“ਰਾਜੂ ਨੇ ਆਪਣੀ ਪਤਨੀ ਨੂੰ ਆਂਢ ਗੁਆਂਢ ਭੇਜ ਕੇ ਸੱਤਰ ਰੁਪਏ ਦਾ ਪ੍ਰਬੰਧ ਕਰ ਲਿਆ। ਮੇਰੇ ਲਈ ਉਹ ਸੱਤਰ ਰੁਪਏ ...”
(12 ਅਪਰੈਲ 2022)
ਮਹਿਮਾਨ: 349.
ਉਸ ਵਰ੍ਹੇ ਠੰਢ ਵੀ ਅੰਤਾਂ ਦੀ ਪਈ ਸੀ। ਸਵੇਰ ਦੀ ਪਸਰੀ ਧੁੰਦ ਸ਼ਾਮ ਤੀਕ ਵੀ ਨਹੀਂ ਸੀ ਚੁੱਕੀ ਜਾਂਦੀ। ਜੇ ਕਦੇ ਐਵੇਂ ਮਾਮੂਲੀ ਜਿਹੀ ਸੂਰਜ ਦੀ ਟਿੱਕੀ ਵਿਖਾਈ ਦਿੰਦੀ ਵੀ ਤਾਂ ਧੁੰਦ ਦੇ ਸੰਘਣੇ ਬੱਦਲ ਉਹਨੂੰ ਫਿਰ ਆਪਣੀ ਬੁੱਕਲ਼ ਵਿੱਚ ਲੈ ਲੈਂਦੇ। ਮੱਠੀ ਮੱਠੀ ਵਗਦੀ ਸਰਦ ਹਵਾ ਹੱਡਾਂ ਨੂੰ ਚੀਰਦੀ ਜਾਂਦੀ।
ਉਹਨੀਂ ਦਿਨੀਂ ਮੈਂ ਪਿੰਡ ਛੱਡ ਸ਼ਹਿਰ ਕਰਾਏ ਦੇ ਮਕਾਨ ਵਿੱਚ ਰਹਿਣ ਲੱਗਿਆ ਸਾਂ। ਮੇਰੇ ਨਾਲ ਮੇਰੀ ਪਤਨੀ ਅਤੇ ਪੰਜ-ਸੱਤ ਮਹੀਨਿਆਂ ਦੀ ਮੇਰੀ ਲੜਕੀ ਸੀ, ਜਿਹੜੀ ਠੰਢ ਕਰਕੇ ਪਿਛਲੇ ਦੋ ਤਿੰਨ ਦਿਨ ਤੋਂ ਬਿਮਾਰ ਸੀ। ਲੰਘੀ ਰਾਤ ਵੀ ਉਹ ਰੀਂ ਰੀਂ ਕਰਦੀ ਰਹੀ ਸੀ ਤੇ ਚੱਜ ਨਾਲ ਸੁੱਤੀ ਵੀ ਨਹੀਂ ਸੀ।
ਉਹ ਦਿਨ ਮੇਰੇ ਲਈ ਬਹੁਤ ਤੰਗੀ ਦੇ ਦਿਨ ਸਨ। ਸ਼ਹਿਰ ਦੇ ਲੇਬਰ ਚੌਂਕ ਵਿੱਚ ਮੈਂ ਅਕਸਰ ਰਾਜ ਮਿਸਤਰੀ ਦੀ ਦਿਹਾੜੀ ਲੱਭਣ ਲਈ ਖਲੋਂਦਾ। ਕੰਮਾਂ ਦਾ ਹਾਲ ਮੰਦਾ ਹੋਣ ਕਰਕੇ ਕਈ ਵਾਰ ਤਾਂ ਖਾਲੀ ਹੱਥ ਵੀ ਪਰਤਣਾ ਪੈਂਦਾ। ਉਸ ਦਿਨ ਵੀ ਘਰੋਂ ਤੁਰਨ ਵੇਲੇ ਰੋਟੀ ਵਾਲਾ ਡੱਬਾ ਹੱਥ ਵਿੱਚ ਫੜਾਉਂਦਿਆਂ ਪਤਨੀ ਨੇ ਰਾਤ ਨੂੰ ਥੋੜ੍ਹਾ ਜਲਦੀ ਤੇ ਲਾਈਆਂ ਦਿਹਾੜੀਆਂ ਦੇ ਪੈਸੇ ਲੈ ਕੇ ਆਉਣ ਲਈ ਕਿਹਾ ਸੀ ਤਾਂ ਜੋ ਬੱਚੀ ਨੂੰ ਡਾਕਟਰ ਦੇ ਵਿਖਾਇਆ ਜਾ ਸਕੇ। ਉਹਦੇ ਚਿਹਰੇ ਅਤੇ ਬੋਲਾਂ ਵਿੱਚ ਚਿੰਤਾ ਸੀ ਅਤੇ ਮੈਂ ਵੀ ਇਸੇ ਚਿੰਤਾ ਕਰਕੇ ਦਿਨ ਭਰ ਗੁੰਮ ਸੁੰਮ ਰਿਹਾ।
ਉਹਨਾਂ ਦਿਨਾਂ ਵਿੱਚ ਸ਼ਹਿਰ ਦੇ ਬਾਹਰਵਾਰ ਕਿਸੇ ਦੇ ਘਰ ਕੰਮ ਚੱਲਦਾ ਸੀ ਮੇਰਾ। ਮਕਾਨ ਦੀ ਦੂਜੀ ਮੰਜ਼ਿਲ ਦੇ ਬਨੇਰੇ ਪਲੱਸਤਰ ਕਰ ਰਹੇ ਸਾਂ। ਉੱਚੇ ਥਾਂ ’ਤੇ ਚੜ੍ਹ ਕੇ ਕੰਮ ਕਰਦਿਆਂ ਸਵੇਰ ਤੋਂ ਵਗਦੇ ਠੱਕੇ ਨੇ ਮੱਤ ਮਾਰ ਛੱਡੀ ਸੀ। ਦਿਹਾੜੀ ਕਰਦੇ ਰਾਜੂ ਕੋਲੋਂ ਦੋ ਵਾਰੀ ਦੁਕਾਨ ਤੋਂ ਚਾਹ ਵੀ ਮੰਗਵਾਈ ਸੀ। ਜਦੋਂ ਤਕ ਰਾਜੂ ਪਤਲੀਆਂ ਤੇ ਲੰਮੀਆਂ ਜਿਹੀਆਂ ਗਲਾਸੀਆਂ ਵਾਲਾ ਛਿਕਾ ਉੱਪਰ ਲੈ ਕੇ ਪਹੁੰਚਦਾ, ਚਾਹ ਪਾਣੀ ਵਰਗੀ ਹੋਈ ਹੁੰਦੀ।
ਰਾਜੂ ਮੇਰੇ ਤੋਂ ਪਹਿਲਾਂ ਦਾ ਇਸ ਸ਼ਹਿਰ ਵਿੱਚ ਆਪਣੇ ਟੱਬਰ ਟੀਹਰ ਨਾਲ ਰਹਿੰਦਾ ਸੀ। ਪਿੱਛਿਉਂ ਉਹ ਬਿਹਾਰ ਦੇ ਕਿਸੇ ਪਿੰਡੋਂ ਆਇਆ ਸੀ। ਉਹਦੇ ਕੋਲ ਸ਼ਹਿਰ ਦਾ ਅਨੁਭਵ ਮੇਰੇ ਤੋਂ ਬਹੁਤਾ ਸੀ। ਅਸੀਂ ਆਪੋ ਆਪਣੀ ਕਬੀਲਦਾਰੀ ਦੀਆਂ ਨਿੱਕੀਆਂ ਨਿੱਕੀਆਂ ਗੱਲਾਂ ਕਰਦੇ। ਉਸ ਰੋਜ਼ ਸਾਨੂੰ ਲੱਗ ਗਈਆਂ ਪੰਜ ਪੰਜ ਦਿਹਾੜੀਆਂ ਦੇ ਪੈਸੇ ਦੇਣੇ ਸਨ ਸਰਦਾਰ ਨੇ। ਰਾਜੂ ਨੇ ਵੀ ਕਵਾਟਰ ਦਾ ਕਰਾਇਆ ਦੇਣਾ ਸੀ। ਮੈਂਨੂੰ ਬਿਮਾਰ ਬੱਚੀ ਦੀ ਚਿੰਤਾ ਸੀ, ਜਿਸ ਨੂੰ ਰਾਤੀਂ ਵੀ ਪੈਸਿਆਂ ਖੁਣੋ ਡਾਕਟਰ ਦੇ ਨਹੀਂ ਸੀ ਲਿਜਾ ਸਕਿਆ।
ਇਸੇ ਆਸ ਵਿੱਚ ਸ਼ਾਮੀਂ ਹਥਲਾ ਕੰਮ ਸਮੇਟਦਿਆਂ ਕੱਪੜਾ ਲੱਤਾ ਬਦਲ ਹੇਠਾਂ ਉੱਤਰੇ। ਸਰਦਾਰ ਕਿਧਰੇ ਬਜ਼ਾਰ ਗਿਆ ਹੋਇਆ ਸੀ ਜਿਹਨੂੰ ਉਡੀਕਦਿਆਂ ਉਡੀਕਦਿਆਂ ਹਨੇਰਾ ਆਣ ਉੱਤਰਿਆ। ਸਮਝ ਨਹੀਂ ਸੀ ਆ ਰਹੀ ਕਿ ਘਰ ਕਿੰਝ ਜਾਇਆ ਜਾਵੇ। ਕਦੀ ਕਦੀ ਪਤਨੀ ਉੱਤੇ ਵੀ ਖਿਝ ਆਵੇ ਕਿ ਐਵੇਂ ਜ਼ਿੱਦ ਕਰਕੇ ਸ਼ਹਿਰ ਆ ਗਈ। ਚੰਗੇ ਭਲੇ ਮਾਂ ਬਾਪ, ਭਰਾ ਭਰਜਾਈਆਂ ਦੇ ਸਾਂਝੇ ਆਰ ਪਰਿਵਾਰ ਵਿੱਚ ਰਹਿੰਦੇ ਸਾਂ। ਹੁਣ ਆਪ ਵੀ ਦੁਖੀ ਤੇ ਮੇਰੀ ਵੀ ਵੇਲਣੇ ਵਿੱਚ ਬਾਂਹ ਦਿੱਤੀ ਹੋਈ ਸੀ।
ਮੇਰੇ ਪੈਰੋ ਪੈਰ ਬਦਲ ਰਹੇ ਰੰਗ ਨੂੰ ਵੇਖ ਰਾਜੂ ਪੈਰ ਘਸੀਟਦਾ ਮੇਰੇ ਕੋਲ ਆਣ ਖਲੋਤਾ ਤੇ ਉਦਾਸੀ ਜਿਹੀ ਸੁਰ ਵਿੱਚ ਬੋਲਿਆ, “ਅਰੇ ਭਾ ਜੀ ਸਰਦਾਰ ਤੋਂ ਲਗਤਾ ਅਬ ਨਹੀਂ ਆਏਗਾ।”
ਮੈਨੂੰ ਅੱਗਿਉਂ ਕੋਈ ਜਵਾਬ ਨਾ ਅਹੁੜਿਆ। ਮੈਂ ਉਂਝ ਹੀ ਨਿੰਮੋਝੂਣਾ ਖਲੋਤਾ ਇੱਧਰ ਉੱਧਰ ਝਾਕੀ ਗਿਆ। ਫਿਰ ਪਤਾ ਨਹੀਂ ਕੀ ਸੋਚ ਕੇ ਰਾਜੂ ਬੋਲਿਆ, “ਆਈਏ ਭਾ ਜੀ ਹਮਾਰੇ ਸਾਥ।” ਤੇ ਨਾਲ ਹੀ ਉਸ ਨੇ ਆਪਣਾ ਸਾਇਕਲ ਰੇੜ੍ਹ ਲਿਆ। ਅਸੀਂ ਅੱਗੜ ਪਿੱਛੜ ਸਾਇਕਲ ਚਲਾਉਂਦੇ ਰਾਜੂ ਦੇ ਕਵਾਟਰ ਪਹੁੰਚ ਗਏ। ਰਾਜੂ ਨੇ ਆਪਣੀ ਪਤਨੀ ਨੂੰ ਆਂਢ ਗੁਆਂਢ ਭੇਜ ਕੇ ਸੱਤਰ ਰੁਪਏ ਦਾ ਪ੍ਰਬੰਧ ਕਰ ਲਿਆ। ਮੇਰੇ ਲਈ ਉਹ ਸੱਤਰ ਰੁਪਏ ਸੱਤ ਸੌ ਰੁਪਏ ਵਰਗੇ ਸਨ। ਰਾਜੂ ਮੈਨੂੰ ਰੱਬ ਵਰਗਾ ਲੱਗ ਰਿਹਾ ਸੀ, ਜਿਸਨੇ ਮੇਰੀ ਗਰਜ਼ ਪੂਰੀ ਕਰ ਦਿੱਤੀ ਸੀ।
ਹਨੇਰਾ ਵਾਹਵਾ ਆਣ ਉੱਤਰਿਆ। ਬਰੀਕ ਬਰੀਕ ਕਣੀਆਂ ਵੀ ਪੈਣ ਲੱਗੀਆਂ। ਮੈਂ ਵਾਹੋ ਦਾਹੀ ਘਰ ਨੂੰ ਭੱਜਿਆ। ਬਿਮਾਰ ਬੱਚੀ ਤੇ ਪਤਨੀ ਦਾ ਉੱਤਰਿਆ ਚਿਹਰਾ ਦਿਨ ਭਰ ਮੇਰੇ ਕਲੇਜੇ ਨੂੰ ਵਾਢ ਪਾਉਂਦੇ ਰਹੇ ਸਨ। ਇਸੇ ਲਈ ਘਰ ਮੁਹਰੇ ਜਾ ਕੇ ਮੇਰੇ ਕੋਲੋਂ ਸਾਇਕਲ ਦਾ ਸਟੈਂਡ ਵੀ ਨਹੀਂ ਸੀ ਲੱਗਿਆ। ਕੰਧ ਦੇ ਆਸਰੇ ਸਾਇਕਲ ਖੜ੍ਹਾ ਕਰਕੇ ਮੈਂ ਕਾਹਲੀ ਨਾਲ ਬੂਹਿਉਂ ਅੰਦਰ ਝਾਤੀ ਮਾਰੀ। ਸਾਹਮਣੀ ਕੰਧ ਨਾਲ ਡਿੱਠੀ ਮੰਜੀ ’ਤੇ ਪਿੰਡੋਂ ਆਈ ਬੀਬੀ ਬੈਠੀ ਸੀ ਤੇ ਉਹਦੀ ਗੋਦੀ ਵਿੱਚ ਬੱਚੀ ਚੈਨ ਨਾਲ ਸੁੱਤੀ ਪਈ ਸੀ। ਲਗਦਾ ਸੀ ਬੀਬੀ ਨੇ ਕੋਈ ਘਰ ਦਾ ਓਹੜ ਪੋਹੜ ਕਰਨ ਦੇ ਨਾਲ ਨਾਲ ਡਾਕਟਰ ਦੇ ਵੀ ਵਿਖਾਇਆ ਹੋਊ। ਇੱਕ ਨੁੱਕਰੇ ਬੂਰੇ ਵਾਲੀ ਅੰਗੀਠੀ ਮਘ ਰਹੀ ਸੀ। ਪਤਨੀ ਅਰਾਮ ਨਾਲ ਚੌਂਕੇ ਚੁੱਲ੍ਹੇ ਦੇ ਆਹਰ ਵਿੱਚ ਰੁੱਝੀ ਹੋਈ ਸੀ। ਘਰ ਵਿੱਚ ਅੰਤਾਂ ਦਾ ਨਿੱਘ ਸੀ। ਠੰਢ ਦਾ ਤਾਂ ਹੁਣ ਕਿੱਧਰੇ ਨਾਮੋ ਨਿਸ਼ਾਨ ਵੀ ਨਹੀਂ ਸੀ ਲਗਦਾ।
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(3497)
(ਸਰੋਕਾਰ ਨਾਲ ਸੰਪਰਕ ਲਈ: