InderjitKang7ਕਈ ਪ੍ਰਦੇਸੀਆਂ ਨੂੰ ਤਾਂ ਇਨ੍ਹਾਂ ਦੋਹਾਂ ਵਿੱਚੋਂ ਕੁਝ ਵੀ ਪ੍ਰਾਪਤ ਨਹੀਂ ਹੁੰਦਾ ...
(ਅਪਰੈਲ 23, 2016)

 

ਪ੍ਰਦੇਸੀਸ਼ਬਦ ਦੀ ਵਿਆਖਿਆ ਬਹੁਤ ਹੀ ਗੁੰਝਲਦਾਰ ਅਤੇ ਅਣਸੁਲਝੀ ਹੈ, ਜਿਸ ਬਾਰੇ ਪੰਜਾਬ ਦੇ ਅਨੇਕਾਂ ਲੇਖਕਾਂ ਨੇ ਆਪਣੇ ਲੇਖਾਂ ਵਿੱਚ ਅਤੇ ਗਾਇਕਾਂ ਨੇ ਆਪਣੇ ਗੀਤਾਂ ਵਿਚ ਬੜਾ ਕੁਝ ਦੱਸਣ ਦੀ ਕੋਸ਼ਿਸ਼ ਕੀਤੀ ਹੈ ਅਤੇ ਉਨ੍ਹਾਂ ਦੀ ਜ਼ਿੰਦਗੀ ਬਾਰੇ ਵੀ ਬੜਾ ਕੁਝ ਬਿਆਨ ਕੀਤਾ ਹੈ। ਪ੍ਰਦੇਸੀਆਂ ਦੀ ਜ਼ਿੰਦਗੀ ਦੋ ਬੇੜੀਆਂ ਵਿੱਚ ਪੈਰ ਰੱਖ ਕੇ ਜਿਊਣ ਵਾਲੀ ਹੈ।

ਜਦੋਂ ਕਿਸੇ ਮਾਂ-ਬਾਪ ਦਾ ਪੁੱਤਰ ਜਾਂ ਧੀ ਪ੍ਰਦੇਸ ਜਾਂਦਾ ਹੈ ਤਾਂ ਕਿਸ ਤਰ੍ਹਾਂ ਦੀ ਟੀਸ ਉਨ੍ਹਾਂ ਦੇ ਦਿਲ ਅੰਦਰ ਪੈਂਦੀ ਹੈ ਅਤੇ ਉਹ ਉਸ ਟੀਸ ਨੂੰ ਆਪਣੇ ਅੰਦਰ ਹੀ ਅੰਦਰ ਪੀਂਦੇ ਰਹਿੰਦੇ ਹਨ। ਪੰਜਾਬ ਅੰਦਰ ਹਜ਼ਾਰਾਂ ਹੀ ਅਜਿਹੇ ਮਾਪੇ ਹਨ ਜੋ ਇਸ ਤਰ੍ਹਾਂ ਦੀ ਪੀੜਾ ਵਿੱਚੋਂ ਲੰਘ ਕੇ ਜ਼ਿੰਦਗੀ ਜਿਊਣ ਲਈ ਮਜ਼ਬੂਰ ਹਨ। ਅਨੇਕਾਂ ਹੀ ਮਾਪੇ ਇਨ੍ਹਾਂ ਪ੍ਰਦੇਸੀਆਂ ਦੀ ਉਡੀਕ ਵਿਚ ਖੁਦ ਅਜਿਹੀ ਉਡਾਰੀ ’ਤੇ ਨਿਕਲ ਗਏ, ਜਿੱਥੋਂ ਕਦੇ ਕੋਈ ਵਾਪਸ ਨਹੀਂ ਮੁੜਦਾ। ਜਦੋਂ ਪ੍ਰਦੇਸੀ ਵਾਪਸ ਆਪਣੇ ਆਲ੍ਹਣੇ ਵਿੱਚ ਮੁੜਦੇ ਹਨ ਤਾਂ ਆਲ੍ਹਣਾ ਤੀਲਾ ਤੀਲਾ ਹੋਇਆ ਮਿਲਦਾ ਹੈ।

ਇਹ ਨਹੀਂ ਕਿ ਇਹ ਸਾਰੀ ਪੀੜਾ ਕੇਵਲ ਮਾਪੇ ਹੀ ਹੰਢਾਉਂਦੇ ਹਨ, ਇਸੇ ਤਰ੍ਹਾਂ ਦੀ ਪੀੜ ਵਿੱਚੋਂ ਖੁਦ ਪ੍ਰਦੇਸੀ ਵੀ ਲੰਘਦੇ ਹਨ। ਇਸੇ ਤਰ੍ਹਾਂ ਦੀ ਹੀ ਪੀੜਾ ਦਾ ਸਾਹਮਣਾ ਮੈਂ ਆਪਣੇ ਅੱਖੀਂ ਅਤੇ ਦਿਲੋਂ ਮਹਿਸੂਸ ਕੀਤਾ ਹੈ।

ਗੱਲ 8 ਮਈ 2009 ਦੀ ਹੈ, ਜਦੋਂ ਮੇਰੇ ਪਿਤਾ ਜੀ ਹੀਰੋ ਹਾਰਟ ਡੀ. ਐਮ. ਸੀ. ਲੁਧਿਆਣਾ ਵਿਖੇ ਅਚਾਨਕ ਬ੍ਰੇਨ ਹੈਮਰੇਜ਼ ਹੋ ਜਾਣ ਕਾਰਨ ਸਾਥੋਂ ਸਦਾ ਲਈ ਵਿਛੜ ਗਏ। ਮੇਰਾ ਵੱਡਾ ਭਰਾ ਜੋ ਕਿ ਕੈਨੇਡਾ ਵਿਖੇ ਰਹਿੰਦਾ ਹੈ, ਨੂੰ ਪਿਤਾ ਜੀ ਦੀ ਅਚਾਨਕ ਹੋਈ ਮੌਤ ਬਾਰੇ ਦੱਸਿਆ ਤਾਂ ਉਸ ਨੇ ਕਿਹਾ ਕਿ ਮੈਂ ਟਿਕਟ ਦਾ ਇੰਤਜਾਮ ਕਰਕੇ ਛੇਤੀ ਤੋਂ ਛੇਤੀ ਪਹੁੰਚਣ ਦੀ ਕੋਸ਼ਿਸ਼ ਕਰਦਾ ਹਾਂ, ਤੁਸੀਂ ਮੇਰੀ ਉਡੀਕ ਕਰੋ। ਟਿਕਟ ਮਿਲਣ ਵਿੱਚ ਦੇਰੀ ਹੋ ਰਹੀ ਸੀ, ਮੇਰੇ ਚਾਚਾ ਜੀ ਨੇ ਉਸ ਨਾਲ ਗੱਲਬਾਤ ਕੀਤੀ ਕਿ ਗਰਮੀ ਦਾ ਮੌਸਮ ਹੋਣ ਕਾਰਨ ਅਸੀਂ ਅੰਤਿਮ ਸਸਕਾਰ ਦੀ ਰਸਮ ਕਰ ਲੈਂਦੇ ਹਾਂ, ਤੂੰ ਜਲਦੀ ਪਹੁੰਚਣ ਦੀ ਕੋਸ਼ਿਸ਼ ਕਰ ਲਵੀਂ। ਸਮਝਾਉਣ ਤੇ ਵੱਡਾ ਭਰਾ ਮੰਨ ਗਿਆ।

ਅਸੀਂ ਉਸ ਦਿਨ ਸ਼ਾਮ ਨੂੰ ਪਿਤਾ ਜੀ ਦੇ ਅੰਤਿਮ ਸਸਕਾਰ ਦੀ ਰਸਮ ਪੂਰੀ ਕਰ ਲਈ। ਤੀਸਰੇ ਦਿਨ ਫੁੱਲ ਚੁਗ ਕੇ ਸ੍ਰੀ ਕੀਰਤਪੁਰ ਸਾਹਿਬ ਜਾ ਕੇ ਪਾ ਆਏ। ਇੰਨੇ ਨੂੰ ਵੱਡਾ ਭਰਾ ਵੀ ਬਾਹਰੋਂ ਆ ਗਿਆ। ਉਸ ਦੀਆਂ ਅੱਖਾਂ ਘਰ ਵਿੱਚੋਂ ਪਿਤਾ ਜੀ ਨੂੰ ਲੱਭਣ ਦੀ ਕੋਸ਼ਿਸ਼ ਕਰ ਰਹੀਆਂ ਸਨ, ਜਿਹੜੇ ਅਜੇ 7 ਮਹੀਨੇ ਪਹਿਲਾਂ ਹੀ ਉਸ ਕੋਲ ਕੈਨੇਡਾ ਘੁੰਮ ਕੇ ਆਏ ਸਨ। ਘਰ ਵਿੱਚ ਪੂਰੀ ਤਰ੍ਹਾਂ ਸੋਗ ਪਸਰਿਆ ਪਿਆ ਸੀ। ਚਾਰ ਕੁ ਦਿਨਾਂ ਬਾਅਦ ਜਦੋਂ ਅਸੀਂ ਸਾਰੇ ਇਕੱਠੇ ਬੈਠੇ ਪਿਤਾ ਜੀ ਦੀਆਂ ਗੱਲਾਂ ਕਰ ਰਹੇ ਸੀ ਤਾਂ ਵੱਡੇ ਭਰਾ ਨੇ ਕਿਹਾ ਕਿ ਮੜ੍ਹੀਆਂ ਵਿੱਚ ਪਿਤਾ ਜੀ ਦੀ ਰਾਖ ਉਡ ਕੇ ਲੋਕਾਂ ਦੇ ਪੈਰਾਂ ਹੇਠ ਰੁਲੇਗੀ, ਕਿਉਂ ਨਾ ਆਪਾਂ ਰਾਖ ਇਕੱਠੀ ਕਰਕੇ, ਚੱਲਦੇ ਪਾਣੀ ਵਿੱਚ ਵਹਾ ਆਈਏ। ਮੈਂ ਅਤੇ ਮੇਰਾ ਵੱਡਾ ਭਰਾ ਥੈਲੇ ਲੈ ਕੇ ਮੜ੍ਹੀਆਂ ਵਿੱਚ ਪਹੁੰਚ ਗਏ। ਵੱਡਾ ਭਰਾ ਦੋ ਤਿੰਨ ਮਿੰਟ ਗੁੰਮ ਸੁੰਮ ਖੜ੍ਹਾ ਉਸ ਲੰਬੀ ਪਈ ਰਾਖ ਦੀ ਢੇਰੀ ਨੂੰ ਦੇਖਦਾ ਰਿਹਾ, ਜਿੱਥੇ ਪਿਤਾ ਜੀ ਦਾ ਸਸਕਾਰ ਕੀਤਾ ਸੀ। ਫਿਰ ਪਿਤਾ ਜੀ ਦੇ ਸਰਹਾਣੇ ਵੱਲ ਬੈਠ ਕੇ ਰਾਖ ਉੱਤੇ ਇਸ ਤਰ੍ਹਾਂ ਹੱਥ ਫੇਰਨ ਲੱਗਾ, ਜਿਸ ਤਰ੍ਹਾਂ ਉਹ ਸ਼ਾਂਤ ਪਏ ਪਿਤਾ ਜੀ ਦੇ ਮੱਥੇ ਤੇ ਹੱਥ ਫੇਰ ਰਿਹਾ ਹੋਵੇ, ਉਨ੍ਹਾਂ ਤੋਂ ਉਹਨਾਂ ਦਾ ਹਾਲਚਾਲ ਪੁੱਛ ਰਿਹਾ ਹੋਵੇ। ਮੈਨੂੰ ਵੀ ਉਸ ਰਾਖ ਦੀ ਢੇਰੀ ਵਿੱਚੋਂ ਹੱਸਦੇ ਚਿਹਰੇ ਵਾਲੇ ਪਿਤਾ ਜੀ ਦਿਖਾਈ ਦੇ ਰਹੇ ਹਨ, ਜਿਵੇਂ ਚਾਰ ਦਿਨ ਪਹਿਲਾਂ ਲੁਧਿਆਣੇ ਹਸਪਤਾਲ ਵਿੱਚ ਦਾਖਲ ਰਾਤ ਨੂੰ ਕਹਿ ਰਹੇ ਸਨ ਕਿ ਮੈਂ ਬਿਲੁਕੱਲ ਠੀਕ ਠਾਕ ਹਾਂ, ਸਵੇਰੇ ਆਪਾਂ ਛੁੱਟੀ ਲੈ ਕੇ ਘਰ ਚਲੇ ਜਾਣਾ ਹੈ, ਤੂੰ ਫਿਕਰ ਨਾ ਕਰ।

ਕੁਝ ਚਿਰ ਪਿੱਛੋਂ ਵੱਡਾ ਭਰਾ ਕੁਝ ਸਹਿਜ ਹੋਇਆ ਤਾਂ ਅਸੀਂ ਦੋਵੇਂ ਭਰਾ ਰਾਖ ਨੂੰ ਹੱਥਾਂ ਨਾਲ ਥੈਲੇ ਵਿੱਚ ਪਾਉਣ ਲੱਗੇ। ਰਾਖ ਨੂੰ ਥੈਲੇ ਵਿੱਚ ਪਾਉਂਦੇ ਸਮੇਂ ਜਦੋਂ ਮੇਰਾ ਹੱਥ ਵੱਡੇ ਭਰਾ ਵਾਲੇ ਪਾਸੇ ਗਿਆ ਤਾਂ ਉਸਦੀਆਂ ਅੱਖਾਂ ਵਿੱਚੋਂ ਗਰਮ-ਗਰਮ ਹੰਝੂ ਮੇਰੇ ਹੱਥਾਂ ਉੱਤੇ ਗਿਰੇ, ਜੋ ਪਹਿਲਾਂ ਉਸ ਠੰਢੀ ਹੋ ਚੁੱਕੀ ਰਾਖ ਉੱਤੇ ਗਿਰ ਰਹੇ ਸਨ। ਮੈਨੂੰ ਇਸ ਤਰ੍ਹਾਂ ਮਹਿਸੂਸ ਹੋਇਆ ਕਿ ਜਿਸ ਤਰ੍ਹਾਂ ਵੱਡਾ ਭਰਾ ਇਸ ਠੰਢੀ ਹੋ ਚੁੱਕੀ ਰਾਖ ਵਿੱਚੋਂ ਆਪਣੇ ਕੋਸੇ ਕੋਸੇ ਹੰਝੂਆਂ ਨਾਲ ਪਿਤਾ ਜੀ ਦਾ ਪਿਆਰ ਤੇ ਨਿੱਘ ਲੱਭਣ ਦੀ ਕੋਸ਼ਿਸ਼ ਕਰ ਰਿਹਾ ਹੋਵੇ।

ਮੈਂ ਉੱਥੇ ਖੜ੍ਹਾ ਉਨ੍ਹਾਂ ਹਜ਼ਾਰਾਂ ਪ੍ਰਦੇਸੀਆਂ ਦੀ ਤ੍ਰਾਸਦੀ ਬਾਰੇ ਸੋਚ ਰਿਹਾ ਸੀ, ਜਿਹੜੇ ਠੰਢੀ ਹੋ ਚੁੱਕੀ ਰਾਖ ਵਿੱਚੋਂ ਵਿੱਛੜ ਚੁੱਕੇ ਆਪਣਿਆਂ ਦਾ ਨਿੱਘ ਲੱਭਣ ਦੀ ਕੋਸ਼ਿਸ਼ ਕਰਦੇ ਹਨ ਜਾਂ ਜਿਹੜੇ ਸਸਕਾਰ ਮੌਕੇ ਪਹੁੰਚ ਕੇ ਠੰਢੇ ਹੋ ਚੁੱਕੇ ਸਰੀਰਾਂ ਨਾਲ ਲਿਪਟ ਕੇ ਨਿੱਘ ਲੱਭਣ ਦੀ ਕੋਸ਼ਿਸ਼ ਕਰਦੇ ਹਨ। ਕਈ ਪ੍ਰਦੇਸੀਆਂ ਨੂੰ ਤਾਂ ਇਨ੍ਹਾਂ ਦੋਹਾਂ ਵਿੱਚੋਂ ਕੁਝ ਵੀ ਪ੍ਰਾਪਤ ਨਹੀਂ ਹੁੰਦਾ ਅਤੇ ਸੋਚ ਰਿਹਾ ਸਾਂ ਕਿ ਇਸ ਤ੍ਰਾਸਦੀ ਨੂੰ ਪ੍ਰਦੇਸੀਆਂ ਦੀ ਬਦ-ਕਿਸਮਤੀ ਕਹਾਂ, ਮਜ਼ਬੂਰੀ ਕਹਾਂ ਜਾਂ ਫਿਰ ...?

*****

(265)
ਆਪਣੇ ਵਿਚਾਰ ਲਿਖੋ: (This email address is being protected from spambots. You need JavaScript enabled to view it.)

About the Author

ਇੰਦਰਜੀਤ ਸਿੰਘ ਕੰਗ

ਇੰਦਰਜੀਤ ਸਿੰਘ ਕੰਗ

Kotla Samashpur, Samrala, Ludhiana, Punjab, India.
Phone: (91 - 98558 - 82722)
Email: (gurukul.samrala@gmail.com)