KrishanPartap7ਲਾਲੀ ਚਾਚੇ ਨੂੰ ਅੱਤਵਾਦੀਆਂ ਨੇ ਮਾਰ ਦਿੱਤੈ। ਹੁਣ ਆਪਾਂ ਨੂੰ ਵੀ ਮਾਰ ਦੇਣਗੇ ...
(1 ਜੁਲਾਈ 2017)

 

ਪਰਸੋਂ ਉਨੱਤੀ ਜੂਨ ਸੀ। ਇਸ ਦਿਨ ਵਰਗਾ ਹੀ ਇਕ ਦਿਨ ਠੀਕ ਤਿੰਨ ਦਹਾਕੇ ਪਹਿਲਾਂ ਉਨੱਤੀ ਜੂਨ ਉੱਨੀ ਸੌ ਸਤਾਸੀ ਨੂੰ ਚੜ੍ਹਿਆ ਸੀ। ਸਕੂਲੀ ਵਿਦਿਆਰਥੀਆਂ ਅਤੇ ਅਧਿਆਪਕਾਂ ਦੀਆਂ ਗਰਮੀ ਦੀ ਛੁੱਟੀਆਂ ਅੱਧ ਤੋਂ ਵੱਧ ਬੀਤ ਚੁੱਕੀਆਂ ਸਨ। ਉਦੋਂ ਇਹ ਛੁੱਟੀਆਂ ਡੇਢ ਮਹੀਨੇ ਦੀਆਂ ਹੁੰਦੀਆਂ ਸਨ। ਮੇਰੇ ਨਾਲ ਦੇ ਸਭ ਸੰਗੀ-ਸਾਥੀ ਆਪੋ-ਆਪਣੇ ਨਾਨਕੀਂ ਜਾਂ ਫਿਰ ਰਿਸ਼ਤੇਦਾਰੀਆਂ ਵਿੱਚ ਜਾ ਚੁੱਕੇ ਸਨ। ਸਾਡੇ ਪਰਿਵਾਰ ਦੇ ਬੱਚੇ ਹੀ ਅਜਿਹੇ ਸਨ ਜੋ ਇਹਨਾਂ ਛੁੱਟੀਆਂ ਵਿੱਚ ਕਿਤੇ ਵੀ ਨਹੀਂ ਜਾ ਸਕੇ ਸਨ। ਇਸ ਦਾ ਵੱਡਾ ਕਾਰਨ ਉਸ ਵੇਲੇ ਪੰਜਾਬ ਦੇ ਹਾਲਾਤ ਦਾ ਅਤਿ ਨਾਜ਼ੁਕ ਹੋਣਾ ਅਤੇ ਸਾਡੇ ਘਰ ਵਿੱਚ ਆ ਰਹੇ ਧਮਕੀ ਭਰੇ ਪੱਤਰ ਹੀ ਸਨ। ਧਮਕੀਆਂ ਵੀ ਉਸ ਵੇਲੇ ਦੇ ਆਪਣੇ ਆਪ ਨੂੰ ਕਹਿੰਦੇ-ਕਹਾਉਂਦੇ ਅੱਤਵਾਦੀਆਂ ਦੀਆਂ ਹੁੰਦੀਆਂ ਸਨ। ਇਹਨਾਂ ਚਿੱਠੀਆਂ ਵਿੱਚ ਜਾਂ ਤਾਂ ਸਾਨੂੰ ਪਿੰਡ ਛੱਡ ਜਾਣ ਬਾਰੇ ਆਖਿਆ ਹੁੰਦਾ ਸੀ ਜਾਂ ਫਿਰ ਆਪਣਾ ਧਰਮ ਬਦਲ ਲੈਣ ਦੀ ਨਸੀਹਤ ਹੁੰਦੀ ਸੀ। ਕਈ ਪੱਤਰਾਂ ਵਿੱਚ ‘ਪੰਥ’ ਦੀਆਂ ਨੀਤੀਆਂ ਦੇ ਖ਼ਿਲਾਫ਼ ਬੇਬਾਕ ਰਾਇ ਨਾ ਦੇਣ ਦੀ ਹਦਾਇਤ ਕੀਤੀ ਗਈ ਹੁੰਦੀ ਸੀ। ਇਹ ਪੱਤਰ ਸਿਰਫ ਸਾਨੂੰ ਹੀ ਨਹੀਂ ਸਗੋਂ ਸਾਡੇ ਇਲਾਕੇ ਦੇ ਹਰ ਉਸ ਸਖਸ਼ ਨੂੰ ਮਿਲ ਰਹੇ ਸਨ ਜਿਹੜਾ ਇਸ ‘ਅਧਰਮ’ ਦੀ ਲੜਾਈ ਦੇ ਵਿਰੁੱਧ ਆਪਣੀ ਮਾੜੀ ਜਿਹੀ ਦੱਬੀ ਜ਼ੁਬਾਨ ਵੀ ਖੋਲ੍ਹਣ ਦੀ ਹਿੰਮਤ ਕਰ ਰਿਹਾ ਸੀ।

ਇਹੋ ਜਿਹੇ ਹਾਲਾਤ ਵਿੱਚ ਕਿਸ ਨੇ ਸਾਡੇ ਘਰ ਆਉਣਾ ਸੀ ਤੇ ਕੀਹਨੇ ਸਾਡੇ ਵਰਗੇ ਰਿਸ਼ਤੇਦਾਰਾਂ ਨੂੰ ਆਪਣੇ ਘਰ ਸੱਦ ਕੇ ‘ਬਲਾਅ’ ਗਲ ਪਾਉਣੀ ਸੀ। ਹਾਲਾਤ ਹੀ ਇੰਨੇ ਖਰਾਬ ਸਨ ਕਿ ਛੁੱਟੀਆਂ ਦੇ ਬਾਵਜੂਦ ਵੀ ਸਾਡੇ ਘਰ ਦਾ ਕੋਈ ਵੀ ਬੱਚਾ ਘਰ ਤੋਂ ਬਾਹਰ ਪੈਰ ਨਹੀਂ ਸੀ ਰੱਖ ਸਕਦਾ। ਘਰ ਵਿੱਚ ਕੈਦੀ ਬਣੇ ਰਹਿਣ ਦੀ ਇੱਕ ਆਦਤ ਜਿਹੀ ਹੀ ਪੈ ਗਈ ਸੀ।

ਦੁਪਹਿਰ ਬਾਰਾਂ ਕੁ ਵੱਜਦੇ ਨੂੰ ਸਾਡੇ ਘਰ ਅਫਰਾ-ਤਫਰੀ ਮੱਚ ਗਈ ਸੀ। ਮੈਂ ਤਾਂ ਅਜੇ ਦਸ ਕੁ ਸਾਲ ਦਾ ਹੀ ਸਾਂ ਤੇ ਕੁਝ ਵੀ ਸਮਝ ਨਹੀਂ ਸਾਂ ਸਕਿਆ। ਕੁਝ ਕੁ ਪਲਾਂ ਵਿੱਚ ਹੀ ਚੀਕ-ਚਿਹਾੜਾ ਇੰਨਾ ਜ਼ਿਆਦਾ ਮੱਚ ਗਿਆ ਸੀ ਕਿ ਮੈਂ ਬੇਹੱਦ ਹੀ ਡਰੇ ਹੋਏ ਆਪਣੇ ਵੱਡੇ ਭਰਾ ਤੋਂ ਇਸ ਦਾ ਕਾਰਨ ਪੁੱਛਿਆ। ਮੈਨੂੰ ਜੱਫੀ ਵਿੱਚ ਘੁੱਟਦਾ ਹੋਇਆ ਅਤੇ ਉੱਚੀ-ਉੱਚੀ ਧਾਹਾਂ ਮਾਰਦਾ ਹੋਇਆ ਉਹ ਮਸਾਂ ਹੀ ਬੋਲਿਆ ਸੀ, “ਲਾਲੀ ਚਾਚੇ ਨੂੰ ਅੱਤਵਾਦੀਆਂ ਨੇ ਮਾਰ ਦਿੱਤੈ। ਹੁਣ ਆਪਾਂ ਨੂੰ ਵੀ ਮਾਰ ਦੇਣਗੇ।”

ਬਹੁਤ ਮਾੜਾ ਹੋਣ ਦੀ ਕਾਫੀ ਕਹਾਣੀ ਤਾਂ ਮੈਨੂੰ ਸਮਝ ਲੱਗ ਗਈ ਸੀ। ਚਾਚੇ ਨੂੰ ਮਾਰ ਦੇਣ ਦੀ ਖ਼ਬਰ ਅਤੇ ਫਿਰ ਆਪਣੇ ਵੀ ਖਤਮ ਹੋ ਜਾਣ ਦੇ ਡਰ ਕਾਰਨ ਮੇਰਾ ਬਾਲ ਮਨ ਇੱਕ ਦਮ ਹੀ ਕੰਬ ਗਿਆ ਸੀ। ਸ਼ਾਮ ਤੱਕ ਬੜੇ ਹੀ ਲੋਕ ਇਕੱਠੇ ਹੋ ਗਏ ਸਨ ਪਰ ‘ਚਾਚਾ’ ਘਰ ਨਹੀਂ ਸੀ ਪੁੱਜਿਆ।

ਸੱਤ ਕੁ ਵੱਜਦੇ ਨੂੰ ਅਜੇ ਦਿਨ ਦਾ ਪੂਰਾ ਛਿਪਾਅ ਨਹੀਂ ਸੀ ਹੋਇਆ ਪਰ ਪੂਰੇ ਪਿੰਡ ਦੀਆਂ ਦਹਿਲੀਜ਼ਾਂ ਜ਼ੋਸ਼ੀਲੇ ਨਾਹਰਿਆਂ ਨਾਲ ਗੂੰਜਣ ਲੱਗ ਪਈਆਂ ਸਨ। ਬਹੁਤ ਜ਼ਿਆਦਾ ਇਕੱਠ, ਕਾਵਾਂ ਰੌਲੀ ਅਤੇ ਰੋਣ-ਕੁਰਲਾਉਣ ਹੀ ਏਨਾ ਸੀ ਕਿ ਮੈਂ ਚਾਹ ਕੇ ਵੀ ਆਪਣੇ ਚਾਚੇ ਨੂੰ ਵੇਖ ਨਹੀਂ ਸਾਂ ਸਕਿਆ। ਕਰਦੇ ਕਰਾਉਂਦੇ ਮੈਂ ਮੰਜੇ ਉੱਤੇ ਪਈ ਆਪਣੇ ਚਾਚੇ ਦੀ ਲਾਸ਼ ਕੋਲ ਪੁੱਜ ਗਿਆ ਸਾਂ। ਉਸ ਦਾ ਖੱਬਾ ਹੱਥ ਛਾਤੀ ਨਾਲ ਲੱਗਾ ਹੋਇਆ ਸੀ ਅਤੇ ਸੱਜੇ ਹੱਥ ਦੀਆਂ ਉਂਗਲਾਂ ਪਿਸਤੌਲ ਫੜਨ ਵਾਲੀ ਮੁਦਰਾ ਵਿੱਚ ਆਕੜੀਆਂ ਹੋਈਆਂ ਸਨ। ਇਹ ਵੀ ਪਤਾ ਲੱਗਾ ਕਿ ਉਸ ਉੱਤੇ ਅੱਤਵਾਦੀਆਂ ਨੇ ਧੋਖੇ ਨਾਲ ਹਮਲਾ ਕਰ ਦਿੱਤਾ ਸੀ ਅਤੇ ਚਾਚੇ ਨੇ ਵੀ ਬਹਾਦਰੀ ਵਿਖਾਉਂਦੇ ਹੋਏ ਇੱਕ ਅੱਤਵਾਦੀ ਨੂੰ ਜ਼ਖਮੀ ਕਰ ਦਿੱਤਾ ਸੀ। ਗਿਣਤੀ ਵਿੱਚ ਜ਼ਿਆਦਾ ਹੋਣ ਅਤੇ ਕਾਇਰਤਾਪੂਰਨ ਹਮਲਾ ਕਰਨ ਕਾਰਨ ਅੱਤਵਾਦੀ ਚਾਚੇ ਨੂੰ ਮਾਰ ਕੇ ਭੱਜਣ ਵਿੱਚ ਸਫਲ ਹੋ ਗਏ ਸਨ।

ਅੱਤਵਾਦੀ ਆਪਣੇ ਜਾਣੀਂ ਤਾਂ ਆਪਣੇ ਵਿਰੁੱਧ ਬੋਲਣ ਵਾਲੀ ਇੱਕ ਆਵਾਜ਼ ਨੂੰ ਦਬਾਉਣ ਵਿੱਚ ਸਫਲ ਹੋ ਗਏ ਸਨ ਪਰ ਇਸ ਕਤਲ ਨਾਲ ਸਾਰੇ ਇਲਾਕੇ ਦੇ ਇਨਸਾਫ ਪਸੰਦ ਲੋਕ, ਫਿਰਕੂ ਤਾਕਤਾਂ ਦੇ ਖਿਲਾਫ਼ ਸੜਕਾਂ ਉੱਤੇ ਉੱਤਰ ਆਏ ਸਨ। ਚਾਚੇ ਦੇ ਸਸਕਾਰ ਅਤੇ ਭੋਗ ਵਾਲੇ ਦਿਨ ਹਜ਼ਾਰਾਂ ਦੀ ਗਿਣਤੀ ਵਿੱਚ ਲੋਕਾਂ ਦਾ ਇਕੱਠੇ ਹੋਣਾ ਅਤੇ ਅੱਤਵਾਦੀਆਂ ਨੂੰ ਖੁੱਲ੍ਹੇਆਮ ਚਨੌਤੀ ਦੇਣੀ ‘ਕਾਲੀਆਂ ਤਾਕਤਾਂ’ ਨੂੰ ਫਿਰ ਤੋਂ ਚੁੱਭਣ ਲੱਗ ਪਈ ਸੀ। ਆਪਣੇ ਵਿਰੁੱਧ ਉੱਠਦਾ ਲੋਕ ਵਿਦਰੋਹ ਵੇਖ ਕੇ ਉਹ ਹੋਰ ਵੀ ਤਿਲਮਿਲਾ ਗਏ। ਆਪਣੀ ਦਹਿਸ਼ਤ ਕਾਇਮ ਰੱਖਣ ਲਈ ਅੱਤਵਾਦੀਆਂ ਨੇ ਚਾਚੇ ਦੇ ਭੋਗ ਵਾਲੀ ਰਾਤ ਨੂੰ ਸਾਡੇ ਪਿੰਡ ਦੇ ਇੱਕ ਹੋਰ ਕਾਮਰੇਡ ਪਰਿਵਾਰ ਦੇ ਘਰ ’ਤੇ ਹਮਲਾ ਕਰ ਕੇ ਉਸ ਦੇ ਚਾਰ ਜੀਆਂ ਸਮੇਤ ਛੇ ਵਿਅਕਤੀਆਂ ਨੂੰ ਕਤਲ ਕਰ ਦਿੱਤਾ ਸੀ। ਦਸਵੀਂ ਜਮਾਤ ਵਿੱਚ ਪੜ੍ਹਦੇ ਲੜਕੇ ਅਤੇ ਨੌਵੀ ਜਮਾਤ ਵਿੱਚ ਪੜ੍ਹਦੀ ਬੱਚੀ ਨੂੰ ਵੀ ਕਤਲ ਕਰਕੇ ਇਹ ਵੀਹ-ਪੱਚੀ ‘ਧਾਰਮਿਕ ਦਲੇਰ’ ਲਲਕਾਰੇ ਮਾਰਦੇ ਰਹੇ ਸਨ। ਸ਼ਾਇਦ ਉਹਨਾਂ ਨੂੰ ਗਿਆਨ ਨਹੀਂ ਸੀ ਕਿ ਗੋਲੀਆਂ ਅਤੇ ਬੰਦੂਕਾਂ ਦੀ ਦਹਿਸ਼ਤ ਨਾਲ ਵਿਚਾਰਾਂ ਨੂੰ ਕਤਲ ਨਹੀਂ ਕੀਤਾ ਜਾ ਸਕਦਾ ਹੈ।

ਮੈਂ ਇਹ ਸਾਰੀ ਕਹਾਣੀ ਪਾਠਕਾਂ ਦੇ ਸਾਹਮਣੇ ਤਾਂ ਲਿਆਂਦੀ ਹੈ ਕਿਉਂਕਿ ਅੱਜ ਇਹਨਾਂ ‘ਧਾਰਮਿਕ ਦਲੇਰਾਂ’ ਨੂੰ ਬੜੇ ਹੀ ਮਾਸੂਮ ਅਤੇ ਸੱਚੇ-ਸੁੱਚੇ ਬਣਾ ਕੇ ਪੇਸ਼ ਕੀਤਾ ਜਾ ਰਿਹਾ ਹੈ। ਇਹ ਕਹਾਣੀ ਤਾਂ ਸਿਰਫ ਸਾਡੇ ਪਿੰਡ ਦੀ ਹੈ। ਅੱਤਵਾਦੀਆਂ ਨੇ ਤਾਂ ਪੂਰੇ ਪੰਜਾਬ ਨੂੰ ਹੀ ਸ਼ਮਸ਼ਾਨ ਬਣਾ ਕੇ ਰੱਖ ਦਿੱਤਾ ਸੀ। ਕਿੰਨੀ ਸ਼ਰਮ ਦੀ ਗੱਲ ਹੈ ਕਿ ਸਾਡਾ ਸੋਸ਼ਲ ਮੀਡੀਆ, ਪੱਤਰਕਾਰ, ਅਖ਼ਬਾਰਾਂ ਅਤੇ ਅਖੌਤੀ ਮਨੁੱਖੀ ਅਧਿਕਾਰਾਂ ਦੇ ਰਾਖੇ ਅੱਤਵਾਦੀਆਂ ਦੁਆਰਾ ਮਾਰੇ ਗਏ ਤੀਹ ਹਜ਼ਾਰ ਆਦਮੀਆਂ ਅਤੇ ਉਹਨਾਂ ਦੇ ਪਰਿਵਾਰਾਂ ਬਾਰੇ ਬੋਲਣ ਤੋਂ ਝਿਜਕ ਰਹੇ ਹਨ। ਜਾਂ ਤਾਂ ਉਹਨਾਂ ਦੀਆਂ ਅੱਖਾਂ ਇਹ ਸਭ ਕੁਝ ਵੇਖਣ ਤੋਂ ਅਸਮਰੱਥ ਰਹੀਆਂ ਹਨ ਜਾਂ ਫਿਰ ਉਹਨਾਂ ਨੇ ਆਪਣੀ ਜ਼ਮੀਰ ਨੂੰ ਹੀ ਮਾਰ ਲਿਆ ਹੈ।

ਮੈਂ ਨਿੱਜੀ ਤੌਰ ’ਤੇ ਪੰਜਾਬ ਦੇ ਘਟੀਆ ਪੁਲਿਸ ਅਫ਼ਸਰਾਂ ਦੇ ਬਹੁਤ ਹੀ ਖਿਲਾਫ਼ ਹਾਂ ਅਤੇ ਉਹਨਾਂ ਦਾ ਸ਼ਰੇਆਮ ਵਿਰੋਧ ਵੀ ਕਰਦਾ ਆ ਰਿਹਾ ਹਾਂ। ਪੁਲਿਸ ਨੇ ਜਿਹੜੇ ਬੇਗੁਨਾਹ ਨੌਜਵਾਨ ਝੂਠੇ ਮੁਕਾਬਲੇ ਬਣਾ ਕੇ ਮਾਰੇ ਹਨ ਉਹ ਬੜਾ ਹੀ ਨਿੰਦਣਯੋਗ ਅਤੇ ਘਟੀਆ ਕਦਮ ਸੀ। ਚੁਰਾਸੀ ਦੇ ਦੰਗਿਆਂ ਵਿੱਚ ਇੱਕ-ਪਾਸੜ ਜੋ ਕੁਝ ਵੀ ਹੋਇਆ ਉਹੋ ਜਿਹੀ ਕਮੀਨਗੀ ਦੀ ਉਦਾਹਰਣ ਇਤਿਹਾਸ ਵਿੱਚ ਘੱਟ ਹੀ ਲੱਭਦੀ ਹੈ।

ਹੁਣ ਸਵਾਲ ਇਹ ਉੱਠਦਾ ਹੈ ਕਿ ਸਾਡਾ ਬੁੱਧੀਜੀਵੀ ਵਰਗ ਸੱਚ ਨੂੰ ਸੱਚ ਆਖਣ ਤੋਂ ਕਿਉਂ ਘਬਰਾ ਰਿਹਾ ਹੈ? ਇਹਨਾਂ ਮਨਹੂਸ ਬਾਰ੍ਹਾਂ ਤੇਰ੍ਹਾਂ ਸਾਲਾਂ ਵਿੱਚ ਤੀਹ ਹਜ਼ਾਰ ਜਾਨਾਂ ਕਿਹੜੇ ਭੂਤ-ਪਰੇਤ ਲੈ ਗਏ? ‘ਕਾਲੀਆਂ ਬਿੱਲੀਆਂ’ ਤਾਂ ਨੱਬੇਵਿਆਂ ਵਿੱਚ ਇਸ ਲਹਿਰ ਵਿੱਚ ਦਾਖਿਲ ਹੋਈਆਂ ਸਨ, ਇਸ ਤੋਂ ਪਹਿਲਾਂ ਹਜ਼ਾਰਾਂ ਲੋਕਾਂ ਦਾ ਕਤਲ ਕਰਨ ਵਾਲੇ ਕਿਹੜੇ ‘ਬਘਿਆੜ’ ਸਨ? ਅੱਤਵਾਦੀਆਂ ਅਤੇ ਪੁਲਿਸ ਦੁਆਰਾ ਮਾਰੇ ਗਏ ਵਿਅਕਤੀਆਂ ਦੀਆਂ ਸੂਚੀਆਂ ਬਣਾ ਕੇ ਜਨਤਕ ਕੀਤੀਆਂ ਜਾਣੀਆਂ ਚਾਹੀਦੀਆਂ ਹਨ ਤਾਂ ਜੋ ਦੁੱਧ ਦਾ ਦੁੱਧ ਅਤੇ ਪਾਣੀ ਦਾ ਪਾਣੀ ਸਭ ਦੇ ਸਾਹਮਣੇ ਆ ਜਾਵੇ। ਇਸ ਨਾਲ ਫਿਰਕੂ ਜ਼ਬਰ ਅਤੇ ਪੁਲਿਸ ਦੀਆਂ ਵਧੀਕੀਆਂ ਦਾ ਸ਼ਿਕਾਰ ਹੋਏ ਪਰਿਵਾਰਾਂ ਨੂੰ ਕੁਝ ਨਾ ਕੁਝ ਮਾਨਸਿਕ ਰਾਹਤ ਜ਼ਰੂਰ ਮਿਲੇਗੀ।

ਪੰਜਾਬੀਆਂ ਵਿੱਚ ਇੰਨੀ ਬੇਵਿਸ਼ਵਾਸ਼ੀ ਕਿਵੇਂ ਆ ਗਈ ਕਿ ਅੱਜ ਸਰਕਾਰਾਂ ਅਤੇ ਦੇਸ਼ੀ-ਵਿਦੇਸ਼ੀ ਏਜੰਸੀਆਂ ਜਦ ਮਰਜ਼ੀ ਚਾਹੁਣ ਪੰਜਾਬ ਦੀ ਅਮਨ-ਸ਼ਾਂਤੀ ਨੂੰ ਲਾਂਬੂ ਲਾਉਣ ਦੀ ਸਮਰੱਥਾ ਰੱਖਦੀਆਂ ਹਨ। ਅੱਜ ਸਾਡੇ ਸਾਹਮਣੇ ਇਹ ਗੰਭੀਰ ਚਿੰਤਾ ਦਾ ਵਿਸ਼ਾ ਹੈ। ਇੱਕ ਵੱਡਾ ਨੁਕਸਾਨ ਅਤੇ ਲੰਬਾ ਸੰਤਾਪ ਹੰਢਾ ਕੇ ਸਾਡੇ ਪਰਿਵਾਰ ਨੇ ਮਹਿਸੂਸ ਕੀਤਾ ਹੈ ਕਿ ਇਸ ਦਾ ਸਭ ਵੱਡਾ ਕਾਰਨ ਪੰਜਾਬ ਵਾਸੀਆਂ ਦਾ ਸਾਹਿਤ ਨਾਲੋਂ ਮੂਲੋਂ ਹੀ ਟੁੱਟ ਜਾਣਾ ਹੈ। ਪੰਜਾਬੀਆਂ ਦੀ ਸੋਚ ਵਿਸ਼ਵ ਪੱਧਰ ਦੀ ਨਾ ਹੋਣ ਕਾਰਨ ਕਈ ਭਰਮ ਭੁਲੇਖੇ ਫੈਲਾ ਕੇ ਉਹਨਾਂ ਨੂੰ ਆਸਾਨੀ ਨਾਲ ਗੁੰਮਰਾਹ ਕੀਤਾ ਜਾ ਰਿਹਾ ਹੈ। ਪੰਜਾਬ ਵਿੱਚ ਸਾਹਿਤ ਦੀ ਕਮੀ ਅਤੇ ਅਜਿਹੀਆਂ ਅਫਵਾਹਾਂ ਦੇ ਅਸਲ ਤੱਥ ਸਾਹਮਣੇ ਲਿਆਉਣ ਲਈ ਇੱਕ ਸੰਸਥਾ ਦੀ ਬੜੀ ਕਮੀ ਮਹਿਸੂਸ ਹੋ ਰਹੀ ਸੀ। ਇਸ ਘਾਟ ਦੀ ਪੂਰਤੀ ਹਿੱਤ ਸਾਡੇ ਪਰਿਵਾਰ ਵੱਲੋਂ ਇੱਕ ਲਾਇਬਰੇਰੀ (ਲਾਲੀ ਯਾਦਗਰੀ ਲਾਇਬਰੇਰੀ) ਪੰਜਾਬ ਦੀ ਜਨਤਾ ਨੂੰ ਸਮਰਪਿਤ ਕੀਤੀ ਜਾ ਰਹੀ ਹੈ। ਇਸ ਦਾ ਮੁੱਖ ਮਕਸਦ ਲੋਕਾਂ ਨੂੰ ਵਧੀਆ ਸਾਹਿਤ ਉਪਲਬਧ ਕਰਵਾਉਣਾ, ਵਿਦਿਆਰਥੀਆਂ ਦੇ ਮਾਨਸਿਕ ਪੱਧਰ ਨੂੰ ਉੱਚਾ ਚੁੱਕਣ ਦੇ ਜਤਨ ਕਰਨ ਦੇ ਨਾਲ ਨਾਲ ‘ਕਾਲੇ ਦੌਰ’ ਦੀਆਂ ਸੱਚਾਈਆਂ ਨੂੰ ਆਮ ਜਨਤਾ ਸਾਹਮਣੇ ਪੇਸ਼ ਕਰਨਾ ਹੋਵੇਗਾ, ਤਾਂ ਜੋ ਪੰਜਾਬ ਦੇ ਕਿਸੇ ਵੀ ਘਰ ਨੂੰ ਉਹਨਾਂ ਹਾਲਾਤ ਦਾ ਸਾਹਮਣਾ ਨਾ ਕਰਨਾ ਪਵੇ ਜਿਹੜਾ ਕਿ ਅੱਜ ਤੋਂ ਤੀਹ ਸਾਲ ਪਹਿਲਾਂ ਸਾਨੂੰ ਕਰਨਾ ਪਿਆ ਸੀ। ਸ਼ਾਇਦ ਸਾਡਾ ਇਹ ਕਦਮ ਕੱਟੜ ਪੰਥੀਆਂ ਅਤੇ ਫਿਰਕੂ ਰਾਜਨੀਤਿਕਾਂ ਨੂੰ ਚੰਗਾ ਨਹੀਂ ਲੱਗੇਗਾ।

*****

(750)

ਆਪਣੇ ਵਿਚਾਰ ਸਾਂਝੇ ਕਰੋ: (This email address is being protected from spambots. You need JavaScript enabled to view it.)

About the Author

ਕ੍ਰਿਸ਼ਨ ਪ੍ਰਤਾਪ

ਕ੍ਰਿਸ਼ਨ ਪ੍ਰਤਾਪ

Patiala, Punjab, India.
Phone: (91 - 94174 - 37682)
Email: (kpchugawan@gmail.com)