DeepDevinderS7ਕਿਹੜਾ ਪਿਉ ਵਾਲਾ ਪਲਾਟ ਐਜਿਹੜਾ ਤੈਨੂੰ ਨਹੀਂ ਲੱਭਿਆ ਹੁਣ ਤੱਕ ...
(ਮਈ 31, 2016)

ਪਿਛਲੇ ਕਈ ਦਿਨਾਂ ਤੋਂ ਘਰ ਵਿਚ ਪਿਆ ਕਲੇਸ਼-ਖਾਨਾ ਕਿਸੇ ਤਣ-ਪੱਤਣ ਨਹੀਂ ਲੱਗ ਰਿਹਾ। ਮੈਂ ਹਰ ਹੀਲਾ ਵਰਤ ਕੇ ਵੇਖ ਲਿਆ। ਪਿਆਰ ਵਾਲਾ ਵੀ ਤੇ ਗੁੱਸੇ ਵਾਲਾ ਵੀ। ਮਹੌਲ ਸੁਲਝਣ ਦੀ ਬਜਾਏ ਹੋਰ ਉਲਝਦਾ ਜਾਂਦੈ। ਹੁਣ ਤਾਂ ਘਰ ਅੰਦਰਲਾ ਰੌਲਾ ਦਰਵਾਜ਼ੇ ਖਿੜਕੜੀਆਂ ਤੇ ਕੰਧਾਂ ਉੱਤੋਂ ਦੀ ਬਾਹਰ ਸੁਣਾਈ ਦੇਣ ਲੱਗ ਪਿਆ ਹੈਆਂਢੀ-ਗੁਆਂਢੀ ਕੰਨ ਲਾ-ਲਾ ਸੁਣਦੇ ਐ ਤੇ ਵਿੱਚੋ ਵਿਚ ਚਿੜ-ਗਿਲ੍ਹੀਆਂ ਮਾਰਦੇ ਐ। ਕਈ ਵਾਰ ਬਾਹਰ ਅੰਦਰ ਨਿਕਲਦਿਆਂ ਗਲੀ ਵਿੱਚੋਂ ਦੀ ਅੱਖਾਂ ਨੀਵੀਆਂ ਕਰਕੇ ਕੰਨ ਵਲੇਟ ਕੇ ਜਾਂਦੇ ਨੂੰ ਵੀ ਕੋਈ ਨਾ ਕੋਈ ਅਵਾਜ਼ ਮਾਰ ਬਹੇਗਾ, ਅਖੇ “ਸਰਦਾਰ ਸਾਹਿਬ, ਬੜਾ ਰੰਗ ਉਡਿਆ-ਉਡਿਆ ਜਿਹਾ, ਕੀ ਗੱਲ? ਹੁਣ ਤਾਂ ਸਗੋਂ ਖ਼ੁਸ਼ ਰਹਿਣ ਦਾ ਵੇਲਾ।” ਤਾਂ ਮੈਨੂੰ ਕੋਈ ਜੁਆਬ ਨਹੀਂ ਅਹੁੜਦਾ ਅੱਗਿਉਂ। ਐਵੇਂ ਗੱਲ ਆਲੇ-ਟਾਲੇ ਪਾ ਕੇ ਖਹਿੜਾ ਛੁਡਾਉਂਦਾ ਹਾਂ ਅਗਲੇ ਤੋਂ ਤੇ ਝੂਠੇ ਜਿਹੇ ਪੈਰੀਂ ਤੁਰਦਿਆਂ ਸੋਚਦਾ ਹਾਂ ਕਿ ਹਰ ਕੋਈ ਖ਼ੁਸ਼ ਰਹਿਣ ਲਈ ਹੱਥ ਪੈਰ ਤਾਂ ਮਾਰਦਾ ਈ ਐ। ਜਿਵੇਂ ਮੈਂ ਮਾਰੀ ਜਾਨੈ। ਇਸੇ ਕਰਕੇ ਦੋਹਾਂ ਨਿਆਣਿਆਂ ਨੂੰ ਵੱਖੋ ਵੱਖ ਸਮਝਾਉਣ ਦੀ ਕੋਸ਼ਿਸ਼ ਕਰਦਾਂ। ਆਪਣੀ ਅਕਲ ਮੂਜਬ। ਪਰ ਅੱਜ ਕੱਲ ਦਾ ਇਹ ਪੋਚ ਕਿੱਥੇ ਸੁਣਦਾ, ਅੱਗਿਉਂ ਵੱਢ ਖਾਣ ਨੂੰ ਪੈਂਦੇ ਐ। ਪਹਿਲਾਂ ਤਾਂ ਇਹ ਵੀ ਦੋਵੇਂ ਦਲੀਲ ਜਾਂ ਘੂਰੀ ਨੂੰ ਸਮਝਦੇ ਸਨ। ਹੁਣ ਤਾਂ ਟਿੱਚ ਜਾਨਣ ਲੱਗੇ ਨੇ। ਉਂਝ ਵੀ ਮੁੰਡਾ ਹੁਣ ਹਾਣੀ-ਹਵਾਣੀ ਹੋਇਆ ਪਿਐ। ਮੇਰੇ ਤੋਂ ਵੀ ਜ਼ਰਾ-ਮਾਸਾ ਸਿਰ ਕੱਢਦਾ ਤੇ ਕੁੜੀ ਸਿਮਰਨ ਉਹਦੇ ਤੋਂ ਵਰ੍ਹਾ ਡੇਢ ਵਰ੍ਹਾ ਹੋਰ ਵੱਡੀ।

ਮੈਂ ਕਈ ਵਾਰ ਠਰ੍ਹੰਮੇ ਨਾਲ ਅਵਾਜ਼ ਮਾਰ ਕੇ ਕੋਲ ਬਿਠਾਉਨਾਜਿਵੇਂ ਉਸ ਦਿਨ ਵੀ ਵਿਹੜੇ ਵਿਚ ਵਿਟਰੇ-ਵਿਟਰੇ ਫਿਰਦੇ ਮੁੰਡੇ ਨੂੰ ਮੈਂ ਪਿਉਆਂ ਵਾਲਾ ਹੰਮਾ ਜਤਾਉਂਦਿਆਂ ਮੋਢੇ ਤੋਂ ਦੀ ਬਾਂਹ ਦੇ ਕਲਾਵੇ ਵਿਚ ਲੈਣ ਦੀ ਕੋਸ਼ਿਸ਼ ਕੀਤੀ ਸੀ ਤੇ ਹਲੀਮੀ ਜਿਹੀ ਨਾਲ ਕਿਹਾ ਸੀ, “ਜਗਰੂਪ! ਤੂੰ ਹੁਣ ਨਿਆਣਾ ਨਹੀਂ, ਸਭ ਕੁਝ ਸਮਝਦੈਂ। ਉੱਚੇ-ਨੀਵੇਂ ਥਾਂ ਦੀ ਸੋਝੀ ਐ ਤੈਨੂੰ। ਛੋਟੇ ਜਵਾਕਾਂ ਦੀ ਤਰ੍ਹਾਂ ਵਾਰ-ਵਾਰ ਸਮਝਾਉਂਦਿਆਂ ਚੰਗੇ ਨਹੀਂ ਲੱਗੀਦਾ। ਤੂੰ ਆਪ ਵੇਖ, ਜਵਾਨ ਕੁੜੀ ਐ ਘਰ ਚ। ਭਾਵੇਂ ਅੱਜ ਨਾਂ ਧਰ ਲਈਏ ਕਿਤੇ ਮੰਗਣ ਵਿਹਾਉਣ ਦਾ। ਸਾਨੂੰ ਹੁਣ ਰਲ ਮਿਲ ਕੇ ਘਰ ਦੀਆਂ ਇਨ੍ਹਾਂ ਜ਼ਿੰਮੇਵਾਰੀਆਂ ਵੱਲ ਤਵੱਜੋ ਦੇਣੀ ਚਾਹੀਦੀ ਐ।” ਮੇਰੀ ਪੂਰੀ ਗੱਲ ਸੁਣੇ ਬਗੈਰ ਮੋਢੇ ਛੰਡਦਾ ਉੱਠ ਖੜ੍ਹਾ ਹੋਇਆ ਤੇ ਅੱਗਿਉਂ ਤਲਖੀ ਨਾਲ ਬੋਲਿਆ ਸੀ, “ਤੁਹਾਨੂੰ ਕਾਹਦੀ ਚਿੰਤਾ ਇਨ੍ਹਾਂ ਗੱਲਾਂ ਦੀ। ਤੁਸੀਂ ਆਪਣੇ ਬੁੱਲੇ ਲੁੱਟੋ ਜਿਵੇਂ ਲੁੱਟ ਰਹੇ ਜੇ।” ਤੇ ਹੋਰ ਮੂੰਹ ਵਿਚ ਬੁੜਬੁੜ ਕਰਦਿਆਂ ਕਈ ਕੁਝ ਅਵੱਲਾ-ਸਵੱਲਾ ਕਹਿ ਗਿਆ ਸੀ। ਭਾਵੇਂ ਮੈਨੂੰ ਬਾਕੀ ਦਾ ਸਾਰਾ ਕੁਝ ਨਾ ਵੀ ਸੁਣਾਈ ਦਿੱਤਾ ਹੋਵੇ, ਫਿਰ ਵੀ ਉਹਦੇ ਗੁਸੈਲ ਚਿਹਰੇ ਤੋਂ ਉਹਦੇ ਕਹੇ-ਅਣਕਹੇ ਦੇ ਅਰਥਾਂ ਦੀ ਸੋਝੀ ਐ ਮੈਨੂੰ। ਮੈਂ ਕਿੰਨਾ-ਕਿੰਨਾ ਚਿਰ ਝਾਕਦਾ ਰਹਿੰਨਾ, ਉਹਦੇ ਤਣੇ ਹੋਏ ਚਿਹਰੇ ਵੱਲ ਤੇ ਫਿਰ ਮੇਰੀਆਂ ਆਪਣੀਆਂ ਹੀ ਅੱਖਾਂ ਨੀਵੀਆਂ ਹੋ ਜਾਂਦੀਆਂ ਨੇ, ਗੱਭਰੂ ਪੁੱਤ ਦੇ ਸਾਹਮਣੇ। ਸਿਮਰਨ ਦੀ ਵੀ ਇਹਦੇ ਨਾਲ ਰੈਅ ਐ ਪੂਰੀ। ਮੂੰਹੋਂ ਭਾਵੇਂ ਇਹਦੇ ਵਾਂਗ ਕੁਝ ਨਾ ਵੀ ਕਹੇ, ਫਿਰ ਵੀ ਰਸੋਈ ਵਿਚ ਵੜੀ ਐਵੇਂ ਭਾਂਡੇ ਚੁੱਕ-ਚੁੱਕ ਮਾਰੀ ਜਾਊ। ਕੰਮ-ਧੰਦਾ ਕਰਦਿਆਂ ਮੇਰੇ ਹੁੰਦਿਆਂ ਮੱਥੇ ਤੇ ਹਜ਼ਾਰ ਤਿਉੜੀਆਂ ਪਾ ਕੇ ਰੱਖਦੀ ਐ। ਜਵਾਨ ਜਹਾਨ ਧੀ ਨੂੰ ਘੂਰੀ ਵੀ ਤਾਂ ਨਹੀਂ ਵੱਟ ਹੁੰਦੀ। ਬੀਬਾ-ਲੱਲਾ ਕਰਕੇ ਵਕਤ ਟਪਾਉਨਾ ਕਿ ਨਿਆਣੀ-ਸਿਆਣੀ ਉਮਰ ਐ ਇਨ੍ਹਾਂ ਦੀ, ਹੌਲੀ-ਹੌਲੀ ਸਮਝ ਜਾਣਗੇ ਸਾਰਾ ਕੁਝ। ਪਰ ਇਹ ਦੋਵੇਂ, ਜਿਵੇਂ ਮੈਂ ਇਨ੍ਹਾਂ ਦਾ ਪਿਉ ਨਹੀਂ, ਕੋਈ ਸੱਤ-ਬੇਗਾਨਾ ਹੁੰਨੈ। ਗੱਲ-ਗੱਲ ਤੇ ਸ਼ਰੀਕਾਂ ਵਾਂਗ ਮਿਹਣੇ ਦੇਣ ਵਰਗੀਆਂ ਤੋਹਮਤਾਂ ਕੱਸਦੇ ਰਹਿਣਗੇ। ਕਦੀ ਕਹਿਣਗੇ, “ਸਜਣ-ਫੱਬਣ ਦੀ ਵੀ ਉਮਰ ਤੇ ਸਲੀਕਾ ਹੁੰਦਾ। ਤੀਜੇ ਦਿਨ ਵਾਲ਼ ਡਾਈ ਕਰਨ ਨਾਲ ਉਮਰ ਤਾਂ ਨਹੀਂ ਲੁਕ ਜਾਂਦੀ ਬੰਦੇ ਦੀ। ਹੋਰਨਾਂ ਵਾਂਗ ਹੀ ਹਾਅ ਵਾਲ ਉਮਰ ਨਾਲ ਚਿੱਟੇ ਹੋਏ ਐ, ਧੁੱਪ ਨਾਲ ਤਾਂ ਨਹੀਂ।”

ਹੋਰ ਤਾਂ ਹੋਰ ਹੁਣ ਤਾਂ ਕਿਸੇ ਇਜੰਸੀ ਵਾਂਗ ਸੀ.ਆਈ.ਡੀ. ਕਰਦੇ ਰਹਿੰਦੇ ਐ, ਮੇਰੇ ਪਿੱਛੇ-ਪਿੱਛੇ। ਬਾਹਰੋਂ ਘਰ ਆਏ ਨੂੰ ਪਾਣੀ-ਧਾਣੀ ਬਾਅਦ ਵਿਚ ਪੁੱਛਣਗੇ, ਪਹਿਲਾਂ ਹੋਰ ਹੀ ਵਿੰਗੇ-ਟੇਢੇ ਜਿਹੇ ਸੁਆਲ ਕਰੀ ਜਾਣਗੇ, ਕਿਸੇ ਮੁਜ਼ਰਮ ਦੀ ਤਫ਼ਸ਼ੀਸ਼ ਕਰਨ ਵਾਲਿਆਂ ਵਾਂਗ। ਮੇਰੀਆਂ ਅੱਖਾਂ ਵਿਚ ਅੱਖਾਂ ਪਾ ਕੇ ਪੁੱਛਣਗੇ, ਅਖੇ “ਡੈਡੀ! ਕੰਪਨੀ ਬਾਗ ਲਾਗੇ ਕਾਲੇ ਰੰਗ ਦੀ ਚੁੰਨੀ ਵਾਲੀ ਕੌਣ ਆਂਟੀ ਸੀ ਤੁਹਾਡੇ ਮੋਟਰਸਾਇਕਲ ਦੇ ਪਿੱਛੇ ਬੈਠੀ ਜਾ ਰਹੀ। ਮੇਰੇ ਫਰੈਂਡ ਨੇ ਫੋਨ ਕਰਕੇ ਦੱਸਿਆ ਸੀ ਉੱਥੋਂ

ਕੱਲ੍ਹ ਦੇ ਨਿਆਣੇ ਗੱਲਾਂ-ਗੱਲਾਂ ਵਿਚ ਸਿਆਣੇ-ਬਿਆਣੇ ਨੂੰ ਝੂਠਾ ਕਰੀ ਜਾਣਗੇ। ਮੈਂ ਤਾਂ ਸੁਣ ਕੇ ਹੱਕਾ-ਬੱਕਾ ਹੋਇਆ, ਧੌਣ ਨੀਵੀਂ ਕਰਕੇ ਇਹ ਸੋਚਣ ਲੱਗਦਾਂ ਕਿ ਉਮਰ ਤਾਂ ਮੇਰੀ ਐ ਇਨ੍ਹਾਂ ਉੱਤੇ ਨਜ਼ਰ ਰੱਖਣ ਦੀ, ਉਲਟਾ ਇਹ ਹਰ ਵੇਲੇ ਮੇਰੀ ਨਜ਼ਰਸਾਨੀ ਕਰਦੇ ਰਹਿੰਦੇ ਐ। ਮੈਨੂੰ ਭੋਏਂ ਵੱਲ ਵਿਹੰਦੇ ਨੂੰ ਫਿਰ ਮੁੰਡਾ ਕਹਿਣ ਲੱਗਿਆ, “ਡੈਡ! ਪੈਰਾਂ ਵੱਲ ਕਾਤੋਂ ਝਾਕੀ ਜਾਂਦੇ ਜੇ, ਸਿਰ ਉੱਚਾ ਚੁੱਕ ਕੇ ਗੱਲ ਕਰੀਦੀ ਐ, ਅਗਲੇ ਦੀਆਂ ਅੱਖਾਂ ਵਿਚ ਅੱਖਾਂ ਪਾ ਕੇ। ਹਾਂ ਤੇ ਦੂਜੀ ਗੱਲ ਸੁਣੋ ਧਿਆਨ ਨਾਲ, ਬਾਹਰ ਫਿਰਦੇ ਵੇਲੇ ਸਾਨੂੰ ਵੀ ਚਿੱਤ-ਖ਼ਿਆਲ ਵਿਚ ਰੱਖ ਲਿਆ ਕਰੋ। ਗਲੀ-ਮੁਹੱਲੇ ਅਤੇ ਆਪਣੇ ਸਕੂਲ-ਕਾਲਜ ਵਿਚ ਅਸੀਂ ਵੀ ਸਿਰ ਉੱਚਾ ਕਰਕੇ ਆਉਣਾ ਜਾਣੈ ਕੱਲ੍ਹ ਨੂੰ।”

ਇਨ੍ਹਾਂ ਦੇ ਅਜਿਹੇ ਵਰਤਾਰਿਆਂ ਕਰਕੇ ਮੈਨੂੰ ਅੱਜ-ਕੱਲ ਦੇ ਇਨ੍ਹਾਂ ਨਿਆਣਿਆਂ ਦੀ ਸਮਝ ਨਹੀਂ ਆਉਂਦੀ। ਅਸੀਂ ਵੀ ਇਨ੍ਹਾਂ ਉਮਰਾਂ ਵਿੱਚੋਂ ਗੁਜ਼ਰੇ ਆਂ। ਉਨ੍ਹਾਂ ਵੇਲਿਆਂ ਵਿਚ ਮੂੰਹ ਤੇ ਦਾਹੜੀ ਆਣ ਉੱਤਰਦੀ ਸੀ, ਪਰ ਮਾਂ-ਬਾਪ ਦੇ ਸਾਹਮਣੇ ਅੱਖ ਚੁੱਕ ਕੇ ਵੇਖਣ ਦੀ ਜੁਰਅਤ ਨਹੀਂ ਸੀ ਹੁੰਦੀ। ਤੇ ਹੁਣ ਇਹ ਦੋਵੇਂ ਪਿਉ ਦੇ ਪਿਉ ਬਣ ਕੇ ਕਨੂੰਹਾਂ ਕੱਢਦਿਆਂ ਕੁਝ ਨਾ ਕੁਝ ਪੁੱਛਦੇ ਰਹਿਣਗੇ ਤੇ ਪੁੱਛਣਗੇ ਵੀ ਇਹੋ ਜਿਹਾ ਜਿਹਨੂੰ ਸੁਣ ਕੇ ਹਮੇਸ਼ਾ ਮੇਰੇ ਬੁੱਲ੍ਹਾਂ ਤੇ ਪਿਲੱਤਣ ਜੰਮੀ ਰਹਿੰਦੀ ਐ। ਇਸੇ ਲਈ ਤਾਂ ਮੈਂ ਇਨ੍ਹਾਂ ਸਾਹਮਣੇ ਹਰ ਕਦਮ ਫੂਕ-ਫੂਕ ਕੇ ਰੱਖਦਾਂ। ਹੁਣ ਤਾਂ ਕਈ ਵਾਰੀ ਆਪਣੇ ਹੀ ਫੋਨ ਤੇ ਆਈ ਕਿਸੇ ਕੰਪਨੀ ਦੀ ਅਣਚਾਹੀ ਕਾਲ ਜਾਣਦਿਆਂ ਬੁੱਝਦਿਆਂ ਵੀ ਡਰਦਾ ਮਾਰਿਆ, ਇਨ੍ਹਾਂ ਸਾਹਮਣੇ ਕੱਟਦਾ ਨਹੀਂ, ਸਗੋਂ ਦੋ ਪੈਰ ਇਨ੍ਹਾਂ ਵਲ ਨੂੰ ਪੁੱਟਦਿਆਂ ਫੋਨ ਸਪੀਕਰ ਤੇ ਲਾਉਨਾ ਉਸੇ ਵੇਲੇ। ਪਰ ਇੰਨੇ ਨਿਆਣੇ ਇਹ ਵੀ ਨਹੀਂ ਰਹੇ ਹੁਣ। ਸਭ ਸਮਝਦੇ ਐ, ਅੱਜ ਕੱਲ ਦੇ ਹੋਰਨਾਂ ਜਵਾਕਾਂ ਵਾਂਗ। ਅਜਿਹੇ ਸਮੇਂ ਇਹ ਦੋਵੇਂ ਭੈਣ ਭਰਾ ਟੇਢੀ ਜਿਹੇ ਨਜ਼ਰੇ ਝਾਕਣਗੇ ਇਕ ਦੂਜੇ ਵੱਲ ਤੇ ਖਚਰੀ ਜਿਹੀ ਮੁਸਕਾਨ ਇਨ੍ਹਾਂ ਦੇ ਚਿਹਰਿਆਂ ਤੇ ਖਿੰਡਰੀ, ਮੈਨੂੰ ਹੋਰ ਜਿੱਚ ਕਰਦੀ ਜਾਪਦੀ ਐ।

ਫਿਰ ਵੀ ਮੈਂ ਇਨ੍ਹਾਂ ਨੂੰ ਸਹਿਜ ਕਰਨ ਦੀ ਕੋਸ਼ਿਸ਼ ਵਿਚ ਰਹਿਨਾਤਾਂ ਹੀ ਮੈਂ ਆਪਣੇ ਵੱਲੋਂ ਕਈ ਬਹਾਨੇ ਘੜਦਾ ਰਹਿਨੈ ਇਕੱਠਿਆਂ ਬਹਿਣ ਦੇ। ਮੈਂ ਚਾਹੁੰਦਾ ਹਾਂ ਕਿ ਇਹ ਦੋਵੇਂ ਖਾਣ-ਪੀਣ ਵੇਲੇ ਜਾਂ ਫਿਰ ਸੌਣ-ਬਹਿਣ ਲੱਗਿਆਂ ਮੇਰੇ ਕੋਲ ਬੈਠਣ। ਨਿੱਕੀਆਂ-ਨਿੱਕੀਆਂ ਗੱਲਾਂ ਕਰੀਏ। ਹਾਸੇ ਦੀਆਂ ਵੀ ਤੇ ਮਜ਼ਾਕ ਦੀਆਂ ਵੀ, ਜਿੰਨੀਆਂ ਕੁ ਬਾਪ ਤੇ ਬੱਚਿਆਂ ਦੇ ਵਿਚਕਾਰ ਹੋ ਸਕਦੀਆਂ ਹਨ। ਜਿਹੜੀ ਬੇ-ਮਤਲਬੀ ਦੂਰੀ ਆਪਣੇ ਤੇ ਮੇਰੇ ਵਿਚਾਲੇ ਮਿਥੀ ਜਾਂਦੇ ਐ ਇਹ ਦੋਵੇਂ, ਘੱਟ ਹੋਏ ਕਿਸੇ ਤਰ੍ਹਾਂ ਦੇ ਨਾਲ। ਸਾਂਵਾ-ਪੱਧਰਾ ਜਿਹਾ ਹੋਵੇ ਘਰ ਵਿਚ ਸਾਰਾ ਕੁਝ। ਪਹਿਲਾਂ ਦੀ ਤਰ੍ਹਾਂ, ਜਿਵੇਂ ਦਲਜੀਤ ਵੇਲੇ ਹੁੰਦਾ ਸੀ। ਉਹਦੇ ਤੁਰ ਜਾਣ ਤੋਂ ਬਾਅਦ ਹੀ ਘਰ ਵਿਚ ਕਿੰਨਾ ਕੁਝ ਬਦਲ ਗਿਆ। ਦਲਜੀਤ ਸਾਂਝਾ ਸੂਤਰ ਸੀ ਸਾਡੇ ਵਿਚਕਾਰ। ਜਿਹਦੇ ਜ਼ਰੀਏ ਅਸੀਂ ਇਕ ਦੂਜੇ ਨਾਲ ਬੱਝੇ ਸਾਂ। ਉਹ ਤੰਦ ਕੁਵੇਲੇ ਟੁੱਟ ਗਈ ਤੇ ਅਸੀਂ ਇਕ ਦੂਜੇ ਨਾਲ ਜੁੜੇ ਘਰ ਦੇ ਜੀਅ ਵੀ ਬਿਖਰਨ ਲੱਗ ਪਏ। ਜਿਨ੍ਹਾਂ ਨੂੰ ਗੰਢ ਮਾਰ ਕੇ ਰੱਖਣ ਦੀ ਕੋਸ਼ਿਸ਼ ਕਰਦਿਆਂ ਮੈਂ ਇਹਨਾਂ ਅੱਗੇ ਮਰਨ ਵਾਲੀ ਦਾ ਵਾਸਤਾ ਪਾਉਨਾ ਕਈ ਵਾਰੀ। ਇਸੇ ਕਰਕੇ ਮੈਂ ਭਾਵੁਕ ਹੁੰਦਿਆਂ ਉਸ ਦਿਨ ਕਿਹਾ ਸੀ ਕਿ “ਕਾਕਾ! ਮਾਂ ਤੁਹਾਡੀ ਦਾ ਇਸ ਤਰ੍ਹਾਂ ਬੇ-ਵਕਤੇ ਤੁਰ ਜਾਣਾ ਸਾਡੇ ਲਈ ਪਹਿਲਾਂ ਹੀ ਕੁਵੇਲੇ ਵੱਜੀ ਸੱਟ ਐ।” ਅੱਗੋਂ ਮੈਨੂੰ ਅੱਧ-ਵਿਚਾਲਿਉਂ ਟੋਕਦਿਆਂ ਮੁੰਡਾ ਕਹਿੰਦਾ, “ਤੁਹਾਨੂੰ ਕਾਹਦਾ ਦੁੱਖ ਐ ਅਗਲੀ ਦੇ ਮਰਨ ਦਾ। ਤੁਹਾਡੇ ਤਾਂ ਸਗੋਂ ਸਾਰੇ ਦਰ ਖੁੱਲ੍ਹ ਗਏ ਮੌਜ-ਮਸਤੀ ਕਰਨ ਦੇ। ਤੁਹਾਡੇ ’ਤੇ ਤਾਂ ਲੱਗਦਾ ਇਸ ਉਮਰੇ ਜਵਾਨੀ ਮੁੜ ਛਾਲਾਂ ਮਾਰਦੀ ਆਣ ਉੱਤਰੀ ਐ।”

ਹੱਥੀਂ ਜੰਮੇ-ਪਾਲੇ ਦੇ ਮੂੰਹੋਂ ਸੁਣ ਕੇ ਮੈਂ ਕੱਚਾ ਜਿਹਾ ਹੋ ਗਿਆ ਸਾਂ। ਇਨ੍ਹਾਂ ਦੀਆਂ ਇਹੋ ਜਿਹੀਆਂ ਬੇ-ਤੁਕੀਆਂ ਟਕਾਉਣੀਆਂ ਕਰਕੇ ਹੀ ਮੈਂ ਇਨ੍ਹਾਂ ਅੱਗੇ ਹਰ ਵਾਰੀ ਨਿਰਉੱਤਰ ਹੋ ਜਾਨੈ ਤੇ ਛਿੱਥਾ ਜਿਹਾ ਪੈ ਕੇ ਬਿਟਬਿਟ ਝਾਕਦਾ ਰਹਿੰਦਾ ਹਾਂ ਇਨ੍ਹਾਂ ਦੇ ਚਿਹਰਿਆਂ ਵੱਲ।

ਮੈਂ ਸੋਚਦਾਂ ਕਿ ਦਲਜੀਤ ਦਾ ਨਾਮ ਸੁਣਦਿਆਂ ਜਿਵੇਂ ਦਾ ਇਹ ਵਿਹਾਰ ਕਰਨ ਲੱਗ ਜਾਂਦੇ ਨੇ, ਮੈਨੂੰ ਲੱਗਦਾ ਜਿਵੇਂ ਉਹਦੇ ਇਸ ਤਰ੍ਹਾਂ ਤੁਰ ਜਾਣ ਦਾ ਮੈਂ ਦੋਸ਼ੀ ਹੋਵਾਂ ਤੇ ਕਟਿਹਰੇ ਵਿਚ ਖੜ੍ਹਾ, ਆਪਣੇ ਤੇ ਲੱਗੇ ਇਨ੍ਹਾਂ ਇਲਜਾਮਾਂ ਦਾ ਸਾਹਮਣਾ ਕਰ ਰਿਹਾ ਹੋਵਾਂ। ਦਲਜੀਤ ਮਰੀ ਨੂੰ ਦੋ ਵਰ੍ਹੇ ਹੋਣ ਲੱਗੇ ਨੇ ਤੇ ਇਨ੍ਹਾਂ ਦੋ ਵਰ੍ਹਿਆਂ ਵਿਚ ਮੈਂ ਨਿੱਤ ਦਿਨ ਮਰਦਾਂ ਤੇ ਮਰ-ਮਰ ਕੇ ਜਿਊਨਾ

ਜਦੋਂ ਇਨ੍ਹਾਂ ਦੀਆਂ ਬੇ-ਤੁਕੀਆਂ ਗੱਲਾਂ ਦਾ ਕੋਈ ਵੀ ਸਿਰਾ ਹੱਥ ਨਹੀਂ ਲੱਗਦਾ, ਮੇਰੇ ਸੀਨੇ ਵਿਚ ਗੋਲੀ ਵਾਂਗ ਵੱਜਦੇ ਇਨ੍ਹਾਂ ਦੇ ਸਵਾਲਾਂ ਦੇ ਸਾਹਮਣੇ ਮੇਰੀਆਂ ਸਾਰੀਆਂ ਦਲੀਲਾਂ ਝੂਠੀਆਂ ਪੈਣ ਲੱਗਦੀਆਂ ਹਨ ਤਾਂ ਹਾਰ-ਹੰਭ ਕੇ ਮੈਂ ਪੈਰ ਘਸੀਟਦਾ ਆਪਣੇ ਕਮਰੇ ਅੰਦਰਲੀ ਕੰਧ ਨਾਲ ਟੰਗੀ ਦਲਜੀਤ ਦੀ ਫੋਟੋ ਸਾਹਮਣੇ ਜਾ ਖਲੋਂਦਾ ਹਾਂ। ਫੋਟੇ ਦੇ ਸੁਨਹਿਰੀ ਫਰੇਮ ਅੰਦਰ ਬੈਠੀ ਦਾ ਚਿਹਰਾ ਵੀ ਕਿੰਨਾ ਸਹਿਜ ਐ, ਕਿਸੇ ਤਪੱਸਵੀ ਵਾਂਗ। ਉਹਦੇ ਹੁੰਦਿਆਂ ਘਰ ਵਿਚ ਵੀ ਇਸੇ ਤਰ੍ਹਾਂ ਸਹਿਜਤਾ ਹੁੰਦੀ ਸੀ। ਪਰ ਇਹਦਾ ਘਰ ਦੇ ਜੀਆਂ ਨੂੰ ਇਸ ਤਰ੍ਹਾਂ ਅੱਧ-ਵਿਚਾਲੇ ਛੱਡ ਤੁਰ ਜਾਣਾ ਸਹਿਜ ਨਹੀਂ ਸੀ। ਸਾਡੀਆਂ ਅੱਖਾਂ ਸਾਹਮਣੇ ਉਹ ਤਿਲ-ਤਿਲ ਕਰਕੇ ਮਰੀ ਸੀ ਤੇ ਅਸੀਂ ਉਹਦੇ ਪੈਰਾਂ ਵੱਲ ਖੜ੍ਹੇ ਖਾਲੀ ਹੱਥ ਮਲਦੇ ਰਹਿ ਗਏ ਸਾਂ। ਉਹਦਾ ਪਲ-ਪਲ ਮੌਤ ਵੱਲ ਨੂੰ ਤੁਰੀ ਜਾਂਦੀ ਦਾ ਰੂਪੋਂ-ਕਰੂਪ ਹੋਇਆ ਚਿਹਰਾ ਅੱਖ ਝਪਕਦਿਆਂ ਮੇਰੇ ਸਾਹਮਣੇ ਆ ਖਲੋਂਦਾ ਹੈ, ਜਿਹਨੂੰ ਚੇਤੇ ਕਰਦਿਆਂ ਅਜੇ ਵੀ ਰੂਹ ਕੰਬਦੀ ਐ ਮੇਰੀ ਤੇ ਇਹ ਨਿਆਣੇ ਕਈ-ਕਈ ਰਾਤਾਂ ਚੱਜ ਨਾਲ ਸੁੱਤੇ ਨਹੀਂ ਸਨ ਤੇ ਕਈ ਚਿਰ ਅੱਧੀ-ਅੱਧੀ ਰਾਤ ਚਾਂਗਰਾਂ ਮਾਰਦੇ ਉੱਠ ਬੈਠਦੇ ਸਨ।

ਦਲਜੀਤ ਨਾਲ ਵਾਪਰੀ ਉਹ ਘਟਨਾ ਮੇਰੇ ਦਿਮਾਗ਼ ਦੇ ਕਿਸੇ ਖੂੰਜੇ ਵਿੱਚੋਂ ਮੁੜ ਕਿਸੇ ਡਰਾਉਣੀ ਫਿਲਮ ਵਾਂਗ ਸਾਕਾਰ ਹੋਣ ਲੱਗਦੀ ਐ। ਉਸ ਦਿਨ ਵੀ ਰੋਜ਼ ਵਾਂਗ ਹੀ ਕਿਸੇ ਕੰਮ ਧੰਦੇ ਨੂੰ ਮੈਂ ਚੰਗਾ ਭਲਾ ਉਹਦੇ ਲਾਗਿਉਂ ਉੱਠ ਕੇ ਘਰੋਂ ਨਿਕਲਿਆ ਸਾਂ। ਮੈਨੂੰ ਤੁਰਦੇ ਨੂੰ ਉਸ ਨੇ ਘਰ ਵਿਚ ਲਿਆਉਣ ਵਾਲੇ ਨਿਕਸੁਕ ਦਾ ਮੁੜ ਚੇਤਾ ਕਰਵਾਇਆ ਸੀ ਤੇ ਨਿੱਕੀਆਂ-ਨਿੱਕੀਆਂ ਗੱਲਾਂ ਕਰਦੀ, ਬਾਹਰਲੇ ਗੇਟ ਤੱਕ ਤੋਰਨ ਆਈ ਸੀ। ਉਸ ਨੇ ਗੁਲਾਬੀ ਰੰਗ ਦੀ ਟਾਵੀਂ-ਟਾਵੀਂ ਜਾਮਣੀ ਰੰਗ ਦੀ ਬੂਟੀ ਵਾਲੀ ਮੈਕਸੀ ਪਾਈ ਸੀ ਉਸ ਦਿਨ। ਉੱਪਰ ਲਈ ਚੁੰਨੀ ਨਾਲ ਆਪਣਾ ਆਪ ਢੱਕ ਵਲੇਟ ਕੇ ਖਲੋਤੀ, ਮੈਨੂੰ ਜਾਂਦੇ ਨੂੰ ਗਲੀ ਦੇ ਮੋੜ ਤੱਕ ਵਿਹੰਦੀ ਰਹੀ ਸੀ। ਮੈਂ ਵੀ ਮੋੜ ਤੱਕ ਜਾਂਦਿਆਂ-ਜਾਂਦਿਆਂ ਕਈ ਵਾਰੀ ਪਿੱਛੇ ਭੌਂਅ ਕੇ ਵੇਖਿਆ ਸੀ। ਚਿਹਰੇ ਤੇ ਫੈਲੀ ਹਲਕੀ-ਹਲਕੀ ਮੁਸਕਰਾਹਟ ਨਾਲ ਉਹ ਖੱਬਾ ਹੱਥ ਹਵਾ ਵਿਚ ਲਹਿਰਾ ਕੇ ਆਪਣਾ ਸਨੇਹ ਜਿਤਾਉਂਦੀ ਰਹੀ ਸੀ। ਇੰਝ ਹੀ ਤਾਂ ਸਵੇਰੇ ਉਸ ਨੇ ਬੱਚਿਆਂ ਨੂੰ ਵੀ ਪੜ੍ਹਨ ਜਾਣ ਵੇਲੇ ਤੋਰਿਆ ਸੀ।

ਘਰੋਂ ਤੁਰਿਆ ਮੈਂ ਬੱਸ ਸਟੈਂਡ ਵਾਲੇ ਚੌਂਕ ਲਾਗੇ ਵੀ ਨਹੀਂ ਸਾਂ ਅੱਪੜਿਆ, ਜਦੋਂ ਲਾਗਲੇ ਘਰੋਂ ਫੋਨ ਆ ਗਿਆ ਸੀ ਤੇ ਕੰਬਦੀ ਜਿਹੀ ਅਵਾਜ਼ ਵਿਚ ਕਾਹਲੀ-ਕਾਹਲੀ ਬੋਲਦੇ ਕੋਲੋਂ ਇੰਨਾ ਕੁ ਹੀ ਸੁਣਿਆ ਸੀ ਕਿ ਰਸੋਈ ਵਿਚ ਕੰਮ ਕਰਦਿਆਂ, ਦਲਜੀਤ ਦੇ ਕਪੜਿਆਂ ਨੂੰ ਅੱਗ ਆਣ ਪਈ ਐ ਤੇ ਨਾਲ ਹੀ ਜਲਦੀ ਘਰ ਪਹੁੰਚਣ ਲਈ ਕਹਿੰਦਿਆਂ ਫ਼ੋਨ ਬੰਦ ਹੋ ਗਿਆ ਸੀ। ਸੁਣਦਿਆਂ ਮੇਰੀਆਂ ਲੱਤਾਂ ਕੰਬਣ ਲੱਗੀਆਂ ਸਨ ਤੇ ਦਿਮਾਗ਼ ਚਕਰਾ ਗਿਆ ਸੀ। ਮੈਂ ਵਾਹੋ ਦਾਹੀ ਘਰ ਨੂੰ ਭੱਜਿਆ ਸਾਂ। ਆਪਣੇ ਘਰ ਨੂੰ ਮੁੜਦੀ ਗਲੀ ਦੇ ਮੋੜ ਤਕ ਆਉਂਦਿਆਂ ਮੇਰੀ ਹਾਰ ਹੋ ਗਈ ਸੀ। ਠੱਕ-ਠੱਕ ਕਰਕੇ ਵੱਜ ਰਿਹਾ ਕਲੇਜਾ ਮੇਰੇ ਵੱਸ ਨਹੀਂ ਸੀ ਆ ਰਿਹਾ ਤੇ ਨਾ ਹੀ ਮੇਰੇ ਵਿਚ ਸਾਹ-ਸੱਤ ਰਿਹਾ ਸੀ। ਪੈਰ ਮਣਾਂ-ਮੂੰਹੀਂ ਭਾਰੇ ਹੋ ਗਏ ਲੱਗਦੇ ਸਨ। ਝੂਠੀਆਂ ਪੈ ਰਹੀਆਂ ਲੱਤਾਂ ਦੇ ਸਹਾਰੇ ਮੈਥੋਂ ਅਗਾਂਹ ਪੈਰ ਨਹੀਂ ਸੀ ਪੁੱਟਿਆ ਜਾ ਰਿਹਾ। ਅੱਡੀਆਂ ਚੁੱਕ-ਚੁੱਕ ਇਕ-ਦੂਜੇ ਦੇ ਉੱਪਰੋਂ ਦੀ ਝਾਕਦੇ ਲੋਕਾਂ ਵਿਚ ਦੀ ਮੈਂ ਕਿਸੇ ਨਾ ਕਿਸੇ ਤਰ੍ਹਾਂ ਘਰ ਦੇ ਗੇਟ ਮੋਹਰੇ ਆਣ ਪਹੁੰਚਿਆ ਸਾਂ। ਮੈਂ ਵੇਖਿਆ ਅੰਦਰ ਬਾਹਰ ਧੂੰਆਂ-ਰੌਲੀ ਪਈ ਹੋਈ ਸੀ। ਜਲੀ ਹੋਈ ਚਮੜੀ ਦੀ ਹੁੰਮਕਾਰ ਦਿਮਾਗ਼ ਨੂੰ ਚੜ੍ਹ ਰਹੀ ਸੀ। ਸਾਹ ਲੈਂਦਿਆਂ ਦਮ ਘੁੱਟਦਾ ਸੀ ਤੇ ਮੁੜ-ਮੁ ਉੱਥੂ ਆਉਂਦਾ ਸੀ। ਦਲਜੀਤ ਕਾਲੇ ਰੰਗ ਦੇ ਧੁਆਂਖੇ ਜਿਹੇ ਕੰਬਲ ਹੇਠ ਮੂਧੜੇ-ਮੂੰਹ ਗੇਟ ਦੇ ਵਿਚਕਾਏ ਪਈ ਤੜਫ ਰਹੀ ਸੀ।

ਮੈਨੂੰ ਕੋਈ ਸਮਝ ਨਹੀਂ ਸੀ ਲੱਗ ਰਹੀ। ਇਉਂ ਲੱਗਦਾ ਸੀ ਜਿਵੇਂ ਦਿਮਾਗ਼ ਦੀਆਂ ਨਸਾਂ ਸੁੰਨ ਹੋ ਗਈਆਂ ਹੋਣ। ਮੇਰੀ ਇਸ ਹਾਲਤ ਨੂੰ ਭਾਂਪਦਿਆਂ ਹੱਟੀ ਵਾਲੇ ਰਾਜੂ ਦੀ ਵੱਡੀ ਝਾਈ ਨੇ ਕੋਲ ਖਲੋਤਿਆਂ ਨੂੰ ਕਿਹਾ ਸੀ, “ਅਗਲੀ ਦੀ ਜਾਨ ਲਬਾਂ ਤੇ ਆਈ ਐ। ਵੇਲਾ ਨਾ ਵੇਖੋ। ਜਗਰੂਪ ਦੇ ਪਿਉ ਨੂੰ ਕੁਝ ਨਹੀਂ ਸੁਝ ਰਿਹਾ। ਬੰਦਾ ਅੰਨਾ-ਕਮਲਾ ਹੋ ਜਾਂਦਾ, ਇਹੋ ਜਿਹੇ ਵੇਲਿਆਂ ਚ। ਛੇਤੀ ਕਰੋ ਤੇ ਵਿਚਾਰੀ ਨੂੰ ਕਿਤੇ ਡਾਕਟਰ ਦੇ ਪੁਚਾਉ ਜਾ ਕੇ। ਰੱਬ ਇਹਦੀ ਜਾਨ ਬਖ਼ਸ਼ੇ ਤੇ ਆਪਣੇ ਨਿੱਕੇ-ਨਿੱਕੇ ਜੀਆ-ਜੰਤ ਵਿਚ ਰਾਜ਼ੀ-ਖ਼ੁਸ਼ੀ ਰਹੇ।ਝਾਈ ਦੀ ਗੱਲ ਸੁਣਦਿਆਂ ਮੇਰਾ ਗੱਚ ਭਰ ਆਇਆ ਸੀ। ਕੀ ਕਰਾਂਗੇ ਅਸੀਂ? ਦਲਜੀਤ ਤੋਂ ਬਗੈਰ ਮੈਨੂੰ ਤਾਂ ਘਰ ਚੋਂ ਕਦੀ ਆਪਣੀ ਰੱਖੀ ਸ਼ੈਅ ਵੀ ਨਹੀਂ ਲੱਭਦੀ। ਇਨ੍ਹਾਂ ਸੋਚਾਂ ਨਾਲ ਮੇਰੇ ਦਿਲ ਨੂੰ ਡੋਬੂ ਪੈ ਰਹੇ ਸਨ।

ਆਂਢ-ਗੁਆਂਢ ਦੀ ਜੱਜਹਿਦ ਨਾਲ ਹਸਪਤਾਲ ਪਹੁੰਚੀ ਦਲਜੀਤ ਨੂੰ ਡਾਕਟਰ ਵੀ ਕਿੱਥੇ ਹੱਥ ਪਾਉਂਦੇ ਸੀ। ਕਿਸੇ ਹੋਰ ਝਮੇਲੇ ਤੋਂ ਡਰਦਿਆਂ ਐਵੇਂ ਆਨਾ-ਕਾਨੀ ਕਰਦੇ ਸਨ। ਅਖੇ, “ਪੁਲਸ ਕੇਸ ਐ, ਅਸੀਂ ਕੱਲ੍ਹ ਨੂੰ ਕਿਸੇ ਪਰੇਸ਼ਾਨੀ ਵਿਚ ਨਹੀਂ ਪੈਣਾ। ਜਵਾਨ-ਜਹਾਨ ਔਰਤ ਦਾ ਏਨੀ ਬੁਰੀ ਤਰ੍ਹਾਂ ਝੁਲਸ ਜਾਣਾ, ਹਰ ਵੇਖਣ-ਸੁਣਨ ਵਾਲੇ ਦੇ ਮਨ ਵਿਚ ਕਈ ਤਰ੍ਹਾਂ ਦੇ ਸ਼ੰਕੇ ਖੜ੍ਹੇ ਕਰਦਾ ਏ।” ਡਾਕਟਰ ਨੇ ਥੋੜ੍ਹਾ ਅਗਾਂਹ ਹੋ ਕੇ ਮੇਰੇ ਮੋਢੇ ਤੇ ਹੱਥ ਰੱਖਦਿਆਂ ਧਰਵਾਸ ਦੇਣ ਵਾਂਗ ਹਲੀਮੀ ਜਿਹੀ ਨਾਲ ਕਿਹਾ, “ਭਾਜੀ! ਤੁਹਾਡੇ ਤੇ ਪਈ ਇਸ ਮੁਸੀਬਤ ਨੂੰ ਚੰਗੀ ਤਰ੍ਹਾਂ ਸਮਝਦੇ ਹਾਂ ਅਸੀਂ। ਸਾਡੀ ਹਮਦਰਦੀ ਐ ਮਰੀਜ਼ ਨਾਲ ਵੀ ਤੇ ਤੁਹਾਡੇ ਨਾਲ ਵੀ, ਪਰ ਦੇਖੋ ਇਸ ਗੱਲ ਦਾ ਬੁਰਾ ਨਾ ਮੰਨਿਉਂ, ਦੁਨੀਆਂ ਤਾਂ ਅੱਜ-ਕੱਲ ਕੱਖਾਂ ਵਿਚ ਵਿਲੇਟੀ ਐ। ਬਾਅਦ ਵਿਚ ਘਰ-ਪਰਿਵਾਰ ਚੋਂ ਸੌ ਤਰ੍ਹਾਂ ਦੀਆਂ ਗੱਲਾਂ ਨਿੱਕਲਦੀਆਂ। ਅਗਲੀ ਦੇ ਮਾਪੇ ਆ ਕੇ ਹੋ-ਹੱਲਾ ਕਰਨ, ਆਪਾਂ ਰੋਜ਼ ਪੜ੍ਹਦੇ ਸੁਣਦੇ ਆਂ, ਫਿਰ ਸਿਆਣੇ-ਬਿਆਣੇ ਲੋਕ ਵੀ ਮੀਡੀਏ ਨੂੰ ਬੁਲਾਉਂਦੇ ਐ, ਤੇ  ਉਨ੍ਹਾਂ ਦੇ ਸਾਹਮਣੇ ਪਿੱਟ ਸਿਆਪਾ ਕਰਦੇ ਐ। ਤੈਸ਼ ਵਿਚ ਆਏ ਹਸਤਪਤਾਲਾਂ ਦੇ ਸ਼ੀਸ਼ੇ, ਫਰਨੀਚਰ ਵਗੈਰਾ ਭੰਨਣ ਨੂੰ ਦੋ ਮਿੰਟ ਲਾਉਂਦੇ ਐ। ਇਸ ਲਈ ਸਾਡੇ ਸਾਰਿਆਂ ਲਈ ਬਿਹਤਰ ਇਹੋ ਐ ਕਿ ਹੁਣ ਬਣੇ ਹਾਲਾਤ ਦਾ ਹੌਸਲੇ ਤੇ ਸਮਝਦਾਰੀ ਨਾਲ ਸਾਹਮਣਾ ਕਰੀਏ, ਤੇ ਇਹ ਕੇਸ ਪੁਲਸ ਦੀ ਜਾਣਕਾਰੀ ਵਿਚ ਲਿਆਈਏ ਪਹਿਲਾਂ। ਇੱਧਰ ਹਸਪਤਾਲ ਦਾ ਐਮਰਜੈਂਸੀ ਸਟਾਫ ਵੀ ਆਪਣੀ ਵਲੋਂ ਟਰੀਟਮੈਂਟ ਸ਼ੁਰੂ ਕਰਦਾ ਹੈ।”

ਡਾਕਟਰ ਦੀ ਠਰ੍ਹੰਮੇ ਨਾਲ ਕਹੀ ਗੱਲ ਨੂੰ ਮੰਨਦਿਆਂ ਗਲੀ ਮੁਹੱਲੇ ਵਿਚ ਆਪਣਾ ਅਸਰ-ਰਸੂਖ ਵਾਲੇ ਇਕ-ਦੋ ਜਣੇ ਸਬੰਧਤ ਥਾਣੇ ਵੱਲ ਰਿਪੋਰਟ ਕਰਨ ਚਲੇ ਗਏ ਸਨ। ਪੁਲਸ ਦੇ ਆਉਣ ਤੱਕ ਹਸਪਤਾਲ ਦੇ ਸਟਾਫ ਵਲੋਂ ਦਲਜੀਤ ਦੇ ਪੂਰੇ ਸਰੀਰ ਤੇ ਦਵਾਈ ਮਲ ਦਿੱਤੀ ਸੀ ਤੇ ਕੁਝ ਟੀਕੇ ਵੀ ਲਾ ਦਿੱਤੇ ਸਨ। ਜਿਸ ਨਾਲ ਉਸ ਨੂੰ ਬੇਸ਼ੱਕ ਥੋੜ੍ਹੀ ਰਾਹਤ ਤਾਂ ਮਿਲੀ ਲੱਗਦੀ ਸੀ, ਪਰ ਫਿਰ ਵੀ ਉਸ ਦੇ ਅੰਦਰਲਾ ਬੁਰੀ ਤਰ੍ਹਾਂ ਟੁੱਟ ਰਿਹਾ ਸੀ।

ਦੋ ਕੁ ਘੰਟੇ ਬਾਅਦ ਪੁਲਸ ਵੀ ਆਪਣੀ ਕਾਰਵਾਈ ਲਈ ਆਣ ਪਹੁੰਚੀ ਸੀ। ਮੁੱਢਲੀ ਜਾਣਕਾਰੀ ਲਈ ਉਨ੍ਹਾਂ ਨਿੱਕੀਆਂ-ਨਿੱਕੀਆਂ ਕਈ ਗੱਲਾਂ ਮੇਰੇ ਤੋਂ ਵੀ ਪੁੱਛੀਆਂ ਸਨ ਤੇ ਨਾਲ ਹੀ ਫਰਜ਼ੀ ਜਿਹਾ ਹੌਸਲਾ ਵੀ ਦਿੱਤਾ ਸੀ। ਐਮਰਜੈਂਸੀ ਵਾਰਡ ਦੀ ਆਖਰੀ ਨੁੱਕਰ ਵਿਚ ਡਿੱਠੇ ਦਲਜੀਤ ਦੇ ਬੈੱਡ ਦੇ ਬਿਲਕੁਲ ਨਾਲ ਕੁਰਸੀ ਡਾਹ ਕੇ ਬੈਠੇ ਥਾਣੇਦਾਰ ਨੂੰ ਕਈ ਜਵਾਬ ਤਾਂ ਦਲਜੀਤ ਨੇ ਹੌਲੀ ਜਿਹੀ ਹਾਂ ਜਾਂ ਨਾਂਹ ਵਿਚ ਸਿਰ ਹਿਲਾ ਕੇ ਹੀ ਦਿੱਤੇ ਸਨ। ਬਹੁਤ ਕੋਸ਼ਿਸ਼ ਕਰਨ ਤੇ ਮੱਧਮ ਜਿਹੀ ਅਵਾਜ਼ ਤੋਂ ਉਹਦੇ ਨਾਲ ਹੋਈ-ਬੀਤੀ ਬਾਰੇ ਏਨੀ ਕੁ ਹੀ ਸਮਝ ਲੱਗੀ ਸੀ ਕਿ ਉਸ ਵੇਲੇ ਗੈਸ ਤੇ ਦੁੱਧ ਵਾਲਾ ਪਤੀਲਾ ਰੱਖ ਕੇ ਹੀ ਉਹ ਮੈਨੂੰ ਗੇਟ ਤੱਕ ਤੋਰਨ ਆਈ ਸੀ। ਵਾਪਸ ਜਾ ਕੇ ਜਿਸ ਕੱਪੜੇ ਨਾਲ ਉਹ ਪਤੀਲਾ ਬਲਦੇ ਗੈਸ ਤੋਂ ਲਾਹੁਣ ਲੱਗੀ ਸੀ। ਕਿਤੇ ਬੇ-ਧਿਆਨੀ ਵਿਚ ਕੱਪੜੇ ਦੇ ਇਕ ਸਿਰੇ ਨੂੰ ਅੱਗ ਪੈ ਗਈ ਸੀ। ਜਿਸ ਦਾ ਸੇਕ ਉਹਦੇ ਹੱਥਾਂ ਨੂੰ ਪੈਣ ਕਰਕੇ ਬਲਦੇ ਕੱਪੜੇ ਸਣੇ ਗਰਮ ਦੁੱਧ ਵਾਲਾ ਪਤੀਲਾ, ਉਹਦੇ ਹੱਥੋਂ ਛੁੱਟ ਗਿਆ ਸੀ। ਹੇਠਾਂ ਡਿੱਗੇ ਬਲਦੇ ਕੱਪੜੇ ਤੋਂ ਅੱਗ ਕਿਸ ਵੇਲੇ ਉਹਦੇ ਗਲ਼ ਪਾਈ ਮੈਕਸੀ ਨੂੰ ਪੈ ਗਈ ਸੀ। ਇਹਦਾ ਉਹਨੂੰ ਵੀ ਪਤਾ ਨਹੀਂ ਸੀ ਚੱਲਿਆ। ਬਸ ਮੱਚੀ ਅੱਗ ਨੇ ਪਲਾਂ ਛਿਣਾਂ ਵਿਚ ਹੀ ਉਸ ਨੂੰ ਆਪਣੇ ਕਲਾਵੇ ਵਿਚ ਲੈ ਲਿਆ ਸੀ।

ਆਂਢੀ-ਗੁਆਂਢੀ ਵੀ ਤਾਂ ਇੰਝ ਹੀ ਦੱਸਦੇ ਸਨ, ਪਰ ਲੱਗਦਾ ਸੀ ਦਲਜੀਤ ਦੀਆਂ ਕਹੀਆਂ ਗੱਲਾਂ ਉੱਤੇ ਥਾਣੇਦਾਰ ਨੂੰ ਯਕੀਨ ਨਹੀਂ ਸੀ ਆ ਰਿਹਾ। ਤਾਂਹੀਉਂ ਹਸਪਤਾਲ ਦੀਆਂ ਪੌੜੀਆਂ ਉੱਤਰਦਿਆਂ ਮੇਰੇ ਮੋਢੇ ਤੇ ਹੱਥ ਧਰਦਿਆਂ ਉਸ ਨੇ ਕਿਹਾ ਸੀ, “ਸਰਦਾਰ ਸਾਹਿਬ, ਇੱਧਰੋਂ ਆਏ-ਗਏ ਨੂੰ ਨਿਪਟਾ ਕੇ, ਆਪਣੇ ਬੱਚਿਆਂ ਨਾਲ ਥਾਣੇ ਗੇੜਾ ਮਾਰਿਉ। ਕੁਝ ਮੁੱਢਲੀ ਜਿਹੀ ਪੁੱਛ-ਤਾਸ਼ ਉਹਨਾਂ ਤੋਂ ਵੀ ਕਰ ਲਈਏ। ਗਲੀ-ਗੁਆਂਢ ਚੋਂ ਪੜਤਾਲ ਕਰਨ ਲਈ ਪੁਲਿਸ ਪਾਰਟੀ ਭੇਜੀ ਹੋਈ ਐ, ਉਹ ਵੀ ਰਿਪੋਰਟ ਆ ਜਾਵੇਗੀ। ਫਿਰ ਵੇਖਦੇ ਆਂ ਕਿਸ ਨਤੀਜੇ ਤੇ ਪਹੁੰਚਦੇ ਆਂ ਅਸੀਂ।”

ਥਾਣੇਦਾਰ ਦੀ ਇਸ ਨਤੀਜੇ ਵਰਗੀ ਗੱਲ ਨੇ ਮੇਰੇ ਪੈਰਾਂ ਹੇਠੋਂ ਜ਼ਮੀਨ ਖਿਸਕਾ ਦਿੱਤੀ ਸੀ। ਪੌੜੀਆਂ ਦੇ ਸਭ ਤੋਂ ਹੇਠਲੇ ਸਟੈਪ ਤੇ ਰੇਲਿੰਗ ਦਾ ਸਹਾਰਾ ਲਈ ਖੜ੍ਹਾ ਮੈਂ ਤ੍ਰੇਲੀਉ-ਤ੍ਰੇਲੀ ਹੋ ਗਿਆ ਸਾਂ। ਕਈ ਤਰ੍ਹਾਂ ਦੇ ਚੰਦਰੇ ਤੇ ਡਰਾਉਣੇ ਖ਼ਿਆਲ ਵਾ-ਵਰੋਲੇ ਵਾਂਗ ਮੇਰੇ ਦਿਮਾਗ਼ ਦੀ ਕਿਸੇ ਨੁੱਕਰੋਂ ਇਕੱਠਿਆਂ ਉੱਠ ਖਲੋਤੇ ਸਨ।

ਇਨ੍ਹਾਂ ਵਾ-ਵਰੋਲਿਆਂ ਚੋਂ ਹੀ ਕਈ ਵਰ੍ਹੇ ਪਹਿਲਾਂ ਮੇਰੇ ਇਕ ਜਾਣਕਾਰ ਨਾਲ ਵਾਪਰੀ ਇਹੋ ਜਿਹੀ ਘਟਨਾ ਯਾਦ ਆਉਣ ਨਾਲ ਮੇਰੇ ਦਿਮਾਗ਼ ਦੀਆਂ ਨਸਾਂ ਵਿਚ ਕੀੜੀਆਂ ਤੁਰਨ ਲੱਗੀਆਂ ਸਨ। ਉਹਦੀ ਪਤਨੀ ਵੀ ਸਿਆਲੀ ਦਿਨਾਂ ਵਿਚ ਨਹਾਉਣ ਵੇਲੇ ਗੈਸ ਵਾਲੇ ਗੀਜਰ ਦੀ ਜ਼ਹਿਰੀਲੀ ਗੈਸ ਚੜ੍ਹਨ ਕਰਕੇ ਮੌਤ ਦੇ ਮੂੰਹ ਵਿਚ ਜਾ ਪਈ ਸੀ। ਆਂਢ-ਗੁਆਂਢ ਦੀ ਮਦਦ ਨਾਲ ਬਾਥਰੂਮ ਦਾ ਦਰਵਾਜ਼ਾ ਭੰਨ ਕੇ ਅਗਲੀ ਨੂੰ ਬਾਹਰ ਕੱਢਿਆ ਸੀ। ਸਾਰਾ ਮੁਹੱਲਾ ਇਸ ਵਾਪਰੀ ਘਟਨਾ ਦੇ ਇਕ-ਇਕ ਪਹਿਲੂ ਨੂੰ ਜਾਣਦਾ ਸੀ, ਪਰ ਉਸ ਸ਼ਰੀਫ਼ ਆਦਮੀ ਦੇ ਹੱਕ ਵਿਚ ਕੋਈ ਵੀ ਨਹੀਂ ਸੀ ਬੋਲਿਆ, ਸਾਰੇ ਦੇ ਸਾਰੇ ਕੰਨੀ ਕਤਰਾ ਗਏ ਸਨ। ਜਨਾਨੀਬਾਜ਼ ਹੋਣ ਵਰਗੇ ਇਲਜ਼ਾਮ ਉਹਦੇ ਸਿਰ ਮੜ੍ਹ ਕੇ ਮਰਨ ਵਾਲੀ ਦੇ ਮਾਪਿਆਂ ਉਹਦੇ ਤੇ ਕਤਲ ਦਾ ਕੇਸ ਦਰਜ ਕਰਵਾ ਕੇ ਸਾਹ ਲਿਆ ਸੀ। ਅੰਤਿਮ ਰਸਮਾਂ ਤਾਂ ਦੂਰ, ਪੂਰੀ ਹੋਈ ਪਤਨੀ ਦਾ ਆਖਰੀ ਵਾਰ ਮੂੰਹ ਵੇਖਣਾ ਵੀ ਨਸੀਬ ਨਹੀਂ ਸੀ ਹੋਇਆ ਉਹਨੂੰ। ਕਈ ਤਰ੍ਹਾਂ ਦੀ ਜਲੀਲਤਾ ਨੂੰ ਭੋਗਦਾ ਉਹ ਕਈ ਵਰ੍ਹੇ ਹਵਾਲਾਤਾਂ ਅਤੇ ਜੇਲ੍ਹਾਂ ਦੀ ਹਵਾ ਫੱਕਦਾ, ਆਪਣੇ ਆਪ ਨੂੰ ਬੇਕਸੂਰ ਸਿੱਧ ਕਰਨ ਲੱਗਿਆ ਰਿਹਾ ਸੀ। ਜਦੋਂ ਤੀਕ ਸਬੂਤ ਉਹਦੇ ਹੱਕ ਵਿਚ ਹੋਏ ਸਨ, ਉਦੋਂ ਤੀਕ ਨਾ ਕਿਧਰੇ ਉਹਦਾ ਘਰ ਰਿਹਾ ਸੀ ਤੇ ਨਾ ਹੀ ਪਰਿਵਾਰ। ਨਮੋਸ਼ੀ ਅਤੇ ਜਲੀਲਤਾ ਦੇ ਮਣਾਂ-ਮੂੰਹੀਂ ਭਾਰ ਹੇਠ ਨੱਪਿਆ, ਉਹ ਪਤਾ ਨਹੀਂ ਕਿੱਧਰ ਨੂੰ ਮੂੰਹ ਚੁੱਕ ਨਿੱਕਲ ਗਿਆ ਸੀ। ਅੱਜ ਤੱਕ ਮੁੜ ਉਹਦਾ ਕੋਈ ਥਹੁ-ਪਤਾ ਨਹੀਂ ਲੱਗਿਆ।

ਦਿਮਾਗ਼ ਵਿੱਚੋਂ ਉੱਠ ਰਹੀਆਂ ਇਨ੍ਹਾਂ ਘੁੰਮਣ-ਘੇਰੀਆਂ ਨੇ ਮੇਰੇ ਵਿਚ ਰਹਿੰਦਾ-ਖੂੰਹਦਾ ਸਾਹ-ਸੱਤ ਵੀ ਸੂਤ ਲਿਆ ਸੀ। ਵਾਰਡ ਅੰਦਰ ਪਈ ਦਲਜੀਤ ਕੋਲ ਵਾਪਸ ਜਾਣ ਲਈ ਪੌੜੀਆਂ ਚੜ੍ਹਨਾ ਮੇਰੇ ਵਾਸਤੇ ਕਿਸੇ ਨੈਣਾਂ ਦੇਵੀ ਦੇ ਮੰਦਰ ਦੀ ਚੜ੍ਹਾਈ ਤੋਂ ਘੱਟ ਨਹੀਂ ਸੀ ਲੱਗ ਰਿਹਾ। ਫਿਰ ਵੀ ਮੈਂ ਲੱਤਾਂ ਧੂੰਹਦਾ ਕਿਸੇ ਨਾ ਕਿਸੇ ਤਰੀਕੇ ਵਾਪਸ ਉਹਦੇ ਕੋਲ ਜਾ ਪਹੁੰਚਿਆ ਸਾਂ। ਹਸਪਤਾਲ ਦੇ ਸਟਾਫ਼ ਨੇ ਦਲਜੀਤ ਦੇ ਬੈੱਡ ਦੁਆਲੇ ਮੱਛਰਦਾਨੀ ਤਾਣ ਦਿੱਤੀ ਸੀ। ਮੇਰੇ ਵਿਚ ਮੱਛਰਦਾਨੀ ਦਾ ਪਰਦਾ ਚੁੱਕ ਕੇ ਅੰਦਰ ਝਾਕਣ ਦੀ ਹਿੰਮਤ ਨਹੀਂ ਸੀ ਪੈ ਰਹੀ। ਮੈਂ ਉਹਦੇ ਪੈਰਾਂ ਵੱਲ ਖੜ੍ਹਾ ਮੱਛਰਦਾਨੀ ਦੇ ਮਹੀਨ ਜਾਲੀਦਾਰ ਪਰਦੇ ਵਿੱਚੋਂ ਦੀ ਉਹਦੇ ਚਿਹਰੇ ਵੱਲ ਝਾਕਣ ਦੀ ਕੋਸ਼ਿਸ਼ ਕਰ ਰਿਹਾ ਸਾਂ।

ਪਤਾ ਨਹੀਂ ਉਹਨੂੰ ਲਾਏ ਜਾ ਰਹੇ ਟੀਕੇ ਤੇ ਦਵਾਈਆਂ ਦਾ ਅਸਰ ਸੀ ਜਾਂ ਕੁਝ ਹੋਰ, ਉਹ ਹੁਣ ਅਡੋਲ ਪਈ ਸੀ। ਮੂੰਹ ਤੋਂ ਮੱਖੀ ਉਡਾਉਣ ਵਰਗੀ ਕੋਈ ਹਿਲਜੁਲ ਉਹਦੇ ਸਰੀਰ ਵਿਚ ਨਹੀਂ ਸੀ ਹੋ ਰਹੀ। ਮੇਰੇ ਦਿਲ ਨੂੰ ਡੋਬੂ ਪੈ ਰਹੇ ਸਨ। ਮੈਂ ਚਾਹੁੰਦਾ ਸਾਂ ਦਲਜੀਤ ਨਿਗ੍ਹਾ ਭਰ ਕੇ ਮੇਰੇ ਵੱਲ ਵੇਖੇ ਤੇ ਮੇਰੇ ਦਿਲ ਅਤੇ ਦਿਮਾਗ਼ ਦੇ ਧੁਰ ਅੰਦਰ ਹੋ ਰਹੇ ਇਨ੍ਹਾਂ ਮਾਰੂ ਖ਼ਿਆਲਾਂ ਦੇ ਮਹਾਂ-ਯੁੱਧ ਨੂੰ ਸਮਝੇ, ਜਿਵੇਂ ਪਹਿਲਾਂ ਵੇਖਦਿਆਂ ਹੀ ਸਮਝ ਜਾਂਦੀ ਹੁੰਦੀ ਸੀ। ਉਹਦੀ ਪੈਰੋ-ਪੈਰ ਮੱਠੀ ਪੈਂਦੀ ਜਾ ਰਹੀ ਹਰ ਤਰ੍ਹਾਂ ਦੀ ਹਿਲਜੁਲ ਮੇਰੀਆਂ ਡਰਾਉਣੀਆਂ ਸੋਚਾਂ ਨੂੰ ਹੋਰ ਜਰਬਾਂ ਦੇ ਰਹੀ ਸੀ।

ਹਸਪਤਾਲ ਦਲਜੀਤ ਨੂੰ ਲੈ ਕੇ ਆਏ ਆਂਢੀ-ਗੁਆਂਢੀ ਤੇ ਹੋਰ ਜਾਣਕਾਰ ਕੋਈ ਨਾ ਕੋਈ ਕੰਮ ਦੱਸਦਿਆਂ ਹੌਲੀ-ਹੌਲੀ ਸਾਰੇ ਹੀ ਚਲੇ ਗਏ ਸਨ। ਮੈਂ ਬੈੱਡ ਲਾਗੇ ਖਲੋਤੇ ਨੇ ਅਣਮੰਨੇ ਜਿਹੇ ਮਨ ਨਾਲ ਚਾਰੇ ਪਾਸੇ ਧੌਣ ਭੁੰਆਂ ਕੇ ਵਾਰਡ ਦਾ ਮੁਆਇਨਾ ਕੀਤਾ। ਵਾਰਡ ਅੰਦਰਲੇ ਦੋ-ਚਾਰ ਮਰੀਜ਼ ਆਪੋ-ਆਪਣੇ ਬੈੱਡਾਂ ਤੇ ਕੋਈ ਅੱਧ-ਲੇਟਿਆ ਜਿਹਾ ਤੇ ਕੋਈ ਢੋਹ ਲਾ ਕੇ ਬੈਠਾ ਸੀ। ਕਿਸੇ ਇਕ-ਅੱਧ ਦੇ ਮੱਠਾ-ਮੱਠਾ ਹੂੰਗਣ ਤੋਂ ਬਿਨਾਂ ਹੋਰ ਬਿਲਕੁਲ ਚੁੱਪਚਾਪ। ਨਾਲ ਆਏ ਉਹਨਾਂ ਦੇ ਵਾਰਸ ਵੀ ਆਪਣੇ ਮਰੀਜ਼ਾਂ ਦੇ ਲਾਗੇ-ਚਾਗੇ ਹੀ ਬੈਠੇ ਸਨ। ਕੋਈ ਵੀ ਬਹੁਤਾ ਬੋਲ-ਚਾਲ ਨਹੀਂ ਸੀ ਰਿਹਾ। ਬਸ ਤੈਰਦੀ ਜਿਹੀ ਨਜ਼ਰੇ ਮੇਰੇ ਵੱਲ ਬਿਟਰ-ਬਿਟਰ ਝਾਕ ਰਹੇ ਸਨ। ਮੈਂ ਉਹਨਾਂ ਦੀ ਇਸ ਤਿਰਸ਼ੀ ਨਜ਼ਰ ਤੋਂ ਹੋਰ ਵੀ ਘਬਰਾ ਰਿਹਾ ਸਾਂ। ਆਪਣੀ ਇਸ ਘਬਰਾਹਟ ਨੂੰ ਛੁਪਾਉਣ ਲਈ ਤੇ ਹੋਰ ਕਿਸੇ ਕਿਸਮ ਦੀ ਬੇਲੋੜੀ ਪੁੱਛਗਿੱਛ ਤੋਂ ਬਚਣ ਲਈ ਮੈਂ ਉਹਨਾਂ ਵੱਲੋਂ ਜਾਣ ਬੁੱਝ ਕੇ ਅੱਖਾਂ ਫੇਰ ਲਈਆਂ ਸਨ, ਮੇਰੇ ਧੁਰ ਅੰਦਰਲੇ ਮਾਰੂ ਖ਼ਿਆਲਾਂ ਦਾ ਯੁੱਧ ਅਜੇ ਵੀ ਸਿਖ਼ਰ ਤੇ ਸੀ। ਮੱਥੇ ਤੇ ਟਪਕਦੀਆਂ ਪਸੀਨੇ ਦੀਆਂ ਬੂੰਦਾਂ ਨੂੰ ਮੈਂ ਤਹਿ ਕੀਤੇ ਰੁਮਾਲ ਨਾਲ ਮੁੜ-ਮੁੜ ਪੁੰਝਦਾ ਸਾਂ।

ਮੇਰੇ ਵਿਚ ਹੁਣ ਖੜ੍ਹੇ ਹੋਣ ਦੀ ਰੱਤੀ ਭਰ ਵੀ ਹਿੰਮਤ ਨਹੀਂ ਸੀ ਬਚੀ। ਕਈ ਚਿਰ ਤੋਂ ਖਲੋਤੇ ਰਹਿਣ ਕਰਕੇ ਅੰਗ-ਅੰਗ ਦੁਖਣ ਲੱਗਿਆ ਸੀ ਤੇ ਮੈਂ ਕੋਈ ਆਸਰਾ ਲੱਭਦਾ ਸਾਂ, ਦੋ ਘੜੀਆਂ ਚੈਨ ਨਾਲ ਬਹਿਣ ਲਈ। ਹਾਰ ਹੰਭ ਕੇ ਮੈਂ ਦਰਵਾਜ਼ਿਉਂ ਪਰ੍ਹਾਂ ਹਟਵੇਂ ਡਿੱਠੇ ਖ਼ਾਲੀ ਬੈਂਚ ਤੇ ਜਾ ਬੈਠਿਆ ਸਾਂ ਤੇ ਦਿਮਾਗ਼ ਅੰਦਰਲੀਆਂ ਗਿਣਤੀਆਂ-ਮਿਣਤੀਆਂ ਦੁਬਾਰਾ ਦੁਹਰਾਉਣ ਲੱਗਿਆ ਸਾਂ। ਜਦੋਂ ਦਾ ਦਲਜੀਤ ਦੇ ਮਾਪਿਆਂ ਨੂੰ ਉਹਦੇ ਨਾਲ ਵਾਪਰੀ ਹੋਣੀ ਬਾਰੇ ਪਤਾ ਚੱਲਿਆ, ਉਹ ਉਸ ਵੇਲੇ ਦੇ ਹੀ ਕਰਨਾਲ ਤੋਂ ਚੱਲ ਪਏ ਸਨ। ਸ਼ਾਮ ਤੀਕ ਉਨ੍ਹਾਂ ਵੀ ਇੱਥੇ ਆਣ ਪਹੁੰਚਣਾ ਸੀ। ਪਤਾ ਨਹੀਂ ਸਿੱਧੇ ਹਸਪਤਾਲ ਆਉਂਦੇ ਨੇ ਜਾਂ ਫਿਰ ਘਰ ਜਾਂਦੇ ਐ, ਇਕੱਲੇ ਆਪ ਆ ਰਹੇ ਐ ਜਾਂ ਹੋਰ ਰਿਸ਼ਤੇਦਾਰ ਵੀ ਨਾਲ ਨੇ ਉਹਨਾਂ ਦੇ। ਆਉਂਦਿਆਂ ਕਿੰਝ ਦਾ ਵਿਉਹਾਰ ਕਰਦੇ ਐ, ਕੁਝ ਵੀ ਸੁੱਝ ਨਹੀਂ ਸੀ ਰਿਹਾ।  ਮੈਂ ਇਨ੍ਹਾਂ ਅਜੀਬ ਜਿਹੀਆਂ ਗਿਣਤੀਆਂ-ਮਿਣਤੀਆਂ ਦੇ ਚੱਕਰਵਿਊ ਵਿਚ ਧਸਦਾ ਜਾ ਰਿਹਾ ਸਾਂ।

ਬੈਠਾ-ਬੈਠਾ ਮੈਂ ਕਦੀ-ਕਦਾਈਂ ਸਿਰ ਉੱਪਰ ਚੁੱਕ ਕੇ ਹਸਪਤਾਲ ਦੇ ਅੰਦਰ ਆਉਂਦੇ ਜਾਂਦੇ ਲੋਕਾਂ ਨੂੰ ਵੇਖਣ ਲੱਗਦਾ ਸਾਂ, ਮੈਨੂੰ ਖੌਫ਼ ਆਉਣ ਲੱਗਿਆ ਸੀ ਉਹਨਾਂ ਤੋਂ। ਐਵੇਂ ਅਣਕਿਆਸੀ ਭੀੜ ਤੁਰੀ ਫਿਰਦੀ ਸੀ, ਦਗੜ-ਦਗੜ ਕਰਦੀ। ਇਸ ਭੀੜ ਅੰਦਰਲੇ ਬਹੁਤੇ ਲੋਕ ਮੈਨੂੰ ਸਾਜਸ਼ੀ ਲੱਗਦੇ ਸਨ। ਇੱਧਰ-ਉੱਧਰ ਜਾਂਦਿਆਂ ਜਦ ਉਹ ਟੇਡੀ ਜਿਹੀ ਅੱਖ ਨਾਲ ਮੇਰੇ ਵੱਲ ਝਾਕ ਕੇ ਲੰਘਦੇ ਸਨ, ਤਾਂ ਮੈਨੂੰ ਉਨ੍ਹਾਂ ਦੀ ਵੇਖਣੀ ਸਾਫ਼ ਨਹੀਂ ਸੀ ਲੱਗਦੀ। ਕਿਤੇ ਨਾ ਕਿਤੇ ਉਹਨਾਂ ਦੀ ਨੀਅਤ ਵਿਚ ਖੋਟ ਲੱਗਦਾ ਸੀ। ਇਉਂ ਜਾਪਦਾ ਸੀ ਜਿਵੇਂ ਇਹ ਕਿਸੇ ਮੌਕੇ ਦੀ ਤਲਾਸ਼ ਵਿਚ ਹੋਣ ਕਿ ਕਦੋਂ ਕੋਈ ਮੇਰੇ ਵਿਰੋਧ ਥੋੜ੍ਹੀ-ਬਹੁਤੀ ਵੀ ਗੱਲ ਸ਼ੁਰੂ ਹੋਵੇ ਤੇ ਇਹ ਝਟਪਟ ਆਪਣੇ ਤੇ ਮੇਰੇ ਵਿਚਕਾਰ, ਜ਼ਮੀਨ ਤੇ ਵਗੀ ਲਕੀਰ ਛਾਲਾਂ ਮਾਰਦੇ ਟੱਪ ਕੇ ਮੈਦਾਨ ਵਿਚ ਆਣ ਨਿੱਤਰਨਗੇ। ਪਲਾਂ-ਛਿਣਾਂ ਵਿਚ ਆਪਣਾ ਕੰਮ ਤਮਾਮ ਕਰਕੇ ਫਿਰ ਭੀੜ ਵਿਚ ਅਲੋਪ ਹੋ ਜਾਣਗੇ। ਇੰਨਾ ਕੁ ਹੀ ਰੋਲ ਹੁੰਦਾ ਭੀੜ ਅੰਦਰਲੇ ਇਨ੍ਹਾਂ ਲੋਕਾਂ ਦਾ।

ਮੇਰਾ ਧਿਆਨ ਵਾਰਡ ਅੰਦਰ ਪਈ ਦਲਜੀਤ ਵੱਲ ਜਾਂਦਾ ਹੈ, ਜਿਹੜੀ ਹੁਣ ਬੋਲ-ਚਾਲ ਵੀ ਨਹੀਂ ਰਹੀ ਤੇ ਨਾ ਹੀ ਅੱਗਿਉਂ ਕੋਈ ਬਹੁਤਾ ਹੂੰ-ਹੂੰਗਾਰਾ ਭਰਦੀ ਸੀ। ਮੈਂ ਸੋਚਦੈਂ ਕਿ ਉਹ ਤਾਂ ਮੇਰੇ ਬਾਰੇ ਇਹੋ ਜਿਹਾ ਕੁਝ ਸੁਫਨੇ ਵਿਚ ਵੀ ਨਹੀਂ ਸੋਚ ਸਕਦੀ। ਉਹਦੇ ਹੁੰਦਿਆਂ ਕੋਈ ਮੇਰਾ ਵਾਲ ਵੀ ਵਿੰਗਾ ਨਹੀਂ ਕਰ ਸਕਦਾ। ਫਿਰ ਸੋਚਦਾਂ ਕਿ ਉਹ ਵੀ ਜ਼ਿੰਦਗੀ ਦੇ ਜਿਸ ਮੋੜ ਤੇ ਖੜ੍ਹੀ ਐ ਇਸ ਵੇਲੇ, ਕੀ ਕਰੂ, ਜਦੋਂ ਹੋਰ ਕਈ ਜਣੇਂ ਇਹਦੀ ਵਾਹ ਪੇਸ਼ ਨਾ ਜਾਣ ਦੇਣਗੇ। ਜਿਵੇਂ ਥੋੜ੍ਹਾ ਸਮਾਂ ਪਹਿਲਾਂ ਬਿਆਨ ਲੈਣ ਆਇਆ ਥਾਣੇਦਾਰ, ਹੂੰਗਦੀ ਦਲਜੀਤ ਦੇ ਨੇੜੇ ਬੈਠਾ, ਉਸ ਨੂੰ ਮੁੜ-ਮੁੜ ਕਹਿ ਰਿਹਾ ਸੀ, “ਮੈਡਮ, ਤੁਹਾਨੂੰ ਕਿਸੇ ਕੋਲੋਂ ਡਰਨ ਦੀ ਲੋੜ ਨਹੀਂ, ਅਸੀਂ ਹਰ ਤਰ੍ਹਾਂ ਤੁਹਾਡੇ ਨਾਲ ਹਾਂ।” ਫਿਰ ਉਸ ਨੇ ਸ਼ੱਕੀ ਜਿਹੀ ਨਿਗ੍ਹਾ ਨਾਲ ਮੇਰੇ ਵੱਲ ਝਾਕਿਆ ਸੀ ਤੇ ਪਤਾ ਨਹੀਂ ਕੀ ਸੋਚ ਕੇ ਸਿਰ ਦੇ ਇਸ਼ਾਰੇ ਨਾਲ ਮੈਨੂੰ ਥੋੜ੍ਹਾ ਪਰ੍ਹਾਂ ਜਾਣ ਨੂੰ ਕਿਹਾ ਸੀ। ਮੈਂ ਹਟਵਾਂ ਖਲੋਤਾ ਵੀ ਲਾਚਾਰਗੀ ਜਿਹੀ ਨਾਲ ਉਨ੍ਹਾਂ ਵੱਲ ਝਾਕ ਰਿਹਾ ਸਾਂ। ਥਾਣੇਦਾਰ ਉਹਦੇ ਕੰਨ ਲਾਗੇ ਮੂੰਹ ਕਰਕੇ ਕੁਝ ਕਹਿੰਦਾ ਸੀ ਤੇ ਉਹ ਅੱਗਿਉਂ ਕਦੀ ਨਾਂਹ ਵਿਚ ਕਦੇ ਹਾਂ ਵਿਚ ਮੱਠਾ-ਮੱਠਾ ਸਿਰ ਹਿਲਾਉਂਦੀ ਸੀ, ਜਿਸ ਤੋਂ ਮੈਂ ਕੋਈ ਵੀ ਅੰਦਾਜ਼ਾ ਨਹੀਂ ਸਾਂ ਲਾ ਸਕਿਆ। ਬਸ ਅੰਦਰੋਂ-ਅੰਦਰੋਂ ਕਿਰਦਾ ਤੇ ਖੁਰਦਾ ਜਾ ਰਿਹਾ ਸਾਂ।

ਬੈਂਚ ਤੇ ਬੈਠੇ-ਬੈਠੇ ਦਾ ਮੇਰਾ ਸਰੀਰ ਸੁੰਨ ਹੁੰਦਾ ਜਾ ਰਿਹਾ ਸੀ। ਦੋਵੇਂ ਨਿਆਣੇ ਵੀ ਕਦੋਂ ਦੇ ਆਣ ਕੇ ਮੇਰੇ ਆਸੇ-ਪਾਸੇ ਮੇਰੇ ਨਾਲ ਲੱਗ ਕੇ ਨਿੰਮੋਝੂਣੇ ਹੋਏ ਬੈਠ ਗਏ ਸਨ। ਉਨ੍ਹਾਂ ਆਪਣੀਆਂ ਧੌਣਾਂ ਹੇਠਾਂ ਨੂੰ ਸੁੱਟੀਆਂ ਹੋਈਆਂ ਸਨ। ਚੁੱਪ ਦੀ ਸੰਘਣੀ ਚਾਦਰ ਉਨ੍ਹਾਂ ਦੇ ਮਸੂਮ ਚਿਹਰਿਆਂ ਤੇ ਤਣੀ ਹੋਈ ਸੀ। ਮੈਂ ਦੋਹਾਂ ਨੂੰ ਆਪਣੀਆਂ ਨਿਰਜਿੰਦ ਹੋਈਆਂ ਬਾਹਾਂ ਦੇ ਕਲਾਵੇ ਵਿਚ ਲੈਣ ਦੀ ਕੋਸ਼ਿਸ਼ ਕਰਦਾ ਹਾਂ। ਮੇਰੀ ਭੁੱਬ ਨਿਕਲਦੀ-ਨਿਕਲਦੀ ਮਸਾਂ ਮੇਰੇ ਕਾਬੂ ਵਿਚ ਆਉਂਦੀ ਹੈ। ਮੈਨੂੰ ਪਤੈ ਦਲਜੀਤ ਦੇ ਸਾਥ ਬਿਨਾਂ ਅਸੀਂ ਤਿੰਨਾਂ ਰੁਲ ਜਾਣਾ।

ਇਹੋ ਜਿਹੀ ਉਧੇੜ-ਬੁਣ ਵਿਚ ਪਤਾ ਨਹੀਂ ਕਦੋਂ ਦੀ ਰਾਤ ਆਣ ਉੱਤਰੀ ਸੀ। ਹਸਪਤਾਲ ਵਿਚ ਜਗਦੀਆਂ ਲਾਈਟਾਂ ਦੇ ਚਾਨਣ ਵਿਚ ਵੀ ਸਾਡੇ ਸਾਹਮਣੇ ਘੁੱਪ ਹਨੇਰਾ ਪਸਰਿਆ ਹੋਇਆ ਸੀ। ਇਸ ਅਣਕਿਆਸੇ ਹਨੇਰੇ ਦੀ ਸੰਘਣੀ ਪਰਤ ਵਿੱਚੋਂ ਮੈਂ ਦਲਜੀਤ ਦੇ ਨਕਸ਼ ਤਲਾਸ਼ ਰਿਹਾ ਸਾਂ। ਨਿਰਾਸ਼ਤਾ ਤੋਂ ਬਿਨਾਂ ਸਾਡੇ ਪੱਲੇ ਕੁਝ ਵੀ ਨਹੀਂ ਸੀ ਪੈ ਰਿਹਾ।

ਦਿਨ ਭਰ ਦੀ ਅਵਾਜਾਰੀ ਅਤੇ ਸਫ਼ਰ ਦੇ ਭੰਨੇ ਦਲਜੀਤ ਦੇ ਮੰਮੀ ਡੈਡੀ ਵੀ ਆਣ ਪਹੁੰਚੇ ਸਨ। ਇਉਂ ਲੱਗਦਾ ਸੀ ਜਿਉਂ ਦਲਜੀਤ ਉਨ੍ਹਾਂ ਨੂੰ ਹੀ ਉਡੀਕਦੀ ਪਈ ਸੀ। ਬਜ਼ੁਰਗ ਬਾਪ ਨੇ ਅੱਗੇ ਹੋ ਕੇ ਧੀ ਦੇ ਸਿਰ ਹੱਥ ਧਰਿਆ ਸੀ। ਮਾਂ ਨੇ ਸਿਰਹਾਣੇ ਲਾਗੇ ਬਹਿੰਦਿਆਂ ਦਲਜੀਤ ਦਾ ਸਿਰ ਆਪਣੇ ਗੋਡੇ ਤੇ ਟਿਕਾਇਆ ਸੀ। ਬਸ ਇਕ ਵੇਰਾਂ ਉਸ ਨੇ ਤੈਰਦੀ ਜਿਹੀ ਨਜ਼ਰੇ ਪਹਿਲਾਂ ਸਿਰਹਾਣੇ ਬੈਠੀ ਮਾਂ ਵੱਲ ਤੇ ਬੈੱਡ ਦੇ ਆਸ-ਪਾਸ ਸਾਡੇ ਖਲੋਤਿਆਂ ਵੱਲ ਵੇਖਿਆ ਸੀ। ਫਿਰ ਉਸ ਨੇ ਨਜ਼ਰਾਂ ਫੇਰ ਲਈਆਂ ਸਨ ਤੇ ਹੌਲੀ-ਹੌਲੀ ਉਸਦੀਆਂ ਪਲਕਾਂ ਦੇ ਬੂਹੇ ਢੁਕਦੇ ਜਾ ਰਹੇ ਸਨ। ਹਸਪਤਾਲ ਦੇ ਸਟਾਫ ਵਲੋਂ ਬਥੇਰੀ ਵਾਹ ਲਾਈ ਸੀ ਉਹਨੂੰ ਬਚਾਉਣ ਦੀ, ਪਰ ਸਾਡੇ ਵਿਹੰਦਿਆਂ-ਵਿਹੰਦਿਆਂ ਉਸ ਨੇ ਦੋ-ਤਿੰਨ ਵਾਰ ਹਲਕੀ ਜਿਹੀ ਹਿਚਕੀ ਲਈ ਸੀ ਤੇ ਉਸਦੀਆਂ ਅੱਖਾਂ ਤਾੜੇ ਜਾ ਲੱਗੀਆਂ ਸਨ। ਟੁੱਟਵੇਂ ਜਿਹੇ ਆਖ਼ਰੀ ਸਾਹਾਂ ਦੀ ਹਲਕੀ ਜਿਹੀ ਫੂਕ ਇਕ ਦੋ ਵਾਰ ਬਾਹਰ ਨਿਕਲੀ ਸੀ। ਸਾਹਾਂ ਦੀ ਤੰਦ ਟੁੱਟਦਿਆਂ ਸਾਰ ਉਹਦੀ ਨਿਰਜਿੰਦ ਹੋਈ ਧੌਣ ਇਕ ਪਾਸੇ ਨੂੰ ਟੇਢੀ ਹੋ ਗਈ ਸੀ ਤੇ ਉਹ ਸਹਿਜ ਹੋ ਗਈ ਸੀ। ਦਲਜੀਤ ਦੀ ਮੰਮੀ ਨੇ ਉਹਦੇ ਉੱਪਰ ਵਾਲਾ ਕੱਪੜਾ ਛਾਤੀ ਤੋਂ ਖਿੱਚਦਿਆਂ ਉਹਦਾ ਮੂੰਹ ਕੱਜ ਦਿੱਤਾ ਸੀ ਤੇ ਅਸਮਾਨ ਪਾੜਵੀਆਂ ਧਾਹਾਂ ਨਾਲ ਆਸਾ ਪਾਸਾ ਕੁਰਲਾ ਉੱਠਿਆ ਸੀ।

ਉਹਦੀ ਏਨੀ ਕੁ ਸਾਂਝ ਸੀ ਸਾਡੇ ਸਾਰਿਆਂ ਨਾਲ। ਆਪਣੇ ਹਿੱਸੇ ਦੀਆਂ ਸਾਰੀਆਂ ਜ਼ਿੰਮੇਵਾਰੀਆਂ ਅੱਧ-ਵਿਚਾਲੇ ਛੱਡਦੀ, ਇਸ ਕੰਧ ਨਾਲ ਟੰਗੀ ਫੋਟੋ ਦੇ ਫਰੇਮ ਵਿਚ ਜਾ ਬੈਠੀ ਸੀ ਉਹ, ਜਿਸ ਅੱਗੇ ਖਲੋਤਾ ਮੈਂ ਘਰ ਵਿਚ ਸਾਡੇ ਤਿੰਨਾਂ ਵਿਚਾਲੇ ਪਈ ਇਸ ਨਵੀਂ ਲੀਲ੍ਹਾ ਬਾਰੇ ਸੋਚ ਰਿਹਾ ਹਾਂ, ਜਿਸ ਦਾ ਕੋਈ ਸਿਰਾ ਮੇਰੇ ਹੱਥ ਨਹੀਂ ਲੱਗ ਰਿਹਾ।

ਮੈਨੂੰ ਇਸ ਤਰ੍ਹਾਂ ਖਲੋਤੇ ਨੂੰ ਦੋਵੇਂ ਝਾਕਦੇ ਨੇ ਵਾਰੋ ਵਾਰੀ। ਮੈਨੂੰ ਪਤੈ ਇਹ ਕੁਝ ਨਾ ਕੁਝ ਫਿਰ ਕਹਿਣਗੇ ਅਵੱਲਾ-ਸੁਵੱਲਾ। ਮੈਂ ਕਈ ਵਾਰੀ ਸੋਚਦਾਂ ਕਿ ਇਨ੍ਹਾਂ ਦੋਵਾਂ ਦਾ ਇਹ ਵੱਢ ਖਾਣ ਵਾਲਾ ਵਿਉਹਾਰ ਪਹਿਲੇ ਦਿਨ ਤੋਂ ਤਾਂ ਨਹੀਂ ਸੀ। ਦਲਜੀਤ ਦੇ ਇਸ ਤਰ੍ਹਾਂ ਹੋ ਜਾਣ ਤੋਂ ਬਾਅਦ ਤਾਂ ਮੇਰਾ ਭੋਰਾ ਵਿਸਾਹ ਨਹੀਂ ਸਨ ਖਾਂਦੇ। ਲੰਘੇ ਦੋ ਸਾਲ ਜਿਵੇਂ ਮੈਂ ਇਨ੍ਹਾਂ ਦਾ ਖ਼ਿਆਲ ਰੱਖਦਾ ਰਿਹਾਂ, ਉਵੇਂ ਇਨ੍ਹਾਂ ਆਪਣੀ ਉਮਰ ਤੋਂ ਵੀ ਸਿਆਣਿਆਂ ਵਾਂਗ ਮੇਰੀ ਹਰ ਲੋੜ ਦਾ ਧਿਆਨ ਰੱਖਿਆ ਸੀ। ਆਹ ਤਾਂ ਥੋੜ੍ਹੇ ਦਿਨ ਪਹਿਲਾਂ ਜਦੋਂ ਦਾ ਇਹਨਾਂ ਨੂੰ ਮੇਰੇ ਤੇ ਗੁਰਮੀਤ ਬਾਰੇ ਭਿਣਕ ਪਈ ਐ, ਉਦੋਂ ਤੋਂ ਹੀ ਪੁੱਠੀਆਂ ਚੁੱਕੀਆਂ ਇਨ੍ਹਾਂ ਨੇ।

ਮੈਂ ਤਾਂ ਆਪਣੇ ਵੱਲੋਂ ਬਥੇਰਾ ਲੁਕ-ਲੁਕਾ ਰੱਖਣ ਦੀ ਕੋਸ਼ਿਸ਼ ਕੀਤੀ ਸੀ। ਹਰ ਕਦਮ ਫੂਕ-ਫੂਕ ਰੱਖਦਾ ਰਿਹਾ। ਪਰ ਅੱਜ ਕੱਲ ਦੇ ਇਸ ਅਗਲੇ ਪੋਚ ਤੋਂ ਕਿੱਥੇ ਛਿਪੇ ਰਿਹਾ ਜਾ ਸਕਦੈ, ਜਿਹੜੇ ਵਾਲ ਦੀ ਖੱਲ ਲਾਹੁਣ ਤੱਕ ਜਾਂਦੇ ਐ ਤੇ ਆਨੇ-ਬਹਾਨੇ ਕੋਈ ਨਾ ਕੋਈ ਗੱਲ ਛੋਹੀ ਰੱਖਦੇ ਐ। ਇਸੇ ਤਰ੍ਹਾਂ ਤਾਂ ਉਸ ਦਿਨ ਰੋਟੀ ਰੱਖਣ ਆਈ ਸਿਮਰਨ ਨੇ ਗੱਲ ਛੇੜਦਿਆਂ ਕਿਹਾ ਸੀ, “ਭਾਪਾ! ਅਸੀਂ ਕਿਹੜੀ ਗੱਲ ਦਾ ਖ਼ਿਆਲ ਨਹੀਂ ਰੱਖਦੇ ਤੁਹਾਡਾ। ਲੀੜਾ ਕੱਪੜਾ ਧੋਤਾ ਬਣਿਆ ਮਿਲਦਾ ਐ ਨਾ ਤੁਹਾਨੂੰ। ਕੋਈ ਕਸਰ ਸਾਡੇ ਵਲੋਂ ਰਹਿੰਦੀ ਐ ਤਾਂ ਉਹ ਦੱਸੋ?

ਕੀ ਦੱਸਦਾ? ਬਿਟਰ-ਬਿਟਰ ਸਿਮਰਨ ਵੱਲ ਤੱਕਦਿਆਂ ਸੋਚਦੈਂ ਕਿ ਮੁਟਿਆਰ ਧੀ ਐ। ਕਿੰਝ ਸਮਝਾਵਾਂ ਇਹਨੂੰ ਕਿ ਬੰਦੇ ਦੀਆਂ ਸਾਰੀਆਂ ਲੋੜਾਂ ਕੱਪੜਿਆਂ ਦੀਆਂ ਤੈਹਾਂ ਹੇਠ ਨਹੀਂ ਨਪੀਆਂ ਜਾਂਦੀਆਂ ਤੇ ਨਾਲ ਹੀ ਐਤਕੀਂ ਗਰਮੀਆਂ ਵਿਚ ਸ਼ਹਿਰ ਦੇ ਬਾਈਪਾਸ ਤੇ ਜਾਂਦਿਆਂ ਮੇਰੇ ਨਾਲ ਵਾਪਰੀ ਘਟਨਾ ਮੇਰੇ ਅੱਗਿਉਂ ਦੀ ਗੁਜ਼ਰਦੀ ਹੈ। ਸਿਖਰ ਦੁਪਹਿਰ ਲੱਗੀ ਸੀ। ਕਿਸੇ ਜ਼ਰੂਰੀ ਕੰਮ ਲਈ ਉੱਧਰ ਨੂੰ ਨਿਕਲਿਆ ਸਾਂ। ਰਾਹ ਜਾਂਦਿਆਂ ਹੀ ਸੜਕ ਦੇ ਕੰਢੇ ਖੜ੍ਹੀਆਂ ਦੋ ਅੱਧਖੜ੍ਹ ਉਮਰ ਦੀਆਂ ਜ਼ਨਾਨੀਆਂ ਅਗਲੇ ਮੋੜ ਤਕ ਜਾਣ ਲਈ ਮੇਰੇ ਪਿੱਛੇ ਬੈਠ ਗਈਆਂ ਸਨ। ਉਹਨਾਂ ਦੀ ਨਿੱਕੀ-ਮੋਟੀ ਗੱਲਬਾਤ ਵਿਚ ਮੈਂ ਵੀ ਆਪਣੀ ਆਦਤ ਮੂਜਬ ਹਿੱਸਾ ਲੈਣ ਲੱਗਿਆ ਸਾਂ ਤੇ ਇਸੇ ਹਿੱਸੇਦਾਰੀ ਵਿੱਚੋਂ ਸ਼ੁਰੂ ਹੋਈ ਗੱਲਬਾਤ ਕਈ ਮੋੜ ਕੱਟ ਗਈ ਸੀ। ਅੰਤ ਉਨ੍ਹਾਂ ਵਿੱਚੋਂ ਇਕ ਜਣੀ ਨੇ ਇਹ ਕਹਿੰਦਿਆਂ ਮੇਰੇ ਅੰਦਰਲੀਆਂ ਖਾਹਿਸ਼ਾਂ ਵਿਚ ਖਲਬਲੀ ਮਚਾ ਦਿੱਤੀ ਸੀ, ਜਗ੍ਹਾ ਸਾਡੇ ਕੋਲ ਹੈਗੀ ਐ, ਪੰਜ ਕੁ ਸੌ ਦਾ ਖ਼ਰਚਾ ਐ ਭਾਜੀ।ਸੁਣ ਕੇ ਮੈਂ ਦੁਚਿੱਤੀ ਵਿਚ ਪੈ ਗਿਆ ਸਾਂ, ਪਰ ਮੇਰੇ ਪਿੱਛੇ ਬਿਲਕੁਲ ਨਾਲ ਲੱਗ ਕੇ ਬੈਠੀਆਂ ਦੇ ਗੁੰਦਵੇਂ ਤੇ ਤਰਾਸ਼ੇ ਸਰੀਰਾਂ ਦੇ ਅਹਿਸਾਸ ਨਾਲ ਮੈਥੋਂ ਨਾਂਹ ਨਹੀਂ ਸੀ ਹੋਈ। ਉਨ੍ਹਾਂ ਵਿੱਚੋਂ ਇਕ ਜਣੀ ਨੇ ਫੋਨ ਤੇ ਕਿਸੇ ਨਾਲ ਗੱਲ ਕੀਤੀ ਸੀ ਤੇ ਫਿਰ ਮੈਨੂੰ ਕਿਸੇ ਨਵੀਂ ਕੱਟੀ ਕਲੌਨੀ ਵੱਲ ਮੋਟਰ ਸਾਇਕਲ ਲੈ ਜਾਣ ਨੂੰ ਕਿਹਾ ਸੀ। ਮੈਂ ਕਿਸੇ ਅਣਕਿਆਸੇ ਚਾਅ ਵਿਚ, ਕਲੋਨੀ ਦੀਆਂ ਉੱਭੜ-ਖਾਬੜ ਸੜਕਾਂ ਉੱਪਰ, ਚਿਹਰੇ ਤੇ ਸ਼ਰਾਫ਼ਤ ਦਾ ਮੁਜ਼ਾਹਰਾ ਕਰਦਿਆਂ ਮੋਟਰ ਸਾਈਕਲ ਦੁੜਾ ਰਿਹਾ ਸਾਂ। ਮੇਰੇ ਪਿੱਛੇ ਬੈਠੀ ਉਹ ਔਰਤ ਮੇਰੀ ਵੱਖੀ ਲਾਗਿਉਂ ਦੀ ਬਾਂਹ ਕੱਢ ਕੇ ਕਦੇ ਖੱਬੇ ਮੁੜਨ ਦਾ ਇਸ਼ਾਰਾ ਕਰਦੀ ਤੇ ਕਦੇ ਸੱਜੇ ਮੈਂ ਵੀ ਬੜੇ ਸਾਊਆਂ ਵਾਂਗ ਉਹਦੇ ਕਹੇ ਦਾ ਪਾਲਣ ਕਰ ਰਿਹਾ ਸਾਂ। ਅਸੀਂ ਸੱਜੇ-ਖੱਬੇ ਮੁੜਦਿਆਂ ਉਸ ਕਲੋਨੀ ਦੀਆਂ ਸੜਕਾਂ ਦੇ ਕਈ ਗੇੜੇ ਕੱਢ ਲਏ ਸਨ। ਉਹਨਾਂ ਇਕ ਦੋ ਵਾਰੀ ਫ਼ੋਨ ਵੀ ਕੀਤਾ ਸੀ, ਪਰ ਉਹਨਾਂ ਨੂੰ ਅੱਗਿਉਂ ਹਰੀ ਝੰਡੀ ਨਹੀਂ ਸੀ ਮਿਲ ਰਹੀ ਲਗਦੀ, ਤਾਂ ਹੀ ਉਹ ਥੋੜ੍ਹਾ ਹੋਰ ਥੋੜ੍ਹਾ ਹੋਰ ਕਹਿੰਦਿਆਂ ਘੰਟਾ ਭਰ ਇੱਧਰ-ਉੱਧਰ ਘੁੰਮਾਉਂਦੀਆਂ ਰਹੀਆਂ ਸਨ। ਕਲੋਨੀ ਵਿਚ ਕਿਤੇ ਕਿਤੇ ਹੀ ਕੋਈ ਘਰ ਅਜੇ ਉੱਸਰਿਆ ਸੀ। ਤਿੱਖੜ ਦੁਪਿਹਰ ਲੱਗੀ ਹੋਣ ਕਰਕੇ ਸੜਕ ਤੇ ਵੀ ਕੋਈ ਵਿਰਲਾ ਟਾਂਵਾਂ ਹੀ ਫਿਰਦਾ ਦਿਸਦਾ ਸੀ। ਜਿਉਂ-ਜਿਉਂ ਸਮਾਂ ਟੱਪਦਾ ਜਾ ਰਿਹਾ ਸੀ ਤਿਉਂ-ਤਿਉਂ ਮੇਰੇ ਅੰਦਰਲੀ ਉਤਸੁਕਤਾ ਸਿਖਰ ਤੇ ਪਹੁੰਚ ਰਹੀ ਸੀ। ਮੁੜ-ਮੁੜ ਮੇਰੇ ਦਿਮਾਗ਼ ਦੇ ਧੁਰ ਅੰਦਰੋਂ ਕਰੰਟ ਵਰਗੀ ਕੋਈ ਲਹਿਰ ਜਿਹੀ ਉੱਠਦੀ ਸੀ, ਜਿਹੜੀ ਮੇਰੇ ਅੰਦਰ ਅਜੀਬ ਜਿਹੀ ਝੁਣਝੁਣੀ ਛੇੜਦੀ, ਪੈਰਾਂ ਵੱਲ ਨੂੰ ਦੌੜਦੀ ਸੀ। ਮੋਟਰਸਾਈਕਲ ਦੇ ਹੈਂਡਲ ਤੇ ਦੋਵੇਂ ਪਾਸੇ ਲੱਗੇ ਸ਼ੀਸ਼ਿਆਂ ਵਿਚ ਦੀ ਮੈਂ ਪਿੱਛੇ ਬੈਠੀਆਂ ਦੋਹਾਂ ਦੇ ਥੋੜ੍ਹੇ-ਥੋੜ੍ਹੇ ਦਿਸਦੇ ਚਿਹਰਿਆਂ ਨੂੰ ਮੁੜ-ਮੁੜ ਨਿਹਾਰਦਾ ਸਾਂ ਤੇ ਮਨ ਹੀ ਮਨ ਵਿਚ ਕਈ ਤਰ੍ਹਾਂ ਦੇ ਖਿਆਲ ਢਾਹੁੰਦਾ ਤੇ ਉਸਾਰਦਾ ਸਾਂ। ਸ਼ਾਇਦ ਇਸੇ ਕਰਕੇ ਕਿਸੇ ਗੁੱਝੇ ਚਾਅ ਵਿਚ ਉਸ ਦਿਨ ਕੜਕਦੀ ਧੁੱਪ ਦੀ ਵੀ ਬਹੁਤੀ ਪਰਵਾਹ ਨਹੀਂ ਸੀ ਮੈਨੂੰ। ਮੈਨੂੰ ਲੱਗਿਆ ਜਿਵੇਂ ਮੇਰੇ ਪਿੱਛੇ ਬੈਠੀਆਂ ਨੂੰ ਹਰੀ ਝੰਡੀ ਮਿਲ ਗਈ ਸੀ। ਇਸੇ ਕਰਕੇ ਉਹਨਾਂ ਤਿਰਸ਼ੇ ਜਿਹੇ ਮੋੜ ਤੋਂ ਮੁੜਦਿਆਂ ਸੜਕ ਦੇ ਅੰਤ ਤੇ ਜਾ ਕੇ ਬਰੇਕ ਮਾਰਨ ਲਈ ਕਿਹਾ ਸੀਮੰਜ਼ਿਲ ਨੇੜੇ ਆਈ ਵੇਖ ਮੇਰੇ ਸਾਹ ਤੇਜ਼ ਹੋ ਗਏ ਸਨ ਤੇ ਸ਼ਰੀਰ ਵਿਚ ਫੁਰਤੀ ਆ ਗਈ ਸੀ। ਮੈਂ ਮੋਟਰਸਾਈਕਲ ਦਾ ਹੈਂਡਲ ਸਵਾਰ ਕੇ ਫੜਦਿਆਂ ਸਪੀਡ ਵਾਲੀ ਸੂਈ ਉੱਪਰ ਚੁੱਕ ਦਿੱਤੀ ਸੀ। ਮੇਰੇ ਤੋਂ ਮੇਰੇ ਅੰਦਰਲਾ ਚਾਅ ਸਾਂਭਿਆ ਨਹੀਂ ਸੀ ਜਾ ਰਿਹਾ ਤੇ ਢਿੱਡ ਵਿਚ ਫੁੱਟਦੇ ਖ਼ੁਸ਼ੀ ਦੇ ਲੱਡੂ ਮੈਨੂੰ ਹਵਾ ਵਿਚ ਬਿਨ ਖੰਭੋਂ ਉਡਾ ਰਹੇ ਸਨ। ਆਖ਼ਰੀ ਮੋੜ ਤੋਂ ਅਜੇ ਅਸੀਂ ਥੋੜ੍ਹਾ ਪਿੱਛੇ ਹੀ ਸਾਂ ਜਦੋਂ ਵੱਡੇ ਮੋਟਰਸਾਈਕਲ ’ਤੇ ਮੇਰੇ ਤੋਂ ਵੀ ਅੱਗੇ ਲੰਘਦਿਆਂ ਦੋ ਪੁਲਸ ਵਾਲਿਆਂ ਨੇ ਰੁਕਣ ਦਾ ਇਸ਼ਾਰਾ ਕੀਤਾ ਸੀ। ਜਿਨ੍ਹਾਂ ਨੂੰ ਵੇਖਦਿਆਂ ਮੇਰੇ ਤੋਤੇ ਉੱਡ ਗਏ ਸਨ ਤੇ ਮੇਰੇ ਤੋਂ ਮਸਾਂ ਬਰੇਕ ਵੱਜੀ ਸੀ। ਖਲੋਤਾ ਮੋਟਰਸਾਈਕਲ ਵੀ ਮੇਰੇ ਤੋਂ ਸਾਂਭਿਆ ਨਹੀਂ ਸੀ ਜਾ ਰਿਹਾ ਤੇ ਮੈਂ ਡਿੱਗਣੋਂ ਮਸਾਂ ਹੀ ਬਚਿਆ ਸਾਂ।

“ਗਿਆਨੀ ਕਿੱਧਰ? ਉਨ੍ਹਾਂ ਵਿੱਚੋਂ ਇਕ ਜਣਾ ਮੇਰੇ ਉੱਤਰੇ ਹੋਏ ਚਿਹਰੇ ਵੱਲ ਵੇਖਦਾ ਬੋਲਿਆ ਸੀ।

“ਇੱਧਰ ਪਲਾਟ ਵੇਖਣ ਆਏ ਸਾਂ ਜੀ।” ਮੇਰੇ ਤੋਂ ਥਿਰਕਦੀ ਜ਼ੁਬਾਨੇ ਮਰੀਅਲ ਜਿਹੀ ਅਵਾਜ਼ ਵਿਚ ਮਸਾਂ ਕਹਿ ਹੋਇਆ ਸੀ।

“ਇਹ ਬੀਬੀਆਂ ਕੌਣ ਨੇ, ਜਿਹੜੀਆਂ ਸਿਖਰ ਦੁਪਹਿਰੇ ਮਗਰ ਬਿਠਾਈ ਫਿਰਦੈਂ? ਦੂਜਾ ਮੁਲਾਜਮ ਪਿੱਛੇ ਖਲੋਤੀਆਂ ਜ਼ਨਾਨੀਆਂ ਵੱਲ ਮੂੰਹ ਕਰਕੇ ਬੋਲਿਆ ਸੀ।

“ਪਤਾ ਨਹੀਂ ਸਰ, ਇਨ੍ਹਾਂ ਨੇ ਵੀ ਕਿਤੇ ਇੱਧਰ ਹੀ ਆਉਣਾ ਸੀ, ਤੇ ਮੇਰੇ ਪਿੱਛੇ ਬੈਠ ਗਈਆਂ।”

“ਪਿਛਲੇ ਇਕ ਘੰਟੇ ਤੋਂ ਇਨ੍ਹਾਂ ਨੂੰ ਲੈ ਕੇ ਇੱਧਰ-ਉੱਧਰ ਘੁੰਮੀ ਜਾਨੈਂ ਅਵਾਰਾ ਗਰਦੀ ਕਰਦਾ। ਕਿਹੜਾ ਪਿਉ ਵਾਲਾ ਪਲਾਟ ਐ, ਜਿਹੜਾ ਤੈਨੂੰ ਨਹੀਂ ਲੱਭਿਆ ਹੁਣ ਤੱਕ।” ਸੁਣ ਕੇ ਮੈਂ ਠਠੰਬਰ ਗਿਆ ਸਾਂ। ਮੈਨੂੰ ਅੱਗਿਉਂ ਕੋਈ ਜਵਾਬ ਨਹੀਂ ਸੀ ਅਹੁੜਿਆ।

“ਤੁਹਾਨੂੰ ਉਸ ਦਿਨ ਨਹੀਂ ਸੀ ਲੱਗੀ, ਫਿਰ ਨਿੱਕਲ ਤੁਰੀਆਂ ਜੇ।” ਸਾਡੇ ਤੋਂ ਥੋੜ੍ਹਾ ਹਟਵਾਂ ਖਲੋਤੀਆਂ ਉਨ੍ਹਾਂ ਦੋਹਾਂ ਔਰਤਾਂ ਵੱਲ ਵੇਖਦਿਆਂ ਪਹਿਲੇ ਨੇ ਉਨ੍ਹਾਂ ਨੂੰ ਵੀ ਦਬਕਾ ਮਾਰਿਆ ਸੀ।

“ਭਾਜੀ, ਖ਼ਰਚੇ-ਵਰਚੇ ਦੀ ਤੰਗੀ ਕਰਕੇ ਈ ਆਉਣਾ ਪੈਂਦਾ, ਉਂਝ ਕੀਹਦਾ ਜੀਅ ਕਰਦਾ ਇੰਝ ਧੱਕੇ ਖਾਣ ਨੂੰ।” ਮੈਂ ਵੇਖਿਆ ਉਨ੍ਹਾਂ ਦੇ ਚਿਹਰੇ ਤੇ ਕੋਈ ਬਹੁਤਾ ਡਰ ਖੌਫ਼ ਨਹੀਂ ਸੀ ਤੇ ਲੱਗਦਾ ਸੀ ਜਿਵੇਂ ਉਹ ਇਕ ਦੂਜੇ ਨੂੰ ਪਹਿਲਾਂ ਤੋਂ ਹੀ ਪਛਾਣਦੇ ਹੋਣ।

“ਕਿਤੇ ਐੱਸ.ਐੱਚ.ਓ. ਸਾਹਬ ਨੇ ਦੋਬਾਰਾ ਵੇਖ ਲਿਆ ਤਾਂ ਤੁਹਾਥੋਂ ਜਮਾਨਤ ਨਹੀਂ ਹੋਣੀ ਇਸ ਵਾਰ। ਵਗ ਜੋ ਇੱਥੋਂ ਭਲੀਆਂ ਮਾਣਸ ਬਣ ਕੇ।” ਪੁਲਸ ਵਾਲਿਆਂ ਦਾ ਝੂਠਾ ਜਿਹਾ ਦਬਕਾ ਸੁਣ ਕੇ ਉਹ ਖਾਲੀ ਪਲਾਟਾਂ ਵਿੱਚੋਂ ਦੀ ਉੱਗੇ ਕੱਖ-ਕਾਨ ਦੀ ਪਰਵਾਹ ਕੀਤੇ ਬਗੈਰ ਤਿੱਤਰ ਹੋ ਗਈਆਂ ਸਨ

ਮੈਂ ਧੌਣ ਸੁੱਟੀ ਆਪਣੇ ਬਾਰੇ ਸੋਚ ਰਿਹਾ ਸਾਂ। ਸ਼ਰਮਿੰਦਗੀ ਅਤੇ ਨਮੋਸ਼ੀ ਕਰਕੇ ਮੇਰੇ ਵਿਚ ਅੱਖ ਚੁੱਕ ਕੇ ਵੇਖਣ ਦੀ ਹਿੰਮਤ ਨਹੀਂ ਸੀ ਬਚੀ। ਪਸੀਨੇ ਦੀਆਂ ਘਰਾਲ਼ਾਂ ਵਗ-ਵਗ ਕੇ ਫਿਕਸੋ ਲੱਗੀ ਦਾਹੜੀ ਦੇ ਵਾਲ ਵੀ ਚਿਪ-ਚਿਪੇ ਜਿਹੇ ਹੋ ਕੇ ਖਿੰਡਰ-ਪੁੰਡਰ ਗਏ ਸਨ।

“ਗੁਰਬਾਜ! ਜ਼ਰਾ ਲੈ ਖਾਂ ਗਿਆਨੀ ਦੀ ਤਲਾਸ਼ੀ। ਇਹੋ ਜਿਹੇ ਪੁੜੀਆਂ-ਪੜੀਆਂ ਦੇ ਨਾਲ ਮੌਜ-ਮਸਤੀ ਵਾਸਤੇ ਹੋਰ ਵੀ ਸਮਾਨ ਜੇਬ ਵਿਚ ਪਾ ਕੇ ਰੱਖਦੇ ਐ।” ਦੂਜਾ ਮੁਲਾਜਮ ਅੱਗੇ ਹੋ ਕੇ ਮੇਰੀਆਂ ਜੇਬਾਂ ਫਰੋਲਣ ਲੱਗਿਆ ਸੀ। ਮੈਂ ਡਰਦਾ ਮਾਰਾ ਚੁੱਪਚਾਪ ਉਹਦੇ ਸਾਹਮਣੇ ਖੜ੍ਹਾ ਸਾਂ। ਉਸ ਨੇ ਮੇਰੀ ਉੱਪਰਲੀ ਜੇਬ ਵਿੱਚੋਂ ਮੋਬਾਇਲ ਕੱਢ ਕੇ ਡਾਇਲ ਕੀਤੇ ਨੰਬਰਾਂ ਵਾਲੀ ਸੂਚੀ ਫਰੋਲਦਿਆਂ ਪੁੱਛਿਆ, “ਆਹ ਜੁਗਰਾਜ ਕੌਣ ਐ, ਬੜੀ ਵਾਰੀ ਫੋਨ ਕੀਤਾ ਈ ਇਹਨੂੰ।”

ਮੇਰੇ ਤੋਂ ਕੰਬਦੀ ਜਿਹੀ ਅਵਾਜ਼ ਵਿਚ ਕਹਿ ਹੋਇਆ ਸੀ, “ਜਨਾਬ! ਲੜਕਾ ਮੇਰਾ, ਕਾਲਜ ਪੜ੍ਹਦਾ ਪਹਿਲੇ ਸਾਲ।” ਮੇਰੇ ਮੂੰਹੋਂ ਸੁਣਦੇ ਸਾਰ ਉਹਦੇ ਚਿਹਰੇ ਤੇ ਖਚਰੀ ਜਿਹੀ ਰਵਾਨੀ ਪਸਰ ਗਈ ਸੀ। ਮੇਰੀ ਗੱਲ ਨੂੰ ਅੱਧ ਵਿੱਚੋਂ ਹੀ ਬੋਚ ਲਿਆ ਸੀ ਉਹਨੇ ਤੇ ਕਿਹਾ, “ਅੱਛਾ! ਫਿਰ ਕਰਕੇ ਫੋਨ ਮੁੰਡੇ ਨੂੰ ਦੱਸੀਏ ਪਿਉ ਦੀਆਂ ਕਾਰਸ਼ਤਾਨੀਆਂ। ਇੱਥੇ ਹੀ ਬੁਲਾ ਲਈਨੇ ਐਂ ਉਹਨੂੰ ਵੀ। ਜ਼ਰਾ ਭਾਪੇ ਦੇ ਲਾਈਵ ਸ਼ੋਅ ਦਾ ਨਜ਼ਾਰਾ ਵੇਖ ਲਏ ਉਹ ਵੀ।” ਨਾਲ ਹੀ ਉਸ ਨੇ ਆਪਣੇ ਅੰਗੂਠੇ ਦਾ ਪੋਟਾ ਡਾਇਲ ਕਰਨ ਵਾਲੇ ਨੰਬਰ ਤੇ ਰੱਖ ਦਿੱਤਾ ਸੀ, ਜਿਹਨੂੰ ਵੇਖਦਿਆਂ ਤ੍ਰਾਹ ਨਿਕਲ ਗਿਆ ਸੀ ਮੇਰਾ ਸਾਹ ਉਤਾਂਹ ਦਾ ਉਤਾਂਹ ਹੀ ਰਹਿ ਗਿਆ ਸੀ। ਮੈਨੂੰ ਲੱਗਿਆ ਜਿਵੇਂ ਉਸ ਨੇ ਅੰਗੂਠਾ ਕਿਸੇ ਬਟਨ ਤੇ ਨਹੀਂ ਬਲਕਿ ਮੇਰੀ ਸੰਘੀ ਵਿਚ ਦਿੱਤਾ ਹੋਵੇ, ਤੇ ਮੈਂ ਕਿਸੇ ਜਿਬਾਹ ਹੋ ਰਹੇ ਜਾਨਵਰ ਵਾਂਗ ਆਪਣੀ ਜਾਨ ਬਖ਼ਸ਼ੀ ਲਈ ਹੱਥ-ਪੈਰ ਮਾਰਦਿਆਂ ਹਾੜ੍ਹੇ ਕੱਢ ਰਿਹਾ ਸਾਂ।

“ਨਾ ਜਨਾਬ ਜੀ, ਇੰਝ ਨਾ ਕਰਿਉ ਕਿਤੇ। ਘਰ-ਬਾਹਰ ਮਿੱਟੀ ਪਲੀਤ ਹੋ ਜਾਏਗੀ ਮੇਰੀ। ਐਵੇਂ ਮੱਤ ਤੇ ਪਰਦਾ ਪੈ ਗਿਆ ਸੀ।” ਮੈਂ ਉਹਨਾਂ ਦੇ ਗੋਡਿਆਂ ਤੇ ਝੁਕਦਿਆਂ ਲਿਲਕੜੀਆਂ ਕੱਢਣ ਲੱਗਿਆ ਸਾਂ।

“ਆਪਣੇ ਤੋਂ ਅੱਧੀ ਉਮਰ ਦੀਆਂ ਇਕ ਵੀ ਨਹੀਂ ਇਕੱਠੀਆਂ ਦੋ-ਦੋ ਪਿੱਛੇ ਬਿਠਾਈ ਫਿਰਦੈਂ। ਹੁਣ ਰੋਈ ਜਾਨੈਂ। ਅਜੇ ਤਾਂ ਚੌਂਕੀ ਚੱਲਣੈਅਖ਼ਬਾਰਾਂ ਵਿਚ ਫੋਟੋ ਛਪਣੀ ਐ ਕੱਲ੍ਹ ਨੂੰ। ਗਲੀ ਮੁਹੱਲੇ ਤੇ ਹੋਰ ਰਿਸ਼ਤੇਦਾਰੀ ਵਿਚ ਵਾਹ ਵਾਹ ਹੋਣੀ ਐ। ਐਵੇਂ ਪਹਿਲਾਂ ਈ ਰੀਂ-ਰੀਂ ਕਰਨ ਲੱਗਿਆਂ।” ਪੁਲਸ ਵਾਲੇ ਨੇ ਭਰਵੱਟੇ ਉੱਪਰ-ਥੱਲੇ ਕਰਦਿਆਂ ਇੱਕੋ ਸਾਹੇ ਕਿਹਾ ਸੀ। ਮੇਰਾ ਦਿਲ ਬਹਿੰਦਾ ਜਾ ਰਿਹਾ ਸੀ ਤੇ ਉਹ ਮੇਰੀ ਇਸ ਹਾਲਤ ਤੇ ਮਜ਼ਾ ਲੈ ਰਹੇ ਸਨ। ਉਹਨਾਂ ਦੇ ਹੱਥ ਮੇਰੀ ਦੁਖਦੀ ਰਗ ਆ ਗਈ ਸੀ। ਇਸੇ ਲਈ ਮੈਂ ਆਪਣੀ ਬੰਦ-ਖ਼ਲਾਸੀ ਲਈ ਤਰਲੇ ਤੇ ਹਾੜ੍ਹੇ ਕੱਢ ਰਿਹਾ ਸਾਂ। ਥੋੜ੍ਹਾ ਅਟਕ ਕੇ ਮੈਂ ਕੰਬਦੇ ਹੱਥਾਂ ਨਾਲ ਪਰਸ ਖੋਲ੍ਹਿਆ ਸੀ। ਬਿਜਲੀ ਦਾ ਬਿੱਲ ਭਰਨ ਲਈ ਰੱਖਿਆ ਸਾਢੇ ਚਾਰ ਹਜ਼ਾਰ ਰੁਪਇਆ ਕਈ ਤਰ੍ਹਾਂ ਦੇ ਝੂਠੇ-ਸੱਚੇ ਟਸਣ ਕਰਦਿਆਂ ਦੀ ਜੇਬ ਵਿਚ ਪਾਇਆ ਸੀ। ਜੇਬ ਗਰਮ ਕਰਕੇ ਵੀ ਉਨ੍ਹਾਂ ਪਿਉ ਦੇ ਪੁੱਤਰਾਂ ਗੱਲਾਂ-ਗੱਲਾਂ ਵਿਚ ਮੇਰੀ ਹਰ ਤਰ੍ਹਾਂ ਦੀ ਕੁੱਤੇ-ਖਾਣੀ ਕਰਨ ਵਿਚ ਕੋਈ ਕਸਰ ਨਹੀਂ ਸੀ ਛੱਡੀ ਤੇ ਭੱਜ ਜਾਣ ਲਈ ਦਬਕਾ ਵੀ ਮਾਰਿਆ ਸੀ। ਮੈਂ ਵੀ ਉਹਨੀਂ ਪੈਰੀਂ ਮੋਟਰਸਾਈਕਲ ਮੋੜਦਿਆਂ ਮੁੜ ਪਿਛਾਂਹ ਭੌਂ ਕੇ ਨਹੀਂ ਸੀ ਵੇਖਿਆ।

ਆਪਣੇ ਵਲੋਂ ਤਾਂ ਹੁਣ ਵੀ ਇਹ ਪਿਛਾਂਹ ਭੌਂ ਕੇ ਵੇਖਣ ਵਾਲਾ ਕਦਮ ਕੋਈ ਕਾਹਲ ਵਿਚ ਨਹੀਂ ਪੁੱਟਿਆ, ਜਿਹਦੇ ਕਰਕੇ ਇਨ੍ਹਾਂ ਨਿਆਣਿਆਂ ਘਰ ਵਿਚ ਕਲੇਸ਼-ਖ਼ਾਨਾ ਖੜ੍ਹਾ ਕੀਤਾ। ਗੁਰਮੀਤ ਮੇਰੇ ਦੋਸਤ ਦੀ ਨੇੜਲੇ ਰਿਸ਼ਤੇਦਾਰੀ ਚੋਂ ਐ, ਆਪਣੀ ਵਿਆਹੁਤਾ ਜ਼ਿੰਦਗੀ ਹੱਥੋਂ ਬੁਰੀ ਤਰ੍ਹਾਂ ਝੰਬੀ ਹੋਈ। ਅਦਾਲਤੀ ਫੈਸਲਿਆਂ ਨੂੰ ਉਡੀਕਦੀ ਉਡੀਕਦੀ ਕਾਲਿਉਂ ਚਿੱਟੀ ਹੋ ਗਈ ਸੀ, ਪਰ ਘਰਵਾਲੀ ਨਾ ਬਣ ਸਕੀ। ਬੱਚਾ ਵੀ ਦੱਸਦੀ ਸੀ ਆਪਣਾ ਇਕ। ਉਹ ਵੀ ਕਾਨੂੰਨੀ ਚਾਰਾਜੋਈ ਵਿਚ ਅਗਲੇ ਲੈ ਗਏ ਸਨ। ਕਈ ਵਰ੍ਹੇ ਬਜ਼ੁਰਗ ਮਾਂ ਨਾਲ ਰਹਿੰਦੀ ਰਹੀ ਸੀ। ਉਹ ਵੀ ਪਿਛਲੇ ਵਰ੍ਹੇ ਰੱਬ ਨੂੰ ਪਿਆਰੀ ਹੋ ਗਈ ਸੀ। ਹਟਵੇਂ ਰਹਿੰਦੇ ਭਰਾ ਭਰਜਾਈ ਪਹਿਲਾਂ ਹੀ ਇਸ ਤੋਂ ਕੰਨੀ ਕਤਰਾਉਂਦੇ ਸਨ। ਹੁਣ ਤਾਂ ਮੇਰੇ ਵਾਂਗ ਵੀ ਇਕੱਲਤਾ ਦੀ ਮਾਰੀ ਆਸਰਾ ਭਾਲਦੀ ਸੀ। ਇਸ ਆਸ ਵਾਸਤੇ ਹੀ ਹਰ ਤਰ੍ਹਾਂ ਦੀ ਸੋਚ ਵਿਚਾਰ ਤੋਂ ਬਾਅਦ ਲਿਆ ਇਹ ਫ਼ੈਸਲਾ ਮੈਂ ਇਨ੍ਹਾਂ ਨਿਆਣਿਆਂ ਨੂੰ ਦੱਸ ਬੈਠਾ ਸਾਂ। ਇਨ੍ਹਾਂ ਸੁਣਦਿਆਂ ਸਾਰ ਅਸਮਾਨ ਸਿਰ ਤੇ ਚੁੱਕ ਲਿਆ ਸੀ। ਕਿਸੇ ਨੂੰ ਵੀ ਦੱਸਣ ਵਿਚ ਰੱਤੀ ਭਰ ਝਿਜਕਦੇ ਨਹੀਂ, ਅਖੇ “ਸਮਝਾਇਉ ਡੈਡੀ ਨੂੰ, ਇਸ ਉਮਰੇ ਲਾੜਾ ਬਣ ਕੇ ਵਿਆਹ ਕਰਵਾਉਣ ਨੂੰ ਫਿਰਦੇ ਐ। ਸਾਨੂੰ ਲੋਕ ਟਿੱਚਰਾਂ ਕਰਨਗੇ ਬਾਹਰ।”

ਮੈਂ ਵੀਹ ਵਾਰੀ ਕਹਿ ਬੈਠਾਂ ਉਸ ਦਿਨ ਦਾ, ਬਈ ਕਾਕਾ ਠੰਢ ਰੱਖੋ, ਐਵੇਂ ਕਪੜਿਆਂ ਚੋਂ ਬਾਹਰ ਨਹੀਂ ਹੋਈਦਾ, ਪਰ ਕਿੱਥੇ ਅਸਰ ਹੁੰਦਾ ਮੇਰੀਆਂ ਕਹੀਆਂ ਗੱਲਾਂ ਦਾ। ਉਸ ਦਿਨ ਮੁੰਡੇ ਨੂੰ ਥੋੜ੍ਹਾ ਵੱਖਰਾ ਸਮਝਾਉਂਦਿਆਂ ਕਿਹਾ ਮੈਂ ਕਿਹਾ, “ਕਾਕਾ, ਜਦੋਂ ਘਰ ਧੀ ਭੈਣ ਜਵਾਨ ਹੋ ਰਹੀ ਹੋਵੇ, ਉਹਦੀਆਂ ਵੱਖਰੀ ਤਰ੍ਹਾਂ ਦੀਆਂ ਲੋੜਾਂ ਤੇ ਮੁਸ਼ਕਲਾਂ ਹੁੰਦੀਆਂ ਨੇ, ਜਿਨ੍ਹਾਂ ਨੂੰ ਸਮਝਣਾ ਤੇਰੇ ਮੇਰੇ ਵੱਸ ਵਿਚ ਨਹੀਂ ਐ।”

ਅੱਗਿਉਂ ਬਣਾ-ਸਵਾਰ ਕੇ ਕਹਿੰਦਾ, “ਡੈਡ! ਸਿਮਰਨ ਦੇ ਬਹਾਨੇ ਐਵੇਂ ਹੋਰ ਢੁੱਚਰ ਨਾ ਖੜ੍ਹੀ ਕਰੋ। ਉਹਦੀ ਕੋਈ ਗੋਦੀ ਖੇਡਣ ਦੀ ਉਮਰ ਨਹੀਂ ਐ ਹੁਣ। ਪੂਰਾ ਘਰ ਸੰਭਾਲਦੀ ਐ ਤੇ ਹੁਣ ਵੱਡੀ ਜਮਾਤ ਵਿਚ ਪੜ੍ਹਦੀ ਐ ਅਗਲੀ।”

ਜੁਗਰਾਜ ਦੇ ਮੂੰਹੋਂ ਸੁਣ ਮੈਂ ਬੇਸ਼ੱਕ ਚੁੱਪ ਹੋ ਗਿਆ ਸਾਂ, ਪਰ ਅੱਜ ਵੀ ਜਦੋਂ ਮੈਨੂੰ ਡਾਕਟਰ ਸ਼ਰਮੇ ਦੀ ਕਹੀ ਗੱਲ ਚੇਤੇ ਆਉਂਦੀ ਐ ਤਾਂ ਕੱਚਾ ਜਿਹਾ ਹੋ ਜਾਨੈਂ। ਉਦੋਂ ਮੈਨੂੰ ਸਿਮਰਨ ਕੁਝ ਦਿਨਾਂ ਤੋਂ ਅਨਮਨੀ ਜਿਹੀ ਲੱਗ ਰਹੀ ਸੀ। ਇਸੇ ਲਈ ਮੈਂ ਉਸ ਨੂੰ ਡਾਕਟਰ ਕੋਲ ਲੈ ਗਿਆ ਸਾਂ। ਡਾਕਟਰ ਨੇ ਨਿੱਕੀ-ਮੋਟੀ ਜਾਂਚ ਕਰਨ ਤੋਂ ਬਾਅਦ, ਮੇਰੇ ਹੱਥ ਵਿਚ ਸਲਿੱਪ ਦੇਂਦਿਆਂ, ਨੇੜਲੇ ਮੈਡੀਕਲ ਸਟੋਰ ਤੋਂ ਕੋਈ ਦਵਾਈ ਲਿਆਉਣ ਲਈ ਕਿਹਾ ਸੀ। ਸਟੋਰ ਤੋਂ ਖਰੀਦੀ ਦਵਾਈ ਜਦੋਂ ਮੈਂ ਚੈੱਕ ਕਰਵਾਉਣ ਲਈ ਵਾਪਸ ਕੈਬਿਨ ਅੰਦਰ ਆਇਆ ਤਾਂ ਉਦੋਂ ਤਕ ਇਕ ਹੋਰ ਬਜ਼ੁਰਗ ਔਰਤ ਵੀ ਡਾਕਟਰ ਲਾਗੇ ਆਣ ਬੈਠੀ ਸੀ। ਡਾਕਟਰ ਨੇ ਮੇਰੇ ਹੱਥੋਂ ਦਵਾਈ ਫੜਦਿਆਂ ਮੇਰੀ ਨਿਗ੍ਹਾ ਨਾਲ ਨਿਗ੍ਹਾ ਮਿਲਾ ਕੇ ਬੜੀ ਸਹਿਜਤਾ ਨਾਲ ਕਿਹਾ, “ਸਰਦਾਰ ਸਾਹਬ, ਚਿੰਤਾ ਵਾਲੀ ਕੋਈ ਗੱਲ ਨਹੀਂ, ਦੱਸਿਆ ਮੈਨੂੰ ਬੇਟੀ ਨੇ, ਦਰਅਸਲ ਡੇਟ ਆ ਰਹੀ ਐ ਇਹਨੂੰ, ਤੇ ਇਹਨਾਂ ਦਿਨਾਂ ਵਿਚ ਔਰਤ ਦੇ ਸਰੀਰ ਵਿਚ ਨਿੱਕੀ-ਮੋਟੀ ਢਿੱਲ-ਮੱਠ ਆ ਹੀ ਜਾਂਦੀ ਐ।” ਬੇਸ਼ੱਕ ਡਾਕਟਰ ਵਾਸਤੇ ਇਹ ਗੱਲ ਆਮ ਜਿਹੀ ਹੋਵੇਗੀ, ਪਰ ਮੈਂ ਉੱਥੇ ਖੜ੍ਹਾ ਸ਼ਰਮਿੰਦਗੀ ਦੇ ਮਣਾਂ-ਮੂੰਹੀ ਭਾਰ ਹੇਠ ਨੱਪਿਆ ਗਿਆ ਸਾਂ। ਸਿਮਰਨ ਵੀ ਅੱਖਾਂ ਝੁਕਾ ਕੇ ਹੇਠਾਂ ਨੂੰ ਵੇਖਣ ਲੱਗੀ ਸੀ। ਕੈਬਿਨ ਅੰਦਰ ਸਿਮਰਨ ਦੇ ਕੋਲ ਬੈਠੀ ਉਸ ਬਜ਼ੁਰਗ ਔਰਤ ਨੇ ਨਿਗ੍ਹਾ ਭਰ ਕੇ ਮੇਰੇ ਚਿਹਰੇ ਵੱਲ ਵੇਖਿਆ ਸੀ, ਜਿਵੇਂ ਕੁਝ ਪੜ੍ਹ ਰਹੀ ਹੋਵੇ ਤੇ ਫਿਰ ਸਿਮਰਨ ਦੀ ਪਿੱਠ ਤੇ ਹੱਥ ਰੱਖਦਿਆਂ ਹੌਲੀ ਜਿਹੀ ਬੋਲੀ ਸੀ, “ਗੁੱਡੀ, ਇਹੋ ਜਿਹੇ ਵੇਲੇ ਵਿਚ ਮੰਮੀ ਨਾਲ ਆਈਦਾ ਹੁੰਦੈ।” ਤੇ ਉਹਦੇ ਮੂੰਹੋਂ ਮੰਮੀ ਦਾ ਨਾਮ ਸੁਣਦਿਆਂ ਹੀ ਸਾਡੇ ਦੋਵਾਂ ਦੇ ਚਿਹਰਿਆਂ ਦੇ ਚਿੰਤਾ ਦੀਆਂ ਰੇਖਾਵਾਂ ਹੋਰ ਗੂੜ੍ਹੀਆਂ ਹੋ ਗਈਆਂ ਸਨ।

ਇਸ ਲਈ ਮੈਂ ਗੁਰਮੀਤ ਵਾਲਾ ਫ਼ੈਸਲਾ ਲਿਆ ਸੀ, ਪਰ ਇਹ ਦੋਵੇਂ ਮੇਰੇ ਤੇ ਗੁਰਮੀਤ ਵਿਚਾਲੇ ਕੰਧ ਬਣ ਕੇ ਆਣ ਖਲੋਤੇ ਸਨ। ਇਸ ਮਾਮਲੇ ਵਿਚ ਮੈਂ ਵੀ ਹਾਰ ਮੰਨਣ ਵਾਲਾ ਨਹੀਂ ਸਾਂ। ਇਸੇ ਲਈ ਮੈਂ ਉਸ ਦਿਨ ਇਕ ਹੋਰ ਪੈਂਤੜਾ ਬਦਲਦਿਆਂ ਇਕ ਹੰਭਲਾ ਹੋਰ ਮਾਰਨ ਦੀ ਕੋਸ਼ਿਸ਼ ਕੀਤੀ ਸੀ। ਰਾਤ ਦੀ ਰੋਟੀ ਖਾਂਦੇ ਮੁੰਡੇ ਨੂੰ ਮੈਂ ਗੱਲਾਂ-ਗੱਲਾਂ ਵਿਚ ਟੁੰਬਿਆ ਸੀ, “ਕਾਕਾ, ਮੇਰੀ ਗੱਲ ਜ਼ਰਾ ਠੰਢੇ ਮਨ ਨਾਲ ਸੋਚੀਂ ਤੇ ਵਿਚਾਰ ਕਰੀਂ ਇਦ੍ਹੇ ਤੇ। ਸਾਰਾ ਦਿਨ ਤੈਨੂੰ ਵੀ ਮੇਰੇ ਵਾਂਗ ਹਜ਼ਾਰ ਕੰਮ ਰਹਿੰਦੇ ਐ। ਪਹਿਲਾਂ ਕਾਲਜ ਜਾਂਦੈਂ ਫਿਰ ਟਿਊਸ਼ਨ ਤੇ। ਘਰ ਦੇ ਹੋਰ ਨਿੱਕੇ ਮੋਟੇ ਕੰਮ-ਕਾਰ। ਮੇਰਾ ਧਿਆਨ ਸਾਰਾ ਦਿਨ ਘਰ ਵਿਚ ਰਹਿੰਦਾ। ਸਿਮਰਨ ਘਰ ਵਿਚ ਇਕੱਲੀ ਜੂ ਹੁੰਦੀ ਐ। ਜ਼ਮਾਨਾ ਕਿਹੜਾ ਜਾ ਰਿਹਾ। ਤੂੰ ਆਪ ਸਿਆਣਾਮੇਰੀ ਕਹੀ ਗੱਲ ਤੇ ਗੌਰ ਕਰੀਂ।” ਕਹਿ ਕੇ ਮੈਂ ਥੋੜ੍ਹੇ ਸਮੇਂ ਲਈ ਚੁੱਪ ਹੋ ਗਿਆ ਸਾਂ। ਇਸ ਵੇਰਾਂ ਜੁਗਰਾਜ ਨੇ ਤੁਰੰਤ ਅੱਗਿਉਂ ਕੋਈ ਜਵਾਬ ਨਹੀਂ ਸੀ ਦਿੱਤਾ। ਚੁੱਪ-ਚਾਪ ਸੁਣਦਾ ਰਿਹਾ ਸੀ ਤੇ ਖ਼ਾਲੀ-ਖ਼ਾਲੀ ਝਾਕਦਾ ਰਿਹਾ ਸੀ। ਉਹਦੇ ਚਿਹਰੇ ਦੇ ਬਦਲਦੇ ਹਾਵ-ਭਾਵ ਤੋਂ ਉਹਦੀ ਅੰਦਰਲੀ ਹਿਲਜੁਲ ਦਾ ਬੇਸ਼ੱਕ ਪੱਕੇ ਤੌਰ ਤੇ ਤਾਂ ਕੋਈ ਅੰਦਾਜ਼ਾ ਨਹੀਂ ਸੀ ਲਾਇਆ ਜਾ ਸਕਦਾ, ਫਿਰ ਵੀ ਮੇਰੀ ਕਹੀ ਗੱਲ ਦਾ ਅਸਰ ਕਬੂਲਿਆ ਲੱਗਦਾ ਸੀ ਉਹਨੇ। ਤਾਂ ਹੀ ਦੋ ਚਾਰ ਦਿਨ ਉਹ ਚੁੱਪ ਵੀ ਰਿਹਾ ਸੀ ਤੇ ਸਹਿਜ ਵੀ। ਜਿਵੇਂ ਇਸ ਮਸਲੇ ਤੇ ਉਹਦੀ ਕੋਈ ਰਾਏ ਬਣ ਰਹੀ ਹੋਵੇ।

ਉਹਦੀ ਸਹਿਜਤਾ ਮੇਰੇ ਸੀਨੇ ਠੰਢ ਪਾਉਣ ਵਾਂਗ ਸੀ। ਮੇਰੇ ਤੇ ਗੁਰਮੀਤ ਵਿਚਲੀ ਦੂਰੀ ਘੱਟ ਹੋ ਰਹੀ ਲੱਗਦੀ ਸੀ। ਮਨ ਹੀ ਮਨ ਵਿਚ ਮੈਨੂੰ ਉਦਾਸੀ ਦੇ ਝੰਭੇ ਇਸ ਘਰ ਵਿਚ ਗੁਰਮੀਤ ਦੀ ਸੋਹਲ ਜਿਹੀ ਪੈੜ-ਚਾਲ ਸੁਣਾਈ ਦੇਣ ਲੱਗੀ ਸੀ। ਆਪਣੇ ਮਨ ਦੇ ਹਨੇਰੇ ਖੂੰਜੇ ਮੁੜ ਜਗਣ ਦੀ ਚਾਹਤ ਵਿਚ ਮੈਂ ਆਪਣੇ-ਆਪ ਹੀ ਕਈ ਪ੍ਰੋਗਰਾਮ ਵੀ ਉਲੀਕ ਲਏ ਸਨ। ਮੈਨੂੰ ਪਤਾ ਸੀ ਕਿ ਗੁਰਮੀਤ ਦੇ ਆਉਣ ਨਾਲ ਇਹ ਦੋਵੇਂ ਵੀ ਪਰਚ ਜਾਣਗੇ। ਘਰ ਦੇ ਨਾਲ-ਨਾਲ ਮੇਰੀ ਆਪਣੀ ਰੋਲ-ਘਚੋਲਾ ਹੋਈ ਜ਼ਿੰਦਗੀ ਮੁੜ ਥਾਂ ਸਿਰ ਹੁੰਦੀ ਲੱਗ ਰਹੀ ਸੀ।

ਉਸ ਦਿਨ ਮੈਂ ਪਿਛਲੇ ਕਈ ਚਿਰ ਦੀ ਖ਼ਰੀਦ ਕੇ ਰੱਖੀ ਗੁਲਾਨਾਰੀ ਪੱਗ ਦੀ ਇਕ ਕੰਨੀ ਮੁੰਡੇ ਨੂੰ ਫੜਾ ਕੇ ਪੂਣੀ ਕੀਤੀ ਸੀ ਤੇ ਫਿਰ ਸ਼ੀਸ਼ੇ ਸਾਹਮਣੇ ਖਲੋ ਕੇ ਇਕੱਲਾ-ਇਕੱਲਾ ਪੇਚ ਸਵਾਰ-ਸਵਾਰ ਕੇ ਬੰਨ੍ਹੀ ਸੀ। ਹੋਰ ਵੀ ਨਿੱਕੀ-ਮੋਟੀ ਤਿਆਰੀ ਵਿਚ ਮੈਂ ਕਿਸੇ ਕਿਸਮ ਦੀ ਢਿੱਲ ਨਹੀਂ ਸਾਂ ਰਹਿਣ ਦੇਣੀ ਚਾਹੁੰਦਾ। ਘਰ ਵਿਚ ਆ ਰਹੇ ਇਨ੍ਹਾਂ ਸੁਹਾਵਣੇ ਪਲਾਂ ਨੂੰ ਮੈਂ ਨਿਆਣਿਆਂ ਸਣੇ ਰੱਜ ਕੇ ਮਾਨਣਾ ਚਾਹੁੰਦਾ ਸਾਂ।

ਜਿਸ ਦਿਨ ਦਾ ਮੈਂ ਸਿਮਰਨ ਵਾਲੇ ਪੈਂਤੜੇ ਨਾਲ ਜੁਗਰਾਜ ਦੇ ਭਰਾ-ਪੁਣੇ ਨੂੰ ਟੁੰਬਿਆ ਸੀ ਉਸੇ ਦਿਨ ਤੋਂ ਉਹ ਗੰਭੀਰਤਾ ਵਿਖਾ ਰਿਹਾ ਸੀ। ਘਰ ਵਿਚ ਰਹਿੰਦੇ ਇਸ ਕਲੇਸ਼-ਖਾਨੇ ਤੋਂ ਉਹ ਵੀ ਅੱਕ ਗਿਆ ਲੱਗਦਾ ਸੀ। ਇਉਂ ਲੱਗ ਰਿਹਾ ਸੀ ਜਿਉਂ ਕਿਸੇ ਠੋਸ ਨਤੀਜੇ ਤੇ ਜਾ ਪਹੁੰਚਿਆ ਹੋਵੇ। ਇਸੇ ਲਈ ਮੇਰੇ ਵਾਂਗ ਉਹਦੇ ਚਿਹਰੇ ਤੇ ਵੀ ਰੌਣਕ ਪਰਤ ਆਈ ਸੀ। ਉਹ ਇੱਧਰ-ਉੱਧਰ ਟਹਿਲਦਾ ਹਲਕਾ-ਹਲਕਾ ਗੁਣ-ਗੁਣਾਉਂਦਾ ਰਹਿੰਦਾ ਸੀ। ਉਹਦਾ ਇਸ ਤਰ੍ਹਾਂ ਖ਼ੁਸ਼ੀ ਦੇ ਰੌਂਅ ਵਿਚ ਟਹਿਕਣਾ ਮੈਨੂੰ ਘਰ ਵਿਚ ਉਤਰਨ ਵਾਲੀ ਨਵੀਂ ਬਸੰਤ ਰੁੱਤ ਦੇ ਸੰਕੇਤ ਵਾਂਗ ਲੱਗ ਰਿਹਾ ਸੀ।

ਇਸੇ ਲਈ ਮੈਂ ਵੇਲੇ ਸਿਰ ਹੀ ਫੋਨ ਤੇ ਗੁਰਮੀਤ ਨਾਲ ਇਸ ਖ਼ੁਸ਼ੀ ਨੂੰ ਸਾਂਝੀ ਕਰਦਿਆਂ ਉਸ ਨਾਲ ਕੰਪਨੀ ਬਾਗ ਵਿਚ ਮਿਲਣ ਦਾ ਸਮਾਂ ਵੀ ਤੈਅ ਕਰ ਲਿਆ ਸੀ ਤਾਂ ਜੋ ਅਗਲੇਰੇ ਪ੍ਰੋਗਰਾਮਾਂ ਬਾਰੇ ਉਸ ਨਾਲ ਬੈਠ ਕੇ ਵਿਸਥਾਰ ਵਿਚ ਚਰਚਾ ਕੀਤੀ ਜਾ ਸਕੇ। ਮੈਂ ਕਾਹਲੀ ਨਾਲ ਖਾਣੇ ਦਾ ਕੰਮ ਨਿਬੇੜਿਆ ਸੀ। ਕੱਪੜਾ-ਲੱਤਾ ਬਦਲਣ ਤੋਂ ਬਾਅਦ ਮੈਂ ਖ਼ੁਸ਼ਕ ਤੇ ਬੇਢਬੀ ਹੋਈ ਜੁੱਤੀ ਨੂੰ ਚੰਗੀ ਤਰ੍ਹਾਂ ਝਾੜਿਆ ਪੂੰਝਿਆ ਸੀ ਤੇ ਹੱਥੀਂ ਪਾਲਸ਼ ਮਾਰ ਕੇ ਮੁੜ ਲਿਸ਼ਕਾ ਲਿਆ ਸੀ। ਤੁਰਦੇ ਵੇਲੇ ਸ਼ੀਸ਼ੇ ਵਿਚਦੀ ਆਪਣੇ ਆਪ ਨੂੰ ਦੁਬਾਰਾ ਨਿਗ੍ਹਾ ਭਰ ਨਿਹਾਰਿਆ ਸੀ। ਪਤਾ ਨਹੀਂ ਨਵੀਂ ਪੱਗ ਦੇ ਉੱਘੜਵੇਂ ਰੰਗ ਕਰਕੇ ਜਾਂ ਕਿਸੇ ਹੋਰ ਚਾਅ ਵਿਚ ਚਿਹਰਾ ਨਿੱਖਰਿਆ-ਨਿੱਖਰਿਆ ਤੇ ਤਾਜਾ-ਤਾਜਾ ਲੱਗ ਰਿਹਾ ਸੀ। ਕਮਰੇ ਅੰਦਰ ਦਾਖਲ ਹੋਏ ਮੁੰਡੇ ਦੇ ਪੈਰਾਂ ਦੀ ਹਲਕੀ-ਹਲਕੀ ਆਹਟ ਸੁਣਦਿਆਂ ਮੈਂ ਪੱਗ ਦੇ ਆਖਰੀ ਲੜ ਦੀ ਬਣਾਈ ਮੋਰਨੀ ਨੂੰ ਚੁੰਝ ਲਾਗਿਉਂ ਫੜ ਕੇ ਸੈੱਟ ਕਰਨ ਲੱਗਿਆਂ ਸਾਂ।

ਮੁੰਡਾ ਹੌਲੀ-ਹੌਲੀ ਪੈਰ ਪੁੱਟਦਾ ਮੇਰੇ ਬਰਾਬਰ ਆਣ ਖਲੋਤਾ ਸੀ। ਨਿੰਮਾ-ਨਿੰਮਾ ਮੁਸਕੜੀਆਂ ਵਿਚ ਹੱਸਦਾ। ਸ਼ੀਸ਼ੇ ਵਿਚਦੀ ਮੈਂ ਚੋਰ ਨਜ਼ਰੇ ਉਸ ਨੂੰ ਜਾਚ ਲਿਆ ਸੀ। ਮੈਨੂੰ ਪਤਾ ਸੀ ਇਹ ਕੁਝ ਕਹਿਣ ਲਈ ਆਇਆ, ਪਰ ਪਹਿਲਾਂ ਦੀ ਤਰ੍ਹਾਂ ਮਿਹਣੇ ਮਾਰਨ ਵਾਂਗ ਨਹੀਂ। ਖ਼ੁਸ਼ੀ ਦੇ ਰੌਂਅ ਵਿਚ ਐ। ਇਹਦੇ ਏਦਾਂ ਦੇ ਮੂਡ ਵਿਚ ਹੀ ਲਾਗੇ ਆਉਣ ਦੀ ਉਡੀਕ ਰਹੀ ਐ ਮੈਨੂੰ। ਪਰ ਮੈਂ ਆਪਣੇ ਵਲੋਂ ਕੋਈ ਕਾਹਲੀ ਨਹੀਂ ਸੀ ਵਿਖਾਉਣੀ ਚਾਹੁੰਦਾ। ਇਸੇ ਲਈ ਮੈਂ ਚੁੱਪ ਰਿਹਾ ਸਾਂ। ਜਾਣ ਬੁੱਝ ਕੇ ਉਹਦੇ ਵੱਲ ਤਵਜੋਂ ਨਹੀਂ ਸੀ ਦੇ ਰਿਹਾ। ਮੈਨੂੰ ਪਤਾ ਸੀ ਇਹਦੀ ਉਮਰ ਆਪਣੇ ਅੰਦਰਲੀ ਗੱਲ ਨੂੰ ਜ਼ਿਆਦਾ ਦੇਰ ਦੱਬ ਕੇ ਰੱਖਣ ਦੀ ਨਹੀਂ ਐ। ਆਪਣੀ ਰਾਏ ਜਿਹੜੀ ਵੀ ਇਸ ਨੇ ਪਿਛਲੇ ਕਈ ਦਿਨਾਂ ਤੋਂ ਹੁਣ ਤਕ ਤਿਆਰ ਕੀਤੀ ਐ, ਦੱਸੇਗਾ। ਖ਼ੁਸ਼ੀ-ਖ਼ੁਸ਼ੀ। ਜਿਸ ਨੂੰ ਸੁਣਨ ਵਾਸਤੇ ਮੈਂ ਵੀ ਉਨ੍ਹਾਂ ਹੀ ਉਤਾਵਲਾ ਸਾਂ, ਪਰ ਮੈਂ ਇਹਦੇ ਵਾਂਗ ਆਪਣੀ ਕਾਹਲ ਦਾ ਪ੍ਰਗਟਾਵਾ ਨਹੀਂ ਸੀ ਕਰ ਰਿਹਾ।

ਮੁੰਡੇ ਨੇ ਗੱਲ ਕਰਨ ਲਈ ਥੋੜ੍ਹਾ ਜਿਹਾ ਮੂੰਹ ਮੇਰੇ ਵੱਲ ਭੁੰਆਂ ਲਿਆ ਸੀ। ਮੈਂ ਵੀ ਆਪਣੀ ਨਜ਼ਰ ਸ਼ੀਸ਼ੇ ਤੋਂ ਸਰਕਾ ਕੇ ਉਹਦੀਆਂ ਦੋਹਾਂ ਅੱਖਾਂ ਦੇ ਟਿਕਾ ਲਈ ਸੀ। ਉਹਦੇ ਮੂੰਹੋਂ ਨਿਕਲਦੇ ਬੋਲ ਸੁਣਨ ਲਈ ਮੈਂ ਆਪਣੇ ਆਪ ਨੂੰ ਇਕਾਗਰ ਕਰ ਲਿਆ ਸੀ। ਉਸ ਨੇ ਧੀਮੀ ਅਵਾਜ਼ ਵਿਚ ਬੋਲਣਾ ਸ਼ੁਰੂ ਕੀਤਾ, “ਪਾਪਾ! ਤੁਸੀਂ ਠੀਕ ਕਿਹਾ ਸੀ ਉਸ ਦਿਨ। ਸਿਮਰਨ ਦਾ ਇਸ ਉਮਰੇ ਇਕੱਲੀ ਰਹਿਣਾ ਠੀਕ ਨਹੀਂ ਅਤੇ ਉਹਦੀਆਂ ਹੋਰ ਵੀ ਕਈ ਕਿਸਮ ਦੀਆਂ ਲੋੜਾਂ ਤੇ ਮੁਸ਼ਕਲਾਂ, ਜਿਨ੍ਹਾਂ ਨੂੰ ਨਾ ਅਸੀਂ ਸਮਝ ਸਕਦੇ ਹਾਂ ਤੇ ਨਾ ਹੀ ਉਹ ਸਾਨੂੰ ਦੱਸ ਹੀ ਸਕਦੀ ਹੈ। ਇਸੇ ਲਈ ਮੈਂ ਪਹਿਲਾਂ ਸਿਮਰਨ ਨਾਲ ਗੱਲ ਕੀਤੀ ਸੀ। ਉਹਦੀ ਵੀ ਸਹਿਮਤੀ ਐ ਪੂਰੀ। ਆਪਾਂ ਦੋਹਾਂ ਰਲ ਕੇ ਕਰਨਾਲ ਨਾਨੀ ਨਾਲ ਗੱਲ ਕੀਤੀ ਐ। ਉਹ ਥੋੜ੍ਹੀ ਬਹੁਤੀ ਨਾਂਹ-ਨੁੱਕਰ ਤੋਂ ਬਾਅਦ ਮੰਨ ਗਏ ਐ ਤੇ ਅੱਜ ਦੁਪਹਿਰ ਸਾਡੇ ਕੋਲ ਆ ਜਾਣਗੇ। ਪੱਕੇ ਤੌਰ ਤੇ ਰਹਿਣ ਲਈ। ਜਦੋਂ ਤੱਕ ਅਸੀਂ ਚਾਹਵਾਂਗੇ ਉਹ ਸਾਡੇ ਕੋਲ ਹੀ ਰਹਿਣਗੇ। ਉਹਨਾਂ ਵਰਗਾ ਸਿਆਣਾ ਤੇ ਆਪਣਾ ਸਾਨੂੰ ਹੋਰ ਕੋਈ ਨਹੀਂ ਲੱਭਣਾ, ਇਸ ਲਈ ਨਾ ਕੋਈ ਹੁਣ ਸਾਨੂੰ ਸਿਮਰਨ ਦੀ ਚਿੰਤਾ ਕਰਨ ਦੀ ਲੋੜ ਐ ਤੇ ਨਾ ਹੀ ਘਰ ਦੀ। ਸਾਰਾ ਕੁਝ ਸੰਭਾਲ ਲੈਣਾ ਉਨ੍ਹਾਂਤੁਸੀਂ ਵੀ ਆਪਣੀਆਂ ਉਲੀਕੀਆਂ ਫਾਲਤੂ ਕਿਸਮ ਦੀਆਂ ਯੋਜਨਾਵਾਂ ਤੇ ਫੁੱਲ ਸਟਾਪ ਲਾਉ। ਘਰ ਦੇ ਮਹੌਲ ਨੂੰ ਪਹਿਲਾਂ ਵਾਂਗ ਹੀ ਹੋਣ ਦੇਈਏ।” ਕਹਿੰਦਿਆਂ ਮੁੰਡਾ ਚੁੱਪ ਹੋ ਗਿਆ ਸੀ।

ਮੇਰੇ ਤੇ ਖੜ੍ਹੇ-ਖੜੋਤਿਆਂ ਕਿਸੇ ਕਹਿਰ ਦੀ ਬਿਜਲੀ ਆਣ ਪਈ ਸੀ, ਜਿਹਦੇ ਕਰਕੇ ਮੈਂ ਧੁਰ ਅੰਦਰ ਤੀਕ ਸੜ ਕੇ ਸੁਆਹ ਹੋ ਗਿਆ ਸਾਂ। ਸਾਰੀ ਕੀਤੀ ਕੱਤਰੀ ਖੂਹ ਵਿਚ ਪੈ ਗਈ ਸੀ। ਉਹਦੀਆਂ ਕਹੀਆਂ ਗੱਲਾਂ ਗੋਲੀ ਵਾਂਗ ਮੇਰੇ ਸੀਨੇ ਵਿਚ ਵੱਜੀਆਂ ਸਨ ਤੇ ਮੈਂ ਛਲਨੀ-ਛਲਨੀ ਹੋ ਗਿਆ ਸਾਂ। ਲਾਗੇ ਖੜ੍ਹਾ ਮੁੰਡਾ ਮੈਨੂੰ ਵੱਢ-ਖਾਣ ਨੂੰ ਆ ਰਿਹਾ ਸੀ। ਇਹਦੇ ਲਾਗਿਉਂ ਕਿਤੇ ਦੂਰ ਭੱਜ ਜਾਣ ਲਈ ਦਿਲ ਕਾਹਲਾ ਪੈ ਰਿਹਾ ਸੀ। ਇਸੇ ਲਈ ਮੈਂ ਬਿਨਾਂ ਹੂੰ-ਹਾਂ ਕੀਤਿਆਂ ਬਾਹਰ ਨਿਕਲ ਆਇਆ ਸਾਂ।

ਗਲੀ ਵਿੱਚੋਂ ਦੀ ਇਸ ਤਰ੍ਹਾਂ ਢਿੱਲੇ ਜਿਹੇ ਪੈਰੀਂ ਤੁਰਿਆਂ ਜਾਂਦਿਆਂ ਮੈਨੂੰ ਕਈਆਂ ਨੇ ਅਵਾਜ਼ ਮਾਰ ਬੁਲਾਇਆ ਸੀ। ਦੁਆ ਸਲਾਮ ਲਈ। ਮੈਂ ਉਹਨਾਂ ਸਾਹਮਣੇ ਆਪਣੇ ਵੱਲੋਂ ਸ਼ਾਂਤੀ ਦਾ ਮੁਜ਼ਾਹਰਾ ਕਰਦਿਆਂ ਫੋਕਾ ਮੁਸਕਰਾਉਣ ਦਾ ਯਤਨ ਕਰ ਰਿਹਾ ਸਾਂ ਤੇ ਹਲਕਾ ਜਿਹਾ ਸਿਰ ਹਿਲਾ ਕੇ ਕੋਈ ਨਾ ਕੋਈ ਹੂੰ-ਹੂੰਗਾਰਾ ਵੀ ਭਰ ਰਿਹਾ ਸਾਂ। ਮੈਂ ਚਾਹੁੰਦਾ ਸਾਂ ਕਿ ਇਨ੍ਹਾਂ ਵਿੱਚੋਂ ਛੂਟ ਵੱਟ ਕੇ ਨਿਕਲ ਜਾਵਾਂ। ਅੱਜ ਕੋਈ ਮੈਨੂੰ ਬਲਾਏ-ਚਲਾਏ ਨਾ। ਮੈਨੂੰ ਮੇਰੀ ਇਸ ਹਾਲਤ ਤੇ ਛੱਡ ਦੇਣ ਸਾਰੇ ਦੇ ਸਾਰੇ। ਇਸੇ ਲਈ ਮੈਂ ਗੁਰਮੀਤ ਦਾ ਦੋ-ਤਿੰਨ ਵਾਰੀ ਆਇਆ ਫ਼ੋਨ ਵੀ ਅਟੈਂਡ ਨਹੀਂ ਸੀ ਕੀਤਾ। ਮੈਨੂੰ ਪਤੈ ਕੰਪਨੀ ਬਾਗ ਆਈ ਉਡੀਕਦੀ ਐ ਮੈਨੂੰ। ਜਿੱਥੇ ਪਹਿਲਾਂ ਵੀ ਕਈ ਵਾਰੀ ਮਿਲਦੇ ਰਹੇ ਹਾਂ। ਉੱਥੋਂ ਵਟਸ-ਅੱਪ ਤੇ ਮੈਸਿਜ਼ ਕਰੀ ਜਾ ਰਹੀ ਐ ਲਗਾਤਾਰ ਤੇ ਨਾ ਪਹੁੰਚਣ ਦਾ ਕਾਰਨ ਪੁੱਛਦੀ ਐ। ਕੀ ਜਵਾਬ ਦੇਵਾਂ ਮੈਂ ਉਹਨੂੰ। ਮੈਂ ਆਪ ਅਜੀਬ ਜਿਹੀਆਂ ਭੁੱਲ-ਭੁਲਾਈਆਂ ਵਿਚ ਉਲਝ ਕੇ ਰਹਿ ਗਿਆ ਸਾਂ ਜਿਨ੍ਹਾਂ ਵਿੱਚੋਂ ਬਾਹਰ ਨਿਕਲਣ ਦੇ ਸਾਰੇ ਰਸਤਿਆਂ ਨੂੰ ਜਿੰਦਰੇ ਵੱਜ ਗਏ ਸਨ ਤੇ ਮੈਂ ਆਪਣੇ ਆਲੇ-ਦੁਆਲੇ ਉੱਸਰੀਆਂ ਇਹਨਾਂ ਅਣ-ਕਿਆਸੀਆਂ ਕੰਧਾਂ ਨੂੰ ਦਿਨ ਭਰ ਟੱਕਰਾਂ ਮਾਰਦਾ ਇੱਧਰ-ਉੱਧਰ ਫਿਰਦਾ ਰਿਹਾ ਸਾਂ।

ਆਪਣੇ ਹੱਥੀਂ ਪਾਲਸ਼ ਮਾਰ ਕੇ ਪੈਰੀਂ ਪਾਈ ਗੁਰਗਾਬੀ ਚੋਂ ਕੋਈ ਕਿੱਲ ਉੱਭਰ ਆਇਆ ਸੀ, ਜਿਹੜਾ ਮੁੜ-ਮੁੜ ਮੇਰੇ ਪੈਰ ਦੀ ਅੱਡੀ ਵਿਚ ਚੁੱਭਦਾ ਮੈਨੂੰ ਹੋਰ ਵੀ ਪ੍ਰੇਸ਼ਾਨ ਕਰ ਰਿਹਾ ਸੀ। ਪਾਣੀ ਦੇ ਛਿੱਟੇ ਮਾਰ ਕੇ ਬੰਨੀ ਨਵੀਂ ਨਕੋਰ ਪੱਗ ਦੇ ਪੇਚ ਵੀ ਅੱਜ ਕੁਝ ਜ਼ਿਆਦਾ ਕੱਸ ਕੇ ਆ ਗਏ ਲਗਦੇ ਸਨ, ਜਿਸ ਕਰਕੇ ਮੇਰੇ ਦੋਵੇਂ ਕੰਨ ਦੁਖਣ ਲੱਗੇ ਸਨ। ਮੈਂ ਕਈ ਵਾਰੀ ਪੱਗ ਨੂੰ ਦੋਹਾਂ ਹੱਥਾਂ ਵਿਚ ਫੜ ਕੇ ਇੱਧਰ-ਉੱਧਰ ਘੁਮਾਉਣ ਦੀ ਕੋਸ਼ਿਸ਼ ਕੀਤੀ ਸੀ, ਪਰ ਦੁਖਦੇ ਕੰਨਾਂ ਨੂੰ ਰੱਤੀ ਭਰ ਵੀ ਰਾਹਤ ਨਹੀਂ ਸੀ ਮਿਲੀ

ਘਰੋਂ ਕਈ ਵਾਰੀ ਫ਼ੋਨ ਆ ਗਿਆ ਸੀ ਮੁੰਡੇ ਦਾ। ਦੱਸਦਾ ਸੀ ਨਾਨੀ ਆ ਗਈ ਐ, ਘਰ ਆਉ। ਉਹਦੇ ਮੂੰਹੋਂ ਨਾਨੀ ਦਾ ਨਾਮ ਸੁਣਦਿਆਂ ਆਪਣੇ-ਆਪ ਨੂੰ ਜ਼ਮੀਨ ਵਿਚ ਧਸਦਾ ਮਹਿਸੂਸ ਕਰਦੈਂ। ਮੈਂ ਸੋਚਦਾਂ ਪਤਾ ਨਹੀਂ ਨਿਆਣੇ ਇੰਝ ਮੈਨੂੰ ਹਰ ਪਾਸਿਉਂ ਘੇਰ ਕੇ ਮੈਥੋਂ ਕਿਸ ਜਨਮ ਦਾ ਬਦਲਾ ਲੈ ਰਹੇ ਐ। ਘਰ ਆਈ ਉਹ ਬਜ਼ੁਰਗ ਔਰਤ ਜਿਸ ਨੂੰ ਪਹਿਲੇ ਦਿਨ ਤੋਂ ਲੈ ਕੇ ਮਾਂਵਾਂ ਵਾਲਾ ਅਦਬ ਤੇ ਸਤਿਕਾਰ ਦੇਂਦਾ ਰਿਹਾਂ, ਸੁਣ ਕੇ ਮੇਰੇ ਬਾਰੇ ਕੀ ਸੋਚਦੀ ਹੋਏਗੀ। ਜਿਸ ਸਾਹਮਣੇ ਮੈਂ ਅੱਖ ਚੁੱਕ ਕੇ ਨਹੀਂ ਵੇਖਿਆ ਹੁਣ ਤੱਕ।

ਦਿਨ ਦੀ ਮੱਠੀ-ਮੱਠੀ ਲੋਅ ਅਜੇ ਕਾਇਮ ਸੀ। ਗਲੀ ਵਾਲੀਆਂ ਲਾਈਟਾਂ ਫਿਰ ਵੀ ਜਗ ਪਈਆਂ ਸਨ। ਜਦੋਂ ਦਿਨ ਭਰ ਦੀ ਉਧੇੜ ਬੁਣ ਤੋਂ ਬਾਅਦ ਆਪਣੇ ਹੀ ਘਰ ਦੀ ਦਹਿਲੀਜ਼ ਵਿਚ ਪਹੁੰਚ ਕੇ ਅੰਦਰ ਪੈਰ ਧਰਨ ਨੂੰ ਦਿਲ ਦੋਚਿੱਤੀ ਜਿਹੀ ਵਿਚ ਸੀ। ਘਰ ਵਿਚ ਜਾਣ ਨੂੰ ਵੱਢਿਆਂ ਰੂਹ ਨਹੀਂ ਸੀ ਕਰਦੀ ਮੇਰੀਭਾਵੇਂ ਇੱਧਰ-ਉੱਧਰ ਫਿਰਦੇ ਦੀਆਂ ਲੱਤਾਂ ਵੀ ਜਵਾਬ ਦੇ ਗਈਆਂ ਸਨ ਤੇ ਸਰੀਰ ਅਰਾਮ ਕਰਨ ਲਈ ਆਸਰਾ ਭਾਲ ਰਿਹਾ ਸੀ। ਮੈਂ ਅਣਮੰਨੇ ਜਿਹੇ ਮਨ ਨਾਲ ਹੌਲੀ-ਹੌਲੀ ਪੈਰ ਪੁੱਟਦਿਆਂ ਅਗਾਂਹ ਹੋ ਕੇ ਅੰਦਰ ਵੱਲ ਝਾਤੀ ਮਾਰਦਾ ਹਾਂ। ਦੋਵੇਂ ਨਿਆਣੇ ਨਾਨੀ ਆਪਣੀ ਨਾਲ ਹੱਸ ਖੇਡ ਰਹੇ ਸਨ। ਮੈਂ ਅੱਗੇ ਵਧ ਕੇ ਦਲਜੀਤ ਦੀ ਮੰਮੀ ਦੇ ਗੋਡੇ ਹੱਥ ਲਾਉਂਦਾ ਹਾਂ। ਉਹ ਸਨੇਹ ਨਾਲ ਮੇਰੇ ਅੱਧ-ਝੁਕੇ ਹੋਏ ਦੇ ਸਿਰ ਤੇ ਹੱਥ ਰੱਖਦੀ ਹੈ ਤੇ ਅਸੀਸ ਦੇਂਦੀ ਹੈ। ਸੁੱਖ-ਸਾਂਦ ਪੁੱਛਦੀ ਐ। ਮੇਰਾ ਗੱਚ ਭਰ ਆਇਐ। ਮੈਥੋਂ ਕੁਝ ਵੀ ਬੋਲ ਨਹੀਂ ਹੁੰਦਾ। ਉਹ ਸੋਫੇ ਤੇ ਬੈਠੀ-ਬੈਠੀ ਥੋੜ੍ਹਾ ਪਰ੍ਹੇ ਨੂੰ ਸਰਕ ਕੇ ਮੈਨੂੰ ਬੈਠਣ ਲਈ ਕਹਿੰਦੀ ਐ। ਮੈਂ ਲਾਗੇ ਬਹਿੰਦਿਆਂ ਧੌਣ ਹੇਠਾਂ ਨੂੰ ਸੁੱਟ ਲੈਂਦਾ ਹਾਂ। ਉਹਦੀ ਨਿਗ੍ਹਾ ਨਾਲ ਨਿਗ੍ਹਾ ਮਿਲਾਉਣ ਦੀ ਤੇ ਉਹਦੇ ਕਿਸੇ ਸੁਆਲ ਦਾ ਜੁਆਬ ਦੇਣ ਲਈ ਮੇਰੇ ਵਿਚ ਹਿੰਮਤ ਨਹੀਂ ਬਚੀ। ਉਹ ਵੀ ਚੁੱਪਚਾਪ ਮੇਰੀ ਇਸ ਹਾਲਤ ਵੱਲ ਵਿਹੰਦੀ ਰਹੀ। ਪਤਾ ਨਹੀਂ ਫਿਰ ਉਹਦੇ ਦਿਲ ਵਿਚ ਕੀ ਆਈ, ਉਸ ਨੇ ਸਿਮਰਨ ਹੱਥੋਂ ਪਾਣੀ ਵਾਲਾ ਗਿਲਾਸ ਆਪ ਫੜ ਕੇ ਮੇਰੇ ਹੱਥ ਵਿਚ ਫੜਾਉਂਦਿਆਂ ਕਿਹਾ, “ਸ਼ਮਸ਼ੇਰ ਬੇਟਾ, ਲੈ ਫੜ, ਵਾਖ੍ਹਰੂ ਆਖ ਕੇ  ਪਾਣੀ ਪੀ ਦੋ ਘੁੱਟ। ਦਿਨ ਭਰ ਦੀ ਨੱਠ-ਭੱਜ ਤੋਂ ਬਾਅਦ ਤ੍ਰਿਕਾਲ-ਸੰਧਿਆ ਵੇਲੇ ਇੰਝ ਮੂੰਹ ਲਮਕਾ ਕੇ ਨਹੀਂ ਬਹੀਦਾ। ਦੋ ਵੇਲਿਆਂ ਦਾ ਇਕ ਵੇਲਾ ਇਹ। ਇਸ ਸਮੇਂ ਜਦੋਂ ਰਾਤ-ਦਿਨ ਇਕ ਦੂਜੇ ਦੇ ਗਲ਼ ਲੱਗ ਕੇ ਇਕ-ਮਿਕ ਹੋ ਰਹੇ ਹੋਣ, ਇਸ ਸੁਮੇਲ-ਵੇਲੇ ਵਿਚ ਪਰਮੇਸ਼ਰ ਦਾ ਸ਼ੁਕਰ ਮਨਾਈਦਾ ਤੇ ਹੱਸੀ-ਖੇਡੀਦਾ ਟੱਬਰ ਦੇ ਜੀਆਂ ਵਿਚ ਬਹਿ ਕੇ।”

ਥੋੜ੍ਹਾ ਸਾਹ ਲੈ ਕੇ ਉਹ ਫਿਰ ਬੋਲੀ, “ਸ਼ਮਸ਼ੇਰ ਸਿੰਹਾਂ, ਮੈਂ ਸਮਝਦੀ ਆਂ ਤੁਹਾਡੇ ਤਿੰਨਾਂ ਦੇ ਅੰਦਰਲੀ ਦੁਬਿਧਾ ਨੂੰ। ਤੇਰੇ ਆਉਣ ਤੋਂ ਪਹਿਲਾਂ ਮੈਂ ਇਹੋ ਸਮਝਾਇਆ ਇਨ੍ਹਾਂ ਨੂੰ ਵੀ। ਕੁਵੇਲੇ ਗਈ ਦਲਜੀਤ ਦਾ ਦੁੱਖ ਸਾਨੂੰ ਕਿਸੇ ਨੂੰ ਵੀ ਭੁੱਲਣ ਵਾਲਾ ਨਹੀਂ, ਪਰ ਪੁੱਤਰ, ਸੰਭਲਣਾ ਤਾਂ ਪੈਣੈ। ਜਿਊਂਦੇ ਜੀਅ ਮਰ ਵੀ ਨਹੀਂ ਹੁੰਦਾ। ਜਿਵੇਂ ਬੱਚਿਆਂ ਨੂੰ ਮਾਂ ਦੇ ਨਿੱਘ ਦੀ ਲੋੜ ਹੁੰਦੀ ਐ ਤੇ ਆਦਮੀ ਨੂੰ ਔਰਤ ਦੇ ਸਾਥ ਦੀ। ਇੰਝ ਹੀ ਵਸਦੇ ਘਰ ਨੂੰ ਹਮੇਸ਼ਾਂ ਸੁਆਣੀ ਦੀ ਲੋੜ ਰਹਿੰਦੀ ਐ।” ਫਿਰ ਉਹ ਕੋਲ ਖਲੋਤੇ ਸਿਮਰਨ ਤੇ ਜੁਗਰਾਜ ਵੱਲ ਵੇਖਦਿਆਂ ਬੋਲੀ, “ਇਹ ਤਾਂ ਦੋਵੇਂ ਤਲਖੀ ਵਿਚ ਆਏ ਕਈ ਵਾਰੀ ਫੋਨ ਤੇ ਊਲ-ਜੂਲ ਦੱਸਦੇ ਰਹੇ ਐ, ਚਲ ਓ ਜਾਣੇਂ, ਇਹ ਤਾਂ ਅਜੇ ਨਵਾਂ ਲਹੂ ਐ। ਝਟ ਗਰਮ ਹੋ ਜਾਂਦੈ ਤੇ ਫਿਰ ਠੰਢਾ ਵੀ। ਅਸੀਂ ਉਮਰ ਖਾਧੀ ਐ। ਮੈਨੂੰ ਪਤੈ ਤੂੰ ਜੋ ਵੀ ਸੋਚਿਆ, ਬਹੁਤ ਸੋਚ ਸਮਝ ਨਾਲ ਸੋਚਿਆ ਹੋਵੇਗਾ।”

ਮੇਰੇ ਜੇਬ ਅੰਦਰਲੇ ਫ਼ੋਨ ਦੀ ਬੈੱਲ ਵੱਜਦੀ ਐ। ਮੈਂ ਸਹਿਜ ਨਾਲ ਜੇਬ ਅੰਦਰੋਂ ਫ਼ੋਨ ਬਾਹਰ ਕੱਢਦਾ ਹਾਂ। ਸਕਰੀਨ ਤੇ ਜਗਦੇ ਗੁਰਮੀਤ ਦੇ ਨੰਬਰ ਵੱਲ ਵੇਖ ਮੇਰੀਆਂ ਅੱਖਾਂ ਵਿਚ ਲਿਸ਼ਕ ਉੱਤਰ ਆਉਂਦੀ ਐ। ਮੈਂ ਉੱਪਰ ਵੇਖਦਾ ਹਾਂ। ਦੋਵੇਂ ਨਿਆਣਿਆਂ ਦੇ ਚਿਹਰਿਆਂ ਤੇ ਗੁੱਝੀ ਜਿਹੀ ਮੁਸਕਾਨ ਖਿੰਡਰੀ ਹੋਈ ਐ ਤੇ ਦਲਜੀਤ ਦੀ ਮੰਮੀ ਦੇ ਚਿਹਰੇ ਤੇ ਰਿਸ਼ੀਆਂ ਵਰਗੀ ਸ਼ਾਂਤੀ। ਪਤਾ ਨਹੀਂ ਖ਼ੁਸ਼ੀ ਏ ਜਾਂ ਕੁਝ ਹੋਰ, ਮੇਰੀਆਂ ਅੱਖਾਂ ਆਪ-ਮੁਹਾਰੇ ਸਿੱਲੀਆਂ ਹੁੰਦੀਆਂ ਜਾ ਰਹੀਆਂ ਹਨ। ਮੈਨੂੰ ਲਗਦੈ ਜਿਉਂ ਖੌਲਦੇ ਸਾਗਰ ਬਹਿ ਗਏ ਹੋਣ ਤੇ ਸਭ ਕੁਝ ਆਮ ਵਾਂਗ ਹੋਣ ਜਾ ਰਿਹਾ ਹੋਵੇ।

*****

(304)

ਆਪਣੇ ਵਿਚਾਰ ਲਿਖੋ: (This email address is being protected from spambots. You need JavaScript enabled to view it.)

ਕਹਾਣੀ: ਤ੍ਰਿਕਾਲ-ਸੰਧਿਆ --- ਦੀਪ ਦਵਿੰਦਰ ਸਿੰਘ

ਪਿਛਲੇ ਕਈ ਦਿਨਾਂ ਤੋਂ ਘਰ ਵਿਚ ਪਿਆ ਕਲੇਸ਼ ਕਿਸੇ ਤਣ-ਪਤਣ ਨਹੀਂ ਲੱਗ ਰਿਹਾ। ਮੈਂ ਹਰ ਹੀਲਾ ਵਰਤ ਕੇ ਵੇਖ ਲਿਆ। ਪਿਆਰ ਵਾਲਾ ਵੀ ਤੇ ਗੁੱਸੇ ਵਾਲਾ ਵੀ। ਮਹੌਲ ਸੁਲਝਣ ਦੀ ਬਜਾਏ ਹੋਰ ਉਲਝਦਾ ਜਾਂਦੈ। ਹੁਣ ਤਾਂ ਘਰ ਅੰਦਰਲਾ ਰੌਲਾ ਦਰਵਾਜ਼ੇ ਖਿੜਕੜੀਆਂ ਤੇ ਕੰਧਾਂ ਉੱਤੋਂ ਦੀ ਬਾਹਰ ਸੁਣਾਈ ਦੇਣ ਲੱਗ ਪਿਆ ਹੈਆਂਢੀ-ਗੁਆਂਢੀ ਕੰਨ ਲਾ-ਲਾ ਸੁਣਦੇ ਐ ਤੇ ਵਿੱਚੋ ਵਿਚ ਚਿੜ-ਗਿਲ੍ਹੀਆਂ ਮਾਰਦੇ ਐ। ਕਈ ਵਾਰ ਬਾਹਰ ਅੰਦਰ ਨਿਕਲਦਿਆਂ ਗਲੀ ਵਿੱਚੋਂ ਦੀ ਅੱਖਾਂ ਨੀਵੀਆਂ ਕਰਕੇ ਕੰਨ ਵਲੇਟ ਕੇ ਜਾਂਦੇ ਨੂੰ ਵੀ ਕੋਈ ਨਾ ਕੋਈ ਅਵਾਜ਼ ਮਾਰ ਬਹੇਗਾ, ਅਖੇ “ਸਰਦਾਰ ਸਾਹਿਬ, ਬੜਾ ਰੰਗ ਉਡਿਆ-ਉਡਿਆ ਜਿਹਾ, ਕੀ ਗੱਲ? ਹੁਣ ਤਾਂ ਸਗੋਂ ਖ਼ੁਸ਼ ਰਹਿਣ ਦਾ ਵੇਲਾ।” ਤਾਂ ਮੈਨੂੰ ਕੋਈ ਜੁਆਬ ਨਹੀਂ ਅਹੁੜਦਾ ਅੱਗਿਉਂ। ਐਵੇਂ ਗੱਲ ਆਲੇ-ਟਾਲੇ ਪਾ ਕੇ ਖਹਿੜਾ ਛੁਡਾਉਂਦਾ ਹਾਂ ਅਗਲੇ ਤੋਂ ਤੇ ਝੂਠੇ ਜਿਹੇ ਪੈਰੀਂ ਤੁਰਦਿਆਂ ਸੋਚਦਾ ਹਾਂ ਕਿ ਹਰ ਕੋਈ ਖ਼ੁਸ਼ ਰਹਿਣ ਲਈ ਹੱਥ ਪੈਰ ਤਾਂ ਮਾਰਦਾ ਈ ਐ। ਜਿਵੇਂ ਮੈਂ ਮਾਰੀ ਜਾਨੈ। ਇਸੇ ਕਰਕੇ ਦੋਹਾਂ ਨਿਆਣਿਆਂ ਨੂੰ ਵੱਖੋ ਵੱਖ ਸਮਝਾਉਣ ਦੀ ਕੋਸ਼ਿਸ਼ ਕਰਦਾਂ। ਆਪਣੀ ਅਕਲ ਮੂਜਬ। ਪਰ ਅੱਜ ਕੱਲ ਦਾ ਇਹ ਪੋਚ ਕਿੱਥੇ ਸੁਣਦਾ, ਅੱਗਿਉਂ ਵੱਢ ਖਾਣ ਨੂੰ ਪੈਂਦੇ ਐ। ਪਹਿਲਾਂ ਤਾਂ ਇਹ ਵੀ ਦੋਵੇਂ ਦਲੀਲ ਜਾਂ ਘੂਰੀ ਨੂੰ ਸਮਝਦੇ ਸਨ। ਹੁਣ ਤਾਂ ਟਿੱਚ ਜਾਨਣ ਲੱਗੇ ਨੇ। ਉਂਝ ਵੀ ਮੁੰਡਾ ਹੁਣ ਹਾਣੀ-ਹਵਾਣੀ ਹੋਇਆ ਪਿਐ। ਮੇਰੇ ਤੋਂ ਵੀ ਜ਼ਰਾ-ਮਾਸਾ ਸਿਰ ਕੱਢਦਾ ਤੇ ਕੁੜੀ ਸਿਮਰਨ ਉਹਦੇ ਤੋਂ ਵਰ੍ਹਾ ਡੇਢ ਵਰ੍ਹਾ ਹੋਰ ਵੱਡੀ।

“ਪਿਛਲੇ ਇਕ ਘੰਟੇ ਤੋਂ ਇਨ੍ਹਾਂ ਨੂੰ ਲੈ ਕੇ ਇੱਧਰ-ਉੱਧਰ ਘੁੰਮੀ ਜਾਨੈਂ ਅਵਾਰਾ ਗਰਦੀ ਕਰਦਾ। ਕਿਹੜਾ ਪਿਉ ਵਾਲਾ ਪਲਾਟ ਐ, ਜਿਹੜਾ ਤੈਨੂੰ ਨਹੀਂ ਲੱਭਿਆ ਹੁਣ ਤੱਕ।” ਸੁਣ ਕੇ ਮੈਂ ਠਠੰਬਰ ਗਿਆ ਸਾਂ। ਮੈਨੂੰ ਅੱਗਿਉਂ ਕੋਈ ਜਵਾਬ ਨਹੀਂ ਸੀ ਆਹੁੜਿਆ।

About the Author

ਦੀਪ ਦਵਿੰਦਰ ਸਿੰਘ

ਦੀਪ ਦਵਿੰਦਰ ਸਿੰਘ

Amritsar, Punjab, India.
Phone: (91 - 98721 - 65707)

Email: (deepkahanikar@gmail.com)