“ਅਸੀਂ ਆਪਣੀ ਬਰਬਾਦੀ ਲਈ ਦੂਜੀ ਧਿਰ ਨੂੰ ਜ਼ਿੰਮੇਵਾਰ ਠਹਿਰਾਉਣ ਤੋਂ ਬਿਨਾਂ ਆਪਣੇ ...”
(13 ਜੁਲਾਈ 2017)
ਕਈ ਵਾਰ ਨਿੱਕੀਆਂ ਨਿੱਕੀਆਂ ਕਹਾਣੀਆਂ ਸਾਨੂੰ ਬਹੁਤ ਹੀ ਵੱਡੀ ਸਿੱਖਿਆ ਦੇ ਕੇ ਸਾਡੀ ਜ਼ਿੰਦਗੀ ਦੀ ਦਸ਼ਾ ਅਤੇ ਦਿਸ਼ਾ ਹੀ ਬਦਲ ਦਿੰਦੀਆਂ ਹਨ। ਜਿਸ ਕਹਾਣੀ ਦੀ ਗੱਲ ਮੈਂ ਕਰਨ ਜਾ ਰਿਹਾ ਹਾਂ ਉਸ ਦਾ ਮੈਨੂੰ ਇਹ ਤਾਂ ਪਤਾ ਨਹੀਂ ਹੈ ਕਿ ਮੈਂ ਕਦੋਂ ਅਤੇ ਕਿੱਥੇ ਪੜ੍ਹੀ ਸੀ, ਪਰ ਮੈਨੂੰ ਇਹ ਜ਼ਰੂਰ ਲੱਗ ਰਿਹਾ ਹੈ ਕਿ ਇਸ ਦੀ ਸਿੱਖਿਆ ਸਾਡੇ ਦੇਸ ਦੇ ਬੜੀ ਹੀ ਕੰਮ ਆ ਸਕਦੀ ਹੈ।
ਇੱਕ ਬੜੇ ਹੀ ਅਮੀਰ ਵਪਾਰੀ ਦੇ ਦੋ ਅਯੋਗ ਪੁੱਤ ਸਨ ਜੋ ਸਦਾ ਮੌਜ ਮਸਤੀ ਕਰਦੇ ਅਤੇ ਆਪਸ ਵਿੱਚ ਲੜਦੇ ਝਗੜਦੇ ਰਹਿੰਦੇ ਸਨ। ਉਸ ਵਪਾਰੀ ਨੂੰ ਪਤਾ ਲੱਗ ਗਿਆ ਸੀ ਕਿ ਉਸ ਤੋਂ ਮਗਰੋਂ ਉਸ ਦੇ ਪੁੱਤਰਾਂ ਨੇ ਉਸ ਦੀ ਮਿਹਨਤ ਨਾਲ ਬਣਾਈ ਹੋਈ ਜਾਇਦਾਦ ਦੇ ਫੱਕੇ ਉਡਾ ਦੇਣੇ ਹਨ। ਜਦ ਉਸਦੀ ਬਿਰਧ ਅਵਸਥਾ ਅਜੇ ਬਚਪਨ ਵਿੱਚ ਹੀ ਤਾਂ ਉਸ ਨੇ ਆਪਣੀ ਵਸੀਹਤ ਬਣਾ ਦਿੱਤੀ। ਜਿਸ ਵਿੱਚ ਇਹ ਦਰਜ ਸੀ ਕਿ ਉਸਦੀ ਜਾਇਦਾਦ ਦਾ ਅੱਧਾ ਹਿੱਸਾ, ਉਸਦੇ ਦੋਵਾਂ ਪੁੱਤਰਾਂ ਨੂੰ ਬਰਾਬਰ ਬਰਾਬਰ ਮਿਲੇਗਾ ਅਤੇ ਬਾਕੀ ਦਾ ਅੱਧਾ ਹਿੱਸਾ ਉਸ ਦੇ ਨਾਮ ’ਤੇ ਹੀ ਰਹੇਗਾ। ਉਸ ਨੇ ਇੱਕ ਸ਼ਰਤ ਇਹ ਵੀ ਰੱਖ ਦਿੱਤੀ ਕਿ ਉਸਦੇ ਦੋਵਾਂ ਪੁੱਤਰਾਂ ਵਿੱਚੋਂ ਜਿਹੜਾ ਜਿੰਨੀ ਵੱਧ ਕਮਾਈ ਕਰ ਕੇ ਵਿਖਾਏਗਾ, ਉਸ ਬੇਟੇ ਨੂੰ ਉਸ ਦੀ ਰੱਖੀ ਹੋਈ ਦੌਲਤ ਵਿੱਚੋਂ, ਲਾਭ ਦਾ ਦੁੱਗਣਾ ਹਿੱਸਾ ਹਰ ਸਾਲ ਮਿਲ ਜਾਇਆ ਕਰੇਗਾ।
ਜਿਹੜੇ ਕਪੂਤ ਆਪਣੇ ਬਾਪ ਦੀ ਕਮਾਈ ਦੇ ਸਿਰ ’ਤੇ ਬੁੱਲੇ ਲੁੱਟਦੇ ਰਹਿੰਦੇ ਸਨ, ਹੁਣ ਉਹ ਆਪਣੇ ਬਾਪ ਦੀ ਜਾਇਦਾਦ ਵਿੱਚੋਂ ਆਪਣੇ ਲਾਭ ਦਾ ਦੁੱਗਣਾ ਹਿੱਸਾ ਮਿਲਣ ਦੇ ਲਾਲਚ ਕਾਰਨ ਵੱਧ ਤੋਂ ਵੱਧ ਮਿਹਨਤ ਕਰਨ ਲੱਗ ਪਏ। ਜ਼ਿਦੋ-ਜ਼ਿਦੀ ਦੋਵਾਂ ਨੇ ਆਪਣਾ ਵਪਾਰ ਵਧਾਉਣ ਲਈ ਕਈ ਨਵੇਂ ਢੰਗ-ਤਰੀਕੇ ਅਪਣਾਉਣੇ ਸ਼ੁਰੂ ਕਰ ਦਿੱਤੇ ਅਤੇ ਆਪਣੇ ਕਮਾਏ ਲਾਭ ਦਾ ਦੁੱਗਣਾ ਹਿੱਸਾ ਆਪਣੇ ਬਾਪ ਦੀ ਜਾਇਦਾਦ ਵਿੱਚੋਂ ਪ੍ਰਾਪਤ ਕਰਦੇ ਰਹੇ। ਵਕਤ ਬੀਤਣ ਨਾਲ ਉਹ ਦੋਵੇਂ ਜਣੇ ਇੰਨੇ ਜ਼ਿਆਦਾ ਮਿਹਨਤੀ ਅਤੇ ਸੁਚੱਜੇ ਬਣ ਗਏ ਸਨ ਕਿ ਜਦ ਉਸ ਵਪਾਰੀ ਦੀ ਮੌਤ ਹੋਈ ਤਾਂ ਦੋਵਾਂ ਬੇਟਿਆਂ ਨੇ ਆਪਣੇ ਬਾਪ ਦੀ ਬਚੀ ਹੋਈ ਜਾਇਦਾਦ ਨੂੰ ਲੋੜਵੰਦਾਂ ਵਿੱਚ ਦਾਨ ਕਰਨ ਦਾ ਫੈਸਲਾ ਲੈ ਲਿਆ ਸੀ। ਹੁਣ ਉਹ ਵੀ ਸਮਝ ਚੁੱਕੇ ਸਨ ਕਿ ਉਹਨਾਂ ਦੇ ਪਿਤਾ ਨੇ ਕਿੰਨੀ ਸਿਆਣਪ ਅਤੇ ਬੁੱਧੀ ਨਾਲ ਦੋਵਾਂ ਭਰਾਵਾਂ ਨੂੰ ਆਪਣੀ ਜਾਇਦਾਦ ਨੂੰ ਸੰਭਾਲਣ, ਵਧਾਉਣ ਅਤੇ ਦਾਨ ਕਰਨ ਦੇ ਯੋਗ ਬਣਾ ਦਿੱਤਾ ਸੀ। ਅੱਯਾਸ਼ਾਂ ਵਾਲੀ ਜ਼ਿੰਦਗੀ ਛੱਡ ਕੇ ਉਹ ਇੱਕ ਦਾਨੀ ਬਣ ਚੁੱਕੇ ਸਨ। ਆਤਮ ਨਿਰਭਰ ਹੋਣ ਕਾਰਨ ਉਹਨਾਂ ਦੇ ਮਨਾਂ ਵਿਚਲੀਆਂ ਦੂਰੀਆਂ ਵੀ ਖਤਮ ਹੋ ਗਈਆਂ ਸਨ ਤੇ ਉਹਨਾਂ ਦਾ ਭਰਾਵਾਂ ਵਾਲਾ ਪਿਆਰ ਫਿਰ ਤੋਂ ਜਾਗ ਪਿਆ ਸੀ। ਇਹ ਸਭ ਉਹਨਾਂ ਦੇ ਪਿਤਾ ਦੁਆਰਾ ਉਹਨਾਂ ਨੂੰ ਦਿੱਤੇ ਹੋਏ ਲਾਲਚ ਅਤੇ ਆਪਣੇ ਹਿੱਸੇ ਨੂੰ ਖੁੱਲ੍ਹ ਕੇ ਵਰਤਣ ਦੀ ਅਜ਼ਾਦੀ ਦੇਣ ਕਾਰਨ ਹੀ ਸੰਭਵ ਹੋਇਆ ਸੀ।
ਹੋ ਸਕਦਾ ਹੈ ਕਿ ਛੋਟੇ ਮੂੰਹ ਵਿੱਚੋਂ ਵੱਡੀ ਗੱਲ ਨਿਕਲ ਰਹੀ ਹੋਵੇ ਪਰ ਮੇਰੀ ਤੁਸ਼ ਜਿਹੀ ਬੁੱਧੀ ਇਹ ਆਖ ਰਹੀ ਹੈ ਕਿ ਕਸ਼ਮੀਰ ਮਸਲੇ ਨੂੰ ਛੱਡ ਕੇ ਸਾਡੇ ਦੇਸ ਦੀ ਅੰਦਰੂਨੀ ਸ਼ਾਂਤੀ ਅਤੇ ਸੁੱਰਖਿਆ ਨੂੰ ਖ਼ਤਰੇ ਵਿੱਚ ਪਾਉਣ ਵਾਲਾ ਸਭ ਤੋਂ ਵੱਡਾ ਮਸਲਾ, ਪਾਣੀਆਂ ਦੀ ਵੰਡ ਦਾ ਮਸਲਾ ਹੀ ਹੈ, ਜੋ ਕਿ ਉਸ ਵਪਾਰੀ ਦੀ ਸਮਝ ਵਾਲੇ ਫਾਰਮੂਲੇ ਨਾਲ ਵੀ ਹੱਲ ਹੋ ਸਕਦਾ ਹੈ।
ਅੱਜ ਸਾਡੇ ਦੇਸ ਦੇ ਕਈ ਸੂਬਿਆਂ ਵਿਚਕਾਰ ਪਾਣੀ ਦੀ ਵੰਡ ਨੂੰ ਲੈ ਕੇ ਉਪਜੇ ਮਸਲਿਆਂ ਸਬੰਧੀ ਰਾਜਾਂ ਦੀਆਂ ਉੱਚ ਅਤੇ ਦੇਸ ਦੀ ਸਰਵ-ਉੱਚ ਅਦਾਲਤ ਵਿੱਚ ਮੁਕੱਦਮੇ ਚੱਲ ਰਹੇ ਹਨ। ਆਪਣੇ ਸੂਬੇ ਦੇ ਖ਼ਿਲਾਫ਼ ਫੈਸਲਾ ਆਉਂਦੇ ਸਾਰ ਹੀ ਉਸ ਸੂਬੇ ਦੇ ਨਿਵਾਸੀ ਹਿੰਸਕ ਹੋ ਜਾਂਦੇ ਹਨ। ਜੇਤੂ ਸੂਬੇ ਦੇ ਨਿਵਾਸੀ ਆਪਣੇ ਹੱਕ ਵਿੱਚ ਆਏ ਫੈਸਲੇ ਨੂੰ ਲਾਗੂ ਕਰਵਾਉਣ ਲਈ ਹਿੰਸਾ ’ਤੇ ਉੱਤਰ ਆਉਂਦੇ ਹਨ, ਜਿਸ ਕਾਰਨ ਕਰੋੜਾਂ-ਅਰਬਾਂ ਦੀ ਜਨਤਕ ਸੰਪਤੀ ਤਾਂ ਨਸ਼ਟ ਹੁੰਦੀ ਹੀ ਹੈ, ਕਈ ਬੇ-ਗੁਨਾਹਾਂ ਦਾ ਖੂਨ ਵੀ ਵਹਿ ਜਾਂਦਾ ਹੈ। ਇਸ ਭਰਾ ਮਾਰੂ ਜੰਗ ਦਾ ਸਭ ਤੋਂ ਵੱਧ ਨੁਕਸਾਨ ਤਾਂ ਆਮ ਆਦਮੀ ਨੂੰ ਹੀ ਉਠਾਉਣਾ ਪੈ ਰਿਹਾ ਹੈ।
ਇਹ ਵੀ ਇੱਕ ਕੌੜੀ ਸੱਚਾਈ ਹੈ ਕਿ ਭਾਰਤ ਦੇਸ ਦੇ ਕਿਸੇ ਵੀ ਪੁੱਤ ਭਾਵ ਕਿਸੇ ਵੀ ਰਾਜ ਨੇ ਆਪਣੇ ਹਿੱਸੇ ਵਿੱਚ ਆਉਂਦੇ ਪਾਣੀ ਨੂੰ ਸੰਭਾਲਿਆ ਹੀ ਨਹੀਂ ਹੈ। ਹਰ ਰਾਜ ਨੇ ਆਪਣੇ ਹਿੱਸੇ ਆਉਂਦੇ ਦਰਿਆਈ ਪਾਣੀ ਨੂੰ ਸਾਂਭਣਾ ਤਾਂ ਦੂਰ ਦੀ ਗੱਲ ਹੈ, ਆਪਣੀ ਧਰਤੀ ਹੇਠਲੇ ਪਾਣੀ ਦੀ ਵੀ ਅੰਨ੍ਹੇਵਾਹ ਦੁਰਵਰਤੋਂ ਕੀਤੀ ਹੈ। ਇਹੀ ਕਾਰਨ ਹੈ ਕਿ ਸਾਰੇ ਦੇਸ ਵਿੱਚ ਜ਼ਮੀਨ ਹੇਠਲੇ ਪਾਣੀ ਦਾ ਪੱਧਰ ਘਟਦਾ ਹੀ ਜਾ ਰਿਹਾ ਹੈ। ਕੋਈ ਵੀ ਸੂਬਾ ਇਹ ਮੰਨਣ ਲਈ ਤਿਆਰ ਨਹੀਂ ਹੈ ਕਿ ਉਸ ਨੇ ਕੁਝ ਗਲਤ ਕੀਤਾ ਹੈ। ਉਹ ਸਿਰਫ ਤੇ ਸਿਰਫ ਵਾਧੂ ਪਾਣੀ ਦੀ ਮੰਗ ਇਸ ਲਈ ਹੀ ਕਰ ਰਿਹਾ ਹੈ ਕਿ ਉਹ ਇਸ ਦਾ ਹੋਰ ਵੱਧ ਤੋਂ ਵੱਧ ਦੁਰ-ਉਪਯੋਗ ਕਰ ਸਕੇ।
ਸ਼ਾਇਦ ਸਾਡੇ ਦੇਸ਼ ਦੇ ਵੱਡੇ-ਵੱਡੇ ਨੀਤੀ-ਘਾੜਿਆਂ ਨੇ ਉਪਰੋਕਤ ਵਪਾਰੀ ਵਾਲੀ ਕਹਾਣੀ ਨਹੀਂ ਪੜ੍ਹੀ ਹੈ। ਜੇਕਰ ਕਿਸੇ ਉਚ-ਅਧਿਕਾਰੀ ਨੇ ਪੜ੍ਹੀ ਵੀ ਹੋਵੇਗੀ ਤਾਂ ਉਸ ਨੇ ਕਿਸੇ ਰਾਜਨੀਤਿਕ ਕਾਰਨ ਕਰਕੇ ਇਸ ਬਾਰੇ ਬੋਲਣ ਦੀ ਹਿੰਮਤ ਵੀ ਨਹੀਂ ਕੀਤੀ ਹੈ।
ਕਾਸ਼! ਇਹੀ ਸਲਾਹ ਅਤੇ ਫੈਸਲਾ ਸਾਡੇ ਦੇਸ ਦੀ ਸਰਕਾਰ ਜਾਂ ਸਰਵ-ਉੱਚ ਅਦਾਲਤ ਕਰ ਦੇਵੇ ਕਿ ਜਿਹੜਾ ਸੂਬਾ ਆਪਣੀ ਧਰਤੀ ਹੇਠਲੇ ਪਾਣੀ ਨੂੰ ਬਚਾਵੇਗਾ ਅਤੇ ਵੱਧ ਤੋਂ ਵੱਧ ਦਰਖਤ ਉਗਾ ਕੇ ਆਪਣੇ ਵਾਤਾਵਰਨ ਨੂੰ ਹੋਰ ਸਵੱਸ਼ ਬਣਾਵੇਗਾ ਤਾਂ ਉਸ ਸੂਬੇ ਨੂੰ ਆਪਣੇ ਬਚਾਏ ਗਏ ਪਾਣੀ ਤੋਂ ਦੁੱਗਣਾ ਪਾਣੀ ਦੇ ਦਿੱਤਾ ਜਾਵੇਗਾ ਅਤੇ ਵਾਤਾਵਰਨ ਦੀ ਸੁਰੱਖਿਆ ਲਈ ਖਰਚੇ ਗਏ ਪੈਸੇ ਦਾ ਦੁੱਗਣਾ ਪੈਸਾ ਨਕਦ ਦਿੱਤਾ ਜਾਵੇਗਾ। ਜੇਕਰ ਇਸ ਤਰ੍ਹਾਂ ਹੋ ਜਾਵੇ ਤਾਂ ਸ਼ਾਇਦ ਭਵਿੱਖ ਵਿੱਚ ਪਾਣੀਆਂ ਦੀ ਵੰਡ ਦਾ ਮਸਲਾ ਉੱਠੇਗਾ ਹੀ ਨਹੀਂ। ਕਿਉਂਕਿ ਸਾਡੇ ਦੇਸ ਵਿੱਚ ਹਰ ਸਾਲ ਵਰਖਾ ਹੀ ਇੰਨੀ ਹੁੰਦੀ ਹੈ ਕਿ ਜੇਕਰ ਇਸ ਪਾਣੀ ਨੂੰ ਹੀ ਸੰਭਾਲ ਲਿਆ ਜਾਵੇ ਤਾਂ ਕਿਸੇ ਵੀ ਸੂਬੇ ਨੂੰ ਨਹਿਰੀ ਜਾਂ ਦਰਿਆਈ ਪਾਣੀ ਵੱਲ ਝਾਕਣ ਦੀ ਨੌਬਤ ਹੀ ਨਹੀਂ ਆਵੇਗੀ।
ਅੱਜ ਸਾਡੇ ਦੇਸ ਨੂੰ ਲੋੜ ਤਾਂ ਸਿਰਫ ਤੇ ਸਿਰਫ ਆਪਣੇ ਕੁਦਰਤੀ ਸਾਧਨਾਂ ਨੂੰ ਸੰਕੋਚ ਨਾਲ ਵਰਤਣ ਦੀ ਹੀ ਹੈ। ਇਸ ਗੱਲ ਨੂੰ ਤਾਂ ਅਸੀਂ ਸਮਝ ਹੀ ਨਹੀਂ ਰਹੇ ਹਾਂ ਤੇ ਆਪਸ ਵਿੱਚ ਲੜਣ ਝਗੜਣ ਨੂੰ ਹੀ ਆਪਣੀ ਇੱਜ਼ਤ ਦਾ ਸਵਾਲ ਬਣਾਈ ਬੈਠੇ ਹਾਂ। ਇਹਨਾਂ ਲੜਾਈ-ਝਗੜਿਆਂ ਕਾਰਨ ਅਸੀਂ ਬਹੁਤ ਜ਼ਿਆਦਾ ਨੁਕਸਾਨ ਝੱਲ ਚੁੱਕੇ ਹਾਂ। ਅਸੀਂ ਆਪਣੇ ਭਰਾਵਾਂ ਦੇ ਵੈਰੀ ਬਣ ਕੇ, ਆਪਣੇ ਸੂਬੇ ਦੇ ਪਾਣੀ ਲਈ ਜਾਨ ਵੀ ਕੁਰਬਾਨ ਕਰ ਦੇਵਾਂਗੇ, ਵਰਗੇ ਬਿਆਨ ਦਾਗ ਕੇ ਅਖੌਤੀ ਦਲੇਰੀਆਂ ਤਾਂ ਵਿਖਾ ਰਹੇ ਹਾਂ ਪਰ ਸਿਆਣੇ ਨਹੀਂ ਬਣੇ ਹਾਂ। ਅਸੀਂ ਆਪਣੀ ਬਰਬਾਦੀ ਲਈ ਦੂਜੀ ਧਿਰ ਨੂੰ ਜ਼ਿੰਮੇਵਾਰ ਠਹਿਰਾਉਣ ਤੋਂ ਬਿਨਾਂ ਆਪਣੇ ਸੁਧਾਰ ਲਈ ਕੁਝ ਵੀ ਨਹੀਂ ਕੀਤਾ ਹੈ। ਅਸੀਂ ਆਪਣੀਆਂ ਭੁੱਲਾਂ ਅਤੇ ਗਲਤੀਆਂ ਤੋਂ ਕੁਝ ਵੀ ਸਿੱਖਿਆ ਨਹੀਂ ਹੈ। ਆਪਣੀ ਮਾੜੀ ਹਾਲਤ ਦੇ ਕਾਰਨ ਅਤੇ ਹੱਲ ਬਾਰੇ ਸੋਚਣ ਦੀ ਬਜਾਏ ਦੂਜੇ ਨੂੰ ਦੋਸ਼ ਦੇਣ ਦੀ ਸਾਡੀ ਮਾਨਸਿਕਤਾ ਕਾਰਨ ਹੀ ਅੱਜ ਦੇਸ ਦੀ ਏਕਤਾ ਅਤੇ ਅਖੰਡਤਾ ਅੱਗੇ ਪਾਣੀਆਂ ਦਾ ਮਸਲਾ ਸਭ ਤੋਂ ਵੱਡਾ ਮਸਲਾ ਬਣ ਚੁੱਕਾ ਹੈ।
ਮੈਨੂੰ ਇਹ ਤਾਂ ਬਿਲਕੁਲ ਪਤਾ ਨਹੀਂ ਹੈ ਕਿ ਮੇਰਾ ਸੁਝਾਅ ਮੰਨਿਆ ਜਾਵੇਗਾ ਜਾਂ ਨਹੀਂ ਪਰ ਮੈਨੂੰ ਇੰਨਾ ਡਰ ਜ਼ਰੂਰ ਹੈ ਕਿ ਮੇਰੇ ਆਪਣੇ ਸੂਬੇ ਦੇ ਕਈ ਅੰਨ੍ਹੇ ਭਗਤ ਮੇਰੀ ਇਸ ਗੱਲ ਉੱਤੇ ਜ਼ਰੂਰ ਭੜਕਣਗੇ। ਉਹ ਮੇਰਾ ਮਜ਼ਾਕ ਵੀ ਉਡਾਉਣਗੇ ਤੇ ਮੈਨੂੰ ਗਾਲ੍ਹਾਂ ਵੀ ਕੱਢਣਗੇ ਪਰ ਮੈਨੂੰ ਕੋਈ ਵੀ ਗੁੱਸਾ ਨਹੀਂ ਲੱਗੇਗਾ ਕਿਉਂਕਿ ਮੈਂ ਤਾਂ ਇੱਕ ਸੁਝਾਅ ਹੀ ਦਿੱਤਾ ਹੈ, ਫੈਸਲਾ ਨਹੀਂ ਸੁਣਾਇਆ। ਮੈਂ ਕਿਹੜਾ ਸੁਪਰੀਮ ਕੋਰਟ ਹਾਂ?
*****
(763)
ਆਪਣੇ ਵਿਚਾਰ ਸਾਂਝੇ ਕਰੋ: (This email address is being protected from spambots. You need JavaScript enabled to view it.)