BeantKGill7ਉਸਨੇ ਨੇ ਬਿਨਾਂ ਝਿਜਕ ਆਪਣੀ ਘਰਵਾਲੀ ਬਾਰੇ ਦੱਸਦਿਆਂ ਕਿਹਾ ਕਿ ਉਹ ਬਹੁਤ ਹੀ ...
(9 ਮਾਰਚ 2018)

 

ਉਸ ਭੱਦਰ ਪੁਰਸ਼ ਦੇ ਗੱਲ ਕਰਨ ਦਾ ਅੰਦਾਜ਼ ਬਹੁਤ ਹੀ ਸਹਿਜਤਾ ਭਰਪੂਰ ਸੀ, ਮੈਂ ਸੁਬ੍ਹਾ ਤੋਂ ਹੀ ਉਸਨੂੰ ਦੇਖ ਰਹੀ ਸੀਛੇ-ਸਾਢੇ ਛੇ ਫੁੱਟ ਕੱਦ ਵਾਲਾ ਉਹ ਆਦਮੀ ਕੋਟ ਪੈਂਟ ਵਿੱਚ ਕਾਫੀ ਜਚ ਰਿਹਾ ਸੀਸ਼ਾਇਦ ਉਹ ਆਪਣੀ ਉਮਰ ਦੇ ਛੇ-ਦਹਾਕੇ ਪੂਰੇ ਕਰ ਚੁੱਕਾ ਹੋਵੇਗਾਉਸਦੀ ਤੋਰ ਤੋਂ ਅਜਿਹਾ ਹੀ ਲੱਗ ਰਿਹਾ ਸੀਉਸਦੀ ਤੋਰ ਵਿੱਚ ਕੋਈ ਬਰਕਤ ਨਹੀਂ ਸੀ ਜਾਂ ਉਹ ਆਪਣੀ ਹੋਂਦ ਦਾ ਕਿਸੇ ਨੂੰ ਅਹਿਸਾਸ ਨਹੀਂ ਕਰਵਾਉਣਾ ਚਾਹੁੰਦਾ ਸੀਬਜਾਏ ਇਸ ਦੇ ਕਿ ਉਸਦੀ ਧੌਣ ਨੱਬੇ ਡਿਗਰੀ ਦੇ ਕੋਣ ਵਾਂਗ ਬਿਲਕੁਲ ਸਿੱਧੀ ਸੀਸ਼ਾਇਦ ਉਹ ਉਸ ਕਾਲਜ ਦਾ ਚੇਅਰਮੈਨ ਸੀ, ਜਿਸ ਕਾਲਜ ਵਿੱਚ ਇਹ ਪ੍ਰੋਗਰਾਮ ਹੋ ਰਿਹਾ ਸੀਪ੍ਰੋਗਰਾਮ ਵਿੱਚ ਮੁੱਖ ਮਹਿਮਾਨ ਦੇ ਆਉਣ ’ਤੇ ਵੀ ਉਸਨੇ ਕੋਈ ਉਤਸ਼ਾਹ ਨਹੀਂ ਦਿਖਾਇਆ ਸੀਸ਼ਾਇਦ ਉਸਨੂੰ ਉਸ ਕਾਲਜ ਦੀ ਪ੍ਰਿੰਸੀਪਲ ਤੇ ਬਹੁਤ ਜ਼ਿਆਦਾ ਭਰੋਸਾ ਸੀ, ਜੋ ਬਹੁਤ ਹੀ ਇਮਾਨਦਾਰੀ ਅਤੇ ਉਤਸ਼ਾਹ ਨਾਲ ਮਹਿਮਾਨ ਨਿਵਾਜ਼ੀ ਕਰ ਰਹੀ ਸੀਪਤਾ ਨਹੀਂ ਇਹ ਪ੍ਰਿੰਸੀਪਲ ਮੈਡਮ ਦੀ ਉਮਰ ਦਾ ਤਕਾਜ਼ਾ ਸੀ ਜਾਂ ਇੱਕ ਜ਼ਿੰਮੇਵਾਰ ਅਹੁਦੇ ਦਾਖ਼ੈਰ! ਬੁਲਾਰੇ ਬੋਲ ਰਹੇ ਸਨ ਔਰਤਾਂ ਬਾਰੇ ਕਿਉਂਕਿ ਅੱਜ ਅੰਤਰਰਾਸ਼ਟਰੀ ਮਹਿਲਾ ਦਿਵਸ ਸੀਮੈਂ ਵੀ ਇੱਕ ਕਵਿਤਾ ਬੋਲੀ ਜੋ ਔਰਤ ਦੇ ਦਰਦ ਨੂੰ ਬਿਆਨ ਕਰਦੀ ਸੀ

ਪ੍ਰੋਗਰਾਮ ਖ਼ਤਮ ਹੋ ਚੁੱਕਾ ਸੀ, ਅਸੀਂ ਸਭ ਚਾਹ ਪੀਣ ਲੱਗੇ ਉਹ ਕੁੜੀਆਂ ਦਾ ਕਾਲਜ ਸੀ ਕੁੜੀਆਂ ਬਹੁਤ ਹੀ ਪਿਆਰ ਨਾਲ ਸਭ ਨੂੰ ਚਾਹ ਪਰੋਸ ਰਹੀਆਂ ਸਨਕੀ ਤੁਸੀਂ ਜੋ ਕਿਹਾ, ਉਹ ਅੱਜ ਵੀ ਆ? ਉਸ ਭੱਦਰ ਪੁਰਸ਼ ਦੇ ਇਹ ਬੋਲ ਮੈਨੂੰ ਇਵੇਂ ਲੱਗੇ ਜਿਵੇਂ ਬੱਦਲਾਂ ਨੇ ਸਾਜ਼ਿਸ਼ ਕਰਕੇ ਬਿਨਾਂ ਖੜਾਕ ਕੀਤੇ ਮੇਰੇ ਉੱਪਰ ਕੜ-ਕੜ ਕਰਦੀ ਬਿਜਲੀ ਗਿਰਾ ਦਿੱਤੀ ਹੋਵੇਇੱਕ ਵਾਰ ਤਾਂ ਦਿਲ ਕੀਤਾ ਕਿ ਪੁੱਛਾਂ, ਭੱਦਰ ਪੁਰਸ਼ ਜੀ, ਤੁਸੀਂ ਇਸ ਇਸ ਧਰਤੀ ਤੋਂ ਹੀ ਹੋ ਜਾਂ ਕਿਸੇ ਦੂਸਰੀ ਦੁਨੀਆਂ ਤੋਂ। “ਉਮੀਦ ਥੀ ਜਿਨਸੇ ਫੂਲ ਬਰਸਾਏਂਗੇ ਮਰਨੇ ਕੇ ਬਾਅਦ, ਕਬਰ ਪਰ ਪੱਥਰ ਰਖ ਕਰ ਚਲੇ ਗਏ ਵੋਹ ਭੀ ਦਫਨਾਨੇ ਕੇ ਬਾਅਦ ਦਿਲ ਕੀਤਾ ਇਹ ਸ਼ੇਅਰ ਕਹਿ ਦੇਵਾਂ, ਪਰ ਕਹਿ ਨਾ ਸਕੀਆਪਣਾ ਹੌਸਲਾ ਬਣਾ ਕੇ ਉਹਨਾਂ ਨਾਲ ਗੱਲ ਜਾਰੀ ਰੱਖੀ, ਪਰ ਮੈਂ ਹੈਰਾਨ ਰਹਿ ਗਈ, ਇਹ ਸੁਣ ਕੇ ਕਿ ਉਹਨਾਂ ਨੂੰ ਨਹੀਂ ਪਤਾ ਕਿ ਦੁਨੀਆਂ ’ਤੇ ਔਰਤਾਂ ਨਾਲ ਕੀ ਹੋ ਰਿਹਾ? ਸ਼ਾਇਦ ਉਹਨਾਂ ਨੇ ਦਾਮਿਨੀ ਨਾਂ ਵੀ ਕਦੀ ਨਹੀਂ ਸੁਣਿਆ ਹੋਵੇਗਾ? ਸ਼ਾਇਦ ਉਹਨਾਂ ਨੇ ਮਲਾਲਾ ਯੂਸਫ਼ ਬਾਰੇ ਵੀ ਆਪਣੇ ਪਿਛਲੇ ਜਨਮ ਵਿਚ ਪੜ੍ਹਿਆ ਹੋਵੇਗਾ? ਉਹਨਾਂ ਦੀਆਂ ਗੱਲਾਂ ਤੋਂ ਤਾਂ ਇੰਝ ਹੀ ਲੱਗ ਰਿਹਾ ਸੀਮੈਂ ਸੋਚ ਰਹੀ ਸੀ ਇਸ ਇਨਸਾਨ ਕੋਲ ਪੈਸਾ, ਰੁਤਬਾ, ਸਭ ਕੁਝ ਹੈ ਤੇ ਸਭ ਤੋਂ ਵੱਡੀ ਗੱਲ ਇਹ ਹੈ ਕਿ ਇਹ ਕੁੜੀਆਂ ਦੇ ਕਾਲਜ ਦਾ ਸਰਪਰਸਤ ਵੀਇਹ ਚਾਹਵੇ ਤਾਂ ਸਮਾਜ ਦੀਆਂ ਕਮਜ਼ੋਰ, ਲਿਤਾੜੀਆਂ ਕੁਚਲੀਆਂ ਔਰਤਾਂ ਦੀ ਮਦਦ ਕਰ ਸਕਦਾ ਹੈਪਰ ਅਫ਼ਸੋਸ, ਇਸਨੂੰ ਤਾਂ ਸੱਚ ਹੀ ਪਤਾ ਨਹੀਂ

ਗੱਲ ਇੱਥੇ ਹੀ ਖ਼ਤਮ ਨਹੀਂ ਹੋਈਹੋਰ ਆਦਮੀ ਵੀ ਜਿਹੜੇ ਕਾਫ਼ੀ ਪੜ੍ਹੇ ਲਿਖੇ ਸਨ ਤੇ ਉੱਚ ਅਹੁਦਿਆਂ ਤੇ ਬਿਰਾਜਮਾਨ ਸਨ, ਉਹਨਾਂ ਨੂੰ ਵੀ ਲੱਗ ਰਿਹਾ ਸੀ ਕਿ ਸਮਾਜ ਵਿਚ ਅਜਿਹਾ ਕੁਝ ਨਹੀਂ ਹੈਮੈਨੂੰ ਉਸ ਮਹੌਲ ਤੋਂ ਘੁਟਣ ਮਹਿਸੂਸ ਹੋ ਰਹੀ ਸੀਲੱਗ ਰਿਹਾ ਸੀ ਕਿ ਇਹ ਮਰਦ ਪ੍ਰਧਾਨ ਸਮਾਜ ਕਦੇ ਨਹੀਂ ਬਦਲੇਗਾਮੈਨੂੰ ਬਹਿਸ ਕਰਨਾ ਪਸੰਦ ਨਹੀਂ, ਮੈਂ ਉੱਥੋਂ ਉੱਠਣ ਦਾ ਬਹਾਨਾ ਲੱਭਣ ਲੱਗੀਮੈਨੂੰ ਉਸ ਚਾਹ ਅਤੇ ਨਾਸ਼ਤੇ ਵਿੱਚੋਂ ਵੀ ਮਰਦਾਂ ਦੀ ਜ਼ਿਆਦਤੀ ਦੀ ਬੋਅ ਆਉਣ ਲੱਗੀ

ਸ਼ਾਇਦ ਮੈਂ ਹੁਣ ਤੱਕ ਕਾਲਜ ਦਾ ਵੱਡਾ ਗੇਟ ਵੀ ਪਾਰ ਕਰ ਚੁੱਕੀ ਹੁੰਦੀ, ਜੇਕਰ ਦੂਰਦਰਸ਼ਨ ਪੰਜਾਬੀ ਦਾ ਇੱਕ ਆਦਮੀ ਜੋ ਸ਼ਾਇਦ ਰਿਪੋਟਰ ਸੀ ਅਤੇ ਕਾਫ਼ੀ ਦੇਰ ਤੋਂ ਬਿਨਾਂ ਕੁਝ ਬੋਲੇ ਸੁਣ ਰਿਹਾ ਸੀ, ਉਸ ਨੇ ਬਿਨਾਂ ਕਿਸੇ ਸੁਝਾਅ ਦੇ ਮਨਜ਼ੂਰ ਕਰ ਲਿਆ ਕਿ ਆਪਾਂ ਭਾਵੇਂ ਕੁਝ ਵੀ ਕਹੀਏ ਪਰ ਅਜੇ ਵੀ ਅਸੀਂ ਔਰਤਾਂ ਨੂੰ ਉਹ ਹੱਕ ਨਹੀਂ ਦੇ ਸਕੇ, ਜੋ ਸਾਨੂੰ ਦੇਣੇ ਚਾਹੀਦੇ ਸਨਉਸਨੇ ਨੇ ਬਿਨਾਂ ਝਿਜਕ ਆਪਣੀ ਘਰਵਾਲੀ ਬਾਰੇ ਦੱਸਦਿਆਂ ਕਿਹਾ ਕਿ ਉਹ ਬਹੁਤ ਹੀ ਵਧੀਆ ਅਹੁਦੇ ਤੇ ਬਿਰਾਜਮਾਨ ਹੈਜਿੱਥੇ ਉਸਨੂੰ ਸਭ ਸਲਾਮ ਕਰਦੇ ਹਨਪਰ ਘਰ ਵਿੱਚ ਮੈਂ ਆਪਣੀਆਂ ਨਿੱਕੀਆਂ-ਨਿੱਕੀਆਂ ਲੋੜਾਂ, ਜਿਵੇਂ ਕੱਪੜੇ, ਤੌਲੀਆਂ, ਜੁੱਤੇ, ਰੁਮਾਲ ਆਦਿ ਲਈ ਉਸ ’ਤੇ ਨਿਰਭਰ ਕਰਦਾ ਹਾਂਉਹ ਸ਼ਿਕਵਾ ਨਹੀਂ ਕਰਦੀਇਸ ਨੂੰ ਪਿਆਰ ਕਹੀਏ ਜਾਂ ਫਰਜ਼ਪਰ ਮੈਨੂੰ ਲਗਦਾ ਹੈ ਕਿ ਜਿੰਨਾ ਉਹ ਸਮਾਜ ਲਈ ਕਰਦੀ ਹੈ, ਸਮਾਜ ਉਸਦਾ ਇੱਕ ਪ੍ਰਤੀਸ਼ਤ ਵੀ ਉਸ ਲਈ ਨਹੀਂ ਕਰ ਪਾਉਂਦਾਉਸ ਆਦਮੀ ਦੀਆਂ ਗੱਲਾਂ ਨੇ ਜਿਵੇਂ ਮੇਰੇ ’ਤੇ ਠੰਢੇ ਸੀਤ ਜਲ ਦੀ ਵਾਛੜ ਕਰ ਦਿੱਤੀਮੈਨੂੰ ਖੋਹਿਆ ਮਨ ਵਾਪਿਸ ਮਿਲ ਗਿਆ ਜਾਪਿਆ ਅਤੇ ਸਕੂਨ ਵੀ ਮਿਲਿਆ ਕਿ ਚਲੋ ਦਸ ਆਦਮੀਆਂ ਪਿੱਛੇ ਇੱਕ ਆਦਮੀ ਤਾਂ ਹੈ ਜੋ ਔਰਤਾਂ ਨੂੰ ਸਮਝ ਵੀ ਰਿਹਾ ਹੈ ਤੇ ਸੱਚ ਨੂੰ ਕਹਿਣ ਦੀ ਹਿੰਮਤ ਵੀ ਰੱਖਦਾ ਹੈ

ਕਿਤੇ ਨਾ ਕਿਤੇ ਮੈਨੂੰ ਇਨ੍ਹਾਂ ਲੋਕਾਂ ’ਤੇ ਤਰਸ ਆ ਰਿਹਾ ਹੈ ਕਿ ਇਹ ਲੋਕ ਰਾਵਣ ਤਾਂ ਬੜੇ ਉਤਸ਼ਾਹ ਨਾਲ ਸਾੜਦੇ ਹਨ, ਜਿਸ ਨੇ ਸੀਤਾ ਜੀ ਨੂੰ ਅਗਵਾ ਤਾਂ ਜ਼ਰੂਰ ਕੀਤਾ ਸੀ, ਪਰ ਰੱਖਿਆ ਬੜੀ ਇੱਜ਼ਤ ਨਾਲ ਸੀਪਰ ਇਹ ਲੋਕ ਇਹ ਕਿਉਂ ਭੁੱਲ ਚੁੱਕੇ ਹਨ ਕਿ ਜਦ ਰਾਮ ਜੀ ਨੇ ਬਹੁਤ ਹੀ ਚਾਵਾਂ ਨਾਲ ਸੀਤਾ ਜੀ ਨਾਲ ਸਵੰਬਰ ਰਚਾ ਕੇ ਰਾਜਕੁਮਾਰੀ ਸੀਤਾ ਨੂੰ ਆਪਣੇ ਮਹਿਲਾਂ ਵਿੱਚ ਲਿਆਂਦਾ ਸੀ ਤੇ ਫਿਰ ਧੋਬੀ ਦਾ ਮਿਹਣਾ ਸੁਣ ਕੇ ਸੀਤਾ ਜੀ ਨੂੰ ਮਹਿਲਾਂ ਵਿੱਚ ਨਹੀਂ ਸਨ ਰੱਖ ਸਕੇਉਦੋਂ ਯੁਗ ਹੋਰ ਸੀ, ਉਦੋਂ ਵਾਲਮੀਕ ਵਰਗੇ ਸਾਧੂ ਸਨ ਜੰਗਲਾਂ ਵਿੱਚ ਵੀਪਰ ਅੱਜਕੱਲ ਤਾਂ ਮਹਿਲਾਂ ਵਿੱਚ ਵੀ, ਦਫ਼ਤਰਾਂ ਵਿੱਚ ਵੀ ਔਰਤਾਂ ਨੂੰ ਖਾ ਜਾਣ ਵਾਲੇ ਦਰਿੰਦੇ ਰਹਿੰਦੇ ਹਨਫਿਰ ਨਾ ਤਾਂ ਇਹਨਾਂ ਔਰਤਾਂ ਨੂੰ ਧਰਤੀ ਜਗਾਹ ਦਿੰਦੀ ਹੈ ਤੇ ਨਾ ਹੀ ਕੋਈ ਕ੍ਰਿਸ਼ਨ ਆ ਕੇ ਦਰੋਪਦੀ ਦੀ ਲਾਜ ਰੱਖਦਾ ਹੈਸਗੋਂ ਇਹ ਲੋਕ ਤਾਂ ਦਾਮਿਨੀ ਦੀ ਨੰਗੀ ਲਾਸ਼ ’ਤੇ ਜਸ਼ਨ ਮਨਾਉਂਦੇ ਹਨਦੂਸਰਿਆਂ ਨੂੰ ਨਾ ਟੁੱਟਣ ਦਾ ਸੁਨੇਹਾ ਦੇਣ ਵਾਲੀ ਮੈਂ ਅੱਜ ਅੰਤਰਰਾਸ਼ਟਰੀ ਦਿਵਸ ’ਤੇ ਟੁੱਟ ਗਈ ਸੀ, ਉਹਨਾਂ ਮਾਲੀਆਂ ਹੱਥੋਂ, ਜਿਨ੍ਹਾਂ ਤੋਂ ਮੈਨੂੰ ਉਮੀਦ ਸੀ ਕਿ ਕਿਧਰੇ ਦੂਰ ਦੁਰਾਡੇ ਪਈ ਬੰਜਰ-ਬੇਆਬਾਦ ਧਰਤੀ ਨੂੰ ਵੀ ਆਪਣੇ ਜਾਦੂਈ ਹੱਥਾਂ ਨਾਲ ਫੁੱਲਾਂ ਦੀ ਤਾਜ਼ੀ ਮਹਿਕ ਨਾਲ ਮਹਿਕਾਅ ਦੇਣਗੇਉਸਦੇ ਸੁੰਨੇ ਜੀਵਨ ਨੂੰ ਫੁੱਲ ਪੱਤੀਆਂ ਨਾਲ ਭਰ ਦੇਣਗੇਪਰ ਇਹਨਾਂ ਨੂੰ ਤਾਂ ਆਪਣੇ ਘਰ ਦੀ ਫੁੱਲਵਾੜੀ ਤੋਂ ਅੱਗੇ ਕੁਝ ਨਹੀਂ ਦਿਸਦਾਇਹਨਾਂ ਨੂੰ ਤਾਂ ਸਾਉਣ ਦੇ ਅੰਨ੍ਹਿਆਂ ਵਾਂਗ ਸਭ ਪਾਸੇ ਹਰਿਆਲੀ ਹੀ ਦਿਸਦੀ ਹੈ

ਮੈਨੂੰ ਨੀਂਦ ਨਹੀਂ ਸੀ ਆ ਰਹੀ ਤੇ ਸੋਚ ਰਹੀ ਸੀ ਕਿ ਮੈਨੂੰ ਅਜਿਹੇ ਲੋਕਾਂ ਵਿੱਚ ਜਾਣਾ ਨਹੀਂ ਸੀ ਚਾਹੀਦਾਪਾਸੇ ਮਾਰਦਿਆਂ ਜਦ ਅੱਧੀ ਰਾਤ ਬੀਤ ਜਾਣ ਤੋਂ ਬਾਅਦ ਅੱਖ ਲੱਗੀ ਤਾਂ ਮੈਨੂੰ ਏਦਾਂ ਲੱਗਾ ਜਿਵੇਂ ਮੇਰੀ ਕਲਮ ਸੋਹਣੇ ਸੋਹਣੇ ਖੰਭ ਲਗਾ ਕੇ ਉਡਦੀ ਹੋਈ ਮੇਰੇ ਕੋਲ ਆਈ ਤਾਂ ਮੇਰੇ ਕੰਨ ਵਿੱਚ ਹੌਲੀ ਦੇਣੇ ਕਿਹਾ ਕਿ ਜਦ ਮੈਂ ਨਹੀਂ ਟੁੱਟਦੀ ਤਾਂ ਤੂੰ ਕਿਉਂ ਟੁੱਟ ਗਈ? ਉੱਠ, ਮੈਂ ਤੇਰੇ ਨਾਲ ਹਾਂਮੈਨੂੰ ਤੇਰੇ ’ਤੇ ਭਰੋਸਾ ਹੈ ਤਾਂ ਤੈਨੂੰ ਮੇਰੇ ’ਤੇ ਕਿਉਂ ਨਹੀਂ? ਤੈਨੂੰ ਸ਼ਾਇਦ ਪਤਾ ਨਹੀਂ, ਸ਼ਬਦਾਂ ਦੀਆਂ ਮਿਜ਼ਾਇਲਾਂ ਜਿੱਥੇ ਪਹੁੰਚਦੀਆਂ ਹਨ, ਉੱਥੇ ਜਾਂ ਤਾਂ ਜੰਗ ਹੁੰਦੀ ਹੈ ਜਾਂ ਮੁਹੱਬਤਾਂ ਦੀ ਖੇਤੀ, - ਮੁਹੱਬਤਾਂ ਦੇ ਮੇਲੇ ਲਗਦੇ ਹਨਪਰ ਆਪਾਂ ਜੰਗ ਨਹੀਂ, ਮੁਹੱਬਤਾਂ ਦੇ ਮੇਲਿਆਂ ਵਰਗਾ ਮਾਹੌਲ ਬਣਾਉਣਾ ਹੈਜਿੱਥੇ ਰੰਗ ਬਰੰਗੇ ਲਿਬਾਸਾਂ ਵਿੱਚ ਤੇਰੇ ਸੁਪਨਿਆਂ ਦੀਆਂ ਤਿਤਲੀਆਂ ਰੂਪੀ ਕੁੜੀਆਂ ਨੂੰ ਉੱਡਦਿਆਂ ਦੇਖ ਤੂੰ ਇੰਨਾ ਖੋ ਜਾਵੇਂ ਕਿ ਇਹ ਮੁਰਝਾਈਆਂ ਬਗੀਚੀਆਂ ਦੇ ਮਾਲੀ ਤੈਥੋਂ ਖੁਸ਼ਬੋਆਂ ਦੀ ਭੀਖ ਮੰਗਣ ਆਉਣਮੈਂ ਆਪਣੇ ਖੰਭਾਂ ਵਾਲੀ ਕਲਮ ਨੂੰ ਘੁੱਟ ਕੇ ਸੀਨੇ ਨਾਲ ਲਾ ਲਿਆ ਤੇ ਇੰਨਾ ਹੀ ਕਹਿ ਸਕੀ, “ਤੂੰ ਕਿੰਨੀ ਸਮਝਦਾਰ ਹੋ ਗਈ ਏਂ।”

*****

(1051)

ਆਪਣੇ ਵਿਚਾਰ ਸਾਂਝੇ ਕਰੋ: (This email address is being protected from spambots. You need JavaScript enabled to view it.

About the Author

ਬੇਅੰਤ ਕੌਰ ਗਿੱਲ

ਬੇਅੰਤ ਕੌਰ ਗਿੱਲ

Moga, Punjab, India.
Phone: (91 - 94656 - 06210)

Email: (gillbeant49@gmail.com)

More articles from this author