BudhSNeelon7ਲੋਕਾਂ ਨੂੰ ਅਗਲੇ ਜਨਮ ਦੇ ਰਸਤੇ ਦਿਖਾਉਣ ਤੇ ਸਮਝਾਉਣ ਲਈ ‘ਆਸਥਾ’ ਦਾ ਢੋਲ ਵਜਾਇਆ ਜਾ ਰਿਹਾ ਹੈ। ਸਵਰਗ-ਨਰਕ ...
(10 ਜੁਲਾਈ 2022)
ਮਹਿਮਾਨ: 127.


ਇਹ ਅਕਸਰ ਕਿਹਾ ਜਾਂਦਾ ਹੈ ਕਿ “ਚਿੜੀ ਵਿਚਾਰੀ ਕੀ ਕਰੇ
, ਠੰਢਾ ਪਾਣੀ ਪੀ ਮਰੇ!” ਭਲਾ ਇਹ ਚਿੜੀ ਹੀ ਕਿਉਂ ਮਰੇ? ਉਹ ਬਾਜ਼ ਕਿਉਂ ਨਾ ਮਰਨ ਜਿਹੜੇ ਚਿੜੀ ਨੂੰ ਨੋਚ ਨੋਚ ਖਾ ਰਹੇ ਹਨ? ਪਰ ਅਸੀਂ ਚਾਹੁੰਦੇ ਹੋਏ ਵੀ ਬੋਲਦੇ ਨਹੀਂ, ਸਾਨੂੰ ਘੁੱਟ ਘੁੱਟ ਮਰਨ ਤੇ ਜਰਨ ਦੀ ਆਦਤ ਪਾ ਦਿੱਤੀ ਗਈ ਹੈ।

ਇਹ ਹਾਲਤ ਸਾਡੀ ਅਚਾਨਕ ਨਹੀਂ ਬਣੀ, ਇਸ ਵਿੱਚ ਹੋਰਨਾਂ ਨਾਲੋਂ ਬਹੁਤਾ ਸਾਡਾ ਹੀ ਕਸੂਰ ਹੈ ਕਿਉਂਕਿ ਅਸੀਂ ‘ਇੱਕ ਚੁੱਪ ਸੌ ਸੁੱਖ’ ਵਾਲੀ ਸੋਚ ਉੱਤੇ ਪਹਿਰਾ ਦਿੱਤਾ ਹੈ। ਪਰ ਇਹ ਪਹਿਰਾ ਹੀ ਸਾਡੇ ਲਈ ਕਹਿਰ ਬਣ ਗਿਆ ਹੈ ਅਤੇ ਇਹ ਕਹਿਰ ਤੇ ਜ਼ਹਿਰ ਸਾਡੇ ਰਿਸ਼ਤਿਆਂ ਤਕ ਪੁੱਜ ਗਿਆ। ਦੇਸ਼ ਅਤੇ ਸਮਾਜ ਦੇ ਅੰਦਰ ਜਿਸ ਤਰ੍ਹਾਂ ਦੇ ਹਾਲਾਤ ਬਣਾਏ ਜਾ ਰਹੇ ਹਨ, ਇਹਨਾਂ ਹਾਲਤਾਂ ਵਿੱਚ ਹਰ ਇੱਕ ਦਾ ਦਮ ਘੁੱਟ ਰਿਹਾ ਹੈ। ਜਿਸਦੇ ਕੋਲ ਤਾਂ ਤਾਕਤ ਤੇ ਸਾਧਨ ਹਨ, ਉਹ ਤਾਂ ਵਿਦੇਸ਼ ਵੱਲ ਉਡਾਰੀ ਮਾਰ ਰਹੇ ਹਨ। ਜਿਹਨਾਂ ਕੋਲ ਸਾਧਨ ਨਹੀਂ, ਉਹ ਤੜਪ ਰਹੇ ਹਨ। ਅਸੀਂ ਅਕਸਰ ਇਹ ਕਹਿ ਕਿ ਚੁੱਪ ਕਰ ਜਾਂਦੇ ਹਾਂ ਕਿ ਜਿੱਥੇ ਦਾਣਾ ਉੱਥੇ ਜਾਣਾ। ਕੀ ਇਹ ਗੱਲ ਸੱਚ ਹੈ? ਕੀ ਪਰਵਾਸ ਕਰਨਾ ਜ਼ਰੂਰੀ ਹੈ ਜਾਂ ਮਜਬੂਰੀ?

ਜਿਹਨਾਂ ਦੇ ਕੋਲ ਪੂੰਜੀ ਦੀ ਤਾਕਤ ਨਹੀਂ ਉਹ ਇਸ ਦਮ-ਘੋਟੂ ਮਾਹੌਲ ਵਿੱਚ ਮਰਨ ਲਈ ਤੜਫ਼ ਰਹੇ ਹਨ। ਆਮ ਲੋਕ ਤਾਂ ਡਰਦੇ ਬੋਲਦੇ ਹੀ ਨਹੀਂ। ਉਹਨਾਂ ਨੂੰ ਪੁਜਾਰੀਵਾਦ ਨੇ ਨਰਕ ਸਵਰਗ ਦਾ ਡਰ ਪਾਇਆ ਹੋਇਆ ਹੈ। ਪੁਜਾਰੀ ਆਖਦੇ ਹਨ - ਮਰਨਾ ਸੱਚ ਤੇ ਜਿਊਣਾ ਝੂਠ ਹੈ। ਪਰ ਸੱਚ ਦੋਵੇਂ ਹਨ, ਜਿਊਣਾ ਵੀ ਤੇ ਮਰਨਾ ਵੀ। ਹਰ ਰੋਜ਼ ਪੁਜਾਰੀ ਵਰਗ ਸਵਰਗ ਜਾਣ ਦੇ ਰਸਤੇ ਤਾਂ ਦੱਸਦੇ ਹਨ ਪਰ ਇਸ ਜੀਵਨ ਨੂੰ ਨਰਕ ਕਿਹੜੀਆਂ ਤਾਕਤਾਂ ਨੇ ਬਣਾਇਆ ਹੈ, ਬਾਰੇ ਉਹ ਚੁੱਪ ਹਨ। ਧਰਮ ਸੱਤਾ ਦੀ ਤਾਕਤ ਦਾ ਉਹ ਜ਼ਹਿਰ ਹੈ, ਜੋ ਸਾਨੂੰ ਬਚਪਨ ਤੋਂ ਹੀ ਤੁਪਕਾ ਤੁਪਕਾ ਪਲਾਇਆ ਜਾਂਦਾ ਹੈ। ਸੱਤਾ ਦੇ ਦਲਾਲ ਸੱਤਾ ਦੇ ਸੋਹਿਲੇ ਗਾ ਰਹੇ ਹਨ। ਜਸ਼ਨ ਮਨਾ ਰਹੇ ਹਨ। ਢੋਲੇ ਦੀਆਂ ਲਾ ਰਹੇ ਹਨ। ਕਿਹੋ ਜਿਹੇ ਸਮੇਂ ਆ ਗਏ ਹਨ।

ਲੋਕਾਂ ਨੂੰ ਅਗਲੇ ਜਨਮ ਦੇ ਰਸਤੇ ਦਿਖਾਉਣ ਤੇ ਸਮਝਾਉਣ ਲਈ ‘ਆਸਥਾ’ ਦਾ ਢੋਲ ਵਜਾਇਆ ਜਾ ਰਿਹਾ ਹੈ। ਸਵਰਗ-ਨਰਕ ਦੀਆਂ ਕਥਾਵਾਂ ਰਾਹੀਂ ਡਰੇ ਹੋਏ ਲੋਕਾਂ ਨੂੰ ਹੋਰ ਡਰਾਇਆ ਜਾ ਰਿਹਾ ਹੈ। ਮਨੁੱਖ ਨੇ ਜਿਊਣਾ ਕਿਵੇਂ ਹੈ, ਇਸ ਬਾਰੇ ਨਹੀਂ ਸਗੋਂ ‘ਸਵਰਗ’ ਵਿੱਚ ਕਿਵੇਂ ਜਾਣਾ ਹੈ, ਇਸਦੇ ‘ਗੁਰ’ ਸਿਖਾਏ ਜਾ ਰਹੇ ਹਨ। ਘਰਾਂ ਦੇ ਅੰਦਰ ਤੇ ਬਾਹਰ ‘ਸਵਰਗ’ ਦੇ ਦਲਾਲਾਂ ਨੇ ਆਪਣੀਆਂ ‘ਮੰਜੀਆਂ’ ਟਿਕਾਈਆਂ ਹੋਈਆਂ ਹਨ, ਜਿਹੜੇ ਚੌਵੀ ਘੰਟੇ ਸਵਰਗ ਵਿੱਚ ਜਾਣ ਦੇ ਰਸਤਿਆਂ ਦਾ ਵਿਖਿਆਨ ਕਰਦੇ ਹਨ। ਮੌਤ ਦਾ ਡਰ ਲੋਕਾਂ ਦੇ ਮਨਾਂ ਵਿੱਚ ਭਰਿਆ ਜਾ ਰਿਹਾ ਹੈ। ਪਰ ਮੌਤ ਤੋਂ ਬਚਣਾ ਕਿਵੇਂ ਹੈ? ਇਸਦੀ ਕੋਈ ਵੀ ‘ਗੁਰੂ’ ਗੱਲ ਨਹੀਂ ਕਰਦਾ। ਇਸੇ ਲਈ ਅਸੀਂ ਨਰਕ ਦੀ ਜ਼ਿੰਦਗੀ ਵਿੱਚ ਜਿਊਂਦੇ ਹਾਂ। ਲੋਕਾਂ ਦੀ ਨਿੱਤ ਮਰਨ ਦੀ ਆਦਤ ਨੇ, ਜ਼ਿੰਦਗੀ ਨੂੰ ਕਿਵੇਂ ਜਿਊਣਾ ਹੈ, ਦੇ ਅਰਥ ਹੀ ਬਦਲ ਦਿੱਤੇ ਹਨ। ਇਸੇ ਕਰਕੇ ਅਸੀਂ ਨਰਕ ਦੀ ਜ਼ਿੰਦਗੀ ਬਣਾਉਣ ਵਾਲੇ ਅਜੋਕੇ ਰਾਖਸ਼ਸਾਂ ਦੇ ਬੂਹਿਆਂ ’ਤੇ ਧਰਨੇ ਦੇਣ ਦੀ ਬਜਾਏ ਤੀਰਥਾਂ ਦਾ ਭਰਮਣ ਕਰਨ ਲਈ ਵਹੀਰਾਂ ਘੱਤੀ ਜਾ ਰਹੇ ਹਾਂ।

ਨਾਵਣ ਚੱਲੇ ਤੀਰਥੀ ਤਨ ਖੋਟੇ ਮਨ ਚੋਰ।

ਇਹੀ ਲੋਕ ਜਦੋਂ ਕੁਰਸੀਆਂ ਉੱਤੇ ਸਨ ਤਾਂ ਇਨ੍ਹਾਂ ਨੇ ਕਿਸੇ ਨੂੰ ਵੀ ਆਪਣੇ ਲਾਗੇ ਨਹੀਂ ਲੱਗਣ ਦਿੱਤਾ ਤੇ ਕਿਸੇ ਨੂੰ ’ਕਿਰਤ ਦੇ ਲੜ’ ਨਹੀਂ ਲਾਇਆ। ਸਗੋਂ ਖਾਂਦਿਆਂ ਦੇ ਮੂੰਹਾਂ ਵਿੱਚੋਂ ਬੁਰਕੀਆਂ ਵੀ ਖੋਂਹਦੇ ਰਹੇ ਹਨ। ਖੋਹ ਕੇ ਖਾਣ ਦੀ ਆਦਤ ਨੇ ਇਨ੍ਹਾਂ ਨੂੰ ‘ਸਤਾ’ ਦੇ ਆੜ੍ਹਤੀਏ ਬਣਾ ਦਿੱਤਾ ਹੈ। ਇਨ੍ਹਾਂ ਆੜ੍ਹਤੀਆਂ ਨੂੰ ਉਤਪਾਦਕਾਂ ਅਤੇ ਖਪਤਕਾਰਾਂ ਦਾ ਕੋਈ ਫਿਕਰ ਨਹੀਂ ਹੁੰਦਾ। ਇਹ ਤਾਂ ਦੋਵੇਂ ਹੱਥੀਂ ਲੁੱਟਦੇ ਹਨ ਤੇ ਆਪਣੇ ਹੱਥ ਰੰਗਦੇ ਹਨ।

ਸੱਤਾ ਦੇ ਦਲਾਲਾਂ ਨੇ ਸਾਨੂੰ ਕਿਰਤੀ ਤੋਂ ਭਿਖਾਰੀ ਬਣਾ ਕੇ ਰੱਖ ਦਿੱਤਾ ਹੈ। ਅਸੀਂ ਆਟਾ-ਦਾਲ ਲੈਣ ਲਈ ਲਾਈਨਾਂ ਵਿੱਚ ਖੜ੍ਹੇ ਇੱਕ ਦੂਜੇ ਦੇ ਪੈਰ ਮਿੱਧਦੇ ਹਾਂ। ਅਸੀਂ ਭਿਖਾਰੀ ਬਣਨ ਲਈ ਤਾਂ ਜੰਗ ਲੜਦੇ ਹਾਂ ਪਰ ਰੁਜ਼ਗਾਰ ਲਈ ਚੁੱਪ ਹਾਂ। ਸੱਤਾ ਦੇ ਵਪਾਰੀ, ਅਧਿਕਾਰੀ, ਪੁਜਾਰੀ ਤੇ ਲਿਖਾਰੀ ਰਲਮਿਲ ਕੇ ਸਾਨੂੰ ਦੰਦ-ਹੀਣ ਕਰ ਰਹੇ ਹਨ। ਅਸੀਂ ਮਿੱਟੀ ਖਾਣੇ ਸੱਪ ਬਣੇ ਸੱਤਾ ਦੀ ਬੀਨ ਅੱਗੇ ਭੁੱਖ ਦਾ ਤਾਂਡਵ ਨਾਚ ਕਰ ਰਹੇ ਹਾਂ।

ਜਿਹੜੇ ਸੱਤਾ ਦੇ ਦਲਾਲ ਸਾਰੀ ਉਮਰ ਭ੍ਰਸ਼ਟ ਰਹੇ ਹਨ, ਉਹ ਹੁਣ ਦੂਜਿਆਂ ਨੂੰ ਹੱਥ ਸਾਫ਼ ਕਰਕੇ ਰੱਖਣ ਲਈ ‘ਹੁਕਮਨਾਮਾ’ ਜਾਰੀ ਕਰਦੇ ਹਨ, ਪਰ ਉਨ੍ਹਾਂ ਨੂੰ ਇਹ ਪਤਾ ਨਹੀਂ ਕਿ ‘ਹੁਕਮ’ ਤਾਂ ਬਹੁਤ ਦੇਰ ਪਹਿਲਾਂ ਹੋ ਗਿਆ ਸੀ, ਹੁਕਮੈ ਅੰਦਰਿ ਸਭੁ ਕੋ ਬਾਹਰਿ ਹੁਕਮ ਨ ਕੋਇ। ਨਾਨਕ ਹੁਕਮੈ ਜੇ ਬੁਝੈ ਤ ਹਉਮੈ ਕਹੈ ਨ ਕੋਇ।

ਜਦੋਂ ਧਰਤੀ ਹੋਂਦ ਵਿੱਚ ਆਈ ਸੀ, ਮਨੁੱਖ ਦਾ ਜਨਮ ਹੋਇਆ, ਉਸਨੇ ਵਿਕਾਸ ਕੀਤਾ। ਇਸ ਵਿਕਾਸ ਨੂੰ ਵਿਨਾਸ਼ ਦੇ ਰਸਤੇ ਤੋਰਨ ਲਈ ਸ਼ੈਤਾਨਾਂ ਨੇ ਧਰਮ, ਜਾਤ ਤੇ ਫਿਰਕੇ ਬਣਾ ਲਏ। ਪ੍ਰਚਾਰ ਲਈ ਪੁਜਾਰੀ, ਗ੍ਰੰਥੀ, ਉਸਤਾਦ, ਗੁਰੂ ਤੇ ਆਸ਼ਰਮ ਖੋਲ੍ਹੇ। ਇਨ੍ਹਾਂ ਆਸ਼ਰਮਾਂ ਦੇ ਵਿੱਚ ਮਨੁੱਖ ਨੂੰ ਇਨਸਾਨ ਬਣਾਉਣ ਦਾ ਪਾਠ ਨਹੀਂ ਸਗੋਂ ਡਰ ਦਾ ਪਾਠ ਪੜ੍ਹਾਇਆ ਗਿਆ ਤੇ ਪੜ੍ਹਾਇਆ ਜਾ ਰਿਹਾ ਹੈ। ਫੇਰ ਲੋਕਾਂ ਨੂੰ ਅਗਲੇ ਪਿਛਲੇ ਜਨਮਾਂ ਦੇ ਕਰਮਾਂ ਵਿੱਚ ਉਲਝਾਇਆ ਗਿਆ।

ਧਰਮ ਦੇ ਪੁਜਾਰੀਆਂ ਨੇ ਲੋਕਾਂ ਨੂੰ ਇੰਨਾ ਕੁੱਟਿਆ, ਲੋਕਾਂ ਦੇ ਮਨਾਂ ਅੰਦਰ ਨਰਕ-ਸਵਰਗ ਦਾ ਡਰ ਘਰ’ ਕਰ ਗਿਆ। ਜਿਹੜੀ ਵਸਤੂ ਘਰ ਵਿੱਚ ਤਬਦੀਲ ਹੋ ਜਾਵੇ ਉਸ ਤੋਂ ਖਹਿੜਾ ਛੁਡਾਉਣਾ ਬਹੁਤ ਔਖਾ ਹੁੰਦਾ ਹੈ ਕਿਉਂਕਿ ਹਰ ਮਨੁੱਖ ਆਪਣੇ ਘਰ ਦੇ ਨਾਲ ਅੰਦਰੋਂ ਜੁੜਿਆ ਹੁੰਦਾ ਹੈ। ਜੁੜੇ ਹੋਏ ਨੂੰ ਤੋੜਨਾ ਬਹੁਤ ਔਖਾ ਹੈ, ਪਰ ਅਸੀਂ ‘ਡਰ’ ਵਿੱਚ ਜਿਊਣ ਲਈ ਸਦੀਆਂ, ਯੁੱਗਾਂ ਤੇ ਯੁੱਗਾਂਤਰਾਂ ਤੋਂ ਆਦੀ ਹੋ ਗਏ ਹਾਂ। ਪਰ ਅਸੀਂ ਉਸ ‘ਯੁਗਾਂਤਰ’ ਨੂੰ ਹੀ ਨਹੀਂ ਸਗੋਂ ਗਦਰੀਆਂ ਨੂੰ ਵੀ ਭੁੱਲ ਗਏ ਹਾਂ, ਜਿਨ੍ਹਾਂ ਨੇ ਸਾਡੀ ਗੁਲਾਮੀ ਨੂੰ ਗਲੇ ਵਿੱਚੋਂ ਉਤਾਰਨ ਦੇ ਲਈ ’ਗਦਰ’ ਦੀ ਨੀਂਹ ਰੱਖੀ ਸੀ। ਦੇਸ਼ ਵਿੱਚ ’ਗਦਰ’ ਮਚਾਇਆ, ਪਰ ਅਸੀਂ ਸਭ ਨੂੰ ਭੁੱਲ ਗਏ ਹਾਂ।

ਇਸੇ ਕਰਕੇ ਅਸੀਂ ਹਰ ਪਲ ਮਰਨ ਦੀ ਜੂਨ ਭੋਗ ਰਹੇ ਹਾਂ। ਅਸੀਂ ਜੰਗਲ ਵਿੱਚ ਲੱਗੀ ਅੱਗ ਨੂੰ ਬੁਝਾਉਣ ਵਾਲੀ ‘ਚਿੜੀ’ ਦੇ ਸਾਥੀ ਨਹੀਂ ਬਣੇ, ਸਗੋਂ ਅਸੀਂ ਮਰ ਗਿਆਂ ਦੀਆਂ ‘ਫਿਲਮਾਂ’ ਬਣਾ ਕੇ ਸੋਸ਼ਲ ਮੀਡੀਏ ’ਤੇ ਪਾਉਣ ਵਾਲੇ ਤਮਾਸ਼ਬੀਨ ਬਣ ਗਏ ਹਾਂ। ਹੁਣ ਅਸੀਂ ਬਾਜ਼ਾਂ, ਬਘਿਆੜਾਂ, ਗਿੱਦੜਾਂ, ਲੱਕੜਬੱਗਿਆਂ ਅਤੇ ਕੁੱਤਿਆਂ ਦੇ ਸਾਥੀ ਬਣ ਗਏ ਹਾਂ। ਇਸੇ ਕਰਕੇ ਇਸ ਸਮੇਂ ਅਸੀਂ ਕਹਿ ਰਹੇ ਹਾਂ ਕਿ ‘ਚਿੜੀ’ ਵਿਚਾਰੀ ਕੀ ਕਰੇ? ਉਹ ਠੰਢਾ ਪਾਣੀ ਪੀ-ਪੀ ਕੇ ਸਦੀਆਂ ਤੋਂ ਮਰ ਰਹੀ ਹੈ। ਹੁਣ ਅਸੀਂ ਸੋਚਣਾ ਹੈ ਕਿ ਅਸੀਂ ਕਿਹੜੀ ਧਿਰ ਨਾਲ ਖੜ੍ਹਨਾ ਹੈ।

ਮਨੁੱਖ ਨੇ ਮਰਨਾ ਤਾਂ ਇੱਕ ਦਿਨ ਅਵੱਸ਼ ਹੀ ਹੈ, ਫਿਰ ਮਰਨ ਦਾ ‘ਡਰ’ ਕਿਉਂ ਅਸੀਂ ਮੋਢਿਆਂ ਉੱਤੇ ਚੁੱਕੀ ਫਿਰੀਏ? ਲਾਸ਼ਾਂ ਦਾ ਤਾਂ ਅੰਤਿਮ ਸਸਕਾਰ ਹੁੰਦਾ ਹੈ, ਜਿਊਦੀਆਂ ‘ਲਾਸ਼ਾਂ’ ਦਾ ਸਸਕਾਰ ਕੌਣ ਕਰੇਗਾ? ਇਹ ਬਹੁਤ ਹੀ ਗੰਭੀਰ ਸਵਾਲ ਹੈ। ਇਸਦੇ ਜਵਾਬ ਲਈ ਸਾਨੂੰ ਹੁਣ ਵਿਚਾਰਾਂ ਦੀ ਜੰਗ ਲੜਨੀ ਪਵੇਗੀ। ਸਿਰ ਜੋੜ ਕੇ ਮੰਥਨ ਕਰਨਾ ਪਵੇਗਾ। ਸ਼ਬਦ ਗੁਰੂ ਨਾਲ ਜੁੜਨਾ ਪਵੇਗਾ।

ਸ਼ਬਦ ਦੇ ਨਾਲ ਜੁੜਨ ਲਈ ਕਿਤਾਬਾਂ ਪੜ੍ਹਨੀਆਂ ਪੈਣਗੀਆਂ, ਗਿਆਨ ਹਾਸਲ ਕਰਨਾ ਪਵੇਗਾ। ਗਿਆਨ ਹੀ ਚੇਤਨਾ ਦਾ ਰਸਤਾ ਹੈ, ਜੋ ਚਿੰਤਨ ਵੱਲ ਤੁਰਦਾ ਹੋਇਆ ਸੱਚ ਤੇ ਝੂਠ ਦਾ ਨਿਤਾਰਾ ਕਰਦਾ ਹੈ। ਕਿਤਾਬਾਂ ਸਾਨੂੰ ਵਿਚਾਰਧਾਰਾ ਵੱਲ ਤੋਰਦੀਆਂ ਹਨ।

ਅਸੀਂ ਚਿੜੀਆਂ ਨੂੰ ਬਾਜ਼ਾਂ ਨਾਲ ਲੜਾਉਣ ਵਾਲੀ ਸ਼ਕਤੀ ਨੂੰ ਕਿਉਂ ਭੁੱਲ ਗਏ, ਜਿਸ ਨੇ ਆਪਣੀ ਜਿੱਤ ਦਾ ਪਰਚਮ ‘ਜ਼ਫ਼ਰਨਾਮਾ’ ਲਿਖ ਕੇ ਝੁਲਾਇਆ ਸੀ? ਜਿਸ ਨੇ ਦੱਬੀਆਂ ਕੁਚਲੀਆਂ ਕੌਮਾਂ ਲਈ ‘ਸਰਬੰਸ’ ਵਾਰਿਆ ਸੀ? ਪਰ ਅਸੀਂ ‘ਸਰਬੰਸ ਬਚਾਉਣ ਤੇ ਵਧਾਉਣ ਲਈ’ ਆਪਣੇ ਹੱਥੀਂ ‘ਧੀਆਂ’ ਅਤੇ ‘ਪੁੱਤਾਂ’ ਨੂੰ ਵੇਚੀ ਜਾ ਰਹੇ ਹਾਂ। ਜਿਹੜੀਆਂ ਬਚ ਗਈਆਂ ਹਨ, ਉਹ ਚਿੜੀਆਂ ਵਿਦੇਸ਼ਾਂ ਨੂੰ ਉਡ ਰਹੀਆਂ ਹਨ। ਕਦੇ ਤੀਜਾ ਨੇਤਰ ਖੋਲ੍ਹ ਕੇ ਦੇਖੋ, ਨੰਗ ਭੁੱਖ ਨੇ ਅਣਖ ਤੇ ਜ਼ਮੀਰ ਕਿਵੇਂ ਮਾਰ ਦਿੱਤੀ ਹੈ। ਅਸੀਂ ਤਾਂ ਅਜੇ ਢਿੱਡ ਦੀ ਭੁੱਖ ਦੀ ਜੰਗ ਨਹੀਂ ਜਿੱਤ ਸਕੇ, ਕਿਉਂਕਿ ਸਾਨੂੰ ਸੱਤਾ ਨੇ ਬੇਵੱਸ ਤੇ ਲਾਚਾਰ ਬਣਾ ਦਿੱਤਾ ਹੈ ਜਾਂ ਅਸੀਂ ਆਪਣੀ ਸਵੈ ਰੱਖਿਆ ਕਰਨ ਦੀ ਤਾਕਤ ਭੁੱਲ ਗਏ ਹਾਂ।

ਸਾਡੇ ਪੁਰਖੇ ਤੇ ਕਿਤਾਬਾਂ … … ਸ਼ਬਦ ਗੁਰੂ ਆਵਾਜ਼ਾਂ ਮਾਰਦੇ ਹਨ … … ਰਣ ਵਿੱਚ ਜੂਝਣ ਲਈ … … ਚਮਕੌਰ ਦੀ ਗੜੀ।

ਹੁਣ ਰੁੱਖ, ਮਨੁੱਖ ਤੇ ਕੁੱਖ ਖਤਰੇ ਵਿੱਚ ਹਨ। ਹੁਣ ਤਾਂ ਪਲ ਪਲ ਖਤਰਾ ਵਧ ਰਿਹਾ ਹੈ ਜੋ ਚਿੜੀਆਂ ਨੂੰ ਹੀ ਨਹੀਂ ਸਗੋਂ ਚਿੜਿਆਂ ਵੀ ਖਾ ਰਿਹਾ ਹੈ। ਇਸ ਸਮੇਂ ਹੁਣ ਧਰਤੀ, ਚਿੜੀਆਂ ਤੇ ਧੀਆਂ ਨੂੰ ਕੌਣ ਬਚਾਏਗਾ? ਸੋਚੋ ਤੇ ਵਿਚਾਰੋ।

ਜੰਗ ਦਾ ਬਿਗਲ ਵੱਜ ਗਿਆ ਹੈ
ਹੁਣ ਮਿੱਤਰੋ!
ਡਰ ਦੀ ਬੁੱਕਲ ਉਤਾਰ ਦਿਓ
ਆਪਣੀ ‘ਮੈਂ’ ਨੂੰ ਮਾਰ ਦਿਓ
ਮੂੰਹ ਤੋਂ ਮਖੌਟੇ ਉਤਾਰ ਦਿਓ।

ਹੁਣ ਚਿੜੀ ਵਿਚਾਰੀ ਨਹੀਂ … … ਪਰ ਉਹ ਮਾਈ ਭਾਗੋ ਨਹੀਂ ਬਣੀ … … ਲੋੜ ਹੈ ਜੰਗ ਚਮਕੌਰ ਦੀ … … ਪਛਾਣ ਕਰੋ ਪਹਾੜੀ ਰਾਜਿਆਂ ਦੀ ਜੋ ਹੁਣ ਭੇਸ ਵਟਾ ਕੇ ਮਾਰ ਰਹੇ ਹਨ। ਤੁਹਾਨੂੰ ਘਰ ਛੱਡਕੇ ਭੱਜਣ ਲਈ ਮਜਬੂਰ ਕਰ ਰਹੇ ਹਨ। ਸਾਡਾ ਤਾਂ ਡਾਂਗ ਉੱਤੇ ਡੇਰਾ ਸੀ, ਕਦੇ ਸਿਰਹਾਣੇ ਬਾਂਹ ਰੱਖ ਕੇ ਨਹੀਂ ਸੀ ਸੁੱਤੇ … … ਖੇਤ ਅਤੇ ਘਰ ਪਹਾੜੀਏ ਲੁਟੇਰਿਆਂ ਨੇ ਲੁੱਟ ਲਿਆ।

ਹੁਣ ਇਹ ਨਾ ਕਹੋ ਕਿ ਚਿੜੀ ਵਿਚਾਰੀ ਕੀ ਕਰੇ, ਸਗੋਂ ਕਹੋ, ਚਿੜੀਓ, ਬਾਜ਼ ਬਣ ਜਾਓ।

ਚਿੜੀਆਂ ਨੂੰ ਉਡਾਰੀ ਭਰਨ ਦਿਓ!

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।

(3677)

(ਸਰੋਕਾਰ ਨਾਲ ਸੰਪਰਕ ਲਈThis email address is being protected from spambots. You need JavaScript enabled to view it.)

About the Author

ਬੁੱਧ ਸਿੰਘ ਨੀਲੋਂ

ਬੁੱਧ ਸਿੰਘ ਨੀਲੋਂ

Phone: (91 - 94643 - 70823)
Email: (budhsinghneelon@gmail.com)