InderjitKang7ਬੱਸ ਨੂੰ ਥਾਣੇ ਲੈ ਕੇ ਚੱਲਉੱਥੇ ਹੀ ਇਨਸਾਫ ਹੋਵੇਗਾ ...
(27 ਜਨਵਰੀ 2017)

 

ਜਦੋਂ ਕੋਈ ਮਨੁੱਖ ਸੱਚੇ ਮਨ ਨਾਲ ਮਿਹਨਤ ਕਰਦਾ ਹੈ ਤਾਂ ਉਸਨੂੰ ਉਸਦੀ ਮਿਹਨਤ ਦਾ ਇਵਜ਼ਾਨਾ ਜ਼ਰੂਰ ਮਿਲਦਾ ਹੈ। ਕਈ ਵਾਰ ਕਈ ਮਨੁੱਖ ਬਿਨਾਂ ਮਿਹਨਤ ਕੀਤਿਆਂ ਦੂਸਰੇ ਦੀ ਮਿਹਨਤ ਨੂੰ ਅਣਡਿੱਠ ਕਰਕੇ ਧੱਕੇ ਨਾਲ ਹੀ ਆਪਣਾ ਹੱਕ ਜਮਾਉਣ ਦੀ ਕੋਸ਼ਿਸ਼ ਵਿੱਚ ਲੱਗ ਜਾਂਦੇ ਹਨ। ਇਸੇ ਤਰ੍ਹਾਂ ਦੀ ਇੱਕ ਘਟਨਾ ਮੇਰੇ ਮਿੱਤਰ ਨੇ ਮੈਨੂੰ ਸੁਣਾਈ ਜਿਹੜੀ ਉਸ ਨਾਲ ਇੱਕ ਸਫਰ ਦੌਰਾਨ ਵਾਪਰੀ। ਉਸਦੇ ਦੱਸਣ ਮੁਤਾਬਿਕ ਇੱਕ ਵਾਰੀ ਉਹ ਅਤੇ ਉਸਦਾ ਦੋਸਤ ਜਗਰਾਵਾਂ ਮੇਲਾ ਦੇਖਣ ਗਏ। ਉਸ ਵੇਲੇ ਪ੍ਰਾਈਵੇਟ ਬੱਸਾਂ ਦੀ ਗਿਣਤੀ ਵੀ ਘੱਟ ਸੀ। ਵਾਪਸੀ ਸਮੇਂ ਬੱਸਾਂ ਵਿਚ ਬਹੁਤ ਹੀ ਭੀੜ ਸੀ, ਪੈਰ ਰੱਖਣ ਨੂੰ ਥਾਂ ਨਹੀਂ ਸੀ ਮਿਲ ਰਹੀ। ਲੋਕੀਂ ਬੱਸਾਂ ਦੀਆਂ ਬਾਰੀਆਂ ਅਤੇ ਪਿਛਲੇ ਜੰਗਲੇ ’ਤੇ ਲਟਕ ਕੇ ਸਫਰ ਕਰ ਰਹੇ ਸਨ। ਕਾਫੀ ਸਾਰੇ ਬੱਸਾਂ ਦੀਆਂ ਛੱਤਾਂ ਉੱਪਰ ਬੈਠ ਕੇ ਆਪੋ ਆਪਣੀ ਮੰਜ਼ਿਲ ਵੱਲ ਰਵਾਨਾ ਹੋ ਰਹੇ ਸਨ। ਉਹ ਦੋਨੋਂ ਦੋਸਤ ਵੀ ਬੱਸ ਵਿੱਚ ਚੜ੍ਹਨ ਲਈ ਜਗ੍ਹਾ ਨਾ ਮਿਲਣ ਕਾਰਨ ਛੱਤ ਤੇ ਬੈਠ ਕੇ ਲੁਧਿਆਣੇ ਬੱਸ ਅੱਡੇ ’ਤੇ ਪੁੱਜੇ।

ਲੁਧਿਆਣੇ ਬੱਸ ਅੱਡੇ ’ਤੇ ਇੱਕ ਨੰਬਰ ਕਾਊਂਟਰ ਉੱਤੇ ਚੰਡੀਗੜ੍ਹ ਜਾਣ ਵਾਲੀ ਬੱਸ ਲੱਗੀ ਖੜ੍ਹੀ ਸੀ। ਬੱਸ ਦੇ ਬਾਹਰ ਕਈ ਨੌਜਵਾਨ ਮੁੰਡੇ-ਕੁੜੀਆਂ ਦਾ ਟੋਲਾ, ਬੱਸ ਦੇ ਡਰਾਇਵਰ - ਕੰਡਕਟਰ ਨਾਲ ਕਾਫੀ ਬਹਿਸ ਕਰ ਰਹੇ ਸਨ। ਪਤਾ ਕਰਨ ’ਤੇ ਮਸਲਾ ਸਮਝ ਆਇਆ ਕਿ ਰੋਡਵੇਜ਼ ਦੀ ਬੱਸ ਤਾਂ ਖੜ੍ਹੀ ਹੈ ਪਰ ਬੱਸ ਵਿਚ ਚੰਡੀਗੜ੍ਹ ਪੁੱਜਣ ਲਈ ਡੀਜ਼ਲ ਨਹੀਂ ਹੈ। ਡੀਜ਼ਲ ਭਰਵਾਉਣ ਲਈ ਪੈਸਿਆਂ ਦੀ ਮਨਜ਼ੂਰੀ ਰੋਡਵੇਜ਼ ਦੇ ਅੱਡਾ ਮੈਨੇਜਰ ਵੱਲੋਂ ਦਿੱਤੀ ਜਾਣੀ ਸੀ। ਕੰਡਕਟਰ ਦਾ ਕਹਿਣਾ ਸੀ ਕਿ ਜਿਸ ਨੇ ਜਾਣਾ ਹੈ ਬੱਸ ਵਿਚ ਬੈਠਣ ਲਈ ਟਿਕਟ ਖਰੀਦ ਕੇ ਆਪਣੀ ਸੀਟ ਉੱਪਰ ਬੈਠ ਜਾਵੇ, ਜਲਦੀ ਹੀ ਮੈਨੇਜਰ ਸਾਹਿਬ ਆਉਣਗੇ, ਡੀਜ਼ਲ ਲਈ ਰਕਮ ਸੈਂਕਸ਼ਨ ਹੁੰਦੇ ਹੀ ਬੱਸ ਚੰਡੀਗੜ੍ਹ ਲਈ ਰਵਾਨਾ ਹੋ ਜਾਵੇਗੀ। ਪਰ ਉਹ ਨੌਜਵਾਨ ਲੜਕੇ ਲੜਕੀਆਂ ਦਾ ਟੋਲਾ ਕਿੱਥੇ ਸਬਰ ਕਰਨ ਵਾਲਾ ਸੀ। ਉਹਨਾਂ ਦੇ ਇੱਕ ਆਗੂ ਨੇ ਇੱਕ ਆਟੋ ਵਾਲੇ ਨਾਲ ਚੰਡੀਗੜ੍ਹ ਜਾਣ ਦਾ ਸੌਦਾ ਤੈਅ ਕਰਕੇ ਪੂਰਾ ਆਟੋ ਹੀ ਆਪਣੇ ਲਈ ਕਿਰਾਏ ਉੱਪਰ ਕਰ ਲਿਆ। ਸਾਰੇ ਜਣੇ ਸਫ਼ਰ ਦੀਆਂ ਸ਼ਰਤਾਂ ਤੈਅ ਕਰਕੇ ਉਸ ਆਟੋ ਵਿੱਚ ਸਵਾਰ ਹੋ ਕੇ ਆਪਣੀ ਮੰਜ਼ਿਲ ਵੱਲ ਚੱਲ ਪਏ।

ਦੂਸਰੇ ਪਾਸੇ ਉਡੀਕਦੇ-ਉਡੀਕਦੇ ਬੱਸ ਲਈ ਡੀਜ਼ਲ ਦਾ ਪ੍ਰਬੰਧ ਹੋ ਗਿਆ। ਬੱਸ ਜੋ ਕਿ ਜਲੰਧਰ ਤੋਂ ਆਈ ਸੀ, ਉਸ ਵਿਚ ਪਹਿਲਾਂ ਤੋਂ ਹੀ ਕਈ ਸਵਾਰੀਆਂ ਬੈਠੀਆਂ ਸਨ, ਜਿਹੜੀਆਂ ਨਵੀਆਂ ਚੜ੍ਹਾਈਆਂ ਉਹ ਆਪੋ-ਆਪਣੀ ਸੀਟ ’ਤੇ ਨੰਬਰ ਅਨੁਸਾਰ ਬੈਠਦੀਆਂ ਗਈਆਂ। ਉਹ ਦੋਨੋਂ ਜਣੇ ਵੀ ਟਿਕਟ ਲੈ ਕੇ ਬੱਸ ਵਿੱਚ ਚੜ੍ਹ ਗਏ। ਬੱਸ ਦੀਆਂ ਸੀਟਾਂ ਪੂਰੀਆਂ ਭਰ ਗਈਆਂ ਅਤੇ ਬੱਸ ਲੁਧਿਆਣਾ ਅੱਡੇ ਤੋਂ ਚੰਡੀਗੜ੍ਹ ਲਈ ਆਪਣੀ ਮੰਜ਼ਿਲ ਵੱਲ ਰਵਾਨਾ ਹੋ ਗਈ। ਅਗਲੇ ਚੌਕ ਵਿੱਚ ਹੋਰ ਸਵਾਰੀਆਂ ਖੜ੍ਹੀਆਂ ਸਨ, ਬੱਸ ਰੁਕੀ ਤਾਂ ਨਵੀਆਂ ਚੜ੍ਹਨ ਵਾਲੀਆਂ ਸਵਾਰੀਆਂ ਕੰਡਕਟਰ ਨੂੰ ਸੀਟਾਂ ਮਿਲਣ ਸਬੰਧੀ ਪੁੱਛਣ ਲੱਗੀਆਂ ਤਾਂ ਕੰਡਕਟਰ ਨੇ ਕਿਹਾ ਕਿ ਅੱਗੇ ਜਾ ਕੇ ਤੁਹਾਡੇ ਲਈ ਕਟਾਣੀ ਜਾਂ ਨੀਲੋਂ ਅੱਡੇ ਤੇ ਜਿਹੜੀਆਂ ਸਵਾਰੀਆਂ ਉੱਤਰਨਗੀਆਂ ਉਹਨਾਂ ਦੀਆਂ ਸੀਟਾਂ ਨਵੀਆਂ ਚੜ੍ਹਨ ਵਾਲੀਆਂ ਸਵਾਰੀਆਂ ਨੂੰ ਮਿਲ ਜਾਣਗੀਆਂ। ਇਸੇ ਭਰੋਸੇ ’ਤੇ ਨਵੀਆਂ ਚੜ੍ਹਨ ਵਾਲੀਆਂ ਸਵਾਰੀਆਂ ਬੱਸ ਵਿਚ ਖੜ੍ਹ ਕੇ ਸਫ਼ਰ ਕਰਨ ਲਈ ਰਾਜ਼ੀ ਹੋ ਗਈਆਂ ਅਤੇ ਬੱਸ ਫਿਰ ਆਪਣੇ ਪੰਧ ’ਤੇ ਰਵਾਨਾ ਹੋ ਗਈ।

ਦੂਸਰੇ ਪਾਸੇ ਸਾਲਮ ਕੀਤੇ ਆਟੋ ਵਾਲੇ ਮੁੰਡੇ-ਕੁੜੀਆਂ ਦਾ ਆਟੋ ਜਮਾਲਪੁਰ ਜਾ ਕੇ ਖਰਾਬ ਹੋ ਗਿਆ। ਜਦੋਂ ਬੱਸ ਉੱਥੇ ਪੁੱਜੀ ਤਾਂ ਭਰੀ ਹੋਣ ਦੇ ਬਾਵਜੂਦ ਵੀ ਨੌਜਵਾਨਾਂ ਨੇ ਸੜਕ ਦੇ ਵਿਚਕਾਰ ਖੜ੍ਹ ਕੇ ਬੱਸ ਜਬਰੀ ਰੋਕ ਲਈ। ਕੰਡਕਟਰ ਨੇ ਫੇਰ ਆਪਣੀ ਗੱਲ ਦੁਹਰਾਈ ਕਿ ਨਵੀਆਂ ਚੜ੍ਹਨ ਵਾਲੀ ਸਵਾਰੀਆਂ ਆਪੋ ਆਪਣੀ ਟਿਕਟ ’ਤੇ ਨੰਬਰ ਲਵਾ ਕੇ ਬੱਸ ਵਿੱਚ ਸਵਾਰ ਹੋ ਜਾਣ ਅਤੇ ਆਪਣੀ ਵਾਰੀ ਸਿਰ ਜਿਵੇਂ-ਜਿਵੇਂ ਸੀਟਾਂ ਖਾਲੀ ਹੁੰਦੀਆਂ ਜਾਣਗੀਆਂ, ਖੜ੍ਹਿਆਂ ਨੂੰ ਬੈਠਣ ਨੂੰ ਥਾਂ ਮਿਲਦੀ ਜਾਵੇਗੀ। ਉਨ੍ਹਾਂ ਨੇ ਕੰਡਕਟਰ ਦੀ ਸ਼ਰਤ ਮੰਨ ਲਈ ਅਤੇ ਉਹ ਟਿਕਟਾਂ ਲੈ ਕੇ ਬੱਸ ਵਿੱਚ ਚੜ੍ਹ ਗਏ। ਬੱਸ ਆਟੋ ਵਾਲੀਆਂ ਸਵਾਰੀਆਂ ਨੂੰ ਲੱਦ ਕੇ ਅੱਗੇ ਚੱਲ ਪਈ।

ਜਦੋਂ ਕੁਹਾੜੇ ਜਾ ਕੇ ਬੱਸ ਵਿੱਚੋਂ ਕਈ ਸਵਾਰੀਆਂ ਉੱਤਰੀਆਂ ਤਾਂ ਲੁਧਿਆਣੇ ਤੋਂ ਚੜ੍ਹੀਆਂ ਸਵਾਰੀਆਂ ਸੀਟਾਂ ’ਤੇ ਬੈਠਣ ਲੱਗੀਆਂ। ਆਟੋ ਵਾਲਿਆਂ ਨੇ ਰੌਲਾ ਪਾ ਲਿਆ ਕਿ ਸੀਟਾਂ ’ਤੇ ਬੈਠਣ ਦਾ ਹੱਕ ਸਾਡਾ ਹੈ। ਡਰਾਈਵਰ ਤੇ ਕੰਡਕਟਰ ਹੈਰਾਨ ਪਰੇਸ਼ਾਨ ਕਿ ਭਾਈ ਤੁਸੀਂ ਤਾਂ ਸਾਰਿਆਂ ਨਾਲੋਂ ਬਾਅਦ ਵਿਚ ਜਮਾਲਪੁਰ ਤੋਂ ਬੱਸ ਵਿਚ ਚੜ੍ਹੇ ਹੋ, ਬੈਠਣ ਲਈ ਪਹਿਲਾਂ ਤਤਪਰ ਹੋ। ਪਰ ਆਟੋ ਵਿੱਚੋਂ ਉੱਤਰ ਕੇ ਬੱਸ ਵਿੱਚ ਚੜ੍ਹੇ ਨੌਜਵਾਨ ਕਹਿਣ ਕਿ ਸਾਡਾ ਆਟੋ ਬੱਸ ਅੱਡੇ ਦੇ ਬਾਹਰੋਂ ਹੀ ਤੁਰਿਆ ਹੈ ਅਤੇ ਤੁਰਿਆ ਵੀ ਬੱਸ ਨਾਲੋਂ ਪਹਿਲਾਂ ਸੀ। ਇਸ ਲਈ ਸਾਡਾ ਹੱਕ ਸੀਟਾਂ ’ਤੇ ਬੈਠਣ ਦਾ ਪਹਿਲਾਂ ਹੈ। ਇਸੇ ਗਰਮਾ ਗਰਮੀ ਵਿੱਚ ਕੰਡਕਟਰ ਨੇ ਸੀਟੀ ਮਾਰ ਕੇ ਬੱਸ ਤੋਰ ਲਈ। ਕੰਡਕਟਰ ਨੇ ਵੀ ਬੜਾ ਸਮਝਾਇਆ ਕਿ ਲੁਧਿਆਣੇ ਤੋਂ ਚੜ੍ਹੀਆਂ ਸਵਾਰੀਆਂ ਨੇ ਪਹਿਲਾਂ ਟਿਕਟ ਲਈ ਸੀ, ਇਸ ਲਈ ਸੀਟਾਂ ’ਤੇ ਬੈਠਣ ਦਾ ਹੱਕ ਉਨ੍ਹਾਂ ਦਾ ਹੀ ਬਣਦਾ ਹੈ। ਪਰ ਨੌਜਵਾਨ ਮੁੰਡੇ ਕੁੜੀਆਂ ਦਾ ਟੋਲਾ ਕਿੱਥੇ ਮੰਨਣ ਵਾਲਾ ਸੀ। ਇਸੇ ਰੌਲੇ ਰੱਪੇ ਵਿੱਚ ਕਟਾਣੀ ਅਤੇ ਨੀਲੋਂ ਅੱਡਾ ਵੀ ਲੰਘ ਗਏ। ਜਦੋਂ ਸਮਰਾਲਾ ਸ਼ਹਿਰ ਨੇੜੇ ਆਉਣ ਵਾਲਾ ਸੀ ਤਾਂ ਆਟੋ ਵਾਲੇ ਨੌਜਵਾਨ ਮੁੰਡੇ ਕੁੜੀਆਂ ਦਾ ਇੱਕ ਲੀਡਰ ਡਰਾਇਵਰ ਵਾਲੀ ਸੀਟ ਕੋਲ ਪੁੱਜ ਗਿਆ ਅਤੇ ਡਰਾਇਵਰ ਨੂੰ ਬੱਸ ਰੋਕਣ ਲਈ ਕਹਿਣ ਲੱਗਾ ਅਤੇ ਨਾਲ ਹੀ ਧਮਕੀਆਂ ਦੇਣ ਲੱਗਾ ਕਿ ਬੱਸ ਨੂੰ ਥਾਣੇ ਲੈ ਕੇ ਚੱਲ, ਉੱਥੇ ਹੀ ਇਨਸਾਫ ਹੋਵੇਗਾ, ਕਿ ਸੀਟਾਂ ਤੇ ਬੈਠਣ ਦਾ ਹੱਕ ਪਹਿਲਾਂ ਕਿਸਦਾ ਹੈ ਅਤੇ ਬਾਅਦ ਵਿਚ ਕਿਸਦਾ। ਗੱਲ ਕਿਸੇ ਕੰਢੇ ਨਾ ਲੱਗਦੀ ਦੇਖ ਸਮਰਾਲਾ ਸ਼ਹਿਰ ਵੜਦੇ ਸਾਰ ਹੀ ਨੌਜਵਾਨ ਮੁੰਡੇ ਕੁੜੀਆਂ ਦੇ ਲੀਡਰ ਨੇ ਬੱਸ ਥਾਣੇ ਅੱਗੇ ਰੁਕਵਾ ਲਈ ਅਤੇ ਇਕੱਠੇ ਹੋ ਕੇ ਥਾਣੇ ਅੰਦਰ ਜਾ ਵੜੇ ਅਤੇ ਥਾਣੇਦਾਰ ਨੂੰ ਸਾਰੀ ਗੱਲ ਦੱਸੀ। ਇੰਨੇ ਨੂੰ ਸੀਟਾਂ ’ਤੇ ਬੈਠੀਆਂ ਸਵਾਰੀਆਂ ਵੀ ਆਪਣੀਆਂ ਸੀਟਾਂ ਤੋਂ ਉੱਠ ਥਾਣੇ ਅੰਦਰ ਜਾਂ ਕੇ ਸਾਰਾ ਮਾਜਰਾ ਦੇਖਣ ਲੱਗੀਆਂ।

ਥਾਣੇਦਾਰ ਸਾਰੀ ਕਹਾਣੀ ਸੁਣ ਕੇ ਬੁੱਲ੍ਹਾਂ ਵਿੱਚ ਹੀ ਮੁਸਕਰਾਉਣ ਲੱਗਾ। ਉਸਨੇ ਆਟੋ ਵਾਲੇ ਨੌਜਵਾਨ ਮੁੰਡੇ ਕੁੜੀਆਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ, ਪਰ ਉਨ੍ਹਾਂ ਨੌਜਵਾਨਾਂ ਦਾ ਜੋਸ਼ ਠੰਢਾ ਪੈਣ ਦਾ ਨਾਂ ਹੀ ਨਹੀਂ ਸੀ ਲੈ ਰਿਹਾ। ਇੰਨੇ ਨੂੰ ਸੀਟਾਂ ’ਤੇ ਬੈਠੀਆਂ ਸਵਾਰੀਆਂ ਜੋ ਆਪਣੀ ਮੰਜ਼ਿਲ ’ਤੇ ਪਹੁੰਚਣ ਲਈ ਪਹਿਲਾਂ ਹੀ ਲੇਟ ਹੋ ਰਹੀਆਂ ਸਨ, ਇੱਕ ਜੁੱਟ ਹੋ ਗਈਆਂ। ਪਹਿਲਾਂ ਤਾਂ ਉਨ੍ਹਾਂ ਨੇ ਨੌਜਵਾਨ ਮੁੰਡੇ ਕੁੜੀਆਂ ਨੂੰ ਅੜੀਅਲ ਵਤੀਰਾ ਤਿਆਗਣ ਲਈ ਜੋਰ ਪਾਇਆ, ਪਰ ਉਹ ਟੱਸ ਤੋਂ ਮੱਸ ਨਾ ਹੋਏ। ਅਖੀਰ ਇੱਕ ਘੰਟੇ ਦੀ ਖੱਜਲ ਖੁਆਰੀ ਤੋਂ ਬਾਅਦ ਥਾਣੇਦਾਰ ਨੇ ਆਪਣਾ ਫੈਸਲਾ ਸੁਣਾਉਂਦੇ ਹੋਏ ਕਿਹਾ ਕਿ ਜਦੋਂ ਆਟੋ ਵਾਲੇ ਮੁੰਡੇ ਕੁੜੀਆਂ ਬੱਸ ਵਿੱਚ ਸਭ ਤੋਂ ਪਿੱਛੋਂ ਸਵਾਰ ਹੋਏ ਹਨ, ਸੀਟਾਂ ਤੇ ਬੈਠਣ ਦਾ ਹੱਕ ਵੀ ਉਨ੍ਹਾਂ ਦਾ ਬਾਅਦ ਵਿੱਚ ਹੀ ਹੈਜਦੋਂ ਅੱਗੇ ਜਾ ਕੇ ਸੀਟਾਂ ਖਾਲੀ ਹੋਣਗੀਆਂ ਤਾਂ ਹੀ ਉਹ ਸੀਟਾਂ ’ਤੇ ਬੈਠਣ ਦੇ ਹੱਕਦਾਰ ਹੋਣਗੇ। ਅਖੀਰ ਥਾਣੇਦਾਰ ਦੇ ਫੈਸਲਾ ਮੰਨਦੇ ਹੋਏ, ਪ੍ਰੰਤੂ ਵਿਸ ਜਿਹੀ ਘੋਲਦੇ ਹੋਏ ਆਟੋ ਵਾਲੇ ਨੌਜਵਾਨ ਖੜ੍ਹ ਕੇ ਸਫਰ ਕਰਨ ਲਈ ਮੰਨ ਗਏ ਅਤੇ ਚੰਡੀਗੜ੍ਹ ਅੱਡੇ ਤੇ ਪਹੁੰਚ ਕੇ ਬੱਸ ਦੇ ਡੀਪੂ ਮੈਨੇਜਰ ਕੋਲ ਸ਼ਿਕਾਇਤ ਕਰਨ ਲਈ ਕਹਿੰਦੇ ਹੋਏ, ਬੱਸ ਵਿੱਚ ਸਵਾਰ ਹੋ ਗਏ।

ਬੱਸ ਆਪਣੇ ਰਹਿੰਦੇ ਸਫ਼ਰ ਨੂੰ ਪੂਰਾ ਕਰਨ ਲਈ ਥਾਣੇ ਤੋਂ ਰਵਾਨਾ ਹੋ ਗਈ। ਸੀਟਾਂ ’ਤੇ ਬੈਠੀਆਂ ਸਵਾਰੀਆਂ ਆਪਣੀ ਜਿੱਤ ’ਤੇ ਮਨ ਹੀ ਮਨ ਅੰਦਰ ਮੁਸਕਰਾ ਰਹੀਆਂ ਸਨ, ਜਿਵੇਂ ਕਹਿ ਰਹੀਆਂ ਹੋਣ ਜਿੱਤ ਤਾਂ ਹੱਕਦਾਰਾਂ ਦੀ ਹੀ ਹੁੰਦੀ ਹੈ। ਉਹ ਦੋਨੋਂ ਮਿੱਤਰ ਵੀ ਸੀਟਾਂ ’ਤੇ ਬੈਠੀਆਂ ਸਵਾਰੀਆਂ ਦੀ ਹਾਂ ਵਿੱਚ ਹਾਂ ਮਿਲਾਉਂਦੇ ਸਮਰਾਲੇ ਬੱਸ ਅੱਡੇ ਤੇ ਬੱਸ ਵਿੱਚੋਂ ਉੱਤਰ ਆਪੋ ਆਪਣੇ ਘਰਾਂ ਨੂੰ ਤੁਰ ਪਏ।

*****

(574)

ਆਪਣੇ ਵਿਚਾਰ ਸਾਂਝੇ ਕਰੋ: (This email address is being protected from spambots. You need JavaScript enabled to view it.)

About the Author

ਇੰਦਰਜੀਤ ਸਿੰਘ ਕੰਗ

ਇੰਦਰਜੀਤ ਸਿੰਘ ਕੰਗ

Kotla Samashpur, Samrala, Ludhiana, Punjab, India.
Phone: (91 - 98558 - 82722)
Email: (gurukul.samrala@gmail.com)