DeepDevinderS7ਮੈਂ ਵਾਹੋ-ਦਾਹੀ ਉਨ੍ਹਾਂ ਦੇ ਪਿੱਛੇ-ਪਿੱਛੇ ਜਾਣ ਦੀ ਕੋਸ਼ਿਸ਼ ਵੀ ਕੀਤੀਪਰ ਹਨੇਰੇ ਦੀ ਸੰਘਣੀ ਪਰਤ ਵਿੱਚ ...
(13 ਮਾਰਚ 2022)
ਮਹਿਮਾਨ: 24.

 

ਪਿਛਲੇ ਅੱਧੇ ਘੰਟੇ ਤੋਂ ਬੰਦ ਹੋਏ ਫਾਟਕ ਦਾ ਪੋਲ ਅਜੇ ਰਤਾ ਕੁ ਹੀ ਉਤਾਂਹ ਹੋਇਆ ਸੀ ਕਿ ਮੈਂ ਤੁਰੰਤ ਮੋਟਰ ਸਾਇਕਲ ਨੂੰ ਕਿੱਕ ਮਾਰ ਦਿੱਤੀਮੇਰੇ ਅੱਗੜ-ਪਿੱਛੜ ਖੜ੍ਹੀ ਭੀੜ ਹੜ੍ਹ ਦੇ ਅੱਥਰੇ ਪਾਣੀ ਵਾਂਗ ਅੱਗੇ ਨੂੰ ਖਿਸਕਣ ਲੱਗੀਆਸਮਾਨ ਵਿੱਚ ਬੱਦਲਵਾਈ ਹੋਰ ਸੰਘਣੀ ਹੋ ਜਾਣ ਕਰਕੇ ਵਿੱਚ-ਵਿੱਚ ਭੂਰ ਜਿਹੀ ਵੀ ਡਿਗਣ ਲੱਗ ਪਈ। ਇਸੇ ਲਈ ਬਾਕੀਆਂ ਵਾਂਗ ਮੈਂ ਵੀ ਘਰ ਜਾਣ ਦੀ ਕਾਹਲੀ ਵਿੱਚ ਸਾਂ

ਪਿੰਡੋਂ ਤੁਰਦਿਆਂ ਜਿਸ ਬੱਸ ਉੱਤੇ ਮੈਂ ਆਪਣੀ ਪਤਨੀ ਨੂੰ ਬਿਠਾਉਂਦਿਆਂ ਉੱਚੇ ਪੁਲ ਕੋਲ ਉਡੀਕਣ ਲਈ ਕਿਹਾ ਸੀ, ਉਹ ਬੱਸ ਵੀ ਕਦੋਂ ਦੀ ਅੱਗੇ ਨਿਕਲ ਗਈ ਸੀਪੈਰੋ-ਪੈਰ ਉੱਤਰ ਰਿਹਾ ਹਨੇਰਾ ਅਤੇ ਮੌਸਮ ਦੀ ਬੇਰੁਖ਼ੀ ਮੇਰੀ ਚਿੰਤਾ ਨੂੰ ਹੋਰ ਜਰਬਾਂ ਦੇ ਰਹੇ ਸਨਉੱਪਰੋਂ ਮੇਰੇ ਵਿੰਹਦਿਆਂ-ਵਿੰਹਦਿਆਂ ਬੰਦ ਹੋ ਗਏ ਇਸ ਫਾਟਕ ਅੱਗਿਉਂ ਦੋ ਗੱਡੀਆਂ ਵਾਰੋ-ਵਾਰੀ ਇੱਧਰ-ਉੱਧਰ ਗੁਜ਼ਰ ਗਈਆਂ। ਇਸ ਲਈ ਵਕਤ ਆਮ ਨਾਲੋਂ ਬਹੁਤਾ ਲੱਗ ਗਿਆਫਾਟਕ ਖੁੱਲ੍ਹਦਿਆਂ ਸਾਰ ਮੈਂ ਬਚਦਾ-ਬਚਾਉਂਦਾ ਬੇਤਰਤੀਬੀ ਭੀੜ ਦੇ ਨਾਲ-ਨਾਲ ਤੁਰਨ ਲੱਗਾਮੋਟਰ ਸਾਇਕਲ ਦੀ ਬਰੇਕ ਅਤੇ ਰੇਸ ਦੇ ਸੰਤੁਲਨ ਨੂੰ ਕਾਇਮ ਰੱਖਦਿਆਂ ਮੈਂ ਰੇਲਵੇ ਲਾਈਨਾਂ ਪਾਰ ਕਰ ਲਈਆਂ ਤੇ ਭੀੜ ਵਿੱਚੋਂ ਥੋੜ੍ਹਾ ਨਿੱਖੜਦਿਆਂ ਮੋਟਰ ਸਾਇਕਲ ਨੂੰ ਆਪਣੇ ਹੱਥ ਕਰਨ ਦੀ ਕੋਸ਼ਿਸ਼ ਵਿੱਚ ਹੀ ਸਾਂ ਜਦੋਂ ਇੱਕ ਕੁੜੀ ਨੇ ਉੱਪਰ ਲਏ ਅਧੋਰਾਣੇ ਸ਼ਾਲ ਹੇਠੋਂ ਆਪਣੀ ਪਤਲੀ ਜਿਹੀ ਵੀਣੀ ਬਾਹਰ ਕੱਢਦਿਆਂ ਮੈਂਨੂੰ ਰੁਕਣ ਦਾ ਇਸ਼ਾਰਾ ਕਰ ਦਿੱਤਾਦਿਨ ਦੀ ਲੋਅ ਤਾਂ ਬਹੁਤ ਨਿੰਮ੍ਹੀ ਜਿਹੀ ਰਹਿ ਗਈ ਸੀ, ਪਰ ਆਉਂਦੀਆਂ ਜਾਂਦੀਆਂ ਗੱਡੀਆਂ ਦੀਆਂ ਲਾਈਟਾਂ ਦੇ ਚਾਨਣ ਵਿੱਚ ਮੈਂ ਸੜਕ ਕੰਢੇ ਖੜ੍ਹੀ ਉਸ ਕੁੜੀ ਨੂੰ ਚੰਗੀ ਤਰ੍ਹਾਂ ਵੇਖ ਸਕਦਾ ਸਾਂ

ਤੀਹਾਂ ਕੁ ਵਰ੍ਹਿਆਂ ਦੀ ਉਮਰ ਲਗਦੀ ਸੀ ਉਸ ਕੁੜੀ ਦੀਰੋਣਹਾਕਾ ਚਿਹਰਾ ਤੇ ਮੈਲਖੋਰੇ ਜਿਹੇ ਲੀੜਿਆਂ ਤੋਂ ਉਸ ਦੀ ਹਾਲਤ ਕੋਈ ਬਹੁਤ ਵਧੀਆ ਨਹੀਂ ਸੀ ਲਗਦੀਬਰੇਕ ਲਾਉਂਦਿਆਂ-ਲਾਉਂਦਿਆਂ ਮੈਂ ਨਜ਼ਰ ਭਰ ਕੇ ਉਸ ਵੱਲ ਵੇਖਿਆਉਹ ਕਾਫ਼ੀ ਪ੍ਰੇਸ਼ਾਨ ਲੱਗ ਰਹੀ ਸੀ

ਪ੍ਰੇਸ਼ਾਨ ਮੈਂ ਵੀ ਘੱਟ ਨਹੀਂ ਸਾਂਸਵੇਰੇ-ਸਵੇਰੇ ਪਿੰਡ ਰਹਿੰਦੇ ਛੋਟੇ ਭਰਾ ਦਾ ਫੋਨ ਆਇਆ ਸੀਕਾਹਲੀ ਨਾਲ ਬੋਲਦੇ ਭਰਾ ਤੋਂ ਇੰਨਾ ਕੁ ਪਤਾ ਲੱਗਿਆ ਸੀ ਕਿ ਉਨ੍ਹਾਂ ਦੇ ਨਾਲ ਪਿੰਡ ਰਹਿੰਦੀ ਸਾਡੀ ਬਜ਼ੁਰਗ ਮਾਤਾ ਨੂੰ ਅਧਰੰਗ ਦਾ ਦੌਰਾ ਪੈ ਗਿਆ ਸੀਸਭ ਕੁਝ ਛੱਡ ਕੇ ਮੈਂ ਪਤਨੀ ਨੂੰ ਨਾਲ ਲੈ ਕੇ ਵਾਹੋ-ਦਾਹੀ ਪਿੰਡ ਪਹੁੰਚਿਆਛੋਟੇ ਭਰਾਵਾਂ ਨੇ ਸਮਝਦਾਰੀ ਕੀਤੀ, ਵੇਲੇ ਸਿਰ ਡਾਕਟਰ ਨਾਲ ਸੰਪਰਕ ਕਰ ਲਿਆ ਤੇ ਸਾਡੇ ਪਹੁੰਚਦਿਆਂ ਤਕ ਮਾਤਾ ਨੂੰ ਕੁਝ ਮੋੜਾ ਪੈ ਗਿਆ ਸੀਬੇਸ਼ਕ ਮਾਤਾ ਦਾ ਜਬ੍ਹਾੜਾ ਥੋੜ੍ਹਾ ਟੇਢਾ ਹੋ ਗਿਆ ਸੀ, ਪਰ ਨਕਾਰਾ ਹੋਈ ਲੱਤ ਤੇ ਬਾਂਹ ਉਹ ਮੁੜ ਹਿਲਾਉਣ ਲੱਗ ਪਈ ਸੀਦਿਲ ਤਾਂ ਨਹੀਂ ਸੀ ਮੰਨਦਾ, ਪਰ ਪਿੱਛੇ ਘਰ ਵਿੱਚ ਬੱਚੇ ਇਕੱਲੇ ਹੋਣ ਕਰਕੇ ਅਸੀਂ ਕੁਵੇਲੇ ਜਿਹੇ ਹੀ ਵਾਪਸ ਤੁਰ ਪਏਇਸੇ ਕੁਵੇਲੇ ਅਤੇ ਮੌਸਮ ਦੀ ਖ਼ਰਾਬੀ ਕਰਕੇ ਮੈਂ ਪਤਨੀ ਨੂੰ ਬੱਸ ’ਤੇ ਬਿਠਾ ਦਿੱਤਾ ਸੀ, ਜਿਹੜੀ ਕਦੋਂ ਦੀ ਬੱਸ ਸਟੈਂਡ ਪਹੁੰਚੀ ਮੇਰੀ ਉਡੀਕ ਕਰ ਰਹੀ ਸੀ

ਮੈਂ ਫਾਟਕ ਖੁੱਲ੍ਹਣ ’ਤੇ ਤੁਰਿਆ ਹੀ ਸਾਂ ਜਦੋਂ ਉਸ ਕੁੜੀ ਨੇ ਹੱਥ ਦੇ ਕੇ ਰੁਕਣ ਦਾ ਤਰਲਾ ਲਿਆ ਸੀਮੈਂ ਉਸ ਦੇ ਬਰਾਬਰ ਆਣ ਖਲੋਤਾ ਤੇ ਉਸ ਦੇ ਚਿਹਰੇ ਨੂੰ ਗਹੁ ਨਾਲ ਵੇਖਣ ਲੱਗਿਆਉਸ ਦੀਆਂ ਅੱਖਾਂ ਸਿੱਲ੍ਹੀਆਂ ਸਨ ਤੇ ਵਾਲ ਖਿੰਡਰੇ-ਪੁੰਡਰੇ ਜਿਹੇ ਸਨਉਹ ਦੋ ਕੁ ਪੈਰ ਅਗਾਂਹ ਖਿਸਕ ਕੇ ਮੇਰੇ ਮੋਟਰ ਸਾਈਕਲ ਦੇ ਹੈਂਡਲ ’ਤੇ ਹੱਥ ਧਰਦਿਆਂ ਘਗਿਆਈ ਜਿਹੀ ਆਵਾਜ਼ ਵਿੱਚ ਬੋਲੀ, “ਸਰਦਾਰ ਜੀ, ਮੇਰੇ ਪਤੀ ਨੇ ਮਾਰਿਆ ਮੈਂਨੂੰਸਾਰਾ ਦਿਨ ਦਾਰੂ ਨਾਲ ਟੁੰਨ ਰਹਿੰਦਾ ਹੈਮੈਂਨੂੰ ਮਾਰ ਦੇਵੇਗਾਮੈਂ ਆਪਣੇ ਮੰਮੀ-ਡੈਡੀ ਨੂੰ ਫੋਨ ਕਰਨਾ ਹੈਤੁਸੀਂ ਆਪਣੇ ਫੋਨ ਤੋਂ ਨੰਬਰ ਮਿਲਾ ਦਿਉ।”

ਉਸ ਕੁੜੀ ਨੇ ਇੱਕੋ ਸਾਹ ਲਾਚਾਰਗੀ ਨਾਲ ਕਿਹਾਮੈਂ ਉਸ ਦੀ ਗੱਲ ਸੁਣ ਕੇ ਸੁੰਨ ਹੋ ਗਿਆਮੈਂਨੂੰ ਉਸ ਦੇ ਕੋਲ ਖਲੋਤਿਆਂ ਬੰਦਾ ਹੋਣ ’ਤੇ ਸ਼ਰਮ ਆ ਰਹੀ ਸੀਮੈਂ ਤੁਰੰਤ ਆਪਣੀ ਜੇਬ੍ਹ ਵਿੱਚੋਂ ਫੋਨ ਕੱਢਿਆ ਤੇ ਕਿਹਾ, “ਹਾਂ ਜੀ ਬੋਲੋ।”

ਉਹ ਘਗਿਆਈ ਆਵਾਜ਼ ਵਿੱਚ ਦੋ ਤਿੰਨ ਵਾਰੀ ਪਹਿਲੇ ਨੰਬਰਾ ਵਿੱਚ ਉਲਝੀ ਰਹੀਮੈਂ ਵੀ ਉਸ ਦਾ ਬੋਲਿਆ ਨੰਬਰ ਕਦੇ ਨੱਪ ਤੇ ਕਦੇ ਕੱਟ ਰਿਹਾ ਸਾਂਫਿਰ ਉਹ ਥੋੜ੍ਹਾ ਅਟਕ ਕੇ ਬੋਲੀ, “ਭਾਅ ਜੀ, ਇੰਜ ਮੈਂਨੂੰ ਭੁਲੇਖਾ ਪਈ ਜਾਂਦਾ ਹੈ, ਮੈਂਨੂੰ ਆਪ ਲਾ ਲੈਣ ਦਿਉ।”

ਮੈਂ ਝਟਪਟ ਫੋਨ ਕੁੜੀ ਦੇ ਹੱਥ ਫੜਾਇਆ ਤੇ ਆਪ ਮੋਟਰ ਸਾਈਕਲ ਪਾਸੇ ਕਰਕੇ ਸਟੈਂਡ ’ਤੇ ਲਾਉਣ ਲੱਗਿਆਂ ਸੋਚ ਰਿਹਾ ਸਾਂ ਕਿ ਇਸ ਨੂੰ ਇਹੋ ਜਿਹੇ ਬੰਦੇ ਬਾਰੇ ਥਾਣੇ ਇਤਲਾਹ ਕਰਨੀ ਚਾਹੀਦੀ ਹੈਜਦੋਂ ਮੈਂ ਧੌਣ ਭੁਆਂ ਕੇ ਉਸ ਕੁੜੀ ਵੱਲ ਵੇਖਿਆ, ਉਹ ਮੇਰੇ ਵਿੰਹਦਿਆਂ-ਵਿੰਹਦਿਆਂ ਰੇਲਵੇ ਲਾਈਨਾਂ ਤੀਕ ਪਹੁੰਚੀ ਸੀ ਤੇ ਪਰ੍ਹਾਂ ਹਨੇਰੇ ਵਿੱਚੋਂ ਨਿਕਲੇ ਲੋਫਰ ਜਿਹੇ ਦਿਸਦੇ ਦੋ ਤਿੰਨ ਮੁੰਡਿਆਂ ਨਾਲ ਜਾ ਰਲੀ ਸੀ ਮੈਂ ਵਾਹੋ-ਦਾਹੀ ਉਨ੍ਹਾਂ ਦੇ ਪਿੱਛੇ-ਪਿੱਛੇ ਜਾਣ ਦੀ ਕੋਸ਼ਿਸ਼ ਵੀ ਕੀਤੀ, ਪਰ ਹਨੇਰੇ ਦੀ ਸੰਘਣੀ ਪਰਤ ਵਿੱਚ ਉਹ ਅਲੋਪ ਹੋ ਰਹੇ ਸਨ ਤੇ ਉਨ੍ਹਾਂ ਦਾ ਗਵਾਰਾਂ ਵਰਗਾ ਹਾਸਾ ਮੇਰੇ ਕੰਨਾਂ ਵਿੱਚ ਕਿਰਚਾਂ ਵਾਂਗ ਚੁੱਭ ਰਿਹਾ ਸੀ ਆਪਣੀ ਚਾਲ ਚੱਲਦੀ ਬੇਤਹਾਸ਼ਾ ਭੀੜ ਮੇਰੇ ਅੱਗਿਉਂ ਦੀ ਗੁਜ਼ਰਦੀ ਜਾ ਰਹੀ ਸੀ ਤੇ ਮੈਂ ਨਿੰਮੋਝੂਣਾ ਹੋਇਆ ਰੇਲਵੇ ਲਾਈਨਾਂ ਦੇ ਹਨੇਰੇ ਵਿੱਚ ਮੁੜ-ਮੁੜ ਝਾਕ ਰਿਹਾ ਸਾਂ, ਜਿਸ ਵਿੱਚੋਂ ਕੁਝ ਵੀ ਮੇਰੇ ਨਜ਼ਰੀਂ ਨਹੀਂ ਸੀ ਚੜ੍ਹ ਰਿਹਾਪਤਾ ਨਹੀਂ ਉਸ ਕੁੜੀ ਦੀ ਕਲਾਕਾਰੀ ਇੰਨੀ ਸਹਿਜ ਸੀ ਜਾਂ ਫਿਰ ਮੇਰੀਆਂ ਐਨਕਾਂ ਦਾ ਨੰਬਰ ਬਦਲ ਗਿਆ ਸੀਮੈਂ ਅਜਿਹੀਆਂ ਘੁੰਮਣਘੇਰੀਆਂ ਵਿੱਚ ਉਲਝਦਾ ਜਾ ਰਿਹਾ ਸਾਂ, ਜਿਨ੍ਹਾਂ ਦਾ ਮੈਂਨੂੰ ਕੋਈ ਵੀ ਜਵਾਬ ਨਹੀਂ ਸੀ ਅਹੁੜ ਰਿਹਾ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।

(3424)

(ਸਰੋਕਾਰ ਨਾਲ ਸੰਪਰਕ ਲਈThis email address is being protected from spambots. You need JavaScript enabled to view it.)

About the Author

ਦੀਪ ਦਵਿੰਦਰ ਸਿੰਘ

ਦੀਪ ਦਵਿੰਦਰ ਸਿੰਘ

Amritsar, Punjab, India.
Phone: (91 - 98721 - 65707)

Email: (deepkahanikar@gmail.com)