InderjitKang7ਜਦੋਂ ਤੱਕ ਇੱਕ ਔਰਤਦੂਜੀ ਔਰਤ ਪ੍ਰਤੀ ਆਪਣੀ ਮਾਨਸਿਕਤਾ ਜਾਂ ਨਜ਼ਰੀਆ ਨਹੀਂ ਬਦਲਦੀਉਦੋਂ ਤੱਕ ...
(ਮਾਰਚ 8, 2016)

 

ਕੌਮੰਤਰੀ ਇਸਤਰੀ ਦਿਵਸ ਮੌਕੇ ਉੱਤੇ ਵਿਸ਼ੇਸ਼

ਔਰਤ ਕਿੰਨੇ ਹੀ ਰੂਪ ਲੈ ਕੇ ਇਸ ਸੰਸਾਰ ਵਿੱਚ ਵਿਚਰਦੀ ਹੈ। ਉਹ ਬੇਟੀ, ਭੈਣ, ਪਤਨੀ, ਮਾਂ, ਦਾਦੀ ਜਾਂ ਨਾਨੀ ਆਦਿ ਹਰੇਕ ਰਿਸ਼ਤੇ ਦੇ ਰੂਪ ਵਿੱਚ ਆਪਣਾ ਫਰਜ਼ ਨਿਭਾਉਂਦੀ ਹੈ। ਜੇਕਰ ਇਨ੍ਹਾਂ ਸਾਰੇ ਰਿਸ਼ਤਿਆਂ ਨੂੰ ਘੋਖਿਆ ਜਾਵੇ ਤਾਂ ਇਨ੍ਹਾਂ ਸਾਰੇ ਰਿਸ਼ਤਿਆਂ ਵਿੱਚ ਅਲੱਗ-ਅਲੱਗ ਤਰ੍ਹਾਂ ਦਾ ਪਿਆਰ, ਸਤਿਕਾਰ ਅਤੇ ਮਮਤਾ ਛੁਪੀ ਹੋਈ ਹੈ। ਇਨ੍ਹਾਂ ਰਿਸ਼ਤਿਆਂ ਵਿੱਚ ਇੰਨਾ ਕੁਝ ਹੋਣ ਦੇ ਬਾਵਜੂਦ ਵੀ ਔਰਤ ਇਸ ਸਮਾਜ ਵਿੱਚ ਅਸੁਰੱਖਿਅਤ ਮਹਿਸੂਸ ਕਰ ਰਹੀ ਹੈ। ਜੇਕਰ ਇਨ੍ਹਾਂ ਦੇ ਕਾਰਨਾਂ ਵੱਲ ਨਜ਼ਰ ਮਾਰੀਏ ਤਾਂ ਇਨ੍ਹਾਂ ਸਭ ਕਾਰਨਾਂ ਲਈ ਔਰਤ ਖੁਦ ਹੀ ਇਸਦੀ ਜ਼ਿੰਮੇਵਾਰ ਨਜ਼ਰ ਆਉਂਦੀ ਹੈ।

ਖੁਦ ਔਰਤ ਲੇਖਕਾਵਾਂ ਵੱਲੋਂ ਔਰਤਾਂ ਪ੍ਰਤੀ ਛਪਦੇ ਅਖ਼ਬਾਰਾਂ, ਰਸਾਲਿਆਂ ਆਦਿ ਦੇ ਲੇਖਾਂ ਵਿੱਚ ਔਰਤ ਲਈ ਆਮ ਕਰਕੇ ਵਿਚਾਰੀ, ਅਬਲਾ, ਕਮਜ਼ੋਰ, ਵਕਤ ਦੀ ਮਾਰੀ ਆਦਿ ਨਾਵਾਂ ਨਾਲ ਸੰਬੋਧਿਤ ਕਰਕੇ ਲਿਖੇ ਹੁੰਦੇ ਹਨ। ਪ੍ਰੰਤੂ ਇਹ ਬਹੁਤ ਘੱਟ ਲਿਖਿਆ ਜਾਂਦਾ ਹੈ ਕਿ ਇਨ੍ਹਾਂ ਨਾਵਾਂ ਨੂੰ ਆਪਣੇ ਨਾਂ ਨਾਲ ਲਿਖਵਾਉਣ ਲਈ ਖੁਦ ਔਰਤ ਹੀ ਜ਼ਿੰਮੇਵਾਰ ਹੈ। ਜੇਕਰ ਔਰਤ ਦੀ ਜ਼ਿੰਦਗੀ ਦੇ ਵੱਖ ਵੱਖ ਪੜਾਵਾਂ ਵੱਲ ਨਜ਼ਰ ਮਾਰੀਏ ਤਾਂ ਔਰਤ, ਔਰਤ ਦੁਆਲੇ ਹੀ ਘੁੰਮਦੀ ਹੈ, ਜਦਕਿ ਉਹ ਆਪਣੀ ਜ਼ਿੰਦਗੀ ਦੇ ਵੱਖ-ਵੱਖ ਰਿਸ਼ਤੇ ਨਿਭਾ ਰਹੀ ਹੁੰਦੀ ਹੈ।

ਸਭ ਤੋਂ ਪਹਿਲਾਂ ਔਰਤ ਦੀ ਜ਼ਿੰਦਗੀ ਦਾ ਪਹਿਲਾ ਪੜਾਅ ਜਨਮ ਤੋਂ ਸ਼ੁਰੂ ਹੁੰਦਾ ਹੈ, ਜਦੋਂ ਉਹ ਘਰ ਵਿੱਚ ਬੇਟੀ ਦੇ ਰੂਪ ਵਿੱਚ ਜਨਮ ਲੈਂਦੀ ਹੈ ਤਾਂ ਜਨਮ ਵੇਲੇ ਹੀ ਉਸਨੂੰ ਪੱਥਰ, ਕਲਮੂੰਹੀ, ... ਆਦਿ ਨਾਵਾਂ ਦੇ ਵਿਸ਼ੇਸ਼ਣ ਔਰਤ ਵੱਲੋਂ ਹੀ ਦਿੱਤੇ ਜਾਂਦੇ ਹਨ, ਜਿਸ ਵਿੱਚ ਉਸਦੀ ਦਾਦੀ, ਚਾਚੀ ਜਾਂ ਖੁਦ ਜਨਮ ਦੇਣ ਵਾਲੀ ਮਾਂ ਵੀ ਸ਼ਾਮਲ ਹੁੰਦੀ ਹੈ, ਜਿਸਨੇ ਉਸਨੂੰ ਆਪਣੇ ਪੇਟ ਵਿੱਚ ਨੌ ਮਹੀਨੇ ਰੱਖ ਕੇ, ਆਪਣੇ ਲਹੂ ਨਾਲ ਸਿੰਜ ਕੇ, ਖੁਦ ਇੱਕ ਨਵਾਂ ਜੀਵਨ ਲੈ ਕੇ ਜਨਮ ਦਿੱਤਾ ਹੁੰਦਾ ਹੈ। ਜਦੋਂ ਬੇਟੀ ਕੁਝ ਵੱਡੀ ਹੋਣ ਲੱਗਦੀ ਹੈ ਤਾਂ ਉਸ ਨਾਲ ਖਾਣ ਪੀਣ, ਕੱਪੜੇ ਪਹਿਨਣ, ਪੜ੍ਹਾਈ ਆਦਿ ਵਿੱਚ ਮੁੰਡਿਆਂ ਨਾਲੋਂ ਵਿਤਕਰਾ ਕੀਤਾ ਜਾਂਦਾ ਹੈ। ਛੋਟੀ ਬੱਚੀ ਨਾਲ ਵਿਤਕਰਾ ਕਰਨ ਵਾਲੀ ਵੀ ਔਰਤ ਹੀ ਹੁੰਦੀ ਹੈ। ਕੀ ਕਦੇ ਅੱਜ ਤੱਕ ਕਿਸੇ ਪਿਤਾ ਦੁਆਰਾ ਆਪਣੀ ਧੀ ਨਾਲ ਵਿਤਕਰਾ ਕਰਨ ਬਾਰੇ ਸੁਣਿਆ ਜਾਂ ਪੜ੍ਹਿਆ ਹੈ? ਜਦੋਂ ਬੱਚੀ ਕੁਝ ਵੱਡੀ ਹੁੰਦੀ ਹੈ ਤਾਂ ਉਸਨੂੰ ਬੇਗਾਨੀ ਕਹਿ ਕਹਿ, ਬੇਗਾਨਗੀ ਦਾ ਅਹਿਸਾਸ ਕਰਾਉਣ ਵਾਲੀ ਵੀ ਔਰਤ ਹੀ ਹੈ, ਚਾਹੇ ਰਿਸ਼ਤੇ ਵਿੱਚੋਂ ਕੁਝ ਵੀ ਲੱਗਦੀ ਹੋਵੇ। ਸਮਾਂ ਬਦਲਣ ਨਾਲ ਲੜਕੀਆਂ ਦੀ ਵਿੱਦਿਆ ਵਿੱਚ ਕੁਝ ਸੁਧਾਰ ਜਰੂਰ ਆਇਆ ਹੈ। ਵਿੱਦਿਆ ਹਾਸਲ ਕਰਕੇ ਲੜਕੀਆਂ, ਲੜਕਿਆਂ ਤੋਂ ਅੱਗੇ ਵੀ ਲੰਘ ਰਹੀਆਂ ਹਨ ਤੇ ਮੱਲਾਂ ਵੀ ਮਾਰ ਰਹੀਆਂ ਹਨ।

ਔਰਤ ਦੀ ਜ਼ਿੰਦਗੀ ਦਾ ਦੂਜਾ ਪੜਾਅ ਉਦੋਂ ਸ਼ੁਰੂ ਹੁੰਦਾ ਹੈ ਜਦੋਂ ਲੜਕੀ ਦੇ ਮਾਂ-ਬਾਪ ਉਸ ਲਈ ਵਰ ਲੱਭਣ ਲੱਗ ਜਾਂਦੇ ਹਨ। ਜ਼ਿਆਦਾਤਰ ਮਾਪੇ ਲੜਕੀ ਦੀ ਸਲਾਹ ਲਏ ਬਿਨਾਂ ਹੀ ਉਸਦਾ ਵਿਆਹ ਕਰਕੇ ਉਸ ਨੂੰ ਸਹੁਰੇ ਤੋਰ ਦਿੰਦੇ ਹਨ। ਸਹੁਰੇ ਘਰ ਪਹੁੰਚ ਕੇ ਲੜਕੀ ਆਪਣੀ ਜ਼ਿੰਦਗੀ ਦਾ ਨਵਾਂ ਪੰਨ੍ਹਾ ਖੋਲ੍ਹ ਕੇ, ਨਵੀਂ ਜ਼ਿੰਦਗੀ ਦੀ ਸ਼ੁਰੂਆਤ ਕਰਦੀ ਹੈ, ਜਿੱਥੇ ਉਸ ਲਈ ਸਭ ਕੁਝ ਨਵਾਂ ਹੁੰਦਾ ਹੈ। ਇੱਥੇ ਲੜਕੀ ਦੇ ਦਰਿਆਦਿਲ ਅਤੇ ਆਤਮਵਿਸ਼ਵਾਸ ਨੂੰ ਸਲਾਮ ਕਰਨੀ ਬਣਦੀ ਹੈ, ਕਿਉਂਕਿ ਲੜਕੀ ਆਪਣੇ ਪਿੱਛੇ ਆਪਣੇ ਮਾਂ-ਬਾਪ ਦਾ ਪਿਆਰ, ਭੈਣ-ਭਰਾ, ਪੂਰਾ ਪਰਿਵਾਰ ਛੱਡ ਕੇ, ਇੱਕ ਅਣਜਾਣ ਪਰਿਵਾਰ ਵਿੱਚ ਆ ਕੇ ਪੱਕੇ ਤੌਰ ’ਤੇ ਵਸ ਜਾਂਦੀ ਹੈ। ਇਸ ਪੜਾਅ ਵਿੱਚ ਵੀ ਉਸਦਾ ਸਵਾਗਤ, ਉਸ ਉੱਤੋਂ ਪਾਣੀ ਵਾਰ ਕੇ ਔਰਤ ਵੱਲੋਂ ਹੀ ਕੀਤਾ ਜਾਂਦਾ ਹੈ। ਸਹੁਰੇ ਘਰ ਵੀ ਉਸ ਦਾ ਜ਼ਿਆਦਾ ਵਾਹ ਔਰਤਾਂ ਨਾਲ ਹੀ ਪੈਂਦਾ ਹੈ, ਉਹ ਸੱਸ, ਨਨਾਨ ਜਾਂ ਜਠਾਣੀ ਦੇ ਰੂਪ ਵਿੱਚ ਮਿਲਦੀਆਂ ਹਨ।

ਸੱਸ, ਜਿਹੜੀ ਕਦੇ ਆਪ ਵੀ ਨੂੰਹ ਦਾ ਕਿਰਦਾਰ ਨਿਭਾ ਚੁੱਕੀ ਹੁੰਦੀ ਹੈ, ਨਹੀਂ ਸਮਝਦੀ ਕਿ ਉਸਦੀ ਨੂੰਹ ਦੀਆਂ ਵੀ ਕੁਝ ਸੱਧਰਾਂ ਜਾਂ ਰੀਝਾਂ ਹਨ। ਉਹ ਆਪਣੀ ਨੂੰਹ ਨਾਲ ਵੀ ਉਹੀ ਵਿਵਹਾਰ ਕਰਦੀ ਹੈ, ਜੋ ਪਿੱਛੇ ਉਸਦੀ ਸੱਸ ਨੇ ਉਸ ਨਾਲ ਕੀਤਾ ਹੁੰਦਾ ਹੈ। ਬਹੁਤ ਘੱਟ ਔਰਤਾਂ ਹੁੰਦੀਆਂ ਹਨ, ਜੋ ਨੂੰਹ ਨੂੰ ਆਪਣੀ ਧੀ ਜਾਂ ਸੱਸ ਨੂੰ ਆਪਣੀ ਮਾਂ ਸਮਝਦੀਆਂ ਹਨ। ਜ਼ਿਆਦਾਤਰ ਔਰਤਾਂ ਆਪਣਾ ਕਿਰਦਾਰ ਪੂਰੀ ਤਰ੍ਹਾਂ ਸੱਸ ਦੇ ਰੂਪ ਵਿੱਚ ਜਾਂ ਨੂੰਹ ਦੇ ਰੂਪ ਵਿੱਚ ਹੀ ਪੇਸ਼ ਕਰਦੀਆਂ ਹਨ। ਇੱਥੇ ਵੀ ਗੱਲ ਦੋ ਔਰਤਾਂ ਦੇ ਰਿਸ਼ਤੇ ਦੀ ਹੀ ਹੈ, ਜਿਹੜੀਆਂ ਸਦੀਆਂ ਤੋਂ ਇੱਕ ਦੂਜੇ ਦੀ ਮਾਨਸਿਕਤਾ ਨੂੰ ਕਦੇ ਨਹੀਂ ਸਮਝ ਸਕੀਆਂ। ਸਹੁਰੇ ਘਰ ਮਾਂ ਨੂੰ ਆਪਣੇ ਪੁੱਤਰ ਦੇ ਵਿਆਹ ਤੋਂ ਬਾਅਦ ਇਹ ਲੱਗਣ ਲੱਗ ਜਾਂਦਾ ਹੈ ਕਿ ਉਸ ਦਾ ਪੁੱਤਰ ਉਸਦੇ ਹੱਥੋਂ ਨਿਕਲ ਕੇ, ਉਸਦੀ ਨੂੰਹ ਦੇ ਹੱਥਾਂ ਦੀ ਕੱਠਪੁਤਲੀ ਬਣ ਗਿਆ ਹੈ। ਨੂੰਹ ਨੂੰ ਲੱਗਦਾ ਹੈ ਕਿ ਉਸਦਾ ਪਤੀ ਉਸਦਾ ਧਿਆਨ ਨਹੀਂ ਰੱਖਦਾ, ਆਪਣੀ ਮਾਂ ਦੇ ਕਹਿਣੇ ਵਿੱਚ ਜ਼ਿਆਦਾ ਰਹਿੰਦਾ ਹੈ। ਇਨ੍ਹਾਂ ਦੋਨਾਂ ਔਰਤਾਂ ਵਿਚਾਲੇ ਮਰਦ ਦੀ ਹਾਲਤ ਅਤੀ ਤਰਸਯੋਗ ਬਣ ਜਾਂਦੀ ਹੈ। ਸੱਸ-ਨੂੰਹ ਜਿਹੜੀਆਂ ਖੁਦ ਔਰਤਾਂ ਹਨ, ਸੱਸ ਨੂੰਹ ਨੂੰ ਬੇਗਾਨੀ ਕਹਿ ਕਹਿ ਕੇ, ਖੁਦ ਨੂੰ ਘਰ ਦੀ ਮਾਲਕਣ ਦੱਸਦੀ ਹੈ, ਦੂਜੇ ਪਾਸੇ ਨੂੰਹ ਖੁਦ ਨੂੰ ਘਰ ਦੀ ਮਾਲਕਣ ਦੱਸਦੀ ਹੈ। ਜੇਕਰ ਘਰ ਵਿੱਚ ਨਣਦ ਹੋਵੇ (ਚਾਹੇ ਉਹ ਵਿਆਹੀ ਹੀ ਹੋਵੇ) ਤਾਂ ਨਣਦ-ਭਰਜਾਈ ਦੀ ਲੜਾਈ ਵਿੱਚ ਵੀ ਦੋਨੋਂ ਧਿਰਾਂ ਔਰਤਾਂ ਹੀ ਹੁੰਦੀਆਂ ਹਨ। ਜੇਕਰ ਦਰਾਣੀ ਜਾਂ ਜੇਠਾਣੀ ਹੋਵੇ ਤਾਂ ਵੀ ਦੋਨੋਂ ਧਿਰਾਂ ਔਰਤਾਂ ਹੀ ਹਨ। ਇਨ੍ਹਾਂ ਸਾਰੀਆਂ ਵਿੱਚ ਇੱਕ ਗੱਲ ਜਰੂਰ ਸਾਂਝੀ ਹੁੰਦੀ ਹੈ, ਇਨ੍ਹਾਂ ਵਿੱਚੋਂ ਸਾਰੀਆਂ ਪੇਕਿਆਂ ਦੇ ਵਿਛੋੜੇ ਦੇ ਦਰਦ ਵਿੱਚੋਂ ਦੀ ਲੰਘ ਚੁੱਕੀਆਂ ਹੁੰਦੀਆਂ ਹਨ, ਪਰ ਫਿਰ ਵੀ ਇਨ੍ਹਾਂ ਵਿੱਚ ਇੱਕ ਦੂਜੀ ਪ੍ਰਤੀ ਈਰਖਾ, ਸੜੇਵਾਂ ਹਮੇਸ਼ਾ ਭਰਿਆ ਹੀ ਰਹਿੰਦਾ ਹੈ। ਇੱਥੇ ਵੀ ਔਰਤ ਹੀ ਔਰਤ ਦੀ ਵੈਰੀ ਬਣ ਜਾਂਦੀ ਹੈ, ਜਿਹੜੀ ਕਈ ਵਾਰ ਬਹੁਤ ਭਿਆਨਕ ਰੂਪ ਧਾਰਨ ਕਰਕੇ ਘਰਾਂ ਨੂੰ ਨਰਕ ਦਾ ਰੂਪ ਦੇ ਦਿੰਦੀ ਹੈ।

ਜੇਕਰ ਅੱਜ ਦੇ ਸਮੇਂ ਵਿੱਚ ਔਰਤ ਉੱਤੇ ਕੋਈ ਅੱਤਿਆਚਾਰ ਹੁੰਦਾ ਹੈ, ਉਸ ਵਿੱਚ ਵੀ ਕਿਸੇ ਨਾ ਕਿਸੇ ਢੰਗ ਨਾਲ ਕਿਸੇ ਦੂਜੀ ਔਰਤ ਦੀ ਸ਼ਮੂਲੀਅਤ ਜ਼ਰੂਰ ਹੁੰਦੀ ਹੈ। ਜੇਕਰ ਕੋਈ ਔਰਤ ਆਪਣੇ ਆਪ ਨੂੰ ਅੱਗ ਲਾ ਕੇ ਮਰਦੀ ਹੈ ਜਾਂ ਦਾਜ ਦੀ ਬਲੀ ਚੜ੍ਹਦੀ ਹੈ, ਜ਼ਿਆਦਾਤਰ ਉਸਦਾ ਕਾਰਨ ਵੀ ਔਰਤ ਹੀ ਬਣਦੀ ਹੈ। ਗੱਲ ਕੀ, ਔਰਤ ਉੱਤੇ ਹੁੰਦੇ ਹਰੇਕ ਜ਼ੁਲਮ ਪਿੱਛੇ ਕੋਈ ਨਾ ਕੋਈ ਔਰਤ ਜ਼ਰੂਰ ਹੁੰਦੀ ਹੈ, ਕਾਰਨ ਚਾਹੇ ਕੋਈ ਵੀ ਹੋਵੇ।

ਉਪਰੋਕਤ ਸਾਰਾ ਵਿਹਾਰ/ਵਰਤਾਰਾ ਸਾਡੇ ਆਪਣੇ ਸਾਰੇ ਘਰਾਂ ਦੀ ਕਹਾਣੀ ਹੈ, ਕਿਸੇ ਦੇ ਘਰ ਘੱਟ, ਕਿਸੇ ਦੇ ਵੱਧ। ਹੈਰਾਨੀ ਤਾਂ ਇਹ ਹੁੰਦੀ ਹੈ ਕਿ ਅੱਜ ਦੀ ਔਰਤ, ਜੋ ਕਾਫੀ ਪੜ੍ਹ ਲਿਖ ਗਈ ਹੈ, ਘਰ ਦੀ ਚਾਰ-ਦਿਵਾਰੀ ਵਿੱਚੋਂ ਨਿਕਲ ਕੇ ਨੌਕਰੀ ਪੇਸ਼ਾ ਵੀ ਕਰਨ ਲੱਗ ਪਈ ਹੈ ਪ੍ਰੰਤੂ ਇਹ ਨਵੀਂ ਪੀੜ੍ਹੀ ਦੀਆਂ ਔਰਤਾਂ ਵੀ ਇੱਕ ਦੂਜੀ ਪ੍ਰਤੀ ਆਪਣੀ ਮਾਨਸਿਕਤਾ ਨਹੀਂ ਬਦਲ ਸਕੀਆਂ। ਜਦੋਂ ਤੱਕ ਇੱਕ ਔਰਤ, ਦੂਜੀ ਔਰਤ ਪ੍ਰਤੀ ਆਪਣੀ ਮਾਨਸਿਕਤਾ ਜਾਂ ਨਜ਼ਰੀਆ ਨਹੀਂ ਬਦਲਦੀ, ਉਦੋਂ ਤੱਕ ਅਸੀਂ ਭਾਵੇਂ ਕਿੰਨੇ ਵੱਡੇ ਵੱਡੇ ਲੇਖ ਲਿਖ ਕੇ ਅਖ਼ਬਾਰਾਂ ਜਾਂ ਰਸਾਲਿਆਂ ਦੇ ਸਫੇ ਕਾਲੇ ਕਰੀ ਜਾਈਏ, ਬਣਨਾ ਕੁਝ ਵੀ ਨਹੀਂ।

ਜੇਕਰ ਔਰਤ, ਔਰਤ ਪ੍ਰਤੀ ਆਪਣੀ ਸੋਚ ਅਤੇ ਨਜ਼ਰੀਆ ਬਦਲ ਕੇ ਇਸ ਸਮਾਜ ਵਿੱਚ ਵਿਚਰਨ ਲੱਗ ਜਾਵੇ ਤਾਂ ਸਮਾਜ ਵਿੱਚ ਔਰਤਾਂ ਉੱਤੇ ਹੁੰਦੇ ਅਣ-ਮਨੁੱਖੀ ਤਸ਼ੱਦਦ ਆਪਣੇ ਆਪ ਬੰਦ ਹੋ ਜਾਣਗੇ। ਹਰੇਕ ਆਦਮੀ ਵਿੱਚ ਵੀ ਸੁਧਾਰ ਆ ਜਾਵੇਗਾ ਜਿਹੜਾ ਔਰਤਾਂ ਦੇ ਆਪਸੀ ਸੜੇਵੇਂ ਦਾ ਲਾਹਾ ਲੈ ਕੇ ਆਪਣਾ ਮਨੋਰਥ ਪੂਰਾ ਕਰ ਜਾਂਦਾ ਹੈ। ਇੰਜ ਕੀਤਿਆਂ ਸਮਾਜਿਕ ਬੁਰਾਈਆਂ ਵੀ ਖਤਮ ਹੋ ਜਾਣਗੀਆਂ, ਜਿਸ ਕਰਕੇ ਲੋਕ ਲੋਕ ਧੀ ਜੰਮਣ ਤੋਂ ਨਹੀਂ, ਉਸਦੇ ਮਾੜੇ ਲੇਖਾਂ ਤੋਂ ਡਰਦੇ ਹਨ।ਅੰਤ ਵਿੱਚ ਗੱਲ ਇੱਥੇ ਆ ਕੇ ਖਤਮ ਹੁੰਦੀ ਹੈ ਕਿ ਨਾਰੀ ਵਿੱਚ ਸ਼ਕਤੀ ਤਾਂ ਬਹੁਤ ਹੈ, ਪਰ ਸੜੇਵਾਂ ਉਸ ਤੋਂ ਵੀ ਵੱਧ।

*****

(211)

ਆਪਣੇ ਵਿਚਾਰ ਲਿਖੋ: (This email address is being protected from spambots. You need JavaScript enabled to view it.)

About the Author

ਇੰਦਰਜੀਤ ਸਿੰਘ ਕੰਗ

ਇੰਦਰਜੀਤ ਸਿੰਘ ਕੰਗ

Kotla Samashpur, Samrala, Ludhiana, Punjab, India.
Phone: (91 - 98558 - 82722)
Email: (gurukul.samrala@gmail.com)