SantokhSMinhas7ਉਹੀ ਟਰੈਸ਼ ਵਿੱਚੋਂ ਕੈਨ ਇਕੱਠੇ ਕਰਨ ਵਾਲਾ ਆਦਮੀ ਟਰੈਸ਼ ਬੈਗ ਬਾਹਰ ਰੱਖ ਕੇ ...
(17 ਦਸੰਬਰ 2020)

 

ਪਰਵਾਸ ਕਰਦਿਆਂ ਉਮਰ ਦਾ ਸਫਰ ਵੀ ਤੁਹਾਡੇ ਨਾਲ ਨਾਲ ਤੁਰਦਾ ਹੈਪਰਵਾਸ ਤੇ ਉਮਰ ਦਾ ਆਪਣਾ ਨੇੜਲਾ ਸਬੰਧਜਵਾਨ ਉਮਰੇ ਪਰਵਾਸ ਜੱਫੀ ਵਿੱਚ ਲੈਂਦਾਵਡੇਰੀ ਉਮਰੇ ਪਰਵਾਸ ਯੁੱਧ ਲਈ ਅੱਗੇ ਖੜ੍ਹਾ ਹੁੰਦਾਢਲਦੀ ਉਮਰ ਦਾ ਪਰਛਾਵਾਂ ਪਰਵਾਸ ਦੇ ਮੇਚ ਨਹੀਂ ਆਉਂਦਾਪਰਵਾਸ ਤੇ ਉਮਰ, ਦੁੱਖ ਸੁਖ ਦੇ ਹਮਸਾਏ ਹਨ

ਮੈਂ ਜਵਾਨ ਉਮਰੇ ਜ਼ਿੰਦਗੀ ਦੇ ਸੁਹਾਪਣ ਨੂੰ ਰੱਜ ਕੇ ਮਾਣਿਆ ਮੈਂਨੂੰ ਜ਼ਿੰਦਗੀ ਦੇ ਉਲਟ ਹਾਲਾਤ ਨਾਲ ਬਹੁਤਾ ਲੜਨਾ ਨਹੀਂ ਪਿਆਪੜ੍ਹਾਈ ਦੇ ਖਤਮ ਹੁੰਦਿਆਂ ਹੀ ਸਰਕਾਰੀ ਨੌਕਰੀ ਮਿਲ ਗਈਵਿਆਹ ਹੁੰਦਿਆਂ ਹੀ ਪਤਨੀ ਮੈਥ ਆਧਿਆਪਕ ਲੱਗ ਗਈਖੇਤੀਬਾੜੀ ਵਾਲਾ ਪਰਿਵਾਰ ਹੋਣ ਕਾਰਨ ਰੋਟੀ ਪਾਣੀ ਦਾ ਕੋਈ ਫਿਕਰ ਨਹੀਂ ਸੀਗੱਲ ਕੀ ਗੱਡੀ ਚੰਗੀ ਰਿੜੀ ਹੋਈ ਸੀ ਜ਼ਿੰਦਗੀ ਦੇ ਰੰਗ ਮਾਣਦਿਆਂ ਪਤਾ ਹੀ ਨਹੀਂ ਲੱਗਿਆ ਕਦੋਂ ਸੇਵਾ ਮੁਕਤੀ ਦੇ ਨੇੜੇ ਪਹੁੰਚ ਗਏ

ਅਚਾਨਕ ਨਿਰੰਤਰ ਚੱਲ ਰਹੇ ਪਰਵਾਰਿਕ ਪ੍ਰਵਾਹ ਵਿੱਚ ਇੱਕ ਨਵਾਂ ਫੈਸਲਾ ਲੈਣ ਵਿੱਚ ਕਾਫੀ ਸਮਾਂ ਆਪਣੇ ਆਪ ਨਾਲ ਘੁਲਣਾ ਪਿਆਅਮਰੀਕਾ ਰਹਿੰਦੀ ਛੋਟੀ ਭੈਣ ਨੇ ਬਲੱਡ ਰੀਲੇਸ਼ਨ ’ਤੇ ਅਪਲਾਈ ਕੀਤਾ ਹੋਇਆ ਸੀਇੰਟਰਵਿਊ ਦੇ ਪੇਪਰ ਆ ਗਏ ਸਨਇੱਕ ਪਾਸੇ ਚੰਗੀਆਂ ਨੌਕਰੀਆਂ ਸਨ ਦੂਜੇ ਪਾਸੇ ਭਾਰਤ ਦੇ ਹਾਲਾਤ ਮੁਤਾਬਕ ਬੱਚਿਆਂ ਦੇ ਭਵਿੱਖ ਦਾ ਫਿਕਰ ਸੀਫੈਸਲਾ ਲੈਣ ਵਿੱਚ ਕਾਫੀ ਦੁਚਿੱਤੀ ਵਿੱਚ ਸਾਂਆਖਰ ਕਈ ਦਿਨਾਂ ਦੀ ਜੱਦੋਜਹਿਦ ਤੋਂ ਬਾਅਦ ਅਮਰੀਕਾ ਆਉਣ ਦੇ ਫੈਸਲੇ ਨੇ ਜ਼ਿੰਦਗੀ ਨੂੰ ਨਵਾਂ ਮੋੜ ਦਿੱਤਾਅਸੀਂ ਪ੍ਰੀ ਮੈਚਿਊਰ ਪੈਨਸ਼ਨ ਲੈ ਕੇ ਅਮਰੀਕਾ ਪਹੁੰਚ ਗਏ ਸਾਂ

ਮੈਂਨੂੰ ਮਹੀਨਾ ਕੁ ਹੋ ਗਿਆ ਸੀ ਗੈਸ ਸਟੇਸ਼ਨ ਤੇ ਕੰਮ ਸਿੱਖਦਿਆਂਮੈਂ ਬੀਅਰ, ਜੂਸ, ਕੋਕ ਅਤੇ ਵਾਈਨ ਵਗੈਰਾ ਦੇ ਰੇਟ ਅਤੇ ਕਿਸਮਾਂ ਯਾਦ ਕਰ ਲਈਆਂ ਸਨਪਰ ਸਭ ਤੋਂ ਵੱਧ ਮੈਂਨੂੰ ਸਿਗਰਿਟਾਂ ਦੇ ਨਾਵਾਂ ਤੇ ਰੇਟਾਂ ਦਾ ਭੰਬਲਭੂਸਾ ਪਿਆ ਰਹਿੰਦਾ ਸੀਸਿਗਰਿਟਾਂ ਦੇ ਇੱਕ ਇੱਕ ਬਰਾਂਡ ਵਿੱਚ ਕਈ ਕਈ ਕਿਸਮਾਂ ਸਨਬੀਅਰ, ਜੂਸ, ਕੋਕ ਜਾਂ ਕੈਂਡੀ ਵਗੈਰਾ ਗਾਹਕ ਆਪ ਚੁੱਕ ਲਿਆਉਂਦੇ ਸਨ, ਮੈਂ ਸਿਰਫ ਰੇਟ ਹੀ ਲਾਉਣਾ ਹੁੰਦਾ ਸੀ ਮੈਂਨੂੰ ਇਹ ਕੰਮ ਸੌਖਾ ਲੱਗਦਾ ਸੀਪਰ ਸਿਗਰਿਟਾਂ ਕਿਉਂਕਿ ਮੇਰੇ ਕੋਲ ਕਾਊਂਟਰ ਦੇ ਅੰਦਰ ਹੁੰਦੀਆਂ ਸਨ, ਗਾਹਕ ਦੇ ਮੰਗਣ ’ਤੇ ਫੁਰਤੀ ਨਾਲ ਦੇਣੀਆਂ ਹੁੰਦੀਆਂ ਸਨਇਹ ਕੰਮ ਮੈਂਨੂੰ ਸਭ ਤੋਂ ਔਖਾ ਲੱਗਦਾ ਸੀ ਇੱਕ ਮੇਰਾ ਅੰਗਰੇਜ਼ੀ ਵਲੋਂ ਹੱਥ ਤੰਗ ਹੋਣ ਕਾਰਨ ਮੈਂਨੂੰ ਦੂਹਰੀ ਮੁਸ਼ਕਲ ਦਾ ਸਾਹਮਣਾ ਕਰਨਾ ਪੈਂਦਾ ਸੀ ਗਾਹਕਾਂ ਦੇ ਉਚਾਰਣ ਨੂੰ ਸਮਝਣ ਤੇ ਜਵਾਬ ਦੇਣ ਵਿੱਚ ਮੈਂਨੂੰ ਕਾਫੀ ਦਿੱਕਤ ਆਉਂਦੀ ਸੀਪਰ ਹੌਲੀ ਹੌਲੀ ਗੱਡੀ ਰਿੜ੍ਹ ਪਈ

ਦੂਜੇ ਮਹੀਨੇ ਮੇਰੀ ਤਨਖਾਹ ਸ਼ੁਰੂ ਹੋ ਗਈਮੈਂ ਆਪਣੇ ਤੌਰ ’ਤੇ ਸਵੇਰ ਵੇਲੇ ਸਟੋਰ ਖੋਲ੍ਹਣ ਲੱਗ ਪਿਆ ਸਾਂਮੈਂ ਸਵੇਰੇ ਛੇ ਵਜੇ ਸਟੋਰ ਖੋਲ੍ਹਦਾ ਅਤੇ ਸ਼ਾਮ ਦੇ ਤਿੰਨ ਵਜੇ ਦੂਜੇ ਇੰਪਲਾਈ ਨੂੰ ਸਟੋਰ ਸੰਭਾਲ ਕੇ ਆਪਣੀ ਅਪਾਰਮੈਂਟ ਵਿੱਚ ਆ ਜਾਂਦਾਗਰਮੀਆਂ ਦੇ ਦਿਨਾਂ ਵਿੱਚ ਸਵੇਰੇ ਛੇ ਵਜੇ ਕਾਫੀ ਚਾਨਣ ਹੁੰਦਾ ਸੀ, ਇਸ ਲਈ ਸਟੋਰ ਖੋਲ੍ਹਣ ਵੇਲੇ ਕੋਈ ਦਿੱਕਤ ਦਾ ਸਾਹਮਣਾ ਨਹੀਂ ਕਰਨਾ ਪਿਆਹੋਮਲੈੱਸ, ਡਰੱਗੀ ਤੇ ਟਰੈਸ਼ ਫਰੋਲਣ ਵਾਲੇ ਭਾਵੇਂ ਸਟੋਰ ਦੇ ਆਸੇ ਪਾਸੇ ਘੰਮਦੇ ਦਿਖਾਈ ਦਿੰਦੇ ਸਨ ਪਰ ਸਵੇਰ ਵੇਲੇ ਚਾਨਣ ਹੋਣ ਕਾਰਨ ਡਰ ਘੱਟ ਲੱਗਦਾ ਸੀਸਿਆਲ ਹੁੰਦਿਆਂ ਹੀ ਸ਼ਾਮ ਨੂੰ ਹਨੇਰਾ ਛੇਤੀ ਉੱਤਰ ਆਉਂਦਾ ਹੈ ਅਤੇ ਸਵੇਰੇ ਵੀ ਸੂਰਜ ਲੇਟ ਦਿਖਾਈ ਦਿੰਦਾ ਹੈਮੀਹਾਂ ਦਾ ਮੌਸਮ ਸ਼ੁਰੂ ਹੋਣ ਨਾਲ ਬਦਲਵਾਈ ਵੀ ਬਣੀ ਰਹਿੰਦੀ ਹੈਸਰਦੀ ਦੇ ਦਿਨਾਂ ਵਿੱਚ ਵੱਡੇ ਵੱਡੇ ਕੋਟਾਂ ਅਤੇ ਕੰਬਲਾਂ ਵਿੱਚ ਲਪੇਟੇ ਸਟੋਰ ਦੇ ਬਾਹਰੀ ਖੂੰਜਿਆਂ ਜਾਂ ਕੰਧ ਦਾ ਸਹਾਰਾ ਓੁਟੀ ਬੈਠੇ ਡਰੱਗੀ, ਹੋਮਲੈੱਸ ਆਮ ਹੀ ਮਿਲ ਜਾਂਦੇ ਹਨਇਨ੍ਹਾਂ ਦੀਆਂ ਆਦਤਾਂ ਤੇ ਸੁਭਾਅ ਅੱਖੜ ਹੋਣ ਕਾਰਨ ਡਰ ਹਮੇਸਾ ਬਣਿਆ ਰਹਿੰਦਾ ਹੈ

ਉਸ ਦਿਨ ਸਰਦੀਆਂ ਦਾ ਮੌਸਮ ਹੋਣ ਕਾਰਨ ਮੀਂਹ ਰਾਤ ਤੋਂ ਹੀ ਪੈ ਰਿਹਾ ਸੀਸਵੇਰ ਵੇਲੇ ਜਦੋਂ ਮੈਂ ਸਟੋਰ ਖੋਲ੍ਹਣ ਪਹੁੰਚਿਆ ਤਾਂ ਵੇਖਿਆ, ਸਟੋਰ ਦੇ ਬਾਰ ਮੂਹਰੇ ਕੋਈ ਲੇਟਿਆ ਪਿਆ ਹੈਮੀਂਹ ਦੀ ਵਾਛੜ ਤੋਂ ਬਚਣ ਲਈ ਉਸ ਵਿਅਕਤੀ ਨੇ ਟਰੈਸ਼ ਬੈਗ ਪਾੜ ਕੇ ਆਪਣੇ ਉੱਪਰ ਲਪੇਟੇ ਹੋਏ ਸਨਪਹਿਲਾਂ ਤਾਂ ਮੈਂ ਉਸ ਦੇ ਕੋਲੇ ਜਾ ਕੇ ਉਠਾਉਣ ਬਾਰੇ ਸੋਚਿਆ, ਫਿਰ ਮੈਂ ਸੋਚਿਆ ਕਿਤੇ ਅੱਕਿਆ ਹਮਲਾ ਹੀ ਨਾ ਕਰ ਦੇਵੇਮੈਂ ਕਾਰ ਵਿੱਚ ਬੈਠ ਕੇ ਹੀ ਹਾਰਨ ਮਾਰਨਾ ਸ਼ੁਰੂ ਕਰ ਦਿੱਤਾ ਅਤੇ ਨਾਲ ਹੀ ਉੱਚੀ ਦੇ ਕੇ ਬੋਲਿਆ “ਆਈ ਉਪਨ ਦਾ ਸਟੋਰ।” ਉਹ ਉੱਠਿਆ ਤੇ ਆਪਣਾ ਨਿਕ-ਸੁਕ ਸਾਂਭ ਕੇ ਇੱਕ ਪਾਸੇ ਹੋ ਤੁਰਿਆਮੈਂਨੂੰ ਸੁਖ ਦਾ ਸਾਹ ਆਇਆ

ਮੈਂ ਆਸਾ ਪਾਸਾ ਵੇਖ ਕੇ ਛੇਤੀ ਨਾਲ ਸਟੋਰ ਦਾ ਗੇਟ ਖੋਲ੍ਹਿਆ, ਅੰਦਰ ਵੜ ਕੇ ਝੱਟ ਲੌਕ ਲਾ ਲਿਆਮੈਂ ਕੈਸ਼ ਰਜਿਸਟਰ ਤਿਆਰ ਕਰਕੇ ਅਤੇ ਕੌਫੀ ਵਗੈਰਾ ਬਣਾ ਕੇ ਗਾਹਕਾਂ ਲਈ ਸਟੋਰ ਖੋਲ੍ਹ ਦਿੱਤਾਸਵੇਰ ਵੇਲੇ ਕੰਮਾਂ ’ਤੇ ਜਾਣ ਵਾਲੇ ਦੋ ਤਿੰਨ ਗਾਹਕ ਆਪਣਾ ਸਮਾਨ ਖਰੀਦ ਕੇ ਛੇਤੀ ਛੇਤੀ ਸਟੋਰ ਤੋਂ ਬਾਹਰ ਚਲੇ ਗਏਉਹ ਸਵੇਰ ਵਾਲਾ ਸ਼ਖਸ ਪਾਣੀ ਨਾਲ ਭਿੱਜਿਆ ਕੌਫੀ ਦਾ ਵੱਡਾ ਕੱਪ ਭਰ ਕੇ ਕਾਊਂਟਰ ਸਾਹਮਣੇ ਆ ਕੇ ਖੜ੍ਹਾ ਹੋ ਗਿਆਉਸ ਨੇ ਪੈਸੇ ਕੱਢਣ ਲਈ ਆਪਣੇ ਕੱਪੜਿਆਂ ਦੀ ਕਾਫੀ ਫਰੋਲਾ ਫਰਾਲੀ ਕੀਤੀਉਸ ਦੇ ਕਪੜਿਆ ਵਿੱਚੋਂ ਪਾਣੀ ਦੇ ਛਿੱਟੇ ਫਰਸ਼ ਤੇ ਡਿਗ ਰਹੇ ਸਨਮੈਂਨੂੰ ਖਿਝ ਚੜ੍ਹ ਰਹੀ ਸੀਸਵੇਰੇ ਸਵੇਰੇ ਮੈਂ ਕਲੇਸ਼ ਤੋਂ ਡਰਦਾ ਚੁੱਪ ਰਹਾਕਾਫੀ ਕੋਸ਼ਿਸ਼ ਤੋਂ ਬਾਅਦ ਉਸ ਨੇ ਇੱਕ ਭਿੱਜਿਆ ਤੇ ਮੁੱਚੜਿਆ ਜਿਹਾ ਡਾਲਰ ਕਾਊਂਟਰ ’ਤੇ ਰੱਖ ਦਿੱਤਾ। ਮੈਂ ਆਖਿਆ, “ਦਿਸ ਇਜ਼ ਨਾਟ ਗੁੱਡ।”

“ਡਾਲਰ ਇਜ਼ ਏ ਡਾਲਰ, ਆਈ ਐੱਮ ਅਮੈਰੇਕਨ, ਆਈ ਨੋ, ਵੈਰੀ ਵੈੱਲ।” ਉਸ ਨੇ ਖਿਝ ਕੇ ਆਖਿਆ

“ਆਈ ਐੱਮ ਆਲਸੋ ਅਮਰੀਕਨ।” ਮੈਂ ਵੀ ਤਲਖੀ ਵਿੱਚ ਆਖਿਆ

ਯੂ ਆਰ ਨੌਟ ਅਮਰੀਕਨ, ਯੂ ਆਰ ਇੰਮੀਗਰੈਂਟਸ।” ਆਖ ਕੇ ਉਸ ਨੇ ਕੌਫੀ ਦਾ ਕੱਪ ਕਾਊਂਟਰ ’ਤੇ ਰੱਖ ਦਿੱਤਾਕੌਫੀ ਉਹ ਪਹਿਲਾਂ ਹੀ ਜੂਠੀ ਕਰ ਚੁੱਕਾ ਸੀਸਟੋਰ ਮਾਲਕ ਦਾ ਕਿਹਾ ਮੈਂਨੂੰ ਯਾਦ ਆਇਆ, ਕਦੇ ਵੀ ਗਾਹਕ ਨਾਲ ਖਹਿਬੜਨਾ ਨਹੀਂਇਹ ਸਾਰਾ ਕੁਝ ਜਰਦਿਆਂ ਮੈਂ ਕਿਹਾ, “ਵੰਨ ਡਾਲਰ ਮੋਰ।”

“ਆਈ ਹੈਵ ਨੋ ਮੋਰ।” ਉਸ ਨੇ ਖਾਲੀ ਹੱਥ ਵਿਖਾਉਦਿਆਂ ਕਿਹਾ।

“ਓਕੇ, ਨੈਕਸਟ ਟਾਈਮ ਗਿਵ?” ਝਗੜੇ ਨੂੰ ਨਿਬੇੜਨ ਲਈ ਮੈਂ ਅਗਲੀ ਵਾਰ ਦੇਣ ਲਈ ਕਹਿ ਦਿੱਤਾ ਸੀ ਮੈਂਨੂੰ ਪਤਾ ਸੀ ਉਸ ਨੇ ਅਗਲੀ ਵਾਰ ਵੀ ਨਹੀਂ ਦੇਣੇਇਸ ਤਰ੍ਹਾਂ ਦੇ ਢੀਠ ਲੋਕ ਕਾਫੀ ਹਨ ਜੋ ਜਾਣ ਬੁੱਝ ਕੇ ਪੈਸੇ ਦੇਣ ਤੋਂ ਪਹਿਲਾਂ ਹੀ ਚੀਜ਼ ਜੂਠੀ ਕਰ ਦਿੰਦੇ ਹਨ ਤਾਂ ਕਿ ਮਾਲਕ ਸੁੱਟਣ ਦੀ ਬਜਾਏ ਜਿੰਨੇ ਦਿੰਦਾ ਹੈ ’ਤੇ ਸਬਰ ਕਰ ਲਵੇ

ਉਸ ਦਾ ਕਿਹਾ, “ਯੂ ਆਰ ਇਮੀਗਰੈਂਟਸ” ਮੈਂਨੂੰ ਸਾਰਾ ਦਿਨ ਬੈਚੇਨ ਕਰਦਾ ਰਿਹਾਮੈਂ ਸੋਚ ਰਿਹਾ ਸੀ, ਪੰਜਾਬੀ ਕਈ ਦਹਾਕਿਆਂ ਤੋਂ ਇੱਥੇ ਰਹਿ ਰਹੇ ਹਨਇੱਥੋਂ ਦੇ ਸਿਟੀਜ਼ਨ ਹਨਮਿਹਨਤਾਂ ਕਰਕੇ ਚੰਗੇ ਕਾਰੋਬਾਰ ਚਲਾ ਰਹੇ ਹਨਟੈਕਸ ਭਰਦੇ ਹਨਇੱਥੋਂ ਦੀ ਆਰਥਿਕਤਾ ਨੂੰ ਉੱਚੀ ਚੁੱਕਣ ਵਿੱਚ ਪੰਜਾਬੀਆਂ ਦਾ ਬਹੁਤ ਵੱਡਾ ਹੱਥ ਹੈਇੱਕ ਸਾਧਾਰਨ ਡਰੱਗੀ ਮੰਗਤਾ, ਜਿਸ ਕੋਲ ਰਹਿਣ ਨੂੰ ਨਾ ਘਰ ਹੈ ਨਾ ਕੋਲ ਖਾਣ-ਪੀਣ ਲਈ ਕੋਈ ਪੈਸਾ ਹੈ ਫਿਰ ਵੀ ਆਪਣੇ ਆਪ ਨੂੰ ਸਾਡੇ ਨਾਲੋਂ ਉੱਤਮ ਸਮਝਦਾ ਹੈਉਹ ਆਪਣੇ ਆਪ ਨੂੰ ਗੋਰੀ ਨਸਲ ਦਾ ਹੋਣ ਕਰਕੇ ਅਮਰੀਕਾ ਦਾ ਅਸਲ ਵਾਸੀ ਸਮਝਦਾ ਹੈਭਾਵੇਂ ਉਸ ਦੇ ਵੱਡੇ-ਵਡੇਰੇ ਵੀ ਬਾਹਰੋਂ ਆਏ ਸਨਇੱਥੇ ਬਹੁਤ ਸਾਰੇ ਲੋਕ ਗੋਰੀ ਨਸਲ ਦਾ ਹੋਣ ਕਰਕੇ ਆਪਣੇ ਆਪ ਨੂੰ ਉਚੇਰੇ ਹੋਣ ਦਾ ਭਰਮ ਪਾਲੀ ਰੱਖਦੇ ਹਨ

ਮੈਂਨੂੰ ਯਾਦ ਆਇਆ, ਸਾਡੇ ਪੰਜਾਬ ਵਿੱਚ ਵੀ ਆਮ ਲੋਕ ਪਰਵਾਸੀ ਮਜ਼ਦੂਰਾਂ ਨੂੰ ਆਦਰ ਦੀ ਨਿਗਾਹ ਨਾਲ ਨਹੀਂ ਵੇਖਦੇਪਿੰਡਾਂ ਵਿੱਚ ਪੰਜਾਬੀ ਮਜ਼ਦੂਰ ਵੀ ਬਾਹਰੋਂ ਆਏ ਬਿਹਾਰੀ ਜਾਂ ਯੂ ਪੀ ਦੇ ਮਜ਼ਦੂਰਾਂ ਨੂੰ ਆਪਣੇ ਨਾਲੋਂ ਹੇਠਲੇ ਦਰਜੇ ਦੇ ਸਮਝਦੇ ਹਨਭਾਵੇਂ ਕੰਮ ਦੇ ਲਿਹਾਜ਼ ਨਾਲ ਦੋਵੇਂ ਬਰਾਬਰ ਹਨਹੁਣ ਤਾਂ ਪਰਵਾਸੀ ਮਜ਼ਦੂਰਾਂ ਨੇ ਕਈੇ ਸ਼ਹਿਰਾਂ, ਕਸਬਿਆਂ ਵਿੱਚ ਆਪਣੇ ਛੋਟੇ ਛੋਟੇ ਕਾਰੋਬਾਰ ਵੀ ਸ਼ੁਰੂ ਕਰ ਲਏ ਹਨਫਿਰ ਵੀ ਪੰਜਾਬੀ ਉਨ੍ਹਾਂ ਨੂੰ ਆਪਣੇ ਹਾਣਦੇ ਨਹੀਂ ਸਮਝਦੇਉਹ ਭਾਰਤ ਦੇ ਵਸਨੀਕ ਹੋਣ ਦੇ ਨਾਤੇ ਬਰਾਬਰ ਦੇ ਸ਼ਹਿਰੀ ਹਨਪਰ ਫਿਰ ਵੀ ਹਰ ਕੰਮ ਵਿੱਚ ਉਨ੍ਹਾਂ ਨੂੰ ਭਈਏ ਕਹਿ ਕੇ ਛੁਟਿਆਇਆ ਜਾਂਦਾ ਹੈ

ਗੋਰੇ ਮੰਗਤੇ ਦਾ ਮੈਂਨੂੰ ਇੰਮੀਗਰੈਂਟਸ ਕਹਿਣਾ ਤੇ ਪੰਜਾਬ ਵਿੱਚ ਪਰਵਾਸੀ ਮਜ਼ਦੂਰਾਂ ਨੂੰ ਸਾਡੇ ਲੋਕਾਂ ਦਾ ਭਈਏ ਕਹਿਣਾ ਮਨੁੱਖ ਦੀ ਆਪਣੇ ਆਪ ਨੂੰ ਉਚੇਰੇ ਸਮਝਣ ਦੇ ਭਰਮ ਦੀ ਫਿਤਰਤ ਹੈ

ਮੈਂਨੂੰ ਯਾਦ ਆਇਆ, ਗੱਲ ਉਨ੍ਹਾਂ ਦਿਨਾਂ ਦੀ ਹੈਜਦੋਂ ਉਬਾਮਾ ਨਵਾਂ ਨਵਾਂ ਅਮਰੀਕਾ ਦਾ ਰਾਸ਼ਟਰਪਤੀ ਬਣਿਆ ਸੀਅਫਰੀਕਨ ਮੂਲ ਦਾ ਹੋਣ ਕਾਰਨ ਆਮ ਕਾਲੇ ਰੰਗ ਦੇ ਲੋਕਾਂ ਵਿੱਚ ਕਾਫੀ ਉਤਸ਼ਾਹ ਸੀਪਹਿਲੀ ਵਾਰ ਕੋਈ ਕਾਲੇ ਰੰਗ ਦਾ ਬੰਦਾ ਰਾਸ਼ਟਰਪਤੀ ਬਣਿਆ ਸੀ ਉਨ੍ਹਾਂ ਨੂੰ ਪਹਿਲੀ ਵਾਰ ਲੱਗਿਆ ਸੀ, ਅਸੀਂ ਵੀ ਗੋਰੇ ਲੋਕਾਂ ’ਤੇ ਰਾਜ ਕਰ ਸਕਦੇ ਹਾਂ ਉਨ੍ਹਾਂ ਦੇ ਵਿਵਹਾਰ ਵਿੱਚ ਕਾਫੀ ਤਬਦੀਲੀ ਵੇਖਣ ਨੂੰ ਮਿਲ ਰਹੀ ਸੀ

ਇੱਕ ਦਿਨ ਦੁਪਹਿਰ ਦਾ ਵੇਲਾ ਸੀ, ਲੰਚ ਬ੍ਰੇਕ ਹੋਣ ਕਾਰਨ ਸਟੋਰ ਅੰਦਰ ਗਾਹਕ ਕੋਈ ਨਹੀਂ ਸੀਮੈਂ ਸ਼ੀਸੇ ਵਿੱਚ ਦੀ ਬਾਹਰ ਵੱਲ ਵੇਖਿਆ, ਦੋ ਕੁ ਗਾਹਕ ਗੈਸ ਪਾ ਰਹੇ ਸਨਇੱਕ ਮਾੜਚੂ ਜਿਹਾ ਲੱਗਦਾ ਸ਼ਖਸ ਗੈਸ ਪਾ ਰਹੇ ਗਾਹਕ ਕੋਲੋਂ ਕੁਝ ਮੰਗ ਰਿਹਾ ਸੀਦੂਜਾ ਆਦਮੀ ਮੋਢੇ ’ਤੇ ਟਰੈਸ਼ ਬੈਗ ਲਟਕਾਈ ਖਾਲੀ ਬੀਅਰ ਅਤੇ ਸੋਡੇ ਦੇ ਕੈਨ ਇਕੱਠੇ ਕਰਨ ਲਈ ਟਰੈਸ਼ ਫਰੋਲ ਰਿਹਾ ਸੀ ਕੁਝ ਚਿਰ ਬਾਅਦ ਉਹੀ ਟਰੈਸ਼ ਵਿੱਚੋਂ ਕੈਨ ਇਕੱਠੇ ਕਰਨ ਵਾਲਾ ਆਦਮੀ ਟਰੈਸ਼ ਬੈਗ ਬਾਹਰ ਰੱਖ ਕੇ ਸਟੋਰ ਅੰਦਰ ਦਾਖਲ ਹੋਇਆ। ਕਾਊਂਟਰ ’ਤੇ ਫਿਫਟੀ ਸੈਂਟ ਸੁੱਟਣ ਦੇ ਲਹਿਜ਼ੇ ਵਿੱਚ ਮੇਰੇ ਮੂਹਰੇ ਰੱਖ ਕੇ ਉਸ ਨੇ ਇੱਕ ਸਸਤੀ ਜਿਹੀ ਸਿਗਾਰ ਮੰਗਿਆ। ਮੇਰੇ ਨਾਂਹ ਕਰਨ ’ਤੇ ਗੁੱਸੇ ਵਿੱਚ ਆ ਗਆ। ਗੱਲ ਵਿੱਚ ਪਾਈ ਉਬਾਮਾ ਦੀ ਫੋਟੋ ਵਿਖਾ ਕੇ ਚੀਕ ਕੇ ਆਖਣ ਲੱਗਾ, “ਯੂ?”

“ਆਈ?” ਮੈਂ ਵੀ, ਕੁਝ ਗਰਮ ਲਹਿਜ਼ੇ ਵਿੱਚ ਆਖਿਆ

“ਤੁਸੀਂ ਲੋਕ ਨਹੀਂ ਜਾਣਦੇ, ਅਸੀਂ ਦੇਸ ਦੇ ਰਾਸ਼ਟਰਪਤੀ ਹਾਂ, ਵਾਈਟ ਹਾਊਸ ਹੁਣ ਸਾਡਾ।” ਉਹ ਉਬਾਮਾ ਦੀ ਫੋਟੋ ਵਾਰ ਵਾਰ ਮੇਰੇ ਅੱਗੇ ਕਰਕੇ ਵਿਖਾਉਣ ਲੱਗਾ, ਜਿਵੇਂ ਉਹ ਉਬਾਮਾ ਦਾ ਕੋਈ ਸਕਾ ਸਬੰਧੀ ਹੋਵੇਮੈਂ ਕੁਝ ਨਰਮ ਪੈਂਦਿਆਂ ਆਖਿਆ, “ਮੈਂ ਵੀ ਉਬਾਮਾ ਨੂੰ ਪਸੰਦ ਕਰਦਾ ਹਾਂ, ਸਾਡਾ ਵੀ ਉਹ ਰਾਸ਼ਟਰਪਤੀ ਹੈ।” ਉਸ ਵਿਅਕਤੀ ਨੇ ਕੁਝ ਠੰਢਾ ਪੈਂਦਿਆਂ ਫਿਰ ਸਾਹਮਣੇ ਪਈਆਂ ਸਿਗਾਰਾਂ ਵੱਲ ਇਸ਼ਾਰਾ ਕੀਤਾਮੈਂ ਖਹਿੜਾ ਛੁਡਾਉਣ ਦੇ ਇਰਾਦੇ ਨਾਲ ਜਿਹੜੀ ਸਿਗਾਰ ਉਹ ਮੰਗਦਾ ਸੀ, ਦੇ ਦਿੱਤੀ

ਮੈਂ ਸੋਚ ਰਿਹਾ ਸੀ ਕਿ ਆਮ ਮਨੁੱਖ ਕੋਲ ਕਹਿਣ ਨੂੰ ਆਪਣਾ ਕੁਝ ਵੀ ਨਹੀਂ ਹੈਉਹ ਆਪਣੀ ਪਛਾਣ ਲਈ ਦੂਸਰਿਆਂ ਦੀ ਪਛਾਣ ਦਾ ਸਹਾਰਾ ਲੈਂਦਾ ਹੈਵੱਡਿਆਂ ਨਾਲ ਜੋੜੇ ਨਾਤੇ ਦੇ ਭਰਮ ਨੂੰ ਆਪਣੇ ਮਨ ਦੀ ਤਸੱਲੀ ਸਮਝਦਾ ਹੈਮੈਂਨੂੰ ਯਾਦ ਆਇਆ ਕਿ ਸਾਡੇ ਪਿੰਡ ਸਿਬੀਆਂ ਵਿੱਚ ਕਰਤਾਰਾ ਛੜਾ ਹੁੰਦਾ ਸੀਉਸ ਕੋਲ ਕੁਲ ਮਿਲਾ ਕੇ ਇੱਕ ਕੋਠੜੀ, ਕਬੂਤਰਾਂ ਦਾ ਖੁੱਡਾ, ਤੇ ਇੱਕ ਬੱਕਰੀ ਸੀਉਹ ਜਦੋਂ ਵੀ ਸੱਥ ਵਿੱਚ ਬੈਠਦਾ ਆਪਣੇ ਆਪ ਨੂੰ ਖਾਨਦਾਨੀ ਬੰਦਾ ਆਖਦਾਆਪਣਾ ਪਿਛੋਕੜ ਪਿੰਡ ਦੇ ਸਿਬੀਆ ਸਰਦਾਰਾਂ ਨਾਲ ਜੋੜਦਾਮਾਣ ਨਾਲ ਆਖਦਾ, “ਆਹ ਜਿਹੜੇ ਸੋਢੀ ਸਰਦਾਰ ਸੌ ਸੌ ਕਿੱਲਿਆਂ ਦੇ ਮਾਲਕ ਬਣੇ ਬੈਠੇ ਆ, ਸਾਡੇ ਵਡੇਰਿਆਂ ਨੇ ਇਨ੍ਹਾਂ ਨੂੰ ਦਾਨ ਵਿੱਚ ਦਿੱਤੇ ਸੀ ਇਹ ਤਾਂ ਬਾਹਰੋਂ ਆਏ ਐ, ਅਸੀਂ ਤਾਂ ਇੱਥੋਂ ਦੇ ਜੱਦੀ ਸਰਦਾਰ ਆਂ।”

ਥੋੜ੍ਹੇ ਚਿਰ ਬਾਦ ਜਦੋਂ ਮੈਂ ਬਾਹਰ ਵੇਖਿਆ ਉਹੀ ‘ਵਾਈਟ ਹਾਊਸ ਦਾ ਬਾਸ਼ਿੰਦਾ’ ਫਿਰ ਕੈਨ ਇਕੱਠੇ ਕਰਨ ਲਈ ਟਰੈਸ਼ ਫਰੋਲ ਰਿਹਾ ਸੀਮੈਂ ਸੋਚ ਰਿਹਾ ਸੀ, ਭਾਵੇਂ ਕਾਲੀ ਚਮੜੀ ਵਾਲਾ ਉਬਾਮਾ ਹੋਵੇ ਜਾਂ ਗੋਰੀ ਚਮੜੀ ਵਾਲਾ ਟਰੰਪ ਹੋਵੇ, ਮੂੰਹ ਦੀ ਬੁਰਕੀ ਲਈ ਹੱਥਾਂ ਦੀ ਕਿਰਤ ਨੇ ਹੀ ਕੰਮ ਆਉਣਾ ਹੈਪਰ ਮਨੁੱਖ ਇੱਕ ਭੁਲੇਖੇ ਨੂੰ ਆਪਣੇ ਸਿਰ ਵਿੱਚ ਚੁੱਕੀ ਫਿਰਦਾ ਸਾਰੀ ਉਮਰ ਗਵਾਚਿਆ ਰਹਿੰਦਾ ਹੈ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)

(2470)

(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.) 

About the Author

ਸੰਤੋਖ ਮਿਨਹਾਸ

ਸੰਤੋਖ ਮਿਨਹਾਸ

Fresno, Califonia, USA.
Phone: (559 - 283- 6376)
Email: (santokhminhas@yahoo.com)