“ਜਿਸ ਭਾਸ਼ਾ ਨੂੰ ਬੋਲਣ ਵਾਲੇ ਘਟ ਜਾਂਦੇ ਹਨ, ਉਹ ਭਾਸ਼ਾ ਹੌਲੀ ਹੌਲੀ ਅਲੋਪ ਹੋ ਜਾਂਦੀ ਹੈ। ਪੰਜਾਬੀ ਭਾਸ਼ਾ ਵੀ ਅਲੋਪ ...”
(21 ਫਰਵਰੀ 2024)
ਇਸ ਸਮੇਂ ਪਾਠਕ: 200.
ਮਾਂ ਬੋਲੀ, ਜਿਵੇਂ ਨਾਂ ਤੋਂ ਹੀ ਪ੍ਰਤੀਤ ਹੁੰਦਾ ਹੈ, ਉਸ ਬੋਲੀ ਨੂੰ ਕਹਿੰਦੇ ਹਨ ਜਿਸਨੂੰ ਬੱਚਾ ਸਭ ਤੋਂ ਪਹਿਲਾਂ ਗੁੜ੍ਹਤੀ ਦੇ ਰੂਪ ਵਿੱਚ ਆਪਣੀ ਮਾਂ ਕੋਲੋਂ ਸਿੱਖਦਾ ਹੈ। ਬੱਚੇ ਦੇ ਸਰਵਪੱਖੀ ਵਿਕਾਸ ਲਈ ਮਾਂ ਬੋਲੀ ਵਿੱਚ ਹੀ ਉਸ ਦੀ ਪਾਲਣ ਪੋਸਣ ਉਸ ਨੂੰ ਇੱਕ ਚੰਗਾ ਇਨਸਾਨ ਬਣਾਉਣ ਦੇ ਨਾਲ ਨਾਲ ਸਰਵ ਗੁਣੀ ਸਮਰੱਥ ਬਣਾਉਣ ਵਿੱਚ ਅਹਿਮ ਭੂਮਿਕਾ ਨਿਭਾਉਂਦਾ ਹੈ। ਆਪਣੀ ਮਾਂ ਬੋਲੀ ਨੂੰ ਪੇਸ਼ ਆ ਰਹੀਆਂ ਚੁਣੌਤੀਆਂ ਨਾਲ ਨਜਿੱਠਣ ਅਤੇ ਉਹਨਾਂ ਦੇ ਸੁਚੱਜੇ ਹੱਲ ਲਈ ਹਰ ਸਾਲ ਇੱਕੀ ਫਰਵਰੀ ਨੂੰ ਅੰਤਰਰਾਸ਼ਟਰੀ ਮਾਂ ਬੋਲੀ ਦਿਵਸ ਮਨਾਇਆ ਜਾਂਦਾ ਹੈ। ਮਾਂ ਬੋਲੀ ਦਿਵਸ ਮਨਾਉਣ ਦੇ ਇਤਿਹਾਸ ਵੱਲ ਝਾਤ ਮਾਰੀਏ ਤਾਂ ਇਸਦੀਆਂ ਜੜ੍ਹਾਂ ਭਾਰਤ ਦੀ ਵੰਡ ਨਾਲ ਜੁੜੀਆਂ ਹੋਈਆਂ ਹਨ। ਭਾਰਤ ਦੀ ਵੰਡ ਨਾਲ ਭਾਰਤ ਅਤੇ ਪਾਕਿਸਤਾਨ ਬਣਨ ਦੇ ਨਾਲ ਨਾਲ ਪਾਕਿਸਤਾਨ ਦੇ ਵੀ ਦੋ ਟੋਟੇ ਹੋ ਗਏ, ਜਿਸ ਵਿੱਚ ਪੂਰਬੀ ਪਾਕਿਸਤਾਨ ਅਤੇ ਪੱਛਮੀ ਪਾਕਿਸਤਾਨ ਸ਼ਾਮਿਲ ਹਨ। ਪੂਰਬੀ ਪਾਕਿਸਤਾਨ ਵਿੱਚ ਜ਼ਿਆਦਾ ਮਾਤਰਾ ਬੰਗਲਾ ਭਾਸ਼ਾ ਬੋਲਣ ਵਾਲਿਆਂ ਦੀ ਸੀ ਜਦਕਿ ਪੱਛਮੀ ਪਾਕਿਸਤਾਨ ਵਿੱਚ ਪੰਜਾਬੀ, ਬਲੋਚੀ ਅਤੇ ਹੋਰ ਭਾਸ਼ਾਵਾਂ ਬੋਲਣ ਵਾਲਿਆਂ ਦੀ। ਦੇਸ਼ ਵੰਡ ਉਪਰੰਤ ਪਾਕਿਸਤਾਨ ਵਿੱਚ ਉਰਦੂ ਭਾਸ਼ਾ ਨੂੰ ਕੌਮੀ ਭਾਸ਼ਾ ਬਣਾਉਣ ਦਾ ਫਰਮਾਨ ਲਾਗੂ ਹੋਇਆ ਜਿਸਦਾ ਪੂਰਬੀ ਪਾਕਿਸਤਾਨ ਨੇ ਇਤਰਾਜ਼ ਜਿਤਾਇਆ। ਪੂਰਬੀ ਪਾਕਿਸਤਾਨ ਵਾਲੇ ਚਾਹੁੰਦੇ ਸਨ ਕਿ ਉਰਦੂ ਦੇ ਨਾਲ ਨਾਲ ਬੰਗਲਾ ਭਾਸ਼ਾ ਨੂੰ ਵੀ ਮਾਨਤਾ ਮਿਲੇ, ਪ੍ਰੰਤੂ ਅਜਿਹਾ ਨਹੀਂ ਹੋਇਆ ਅਤੇ ਊਰਦੂ ਭਾਸ਼ਾ ਨੂੰ ਉਨ੍ਹਾਂ ਉੱਤੇ ਜ਼ਬਰਦਸਤੀ ਥੋਪਿਆ ਗਿਆ। ਇਸਦੇ ਵਿਰੋਧ ਵਿੱਚ ਢਾਕਾ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੇ ਇੱਕੀ ਫਰਵਰੀ 1952 ਨੂੰ ਰੋਸ ਮਾਰਚ ਕੱਢਿਆ, ਜਿਸ ’ਤੇ ਪੁਲਿਸ ਨੇ ਗੋਲੀਆਂ ਚਲਾ ਦਿੱਤੀਆਂ। ਇਸ ਸਮੇਂ ਛੇ ਵਿਦਿਆਰਥੀ ਮਾਰੇ ਗਏ।
ਪੱਛਮੀ ਪਾਕਿਸਤਾਨ ਦੇ ਜ਼ੁਲਮ ਦੇ ਪ੍ਰਤੀਕਰਮ ਵਜੋਂ 1971 ਵਿੱਚ ਬੰਗਲਾਦੇਸ਼ ਹੋਂਦ ਵਿੱਚ ਆਇਆ। ਇਸ ਲਈ ਉੱਥੇ ਹਰ ਸਾਲ ਇੱਕੀ ਫਰਵਰੀ ਨੂੰ ਕੌਮਾਂਤਰੀ ਮਾਤ ਭਾਸ਼ਾ ਦਿਵਸ ਵਜੋਂ ਮਨਾਇਆ ਜਾਣ ਲੱਗਾ। ਯੂ ਐੱਨ ਓ ਦੁਆਰਾ 1999 ਵਿੱਚ ਇੱਕੀ ਫਰਵਰੀ ਨੂੰ ਕੌਮਾਂਤਰੀ ਮਾਤ ਭਾਸ਼ਾ ਦਿਵਸ ਮਨਾਉਣ ਦਾ ਫੈਸਲਾ ਕੀਤਾ ਗਆ। ਮਾਂ ਬੋਲੀ ਨੂੰ ਬਚਾਉਣ ਲਈ ਚੱਲਿਆ ਸੰਘਰਸ਼ ਅੱਜ ਵੀ ਇੱਕ ਨਵੇਂ ਅੰਦੋਲਨ ਦੀ ਮੰਗ ਕਰਦਾ ਹੈ। ਪੰਜਾਬੀ ਭਾਸ਼ਾ ਨਾਲ ਪੰਜਾਬੀਆਂ ਨੇ ਹੀ ਬੇਰੁਖੀ ਅਪਣਾਈ ਹੋਈ ਹੈ। ਰੋਜ਼ਾਨਾ ਜ਼ਿੰਦਗੀ ਵਿੱਚ ਪੰਜਾਬੀ ਭਾਸ਼ਾ ਅਲੋਪ ਹੋ ਰਹੀ ਹੈ ਅਤੇ ਉਸ ਦੀ ਜਗ੍ਹਾ ’ਤੇ ਹਿੰਦੀ ਅਤੇ ਅੰਗਰੇਜ਼ੀ ਭਾਸ਼ਾ ਨਾਲ ਮਿਕਸ ਹੋਈ ਪੰਜਾਬੀ ਸਾਡੇ ਜੀਵਨ ਦਾ ਹਿੱਸਾ ਬਣ ਰਹੀ ਹੈ। ਸਕੂਲਾਂ ਵਿੱਚ ਬੱਚਿਆਂ ਉੱਤੇ ਪੰਜਾਬੀ ਵਿੱਚ ਗੱਲਬਾਤ ਕਰਨ ’ਤੇ ਰੋਕ ਲਗਾਈ ਜਾਂਦੀ ਹੈ। ਪੰਜਾਬੀ ਭਾਸ਼ਾ ਨੂੰ ਪੇਂਡੂ, ਗਵਾਰਾਂ ਅਤੇ ਅਨਪੜ੍ਹਾਂ ਦੀ ਭਾਸ਼ਾ ਸਮਝਿਆ ਜਾਂਦਾ ਹੈ। ਇਸ ਤਰ੍ਹਾਂ ਪੰਜਾਬੀਆਂ ਨੇ ਹੀ ਆਪਣੀ ਮਾਂ ਬੋਲੀ ਨਾਲ ਮਤਰੇਈ ਮਾਂ ਵਾਲਾ ਸਲੂਕ ਕੀਤਾ ਹੈ।
ਸਰਕਾਰ ਦੁਆਰਾ ਕੀਤੇ ਜਾਂਦੇ ਯਤਨ ਵੀ ਕੋਈ ਤਸੱਲੀਬਖ਼ਸ਼ ਨਤੀਜੇ ਲਿਆਉਣ ਵਿੱਚ ਨਾਕਾਮ ਰਹੇ ਹਨ। ਦਫਤਰਾਂ ਵਿੱਚ ਪੰਜਾਬੀ ਭਾਸ਼ਾ ਅਜੇ ਤਕ ਵੀ ਪੂਰਨ ਤੌਰ ’ਤੇ ਲਾਗੂ ਨਹੀਂ ਹੋ ਸਕੀ। ਅੱਜ ਵੀ ਦਫਤਰਾਂ ਵਿੱਚ ਕੰਮ ਕਾਜ ਦੀ ਭਾਸ਼ਾ ਅੰਗਰੇਜ਼ੀ ਹੀ ਹੈ। ਜਿਸ ਭਾਸ਼ਾ ਨੂੰ ਬੋਲਣ ਵਾਲੇ ਘਟ ਜਾਂਦੇ ਹਨ, ਉਹ ਭਾਸ਼ਾ ਹੌਲੀ ਹੌਲੀ ਅਲੋਪ ਹੋ ਜਾਂਦੀ ਹੈ। ਪੰਜਾਬੀ ਭਾਸ਼ਾ ਵੀ ਅਲੋਪ ਹੋਣ ਕਿਨਾਰੇ ਪਹੁੰਚ ਚੁੱਕੀ ਹੈ। ਸਮਾਂ ਰਹਿੰਦੇ ਹੋਏ ਮਾਂ ਬੋਲੀ ਨੂੰ ਬਚਾਉਣ ਲਈ ਕਦਮ ਨਾ ਚੁੱਕੇ ਤਾਂ ਕੱਖਾਂ ਵਾਂਗ ਨਹੀਂ ਰੁਲਾਂਗੇ, ਸਗੋਂ ਖ਼ਤਮ ਹੀ ਹੋ ਜਾਵਾਂਗੇ। ਆਉਣ ਵਾਲੀਆਂ ਪੀੜ੍ਹੀਆਂ ਪੜ੍ਹਿਆ ਕਰਨਗੀਆਂ ਕਿ ਇੱਕ ਪੰਜਾਬੀ ਹੁੰਦਾ ਸੀ, ਇੱਕ ਪੰਜਾਬੀ ਭਾਸ਼ਾ ਹੁੰਦੀ ਸੀ।
ਪੰਜਾਬੀ ਬੋਲੀ ਨੂੰ ਬਚਾਉਣਾ ਆਪਣੀ ਹੋਂਦ ਨੂੰ ਕਾਇਮ ਰੱਖਣਾ ਹੈ। ਆਉ ਰਲਮਿਲ ਕੇ ਮਾਂ ਬੋਲੀ ਪੰਜਾਬੀ, ਜਿਸ ਨੂੰ ਗੁਰੂਆਂ ਦੀ ਰਹਿਮਤ ਪ੍ਰਾਪਤ ਹੈ ਬਚਾਉਣ ਲਈ ਆਪਣੇ ਘਰਾਂ ਵਿੱਚ ਲਾਇਬ੍ਰੇਰੀਆਂ ਬਣਾਈਏ, ਪੰਜਾਬੀ ਅਖ਼ਬਾਰਾਂ ਆਪ ਪੜ੍ਹੀਏ ਅਤੇ ਆਪਣੇ ਨੂੰ ਇਸ ਪਾਸੇ ਲਾਈਏ ਤਾਂ ਜੋ ਕੌਮਾਂਤਰੀ ਮਾਤ ਭਾਸ਼ਾ ਦਿਵਸ ਮਨਾਉਣ ਦਾ ਮਨੋਰਥ ਪੂਰਾ ਹੋ ਸਕੇ।
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(4741)
(ਸਰੋਕਾਰ ਨਾਲ ਸੰਪਰਕ ਲਈ: (