KrishanPartap7ਅਸੀਂ ਇੱਥੇ ... ... ਤੇਰੀ ਗੱਡੀ ਨੂੰ ਅੱਗ ਲਾਉਣੀ ਐ। ਤੈਨੂੰ ਪਤੈ, ਮੇਰੀ ਕਿੰਨੀ ਪਹੁੰਚ ਐ ...
(15 ਨਵੰਬਰ 2023)
ਇਸ ਸਮੇਂ ਪਾਠਕ: 274.


ਅਸੀਂ ਰਾਮਾ ਮੰਡੀ ਤੋਂ ਜਲੰਧਰ ਵਾਲੀ ਸੜਕ ’ਤੇ ਗੱਡੀ ਚਾੜ੍ਹੀ ਹੀ ਸੀ ਕਿ ਪਿੱਛਿਓਂ ਇੱਕ ਤੇਜ਼ ਰਫ਼ਤਾਰ ਕੁਆਇਲਸ ਗੱਡੀ ਵਿੱਚ ਸਵਾਰ ਚਾਰ ਨੌਜਵਾਨਾਂ ਨੇ ਸਾਨੂੰ ਹਾਰਨ ਮਾਰਦਿਆਂ ਗੱਡੀ ਰੋਕਣ ਲਈ ਇਸ਼ਾਰੇ ਕਰਨੇ ਸ਼ੁਰੂ ਕਰ ਦਿੱਤੇ। ਸਾਨੂੰ ਲੱਗਿਆ ਕਿ ਸਾਡੀ ਕਾਰ ਦੀ ਕੋਈ ਵੱਡੀ ਸਮੱਸਿਆ ਨੂੰ ਵੇਖ ਕੇ ਉਹ ਸਾਡੀ ਮਦਦ ਕਰਨਾ ਚਾਹੁੰਦੇ ਹਨ। ਆਪਣੀ ਪਤਨੀ ਅਮਿਤਾ ਦੇ ਆਖਣ ’ਤੇ ਮੈਂ ਕਾਰ ਰੋਕ ਲਈ। ਉਹਨਾਂ ਨੇ ਬੜੇ ਪਿਆਰ ਨਾਲ ਮੈਨੂੰ ਆਪਣੀ ਗੱਡੀ ਕੋਲ ਆਉਣ ਲਈ ਆਖਿਆ। ਮੈਂ ਕਾਰ ਸੜਕ ਤੋਂ ਥੱਲੇ ਲਾਹ ਕੇ ਰੋਕ ਦਿੱਤੀ। ਜਦੋਂ ਮੈਂ ਉਹਨਾਂ ਕੋਲ ਗਿਆ ਤਾਂ ਵੇਖਿਆ ਕਿ ਉਸ ਗੱਡੀ ਦੇ ਡਰਾਈਵਰ ਦੀਆਂ ਅੱਖਾਂ ਗੁੱਸੇ ਨਾਲ ਲਾਲ ਤੇ ਚਿਹਰਾ ਬੜਾ ਹੀ ਭਿਆਨਕ ਸੀ। ਮੈਂ ਸਕਤੇ ਵਿੱਚ ਆ ਕੇ ਪੁੱਛਿਆ
, “ਹਾਂ ਵੀਰ, ਕੀ ਗੱਲ ਹੋ ਗਈ ਹੈ?”

ਉਸ ਨੇ ਆਪਣੇ ਆਪ ਬਾਰੇ ਹੀ ਬੜੇ ਭੈੜੇ-ਭੈੜੇ ਜਾਤੀ-ਸੂਚਕ ਸ਼ਬਦ ਵਰਤਦੇ ਹੋਏ ਦੋ-ਤਿੰਨ ਵਾਰ ਦੁਹਰਾਇਆ, “ਤੈਨੂੰ ਪਤੈ? ਮੈਂ … … ਹਾਂ।” ਮੇਰੇ ਦਿਮਾਗ ਵਿੱਚ ਕਈ ਕੁਝ ਘੁੰਮ ਗਿਆ। ਇੱਕ ਥਾਂ ’ਤੇ ਪੜ੍ਹੀ ਹੋਈ ਸਿੱਖਿਆ ਦਿਮਾਗ ਵਿੱਚ ਆਈ ਕਿ ਕਦੇ ਵੀ ਕਿਸੇ ਅਣਜਾਣ ਥਾਂ ’ਤੇ ਕਿਸੇ ਅਨੋਭੜ ਬੰਦੇ ਨਾਲ ਨਾ ਉਲਝੋ। ਇਸ ਲਈ ਮੈਂ ਪਿਆਰ ਨਾਲ ਆਖਿਆ, “ਫਿਰ ਕੀ ਹੋ ਗਿਆ ਵੀਰ, ਤੁਸੀਂ ਸਾਨੂੰ ਰੋਕਿਆ ਕਿਉਂ ਹੈ?”

“ਅਸੀਂ ਇੱਥੇ ਆਪਣੇ ਬੰਦੇ ਅਤੇ ਪੱਤਰਕਾਰ ਸੱਦ ਕੇ ਤੇਰੀ ਗੱਡੀ ਨੂੰ ਅੱਗ ਲਾਉਣੀ ਐ। ਤੈਨੂੰ ਪਤੈ, ਮੇਰੀ ਕਿੰਨੀ ਪਹੁੰਚ ਐ?” ਨੱਕ ਵਿੱਚੋਂ ਠੂੰਹੇਂ ਸੁੱਟਦੇ ਹੋਏ ਉਸ ਨੇ ਫਿਰ ਫੁੰਕਾਰਾ ਮਾਰਿਆ। ਉਸ ਦਾ ਚਿਹਰਾ ਬਲਦੇ ਹੋਏ ਕੋਲੇ ਵਾਂਗ ਲਾਲ ਸੀ।

“ਵੀਰ, ਗੱਲ ਤਾਂ ਦੱਸੋ, ਹੋਇਆ ਕੀ ਹੈ? ਆਪਣਾ ਝਗੜਾ ਕਿਹੜੀ ਗੱਲ ਦਾ ਹੈ?” ਮੈਂ ਮੱਚਦੀ ’ਤੇ ਪਾਣੀ ਪਾਉਣ ਦਾ ਚਾਰਾ ਕੀਤਾ।

ਇੰਨੇ ਨੂੰ ਬਿਮਾਰ ਹੋਣ ਕਾਰਨ ਹੌਲ਼ੀ-ਹੌਲ਼ੀ ਤੁਰਦੀ ਹੋਈ ਅਮਿਤਾ ਸਾਡੇ ਕੋਲ ਆ ਗਈ। ਉਹ ਬੰਦੇ ਸਾਡੇ ਦੋਵਾਂ ’ਤੇ ਰੋਅਬ ਝਾੜਣ ਲੱਗ ਪਏ, “ਸਾਡੀ ਗੱਡੀ ਟੁੱਟ ਗਈ ਐ। ਇਸਦਾ ਹਰਜ਼ਾਨਾ ਕੌਣ ਭਰੇਗਾ? ਵੇਖੋ ਬੰਪਰ ਕਿੰਨਾ ਟੁੱਟ ਗਿਐ।”

ਅਸੀਂ ਦੋਵਾਂ ਨੇ ਦਲੀਲਾਂ ਦਿੱਤੀਆਂ ਕਿ ਜਦੋਂ ਆਪਣੀ ਗੱਡੀ ਟਕਰਾਈ ਹੀ ਨਹੀਂ ਹੈ ਤਾਂ ਅਸੀਂ ਇਸਦੇ ਦੋਸ਼ੀ ਕਿਵੇਂ ਹੋਏ? ਅਸੀਂ ਤਾਂ ਚਾਰ ਕੁ ਸੌ ਮੀਟਰ ਪਹਿਲਾਂ ਹੀ ਇਸ ਸੜਕ ’ਤੇ ਚੜ੍ਹੇ ਹਾਂ। ਸਾਡੀ ਗੱਡੀ ਦੀ ਗਤੀ ਵੀ ਅਜੇ ਚਾਲੀ ਕਿਲੋਮੀਟਰ ਪ੍ਰਤੀ ਘੰਟਾ ਤੋਂ ਟੱਪੀ ਨਹੀਂ ਸੀ। ਜੇ ਇਹ ਕਿਸੇ ਵਿੱਚ ਵੱਜੀ ਹੁੰਦੀ ਤਾਂ ਖੜਕਾ ਤਾਂ ਹੋਣਾ ਹੀ ਸੀ। ਸਾਡੀ ਕਾਰ ਉੱਤੇ ਇੱਕ ਵੀ ਝਰੀਟ ਨਹੀਂ ਹੈ।

ਉਹ ਤਾਂ ਮੈਂ ਨਾ ਮਾਨੂੰ ਵਾਲੀ ਅੜੀ ’ਤੇ ਅੜ ਗਏ। ਦੋ-ਤਿੰਨ ਮਿੰਟਾਂ ਵਿੱਚ ਹੀ ਉਹਨਾਂ ਚਾਰਾਂ ਨੇ ਸਾਨੂੰ ਉਲਝਾ ਲਿਆ। ਹੁਣ ਤਾਂ ਉਹ ਇਸ ਗੱਲ ’ਤੇ ਵੀ ਬਜ਼ਿੱਦ ਹੋ ਗਏ ਕਿ ਮੈਂ ਉਹਨਾਂ ਦੀ ਗੱਡੀ ਭੰਨਣ ਅਤੇ ਗਾਲ੍ਹਾਂ ਕੱਢਣ ਦੇ ਨਾਲ-ਨਾਲ ਜਾਤੀ-ਸੂਚਕ ਸ਼ਬਦਾਂ ਦਾ ਵੀ ਪ੍ਰਯੋਗ ਕੀਤਾ ਹੈ। ਉਹ ਸਾਨੂੰ ਥਾਣੇ ਤਕ ਲਿਜਾ ਕੇ ਕੇਸ ਦਰਜ ਕਰਵਾਉਣ ਦੀਆਂ ਧਮਕੀਆਂ ਦੇਣ ਤਕ ਉੱਤਰ ਆਏ। ਉਹਨਾਂ ਵਿੱਚੋਂ ਇੱਕ ਜਣੇ ਨੇ ਆਪਣੇ ਹੋਰ ਸਾਥੀਆਂ ਨੂੰ ਝਗੜਾ ਹੋ ਜਾਣ ਦੀ ਸੂਚਨਾ ਦੇਣ ਹਿਤ ਫੋਨ ਕਰਨੇ ਸ਼ੁਰੂ ਕਰ ਦਿੱਤੇ। ਉਹ ਅਗਲੇ ਨੂੰ ਤਾਕੀਦ ਵੀ ਕਰਦਾ ਕਿ ਛੇਤੀ ਤੋਂ ਛੇਤੀ ਅਤੇ ਵੱਧ ਤੋਂ ਵੱਧ ਬੰਦੇ ਲੈ ਕੇ ਆਵੇ। ਉਹ ਜਾਣਬੁੱਝ ਕੇ ਉੱਚੀ ਆਵਾਜ਼ ਵਿੱਚ ਗੱਲ ਕਰ ਰਿਹਾ ਸੀ ਤਾਂ ਜੋ ਉਹ ਸਾਨੂੰ ਵੀ ਸੁਣ ਜਾਵੇ। ਮੈਂ ਸਮਝ ਗਿਆ ਕਿ ਇਹ ਸਾਨੂੰ ਡਰਾ-ਧਮਕਾਅ ਕੇ ਪੈਸੇ ਬਟੋਰਨ ਵਾਲਾ ਲੁਟੇਰਾ ਗ੍ਰੋਹ ਹੈ ਜੋ ਗੱਡੀਆਂ ਦੇ ਨੰਬਰ ਪੜ੍ਹ ਕੇ, ਦੂਰ ਦੇ ਸ਼ਹਿਰਾਂ ਵਾਲਿਆਂ ਨੂੰ ਨਿਸ਼ਾਨਾ ਬਣਾਉਂਦਾ ਹੈ।

ਇੰਨੇ ਨੂੰ ਅਮਿਤਾ ਨੇ ਆਪਣੀ ਵੱਖੀ ਉੱਤੇ ਦੋਨੋਂ ਹੱਥ ਰੱਖਦੇ ਹੋਏ ਕਿਹਾ, “ਮੇਰਾ ਪਿੱਤੇ ਦਾ ਉਪ੍ਰੇਸ਼ਨ ਹੋਇਆ ਹੋਇਆ ਹੈ ਤੇ ਮੇਰੀ ਹਾਲਤ ਠੀਕ ਨਹੀਂ ਹੈ। ਅਸੀਂ ਤਾਂ ਡਾਕਟਰ ਕੋਲ ਚੱਲੇ ਸਾਂ। ਜੇ ਮੈਨੂੰ ਇੱਥੇ ਕੁਝ ਹੋ ਗਿਆ ਤਾਂ ਵੇਖ ਲਵੋ … …?” ਬਿਮਾਰ ਹੋਣ ਕਾਰਨ ਉਸ ਦੇ ਚਿਹਰੇ ਤੋਂ ਬਿਮਾਰੀ ਦਾ ਦਰਦ ਵੀ ਝਲਕ ਰਿਹਾ ਸੀ। ਦਰਅਸਲ ਕੁਝ ਦਿਨ ਪਹਿਲਾਂ ਅਮਿਤਾ ਦੀ ਭੈਣ ਦੇ ਪਿੱਤੇ ਦਾ ਉਪ੍ਰੇਸ਼ਨ ਹੋਇਆ ਸੀ ਤੇ ਉਸ ਦੀ ਸਾਂਭ-ਸੰਭਾਲ ਅਮਿਤਾ ਨੇ ਕੀਤੀ ਹੋਣ ਕਾਰਨ ਉਹ ਉਸੇ ਤਰ੍ਹਾਂ ਦਾ ਨਾਟਕ ਕਰਨ ਲੱਗ ਪਈ ਸੀ। ਅਮਿਤਾ ਦੀ ਹਾਲਤ ਵੇਖ ਕੇ ਉਹਨਾਂ ਦੇ ਨਾਲ ਦਾ ਇੱਕ ਬੰਦਾ ਕੁਝ ਤ੍ਰਭਕ ਗਿਆ ਤੇ ਅਮਿਤਾ ਨੂੰ ਸੰਬੋਧਿਤ ਹੁੰਦਾ ਹੋਇਆ, ਮੇਰੇ ਵੱਲ ਇਸ਼ਾਰਾ ਕਰਦਿਆਂ ਬੋਲਿਆ, “ਤੁਸੀਂ ਗੱਡੀ ਵਿੱਚ ਬੈਠੋ। ਅਸੀਂ ਤਾਂ ਇਸ ਨਾਲ ਗੱਲ ਕਰਨੀ ਐ।”

“ਮੈਂ ਗੱਡੀ ਵਿੱਚ ਨਹੀਂ, ਸੜਕ ਦੇ ਵਿਚਾਲੇ ਬੈਠਾਂਗੀ ਤੇ ਲੋਕਾਂ ਨੂੰ ਥੋਡੀ ਅਸਲੀਅਤ ਦੱਸਾਂਗੀ।”

ਅਮਿਤਾ ਨੇ ਥੋੜ੍ਹਾ ਜਿਹਾ ਗਰਮ ਰੁਖ ਵਿਖਾਉਂਦਿਆਂ ਸੜਕ ਵੱਲ ਨੂੰ ਪੈਰ ਪੁੱਟਣੇ ਸ਼ੁਰੂ ਕਰ ਦਿੱਤੇ। ਮੈਂ ਉਸ ਦੀ ਬਾਂਹ ਫੜ ਕੇ ਰੋਕਣ ਦਾ ਯਤਨ ਕੀਤਾ ਤੇ ਨਾਲ ਹੀ ਬਾਂਹ ਨੂੰ ਇੰਨਾ ਕੁ ਦੱਬ ਦਿੱਤਾ ਕਿ ਉਹ ਸਮਝ ਜਾਵੇ ਕਿ ਇਸ ਤੀਰ ਨੇ ਹੀ ਨਿਸ਼ਾਨੇ ’ਤੇ ਲੱਗਣਾ ਹੈ। ਚਲਾ ਦੇ।

ਉਹ ਮੇਰੇ ਤੋਂ ਬਾਂਹ ਛੁਡਵਾਉਂਦੀ ਹੋਈ ਉੱਚੀ ਆਵਾਜ਼ ਵਿੱਚ ਬੋਲੀ, “ਮੈਂ ਥੋਡਾ ਭਾਂਡਾ ਇੱਥੇ ਹੀ ਭੰਨਾਂਗੀ, ਕਿਵੇਂ ਲੋਕਾਂ ਨੂੰ ਠੱਗਣ ਲੱਗੇ ਹੋਏ ਹੋ?”

ਮੈਂ ਫਿਰ ਤੋਂ ਜਾਣਬੁੱਝ ਕੇ ਅਮਿਤਾ ਨੂੰ ਸੜਕ ਵੱਲ ਜਾਣ ਤੋਂ ਝੂਠਾ-ਮੂਠਾ ਜਿਹਾ ਰੋਕਿਆ। ਪਰ ਉਹ ਮੇਰੀ ਗੱਲ ਨੂੰ ਅਣਸੁਣੀ ਕਰਦੇ ਹੋਏ ਸੜਕ ਦੇ ਵੱਲ ਨੂੰ ਹੋ ਤੁਰੀ।

ਮੈਂ ਉਹਨਾਂ ਨਾਲ ਜ਼ਿਦ-ਜ਼ਿਦਾਈ ਵਿਚਾਲੇ ਛੱਡ ਕੇ ਕਾਹਲ਼ੇ ਕਦਮੀਂ ਅਮਿਤਾ ਦੇ ਮਗਰ ਗਿਆ। ਸੜਕ ਦੇ ਅੱਧ-ਵਿਚਾਲੇ ਤੋਂ ਉਸ ਨੂੰ ਖਿੱਚ ਕੇ, ਮੈਂ ਉਹਨਾਂ ਦੇ ਕੋਲ ਹੀ ਲੈ ਆਇਆ। ਮੈਂ ਉਸ ਨੂੰ ਸਮਝਾਇਆ ਕਿ ਮੈਨੂੰ ਉਹਨਾਂ ਨਾਲ ਗੱਲ ਕਰ ਲੈਣ ਦੇਵੇ। ਸਾਡੇ ਦੁਆਰਾ ਕੀਤੇ ਗਏ ਇਸ ਨਾਟਕ ਦਾ ਅਸਰ ਉਹਨਾਂ ’ਤੇ ਹੋਣਾ ਸ਼ੁਰੂ ਹੋ ਗਿਆ। ਉਹ ਕੁਝ ਡਰ ਗਏ। ਉਹ ਸਾਡੇ ਨਾਲ ਬਹਿਸਦੇ ਤਾਂ ਰਹੇ ਪਰ ਉਹਨਾਂ ਦੀ ਸੁਰ ਕੁਝ ਨਰਮ ਪੈ ਗਈ। ਮੈਂ ਨਰਮ ਬੋਲੀਂ ਉਹਨਾਂ ਨੂੰ ਸਮਝਾਉਂਦਾ ਰਿਹਾ।

ਕੁਝ ਪਲਾਂ ਬਾਅਦ ਇੱਕ ਬੋਲਿਆ, “ਜਾਓ ਚਲੇ ਜਾਓ। ਅਗਾਂਹ ਤੋਂ ਗੱਡੀ ਹਿਸਾਬ ਨਾਲ ਚਲਾਇਓ।”

ਅਸੀਂ ਛੇਤੀ-ਛੇਤੀ ਗੱਡੀ ਵੱਲ ਜਾਣ ਦੀ ਕੀਤੀ। ਕਾਰ ਵਿੱਚ ਬੈਠਦਿਆਂ ਹੀ ਅਮਿਤਾ ਨੇ ਦੋਵੇਂ ਹੱਥ ਜ਼ੋਰ ਨਾਲ ਜੋੜ ਕੇ ਮੱਥੇ ਨੂੰ ਲਾਉਂਦਿਆਂ ਆਖਿਆ, “ਸ਼ੁਕਰ ਐ, ਬਲਾ ਟਲੀ। ਅੱਜ ਤਾਂ, ਅਖੇ ਤੂੰ ਕੌਣ ਏਂ? ਅਖੇ ਮੈਂ ਖਾਹ-ਮਖਾਹ, ਵਾਲੀ ਕਹਾਵਤ ਵੀ ਝੂਠੀ ਸਿੱਧ ਹੋ ਗਈ ਏ। ਆਪਾਂ ਤਾਂ ਪੁੱਛਿਆ ਵੀ ਨਹੀਂ ਸੀ। ਇਹ ਰਾਹ ਰੋਕ-ਰੋਕ ਕੇ ਦੱਸ ਰਹੇ ਨੇ ਕਿ ਅਸੀਂ ਖਾਹ-ਮਖਾਹ ਹਾਂ।”

ਮੈਂ ਨਿੱਜੀ ਤੌਰ ’ਤੇ ਜਾਤੀ-ਸੂਚਕ ਸ਼ਬਦ ਵਰਤਣ ਦੇ ਬਹੁਤ ਖ਼ਿਲਾਫ਼ ਹਾਂ। ਮੇਰੇ ਬਹੁਤ ਸਾਰੇ ਦੋਸਤ-ਮਿੱਤਰ ਦਲਿਤ ਭਾਈਚਾਰੇ ਨਾਲ ਸਬੰਧਤ ਵੀ ਹਨ। ਕਈਆਂ ਨਾਲ ਤਾਂ ਭਰਾਵਾਂ ਵਰਗਾ ਪਿਆਰ ਵੀ ਹੈ। ਪੰਜ-ਸੱਤ ਕੁ ਮਿੰਟਾਂ ਦੇ ਇਸ ਘਟਨਾਕ੍ਰਮ ਨੇ ਇੱਕ ਵਾਰ ਤਾਂ ਮੈਨੂੰ ਝੰਜੋੜ ਕੇ ਰੱਖ ਦਿੱਤਾ। ਕੁਝ ਪੈਸਿਆਂ ਖਾਤਰ ਕੋਈ ਇਸ ਕਾਨੂੰਨ ਦੀ ਇੰਞ ਦੁਰਵਰਤੋਂ ਵੀ ਕਰ ਸਕਦਾ ਹੈ। ਇਸ ਕਾਨੂੰਨ ਦਾ ਦੁਰਉਪਯੋਗ ਕਰਨ ਵਾਲਿਆਂ ਲਈ ਵੀ ਸਖ਼ਤ ਸਜ਼ਾ ਦਾ ਕਾਨੂੰਨ ਬਣਨਾ ਹੁਣ ਲਾਜ਼ਮੀ ਹੋ ਗਿਆ ਹੈ।

ਬੱਚੇ ਸਾਡੇ ਤੋਂ ਸਾਰੀ ਹੋਈ-ਬੀਤੀ ਘਟਨਾ ਬਾਰੇ ਪੁੱਛਣ ਲੱਗ ਪਏ। ਅਸੀਂ ਸਾਰਾ ਕੁਝ ਸੱਚੋ-ਸੱਚ ਦੱਸ ਦਿੱਤਾ। ਵਾਹਵਾ ਚਿਰ ਅਸੀਂ ਇਸ ਬਾਬਤ ਗੱਲਬਾਤ ਕਰਕੇ ਪ੍ਰੇਸ਼ਾਨ ਵੀ ਹੁੰਦੇ ਰਹੇ। ਅਸੀਂ ਇਸ ਗੱਲ ਦਾ ਵੀ ਸ਼ੁਕਰ ਕੀਤਾ ਕਿ ਅਸੀਂ ਇੱਕ ਵੱਡੇ ਪੰਗੇ, ਸੱਟ-ਫੇਟ ਜਾਂ ਫਿਰ ਲੁੱਟ ਤੋਂ ਬਚ ਗਏ ਸਾਂ। ਕਈ ਵਾਰ ਤਾਂ ਅਜਿਹੇ ਝਗੜਿਆਂ ਵਿੱਚ ਜਾਨੀ ਨੁਕਸਾਨ ਵੀ ਹੋ ਜਾਂਦਾ ਹੈ। ਸਾਡੀ ਗੱਲ ਸੁਣਨ ਤੋਂ ਬਾਅਦ ਮੇਰੀ ਬੇਟੀ ਦਾਮਨ ਅਸੀਸ ਨੇ ਆਖਿਆ, “ਪਾਪਾ, ਪਹਿਲਾਂ ਤਾਂ ਮੈਂ ਦੁਚਿੱਤੀ ਵਿੱਚ ਸੀ ਪਰ ਅੱਜ ਮੈਂ ਇਹ ਪੱਕਾ ਫ਼ੈਸਲਾ ਕਰ ਲਿਆ ਹੈ ਕਿ ਮੈਂ ਇਸ ਮੁਲਕ ਵਿੱਚ ਨਹੀਂ ਰਹਿਣਾ ਹੈ।” ਉਸ ਦਾ ਇਹ ਨਿਰਣਾ ਸੁਣ ਕੇ ਗੱਡੀ ਵਿੱਚ ਚੁੱਪ ਪਸਰ ਗਈ।

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(4480)
(ਸਰੋਕਾਰ ਨਾਲ ਸੰਪਰਕ ਲਈ: (This email address is being protected from spambots. You need JavaScript enabled to view it.)

About the Author

ਕ੍ਰਿਸ਼ਨ ਪ੍ਰਤਾਪ

ਕ੍ਰਿਸ਼ਨ ਪ੍ਰਤਾਪ

Patiala, Punjab, India.
Phone: (91 - 94174 - 37682)
Email: (kpchugawan@gmail.com)