KrishanPartap7“ਉਹ ਨੋਟ ਜਾਅਲੀ ਸੀ, ਇਸ ਲਈ ਉਸ ਕਰਮਚਾਰੀ ਨੇ ਪਾੜ ਦਿੱਤਾ ਸੀ ...”
(5 ਮਾਰਚ 2017)

 

Rupee1000Fakeਇਹ ਗੱਲ ਨੋਟ-ਬੰਦੀ ਤੋਂ ਕੁਝ ਦਿਨ ਪਹਿਲਾਂ ਦੀ ਹੈ। ਆਮ ਵਾਂਗ ਹੀ ਮੈਂ ਏ.ਟੀ.ਐੱਮ. ਵਿੱਚੋਂ ਪੈਸੇ ਕਢਵਾਏ, ਗਿਣੇ ਅਤੇ ਆਪਣੇ ਪੁਰਾਣੇ ਸਕੂਲ ਦੇ ਰਾਹ ਨੂੰ ਹੋ ਤੁਰਿਆ। ਬਦਲੀ ਹੋਣ ਕਾਰਨ ਮੈਂ ਆਪਣੇ ਪੁਰਾਣੇ ਸਕੂਲ ਵਿਚਲਾ ਚਾਰਜ ਦੇਣਾ ਅਤੇ ਰਹਿੰਦਾ ਹਿਸਾਬ ਕਿਤਾਬ ਵੀ ਕਰਨਾ ਸੀ। ਸਕੂਲ ਪੁੱਜਦਿਆਂ ਸਾਰ ਅਸੀਂ ਸਾਰਾ ਜੋੜ-ਘਟਾਓ ਕੀਤਾ ਅਤੇ ਮੈਂ ਸਾਰੇ ਬਣਦੇ ਪੈਸੇ ਨਵੇਂ ਇੰਚਾਰਜ ਨੂੰ ਸੌਂਪ ਦਿੱਤੇ।

ਅਗਲੇ ਹੀ ਦਿਨ ਮੈਨੂੰ ਸੰਬੰਧਤ ਕਰਮਚਾਰੀ ਦਾ ਫੋਨ ਆ ਗਿਆ ਤੇ ਉਹ ਆਖਣ ਲੱਗਾ, ਵੀਰ ਜੀ, ਤੁਸੀਂ ਮੈਨੂੰ ਜਿਹੜੇ ਪੈਸੇ ਦੇ ਕੇ ਗਏ ਸੀ ਉਹਨਾਂ ਵਿੱਚੋਂ ਹਜ਼ਾਰ ਦਾ ਇੱਕ ਨੋਟ ਬੈਂਕ ਵਾਲਿਆਂ ਨੇ ਜਾਅਲੀ ਆਖਦੇ ਹੋਏ ਮੋੜ ਦਿੱਤਾ ਹੈ। ਹੁਣ ਦੱਸੋ ਕੀ ਕਰੀਏ?”

ਕੋਈ ਨ੍ਹੀਂ ਭਰਾ, ਤੁਸੀਂ ਮੈਨੂੰ ਉਹ ਨੋਟ ਕਿਸੇ ਦੇ ਹੱਥ ਵਾਪਸ ਭੇਜ ਦਿਓ। ਮੈਂ ਪੂਰੇ ਪੈਸੇ ਤੁਹਾਨੂੰ ਭੇਜ ਦੇਵਾਂਗਾ। ਵੈਸੇ ਇਹ ਨੋਟ ਮੈਂ ਏ.ਟੀ.ਐੱਮ. ਵਿੱਚੋਂ ਕਢਵਾਏ ਸੀ। ਮੈਂ ਆਪੇ ਬੈਂਕ ਵਾਲਿਆਂ ਨਾਲ ਗੱਲ ਕਰ ਲਵਾਂਗਾ।” ਮੈਂ ਦਿਮਾਗ ਵਿੱਚ ਉੱਭਰੀ ਹੋਈ ਚਿੰਤਾ ਨੂੰ ਛੁਪਾਉਂਦਿਆਂ ਉਸ ਨੂੰ ਆਖਿਆ।

ਉਹ ਬੋਲਿਆ, “ਬੈਂਕ ਵਾਲੇ ਤਾਂ ਇਸ ਨੋਟ ਨੂੰ ਜ਼ਬਤ ਕਰਨ ਲੱਗੇ ਸੀ ਪਰ ਜਦ ਮੈਂ ਉਹਨਾਂ ਨੂੰ ਦੱਸਿਆ ਕਿ ਇਹ ਨੋਟ ਏ.ਟੀ.ਐੱਮ. ਵਿੱਚੋਂ ਹੀ ਨਿਕਲਿਆ ਹੈ ਤਾਂ ਉਹਨਾਂ ਨੇ ਮੈਨੂੰ ਇਹ ਨੋਟ ਵਾਪਸ ਕਰ ਦਿੱਤਾ। ਕਿਉਂਕਿ ਤੁਸੀਂ ਮੈਨੂੰ ਬਣੀ ਤਣੀ ਰਕਮ ਫੜਾ ਕੇ ਆਖਿਆ ਸੀ ਕਿ ਆਹ ਲੈ ਭਰਾਵਾ ਜਿੰਨੇ ਕਢਵਾਏ ਸੀ, ਓਦੂੰ ਵੀ ਵੱਧ ਹੀ ਦੇ ਚੱਲਿਆ ਹਾਂ।” ਉਸ ਨੇ ਥੋੜ੍ਹੀ ਜਿਹੀ ਚਿੰਤਾ ਮੁਕਤ ਆਵਾਜ਼ ਵਿੱਚ ਆਖਿਆ।

ਚੌਥੇ-ਪੰਜਵੇਂ ਦਿਨ ਉਹ ਹਜ਼ਾਰ ਦਾ ਨੋਟ ਮੇਰੇ ਕੋਲ ਪੁੱਜ ਗਿਆ ਤੇ ਮੈਂ ਅਸਲੀ ਪੈਸੇ ਦੇ ਦਿੱਤੇ। ਮੈਂ ਉਸ ਨੋਟ ਨੂੰ ਲੈ ਕੇ ਸੰਬੰਧਤ ਬੈਂਕ ਵਿੱਚ ਪੁੱਜ ਗਿਆ ਤੇ ਮੈਨੇਜਰ ਨੂੰ ਸਾਰੀ ਗੱਲ ਦੱਸ ਦਿੱਤੀ। ਪਹਿਲਾਂ ਤਾਂ ਉਹ ਕਿਸੇ ਗੱਲ ’ਤੇ ਹੀ ਨਹੀਂ ਸੀ ਆ ਰਿਹਾ ਪਰ ਜਦ ਮੈਂ ਅੜਿਆ ਰਿਹਾ ਤਾਂ ਉਹ ਆਖਣ ਲੱਗਾ ਕਿ ਤੁਸੀਂ ਆਪਣਾ ਫੋਨ ਨੰਬਰ ਲਿਖਵਾ ਜਾਓ, ਅਸੀਂ ਜਾਂਚ ਕਰਵਾ ਕੇ ਦੋ ਦਿਨ ਦੇ ਵਿੱਚ ਵਿੱਚ ਹੀ ਤੁਹਾਨੂੰ ਫੋਨ ਕਰ ਦੇਵਾਂਗੇ।

ਨੋਟ ਮੇਰੀ ਜੇਬ ਵਿੱਚ ਹੀ ਸੀ ਪਰ ਦੋ ਦਿਨ ਤਾਂ ਕੀ, ਹਫਤੇ ਤੋਂ ਵੀ ਵੱਧ ਦਾ ਸਮਾਂ ਲੰਘ ਗਿਆ। ਹੌਲੀ ਹੌਲੀ ਮੇਰੇ ਕਈ ਯਾਰਾਂ ਬੇਲੀਆਂ ਨੂੰ ਪਤਾ ਲੱਗ ਗਿਆ ਕਿ ਮੇਰੇ ਕੋਲ ਹਜ਼ਾਰ ਦਾ ਇੱਕ ਜਾਅਲੀ ਨੋਟ ਆ ਗਿਆ ਹੈ।

ਇੱਕ ਬਹੁਤਾ ਹੀ ਨੇੜਲਾ ਸੱਜਣ ਆਖਣ ਲੱਗਾ,ਜਾਅਲੀ ਨੋਟ ਜ਼ਮੀਨ ਦੇ ਕਾਰੋਬਾਰ ਵਿਚ ਆਸਾਨੀ ਨਾਲ ਚੱਲ ਜਾਂਦੇ ਨੇ। ਦੋ ਨੰਬਰ ਦੀ ਕਮਾਈ ਵਾਲੇ ਲੋਕ ਨੋਟ ਗਿਣਦੇ ਨਹੀਂ, ਮਿਣਦੇ ਹਨ। ਮੇਰਾ ਇੱਕ ਫਾਈਨੈਂਸ ਕੰਪਨੀ ਵਾਲਾ ਯਾਰ ਹੈ, ਉਹ ਇਹ ਕੰਮ ਤਾਂ ਖੱਬੇ ਹੱਥ ਨਾਲ ਹੀ ਕਰ ਦੇਵੇਗਾ। ਚੋਰਾਂ ਨੂੰ ਇੱਕ ਜਾਅਲੀ ਨੋਟ ਨਾਲ ਕੀ ਫਰਕ ਪੈ ਜਾਣੈ।”

ਮਜਬੂਰੀ ਜਾਂ ਫਿਰ ਆਾਖ ਲਓ ਜਾਅਲੀ ਨੋਟ ਤੋਂ ਪਿੱਛਾ ਛਡਵਾਉਣ ਦੇ ਇਸ ਲਾਲਚ ਕਾਰਨ ਮੈਂ ਉਸ ਨੂੰ ਹਾਮੀ ਭਰ ਦਿੱਤੀ ਤੇ ਅਗਲੇ ਦਿਨ ਹੀ ਅਸੀਂ ਦੋਵੇਂ ਜਾਅਲੀ ਨੋਟ ਲੈ ਕੇ ਉਸ ਫਾਈਨੈਂਸਰ ਦੇ ਦਫ਼ਤਰ ਵਿੱਚ ਪੁੱਜ ਗਏ।

ਫਾਈਨੈਂਸਰ ਨੇ ਨੋਟ ਤਾਂ ਰੱਖ ਲਿਆ ਪਰ ਪੂਰੀ ਹਾਮੀ ਨਹੀਂ ਭਰੀ। ਉਸਨੇ ਵਾਅਦਾ ਕੀਤਾ ਕਿ ਉਹ ਇਸ ਨੋਟ ਨੂੰ ਚਲਾ ਦੇਣ ਦਾ ਪੂਰਾ ਜਤਨ ਕਰੇਗਾ। ਇਸੇ ਤਰ੍ਹਾਂ ਹੀ ਕਈ ਦਿਨ ਲੰਘ ਗਏ। ਇੱਕ ਦਿਨ ਮੈਂ ਉਸ ਫਾਈਨੈਂਸਰ ਨੂੰ ਫੋਨ ਕਰ ਕੇ ਆਪਣੇ ਨੋਟ ਬਾਰੇ ਜਾਣਕਾਰੀ ਮੰਗੀ ਤਾਂ ਉਹ ਆਖਣ ਲੱਗਾ ਕਿ ਉਸ ਨੇ ਕਈ ਪਾਰਟੀਆਂ ਨੂੰ ਇਹ ਨੋਟ ਚਲਾਉਣ ਦੀ ਕੋਸ਼ਿਸ਼ ਕੀਤੀ ਸੀ ਪਰ ਸਭ ਨੇ ਹੱਥ ਖੜ੍ਹੇ ਕਰ ਦਿੱਤੇ ਹਨ ਪਰ ਮੈਂ ਕੋਸ਼ਿਸ਼ ਕਰਦਾ ਰਹਾਂਗਾ।

ਕਈ ਦਿਨਾਂ ਬਾਅਦ ਮੈਂ ਤੇ ਮੇਰਾ ਦੋਸਤ ਘੁੰਮਦੇ-ਘੁਮਾਉਂਦੇ ਉਸ ਫਾਈਨੈਂਸਰ ਦੇ ਦਫਤਰ ਪੁੱਜ ਗਏ। ਸਧਾਰਨ ਹਾਲ-ਚਾਲ ਪੁੱਛਣ ਤੋਂ ਬਾਅਦ ਗੱਲ ਉਸ ਨੋਟ ਤੇ ਆ ਕੇ ਰੁਕ ਗਈ। ਉਸ ਨੇ ਸਾਨੂੰ ਸਾਡਾ ਨੋਟ ਵਾਪਸ ਕਰਨ ਬਾਰੇ ਆਖ ਦਿੱਤਾ। ਜਦ ਉਸ ਦਾ ਇੱਕ ਕਰਮਚਾਰੀ ਨੋਟ ਲੈ ਕੇ ਆਇਆ ਤਾਂ ਉੱਥੇ ਹੀ ਬੈਠੇ ਇੱਕ ਹੋਰ ਕਰਮਚਾਰੀ ਨੇ ਪੱਕੀ ਜ਼ਿੰਮੇਵਾਰੀ ਚੁੱਕ ਲਈ ਕਿ ਉਹ ਇਸ ਨੋਟ ਨੂੰ ਪੌਣੇ ਜਾਂ ਫਿਰ ਅੱਧ ਮੁੱਲ ਵਿੱਚ ਚਲਾ ਦੇਵੇਗਾ। ਅਸੀਂ ਉਹ ਨੋਟ ਉਸ ਦੇ ਕਰਮਚਾਰੀ ਨੂੰ ਫੜਾ ਦਿੱਤਾ। ਉੱਥੇ ਹੀ ਮੈਂ ਇਹ ਵੀ ਆਖ ਦਿੱਤਾ ਕਿ ਜਦ ਇਹ ਨੋਟ ਚੱਲ ਗਿਆ ਤਾਂ ਆਪਾਂ ਇਸ ਨੋਟ ਦੀ ਮਿਲੀ ਕੀਮਤ ਦੇ ਬਰਾਬਰ ਦੀ ਹੀ ਪਾਰਟੀ ਕਰ ਲਵਾਂਗੇ। ਮੇਰੇ ਲਈ ਕਿਸੇ ਨੂੰ ਧੋਖਾ ਦੇ ਕੇ ਪੈਸੇ ਜੇਬ ਵਿੱਚ ਪਾਉਣੇ ਸੂਰ ਜਾਂ ਗਾਂ ਦਾ ਮਾਸ ਖਾਣ ਦੇ ਬਰਾਬਰ ਸਨ ਤੇ ਹਨ ਵੀ। ਇਸੇ ਲਈ ਹੀ ਮੈਂ ਇਹ ਘੋਸ਼ਨਾ ਸਭ ਦੇ ਸਾਹਮਣੇ ਕਰ ਦਿੱਤੀ ਸੀ।

ਅਜੇ ਕੁਝ ਕੁ ਦਿਨ ਹੀ ਬੀਤੇ ਸਨ ਕਿ ਨੋਟਬੰਦੀ ਦਾ ਐਲਾਨ ਹੋ ਗਿਆ। ਮਸਤ ਮੌਲਾ ਬੰਦਿਆਂ ਵਾਗੂੰ ਮੇਰੇ ਕੋਲ ਜੇਬ ਵਿਚਲੇ ਤਿੰਨ-ਚਾਰ ਪੰਜ ਸੌ ਦੇ ਨੋਟਾਂ ਤੋਂ ਇਲਾਵਾ ਕੋਈ ਵੀ ਧਨ ਨਹੀਂ ਸੀ। ਜਦ ਕਾਲੇ ਧਨ ਵਾਲੇ ਗਸ਼ੀਆਂ ਖਾ-ਖਾ ਕੇ ਡਿੱਗ ਰਹੇ ਸਨ ਤਾਂ ਮੈਂ ਬੇਫਿਕਰਾ ਹੋ ਕੇ ਸੌਂ ਗਿਆ ਸਾਂ।

ਨੋਟਾਂ ਦੇ ਰੌਲੇ ਰੱਪੇ ਵਿੱਚ ਹੀ ਕੁਝ ਦਿਨਾਂ ਬਾਅਦ ਮੈਨੂੰ ਆਪਣੇ ਉਸ ਨਕਲੀ ਨੋਟ ਦੀ ਯਾਦ ਆ ਗਈ। ਇਸ ਲਈ ਮੈਂ ਉਸ ਫਾਈਨੈਂਸਰ ਨੂੰ ਵਟਸ ਐਪ ’ਤੇ ਸੁਨੇਹਾ ਭੇਜਿਆ ਕਿ ਆਪਣੇ ਨੋਟ ਦਾ ਕੀ ਬਣਿਆ ਹੈ। ਉਸਦਾ ਜਵਾਬ ਆਇਆ ਕਿ ਉਹ ਲੱਭ ਹੀ ਨਹੀਂ ਰਿਹਾ। ਮੈਂ ਪੁੱਛਿਆ,ਨੋਟ ਕਿ ਬੰਦਾ?”

ਉਸਨੇ ਜਵਾਬ ਦਿੱਤਾ, “ਨੋਟ

ਮੈਂ ਸਮਝਿਆ ਕਿ ਉਸ ਬੰਦੇ ਨੇ ਕਿਤੇ ਉਹ ਨੋਟ ਅੱਗੇ ਪਿੱਛੇ ਰੱਖ ਲਿਆ ਹੋਵੇਗਾ। ਇਸ ਲਈ ਜਦ ਵੀ ਉਸਨੂੰ ਇਹ ਨੋਟ ਲੱਭ ਜਾਵੇਗਾ ਉਹ ਮੈਨੂੰ ਇਹ ਵਾਪਸ ਕਰ ਦੇਵੇਗਾ। ਨੋਟਬੰਦੀ ਦੇ ਵੀ ਕਈ ਦਿਨ ਬੀਤ ਗਏ ਸਨ।

ਇੱਕ ਦਿਨ ਪਤਾ ਨਹੀਂ ਕਿਵੇਂ ਮੈਨੂੰ ਆਪਣੇ ਉਸ ਜਾਅਲੀ ਨੋਟ ਦਾ ਚੇਤਾ ਆ ਗਿਆ ਤੇ ਮੈਂ ਸੁਭਾਵਕ ਹੀ ਉਸ ਫਾਈਨੈਂਸਰ ਨੂੰ ਫੋਨ ਮਿਲਾ ਲਿਆ। ਮਾੜਾ ਮੋਟਾ ਹਾਲ ਚਾਲ ਪੁੱਛਣ ਤੋਂ ਬਾਅਦ ਜਦ ਮੈਂ ਉਸ ਨੋਟ ਦੀ ਗੱਲ ਛੇੜੀ ਤਾਂ ਉਹ ਆਖਣ ਲੱਗਾ,ਉਹ ਨੋਟ ਜਾਅਲੀ ਸੀ, ਇਸ ਲਈ ਉਸ ਕਰਮਚਾਰੀ ਨੇ ਪਾੜ ਦਿੱਤਾ ਸੀ।”

ਮੈਨੂੰ ਅੰਦਾਜ਼ਾ ਤਾਂ ਉਸ ਦੀ ਹੈਲੋ ਹਾਏ ਤੋਂ ਹੀ ਲੱਗ ਗਿਆ ਸੀ ਕਿ ਉਸ ਨੇ ਕਿੰਨੀ ਖਿਝ ਵਿੱਚ ਮੇਰਾ ਫੋਨ ਸੁਣਨ ਦੀ ਹਿੰਮਤ ਕੀਤੀ ਸੀ ਪਰ ਜਦ ਇੱਕ ਨਿੱਜੀ ਦਫ਼ਤਰ ਵਿੱਚ ਤਿੰਨ-ਚਾਰ ਹਜ਼ਾਰ ਰੁਪਏ ਤਨਖਾਹ ਲੈਣ ਵਾਲੇ ਕਰਮਚਾਰੀ ਦੁਆਰਾ ਹਜ਼ਾਰ ਦੇ ਨੋਟ ਨੂੰ ਪਾੜ ਸੁੱਟਣ ਦੀ ਗੱਲ ਸੁਣੀ ਤਾਂ ਇੱਕਦਮ ਮੇਰੇ ਦਿਮਾਗ ਵਿੱਚ ਸ਼ੱਕ ਪੈਦਾ ਹੋ ਗਿਆ ਮੈਂ ਉਸ ਨੂੰ ਆਖਿਆ,ਵੀਰੇ, ਅੱਜਕੱਲ ਤਾਂ ਕੋਈ ਜੇਬ ਵਿਚਲੀ ਪਰਚੀ ਵੀ ਨ੍ਹੀਂ ਪਾੜ ਕੇ ਸੁੱਟਦਾ ਤੇ ਇੱਕ ਕਰਮਚਾਰੀ ਹਜ਼ਾਰ ਦੇ ਨੋਟ ਨੂੰ ਕਿੰਝ ਪਾੜ ਕੇ ਸੁੱਟ ਸਕਦਾ ਹੈ?”

ਮੇਰਾ ਸਵਾਲ ਤਾਂ ਅਜੇ ਮੂੰਹ ਵਿੱਚ ਹੀ ਸੀ ਕਿ ਉਹ ਤਾਂ ਮੇਰੇ ਗਲ ਹੀ ਪੈ ਗਿਆ,ਉਹ ਤਾਂ ਇੱਕ ਕਾਗਜ਼ ਸੀ ਸੋ ਪਾੜ ਦਿੱਤਾ, ਗੱਲ ਖਤਮ। ਤੂੰ ਐਵੇਂ ਮੈਨੂੰ ਪ੍ਰੇਸ਼ਾਨ ਕਰੀ ਜਾਂਦਾ ਏਂ, ਨਿੱਤ ਰੋਜ।”

ਮੈਂ ਉਸਨੂੰ ਮੋੜਵਾਂ ਜਵਾਬ ਦਿੱਤਾ,ਭਾਵੇਂ ਉਹ ਕਾਗਜ਼ ਹੀ ਸੀ ਪਰ ਮੈਨੂੰ ਵਾਪਸ ਤਾਂ ਕਰ ਦੇ। ਮੈਂ ਆਪ ਪਾੜ ਦਿਆਂਗਾ। ਮੈਨੂੰ ਤਸੱਲੀ ਤਾਂ ਰਹੂ। ਨਾਲੇ ਮੈਂ ਕਿਹੜਾ ਇਹਨੂੰ ਜੇਬ ਵਿੱਚ ਪਾਉਣਾ ਸੀ, ਆਪਾਂ ਹੀ ਖਰਚਣੇ ਸੀ …” ਮੇਰੀ ਗੱਲ ਅਜੇ ਅੱਧ ਵਿਚਾਲੇ ਹੀ ਸੀ ਕਿ ਉਸ ਨੇ ਫੋਨ ਕੱਟ ਦਿੱਤਾ।

ਭਾਵੇਂ ਕਿ ਇਸ ਨੋਟ ਨਾਲ ਮੈਂ ਕੋਈ ਮਹਿਲ ਨਹੀਂ ਸੀ ਉਸਾਰ ਸਕਣਾ ਪਰ ਮੈਨੂੰ ਸਮਝ ਵਿੱਚ ਆ ਗਿਆ ਸੀ ਕਿ ਮਰੇ ਮੁੱਕਰੇ ਬੰਦੇ ਦਾ ਕੋਈ ਵੀ ਇਲਾਜ਼ ਨਹੀਂ ਹੁੰਦਾ। ਮੈਂ ਸ਼ਹਿਰ ਦੇ ਉਸ ਕਹਿੰਦੇ ਕਹਾਉਂਦੇ ਫਾਈਨੈਂਸਰ ਦੇ ਅਸਲੀ ਚਿਹਰੇ ਨੂੰ ਪਹਿਚਾਣ ਲਿਆ ਸੀ। ਹੁਣ ਅਜਿਹੇ ਮਰੀ ਹੋਈ ਜ਼ਮੀਰ ਵਾਲੇ ਬੰਦਿਆਂ ਬਾਰੇ ਕੋਈ ਕੀ ਆਖ ਸਕਦਾ ਹੈ? ਭਾਵੇਂ ਕਿ ਮੇਰੇ ਦੁਆਰਾ ਨਕਲੀ ਨੋਟ ਨੂੰ ਚਲਾਉਣ ਦਾ ਜਤਨ ਕਰਨਾ ਵੀ ਗਲਤ ਗੱਲ ਸੀ ਪਰ ਇੱਕ ਜਾਲ ਵਿੱਚ ਫਸੇ ਹੋਏ ਬੰਦੇ ਦਾ ਇੰਝ ਸ਼ੋਸ਼ਣ ਕਰ ਕੇ ਉਸ ਨੂੰ ਬੇਇੱਜ਼ਤ ਕਰਨਾ ਅਤੇ ਜ਼ੁਬਾਨ ਤੋਂ ਮੁੱਕਰਨਾ, ਕੀ ਇਸ ਤੋਂ ਵੀ ਵੱਡਾ ਗੁਨਾਹ ਨਹੀਂ ਸੀ?

*****

(623)

ਆਪਣੇ ਵਿਚਾਰ ਸਾਂਝੇ ਕਰੋ: (This email address is being protected from spambots. You need JavaScript enabled to view it.)

About the Author

ਕ੍ਰਿਸ਼ਨ ਪ੍ਰਤਾਪ

ਕ੍ਰਿਸ਼ਨ ਪ੍ਰਤਾਪ

Patiala, Punjab, India.
Phone: (91 - 94174 - 37682)
Email: (kpchugawan@gmail.com)