਚ ਹੈ ਕਿ ਅੱਜ ਕੱਲ੍ਹ ਦੇ ਬੱਚਿਆਂ ਜਿੰਨਾ ਗਿਆਨ ਉਸ ਵੇਲੇ ਨਹੀਂ ਹੁੰਦਾ ਸੀ ਤੇ ਨਾ ਹੀ ਦੁਬਾਰਾ ਸਵਾਲ ਕਰਨ ਦੀ ਹਿੰਮਤ। ਸੋ ਗੱਲ ਆਈ ਗਈ ਹੋ ਗਈ।
ਅੱਜ ਸਫ਼ਰ ਕਰਦਿਆਂ ਇੱਕ ਔਰਤ ਜੋ ਮੇਰੇ ਨਾਲ ਬੈਠੀ ਸੀ, ਕੋਲ ਬੈਠੇ ਆਦਮੀ, ਜੋ ਸ਼ਾਇਦ ਉਸਦਾ ਪਤੀ ਸੀ, ਨੂੰ ਕਹਿ ਰਹੀ ਸੀ, “ਪਤਾ ਨਹੀਂ ਮਾੜੀ ਕਿਸਮਤ ਵਾਲਾ ਆਪਣੇ ਜਿਉਂਦੇ ਜੀਅ ਘਰ ਆਵੇਗਾ ਜਾਂ ਉਸਦੇ ਆਉਣ ਤੋਂ ਪਹਿਲਾਂ ਆਪਾਂ ਇਸ ਦੁਨੀਆਂ ਤੋਂ ਚਲੇ ਜਾਵਾਂਗੇ।” ਉਹ ਦੋਵੇਂ ਬਹੁਤ ਉਦਾਸ ਲੱਗ ਰਹੇ ਸਨ। ਮੈਨੂੰ ਨਾਨੀ ਦੀ ਗੱਲ ਯਾਦ ਆ ਗਈ। ਮੇਰੇ ਕੋਲੋਂ ਰਿਹਾ ਨਾ ਗਿਆ। ਮੈਂ ਉਸ ਔਰਤ ਤੋਂ ਪੁੱਛ ਹੀ ਲਿਆ। ਉਸਨੇ ਜੋ ਦੱਸਿਆ ਮੈਨੂੰ ਮੇਰੇ ਅਤੇ ਮੇਰੇ ਬੱਚਿਆਂ ’ਤੇ ਵਰਤਦਾ ਪ੍ਰਤੀਤ ਹੋਇਆ। ਉਸ ਔਰਤ ਨੇ ਇੱਕ ਚਿੱਠੀ ਵੀ ਮੈਨੂੰ ਦਿਖਾਈ, ਜੋ ਉਸ ਔਰਤ ਦੇ ਬੇਟੇ ਨੇ ਜੇਲ੍ਹ ਵਿੱਚੋਂ ਆਪਣੀ ਮੰਗੇਤਰ ਦੇ ਨਾਂ ਲਿਖੀ ਸੀ। ਉਸਦੇ ਬੇਟੇ ਨੇ ਲਿਖਿਆ ਸੀ, “ਦੇਖ ਪਰਿਤ, ਹਾਲਾਤ ਨੂੰ ਸਮਝਣ ਦੀ ਕੋਸ਼ਿਸ਼ ਕਰ ਤੇ ਆਪਣੀ ਜ਼ਿੰਦਗੀ ਕਿਸੇ ਨੇਕ ਇਨਸਾਨ ਨਾਲ ਸ਼ੁਰੂ ਕਰ। ।”
ਉਸ ਮੁੰਡੇ ਨੂੰ ਉਮਰ ਕੈਦ ਹੋ ਚੁੱਕੀ ਸੀ। ਉਹ ਮੁੰਡਾ ਇੱਕ ਬਹੁਤ ਹੀ ਵਧੀਆ ਘਰ-ਘਰਾਣੇ ਦਾ ਸੀ। ਸਕੂਲਾਂ-ਕਾਲਜਾਂ ਵਿੱਚੋਂ ਸਨਮਾਨ ਹਾਸਲ ਕਰ ਕੇ ਯੂਨੀਵਰਸਿਟੀ ਪਹੁੰਚ ਗਿਆ। ਉਹ ਨੇਕ ਮੁੰਡਾ ਯੂਨੀਵਰਸਿਟੀ ਦੇ ਮਾਹੌਲ ਅਨੁਸਾਰ ਆਪਣੇ ਆਪ ਨੂੰ ਢਾਲਣ ਦੀ ਕੋਸ਼ਿਸ਼ ਕਰ ਰਿਹਾ ਸੀ। ਉਸਦੇ ਆਪਣੇ ਨਿਯਮ ਸਨ ਜ਼ਿੰਦਗੀ ਦੇ। ਨਾ ਹੀ ਕਿਸੇ ਨੂੰ ਕੁਝ ਕਹਿਣਾ ਤੇ ਨਾ ਹੀ ਅਖਵਾਉਣਾ। ਕੁਝ ਸਮਾਂ ਬਰਦਾਸ਼ਤ ਕਰਨ ਦੀ ਕੋਸ਼ਿਸ ਕੀਤੀ। ਪਰ ਪਤਾ ਹੀ ਨਾ ਲੱਗਾ ਕਦੋਂ ਉਸਨੇ ਇਹ ਬਰਦਾਸ਼ਤ ਬਲ ਖ਼ਤਮ ਕਰ ਕੇ ਡੱਬ ਵਿਚ ਪਿਸਤੌਲ ਪਾ ਲਿਆ। ਦੋ ਪਾਰਟੀਆਂ ਬਣ ਗਈਆਂ। ਮੁੰਡਿਆਂ ਕੁੜੀਆਂ ਵਿੱਚ ਉਸਦੇ ਹੌਸਲੇ ਦੇ ਚਰਚੇ ਹੋਣ ਲੱਗੇ। ਅਖੀਰ ਇੱਕ ਦਿਨ ਉਸਦੇ ਹੱਥੋਂ ਪਿਸਤੌਲ ਚੱਲ ਗਿਆ। ਦੂਸਰੀ ਪਾਰਟੀ ਦੇ ਮੁੰਡੇ ਜ਼ਖਮੀ ਹੋ ਗਏ। ਉਹ ਭਗੌੜਾ ਹੋ ਗਿਆ।
ਦੋ ਚਾਰ ਮੋਹਤਬਾਰ ਬੰਦਿਆਂ ਨੂੰ ਵਿੱਚ ਪਾ ਕੇ ਗੱਲ ਕੀਤੀ, ਰਾਜ਼ੀਨਾਮਾ ਹੋ ਗਿਆ। ਯੂਨੀਵਰਸਿਟੀ ਛੱਡ ਘਰ ਦੇ ਕੰਮ ਕਰਨ ਲੱਗ ਗਿਆ। ਹੁਣ ਜਦ ਵੀ ਕਿਤੇ ਗੋਲੀ ਚਲਦੀ, ਚੋਰੀ ਹੁੰਦੀ, ਨਜ਼ਾਇਜ਼ ਸ਼ਰਾਬ ਫੜੀ ਜਾਂਦੀ, ਪੁਲਿਸ ਉਸਦੇ ਘਰ ਆ ਜਾਂਦੀ। ਅਖੀਰ ਉਸਨੇ ਆਪਣਾ ਘਰ ਛੱਡ ਦਿੱਤਾ।
ਹੁਣ ਕੁਝ ਹੋਰ ਮੁੰਡੇ ਇੱਕ-ਇੱਕ ਦੋ-ਦੋ ਕਰਕੇ ਉਹਦੇ ਨਾਲ ਰਲਣ ਲੱਗੇ। ਉਹ ਗੈਂਗਸਟਰ ਦੇ ਨਾਂ ਨਾਲ ਜਾਣਿਆ ਜਾਣ ਲੱਗਾ। ਉਸਨੇ ਹੁਣ ਕੁਝ ਵੀ ਬੁਰਾ ਨਾ ਕੀਤਾ, ਪਰ ਆਪਣੀ ਜਾਨ ਬਚਾਉਣ ਲਈ ਓਪਰੀਆਂ ਥਾਵਾਂ ਦੀ ਸ਼ਰਨ ਲੈਂਦਾ ਰਿਹਾ। ਇੱਕ ਦਿਨ ਕਿਤੇ ਗੋਲੀਆਂ ਚੱਲੀਆਂ, ਕਤਲ ਹੋਏ ਤਾਂ ਪੁਲਿਸ ਗਸ਼ਤ ਵਧ ਗਈ। ਉਹ ਖੇਤਾਂ ਵਿੱਚ ਭੇਸ ਬਦਲ ਕੇ ਕੰਮ ਕਰਦਾ ਪੁਲਿਸ ਦੇ ਅੜਿੱਕੇ ਆ ਗਿਆ।
ਕੇਸ ਚੱਲਿਆ। ਉਮਰ ਕੈਦ ਹੋ ਗਈ। ਉਸਨੇ ਮਾਂ-ਬਾਪ ਨੂੰ ਕੋਈ ਕਾਰਵਾਈ ਨਾ ਕਰਨ ਦਿੱਤੀ। ਕਿਉਂਕਿ ਉਹ ਸੋਚਦਾ ਸੀ, ਜੇਲ ਹੀ ਉਸ ਲਈ ਸੁਰੱਖਿਅਤ ਜਗ੍ਹਾ ਹੈ।
ਉਸਦੀ ਮੰਗੇਤਰ ਉਸ ਨੂੰ ਬਚਪਨ ਤੋਂ ਜਾਣਦੀ ਹੈ, ਕਿ ਉਹ ਐਸਾ ਨਹੀਂ ਸੀ। ਉਸ ਦੇ ਅੰਦਰ ਦਯਾ, ਧਰਮ, ਦਰਦ ਸਭ ਸਨ। ਉਹ ਕਿਸੇ ਨੂੰ ਉੱਚੀ ਨਹੀਂ ਸੀ ਬੋਲਦਾ। ਕੁੜੀਆਂ ਨੂੰ ਕਦੇ ਪਰੇਸ਼ਾਨ ਨਹੀਂ ਸੀ ਕਰਦਾ। ਸਗੋਂ ਜੋ ਕੁੜੀਆਂ ਉਸ ਨੂੰ ਲਗਦਾ ਸੀ ਕਿ ਪੜ੍ਹਨ ਘੱਟ ਤੇ ਮਾਪਿਆਂ ਦਾ ਪੈਸਾ ਉਡਾਉਣ ਆਉਂਦੀਆਂ ਹਨ, ਉਹਨਾਂ ਨੂੰ ਵੀ ਸਮਝਾਉਂਦਾ ਸੀ। ਉਸਨੇ ਆਪਣੀ ਮੰਗੇਤਰ ਬਾਰੇ ਵੀ ਕਿਸੇ ਨੂੰ ਨਹੀਂ ਸੀ ਦੱਸਿਆ। ਉਸ ਨਾਲ ਵੀ ਉਹ ਦੂਸਰੀਆਂ ਕੁੜੀਆਂ ਵਾਂਗ ਹੀ ਵਿਵਹਾਰ ਕਰਦਾ ਸੀ। ਉਸਨੇ ਇਸ ਚਿੱਠੀ ਵਿੱਚ ਲਿਖਿਆ, “ਪ੍ਰੀਤ, ਜੇ ਤੂੰ ਮੈਨੂੰ ਸੱਚਾ ਪਿਆਰ ਕਰਦੀ ਹੈਂ ਤਾਂ ਹਰ ਕਾਲਜ ਅਤੇ ਯੂਨੀਵਰਸਿਟੀ ਦੇ ਮੁੰਡੇ ਕੁੜੀਆਂ ਤੱਕ ਮੇਰਾ ਸੁਨੇਹਾ ਪਹੁੰਚਦਾ ਕਰਦੇ ਕਿ ਜਵਾਨੀ ਨੇ ਆਉਣਾ ਹੈ ਤੇ ਢਲ਼ ਜਾਣਾ ਹੈ, ਪਰ ਜਦ ਤੂਫ਼ਾਨ ਆਉਣ ਤਾਂ ਲੰਮੇ ਪੈ ਕੇ ਤੂਫ਼ਾਨਾਂ ਨੂੰ ਗੁਜ਼ਰ ਜਾਣ ਦਿਓ। ਆਪਣੇ ਮਾਂ ਬਾਪ ਬਾਰੇ ਸੋਚਣਾ, ਧੜੇਬੰਦੀ ਤੋਂ ਦੂਰ ਰਹਿਣਾ। ਸਹਿਣਸ਼ਕਤੀ ਵਧਾਉਣੀ, ਪੜ੍ਹਾਈ ਪੂਰੀ ਕਰ ਕੇ ਆਪਣੇ ਮਾਪਿਆਂ ਅਤੇ ਦੇਸ਼ ਦਾ ਨਾਮ ਰੌਸ਼ਨ ਕਰਨਾ। ਚੰਗੇ ਅਹੁਦਿਆ ’ਤੇ ਬਿਰਾਜਮਾਨ ਹੋ ਕੇ ਫ਼ਖ਼ਰ ਨਾਲ ਜਿਉਣਾ।”
ਉਸਨੇ ਅੱਗੇ ਲਿਖਿਆ, “ਦੋਸਤੋ, ਮੇਰੀ ਉਮਰ ਬਹੁਤ ਛੋਟੀ ਹੈ। ਬਾਕੀ ਜੇਲ੍ਹ ਵਿੱਚ ਗੁਜ਼ਰ ਜਾਵੇਗੀ। ਮੈਂ ਗ਼ਲਤੀਆਂ ਕੀਤੀਆਂ, ਉਨ੍ਹਾਂ ਦੀ ਸਜ਼ਾ ਭੁਗਤ ਰਿਹਾ ਹਾਂ। ਮੈਨੂੰ ਆਪਣੇ ਕੀਤੇ ’ਤੇ ਪਛਤਾਵਾ ਹੈ। ਪਰ ਸਜ਼ਾ ਲਈ ਕੋਈ ਪਛਤਾਵਾ ਨਹੀਂ। ਮੈਨੂੰ ਇਹ ਹੋਣੀ ਚਾਹੀਦੀ ਸੀ, ਕਿਉਂਕਿ ਮੈਂ ਮਾਂ-ਬਾਪ ਦੇ ਮਨ੍ਹਾਂ ਕਰਨ ਦੇ ਬਾਵਜੂਦ ਵੀ ਪਿਸਤੌਲ ਰੱਖਿਆ। ਮੇਰੀ ਚੰਗੀ ਕਿਸਮਤ, ਜੋ ਮੈਨੂੰ ਇੱਥੇ ਬਹੁਤ ਹੀ ਨੇਕ ਸੁਪਰਡੈਂਟ ਮਿਲਿਆ ਹੈ, ਜੋ ਮੇਰੇ ਅੰਦਰ ਚੰਗੇ ਇਨਸਾਨਾਂ ਵਾਂਗ ਜ਼ਿੰਦਗੀ ਜਿਉਣ ਦੇ ਗੁਣ ਭਰ ਰਿਹਾ ਹੈ। ਤੁਹਾਡਾ ਬਦਕਿਸਮਤ ਦੋਸਤ।”
ਮੇਰੀਆਂ ਅੱਖਾਂ ਵਿੱਚ ਹੰਝੂ ਆ ਗਏ। ਸੱਚ ਹੀ ਤਾਂ ਕਿਹਾ ਹੈ ਉਸ ਬੱਚੇ ਨੇ, ਤੂਫ਼ਾਨ ਤਾਂ ਗੁਜ਼ਰ ਜਾਂਦੇ ਨੇ ਪਰ ਬਚਦੇ ਉਹ ਨੇ ਜੋ ਲੰਮੇ ਪੈ ਜਾਂਦੇ, ਲਿਫ ਜਾਂਦੇ। ਪਰ ਇਹ ਵੀ ਸੱਚ ਹੈ ਕਿ ਸਕੂਲਾਂ, ਕਾਲਜਾਂ, ਯੂਨੀਵਰਸਿਟੀਆਂ ਵਿੱਚ ਸਿਰਫ਼ ਤੇ ਸਿਰਫ਼ ਕਿਤਾਬੀ ਗਿਆਨ ਹੀ ਦਿੱਤਾ ਜਾਂਦਾ ਹੈ। ਕਾਸ਼! ਕਾਲਜਾਂ-ਯੂਨੀਵਰਸਿਟੀਆਂ ਵਿੱਚ ਪਹਿਲੇ ਮਹੀਨੇ ਦੇ ਸਿਲੇਬਸ ਵਿੱਚ ਨੌਜਵਾਨਾਂ ਨੂੰ ਫੀਲਡ ਵਿੱਚ ਲਿਜਾਇਆ ਜਾਵੇ। ਉਹਨਾਂ ਨੂੰ ਜ਼ਿੰਦਗੀ ਦੇ ਉਹ ਸੱਚ ਦਿਖਾਏ ਜਾਣ, ਜੋ ਕਿਤਾਬਾਂ ਵਿੱਚ ਨਹੀਂ ਹਨ। ਉਹਨਾਂ ਨੂੰ ਝੌਂਪੜੀਆਂ ਵਿੱਚ ਵਸਦੇ ਪਰਿਵਾਰ ਦਿਖਾਏ ਜਾਣ, ਤਿੰਨ-ਤਿੰਨ ਮੰਜ਼ਲੀਆਂ ਅਸਮਾਨ ਛੂੰਹਦੀਆਂ ਉਹ ਇਮਾਰਤਾਂ ਦਿਖਾਈਆਂ ਜਾਣ, ਜੋ ਉੱਜੜ ਗਏ ਪਰਿਵਾਰਾਂ ਨੂੰ ਉਡੀਕਦੀਆਂ ਹਨ। ਜੇਲਾਂ ਵਿੱਚ ਰੁਲ਼ਦੀਆਂ ਜ਼ਿੰਦਗੀਆਂ ਵਿਖਾਈਆਂ ਜਾਣ, ਜੋ ਸਹੀ ਰਾਹ ਨਾ ਵਿਖਾਏ ਜਾਣ ’ਤੇ ਭਟਕ ਗਈਆਂ ਸਨ। ਵਿਧਵਾ ਆਸ਼ਰਮ, ਅਨਾਥ ਆਸ਼ਰਮ ਵਿਖਾਏ ਜਾਣ। ਨੌਜਵਾਨ ਸਹਾਰਿਆਂ ਨੂੰ ਉਡੀਕਦੇ ਬਿਰਧ-ਆਸ਼ਰਮਾਂ ਵਿੱਚ ਬੈਠੇ ਬਜ਼ੁਰਗ ਵਿਖਾਏ ਜਾਣ। ਨਸ਼ਾ ਛੁਡਾਊ ਕੈਪਾਂ ਵਿੱਚ ਲਿਜਾ ਕੇ ਉਹ ਜ਼ਿੰਦਗੀਆਂ ਦਿਖਾਈਆਂ ਜਾਣ ਜੋ ਘੜੀ ਪਲ ਦੇ ਨਸ਼ੇ ਲਈ ਰੁਲ਼ ਗਈਆਂ। ਤਾਂ ਜੋ ਉਹ ਜ਼ਿੰਦਗੀ ਦੀਆਂ ਹਕੀਕਤਾਂ ਨੂੰ ਜਾਣ ਸਕਣ। ਜੇ ਉਹਨਾਂ ਨੌਜਵਾਨਾਂ ਦਾ ਟੂਰ ਇੱਕ ਥੀਏਟਰ ਤੱਕ ਹੀ ਸੀਮਿਤ ਰਹੇਗਾ ਤਾਂ ਉਹ ਅਸਲ ਜ਼ਿੰਦਗੀ ਤੋਂ ਕੋਹਾਂ ਦੂਰ ਹੀ ਰਹਿਣਗੇ। ਆਮ ਲੋਕਾਂ ਨੂੰ ਸਟੇਜਾਂ ’ਤੇ ਲਿਆ ਕੇ ਉਹਨਾਂ ਦੀਆਂ ਮੁਸ਼ਕਿਲਾਂ ਦੇ ਹੱਲ ਨੌਜਵਾਨਾਂ ਨੂੰ ਕੱਢਣ ਲਈ ਕਿਹਾ ਜਾਵੇ। ਸਿਰਫ ਗਾਇਕਾਂ ਦੇ ਅਖਾੜੇ ਅਤੇ ਫ਼ਿਲਮ ਸ਼ੂਟਿੰਗਾਂ ਹੀ ਯੂਨੀਵਰਸਿਟੀਆਂ ਦਾ ਸ਼ਿੰਗਾਰ ਨਾ ਬਣਨ। ਨੌਜਵਾਨਾਂ ਨੂੰ ਆਪਣੇ ਹੱਥੀਂ ਕੁਝ ਬਣਾ ਕੇ ਇਹਨਾਂ ਆਸ਼ਰਮਾਂ ਜਾਂ ਗਰੀਬ ਬਸਤੀਆਂ ਵਿੱਚ ਵੰਡਣ ਲਈ ਕਿਹਾ ਜਾਵੇ। ਤਾਂ ਜੋ ਇਹ ਨੌਜਵਾਨ ਉਹਨਾਂ ਦੇ ਦਰਦ ਨੂੰ ਜਾਣ ਕੇ ਉਹਨਾਂ ਦੇ ਨਾਲ ਜੁੜੇ ਰਹਿਣ।
ਗੈਂਗਸਟਰ ਬਣ ਚੁੱਕੇ ਨੌਜਵਾਨਾਂ ਅਤੇ ਸਰਕਾਰਾਂ ਵਿਚਕਾਰ ਸਮਾਜ ਸੇਵੀ ਸੰਸਥਾਵਾਂ ਕੜੀ ਦਾ ਕੰਮ ਕਰਦੀਆਂ ਹੋਈਆਂ, ਸਰਕਾਰ ਨੂੰ ਮਨਾਉਣ ਕਿ ਸਰਕਾਰ ਉਹਨਾਂ ਨੂੰ ਆਮ ਜ਼ਿੰਦਗੀ ਜਿਉਣ ਦਾ ਇੱਕ ਮੌਕਾ ਜ਼ਰੂਰ ਦੇਵੇ। ਉਹਨਾਂ ਨੂੰ ਦੋ ਮਹੀਨੇ ਦਾ ਸਮਾਂ ਦੇ ਕੇ ਹਲਫ਼ੀਆਂ ਬਿਆਨ ਲੈ ਕੇ ਉਹਨਾਂ ਦੀ ਘਰ ਵਾਪਸੀ ਕਰਵਾਈ ਜਾਵੇ। ਉਹਨਾਂ ਨੌਜਵਾਨਾਂ ਨੂੰ ਘਰ ਭੇਜਣ ਤੋਂ ਪਹਿਲਾਂ ਅਲੱਗ-ਅਲੱਗ ਗਰੁੱਪਾਂ ਵਿੱਚ ਉਹਨਾਂ ਦੀ ਕਾਊਂਸਲਿੰਗ ਕਰਵਾ ਕੇ, ਉਹਨਾਂ ਦੇ ਆਪਸੀ ਮਤਭੇਦ ਦੂਰ ਕੀਤੇ ਜਾਣ। ਅਖ਼ਬਾਰਾਂ ਦੇ ਅੰਕੜਿਆਂ ਮੁਤਾਬਿਕ ਕੋਈ ਚਾਲੀ-ਪੰਜਾਹ ਗਰੁੱਪ ਪੰਜਾਬ ਵਿੱਚ ਇਸ ਵੇਲੇ ਸਰਗਰਮ ਹਨ। ਹਰ ਇੱਕ ਗਰੁੱਪ ਵਿੱਚ ਪੰਜ ਤੋਂ ਅੱਠ ਲੋਕ ਸ਼ਾਮਿਲ ਦੱਸੇ ਜਾਂਦੇ ਹਨ। ਇਹਨਾਂ ਦੀ ਗਿਣਤੀ ਦਿਨੋਂ ਦਿਨ ਵਧ ਰਹੀ ਹੈ। ਜ਼ਿਆਦਾ ਨੁਕਸਾਨ ਆਉਣ ਵਾਲੀਆਂ ਪੀੜ੍ਹੀਆਂ ਨੂੰ ਚੁਕਾਉਣਾ ਪਵੇਗਾ। ਜਿਨ੍ਹਾਂ ਲੋਕਾਂ ਦਾ ਨੁਕਸਾਨ ਹੋਇਆ ਹੈ, ਭਾਵੇਂ ਉਹ ਲੋਕ ਇਸ ਗੱਲ ਨੂੰ ਸਵੀਕਾਰ ਨਹੀਂ ਕਰਨਗੇ ਪਰ ਸਾਨੂੰ ਉਹਨਾਂ ਨੂੰ ਸਮਝਾਉਣਾ ਪਵੇਗਾ ਕਿ ਦੁਸ਼ਮਣੀ ਖ਼ਤਮ ਕਰਨ ਵਿੱਚ ਹੀ ਭਲਾਈ ਹੈ। ਨਹੀਂ ਤਾਂ ਇਹ ਦੁਸ਼ਮਣੀ ਪੀੜ੍ਹੀ ਦਰ ਪੀੜ੍ਹੀ ਚਲਦੀ ਜਾਵੇਗੀ। ਅਸੀਂ ਇਸ ਗੈਂਗਸਟਰਾਂ ਰੂਪੀ ਘਰੇਲੂ ਜੰਗ ਵਿੱਚ ਉਲਝ ਕੇ ਆਪਣੇ ਅਸਲੀ ਮੁੱਦੇ ਵਿਕਾਸ ਤੋਂ ਪਛੜ ਜਾਵਾਂਗੇ।
‘ਭੁੱਲਾ ਉਹ ਨਾ ਜਾਣੀਏ, ਜੋ ਮੁੜ ਘਰ ਆਵੇ।’ ਮੁੜ ਕੇ ਘਰ ਆਉਣ ਵਾਲਿਆਂ ਹੱਥੋਂ ਜਿਨ੍ਹਾਂ ਦਾ ਨੁਕਸਾਨ ਜਾਣੇ ਜਾਂ ਅਣਜਾਣੇ ਵਿੱਚ ਹੋਇਆ ਹੈ, ਉਹ ਆਪਣੇ ਪਰਿਵਾਰਾਂ ਦੇ ਨਾਲ ਨਾਲ ਉਹਨਾਂ ਪਰਿਵਾਰਾਂ ਦੀ ਜ਼ਿੰਮੇਵਾਰੀ ਵੀ ਚੁੱਕਣ, ਜਿਨ੍ਹਾਂ ਦੇ ਸਹਾਰੇ ਇਸ ਘਰੇਲੂ ਜੰਗ ਵਿੱਚ ਗਵਾਚ ਗਏ ਹਨ। ਆਪਣੀ ਆਮਦਨ ਮੁਤਾਬਿਕ ਉਹਨਾਂ ਨੂੰ ਹਰਜਾਨਾ ਵੀ ਦੇਣ। ਗੈਂਗਸਟਰਾਂ ਦੇ ਨਾਮ ਹੇਠ ਜਿਨ੍ਹਾਂ ਨੌਜਵਾਨਾਂ ਦੀ ਪੜ੍ਹਾਈ ਜਾਂ ਕੋਰਸ ਛੁੱਟ ਗਏ ਸਨ, ਉਹਨਾਂ ਨੂੰ ਪੂਰਾ ਕਰਨ ਦਾ ਮੌਕਾ ਦਿੱਤਾ ਜਾਵੇ। ਜੋ ਨੌਜਵਾਨ ਕਿੱਤਾ-ਮੁਖੀ ਸਨ, ਉਹਨਾਂ ਨੂੰ ਆਪਣੇ ਕਿੱਤੇ ਵਿੱਚ ਵਾਪਸ ਆਉਣ ਅਤੇ ਆਮ ਜ਼ਿੰਦਗੀ ਜਿਉਣ ਦੇ ਮੌਕੇ ਦਿੱਤੇ ਜਾਣ। ਇਹ ਗੈਂਗਸਟਰ ਵੀ ਅਸਲੀ ਸਟਾਰਾਂ ਵਾਂਗ ਆਪਣੀ ਜ਼ਿੰਦਗੀ ਨੂੰ ਸਮਾਜ ਅਤੇ ਦੇਸ਼ ਦੇ ਲੇਖੇ ਲਾਉਣ।
*****
(1073)







































































































