“ਏਡਜ਼ ਤੋਂ ਬਚਾਅ ਸਭ ਤੋਂ ਜ਼ਰੂਰੀ ਹੈ ਪ੍ਰੰਤੂ ਜੇਕਰ ਕਦੇ ਕੋਈ ਪੀੜਿਤ ਵੀ ਹੋ ਜਾਵੇ ਤਾਂ ਇਲਾਜ ...”
(1 ਦਸੰਬਰ 2025)
ਸਮੇਂ ਦੇ ਬਦਲਣ ਨਾਲ ਜੀਵਨ ਸ਼ੈਲੀ ਵਿੱਚ ਆ ਰਹੇ ਬਦਲਾਅ ਕਰਕੇ ਸਰੀਰ ਦੀ ਰੋਗਾਣੂਆਂ ਨਾਲ ਲੜਨ ਦੀ ਸ਼ਕਤੀ ਵਿੱਚ ਗਿਰਾਵਟ ਆਈ ਹੈ, ਜਿਸਦਾ ਮੁੱਖ ਕਾਰਨ ਰੋਜ਼ਾਨਾ ਜ਼ਿੰਦਗੀ ਵਿੱਚੋਂ ਸੰਤੁਲਿਤ ਭੋਜਨ ਦੀ ਅਣਹੋਂਦ ਅਤੇ ਸਰੀਰਕ ਕਸਰਤ ਦਾ ਮਨਫੀ ਹੋਣਾ ਹੈ। ਸੰਤੁਲਿਤ ਭੋਜਨ ਉਹ ਭੋਜਨ ਹੁੰਦਾ ਹੈ ਜਿਸ ਵਿੱਚ ਸਰੀਰ ਲਈ ਲੋੜ ਅਨੁਸਾਰ ਸਾਰੇ ਪੌਸ਼ਟਿਕ ਤੱਤ ਮੌਜੂਦ ਹੁੰਦੇ ਹਨ। ਸੰਤੁਲਿਤ ਭੋਜਨ ਅਤੇ ਸਰੀਰਕ ਕਸਰਤ ਦਾ ਕੰਮ ਕੇਵਲ ਸਰੀਰ ਨੂੰ ਰਿਸ਼ਟ ਪੁਸ਼ਟ ਰੱਖਣਾ ਹੀ ਨਹੀਂ ਸਗੋਂ ਨਵੇਂ ਸੈੱਲਾਂ ਨੂੰ ਬਣਨ ਵਿੱਚ ਮਦਦ ਕਰਨਾ ਅਤੇ ਸਰੀਰ ਦਾ ਸੰਤੁਲਨ ਬਣਾਈ ਰੱਖਣਾ ਵੀ ਹੁੰਦਾ ਹੈ। ਮਨੁੱਖੀ ਜੀਵਨ ਸ਼ੈਲੀ ਵਿੱਚ ਵਧ ਰਹੀ ਭੱਜ ਦੌੜ ਅਤੇ ਸਮੇਂ ਦੀ ਕਮੀ ਨੇ ਮਨੁੱਖ ਨੂੰ ਬਿਮਾਰ ਹੋਣ ਲਈ ਮੌਕੇ ਪੈਦਾ ਕਰ ਦਿੱਤੇ ਹਨ। ਹਸਪਤਾਲ ਵਿੱਚ ਜਾਂਦੇ ਹਾਂ ਤਾਂ ਮਰੀਜ਼ਾਂ ਦੀ ਭੀੜ ਹੈ। ਅਸੀਂ ਦੇਖਦੇ ਹਾਂ ਕਿ ਸਾਡੇ ਆਲੇ ਦੁਆਲੇ ਕਿੰਨੇ ਹਸਪਤਾਲ ਹਨ ਅਤੇ ਸਾਰੇ ਹੀ ਹਸਪਤਾਲ ਮਰੀਜ਼ਾਂ ਨਾਲ ਭਰੇ ਪਏ ਹਨ, ਜਿੱਥੇ ਆਪਣੀ ਵਾਰੀ ਉਡੀਕਣ ਲਈ ਲੰਮੀਆਂ ਕਤਾਰਾਂ ਵਿੱਚ ਖੜ੍ਹਨਾ ਪੈਂਦਾ ਹੈ। ਬਿਮਾਰੀ ਕੋਈ ਵੀ ਹੋਵੇ, ਜਦੋਂ ਵਧ ਜਾਂਦੀ ਹੈ ਤਾਂ ਲਾਇਲਾਜ ਹੋ ਜਾਂਦੀ ਹੈ। ਬਚਾਅ ਇਸ ਵਿੱਚ ਹੀ ਹੈ ਕਿ ਬਿਮਾਰੀਆਂ ਤੋਂ ਬਚਿਆ ਜਾਵੇ।
ਐੱਚ ਆਈ ਵੀ ਏਡਜ਼ ਇੱਕ ਅਜਿਹੀ ਬਿਮਾਰੀ ਹੈ, ਜਿਸ ਤੋਂ ਲਗਭਗ ਅਸੀਂ ਸਾਰੇ ਹੀ ਜਾਣੂ ਹਾਂ। ਕੁਝ ਲੋਕ ਤਾਂ ਇਸਦਾ ਨਾਮ ਲੈਣਾ ਵੀ ਪਸੰਦ ਨਹੀਂ ਕਰਦੇ। ਏਡਜ਼ (AIDS) ਜਿਸਦਾ ਪੂਰਾ ਨਾਮ ਏਕਵਾਇਰਡ ਇਮਿਊਨੋ ਡੈਂਫੀਸੈਂਸੀ ਸਿੰਡਰੋਮ ਹੈ, ਇੱਕ ਭਿਆਨਕ ਬਿਮਾਰੀ ਨਹੀਂ ਸਗੋਂ ਬਿਮਾਰੀਆਂ ਦਾ ਸਮੂਹ ਹੈ, ਜੋ ਐੱਚ ਆਈ ਵੀ (HIV - ਹਿਊਮਨ ਇਮਿਊਨੋ ਵਾਇਰਸ) ਦੁਆਰਾ ਹੁੰਦਾ ਹੈ ਜੋ ਕਿ ਇੱਕ ਤਰ੍ਹਾਂ ਦਾ ਵਾਇਰਸ ਹੈ। ਏਡਜ਼ ਦੀ ਬਿਮਾਰੀ ਹੋਣ ਦੇ ਮੁੱਖ ਕਾਰਨਾਂ ਵਿੱਚ ਅਸੁਰੱਖਿਅਤ ਯੌਨ ਸਬੰਧ, ਦੁੱਧ ਰਾਹੀਂ ਮਾਂ ਤੋਂ ਬੱਚੇ ਨੂੰ, ਇੱਕੋ ਸਰਿੰਜ ਵਰਤਣ ਨਾਲ ਅਤੇ ਏਡਜ਼ ਪ੍ਰਭਾਵਿਤ ਵਿਅਕਤੀ ਤੋਂ ਕਿਸੇ ਤੰਦਰੁਸਤ ਵਿਅਕਤੀ ਨੂੰ ਖ਼ੂਨ ਚੜ੍ਹਾਉਣ ਨਾਲ ਫੈਲ ਸਕਦਾ ਹੈ। ਏਡਜ਼ ਦੇ ਮੁੱਖ ਲੱਛਣਾਂ ਵਿੱਚ ਭਾਰ ਘਟਣਾ, ਵਾਰ ਵਾਰ ਬੁਖ਼ਾਰ ਚੜ੍ਹਨਾ ਅਤੇ ਗਲੇ ਦੀਆਂ ਲਿੱਫ ਨੋਡ ’ਤੇ ਸੋਜ਼ ਆ ਜਾਣਾ ਸ਼ਾਮਲ ਹਨ। ਏਡਜ਼ ਦੀ ਬਿਮਾਰੀ ਪ੍ਰਤੀ ਸਮਾਜ ਵਿੱਚ ਫੈਲੇ ਵਹਿਮ ਭਰਮ ਇਸ ਬਿਮਾਰੀ ਤੋਂ ਪੀੜਿਤ ਵਿਅਕਤੀਆਂ ਲਈ ਸਮਾਜ ਵਿੱਚ ਨਿਰਾਸ਼ਾ ਪੈਦਾ ਕਰਦੇ ਹਨ। ਸਾਨੂੰ ਇਹ ਸਮਝਣਾ ਹੋਵੇਗਾ ਕਿ ਏਡਜ਼ ਕੋਈ ਛੂਤ ਦੀ ਬਿਮਾਰੀ ਨਹੀਂ ਜੋ ਇੱਕ ਵਿਅਕਤੀ ਤੋਂ ਦੂਜੇ ਵਿਅਕਤੀ ਨੂੰ ਇਕੱਠੇ ਰਹਿਣ, ਖਾਣ ਪੀਣ ਜਾਂ ਹੱਥ ਫੈਲਾਉਣ ਨਾਲ ਹੋ ਸਕਦੀ ਹੈ। ਦਫਤਰਾਂ ਅਤੇ ਆਂਢ ਗੁਆਂਢ ਵਿੱਚ ਜੇਕਰ ਕੋਈ ਏਡਜ਼ ਨਾਲ ਪੀੜਿਤ ਵਿਅਕਤੀ ਪਾਇਆ ਜਾਂਦਾ ਹੈ ਤਾਂ ਉਸ ਨਾਲ ਭੇਦਭਾਵ ਨਹੀਂ ਸਗੋਂ ਇਲਾਜ ਕਰਵਾਉਣ ਲਈ ਉਤਸ਼ਾਹਿਤ ਕਰਨਾ ਚਾਹੀਦਾ ਹੈ। ਸਮਾਂ ਪਾ ਕੇ ਵਿਅਕਤੀ ਠੀਕ ਹੋਣ ਵੱਲ ਵਧ ਸਕਦਾ ਹੈ।
1986 ਤੋਂ ਹਰ ਸਾਲ 01 ਦਸੰਬਰ ਨੂੰ ਏਡਜ਼ ਪ੍ਰਤੀ ਜਾਗਰੂਕਤਾ ਫੈਲਾਉਣ ਲਈ ਵਿਸ਼ਵ ਏਡਜ਼ ਦਿਵਸ ਮਨਾਇਆ ਜਾਂਦਾ ਹੈ। ਨੈਸ਼ਨਲ ਏਡਜ਼ ਕੰਟਰੋਲ ਆਰਗੇਨਾਈਜ਼ੇਸਨ, ਸਿਹਤ ਵਿਭਾਗ, ਸਿੱਖਿਆ ਸੰਸਥਾਵਾਂ ਅਤੇ ਗੈਰ ਸਰਕਾਰੀ ਸੰਸਥਾਵਾਂ ਵੀ ਏਡਜ਼ ਪ੍ਰਤੀ ਜਾਗਰੂਕ ਕਰਨ ਲਈ ਕੈਂਪ ਅਤੇ ਸੈਮੀਨਾਰ ਦਾ ਆਯੋਜਨ ਕਰਦੇ ਹਨ। ਏਡਜ਼ ਤੋਂ ਬਚਾਅ ਸਭ ਤੋਂ ਜ਼ਰੂਰੀ ਹੈ ਪ੍ਰੰਤੂ ਜੇਕਰ ਕਦੇ ਕੋਈ ਪੀੜਿਤ ਵੀ ਹੋ ਜਾਵੇ ਤਾਂ ਇਲਾਜ ਕਰਵਾਉਣ ਤੋਂ ਕਦੇ ਵੀ ਪਿੱਛੇ ਨਹੀਂ ਹਟਣਾ ਚਾਹੀਦਾ। ਏਡਜ਼ ਵੀ ਦੂਜੀਆਂ ਬਿਮਾਰੀਆਂ ਵਾਂਗ ਇੱਕ ਪ੍ਰਕਾਰ ਦੀ ਬਿਮਾਰੀ ਹੈ ਇਸਦੇ ਪੀੜਿਤ ਨੂੰ ਵੀ ਸਨਮਾਨ ਨਾਲ ਜਿਊਣ ਦਾ ਅਧਿਕਾਰ ਹੈ।
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (