“ਉਹਨਾਂ ਦਾ ਡਰਾਇਵਰੀ ਨਾਲ ਸਬੰਧਿਤ ਤਜਰਬਾ ਅਤੇ ਡਰਾਇਵਰੀ ਕਿੱਤੇ ਵਿਚ ਪੇਸ਼ ਆ ਰਹੀਆਂ ਮੁਸ਼ਕਿਲਾਂ ਉਹਨਾਂ ਦੀ ਲਿਖ਼ਤ ...”
(7 ਫਰਵਰੀ 2024)
ਇਸ ਸਮੇਂ ਪਾਠਕ: 240.
ਸਾਹਿਤ ਦੋ ਸ਼ਬਦਾਂ ਤੋਂ ਮਿਲਕੇ ਬਣਿਆ ਹੈ, ਸਾ ਤੋਂ ਭਾਵ ਹੈ ਨਾਲ ਅਤੇ ਹਿਤ ਤੋਂ ਭਾਵ ਹੈ ਪਿਆਰ। ਇਸ ਪ੍ਰਕਾਰ ਸਾਹਿਤ ਤੋਂ ਭਾਵ ਪਿਆਰ ਨਾਲ ਉਪਜੀ ਜਾਂ ਪਿਆਰ ਤੋਂ ਉਪਜੀ ਹੋਈ ਰਚਨਾ ਤੋਂ ਲਿਆ ਜਾਂਦਾ ਹੈ। ਸਾਹਿਤ ਸਮਾਜ ਦਾ ਸ਼ੀਸ਼ਾ ਹੁੰਦਾ ਹੈ। ਲੇਖਕ ਸਮਾਜ ਵਿੱਚ ਵਾਪਰਨ ਵਾਲੀਆਂ ਘਟਨਾਵਾਂ ਨੂੰ ਆਪਣੀਆਂ ਬੌਧਿਕ ਜੁਗਤਾਂ ਦੁਆਰਾ ਲਿਪੀ ਰੂਪ ਦੇ ਕੇ ਸਮਾਜ ਦੇ ਸਾਹਮਣੇ ਪੇਸ਼ ਕਰਦਾ ਹੈ। ਬਹੁਤ ਸਾਰੇ ਲੇਖਕ ਹਨ ਜਿਹਨਾਂ ਦੀਆਂ ਲਿਖਤਾਂ ਸਮਾਜ ਦੀ ਦਸ਼ਾ ’ਤੇ ਚੋਟ ਕਰਦੀਆਂ ਹੋਈਆਂ ਸ਼ੀਸ਼ਾ ਦਿਖਾਉਂਦੀਆਂ ਹਨ। ਅਜਿਹੇ ਲੇਖਕਾਂ ਵਿੱਚੋਂ ਹੀ ਇੱਕ ਹਨ ਪੰਜਾਬੀ ਦੇ ਪ੍ਰਸਿੱਧ ਨਾਵਲਕਾਰ ਬਲਦੇਵ ਸਿੰਘ ਸੜਕਨਾਮਾ।
ਬਲਦੇਵ ਸਿੰਘ ਦਾ ਜਨਮ ਅੱਠ ਜੁਲਾਈ 1942 ਨੂੰ ਰਾਜਸਥਾਨ ਵਿਖੇ ਪਿਤਾ ਹਰਦਿਆਲ ਸਿੰਘ ਦੇ ਘਰ ਮਾਤਾ ਬਚਿੰਤ ਕੌਰ ਦੀ ਕੁੱਖੋਂ ਹੋਇਆ। ਬਲਦੇਵ ਸਿੰਘ ਨੇ ਪ੍ਰਾਇਮਰੀ ਸਿੱਖਿਆ ਚੰਦ ਪੁਰਾਣਾ ਵਿੱਚ ਹੀ ਹਾਸਿਲ ਕੀਤੀ। 1958 ਵਿੱਚ ਬਲਦੇਵ ਸਿੰਘ ਨੇ ਦਸਵੀਂ ਦਾ ਇਮਤਿਹਾਨ ਪਾਸ ਕੀਤਾ, ਅਗਲੇਰੀ ਪੜ੍ਹਾਈ ਲਈ ਡੀ ਐੱਮ ਕਾਲਜ ਵਿੱਚ ਦਾਖਲਾ ਲੈ ਲਿਆ। ਇਹਨਾਂ ਦਾ ਵਿਆਹ 16 ਮਾਰਚ 1963 ਨੂੰ ਸ੍ਰੀਮਤੀ ਕੁਲਜੀਤ ਕੌਰ ਨਾਲ ਹੋਇਆ। ਸ਼ੁਰੂ ਵਿੱਚ ਬਲਦੇਵ ਨੇ ਮੁਕਸਤਰ ਦੇ ਪਿੰਡ ਝੁਰੜ ਵਿਖੇ ਅਧਿਆਪਕ ਦੇ ਤੌਰ ’ਤੇ ਨੌਕਰੀ ਕੀਤੀ ਫਿਰ ਨੌਕਰੀ ਛੱਡ ਕੇ 1965 ਵਿੱਚ ਸ਼ਿਮਲੇ ਚਲੇ ਗਏ। ਤਿੰਨ ਸਾਲ ਸ਼ਿਮਲੇ ਨੌਕਰੀ ਕਰਨ ਉਪਰੰਤ ਉਸਨੇ ਕਲਕੱਤੇ ਜਾ ਕੇ ਡਰਾਇਵਰੀ ਕੀਤੀ। ਉਹਨਾਂ ਦਾ ਡਰਾਇਵਰੀ ਨਾਲ ਸਬੰਧਿਤ ਤਜਰਬਾ ਅਤੇ ਡਰਾਇਵਰੀ ਕਿੱਤੇ ਵਿਚ ਪੇਸ਼ ਆ ਰਹੀਆਂ ਮੁਸ਼ਕਿਲਾਂ ਉਹਨਾਂ ਦੀ ਲਿਖਤ ‘ਸੜਕਨਾਮਾ’ ਵਿੱਚ ਦਰਜ ਹਨ। ਇਸ ਲਿਖਤ ਤੋਂ ਬਾਅਦ ਇਹਨਾਂ ਦੇ ਨਾਮ ਪਿੱਛੇ ਸੜਕਨਾਮਾ ਲੱਗ ਗਿਆ। 1984 ਵਿੱਚ ਕਲਕੱਤੇ ਨੂੰ ਅਲਵਿਦਾ ਕਹਿ ਕੇ ਉਹ ਆਪਣੇ ਘਰ ਮੋਗੇ ਆ ਗਏ।
ਬਲਦੇਵ ਸਿੰਘ ਦਾ ਲਿਖਣ ਵੱਲ ਝੁਕਾਅ ਕਾਲਜ ਦੀ ਪੜ੍ਹਾਈ ਦੌਰਾਨ ਹੀ ਸੀ। ਬਲਦੇਵ ਸਿੰਘ ਨੇ ਕਾਲਜ ਦੇ ਮੈਗਜ਼ੀਨ ਵਿੱਚ ਛਪਣ ਲਈ ਆਪਣੀ ਕਹਾਣੀ ਅਧੂਰਾ ਸੁਪਨਾ ਭੇਜੀ। ਇਸ ਤੋਂ ਬਾਅਦ ਬਲਦੇਵ ਸਿੰਘ ਨੇ ਪਹਿਲਾਂ ਕਾਵਿ ਸੰਗ੍ਰਹਿ ਗਿੱਲੀਆਂ ਛਿਟੀਆਂ ਦੀ ਅੱਗ 1977 ਵਿੱਚ ਪ੍ਰਕਾਸ਼ਿਤ ਕੀਤਾ। ਇਸ ਤੋਂ ਬਾਅਦ ਚਿੜੀਆਖਾਨਾ 1979, ਹਵੇਲੀ ਛਾਂਵੇਂ ਖੜ੍ਹਾ ਰੱਬ 1982, ਸਵੇਰ ਦੀ ਲੋਅ 1989, ਝੱਖੜ ਤੇ ਪਰਿੰਦੇ 1993, ਮਿੱਟੀ ਰੁਦਨ ਕਰੇ 1998, ਹਨੇਰੇ ਸਵੇਰੇ 2001, ਦਿਸਹੱਦਿਆਂ ਤੋਂ ਪਾਰ 2005 ਅਤੇ ਜ਼ਿੰਦਗੀ ਦੇ ਰੰਗ 2006 ਵਿੱਚ ਪਾਠਕਾਂ ਦੀ ਝੋਲੀ ਵਿੱਚ ਪਏ। ਬਲਦੇਵ ਸਿੰਘ ਦੇ ਨਾਵਲ ‘ਪੰਜਵਾਂ ਸਾਹਿਬਜਾਦਾ’ ਬਾਬਾ ਜੀਵਨ ਸਿੰਘ ਜੀ ਦੇ ਜੀਵਨ ਉੱਤੇ ਆਧਾਰਿਤ ਹੈ। ‘ਸਤਲੁਜ ਵਹਿੰਦਾ ਰਿਹਾ’ ਭਗਤ ਸਿੰਘ ਦੀ ਜੀਵਨੀ ’ਤੇ ਅਧਾਰਿਤ, ਢਾਹਵਾਂ ਦਿੱਲੀ ਦੇ ਕਿੰਗਰੇ ਲੋਕ ਨਾਇਕ ‘ਦੁੱਲਾ ਭੱਟੀ’ ਉੱਤੇ ਅਧਾਰਿਤ, ‘ਮਹਾਂਬਲੀ ਸੂਰਾ’ ਬਾਬਾ ਬੰਦਾ ਸਿੰਘ ਬਹਾਦਰ ਜੀ ਦੀ ਜੀਵਨੀ ’ਤੇ ਅਧਾਰਿਤ, ‘ਸੂਰਜ ਦੀ ਅੱਖ’ ਮਹਾਰਾਜਾ ਰਣਜੀਤ ਸਿੰਘ ਜੀ ਦੀ ਜੀਵਨ ਉੱਤੇ ਆਧਾਰਿਤ, ਪੰਜਾਬ ਦੀ ਕਿਸਾਨੀ ਨੂੰ ਦਰਸਾਉਂਦਾ ‘ਅੰਨਦਾਤਾ’ ਅਤੇ ਪੀੜ੍ਹੀਆਂ ਵਿੱਚ ਪੈ ਰਿਹਾ ਫ਼ਰਕ ਬਲਦੇਵ ਸਿੰਘ ਦੇ ਨਾਵਲ ‘ਇੱਕੀਵੀਂ ਸਦੀ’ ਵਿੱਚ ਨਜ਼ਰ ਆਉਂਦਾ ਹੈ।
ਬਲਦੇਵ ਸਿੰਘ ਦੁਆਰਾ ਰਚੇ ਸਾਹਿਤ ਵਿੱਚ ਪੇਂਡੂ ਜੀਵਨ ਅਤੇ ਅੰਨਦਾਤੇ ਦੀਆਂ ਤੰਗੀਆਂ ਤੁਰਸ਼ੀਆਂ ਬਾਖੂਬੀ ਨਜ਼ਰ ਆਉਂਦੀਆਂ ਹਨ। ਬਲਦੇਵ ਸਿੰਘ ਦੇ ਨਾਵਲ ‘ਇੱਕੀਵੀਂ ਸਦੀ’ ਵਿੱਚ ਲੇਖਕ ਨੇ ਸਮੇਂ ਦੇ ਬਦਲਣ ਨਾਲ ਰਿਸ਼ਤਿਆਂ ਵਿੱਚ ਆ ਰਹੀਆਂ ਦਰਾੜਾਂ ਨੂੰ ਚਿਤਰਿਆ ਹੈ। ਮਾਤਾ ਪਿਤਾ ਕਿਵੇਂ ਢਿੱਡ ਬੰਨ੍ਹ ਕੇ ਆਪਣੇ ਬੱਚਿਆਂ ਦਾ ਪਾਲਣ ਪੋਸ਼ਣ ਕਰਦੇ ਹਨ ਪਰ ਬੱਚੇ ਵੱਡੇ ਹੋਣ ਉਪਰੰਤ ਆਪਣੇ ਮਾਤਾ ਪਿਤਾ ਦੇ ਪਰਉਪਕਾਰ ਨੂੰ ਭੁਲਾਉਂਦੇ ਹੋਏ ਉਹਨਾਂ ਤੋਂ ਕਿਨਾਰਾ ਕਰਕੇ ਉਹਨਾਂ ਨੂੰ ਸੰਤਾਪ ਭੋਗਣ ਲਈ ਬਜ਼ੁਰਗ-ਘਰਾਂ ਦੇ ਹਵਾਲੇ ਕਰ ਦਿੰਦੇ ਹਨ। ਇੱਕੀਵੀਂ ਸਦੀ ਵਿੱਚ ਅਸੀਂ ਪੜ੍ਹ ਲਿਖ ਬਹੁਤ ਗਏ, ਅਸੀਂ ਇੰਨਾ ਪੜ੍ਹ ਗਏ ਹਾਂ ਕਿ ਆਪਣੇ ਫ਼ਰਜ਼ਾਂ ਤੋਂ ਹੀ ਬੇਮੁੱਖ ਹੋ ਬੈਠੇ ਹਾਂ। ਜਿਹਨਾਂ ਨੇ ਪਾਲਿਆ ਅਸੀਂ ਉਹਨਾਂ ਦੇ ਨਹੀਂ ਹੋਏ ਤਾਂ ਦੂਜਿਆਂ ਦੇ ਕਿਵੇਂ ਹੋ ਜਾਵਾਂਗੇ? ਇਹ ਨਾਵਲ ਲੇਖਕ ਦੀ ਸ਼ਾਹ ਰਚਨਾ ਤੋਂ ਘੱਟ ਨਹੀਂ, ਇਹ ਪੜ੍ਹ ਕੇ ਚਿੰਤਨ ਕਰਨ ਵਾਲੀ ਰਚਨਾ ਹੈ।
ਉਮੀਦ ਕਰਦੇ ਹਾਂ ਕਿ ਲੇਖਕ ਦੀ ਕਲਮ ਤੋਂ ਇਸੇ ਤਰ੍ਹਾਂ ਹੋਰ ਰਚਨਾਵਾਂ ਆਉਂਦੀਆਂ ਰਹਿਣ ਜਿਹਨਾਂ ਨੂੰ ਪੜ੍ਹ ਕੇ ਪਾਠਕ ਸਾਹਿਤਕ ਅਨੰਦ ਮਾਣਦਾ ਹੋਇਆ ਖੁਸ਼ੀ ਦੀ ਭਾਲ ਕਰਦਾ ਹੋਇਆ ਚਿੰਤਨ ਦੇ ਰਾਹ ਤੁਰ ਸਕੇ।
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(4705)
(ਸਰੋਕਾਰ ਨਾਲ ਸੰਪਰਕ ਲਈ: (