“ਸਮਾਜ ਵਿਚ ਨਸ਼ਿਆਂ ਦਾ ਵਧ ਰਿਹਾ ਪ੍ਰਕੋਪ ਵੀ ਅਨੈਤਿਕ ਗਤੀਵਿਧੀਆਂ ਨੂੰ ਵਧਾਉਣ ਵਿਚ ...”
(22 ਦਸੰਬਰ 2017)
ਸਮੇਂ ਦੀ ਤੋਰ ਕਦੇ ਇੱਕੋ ਜਿਹੀ ਨਹੀਂ ਰਹਿੰਦੀ। ਤਬਦੀਲੀ ਕੁਦਰਤ ਦਾ ਨੇਮ ਹੈ। ਪੁਰਾਣੇ ਤੇ ਵੇਲਾ ਹੰਢਾ ਚੁੱਕੇ ਪੱਤ ਝੜਦੇ ਰਹਿੰਦੇ ਹਨ ਤੇ ਨਵੀਆਂ ਕਰੂੰਬਲਾਂ ਫੁੱਟਦੀਆਂ ਰਹਿੰਦੀਆਂ ਹਨ। ਜ਼ਿੰਦਗੀ ਵਿਚ ਤਾਜ਼ਗੀ ਬਣਾਈ ਰੱਖਣ ਲਈ ਅਜਿਹਾ ਪਰਿਵਰਤਨ ਜ਼ਰੂਰੀ ਵੀ ਹੈ। ਸਮੇਂ ਦੇ ਬਦਲਣ ਨਾਲ ਮਨੁੱਖੀ ਜੀਵਨ-ਜਾਚ ਦੇ ਹਰ ਪਹਿਲੂ ਵਿਚ ਬਦਲਾਅ ਹੋਣਾ ਸੁਭਾਵਿਕ ਵਰਤਾਰਾ ਹੈ। ਸਿੱਖਿਆ, ਸਮਾਜਿਕ ਚੇਤਨਾ, ਵਿਗਿਆਨਕ ਤੇ ਤਕਨੀਕੀ ਖੋਜਾਂ ਦੀ ਬਦੌਲਤ ਮਨੁੱਖ ਦੀਆਂ ਸੋਚਾਂ, ਖਾਣ-ਪੀਣ, ਪਹਿਰਾਵਾ ਤੇ ਜੀਵਨ-ਜਾਚ ਵਿਚ ਵੱਡੇ ਪਰਿਵਰਤਨ ਆ ਚੁੱਕੇ ਹਨ ਤੇ ਲਗਾਤਾਰ ਆ ਰਹੇ ਹਨ। ਮਨੁੱਖੀ ਸੂਝ ਨੇ ਵਿਗਿਆਨ ਤੇ ਤਕਨਾਲੌਜੀ ਦੇ ਖੇਤਰ ਵਿਚ ਅਜਿਹੀਆਂ ਖੋਜਾਂ ਕੀਤੀਆਂ ਹਨ, ਜਿਨ੍ਹਾਂ ਨਾਲ ਜੀਵਨ ਦੀ ਤੋਰ ਬਹੁਤ ਹੀ ਬਦਲ ਗਈ ਹੈ। ਮਨੁੱਖ ਨੇ ਆਪਣੇ ਜੀਵਨ ਨੂੰ ਸੁਖਾਵਾਂ ਬਣਾਉਣ ਲਈ ਅਨੇਕਾਂ ਸੁਖ-ਸਹੂਲਤਾਂ ਪੈਦਾ ਕਰ ਲਈਆਂ ਹਨ ਤੇ ਅਜੋਕਾ ਮਨੁੱਖ ਆਪਣੇ ਆਪ ਨੂੰ ‘ਮਾਡਰਨ’ ਕਹਾ ਕੇ ਫੁੱਲਿਆ ਨਹੀਂ ਸਮਾ ਰਿਹਾ। ਹਾਲਾਂਕਿ ਇਹ ਅਖਾਉਤੀ ਆਧੁਨਿਕਤਾ ਮਨੁੱਖ ਨੂੰ ਬਹੁਤ ਮਹਿੰਗੀ ਪੈ ਰਹੀ ਹੈ ਤੇ ਮਨੁੱਖ ਨੂੰ ਕਈ ਤਰ੍ਹਾਂ ਦੇ ਅਣਕਿਆਸੇ ਸੰਕਟਾਂ ਨਾਲ ਜੂਝਣਾ ਪੈ ਰਿਹਾ ਹੈ।
ਕੁਝ ਗੱਲਾਂ ਵਿਚ ਅਸੀਂ ਇੰਨੇ ਆਧੁਨਿਕ ਹੋਣ ਦਾ ਦਮ ਭਰਦੇ ਹਾਂ ਕਿ ਅਸੀਂ ਸਮਾਜ ਦੁਆਰਾ ਸਿਰਜੇ ਸਭ ਪ੍ਰਤੀਮਾਨਾਂ ਨੂੰ ਛਿੱਕੇ ’ਤੇ ਟੰਗ ਦਿੱਤਾ ਹੈ। ਅਖਬਾਰਾਂ ਵਿਚ ਅਨੈਤਿਕ ਵਿਵਹਾਰ ਵਾਲੀਆਂ ਖਬਰਾਂ ਇੰਨੀਂ ਵੱਡੀ ਗਿਣਤੀ ਵਿਚ ਛਪਦੀਆਂ ਹਨ ਕਿ ਇਸ ਤਰ੍ਹਾਂ ਜਾਪਦਾ ਹੈ ਕਿ ਜਿਵੇਂ ਸਾਰਾ ਸਮਾਜ ਹੀ ਨੈਤਿਕ ਕਦਰਾਂ-ਕੀਮਤਾਂ ਦੀ ਚਰਮ-ਸੀਮਾ ਪਾਰ ਕਰ ਗਿਆ ਹੋਵੇ। ਕੋਈ ਦਿਨ ਅਜਿਹਾ ਨਹੀਂ ਲੰਘਦਾ ਜਿਸ ਦਿਨ ਦੇਹ-ਵਪਾਰ ਨਾਲ ਜੁੜੀਆਂ ਖਬਰਾਂ, ਫੋਟੋਆਂ ਸਮੇਤ ਅਖਬਾਰਾਂ ਵਿਚ ਨਾ ਛਪਦੀਆਂ ਹੋਣ। ਕਿਸੇ ਨਾ ਕਿਸੇ ਧੰਦੇ ਦੀ ਆੜ ਵਿਚ ਅਜਿਹੇ ਅਨੈਤਿਕ ਕੰਮ ਕੀਤੇ ਜਾਂਦੇ ਹਨ। ਕਿਸੇ ਨੂੰ ਲਾਲਚ ਦੇ ਕੇ, ਕਿਸੇ ਨੂੰ ਵਰਗਲਾ ਕੇ, ਕਿਸੇ ਨੂੰ ਜ਼ਬਰਦਸਤੀ ਅਤੇ ਕੋਈ ਮਜਬੂਰੀਆਂ ਦੇ ਭੰਵਰ ਵਿਚ ਭਟਕਦਾ ਇਸ ਅੰਨ੍ਹੀ ਗਲੀ ਦਾ ਰਾਹੀ ਬਣ ਜਾਂਦਾ ਹੈ। ਇਕ ਵਾਰ ਫਸੇ ਬੰਦੇ ਦਾ ਅਜਿਹੇ ਕੰਮਾਂ ਵਿੱਚੋਂ ਬਾਹਰ ਨਿਕਲਣਾ ਬੇਹੱਦ ਔਖਾ ਹੋ ਜਾਂਦਾ ਹੈ। ਪਹਿਲਾਂ ਪਹਿਲ ਵੱਡੇ ਵੱਡੇ ਸਹਿਰਾਂ ਵਿਚ ਵਾਪਰਦੀਆਂ ਅਜਿਹੀਆਂ ਖਬਰਾਂ ਪੜ੍ਹਨ ਸੁਣਨ ਨੂੰ ਮਿਲਦੀਆਂ ਸਨ, ਪਰ ਹੁਣ ਤਾਂ ਛੋਟੇ ਸ਼ਹਿਰ, ਕਸਬੇ ਤੇ ਪਿੰਡ ਵੀ ਇਸ ਬਿਮਾਰੀ ਦਾ ਸ਼ਿਕਾਰ ਹੋ ਗਏ ਹਨ। ਔਰਤਾਂ, ਮੁਟਿਆਰਾਂ ਦਾ ਅਜਿਹੇ ਗੈਰ-ਸਮਾਜੀ ਧੰਦਿਆਂ ਵਿਚ, ਕਿਸੇ ਮਜਬੂਰੀ ਵੱਸ ਸ਼ਾਮਲ ਹੋਣਾ ਵੱਡੀ ਚਿੰਤਾ ਦਾ ਵਿਸ਼ਾ ਹੈ, ਨਾਬਾਲਗ ਬੱਚੀਆਂ ਨੂੰ ਤਾਂ ਕਿਸੇ ਲਾਲਚ-ਵੱਸ ਵਰਗਲਾਇਆ ਜਾ ਸਕਦਾ ਹੈ। ਪਰ ਕਿਸੇ ਲਾਲਚ ਕਾਰਨ ਜਾਂ ਆਰਥਿਕ ਮਜਬੂਰੀ ਦਾ ਬਹਾਨਾ ਬਣਾ ਕੇ ਇਸ ਪਾਸੇ ਤੁਰਨਾ ਕਿਸੇ ਤਰ੍ਹਾਂ ਵੀ ਵਾਜਬ ਨਹੀਂ ਕਿਹਾ ਜਾ ਸਕਦਾ। ਬਹੁਤੀ ਵਾਰ ਦੇਖਣ ਵਿਚ ਆਇਆ ਹੈ ਕਿ ਵਿਆਹ ਸ਼ਾਦੀ ਦੇ ਬੰਧਨ ਵਿਚ ਬੱਝੇ ਤੇ ਨਿਆਣੇ-ਨਿੱਕਿਆਂ ਵਾਲੇ ਮਰਦ ਔਰਤਾਂ ਵੀ ਅਜਿਹੇ ਰਾਹ ਤੁਰ ਕੇ ਪਰਿਵਾਰਾਂ ਲਈ ਕਈ ਤਰ੍ਹਾਂ ਦੇ ਸੰਕਟ ਖੜ੍ਹੇ ਕਰ ਦਿੰਦੇ ਹਨ।
ਫਿਲਮਾਂ, ਟੀ.ਵੀ. ਅਤੇ ਬਾਜ਼ਾਰੂ ਜਿਹੇ ਗੀਤਾਂ ਦੀਆਂ ਵੀਡੀਓ ਕੈਸਟਾਂ ਵਿਚ ਨੰਗੇਜ਼-ਭਰਪੂਰ ਸਮੱਗਰੀ ਪਰੋਸੀ ਜਾ ਰਹੀ ਹੈ। ਅਸ਼ਲੀਲਤਾ ਇੰਨੀ ਭਾਰੂ ਹੋ ਚੁੱਕੀ ਹੈ ਕਿ ਸਮਾਜ ਦੇ ਹਰ ਨੈਤਿਕ ਨਿਯਮ ਨੂੰ ਉਲੰਘਿਆ ਜਾ ਰਿਹਾ ਹੈ। ਜਿਵੇਂ ਬਾਜ਼ਾਰ ਵਿਚ ਵਿਕਣ ਵਾਲੀ ਹਰ ਵਸਤੂ ਨੂੰ ਆਕਰਸ਼ਿਕ ਰੈਪਰ ਵਿਚ ਸਜਾ ਕੇ ਗਾਹਕਾਂ ਨੂੰ ਭਰਮਾਇਆ ਜਾਂਦਾ ਹੈ, ਬਿਲਕੁਲ ਇਸੇ ਤਰ੍ਹਾਂ ਹੀ ਔਰਤ ਨੂੰ ਵੀ ਵਸਤਾਂ ਦੀ ਇਸ਼ਤਿਹਾਰਬਾਜ਼ੀ ਅਤੇ ਟੀ.ਵੀ. ਸੀਰੀਅਲਾਂ ਵਿਚ ਸਜਾ ਸ਼ਿੰਗਾਰ ਕੇ ਮੰਡੀ ਦੀ ਇਕ ਵਸਤੂ ਵਾਂਗ ਪੇਸ਼ ਕੀਤਾ ਜਾਂਦਾ ਹੈ। ਅਜੋਕੀ ਮਾਰੇ ਗਏ, ਲੁੱਟੇ ਗਏ, ਕਿਸਮ ਦੀ ਗਾਇਕੀ ਦੀਆਂ ਵੀਡੀਓ ਕੈਸਟਾਂ ਵਿਚ ਮਾਡਲ ਕੁੜੀਆਂ ਦੀ ਲਗਭਗ ਨਗਨ ਪੇਸ਼ਕਾਰੀ ਨੇ ਸਮਾਜ ਦੀਆਂ ਪ੍ਰਵਾਨਿਤ ਕਦਰਾਂ-ਕੀਮਤਾਂ ਦੀ ਮਿੱਟੀ ਪਲੀਤ ਕਰ ਦਿੱਤੀ ਹੈ। ਟੀ.ਵੀ. ਚੈਨਲਾਂ ’ਤੇ ਪੇਸ਼ ਕੀਤੇ ਜਾਂਦੇ ਬਹੁਤੇ ਸੀਰੀਅਲਾਂ ਵਿਚ ਵਿਆਹ-ਬਾਹਰੇ ਸਰੀਰਕ ਸਬੰਧਾਂ ਦੁਆਲੇ ਹੀ ਸਾਰੀਆਂ ਕਹਾਣੀਆਂ ਘੁੰਮਦੀਆਂ ਹਨ। ਕੋਈ ਮਰਦ ਪਾਤਰ ਦੂਜੇ ਦੀ ਪਤਨੀ ਨਾਲ ਸਬੰਧ ਬਣਾ ਰਿਹਾ ਹੈ, ਕੋਈ ਔਰਤ ਪਾਤਰ ਪਤੀ ਨੂੰ ਧੋਖਾ ਦੇ ਕੇ ਕਿਸੇ ਹੋਰ ਮਰਦ ਦਾ ਸਾਥ ਮਾਣ ਰਹੀ ਹੈ। ਕਾਰੋਬਾਰੀ ਦਫਤਰਾਂ ਵਿਚ ਬੈਠੇ ਇਹ ਕਾਰੋਬਾਰ ਤਾਂ ਘੱਟ ਹੀ ਕਰਦੇ ਦਿਖਾਏ ਜਾਂਦੇ ਹਨ, ਸਗੋਂ ਇਸ਼ਕ ਫਰਮਾਉਂਦੇ ਵੱਧ ਨਜ਼ਰ ਆਉਂਦੇ ਹਨ। ਫਰੇਬ, ਧੋਖਾ, ਲਾਲਚ, ਸਵਾਰਥ ਤੇ ਇਕ ਦੂਜੇ ਪ੍ਰਤੀ ਵਿਸ਼ਵਾਸ ਨੂੰ ਤਾਰ-ਤਾਰ ਕਰਨ ਦੀ ਚੂਲ ਦੁਆਲੇ ਘੁੰਮਦੇ ਇਹ ਸੀਰੀਅਲ ਸਮਾਜ ਨੂੰ ਕੀ ਸੁਨੇਹਾ ਦਿੰਦੇ ਹਨ, ਇਹ ਗੱਲ ਸਮਝ ਤੋਂ ਬਾਹਰ ਹੈ। ਅਜੋਕੀਆਂ ਫਿਲਮਾਂ ਵੀ ਬਹੁਤ ਹੱਦ ਤੱਕ ਇਸੇ ਰਾਹ ਤੁਰੀਆਂ ਹੋਈਆਂ ਹਨ। ਇਸ ਤਰ੍ਹਾਂ ਜਾਪਦਾ ਹੈ ਜਿਵੇਂ ਇੱਕੋ ਹੀ ਘਸੀ-ਪਿੱਟੀ ਕਹਾਣੀ ਨੂੰ ਵਾਰ ਵਾਰ ਦੁਹਰਾਇਆ ਜਾ ਰਿਹਾ ਹੈ। ਇਨ੍ਹਾਂ ਸਭ ਗੱਲਾਂ ਦਾ ਨੌਜਵਾਨ ਪੀੜ੍ਹੀ ’ਤੇ ਅਸਰ ਪੈਣਾ ਸੁਭਾਵਿਕ ਹੈ। ਫਿਲਮਾਂ ਦੇ ਦੀਵਾਨੇ ਨੌਜਵਾਨ, ਨਾਇਕ ਤੇ ਨਾਇਕਾਵਾਂ ਦੀ ਭਰਮ-ਯੁਕਤ ਚਕਾਚੌਂਧ ਨੂੰ ਅਸਲੀਅਤ ਸਮਝਣ ਦਾ ਭੁਲੇਖਾ ਸਿਰਜ ਲੈਂਦੇ ਹਨ। ਉਹ ਆਪਣੇ ਆਪ ਨੂੰ ਆਧੁਨਿਕ ਸਮਝਣ ਦੇ ਚੱਕਰ ਵਿਚ ਅਜਿਹੇ ਰਾਹ ਤੁਰ ਕੇ ਭਟਕਣਾ ਦਾ ਸ਼ਿਕਾਰ ਹੋ ਜਾਂਦੇ ਹਨ। ਇਸ ਤਰ੍ਹਾਂ ਅਨੈਤਿਕ ਕਾਰਜਾਂ ਦਾ ਸਿਲਸਿਲਾ ਸ਼ੁਰੂ ਹੋ ਜਾਂਦਾ ਹੈ।
ਸਮਾਜ ਵਿਚ ਨਸ਼ਿਆਂ ਦਾ ਵਧ ਰਿਹਾ ਪ੍ਰਕੋਪ ਵੀ ਅਨੈਤਿਕ ਗਤੀਵਿਧੀਆਂ ਨੂੰ ਵਧਾਉਣ ਵਿਚ ਸਹਾਈ ਹੁੰਦਾ ਹੈ। ਨਸ਼ਿਆਂ ਦੀ ਲੋੜ ਨੂੰ ਪੂਰਾ ਕਰਨ ਲਈ ਇਹ ਨੌਜਵਾਨ ਗੈਰ-ਸਮਾਜੀ ਗਤੀਵਿਧੀਆਂ ਵਿਚ ਲੱਗੇ ਵਿਅਕਤੀਆਂ ਦੇ ਸੰਪਰਕ ਵਿਚ ਆ ਕੇ ਇਸ ਦਲਦਲ ਵਿਚ ਇਸ ਕਦਰ ਖੁੱਭ ਜਾਂਦੇ ਹਨ ਕਿ ਇੱਥੋਂ ਨਿਕਲਣਾ ਬਹੁਤ ਮੁਸ਼ਕਲ ਹੋ ਜਾਂਦਾ ਹੈ। ਇਸ ਤਰ੍ਹਾਂ ਇਹ ਜੁਰਮ ਦੀ ਦੁਨੀਆਂ ਦਾ ਹਿੱਸਾ ਬਣ ਜਾਂਦੇ ਹਨ। ਮੈਰਿਜ ਪੈਲਿਸੀ ਸਭਿਆਚਾਰ ਨੇ ਇਸ ਵਰਤਾਰੇ ਨੂੰ ਵਧਾਉਣ ਵਿਚ ਵੱਡੀ ਭੂਮਿਕਾ ਨਿਭਾਈ ਹੈ। ਦਾਰੂ ਦੀ ਖੁੱਲ੍ਹੇ-ਆਮ ਵਰਤੋਂ ਦੇ ਸਿੱਟੇ ਵਜੋਂ ਛੋਟੀ ਉਮਰ ਦੇ ਮੁੰਡੇ ਵੀ ਕੋਲਡ ਡਰਿੰਕਸ ਵਿਚ ਪਾ ਕੇ ਦਾਰੂ ਪੀਣ ਦੇ ਰਾਹ ਤੁਰ ਪਏ ਹਨ। ਅਸ਼ਲੀਲ ਜਿਹੇ ਗੀਤਾਂ ’ਤੇ, ਸ਼ਰਾਬ ਦੇ ਨਸ਼ੇ ਵਿਚ ਲੋਕ ਨਾਚੀਆਂ ਦੇ ਨੇੜੇ ਹੋ ਹੋ ਨੱਚਦੇ ਹਨ। ਕਈ ਵਾਰ ਤਾਂ ਸਿਆਣੇ-ਬਿਆਣੇ ਬੰਦੇ ਵੀ ਨਸ਼ੇ ਦੀ ਲੋਰ ਵਿਚ ਅਜਿਹੇ ਮੌਕੇ ਦਾ ਲਾਭ ਉਠਾਉਣ ਤੋਂ ਪਿੱਛੇ ਨਹੀਂ ਰਹਿੰਦੇ। ਰੋਜ਼ੀ-ਰੋਟੀ ਦੀਆਂ ਦੁਸ਼ਵਾਰੀਆਂ ਨਾਲ ਜੂਝਦੀਆਂ ਇਨ੍ਹਾਂ ਡਾਂਸਰਾਂ ਨੂੰ ਵੀ ਕਈ ਤਰ੍ਹਾਂ ਦੇ ਸਬਜ਼-ਬਾਗ ਦਿਖਾ ਕੇ, ਜਿਸਮ-ਫਰੋਸ਼ੀ ਦੇ ਧੰਦੇ ਵਿਚ ਫਸਾ ਲਿਆ ਜਾਂਦਾ ਹੈ। ਗਰੀਬੀ ਬਹੁਤ ਵੱਡਾ ਸਰਾਪ ਹੈ। ਕਰੋੜਾਂ ਲੋਕ ਅੱਜ ਵੀ ਜੀਵਨ ਦੀਆਂ ਮੁੱਢਲੀਆਂ ਲੋੜਾਂ ਤੋਂ ਵਿਰਵੇ, ਭੁੱਖਮਰੀ ਦਾ ਜੀਵਨ ਹੰਢਾਉਣ ਲਈ ਮਜਬੂਰ ਹਨ। ਪੇਟ ਦੀ ਭੁੱਖ ਦੀਆਂ ਸਤਾਈਆਂ ਅਜਿਹੀਆਂ ਔਰਤਾਂ/ਮੁਟਿਆਰਾਂ ਅੱਖਾਂ ਵਿਚ ਰੰਗੀਨ ਸੁਪਨੇ ਸਜਾਈ, ਸਭ ਨੈਤਿਕ ਕਦਰਾਂ-ਕੀਮਤਾਂ ਨੂੰ ਛਿੱਕੇ ’ਤੇ ਟੰਗ ਕੇ ਜਿਸਮ-ਫਰੋਸ਼ੀ ਦੀ ਅੰਨ੍ਹੀ ਗਲੀ ਦੇ ਰਾਹ ਪੈ ਜਾਂਦੀਆਂ ਹਨ। ਦੇਸ਼ ਦੇ ਵੱਖ ਵੱਖ ਹਿੱਸਿਆਂ ਤੋਂ ਅਕਸਰ ਹੀ ਨੌਜਵਾਨ ਮੁੰਡੇ ਕੁੜੀਆਂ ਵਲੋਂ ਖੇਡੀ ਜਾ ਰਹੀ ਖੁੱਲ੍ਹ-ਖੇਡ ਦੀਆਂ ਖਬਰਾਂ ਅਖਬਾਰਾਂ ਦੀਆਂ ਸੁਰਖੀਆਂ ਬਣਦੀਆਂ ਰਹਿੰਦੀਆਂ ਹਨ।
ਹਾਲ ਹੀ ਵਿਚ ਵਾਪਰੇ ਡੇਰਾ ਸਿਰਸਾ ਕਾਂਡ ਨੇ ਪੂਰੀ ਤਰ੍ਹਾਂ ਸਪਸ਼ਟ ਕਰ ਦਿੱਤਾ ਹੈ ਕਿ ਧਰਮ ਦੀ ਆੜ ਵਿਚ ਅਨੈਤਿਕ ਤੇ ਗਲਾਜ਼ਤ ਭਰੇ ਕੰਮ ਕੀਤੇ ਜਾ ਰਹੇ ਹਨ। ਧਰਮ ਦਾ ਬੁਰਕਾ ਪਾ ਕੇ ਅਜਿਹੇ ਅਖਾਉਤੀ ਸਾਧ ਭੋਲੇ ਲੋਕਾਂ ਦੀ ਮਸੂਮੀਅਤ ਤੇ ਸ਼ਰਧਾ ਦਾ ਲਾਭ ਉਠਾ ਕੇ ਕਿਸ ਤਰ੍ਹਾਂ ਉਨ੍ਹਾਂ ਦੀਆਂ ਜ਼ਿੰਦਗੀਆਂ ਨਾਲ ਖਿਲਵਾੜ ਕਰ ਰਹੇ ਹਨ, ਇਹ ਪੜ੍ਹ ਸੁਣ ਕੇ ਕੰਬਣੀ ਛਿੜਦੀ ਹੈ। ਜਿਸ ਤਰ੍ਹਾਂ ਮੁਟਿਆਰਾਂ ਨਾਲ ਇਨ੍ਹਾਂ ਡੇਰਿਆਂ ਵਿਚ ਅਣਮਨੁੱਖੀ ਵਰਤਾਉ ਕੀਤਾ ਜਾਂਦਾ ਸੀ, ਉਸ ਨੂੰ ਬਹੁਤ ਹੀ ਸ਼ਰਮਨਾਕ ਕਿਹਾ ਜਾ ਸਕਦਾ ਹੈ। ਇਸ ਦੇ ਬਾਵਜੂਦ ਅੰਨ੍ਹੀ ਸ਼ਰਧਾ ਨੇ ਲੋਕਾਂ ਦੀਆਂ ਅੱਖਾਂ ’ਤੇ ਪਰਦਾ ਪਾਇਆ ਹੋਇਆ ਸੀ। ਲੋਕ ਪਤਾ ਨਹੀਂ ਕਿਹੜੀ ਮਜਬੂਰੀ ਵਿਚ ਆਪਣੀਆਂ ਜਵਾਨ ਧੀਆਂ ਨੂੰ ਡੇਰੇ ਦੇ ਹਵਾਲੇ ਕਰ ਆਉਂਦੇ ਸਨ।
ਮਨੁੱਖੀ ਜੀਵਨ ਵਿਚ ਨਿਘਾਰ ਦਾ ਕੋਈ ਹੱਦ-ਬੰਨਾ ਨਹੀਂ ਰਿਹਾ। ਰਿਸ਼ਤੇ ਇੰਨੇ ਨੀਵੇਂ ਹੋ ਗਏ ਹਨ ਕਿ ਹਰ ਸੰਜੀਦਾ ਵਿਅਕਤੀ ਸ਼ਰਮਸਾਰ ਹੋਇਆ ਮਹਿਸੂਸ ਕਰਦਾ ਹੈ। ਨਿਹਾਇਤ ਦੁਖਦਾਈ ਵਰਤਾਰਾ ਹੈ ਕਿ ਔਰਤ ਘਰੋਂ ਬਾਹਰ ਹੀ ਨਹੀਂ ਸਗੋਂ ਘਰ ਦੀ ਚਾਰ-ਦਿਵਾਰੀ ਦੇ ਅੰਦਰ ਵੀ ਹਵਸ ਦਾ ਸ਼ਿਕਾਰ ਬਣ ਰਹੀ ਹੈ। ਇਹ ਕਿਸ ਤਰ੍ਹਾਂ ਦਾ ਦੌਰ ਹੈ ਕਿ ਮਾਸੂਮ ਬਾਲੜੀਆਂ ਤੋਂ ਲੈ ਕੇ ਦਾਦੀ ਮਾਂ ਤੱਕ ਦੀ ਉਮਰ ਦੀਆਂ ਔਰਤਾਂ ਨਿੱਤ ਦਿਨ ਮਰਦ ਦੀ ਹੈਵਾਨੀਅਤ ਦੁਆਰਾ ਵਿੰਨ੍ਹੀਆਂ ਜਾ ਰਹੀਆਂ ਹਨ। ਅਖੌਤੀ ਪ੍ਰੇਮੀ ਜੋੜਿਆਂ ਵਿਚ ਅਕਸਰ ਹੀ ਮਰਦ ਔਰਤ ਸ਼ਾਦੀ-ਸ਼ੁਦਾ ਹੁੰਦੇ ਹਨ, ਪਰ ਕਾਮ ਵਾਸ਼ਨਾ ਵਿਚ ਅੰਨ੍ਹੇ ਹੋਏ, ਵਸਦੇ ਰਸਦੇ ਘਰਾਂ ਨੂੰ ਵੀ ਉਜਾੜ ਲੈਂਦੇ ਹਨ ਤੇ ਆਪ ਵੀ ਉੱਜੜ ਜਾਂਦੇ ਹਨ। ਦੂਜੀ ਔਰਤ ਜਾਂ ਮਰਦ ਦੇ ਚੱਕਰ ਵਿਚ, ਖੂਨ ਇੰਨਾ ਚਿੱਟਾ ਹੋ ਗਿਆ ਹੈ ਕਿ ਰਿਸ਼ਤਿਆਂ ਦੀ ਮਿੱਟੀ ਪਲੀਤ ਹੋ ਰਹੀ ਹੈ। ਰਾਹ ਦਾ ਰੋੜਾ ਬਣਦੇ ਰਿਸ਼ਤਿਆਂ ਦਾ ਹਮੇਸ਼ਾ ਲਈ ਫਾਹਾ ਵੱਢਣ ਲਈ ਸੁਪਾਰੀ ਦੇ ਕੇ ਕਤਲ ਕਰਾਉਣ ਦਾ ਵਰਤਾਰਾ ਲਗਾਤਾਰ ਵਧ ਰਿਹਾ ਹੈ। ਲਾਲਚ, ਸਵਾਰਥ ਤੇ ਹਵਸ ਵਿਚ ਅੰਨ੍ਹੇ ਹੋਏ ਲੋਕ ਇਹ ਵੀ ਨਹੀਂ ਸੋਚਦੇ ਕਿ ਸੱਚ ਨੇ ਇਕ ਦਿਨ ਸਾਹਮਣੇ ਆ ਹੀ ਜਾਣਾ ਹੈ ਤੇ ਫਿਰ ਸਾਰੀ ਉਮਰ ਜੇਲ਼੍ਹ ਦੀ ਹਵਾ ਖਾਣੀ ਪੈਣੀ ਹੈ। ਇਸ਼ਕ-ਮੁਸ਼ਕ ਦੇ ਅਜਿਹੇ ਕਿੱਸੇ ਇਕ ਨਾਂ ਇਕ ਦਿਨ ਪ੍ਰਗਟ ਹੋ ਹੀ ਜਾਂਦੇ ਹਨ। ਅਜਿਹੇ ਮਾਮਲਿਆਂ ਵਿਚ ਕਈ ਵਾਰ ਮਾਸੂਮ ਬੱਚੀਆਂ ਨੂੰ ਵੀ ਬਲੀ ਦਾ ਬੱਕਰਾ ਬਣਾ ਦਿੱਤਾ ਜਾਂਦਾ ਹੈ।
ਅਜੋਕੇ ਤਕਨੀਕੀ ਸਾਧਨਾਂ ਮੁਬਾਇਲ, ਕੰਪਿਊਟਰ ਤੇ ਇੰਟਰਨੈੱਟ ਦੀ ਅੰਨ੍ਹੇਵਾਹ ਤੇ ਨਜਾਇਜ਼ ਵਰਤੋਂ ਨੇ ਵੀ ਅਜਿਹੀਆਂ ਘਟਨਾਵਾਂ ਨੂੰ ਵਧਾਉਣ ਵਿਚ ਆਪਣੀ ਭੂਮਿਕਾ ਨਿਭਾਈ ਹੈ। ਨੌਜਵਾਨ ਪੀੜ੍ਹੀ ਇਨ੍ਹਾਂ ਸਾਧਨਾਂ ਦੀ ਪਾਗਲਪਨ ਦੀ ਹੱਦ ਤੱਕ ਦੀਵਾਨੀ ਹੈ। ਇਸੇ ਕਾਰਨ ਉਹ ਅਨੈਤਿਕ ਕੰਮਾਂ ਤੇ ਜੁਰਮ ਦੀ ਦੁਨੀਆਂ ਦਾ ਸ਼ਿਕਾਰ ਹੋ ਜਾਂਦੇ ਹਨ। ਇਸ ਵਿਚ ਤਕਨਾਲੋਜੀ ਦੋਸ਼ੀ ਨਹੀਂ, ਸਗੋਂ ਮਨੁੱਖੀ ਸਮਝ ਹੀ ਅਧੋਗਤੀ ਦਾ ਸ਼ਿਕਾਰ ਹੋ ਕੇ ਆਪਣੇ ਤੇ ਸਮਾਜ ਲਈ ਕਈ ਤਰ੍ਹਾਂ ਦੇ ਸੰਕਟ ਪੈਦਾ ਕਰ ਰਹੀ ਹੈ। ਨਿਰੰਤਰ ਬਦਲ ਰਹੇ ਸਮੇਂ ਵਿਚ ਵੀ ਮਨੁੱਖ ਨੂੰ ਆਪਣੀ ਸੂਝ-ਬੂਝ ਦੀ ਵਰਤੋਂ ਕਰ ਕੇ ਹੀ ਤਬਦੀਲੀ ਦੇ ਰਾਹ ਪੈਣ ਦੀ ਲੋੜ ਹੈ।
*****
(939)
ਆਪਣੇ ਵਿਚਾਰ ਸਾਂਝੇ ਕਰੋ: (This email address is being protected from spambots. You need JavaScript enabled to view it.)