InderjitKang7ਜਿੰਨੀ ਪੈਸੇ ਦੀ ਬਰਬਾਦੀ ਇਹ ਐੱਨ. ਆਈ. ਆਰ. ਵੀਰ ਬਾਹਰੋਂ ਆ ਕੇ ਆਪਣਾ ਨਾਂ ਚਮਕਾਉਣ ਲਈ ...
(10 ਮਾਰਚ 2018)

 

ਕਿਸੇ ਵੀ ਕੌਮ ਨੂੰ ਸੰਗਠਿਤ ਕਰਨ ਅਤੇ ਆਪਸੀ ਪਿਆਰ ਪੈਦਾ ਕਰਨ ਲਈ ਖੇਡਾਂ ਬਹੁਤ ਹੀ ਮਹੱਤਵਪੂਰਨ ਰੋਲ ਅਦਾ ਕਰਦੀਆਂ ਹਨ। ਪੰਜਾਬੀ ਤਾਂ ਖੇਡਾਂ ਪ੍ਰਤੀ ਉੰਨਾ ਹੀ ਲਗਾਓ ਰੱਖਦੇ ਹਨ, ਜਿੰਨਾ ਕੋਈ ਬੱਚਾ ਆਪਣੀ ਸਕੀ ਮਾਂ ਨਾਲ। ਪੰਜਾਬ ਅੰਦਰ ਅੱਜ ਕੱਲ ਪੇਂਡੂ ਖੇਡ ਮੇਲਿਆਂ ਜਾਂ ਕਬੱਡੀ ਕੱਪਾਂ ਦਾ ਦੌਰ ਚੱਲ ਰਿਹਾ ਹੈ। ਇਹ ਪੇਂਡੂ ਖੇਡ ਮੇਲੇ ਅਲੱਗ ਅਲੱਗ ਨਾਵਾਂ ਹੇਠ ਤਕਰੀਬਨ ਹਰੇਕ ਪਿੰਡ ਵਿੱਚ ਕਰਵਾਏ ਜਾਂਦੇ ਹਨ। ਨਵੰਬਰ ਤੋਂ ਫਰਵਰੀ ਤੱਕ ਬਹੁਤੇ ਪ੍ਰਵਾਸੀ ਪੰਜਾਬੀ ਵੀ ਆਪਣੇ ਨਾਵਾਂ ਨੂੰ ਚਮਕਾਉਣ, ਡਾਲਰਾਂ ਦੀ ਚਮਕ ਦਿਖਾਉਣ ਜਾਂ ਫਿਰ ਆਪਣੇ ਅੰਦਰਲੀ ਖੇਡ ਭਾਵਨਾ ਦਾ ਪ੍ਰਗਟਾਵਾ ਕਰਨ ਲਈ ਆਪਣੇ ਪੰਜਾਬ ਵੱਲ ਵਹੀਰਾਂ ਘੱਤਦੇ ਹਨ। ਪ੍ਰਵਾਸੀ ਪੰਜਾਬੀ ਬਾਹਰਲੇ ਦੇਸ਼ਾਂ ਦੀ ਚਮਕ ਦਮਕ ਦਿਖਾ ਕੇ, ਲੱਖਾਂ ਰੁਪਏ ਖਰਚ ਕੇ, ਆਪਣੀਆਂ ਛੁੱਟੀਆਂ ਕੱਟ ਕੇ ਵਾਪਸ ਚਲੇ ਜਾਂਦੇ ਹਨ।

ਅੱਜ ਦੇ ਦੌਰ ਵਿੱਚ ਪੰਜਾਬ ਅੰਦਰ ਜੋ ਖੇਡ ਮੇਲੇ ਕਰਵਾਏ ਜਾ ਰਹੇ ਹਨ, ਉਨ੍ਹਾਂ ਵਿੱਚ ਖੇਡ ਭਾਵਨਾ ਦੀ ਘੱਟ, ਆਪਣੇ ਨਾਮ ਜਾਂ ਆਪਣੀ ਹਉਮੈ ਦਾ ਵੱਧ ਦਿਖਾਵਾ ਕਰਨ ਦੀ ਗੰਧ ਆਉਂਦੀ ਹੈ, ਜਿਸਦਾ ਅੰਦਾਜ਼ਾ ਅਸੀਂ ਖੇਡ ਮੇਲਿਆਂ ਦੇ ਪੋਸਟਰਾਂ ਦੀ ਬਣਤਰ ਤੋਂ ਲਗਾ ਸਕਦੇ ਹਾਂ, ਜਿਨ੍ਹਾਂ ਵਿੱਚ ਖੇਡਾਂ ਦਾ ਵੇਰਵਾ ਘੱਟ ਹੁੰਦਾ ਹੈ, ਫੋਟੋਆਂ ਦੀ ਭਰਮਾਰ ਬਹੁਤ ਜ਼ਿਆਦਾ ਹੁੰਦੀ ਹੈ। ਇਸ ਤੋਂ ਇਲਾਵਾ ਅਸੀਂ ਸ਼ਹਿਰਾਂ ਜਾਂ ਕਸਬਿਆਂ ਦੇ ਵੱਖ ਵੱਖ ਹਿੱਸਿਆਂ ਵਿੱਚ ਫੋਟੋਆਂ ਨਾਲ ਭਰੇ ਹੋਰਡਿੰਗ ਬੋਰਡਾਂ ਨੂੰ ਦੇਖ ਸਕਦੇ ਹਾਂ। ਪ੍ਰਵਾਸੀ ਪੰਜਾਬੀ ਕੀ ਸੋਚਦੇ ਹਨ ਕਿ ਸਾਲ ਵਿੱਚ ਦੋ ਜਾਂ ਦਿਨ ਦਿਨ ਇਸ ਤਰ੍ਹਾਂ ਦੇ ਖੇਡ ਮੇਲੇ ਕਰਵਾ ਕੇ ਉਹ ਪੰਜਾਬ ਅੰਦਰ ਜੁਝਾਰੂ ਖਿਡਾਰੀ ਪੈਦਾ ਕਰ ਜਾਂਦੇ ਹਨ? ਜਾਂ ਫਿਰ ਖਿਡਾਰੀਆਂ ਅਤੇ ਪੰਜਾਬ ਦੇ ਲੋਕਾਂ ਨੂੰ ਨਸ਼ਾ ਰਹਿਤ ਕਰ ਜਾਂਦੇ ਹਨ? ਇਸ ਤੋਂ ਇਲਾਵਾ ਇਨ੍ਹਾਂ ਖੇਡ ਮੇਲਿਆਂ ਮੌਕੇ ਸ਼ਾਮ ਨੂੰ ਪੰਜਾਬੀ ਸਭਿਆਚਾਰ ਦੇ ਨਾਂ ਹੇਠ ਜੋ ਅਸ਼ਲੀਲਤਾ ਲੋਕਾਂ ਸਾਹਮਣੇ ਪਰੋਸੀ ਜਾਂਦੀ ਹੈ, ਉਹ ਵੀ ਕਿਸੇ ਤੋਂ ਨਹੀਂ ਛੁਪੀ ਹੋਈ। ਇਸ ਤੋਂ ਇਲਾਵਾ ਇਨ੍ਹਾਂ ਖੇਡ ਮੇਲਿਆਂ ਅੰਦਰ ਰੱਜ ਕੇ ਨਸ਼ੇ ਦੀ ਵਰਤੋਂ ਕੀਤੀ ਜਾਂਦੀ ਹੈ, ਜੋ ਖੇਡ ਮੇਲੇ ਤੋਂ ਬਾਅਦ ਉਸ ਸਥਾਨ ’ਤੇ ਪਈਆਂ ਖਾਲੀ ਬੋਤਲਾਂ ਜਾਂ ਹੋਰ ਨਸ਼ੇ ਲਈ ਵਰਤੇ ਜਾਂਦੇ ਵੱਖ ਵੱਖ ਸਾਧਨ, ਇਸਦੀ ਗਵਾਹੀ ਭਰਦੇ ਹਨ।

ਜੇਕਰ ਖੇਡਾਂ ਦੇ ਦੂਸਰੇ ਪੱਖ ਤੋਂ ਇਹ ਮੰਨ ਲਿਆ ਜਾਵੇ ਕਿ ਖੇਡਾਂ ਪੰਜਾਬੀਆਂ ਦੀ ਜਿੰਦ ਜਾਨ ਹਨ, ਫਿਰ ਇਨ੍ਹਾਂ ਖੇਡਾਂ ਦੀ ਪ੍ਰਫੁੱਲਤਾ ਪੰਜਾਬ ਤੋਂ ਬਾਹਰ ਨੈਸ਼ਨਲ ਲੈਵਲ ਜਾਂ ਅੰਤਰਾਸ਼ਟਰੀ ਲੈਵਲ ’ਤੇ ਪੁੱਜਣ ਤੋਂ ਪਹਿਲਾਂ ਹੀ ਕਿਉਂ ਦਮ ਤੋੜ ਦਿੰਦੀ ਹੈ। ਜੇਕਰ ਬਾਹਰਲੇ ਮੁਲਕਾਂ ਵੱਲ ਝਾਤ ਮਾਰੀ ਜਾਵੇ ਤਾਂ ਉਨ੍ਹਾਂ ਵੱਲੋਂ ਖੇਡਾਂ ਵਿੱਚ ਵੱਡੇ ਵੱਡੇ ਰਿਕਾਰਡ ਕਾਇਮ ਕੀਤੇ ਜਾਂਦੇ ਹਨ। ਏਸ਼ੀਆਈ ਅਤੇ ਉਲੰਪਿਕ ਖੇਡਾਂ ਵਿੱਚ ਵਿਦੇਸ਼ੀ ਖਿਡਾਰੀ ਵਿਸ਼ਵ ਰਿਕਾਰਡ ਆਪਣੇ ਨਾਮ ਕਰਦੇ ਹਨ, ਸੈਕੜਿਆਂ ਦੀ ਗਿਣਤੀ ਵਿੱਚ ਤਮਗੇ ਆਪਣੇ ਦੇਸ਼ ਲਈ ਜਿੱਤਦੇ ਹਨ। ਜਦੋਂ ਕਿ ਭਾਰਤ, ਜੋ ਕਿ ਅਬਾਦੀ ਵਿੱਚ ਸਾਰੀ ਦੁਨੀਆਂ ਵਿੱਚ ਪਹਿਲੇ ਨੰਬਰ ’ਤੇ ਹੈ ਅਤੇ ਤਮਗੇ ਜਿੱਤਣ ਵਿੱਚ ਦੌੜ ਵਿੱਚ ਹਮੇਸ਼ਾ ਫਾਡੀ ਰਹਿੰਦਾ ਹੈ। ਖੇਡਾਂ ਵਿੱਚ ਨਾਮਨਾ ਖੱਟਣ ਵਾਲੇ ਦੇਸ਼ਾਂ ਵਿੱਚ ਆਪਣੇ ਵਰਗੇ ਪੇਂਡੂ ਖੇਡ ਮੇਲੇ ਨਹੀਂ ਹੁੰਦੇ, ਪ੍ਰੰਤੂ ਹਾਂ, ਟਰੇਨਿੰਗ ਕੈਂਪ ਜ਼ਰੂਰ ਲੱਗਦੇ ਹਨ, ਜਿੱਥੋਂ ਖਿਡਾਰੀ ਸਿੱਖਿਆ ਲੈ ਕੇ ਆਪਣੀ ਜੀਅ ਤੋੜ ਮਿਹਨਤ ਅਤੇ ਸਮਰਪਿਤ ਭਾਵਨਾ ਨਾਲ ਆਪਣੇ ਦੇਸ਼ ਲਈ ਕੁਝ ਕਰ ਗੁਜ਼ਰਦੇ ਹਨ ਅਤੇ ਉਹ ਦੇਸ਼ ਵੀ ਉਨ੍ਹਾਂ ਖਿਡਾਰੀਆਂ ਦੀ ਮਿਹਨਤ ਦਾ ਸਹੀ ਮੁੱਲ ਪਾਉਂਦੇ ਹਨ। ਜਦੋਂ ਕਿ ਇੱਥੇ ਜ਼ਿਆਦਾਤਰ ਸਿਫਾਰਸ਼ੀ ਖਿਡਾਰੀਆਂ ਦੀ ਚੋਣ ਕੀਤੀ ਜਾਂਦੀ ਹੈ।

ਇਨ੍ਹਾਂ ਪੇਂਡੂ ਖੇਡ ਮੇਲਿਆਂ ਦਾ ਪੰਜਾਬ ਨੂੰ ਕੋਈ ਸਾਰਥਿਕ ਲਾਭ ਪ੍ਰਾਪਤ ਨਹੀਂ ਹੁੰਦਾ। ਪ੍ਰਵਾਸੀ ਪੰਜਾਬੀ ਜੋ ਵਿਦੇਸ਼ੀ ਧਰਤੀ ਉੱਪਰ ਬੜੀ ਮਿਹਨਤ, ਮਜ਼ਦੂਰੀ ਕਰਕੇ ਡਾਲਰ ਕਮਾਉਂਦੇ ਹਨ, ਉਨ੍ਹਾਂ ਅੰਦਰ ਡਾਲਰਾਂ ਨੂੰ ਰੁਪਇਆਂ ਵਿੱਚ ਬਦਲਕੇ ਇੱਕ ਅਜਿਹੀ ਹਉਮੈ ਭਰ ਜਾਂਦੀ ਹੈ, ਜਿਸ ਨੂੰ ਉਹ ਵਿਦੇਸ਼ਾਂ ਵਿੱਚ ਜ਼ਾਹਰ ਨਹੀਂ ਕਰ ਸਕਦੇ, ਪ੍ਰੰਤੂ ਇੱਧਰ ਆਪਣਾ ਪ੍ਰਭਾਵ ਦਿਖਾਉਣ ਲਈ ਅਜਿਹੇ ਖੇਡ ਮੇਲਿਆਂ ਦਾ ਸਹਾਰਾ ਲੈਂਦੇ ਹਨ। ਖੇਡ ਮੇਲਿਆਂ ਦੌਰਾਨ ਸੜਕਾਂ ਕਿਨਾਰੇ ਵੱਡੀਆਂ ਵੱਡੀਆਂ ਫਲੈਕਸਾਂ ਵਿਚ ਆਪਣੀਆਂ ਫੋਟੋਆਂ ਲਗਵਾ ਕੇ, ਮਾਈਕ ਵਿੱਚ ਆਪਣਾ ਨਾਂ ਵਾਰ ਵਾਰ ਬੁਲਵਾ ਕੇ ਆਪਣੇ ਰੁਤਵੇ ਨੂੰ ਉੱਚਾ ਦੇਖ ਕੇ ਖੁਸ਼ ਹੁੰਦੇ ਹਨ ਅਤੇ ਮਨ ਵਿੱਚ ਸਕੂਨ ਪ੍ਰਾਪਤ ਕਰਦੇ ਹਨ।

ਪ੍ਰਵਾਸੀ ਪੰਜਾਬੀਆਂ ਨੂੰ ਸੋਚਣਾ ਚਾਹੀਦਾ ਹੈ ਕਿ ਜੇਕਰ ਉਨ੍ਹਾਂ ਨੇ ਸੱਚਮੁੱਚ ਹੀ ਖੇਡਾਂ ਪ੍ਰਤੀ ਸਮਰਪਿਤ ਹੋਣਾ ਹੈ ਤਾਂ ਬਲਾਕ ਜਾਂ ਤਹਿਸੀਲ ਲੈਵਲ ’ਤੇ ਇੱਕ ਸਾਂਝਾ ਖੇਡ ਮੇਲਾ ਕਰਵਾਇਆ ਜਾਵੇ। ਉੱਥੋਂ ਜੋ ਖਿਡਾਰੀ ਵਧੀਆ ਨਿਕਲਦੇ ਹਨ, ਉਨ੍ਹਾਂ ਦੀ ਖਾਧ ਖੁਰਾਕ ਦਾ ਖਰਚਾ ਖੁਦ ਚੁੱਕਣ। ਚੰਗੇ ਖਿਡਾਰੀਆਂ ਨੂੰ ਖਾਸ ਟਰੇਨਿੰਗ ਦਿਵਾ ਕੇ ਨੈਸ਼ਨਲ ਜਾਂ ਇੰਟਰਨੈਸ਼ਨਲ ਪੱਧਰ ’ਤੇ ਖੇਡਣ ਲਈ ਭੇਜਿਆ ਜਾਵੇ, ਜਿਸ ਨਾਲ ਪੰਜਾਬ ਦਾ ਸਿਰ ਪੂਰੇ ਭਾਰਤ ਅਤੇ ਵਿਦੇਸ਼ਾਂ ਵਿੱਚ ਉੱਚਾ ਹੋਵੇ। ਇੱਥੇ ਇਹ ਕਹਿਣ ਵਿੱਚ ਮੈਨੂੰ ਕੋਈ ਝਿਜਕ ਨਹੀਂ ਹੈ ਕਿ ਜਿੰਨੀ ਪੈਸੇ ਦੀ ਬਰਬਾਦੀ ਇਹ ਐੱਨ. ਆਈ. ਆਰ. ਵੀਰ ਬਾਹਰੋਂ ਆ ਕੇ ਆਪਣਾ ਨਾਂ ਚਮਕਾਉਣ ਲਈ ਕਰਦੇ ਹਨ, ਉਹ ਉਹੀ ਪੈਸਾ ਆਪਣੇ ਪਿੰਡ ਦੀ ਬਿਹਤਰੀ ਲਈ ਲਾਉਣ ਤਾਂ ‘ਸੋਨੇ ਤੇ ਸੁਹਾਗੇ’ ਵਾਲੀ ਗੱਲ ਹੋਵੇਗੀ। ਇਸ ਤੋਂ ਇਲਾਵਾ ਪ੍ਰਵਾਸੀ ਵੀਰ ਆਪਣੇ ਪੈਸੇ ਨੂੰ ਗਰੀਬਾਂ ਦੀ ਭਲਾਈ ਲਈ ਲਗਾ ਸਕਦੇ ਹਨ। ਸਰਕਾਰੀ ਸਕੂਲਾਂ ਅੰਦਰ ਪੜ੍ਹ ਰਹੇ ਬੱਚਿਆਂ ਦੀ ਸਹਾਇਤਾ ਕਰਕੇ ਜਾਂ ਆਪਣੇ ਪਿੰਡ ਦੇ ਗਰੀਬ ਅਤੇ ਲੋੜਵੰਦ ਬੱਚਿਆਂ ਨੂੰ ਅਡਾਪਟ ਕਰਕੇ ਉਨ੍ਹਾਂ ਦੀ ਪੜ੍ਹਾਈ ਦਾ ਖਰਚਾ ਚੁੱਕ ਸਕਦੇ ਹਨ। ਅਜਿਹੇ ਦਾਨਵੀਰਤਾ ਵਾਲੇ ਕਾਰਜ ਕਰਨ ਨਾਲ ਉਨ੍ਹਾਂ ਦਾ ਨਾਂ ਵੀ ਅਗਲੀਆਂ ਪੀੜ੍ਹੀਆਂ ਤੱਕ ਚਮਕੇਗਾ ਅਤੇ ਪੈਸਾ ਵੀ ਸਹੀ ਥਾਂ ’ਤੇ ਵਰਤਿਆ ਜਾਵੇਗਾ।

ਅਸੀਂ ਇੱਧਰਲੇ ਲੋਕ ਵੀ ਹਰੇਕ ਪਿੰਡ ਵਿੱਚ ਖੇਡ ਮੇਲਾ (ਕਈ ਪਿੰਡਾਂ ਵਿੱਚ ਤਾਂ ਦੋ ਦੋ ਖੇਡ ਮੇਲੇ ਹੁੰਦੇ ਹਨ) ਕਰਵਾ ਕੇ ਲੱਖਾਂ ਰੁਪਏ ਉਜਾੜ ਦਿੰਦੇ ਹਾਂ, ਜੋ ਕਿਸੇ ਵੀ ਅਰਥ ਨਹੀਂ ਲੱਗ ਰਹੇ। ਉਹੀ ਪੈਸਾ ਪਿੰਡਾਂ ਦੀ ਬੇਹਤਰੀ ਲਈ ਲਗਾਇਆ ਜਾਵੇ ਤਾਂ ਪੰਜਾਬ ਦੇ ਪਿੰਡ ਆਪਣੇ ਆਪ ਸਵਰਗ ਬਣ ਜਾਣਗੇ, ਜਿਹੜੇ ਅੱਜ ਨਰਕਾਂ ਤੋਂ ਵੱਧ ਭੈੜੀ ਹਾਲਤ ਦਾ ਸਾਹਮਣਾ ਕਰ ਰਹੇ ਹਨ।

ਮੰਨਿਆ ਕਿ ਖੇਡਾਂ ਸਾਡੇ ਲਈ ਬਹੁਤ ਜ਼ਰੂਰੀ ਹਨ, ਪ੍ਰੰਤੂ ਖੇਡਾਂ ਲਈ ਸਾਨੂੰ ਦਿਲੋਂ ਸਮਰਪਿਤ ਹੋਣਾ ਪਵੇਗਾ ਨਾ ਕਿ ਅਸੀਂ ਕੇਵਲ ਆਪਣਾ ਨਾਂ ਚਮਕਾਉਣ ਲਈ ਜਾਂ ਫੌਕੀ ਸ਼ੌਹਰਤ ਖੱਟਣ ਲਈ ਇਨ੍ਹਾਂ ਖੇਡਾਂ ਦੇ ਬਹਾਨੇ ਆਪਣੇ ਆਪ ਨਾਲ, ਆਪਣੇ ਪੰਜਾਬ ਨਾਲ ਅਤੇ ਆਪਣੇ ਪੰਜਾਬ ਦੀ ਜਵਾਨੀ ਨਾਲ ਧੋਖਾ ਕਰੀਏ।

*****

(1054)

ਆਪਣੇ ਵਿਚਾਰ ਸਾਂਝੇ ਕਰੋ: (This email address is being protected from spambots. You need JavaScript enabled to view it.)

About the Author

ਇੰਦਰਜੀਤ ਸਿੰਘ ਕੰਗ

ਇੰਦਰਜੀਤ ਸਿੰਘ ਕੰਗ

Kotla Samashpur, Samrala, Ludhiana, Punjab, India.
Phone: (91 - 98558 - 82722)
Email: (gurukul.samrala@gmail.com)