“ਨੌਜਵਾਨ ਦਾ ਬਹੁਤਾ ਸਮਾਂ ਸੋਸ਼ਲ ਮੀਡੀਏ ਦੀ ਵਰਤੋਂ ਕਰਦਿਆਂ ਹੀ ਬੀਤਦਾ ਹੈ। ਪੜ੍ਹਾਈ ਅਤੇ ਜ਼ਿੰਦਗੀ ਦੇ ਹੋਰ ਸਰੋਕਾਰਾਂ ...”
(9 ਮਾਰਚ 2024)
ਇਸ ਸਮੇਂ ਪਾਠਕ: 435.
ਕਿਸੇ ਵੀ ਦੇਸ਼ ਦਾ ਨੌਜਵਾਨ ਵਰਗ ਸ਼ਕਤੀ ਅਤੇ ਜੋਸ਼ ਦਾ ਭਰ ਵਗਦਾ ਦਰਿਆ ਹੁੰਦਾ ਹੈ। ਜੇਕਰ ਇਹ ਅਨੁਸ਼ਾਸਿਤ ਰੂਪ ਵਿੱਚ ਆਪਣੀ ਤਾਕਤ ਅਤੇ ਸਮਰੱਥਾ ਦਾ ਪ੍ਰਗਟਾਵਾ ਹੋਸ਼ ਨਾਲ ਕਰਨ ਦੇ ਰਾਹ ਤੁਰ ਪਵੇ ਤਾਂ ਸਮਾਜ ਦੀ ਕਾਇਆ-ਕਲਪ ਕੀਤੀ ਜਾ ਸਕਦੀ ਹੈ। ਸਮੇਂ ਦੇ ਬਦਲਣ ਨਾਲ ਮਨੁੱਖੀ ਜੀਵਨ ਵਿੱਚ ਬਹੁਤ ਵੱਡੀਆਂ ਤਬਦੀਲੀਆਂ ਆ ਚੁੱਕੀਆਂ ਹਨ। ਜ਼ਿੰਦਗੀ ਦੀ ਤੋਰ ਲਗਾਤਾਰ ਬਦਲ ਰਹੀ ਹੈ। ਵਿਗਿਆਨਕ ਕਾਢਾਂ ਅਤੇ ਤਕਨਾਲੌਜੀ ਦੇ ਵਿਆਪਕ ਪਾਸਾਰੇ ਨੇ ਸਾਡੀ ਜੀਵਨ-ਜਾਚ ਨੂੰ ਪੂਰੀ ਤਰ੍ਹਾਂ ਬਦਲ ਕੇ ਰੱਖ ਦਿੱਤਾ ਹੈ। ਇਸ ਵਿੱਚ ਕੋਈ ਬੁਰਾਈ ਵੀ ਨਹੀਂ ਹੈ। ਸਮੇਂ ਨਾਲ ਬਦਲਣਾ ਬਹੁਤ ਚੰਗੀ ਗੱਲ ਹੈ। ਪਰ ਕਿਸੇ ਤਕਨਾਲੌਜੀ ਦਾ ਗੁਲਾਮ ਬਣ ਜਾਣਾ ਕਿਸੇ ਵੀ ਤਰ੍ਹਾਂ ਜਾਇਜ਼ ਨਹੀਂ ਕਿਹਾ ਜਾ ਸਕਦਾ। ਸਾਡੀ ਅਜੋਕੀ ਨੌਜਵਾਨ ਪੀੜ੍ਹੀ ਨਵੀਂ ਤਕਨਾਲੌਜੀ ਦੀ ਵਰਤੋਂ ਵਿੱਚ ਜਿਸ ਤਰ੍ਹਾਂ ਖਚਿਤ ਹੋ ਰਹੀ ਹੈ, ਇਹ ਸਮਾਜ ਲਈ ਬਹੁਤ ਚਿੰਤਾਜਨਕ ਮੁੱਦਾ ਹੈ।
ਇਸ ਗੱਲ ਵਿੱਚ ਕੋਈ ਦੋ ਰਾਵਾਂ ਨਹੀਂ ਹੋ ਸਕਦੀਆਂ ਕਿ ਕੰਪਿਊਟਰ, ਇੰਟਰਨੈੱਟ ਅਤੇ ਮੁਬਾਇਲ ਨੇ ਮਨੁੱਖੀ ਜੀਵਨ ਨੂੰ ਅਨੇਕਾਂ ਲਾਭ ਪ੍ਰਦਾਨ ਕੀਤੇ ਹਨ। ਇੰਟਰਨੈੱਟ ਦੀ ਆਮਦ ਨੇ ਮਨੁੱਖ ਲਈ, ਜੀਵਨ ਦੇ ਹਰ ਖੇਤਰ ਬਾਰੇ ਸੰਸਾਰ ਭਰ ਦੀ ਜਾਣਕਾਰੀ ਅਤੇ ਗਿਆਨ ਦੇ ਅਨੇਕਾਂ ਦਰਵਾਜ਼ੇ ਖੋਲ੍ਹੇ ਹਨ। ਵਿਸ਼ਾਲ ਸੰਸਾਰ ਇੱਕ ਤਰ੍ਹਾਂ ਨਾਲ ਮਨੁੱਖ ਦੀ ਮੁੱਠੀ ਵਿੱਚ ਸਿਮਟ ਕੇ ਰਹਿ ਗਿਆ ਹੈ। ਬਹੁਤ ਨੌਜਵਾਨ ਹੋਣਗੇ ਜਿਨ੍ਹਾਂ ਨੇ ਇਸ ਤਕਨਾਲੌਜੀ ਦੀ ਸੁਚੱਜੀ ਵਰਤੋਂ ਕਰਕੇ ਆਪਣੀ ਪੜ੍ਹਾਈ, ਮੁਕਾਬਲੇ ਦੀਆਂ ਪ੍ਰੀਖਿਆਂਵਾਂ ਦੀ ਤਿਆਰੀ ਅਤੇ ਹੋਰ ਅਨੇਕਾਂ ਲਾਭ ਲੈ ਕੇ ਆਪਣੀ ਜ਼ਿੰਦਗੀ ਨੂੰ ਕਿਸੇ ਮੰਜ਼ਿਲ ਤਕ ਪਹੁੰਚਾਇਆ ਹੋਵੇਗਾ ਤੇ ਉਹ ਲਗਾਤਾਰ ਇਸ ਵਡਮੁੱਲੇ ਖ਼ਜ਼ਾਨੇ ਦੀ ਵਰਤੋਂ ਕਰਕੇ ਆਪਣੇ ਜੀਵਨ ਅਤੇ ਸਮਾਜ ਨੂੰ ਹੋਰ ਚੰਗੇਰਾ ਬਣਾਉਣ ਦੇ ਰਾਹ ਤੁਰੇ ਹੋਏ ਹਨ। ਕਿਸੇ ਤਕਨਾਲੌਜੀ ਨੂੰ ਫਜ਼ੂਲ ਜਿਹੀਆਂ ਗੱਲਾਂ ਅਤੇ ਗਲਤ ਮੰਤਵਾਂ ਲਈ ਵਰਤਣਾ ਕਿਸੇ ਵੀ ਤਰ੍ਹਾਂ ਜਾਇਜ਼ ਨਹੀਂ ਕਿਹਾ ਜਾ ਸਕਦਾ। ਇਸ ਵਿੱਚ ਤਕਨਾਲੌਜੀ ਦਾ ਕੋਈ ਦੋਸ਼ ਨਹੀਂ। ਇਹ ਬਹੁਤ ਦੁਖਦਾਈ ਗੱਲ ਹੈ ਕਿ ਅਜੋਕੇ ਨੌਜਵਾਨ ਵਰਗ ਦੇ ਬਹੁਤ ਵੱਡੇ ਹਿੱਸੇ ਨੇ ਇਸ ਵਿਗਿਆਨਕ ਕਾਢ ਦਾ ਸਹੀ ਪ੍ਰਯੋਗ ਕਰਨ ਦੀ ਥਾਂ, ਇਸਦੀ ਦੁਰਵਰਤੋਂ ਕਰਕੇ ਆਪਣੀ ਜੀਵਨ-ਤੋਰ ਨੂੰ ਹੀ ਪ੍ਰਭਾਵਿਤ ਨਹੀਂ ਕੀਤਾ, ਸਗੋਂ ਸਮੁੱਚੇ ਸਮਾਜ ਲਈ ਵੀ ਕਈ ਤਰ੍ਹਾਂ ਦੇ ਸੰਕਟ ਪੈਦਾ ਕਰ ਦਿੱਤੇ ਹਨ।
ਨੌਜਵਾਨ ਦੀਵਾਨਗੀ ਦੀ ਹੱਦ ਤਕ ਇਸ ਤਕਨਾਲੌਜੀ ਦੀ ਕੇਵਲ ਮੰਨੋਰੰਜਨ ਜਾਂ ਨਿਰਾਰਥਕ ਕੰਮਾਂ ਲਈ ਵਰਤੋਂ ਕਰਨ ਦੇ ਰਾਹ ਤੁਰੇ ਹੋਏ ਹਨ। ਉੱਠਦੇ, ਬਹਿੰਦੇ, ਖਾਂਦੇ-ਪੀਂਦੇ, ਵਾਹਨ ਚਲਾਉਂਦੇ ਗੱਲ ਕੀ ਹਰ ਸਮੇਂ ਹੀ ਨੌਜਵਾਨ ਇਸ ਤਕਨਾਲੌਜੀ ਨਾਲ ਚਿੰਬੜੇ ਦਿਖਾਈ ਦਿੰਦੇ ਹਨ। ਫਜ਼ੂਲ ਜਿਹੇ ਸੰਦੇਸ਼ਾਂ, ਅਸ਼ਲੀਲ ਚੁਟਕਲਿਆਂ ਅਤੇ ਆਪਣੀਆਂ ਤਸਵੀਰਾਂ ਤਕ ਹੀ ਕਿਸੇ ਤਕਨਾਲੌਜੀ ਨੂੰ ਸੀਮਤ ਕਰ ਦੇਣਾ ਕੋਈ ਸਾਰਥਿਕ ਗੱਲ ਨਹੀਂ ਹੈ। ਇਸਦੀ ਦੁਰਵਰਤੋਂ ਨਾਲ ਹੀ ਸਮਾਜ ਵਿੱਚ ਜੁਰਮਾਂ ਦਾ ਗਰਾਫ ਲਗਾਤਾਰ ਵਧ ਰਿਹਾ ਹੈ। ਹਾਲਾਂਕਿ ਜਿਸ ਤਕਨਾਲੌਜੀ ਦਾ ਸਹਾਰਾ ਲੈ ਕੇ ਜੁਰਮ ਕੀਤਾ ਜਾਂਦਾ ਹੈ, ਉਸੇ ਦੀ ਸਹਾਇਤਾ ਨਾਲ ਹੀ ਜੁਰਮ ਦਾ ਸੁਰਾਗ ਲੱਭ ਲਿਆ ਜਾਂਦਾ ਹੈ। ਵਾਹਨ ਚਲਾਉਣ ਸਮੇਂ ਅਕਸਰ ਹੀ ਨੌਜਵਾਨ ਮੁਬਾਇਲ ਦੀ ਵਰਤੋਂ ਕਰਦੇ ਹਨ ਅਤੇ ਹਾਦਸਿਆਂ ਦੇ ਸ਼ਿਕਾਰ ਹੋ ਜਾਂਦੇ ਹਨ।
ਵਿੱਦਿਅਕ ਸੰਸਥਾਵਾਂ ਵਿੱਚ ਪੜ੍ਹਦੇ ਬਹੁਤੇ ਨੌਜਵਾਨ, ਪੜ੍ਹਨ ਦੀ ਥਾਂ ਕਈ ਤਰ੍ਹਾਂ ਦੀਆਂ ਨਿਰਾਰਥਕ ਗਤੀਵਿਧੀਆਂ ਵਿੱਚ ਹੀ ਆਪਣਾ ਸਮਾਂ ਬਰਬਾਦ ਕਰ ਲੈਂਦੇ ਹਨ। ਘਰਦਿਆਂ ਦੇ ਮਿਹਨਤ ਨਾਲ ਕਮਾਏ ਪੈਸੇ ਦੀ ਦੁਰਵਰਤੋਂ ਕੀਤੀ ਜਾਂਦੀ ਹੈ। ਭਾਵੇਂ ਸਾਰੇ ਤਾਂ ਨਹੀਂ ਪਰ ਇੱਕ ਦੂਜੇ ਦੇ ਮਗਰ ਲੱਗ ਕੇ ਤੇ ਝੂਠੀ ਸ਼ਾਨ ਦਿਖਾਉਣ ਲਈ ਬਹੁਤੇ ਨੌਜਵਾਨ ਮਹਿੰਗੇ ਬਰੈਂਡਿਡ ਕੱਪੜਿਆਂ ਅਤੇ ਹੋਰ ਵਸਤਾਂ ’ਤੇ ਪੈਸਾ ਖਰਚ ਕਰਦੇ ਹਨ। ਮਹਿੰਗੇ ਮੁਬਾਇਲ ਫੋਨ, ਮੋਟਰ ਸਾਇਕਲ ਅਤੇ ਕਾਰਾਂ, ਕੱਪੜੇ ਅਤੇ ਸਜਣ-ਸੰਵਰਨ ਲਈ ਮਹਿੰਗੀ ਮੇਕ-ਅਪ ਸਮੱਗਰੀ ਅਜੋਕੀ ਨੌਜਵਾਨ ਪੀੜ੍ਹੀ ਦੇ ਅਵੱਲੇ ਸ਼ੌਕਾਂ ਵਿੱਚ ਸ਼ਾਮਲ ਹਨ। ਖਾਣ-ਪੀਣ ਵਿੱਚ ਵੀ ਅਜੋਕੀ ਪੀੜ੍ਹੀ ਘਰ ਦੀ ਰੋਟੀ ਨੂੰ ਤਿਆਗ ਕੇ ਫਾਸਟ-ਫੂਡ ਦੀ ਦੀਵਾਨੀ ਹੋ ਗਈ ਹੈ। ਇਸ ਕਾਰਨ ਹੀ ਮਨੁੱਖੀ ਸਿਹਤ ਨੂੰ ਨਰੋਆ ਰੱਖਣ ਵਿੱਚ ਕਈ ਸੰਕਟ ਪੈਦਾ ਹੋ ਰਹੇ ਹਨ। ਮੋਟਰ ਸਾਇਕਲਾਂ ’ਤੇ ਬਿਨਾਂ ਵਜਾਹ ਹੀ ਗੇੜੀਆਂ ਮਾਰਨੀਆਂ, ਬਾਜ਼ਾਰਾਂ ਵਿੱਚੋਂ ਵੀ ਤੇਜ਼ ਰਫਤਾਰ ਨਾਲ ਗੁਜ਼ਰਨਾ, ਸ਼ੋਰੀਲੇ ਅਤੇ ਡਰਾਉਣੇ ਹੌਰਨਾਂ ਨਾਲ ਲੋਕਾਂ ਨੂੰ ਭੈਅ-ਭੀਤ ਕਰਨਾ, ਰਾਹ ਤੁਰੀਆਂ ਜਾਂਦੀਆਂ ਕੁੜੀਆਂ ਨੂੰ ਆਵਾਜ਼ੇ ਕੱਸਣੇ, ਹੋਸ਼ ਦਾ ਪ੍ਰਗਟਾਵਾ ਤਾਂ ਬਿਲਕੁਲ ਨਹੀਂ ਕਹੇ ਜਾ ਸਕਦੇ। ਵਿਆਹ ਸ਼ਾਦੀ ਸਮੇਂ ਜਾਗੋ ਕੱਢਦਿਆਂ ਅਤੇ ਡੀਜੇ ਦੇ ਕੰਨ-ਪਾੜਵੇਂ ਸ਼ੋਰ ਵਿੱਚ ਨੌਜਵਾਨ ਇਕੱਠੇ ਹੋ ਕੇ ਆਪਣੀਆਂ ਮਾਵਾਂ, ਭੈਣਾਂ ਦੀ ਹਾਜ਼ਰੀ ਵਿੱਚ ਜਿਸ ਤਰ੍ਹਾਂ ਅਸ਼ਲੀਲ ਬੋਲੀਆਂ ਪਾਉਂਦੇ ਹਨ, ਉਹ ਸਾਡੇ ਸ਼ਾਨਾਮੱਤੇ ਸੱਭਿਆਚਾਰ ਦੀ ਨਿਰਾਦਰੀ ਕਰਨ ਦੇ ਤੁੱਲ ਹੈ।
ਅੱਜ ਕੱਲ੍ਹ ਪ੍ਰਾਈਵੇਟ ਸਿੱਖਿਆ ਸੰਸਥਾਵਾਂ ਵਿੱਚ ਇੱਕ ਹੋਰ ਰਿਵਾਜ ਚੱਲ ਪਿਆ ਹੈ। ਫਿਲਮਾਂ ਦੀ ਪ੍ਰਮੋਸ਼ਨ ਲਈ ਫਿਲਮ ਦੀ ਸਾਰੀ ਟੀਮ ਪੂਰੀ ਸਜ-ਧਜ ਨਾਲ ਸੰਸਥਾ ਵਿੱਚ ਆ ਕੇ ਆਪਣੇ ਫਿਲਮੀ ਜਲੌਅ ਅਤੇ ਗੀਤ-ਸੰਗੀਤ ਦਾ ਪ੍ਰਗਟਾਵਾ ਕਰਕੇ, ਆਪਣੀ ਫਿਲਮ ਦੀ ਇਸ਼ਤਿਹਾਰਬਾਜ਼ੀ ਕਰਦੀ ਹੈ ਤਾਂ ਕਿ ਫਿਲਮ ਤੋਂ ਵੱਧ ਤੋਂ ਵੱਧ ਮੁਨਾਫਾ ਕਮਾਇਆ ਜਾ ਸਕੇ। ਫਿਲਮਾਂ ਬਣਾਉਣ ਵਾਲਿਆਂ ਨੂੰ ਇਹ ਇਲਮ ਹੈ ਕਿ ਨੌਜਵਾਨ ਵਰਗ ਹੀ ਫਿਲਮਾਂ ਦਾ ਸਭ ਤੋਂ ਵੱਧ ਦੀਵਾਨਾ ਹੈ। ਨੌਜਵਾਨਾਂ ਨੂੰ ਫਿਲਮ ਪ੍ਰਤੀ ਉਤੇਜਿਤ ਕਰਨ ਲਈ ਨਾਚ-ਗਾਣਿਆ ਦੇ ਪ੍ਰੋਗਰਾਮ ਵੀ ਕੀਤੇ ਜਾਂਦੇ ਹਨ। ਕਈ ਟੀ.ਵੀ.ਚੈਨਲ ਸਿੱਖਿਆ ਸੰਸਥਾਵਾਂ ਵਿੱਚ ਮੁੰਡਿਆਂ ਕੁੜੀਆਂ ਦੀ ਭੀੜ ਇਕੱਠੀ ਕਰਕੇ ਫਜ਼ੂਲ ਜਿਹੇ ਤੇ ਗੈਰ-ਮਿਆਰੀ ਪ੍ਰੋਗਰਾਮ ਪੇਸ਼ ਕਰਕੇ, ਨੌਜਵਾਨਾਂ ਨੂੰ ਕਿਸੇ ਔਝੜੇ ਰਾਹ ਧੱਕਣ ਵਿੱਚ ਜੁਟੇ ਹੋਏ ਹਨ। ਕੁੜੀਆਂ ਬਾਰੇ ਅਸ਼ਲੀਲ ਗੱਲਾਂ ਕੀਤੀਆਂ ਜਾਂਦੀਆਂ ਹਨ ਤੇ ਸਾਰੇ ਤਾੜੀਆਂ ਮਾਰਦੇ ਹਨ। ਕਿੰਨਾ ਚੰਗਾ ਹੋਵੇ ਜੇ ਨੌਜਵਾਨਾਂ ਦੇ ਅੰਦਰਲੀ ਕਲਾਤਮਿਕ ਤੇ ਸਿਰਜਣਾਤਮਿਕ ਪ੍ਰਤਿਭਾ ਨੂੰ ਉਜਾਗਰ ਕਰਨ ਦਾ ਉਪਰਾਲਾ ਕੀਤਾ ਜਾਵੇ। ਸੰਸਥਾਵਾਂ ਦੇ ਪ੍ਰਬੰਧਕ ਆਪਣੀ ਸੰਸਥਾ ਦੀ ਇਸ਼ਤਿਹਾਰਬਾਜ਼ੀ ਅਤੇ ਮੁਨਾਫੇ ਦੀ ਖਾਤਰ ਨੌਜਵਾਨਾਂ ਦੇ ਜੋਸ਼ ਨੂੰ ਹੋਰ ਭੜਕਾਉਣ ਦਾ ਲਾਹਾ ਲੈਂਦੇ ਹਨ। ਇਸ ਤਰ੍ਹਾਂ ਆਪਹੁਦਰਾਪਣ ਤੇ ਅਨੁਸ਼ਾਸਨਹੀਣਤਾ ਵਿੱਚ ਵਾਧਾ ਹੋਣ ਤੋਂ ਬਿਨਾਂ ਹੋਰ ਕੁਝ ਪ੍ਰਾਪਤ ਨਹੀਂ ਹੁੰਦਾ। ਜੇ ਮਕਸਦ ਮੰਨੋਰੰਜਨ ਕਰਨਾ ਵੀ ਹੋਵੇ ਤਾਂ ਮਿਆਰੀ ਪ੍ਰੋਗਰਾਮਾਂ ਦੁਆਰਾ ਕੀਤਾ ਜਾਣਾ ਚਾਹੀਦਾ ਹੈ ਤਾਂ ਕਿ ਨੌਜਵਾਨਾਂ ਦੀ ਸੂਝ ਵਿਕਸਿਤ ਹੋਵੇ ਤੇ ਉਨ੍ਹਾਂ ਦੇ ਅੰਦਰਲੀ ਪ੍ਰਤਿਭਾ ਜਾਗੇ।
ਖੁੱਲ੍ਹੀਆਂ ਜੀਪਾਂ ਨੂੰ ਨਵੀਂ ਨਵੇਲੀ ਦਿੱਖ ਦੇ ਕੇ, ਉੱਚੀ ਆਵਾਜ਼ ਵਿੱਚ ਗਾਣੇ ਲਾ ਕੇ ਤੇ ਦੋ ਚਾਰ ਦੋਸਤਾਂ ਨੂੰ ਨਾਲ ਬਿਠਾ ਕੇ ਸੜਕਾਂ ’ਤੇ ਗੇੜੇ ਲਾਉਣੇ ਅਜੋਕੇ ਗਭਰੂਆਂ ਦਾ ਇੱਕ ਹੋਰ ਅਵੱਲਾ ਸ਼ੌਕ ਹੈ। ਮਾਪਿਆਂ ਦੇ ਮਿਹਨਤ ਨਾਲ ਕਮਾਏ ਪੈਸੇ ਨਾਲ ਖੂਬ ਐਸ਼ ਕੀਤੀ ਜਾਂਦੀ ਹੈ। ਕਈ ਵਾਰ ਇਹ ਸਾਂਝ ਨਸ਼ਿਆਂ ਦੇ ਰੂਪ ਵਿੱਚ ਹੋਰ ਪੀਡੀ ਹੋ ਜਾਂਦੀ ਹੈ। ਸ਼ੌਕ ਦਾ ਕੋਈ ਮੁੱਲ ਨਹੀਂ ਹੁੰਦਾ। ਅੱਜ ਕੱਲ੍ਹ ਤਾਂ ਨੌਜਵਾਨ ਆਪਣੇ ਸ਼ੌਕ ਪੂਰੇ ਕਰਨ ਲਈ ਟਰੈਕਟਰਾਂ ਨੂੰ ਵੀ ਨਵੇਕਲੀ ਦਿੱਖ ਦੇਣ ਲਈ ਹਜ਼ਾਰਾਂ ਰੁਪਏ ਖਰਚ ਰਹੇ ਹਨ। ਚੌੜੇ ਟਾਇਰ, ਅਲੌਏ ਵੀਲ੍ਹ, ਕਈ ਤਰ੍ਹਾਂ ਦੇ ਹੌਰਨ ਅਤੇ ਸਜਾਵਟੀ ਲਾਇਟਾਂ ਨਾਲ ਸ਼ਿੰਗਾਰ ਕੇ ਟਰੈਕਟਰਾਂ ਨੂੰ ਸੜਕਾਂ ’ਤੇ ਘੁਮਾ ਕੇ ਸ਼ੌਕ ਦੀ ਤ੍ਰਿਪਤੀ ਕੀਤੀ ਜਾਂਦੀ ਹੈ। ਖੇਤਾਂ ਵਿੱਚ ਕੰਮ ਕਰਨ ਵਾਲੇ ਨੌਜਵਾਨ ਤਾਂ ਹੁਣ ਵਿਰਲੇ ਹੀ ਹਨ, ਪਰ ਬੁਲਿਟਾਂ, ਜੀਪਾਂ ਅਤੇ ਕਾਰਾਂ ਉੱਤੇ ਸਵਾਰ ਹੋ ਕੇ ਬਾਜ਼ਾਰਾਂ ਦੀ ਰੌਣਕ ਵਧਾਉਣ ਵਾਲਿਆਂ ਦੀ ਗਿਣਤੀ ਨਿੱਤ-ਦਿਨ ਵਧ ਰਹੀ ਹੈ।
ਅਜੋਕੇ ਨੌਜਵਾਨ ਦਾ ਬਹੁਤਾ ਸਮਾਂ ਸੋਸ਼ਲ ਮੀਡੀਏ ਦੀ ਵਰਤੋਂ ਕਰਦਿਆਂ ਹੀ ਬੀਤਦਾ ਹੈ। ਪੜ੍ਹਾਈ ਅਤੇ ਜ਼ਿੰਦਗੀ ਦੇ ਹੋਰ ਸਰੋਕਾਰਾਂ ਪ੍ਰਤੀ ਸੋਚਣ ਦਾ ਸਮਾਂ ਬਰਬਾਦ ਕਰ ਦਿੱਤਾ ਜਾਂਦਾ ਹੈ। ਸੋਸ਼ਲ ਮੀਡੀਏ ਦੀ ਬਿਨਾਂ ਮਕਸਦ ਅਤੇ ਨਿਰਾਰਥਕ ਵਰਤੋਂ ਵਿੱਚੋਂ ਕੁਝ ਵੀ ਹਾਸਲ ਨਹੀਂ ਹੁੰਦਾ। ਜੇਕਰ ਜੀਵਨ ਦੇ ਹੋਰ ਪੱਖਾਂ ’ਤਉੱ ਇਸ ਤੇਜ਼-ਤਰਾਰ ਮਾਧਿਅਮ ਵਿੱਚ ਸਹੀ ਤਾਲਮੇਲ ਸਥਾਪਿਤ ਕਰ ਲਿਆ ਜਾਵੇ ਤਾਂ ਸਮੇਂ ਦੀ ਬਰਬਾਦੀ ਵੀ ਰੋਕੀ ਜਾ ਸਕਦੀ ਹੈ ਤੇ ਕੋਈ ਪ੍ਰਾਪਤੀ ਵੀ ਸੰਭਵ ਹੋ ਸਕਦੀ ਹੈ।
ਅੱਜ ਕਿੰਨੇ ਨੌਜਵਾਨ ਹਨ ਜਿਹੜੇ ਪੁਸਤਕਾਂ ਪੜ੍ਹਨ ਦੀ ਰੁਚੀ ਰੱਖਦੇ ਹਨ? ਸਿੱਖਿਆ ਸੰਸਥਾਵਾਂ ਵਿੱਚ ਪੜ੍ਹਨ ਵਾਲੇ ਵਿਦਿਆਰਥੀਆਂ ਦੀ ਬਹੁਤ ਥੋੜ੍ਹੀ ਗਿਣਤੀ ਹੈ, ਜਿਨ੍ਹਾਂ ਨੂੰ ਲਾਇਬਰੇਰੀ ਜਾਣ ਦਾ ਸ਼ੌਕ ਹੋਵੇ। ਕਿਸੇ ਵੀ ਅੰਦੋਲਨ ਨੂੰ ਕਾਮਯਾਬ ਕਰਨ ਲਈ ਨੌਜਵਾਨਾਂ ਦੀ ਭੂਮਿਕਾ ਬੇਮਿਸਾਲ ਹੁੰਦੀ ਹੈ। ਪਹਿਲੇ ਕਿਸਾਨ ਅੰਦੋਲਨ ਸਮੇਂ ਜਾਗਰੂਕ ਨੌਜਵਾਨਾਂ ਨੇ ਇਸ ਮੋਰਚੇ ਵਿੱਚ ਸ਼ਾਮਲ ਹੋ ਕੇ ਸਭ ਦਾ ਮਨ ਮੋਹ ਲਿਆ। ਨੌਜਵਾਨਾਂ ਦੀ ਭਰਵੀਂ ਸ਼ਮੂਲੀਅਤ ਦੇ ਸਿੱਟੇ ਵਜੋਂ ਅੰਦੋਲਨ ਨੂੰ ਤਾਂ ਸ਼ਕਤੀ ਮਿਲਣੀ ਹੀ ਸੀ, ਸਗੋਂ ਬਹੁਤ ਸਾਰੇ ਹੋਰ ਨੌਜਵਾਨ ਵੀ ਅਜਿਹੇ ਸਮਾਜਿਕ ਸਰੋਕਾਰਾਂ ਵਿੱਚ ਸ਼ਾਮਲ ਹੋਣ ਲਈ ਪ੍ਰੇਰਿਤ ਹੋਏ। ਨੌਜਵਾਨੀ ਸ਼ਕਤੀ ਅਤੇ ਜੋਸ਼ ਦੀ ਪ੍ਰਤੀਕ ਹੁੰਦੀ ਹੈ, ਤੇ ਜੇਕਰ ਇਸ ਨੂੰ ਸਹੀ ਮੰਚ ਮਿਲੇ ਤਾਂ ਇਸ ਨੂੰ ਵਿਚਾਰਧਾਰਿਕ ਤੌਰ ’ਤੇ ਵੀ ਮਜ਼ਬੂਤ ਕੀਤਾ ਜਾ ਸਕਦਾ ਹੈ, ਬੱਸ ਲੋੜ ਹੈ ਕਿ ਜੋਸ਼ ਦੇ ਨਾਲ ਹੋਸ਼ ਕਾਇਮ ਰਹਿਣੀ ਚਾਹੀਦੀ ਹੈ।
ਨੌਜਵਾਨ ਸ਼ਕਤੀ ਕਿਸੇ ਦੇਸ਼ ਲਈ ਰੀੜ੍ਹ ਦੀ ਹੱਡੀ ਸਮਾਨ ਹੁੰਦੀ ਹੈ। ਸਰੀਰਕ ਅਤੇ ਮਾਨਸਿਕ ਰੂਪ ਵਿੱਚ ਸਿਹਤਮੰਦ ਅਤੇ ਨਰੋਈ ਸੋਚ ਵਾਲੇ ਨੌਜਵਾਨ ਸਮਾਜ ਲਈ ਵਡਮੁੱਲਾ ਖ਼ਜ਼ਾਨਾ ਹੁੰਦੇ ਹਨ। ਸ਼ਕਤੀ ਅਤੇ ਸਮਰੱਥਾ ਦਾ ਇਹ ਵਹਿਣ ਜੇ ਸਾਰਥਿਕ ਰੂਪ ਵਿੱਚ ਵਗ ਤੁਰੇ ਤਾਂ ਸਮਾਜ ਦੀ ਕਾਇਆ-ਕਲਪ ਕੀਤੀ ਜਾ ਸਕਦੀ ਹੈ। ਬਹੁਤ ਦੁੱਖ ਵਾਲੀ ਗੱਲ ਹੈ ਕਿ ਅਜੋਕਾ ਨੌਜਵਾਨ ਨਿਰਾਰਥਕ ਕੰਮਾਂ ਵਿੱਚ ਉਲਝ ਕੇ ਆਪਣੀ ਸੁਧ-ਬੁਧ ਹੀ ਗਵਾਈ ਜਾ ਰਿਹਾ ਹੈ। ਨੌਜਵਾਨਾਂ ਨੂੰ ਆਪਣੀ ਸੂਝਬੂਝ ਦੀ ਵਰਤੋਂ ਕਰਦਿਆਂ, ਸਮਾਜ ਦੁਸ਼ਮਣ ਤਾਕਤਾਂ ਦੇ ਘਿਨਾਉਣੇ ਮਨਸੂਬਿਆਂ ਪ੍ਰਤੀ ਜਾਗ੍ਰਿਤ ਹੋਣ ਦੀ ਲੋੜ ਹੈ। ਪੰਜਾਬ ਵਿੱਚ ਨੌਜਵਾਨਾਂ ਦੀ ਗੈਂਗਵਾਰ ਦੀਆਂ ਵਾਪਰ ਰਹੀਆਂ ਦਰਦਨਾਕ ਘਟਨਾਵਾਂ ਪੰਜਾਬ ਦੀ ਵਿਸਫੋਟਕ ਹੋ ਰਹੀ ਸਥਿਤੀ ਦਾ ਸਪਸ਼ਟ ਸੰਕੇਤ ਹਨ। ਵਿਦਿਆਰਥੀ ਜਥੇਬੰਦੀਆਂ ਵਿੱਚ ਕੰਮ ਕਰਦੇ ਅਜਿਹੇ ਨੌਜਵਾਨਾਂ ਨੂੰ ਪੂਰੀ ਸਿਆਸੀ ਸਰਪ੍ਰਸਤੀ ਹਾਸਲ ਹੈ। ਸ਼ਰੇਆਮ ਹਥਿਆਰਾਂ ਦਾ ਪ੍ਰਦਰਸ਼ਨ ਕਰਦੇ ਇਹ ਲੀਹੋਂ ਭਟਕੇ ਨੌਜਵਾਨ ਇੱਕ ਦੂਜੇ ਦੇ ਖੂਨ ਦੇ ਪਿਆਸੇ ਬਣੇ ਹੋਏ ਹਨ।
ਸਿਆਸੀ ਨੇਤਾ ਆਪਣੇ ਸਵਾਰਥ ਲਈ ਨੌਜਵਾਨਾਂ ਨੂੰ ਵਰਗਲਾ ਕੇ ਅਜਿਹੇ ਰਾਹਾਂ ਦੇ ਪਾਂਧੀ ਬਣਾਉਣ ਵਿੱਚ ਆਪਣੀ ਭੂਮਿਕਾ ਨਿਭਾਉਂਦੇ ਹਨ। ਪੰਜਾਬ ਲਈ ਇਹ ਵਰਤਾਰਾ ਬਹੁਤ ਹੀ ਖਤਰਨਾਕ ਸਾਬਤ ਹੋ ਸਕਦਾ ਹੈ। ਨਸ਼ਿਆਂ, ਹਥਿਆਰਾਂ ਅਤੇ ਜੁਰਮਾਂ ਦੀ ਅੰਨ੍ਹੀ ਗਲੀ ਵਲ ਧੱਕੇ ਜਾ ਰਹੇ ਇਨ੍ਹਾਂ ਨੌਜਵਾਨਾਂ ਦੀ ਹੋਣੀ ਤੋਂ ਪੰਜਾਬ ਦੇ ਸੰਤਾਪੇ ਭਵਿੱਖ ਦਾ ਸਹਿਜੇ ਹੀ ਅੰਦਾਜ਼ਾ ਲਗਾਇਆ ਜਾ ਰਿਹਾ ਹੈ। ਸਭ ਸਿਆਸੀ ਪਾਰਟੀਆਂ ਵੋਟ ਰਾਜਨੀਤੀ ਦੀ ਖਾਤਰ ਨੌਜਵਾਨ ਵਰਗ ਨਾਲ ਝੂਠੀ-ਸੱਚੀ ਹਮਦਰਦੀ ਜਿਤਾ ਕੇ ਆਪਣੇ ਨਾਲ ਜੋੜਨ ਦੀ ਕੋਸ਼ਿਸ਼ ਵਿੱਚ ਹਨ, ਇਸ ਪ੍ਰਤੀ ਵੀ ਨੌਜਵਾਨਾਂ ਨੂੰ ਸੁਚੇਤ ਹੋਣ ਦੀ ਲੋੜ ਹੈ। ਬੇਰੁਜ਼ਗਾਰੀ ਦੇ ਥਪੇੜਿਆਂ ਨਾਲ ਭੰਨਿਆ ਨੌਜਵਾਨ ਨਿਰਾਸ਼ਾ ਦੇ ਆਲਮ ਵਿੱਚ ਵਿਚਰਦਾ ਭਟਕਣਾ ਦਾ ਸ਼ਿਕਾਰ ਹੋ ਚੁੱਕਾ ਹੈ। ਸਰਕਾਰਾਂ ਨੇ ਇਸ ਸਰਮਾਏ ਨੂੰ ਗੰਭੀਰਤਾ ਨਾਲ ਸੰਭਾਲਣ ਦੇ ਬਹੁਤੇ ਉਪਰਾਲੇ ਨਹੀਂ ਕੀਤੇ। ਹਰ ਥਾਂ ਉਨ੍ਹਾਂ ਨੂੰ ਵਰਗਲਾਇਆ ਜਾ ਰਿਹਾ ਹੈ ਤੇ ਆਪਣੇ ਹਿਤਾਂ ਲਈ ਵਰਤਿਆ ਜਾ ਰਿਹਾ ਹੈ। ਜੇ ਹਕੂਮਤਾਂ ਸੱਚਮੁੱਚ ਹੀ ਨੌਜਵਾਨਾਂ ਦੀਆਂ ਹਮਦਰਦ ਹਨ ਤਾਂ ਲੱਖਾਂ ਦੀ ਗਿਣਤੀ ਵਿੱਚ ਪੜ੍ਹੇ-ਲਿਖੇ ਬੇਰੁਜ਼ਗਾਰਾਂ ਨੂੰ ਰੁਜ਼ਗਾਰ ਦੇ ਕੇ, ਇਸ ਅਜਾਈਂ ਜਾ ਰਹੀ ਸ਼ਕਤੀ ਨੂੰ ਸੰਭਾਲਿਆ ਜਾ ਸਕਦਾ ਹੈ
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(4789)
(ਸਰੋਕਾਰ ਨਾਲ ਸੰਪਰਕ ਲਈ: (