SantokhSMinhas7ਮੇਰੀ ਜਾਨ ਤਾਂ ਬਚ ਗਈ ਪਰ ਮੈਂ ਬਹੁਤ ਡਰ ਗਿਆ ...
(20 ਅਕਤੂਬਰ 2020)

 

USPassport1ਪਰਵਾਸ ਨਾਲ ਸਬੰਧਤ ਸਮੇਂ ਸਮੇਂ ਬਹੁਤ ਹੀ ਮੰਦਭਾਗੀਆਂ ਖਬਰਾਂ ਪੜ੍ਹਨ ਸੁਣਨ ਮਿਲਦੀਆਂ ਹਨ ਕਈ ਵਾਰ ਪਰਵਾਸ ਕਰਦਿਆਂ ਇੰਨੇ ਦਰਦਨਾਕ ਹਾਦਸੇ ਵਾਪਰ ਜਾਂਦੇ ਹਨ ਕਿ ਸਵੇਦਨਸ਼ੀਲ ਬੰਦਾ ਕੰਬ ਜਾਂਦਾ ਹੈਬਿਹਤਰ ਜ਼ਿੰਦਗੀ ਦੀ ਤਲਾਸ਼ ਲਈ ਜਾ ਰਹੇ ਪਰਵਾਸੀਆਂ ਨੂੰ ਚਿੱਤ-ਚੇਤਾ ਵੀ ਨਹੀਂ ਹੁੰਦਾ, ਰਾਹ ਵਿੱਚ ਮੌਤ ਉਨ੍ਹਾਂ ਨੂੰ ਉਡੀਕ ਰਹੀ ਹੈਇਸ ਤਰ੍ਹਾਂ ਵੱਖ ਵੱਖ ਮੁਲਕਾਂ ਨੂੰ ਨਜਾਇਜ਼ ਢੰਗ ਨਾਲ ਜਾਣ ਵਾਲੇ ਹਜ਼ਾਰਾਂ ਪਰਵਾਸੀ ਰਾਹ ਵਿੱਚ ਹੀ ਮਰ ਖਪ ਜਾਂਦੇ ਹਨ, ਜਿਨ੍ਹਾਂ ਦਾ ਕੋਈ ਥੁਹ ਪਤਾ ਨਹੀਂ ਲੱਗਦਾ

ਇਸੇ ਤਰ੍ਹਾਂ ਅਮਰੀਕਾ ਵਿੱਚ ਨਜਾਇਜ਼ ਦਾਖਲ ਹੋਣ ਵਾਲਿਆਂ ਨੂੰ ਵੀ ਪਤਾ ਨਹੀਂ ਹੁੰਦਾ ਕਿ ਉਨ੍ਹਾਂ ਦੀ ਜ਼ਿੰਦਗੀ ਦਾ ਸਫਰ ਅਮਰੀਕਾ, ਮੈਕਸੀਕੋ ਸਰਹੱਦ ’ਤੇ ਹੀ ਖਤਮ ਹੋ ਜਾਵੇਗਾਹਰ ਸਾਲ ਸੈਕੜੇ ਲੋਕ ਸਰਹੱਦ ਪਾਰ ਕਰਨ ਤੋਂ ਪਹਿਲਾਂ ਹੀ ਮੌਤ ਦੇ ਮੂੰਹ ਵਿੱਚ ਜਾ ਡਿਗਦੇ ਹਨਇੱਕ ਖਬਰ ਇਹ ਵੀ ਦੱਸਦੀ ਹੈ ਕਿ 2014 ਤੋਂ ਜੁਲਾਈ 2019 ਤਕ ਅਮਰੀਕਾ ਦੀ ਸਰਹੱਦ ਤਕ ਪਹੁੰਚਣ ਤੋਂ ਪਹਿਲਾਂ ਹੀ ਮੌਤ ਦੇ ਮੂੰਹ ਵਿੱਚ ਜਾਣ ਵਾਲਿਆਂ ਦੀ ਗਿਣਤੀ 32 ਹਜ਼ਾਰ ਤੋਂ ਵੱਧ ਹੈਇੰਟਰਨੈਸ਼ਨਲ ਆਰਗੇਨਾਈਜੇਸ਼ਨ ਆਫ ਮਾਇਗ੍ਰੇਸ਼ਨ ਦੇ ਅੰਕੜੇ ਦਰਸਾਉਂਦੇ ਹਨ ਕਿ ਵੱਡੀ ਗਿਣਤੀ ਵਿੱਚ ਪਰਵਾਸੀ ਆਪਣਾ ਸਫਰ ਪੂਰਾ ਕਰਨ ਤੋਂ ਪਹਿਲਾਂ ਹੀ ਇਸ ਸੰਸਾਰ ਨੂੰ ਅਲਵਿਦਾ ਆਖ ਦਿੰਦੇ ਹਨ

ਪਿਛਲੇ ਦਿਨੀਂ ਇਹ ਖਬਰ ਸੰਸਾਰ ਪੱਧਰ ’ਤੇ ਚਰਚਾ ਵਿੱਚ ਆਈ ਸੀ ਕਿ ਅਮਰੀਕਾ ਵਿੱਚ ਦਾਖਲ ਹੋਣ ਲਈ ਨਦੀ ਪਾਰ ਕਰਦਿਆਂ ਪਿਉ-ਧੀ ਦੀਆਂ ਲਾਸ਼ਾਂ ਨਦੀ ਦੇ ਕਿਨਾਰੇ ਮਿਲੀਆਂਪਿਉ ਨੇ ਆਪਣੀ ਧੀ ਨੂੰ ਟੀ ਸ਼ਰਟ ਵਿੱਚ ਫਸਾਇਆ ਹੋਇਆ ਸੀ ਅਤੇ ਮਾਸੂਮ ਬੱਚੀ ਦੀਆਂ ਬਾਹਾਂ ਪਿਉ ਦੀ ਗਰਦਨ ਨੂੰ ਵਲੀਆਂ ਹੋਈਆਂ ਸਨ ਇਸਦੇ ਨਾਲ ਹੀ ਇੱਕ ਹੋਰ ਖਬਰ ਸੀ ਕਿ ਗੁਰਪ੍ਰੀਤ ਨਾਂ ਦੀ ਬੱਚੀ ਅਤਿ ਦੀ ਗਰਮੀ ਅਤੇ ਪਿਆਸ ਨਾਲ ਰਾਹ ਵਿੱਚ ਹੀ ਦਮ ਤੋੜ ਗਈ ਜੋ ਸਰਹੱਦ ਪਾਰ ਕਰਨ ਦੀ ਕੋਸ਼ਿਸ਼ ਕਰ ਰਹੀ ਮਾਂ ਦੇ ਸੰਗ ਸੀਇਸ ਤਰ੍ਹਾਂ ਦੀਆਂ ਸੈਕੜੇ ਘਟਨਾਵਾਂ ਹਨ ਜੋ ਕਿਸੇ ਦੇਸ ਵਿੱਚ ਨਾਜਾਇਜ਼ ਦਾਖਲ ਹੁੰਦਿਆਂ ਵਾਪਰਦੀਆਂ ਹਨ

ਪਰਵਾਸ ਮਨੁੱਖ ਦੀ ਮੁੱਢ ਤੋਂ ਹੀ ਲੋੜ ਰਹੀ ਹੈਮਨੁੱਖ ਚੰਗੇਰੇ ਭਵਿੱਖ ਦੀ ਤਲਾਸ਼ ਵਿੱਚ ਇੱਕ ਥਾਂ ਤੋਂ ਦੂਜੀ ਥਾਂ ਜਾਂਦਾ ਰਿਹਾ ਹੈ ਮਨੱਖ ਨੂੰ ਜਦੋਂ ਇਹ ਲੱਗਦਾ ਹੈ ਕਿ ਇਹ ਥਾਂ ਉਸ ਦੇ ਜਿਊਣ ਦੀਆਂ ਹਾਲਤਾਂ ਦੇ ਅਨੁਕੂਲ ਨਹੀਂ ਹੈ, ਉਹ ਨਵੀਂਆਂ ਥਾਂਵਾਂ ਦੀ ਤਲਾਸ਼ ਕਰਦਾ ਹੈ ਇਹ ਮਨੁੱਖ ਦੇ ਜਿਉਂਦੇ ਰਹਿਣ ਲਈ ਜ਼ਰੂਰੀ ਵੀ ਹੁੰਦਾ ਹੈ

ਆਮ ਮਿੱਥ ਹੈ ਕਿ ਕੁਦਰਤ ਨੇ ਮਨੁੱਖ ਲਈ ਜਿੱਥੇ ਜਿੱਥੇ ਚੋਗ ਖਿਲਾਰੀ ਹੁੰਦੀ ਹੈ ਉਸ ਨੂੰ ਉੱਥੇ ਉੱਥੇ ਹੀ ਚੁਗਣੀ ਪੈਂਦੀ ਹੈਪਰ ਪੰਜਾਬੀਆਂ ਲਈ ਇਹ ਚੋਗ ਪਤਾ ਨਹੀਂ ਸੰਸਾਰ ਦੇ ਕਿਹੜੇ ਕਿਹੜੇ ਕੋਨੇ ਵਿੱਚ ਖਿਲਾਰੀ ਪਈ ਹੈਚੋਗ ਦੀ ਤਲਾਸ਼ ਵਿੱਚ ਬਹੁਤ ਸਾਰੇ ਲੋਕਾਂ ਨੂੰ ਤਾਂ ਕਈ ਕਈ ਮੁਲਕਾਂ ਦਾ ਟਿਕਾਣਾ-ਦਰ-ਟਿਕਾਣਾ ਬਦਲਣਾ ਪੈਂਦਾ ਹੈ ਕਈਆਂ ਨੂੰ ਤਾਂ ਆਖਰ ਪੱਕਾ ਟਿਕਾਣਾ ਲੱਭ ਪੈਂਦਾ ਹੈ ਜਿੱਥੇ ਉਨ੍ਹਾਂ ਨੇ ਸਾਰੀ ਉਮਰ ਚੋਗ ਚੁਗਣੀ ਹੁੰਦੀ ਹੈਪਰ ਕਈਆਂ ਦੇ ਹਿੱਸੇ ਵਿੱਚੋਂ ਪੱਕੇ ਟਿਕਾਣੇ ਵਾਲੀ ਚੋਗ ਗਵਾਚੀ ਰਹਿੰਦੀ ਹੈ ਅਤੇ ਕੋਈ ਥਹੁ ਨਹੀਂ ਮਿਲਦਾ

ਪਰਵਾਸ ਦਾ ਕਾਰਨ ਕੋਈ ਵੀ ਹੋ ਸਕਦਾ ਹੈ - ਲਾਲਸਾ ਵੀ ਤੇ ਮਜਬੂਰੀ ਵੀਕਿਸੇ ਲਈ ਚਾਅ ਮੱਤਾ ਵੀ ਹੋ ਸਕਦਾ ਤੇ ਕਿਸੇ ਲਈ ਸੰਤਾਪ ਵੀਪਰਵਾਸ ਦਾ ਰੂਪ ਕੋਈ ਵੀ ਹੋ ਸਕਦਾ ਹੈਪਰ ਪਰਵਾਸ ਮਨੁੱਖ ਦੇ ਹਿੱਸੇ ਆਇਆ ਜ਼ਰੂਰ ਹੈ

ਜਦੋਂ ਪਹਿਲੀ ਵਾਰ ਮੈਂ ਅਮਰੀਕਾ ਅਇਆ, ਮੈਂਨੂੰ ਵੀ ਬੜਾ ਚਾਅ ਸੀਪਹਿਲੀ ਵਾਰ ਆਪਣੇ ਦੇਸ ਤੋਂ ਬਾਹਰ ਕਿਸੇ ਹੋਰ ਦੇਸ ਨੂੰ ਵੇਖਣ ਦਾ ਮੌਕਾ ਮਿਲਣਾ ਸੀਦੇਸ ਵੀ ਉਹ, ਜਿੱਥੇ ਜਾਣ ਲਈ ਬਹੁਤੇ ਲੋਕੀਂ ਸਾਰੀ ਉਮਰ ਤਰਸਦੇ ਰਹਿੰਦੇ ਹਨਜਦ ਮੈਂ ਅਮਰੀਕਾ ਦੀ ਧਰਤੀ ’ਤੇ ਪੈਰ ਰੱਖਿਆ ਤਾਂ ਹੈਰਾਨ ਹੋ ਗਿਆ ਖੁੱਲ੍ਹੀਆਂ ਸੜਕਾਂ ਤੇ ਤੇਜ਼ ਦੌੜਦੀਆਂ ਕਾਰਾਂ, ਵੱਡੇ ਵੱਡੇ ਪੁਲ, ਉੱਚੀਆਂ ਉੁੱਚੀਆਂ ਇਮਾਰਤਾਂ, ਸਭ ਕੁਝ ਇੱਕ ਕਰੀਨੇ ਵਿੱਚ ਬੱਝਿਆ ਹੋਇਆ ਮੈਂਨੂੰ ਇਹ ਸਾਰਾ ਕੁਝ ਵੱਖਰਾ ਵੱਖਰਾ ਲੱਗਿਆਜਦੋਂ ਮੈਂ ਇਸ ਸਭ ਕੁਝ ਨੂੰ ਆਪਣੇ ਦੇਸ਼ ਭਾਰਤ ਨਾਲ ਮਿਲਾ ਕੇ ਦੇਖਦਾ, ਆਪਣਾ ਦੇਸ਼ ਗਰੀਬੜਾ ਜਿਹਾ, ਗੰਦਗੀ ਦੇ ਢੇਰਾਂ ਵਾਲਾ, ਭ੍ਰਿਸ਼ਟਾਚਾਰ ਵਿੱਚ ਡੁੱਬਿਆ ਹੋਇਆ, ਮਾੜਚੂ ਜਿਹਾ ਲਗਦਾਅਮਰੀਕਾ ਦੀ ਹਰ ਚੀਜ਼ ਵੇਖਣ ਨੂੰ ਚੰਗੀ ਲਗਦੀ ਤੇ ਅੱਖਾਂ ਨੂੰ ਚੁੰਧਿਆਉਂਦੀ

ਮੈਂ ਤੇ ਪਤਨੀ ਤੇ ਦੋਨੋਂ ਬੇਟੀਆਂ ਅਸੀਂ ਆਪਣੇ ਛੋਟੇ ਭਰਾ ਕੋਲ ਠਹਿਰੇ ਹੋਏ ਸਾਂਉਸ ਦਾ ਕਾਫੀ ਚੰਗਾ ਕਾਰੋਬਾਰ ਹੈਕਈ ਦਿਨ ਤਾਂ ਭੈਣ ਭਰਾਵਾਂ ਤੇ ਰਿਸ਼ਤੇਦਾਰਾਂ ਨੂੰ ਮਿਲਣ ਵਿੱਚ ਬੀਤ ਗਏਚੰਗੀ ਖਾਤਰਦਾਰੀ ਵੀ ਹੋਈ ਕਿਉਂਕਿ ਮੇਰੇ ਸਾਰੇ ਭੈਣ ਭਰਾ, ਮੈਥੋਂ ਪਹਿਲਾਂ ਹੀ ਇੱਥੇ ਰਹਿ ਰਹੇ ਸਨਪਰ ਕੁਝ ਦਿਨ ਬਾਅਦ ਹੀ ਕੰਮ ਦੀਆਂ ਗੱਲਾਂ ਹੋਣ ਲੱਗ ਪਈਆਂਜਿਵੇਂ ਸਾਡੇ ਆਉਣ ਤੋਂ ਪਹਿਲਾਂ ਹੀ ਸਾਡੇ ਲਈ ਕੰਮ ਭਾਲੇ ਹੋਏ ਹੋਣ ਮੈਂਨੂੰ ਸਾਡੀ ਭੈਣ ਦੇ ਗੈਸ ਸਟੇਸ਼ਨ ’ਤੇ ਕੰਮ ਸਿੱਖਣ ਲਈ ਤੋਰ ਦਿੱਤਾਅਤੇ ਮੇਰੀ ਪਤਨੀ ਨੂੰ ਛੋਟੇ ਭਰਾ ਦੇ ਸਬਵੇ ’ਤੇ ਕੰਮ ਸਿੱਖਣ ਲਾ ਦਿੱਤਾਬੱਚਿਆਂ ਨੂੰ ਸਕੂਲ ਦਾਖਲ ਕਰਾ ਦਿੱਤਾਸਾਡੀ ਗੱਡੀ ਨੂੰ ਲੀਹ ’ਤੇ ਲਿਆਉਣ ਲਈ ਜਿਵੇਂ ਉਹ ਕਾਹਲੇ ਸਨ ਮੈਂਨੂੰ ਮੇਰਾ ਭਰਾ ਤੜਕੇ ਹੀ ਕੁਝ ਖੁਆ ਪਿਆ ਕੇ ਗੈਸ ਸਟੇਸ਼ਨ ’ਤੇ ਛੱਡ ਜਾਂਦਾ ਅਤੇ ਮੇਰੀ ਪਤਨੀ ਨੂੰ ਆਪਣੇ ਸਬਵੇ ’ਤੇ ਲਾਹ ਦਿੰਦਾਜਦੋਂ ਮੈਂ ਗੈਸ ਸਟੇਸ਼ਨ ਵਿੱਚ ਵੜਦਾ ਤਾਂ ਉੱਥੇ ਪਹਿਲਾਂ ਕੰਮ ਕਰਦਾ ਮੁੰਡਾ ਮੈਂਨੂੰ ਕੰਮ ਬਾਰੇ ਦੱਸਦਾ-ਕਿਵੇਂ ਗੈਸ ਸਟੇਸ਼ਨ ’ਤੇ ਪੰਪਾਂ ਦੀ ਸਫਾਈ ਕਰਨੀ ਹੈ, ਟਰੈਸ਼ ਬੈਗ ਕਿਵੇਂ ਖਾਲੀ ਕਰਨੇ ਹਨਆਸੇ ਪਾਸੇ ਦੀ ਸਫਾਈ ਕਿਉਂ ਜ਼ਰੂਰੀ ਹੈਬਾਥਰੂਪ ਦੀ ਸਫਾਈ ਦਾ ਧਿਆਨ ਕਿਵੇਂ ਰੱਖਣਾ ਹੈਮੌਪ ਕਿਵੇਂ ਮਾਰਨਾ ਹੈ? ਸੋਢੇ ਵਾਲੀ ਮਸ਼ੀਨ ਵਿੱਚ ਬਰਫ ਕਿਵੇਂ ਪਾਉਣੀ ਹੈ? ਆਈਸ ਦੇ ਬੈਗ ਕਿਵੇਂ ਭਰਨੇ ਹਨ? ਵੱਖ ਵੱਖ ਚੀਜ਼ਾਂ ਕੂਲਰ ਵਿੱਚ ਕਿਵੇਂ ਭਰਨੀਆਂ ਹਨ? ਜਦੋਂ ਗਰੌਸਰੀ ਦੀ ਡਲਿਵਰੀ ਆਉਂਦੀ ਹੈ, ਕਿਵੇਂ ਰੈਕਾਂ ਵਿੱਚ ਸਜਾਉਣੀ ਹੈ? ਆਦਿਇਸ ਸਾਰੇ ਕੰਮਾਂ ਦੀ ਲਿਸਟ ਉਸ ਕੋਲ ਪਹਿਲਾਂ ਹੀ ਤਿਆਰ ਹੁੰਦੀ ਸੀ ਇੱਥੇ ਬਹੁਤੇ ਮਾਲਕ ਆਪ ਮੁਲਾਜ਼ਮ ਨੂੰ ਘੱਟ ਕਹਿੰਦੇ ਹਨ, ਉਹ ਆਪਣੇ ਪਹਿਲੇ ਮੁਲਾਜ਼ਮ ਤੋਂ ਸਿੱਖਿਆ ਦੇ ਗੁਰ ਪੜ੍ਹਾਉਂਦੇ ਹਨ

ਮੈਂ ਸਵੇਰ ਤੋਂ ਸ਼ਾਮ ਤਕ ਚੱਲੋ ਸੋ ਚੱਲ ਵਿੱਚ ਰਹਿੰਦਾ ਇਸੇ ਭੱਜ ਦੌੜ ਵਿੱਚ ਮੈਂ ਹੰਭ ਜਾਂਦਾਜਦੋਂ ਕਦੇ ਮੈਂ ਕੰਮ ਮੁਕਾ ਕੇ ਰਜਿਸਟਰ ਕੋਲ ਜਾ ਕੇ ਗਾਹਕ ਲੈਣ ਦੇ ਸਿਸਟਮ ਨੂੰ ਸਿੱਖਣ ਦੀ ਕੋਸ਼ਿਸ਼ ਕਰਦਾ, ਉਹ ਮੈਂਨੂੰ ਹੋਰ ਕੰਮ ਗਿਣਾ ਦਿੰਦਾਅਮਰੀਕਾ ਵਾਲਾ ਬੁਖਾਰ ਹੁਣ ਉੁੱਤਰਣ ਲੱਗ ਪਿਆ ਸੀਉਹ ਅਮਰੀਕਾ ਜਿਹੜਾ ਆਉਣ ਸਾਰ, ਬੜਾ ਮਹਾਨ ਲੱਗਦਾ ਸੀ, ਹੁਣ ਬੜਾ ਚੁੱਬਣ ਲੱਗ ਪਿਆ ਸੀਬਾਹਰ ਪੰਪ ਸਾਫ ਕਰਦਿਆਂ, ਜਾਂ ਟਰੈਸ਼ ਦੇ ਬੈਗ ਚੁੱਕਦਿਆਂ ਸੋਚਦਾ, ਆਹ ਅਮਰੀਕਾ ਜਿਸ ਪਿੱਛੇ ਅੱਡੀਆਂ ਚੁੱਕ ਕੇ ਫਾਹਾ ਲੈਣ ਨੂੰ ਫਿਰਦਾ ਸੀ? ਇੰਡੀਆ ਚੰਗੀ ਭਲੀ ਸਾਡੀ ਦੋਹਾਂ ਜਣਿਆਂ ਦੀ ਸਰਕਾਰੀ ਨੌਕਰੀ ਸੀ - ਇੱਜ਼ਤ ਮਾਣ ਵਾਲੀਸੁਹਣਾ ਘਰ ਸੀ, ਆਉਣ ਜਾਣ ਨੂੰ ਵਹੀਕਲ ਕੋਲ ਸਨ ਕਾਸੇ ਦੀ ਥੁੜ ਨਹੀਂ ਸੀਇਹ ਸੋਚ ਕੇ ਮਨ ਪਛਤਾਉਣ ਲੱਗ ਪੈਂਦਾ -ਕਾਹਨੂੰ ਇਹ ਪੰਗਾ ਲੈਣ ਸੀਸ਼ਾਮ ਨੂੰ ਘਰ ਪਰਤਦਾ, ਪਤਨੀ ਦਾ ਵੀ ਇਹੀ ਰੋਣਾ ਹੁੰਦਾਅਮਰੀਕਾ ਆਉਣ ਦਾ ਫੈਸਲਾ ਸਾਨੂੰ ਗਲਤ ਲੱਗਦਾਪਤਨੀ ਹਮੇਸ਼ਾ ਪੰਜਾਬ ਵਿੱਚਲੇ ਘਰ ਦੀਆਂ ਗੱਲਾਂ ਲੈ ਬੈਠਦੀਉੱਥੋ ਦੀਆਂ ਸੁਖ ਸਹੂਲਤਾਂ ਦੀ ਕਹਾਣੀ ਛੁਹ ਲੈਂਦੀ

ਦੋ ਕੁ ਮਹੀਨਿਆਂ ਬਾਅਦ ਮੈਂ ਰਜਿਸਟਰ ’ਤੇ ਖੜ੍ਹਨ ਲੱਗ ਪਿਆ ਸੀਗਾਹਕਾਂ ਨੂੰ ਲੈਣ ਦਾ ਵੱਲ ਵੀ ਆ ਗਿਆ ਸੀਤੇ ਮੇਰੀ ਤਨਖਾਹ ਵੀ ਸ਼ੁਰੂ ਹੋ ਗਈਗਾਹਕਾਂ ਨਾਲ ਜਾਣ ਪਛਾਣ ਵੀ ਹੋਣ ਲੱਗ ਪਈਡੰਗ ਸਾਰਨ ਜੋਗੀ ਅੰਗਰੇਜ਼ੀ ਨੂੰ ਵੀ ਮੂੰਹ ਮਾਰਨ ਲੱਗ ਪਿਆਅਜੇ ਮੈਂਨੂੰ ਹਫਤਾ ਕੁ ਹੀ ਹੋਇਆ ਸੀ ਕਿ ਰਾਤ ਦੀ ਸਿਫਟ ਕਰਦਿਆਂ, ਕੋਈ ਨੌਂ ਕੁ ਵਜੇ ਗਾਹਕ ਦੇ ਰੂਪ ਆਏ ਲੁਟੇਰੇ ਨੇ ਪਸਤੌਲ ਦੀ ਨੋਕ ’ਤੇ ਮੇਰੇ ’ਤੇ ਹਮਲਾ ਕਰ ਦਿੱਤਾ ਅਤੇ ਸਾਰਾ ਕੈਸ਼ ਲੁੱਟ ਕੇ ਲੈ ਗਿਆ ਅਤੇ ਜਾਂਦੇ ਸਮੇਂ ਉਸ ਨੇ ਫਾਇਰ ਵੀ ਕਰ ਦਿੱਤਾਮੇਰੀ ਜਾਨ ਤਾਂ ਬਚ ਗਈ ਪਰ ਮੈਂ ਬਹੁਤ ਡਰ ਗਿਆ ਸਾਂਰਾਤ ਨੂੰ ਕੰਮ ਕਰਨਾ ਹੁਣ ਮੈਂਨੂੰ ਔਖਾ ਲੱਗਣ ਲੱਗ ਪਿਆਪਰ ਮਜਬੂਰੀ ਸੀ, ਹੋਰ ਕੋਈ ਕੰਮ ਨਹੀਂ ਸੀ ਆਉਂਦਾਪਤਨੀ ਦੀ ਖਿੱਚ-ਖਿੱਚ ਹਰ ਰੋਜ਼ ਵਧਦੀ ਜਾ ਰਹੀ ਸੀਅਮਰੀਕਾ ਤੋਂ ਜੀਅ ਹੁਣ ਉਕਤਾ ਗਿਆਵਾਪਸ ਜਾਣ ਦੀਆਂ ਗੱਲਾਂ ਹੋਣ ਲੱਗ ਪਈਆਂ।

ਐਤਵਾਰ ਆਮ ਪੰਜਾਬੀਆਂ ਦੀ ਤਰ੍ਹਾਂ ਮੈਂ ਵੀ ਆਪਣੇ ਭਰਾ ਨਾਲ ਗੁਰਦੁਆਰੇ ਚਲਾ ਜਾਂਦਾਜਾਣ ਪਛਾਣ ਵਾਲੇ ਲੋਕਾਂ ਨਾਲ ਗੱਲਾਂ ਕਰਕੇ ਦਿਲ ਹੌਲਾ ਕਰ ਲੈਂਦਾਇੱਕ ਦਿਨ ਗੱਲਾਂ ਗੱਲਾਂ ਵਿੱਚ ਮੈਂ ਕਿਹਾ. ਮੈਂ ਤਾਂ ਇੰਡੀਆ ਜਾਣ ਦਾ ਮਨ ਬਣਾ ਲਿਆ ਹੈਮੇਰੇ ਭਰਾ ਦਾ ਦੋਸਤ ਜੀਹਨੂੰ ਸਾਰੇ ਢਿੱਲੋਂ ਬਾਈ ਸੱਦਦੇ ਹਨ, ਕਹਿੰਦਾ ‘ਔਖਾ ਸੌਖਾ ਹੋ ਕੇ ’ਕੇਰਾਂ ਬਾਜ਼ ਵਾਲਾ ਪਾਸਪੋਰਟ ਲੈ ਲਾ, ਫੇਰ ਭਾਵੇਂ ਜਿੱਥੇ ਮਰਜ਼ੀ ਰਹੀ ਜਾਵੀਂ ਉਹਦੀ ਗੱਲ ਭਾਵੇਂ ਮੈਂਨੂੰ ਜੱਚਦੀ ਸੀ ਪਰ ਸਟੋਰ ’ਤੇ ਕੰਮ ਕਰਨਾ ਹੁਣ ਔਖਾ ਲੱਗ ਰਿਹਾ ਸੀਪਰ ਢਿੱਲੋਂ ਬਾਈ ਦੀ ਗੱਲ ਨੇ ਮੈਂਨੂੰ ਸੋਚਣ ਜ਼ਰੂਰ ਲਾ ਦਿੱਤਾ ਸੀਅਜੇ ਤਾਂ ਸਾਨੂੰ ਕੁਝ ਮਹੀਨੇ ਹੀ ਹੋਏ ਸਨ ਆਇਆ ਨੂੰ, ਕਿੱਥੇ ਪੰਜ ਸਾਲ, ਮੇਰੇ ਲਈ ਇੰਨਾ ਸਮਾਂ ਇੰਤਜ਼ਾਰ ਕਰਨਾ ਔਖਾ ਲੱਗਦਾ ਸੀ

ਸ਼ਾਮ ਦੇ ਕੋਈ ਸੱਤ ਕੁ ਵੱਜੇ ਹੋਣਗੇ ਮੇਰੀ ਪਤਨੀ ਤੇ ਮੇਰਾ ਭਤੀਜਾ ਤੇ ਇੱਕ ਹੋਰ ਲੜਕੀ ਸਬਵੇ ਸਟੋਰ ’ਤੇ ਕੰਮ ਕਰ ਰਹੇ ਸਨਇੱਕ ਹੱਟੇ ਕਟੇ ਕਾਲੇ ਨੇ ਮੇਰੇ ਭਤੀਜੇ ’ਤੇ ਹਮਲਾ ਕਰ ਦਿੱਤਾ ਜੋ ਉਸ ਵੇਲੇ ਕੈਸ਼ ਰਜਿਸਟਰ ’ਤੇ ਖੜ੍ਹਾ ਸੀਲੁਟੇਰਾ ਸਾਰੀ ਕੈਸ਼ ਲੁੱਟ ਕੇ ਦੌੜ ਗਿਆਮੇਰੇ ਭਤੀਜੇ ਦੇ ਮੂੰਹ ਵਿੱਚੋਂ ਲਹੂ ਵੱਗ ਰਿਹਾ ਸੀ ਮੇਰੀ ਪਤਨੀ ਇਹ ਸਾਰਾ ਕੁਝ ਵੇਖ ਕੇ ਡਰ ਗਈਅਗਲੇ ਦਿਨ ਉਸ ਨੇ ਸਟੋਰ ’ਤੇ ਕੰਮ ਕਰਨਾ ਬੰਦ ਕਰ ਦਿੱਤਾਇੰਡੀਆ ਵਾਪਸ ਜਾਣ ਦੀ ਉਸ ਦੀ ਰਟ ਜ਼ੋਰ ਫੜ ਗਈਅਸਲ ਵਿੱਚ ਇਸ ਤਰ੍ਹਾਂ ਦਾ ਮਾਹੌਲ ਉਸ ਨੇ ਪਹਿਲੀ ਵਾਰ ਵੇਖਿਆ ਸੀਮੈਂ ਬੱਚਿਆਂ ਦੇ ਅਤੇ ਆਪਣੇ ਗਰੀਨ ਕਾਰਡ ਦੇ ਰੱਦ ਹੋਣ ਦੀ ਸੰਭਾਵਨਾ ਬਾਰੇ ਵੀ ਗੱਲ ਕੀਤੀਪਰ ਉਹ ਆਪਣੀ ਜ਼ਿੱਦ ’ਤੇ ਅੜੀ ਹੋਈ ਸੀ

ਮੈਂ ਸੋਚ ਰਿਹਾ ਸੀ ਕਿ ਕਿਵੇਂ ਲੋਕ ਅਮਰੀਕਾ ਆਉਣ ਲਈ ਤਰਲੋਮੱਛੀ ਹੋਈ ਫਿਰਦੇ ਹਨ ਉਨ੍ਹਾਂ ਦੀ ਇੱਕੋ ਖ਼ਾਹਿਸ਼ ਹੁੰਦੀ ਹੈ ਕਿਵੇਂ ਨਾ ਕਿਵੇਂ ਅਮਰੀਕਾ ਵਿੱਚ ਦਾਖਲ ਹੋਇਆ ਜਾ ਸਕੇਉਹ ਆਪਣੀ ਜਾਨ ਵੀ ਜੋਖਮ ਵਿੱਚ ਪਾ ਕੇ ਵੱਡੇ ਵੱਡੇ ਰਿਸਕ ਲੈ ਲੈਂਦੇ ਹਨਵੱਡੀ ਗਿਣਤੀ ਵਿੱਚ ਲੋਕ ਅਜਿਹੇ ਵੀ ਹਨ ਜੋ ਵਰ੍ਹਿਆਂ ਤੋਂ ਗਰੀਨ ਕਾਰਡ ਦੀ ਉਡੀਕ ਵਿੱਚ ਹਨ ਅਤੇ ਉਨ੍ਹਾਂ ਦੀ ਸਾਰੀ ਕਮਾਈ ਵਕੀਲ ਖਾਈ ਜਾ ਰਹੇ ਹਨਪਰ ਸਾਨੂੰ ਤਾਂ ਆਉਂਦਿਆਂ ਹੀ ਗਰੀਨ ਕਾਰਡ ਮਿਲ ਗਿਆ ਸੀਇਸ ਲਈ ਸਾਡੇ ਲਈ ਗਰੀਨ ਕਾਰਡ ਦੀ ਕੀਮਤ ਉੰਨੀ ਨਹੀਂ ਸੀ ਜਿੰਨੀ ਹੋਰ ਲੋਕਾਂ ਲਈ ਹੁੰਦੀ ਹੈਆਖਰ ਕੁਝ ਦਿਨਾਂ ਦੇ ਬਹਿਸ ਮੁਬਾਹਿਸੇ ਬਾਅਦ ਇੰਡੀਆ ਮੁੜ ਜਾਣ ਦਾ ਫੈਸਲਾ ਕਰ ਲਿਆਟਿਕਟਾਂ ਬੁੱਕ ਕਰਾ ਲਈਆਂਜਾਣ ਦੀਆਂ ਤਿਆਰੀਆਂ ਹੋਣ ਲੱਗ ਪਈਆਂ

ਹਰ ਐਤਵਾਰ ਰੁਟੀਨ ਵਾਂਗ ਜਦ ਗੁਰਦੁਆਰੇ ਗਏ ਤਾਂ ਬਹੁਤ ਸਾਰੇ ਜਾਣ ਪਛਾਣ ਵਾਲੇ ਮਿਲ ਗਏਮੇਰੇ ਛੋਟੇ ਭਰਾ ਦਾ ਦੋਸਤ ਢਿੱਲੋਂ ਬਾਈ ਵੀ ਮਿਲ ਪਿਆ ਸੀ ਜਿਸ ਨੇ ਸਮਝਾਇਆ ਸੀ ਕਿ ਔਖਾ ਸੌਖਾ ਹੋ ਕੇ ’ਕੇਰਾਂ ਬਾਜ਼ ਵਾਲਾ ਪਾਸਪੋਰਟ ਲੈ ਲਾ, ਫੇਰ ਭਾਵੇਂ ਇੰਡੀਆ ਜਿੰਨਾ ਚਿਰ ਮਰਜ਼ੀ ਰਹਿ ਲਵੀਂ। ਉਹ ਕਹਿਣ ਲੱਗਾ, “ਬਣਾ ਲਿਆ ਮਨ ਫੇਰ ਰਹਿਣ ਦਾ।”

ਛੋਟਾ ਭਰਾ ਕਹਿਣ ਲੱਗਾ, “ਭਾਜੀ ਨੇ ਟਿਕਟਾਂ ਬੁੱਕ ਕਰਾ ਲਈਆਂ, ਅਗਲੇ ਹਫਤੇ ਵਾਪਸ ਚਲੇ ਜਾਣਾ।”

“ਫਿਰ ਨਹੀਂ ਬਣਿਆ ਮਨ, ਬਾਜ਼ ਵਾਲਾ ਪਾਸਪੋਰਟ ਲੈਣ ਦਾ।” ਢਿੱਲੋਂ ਨੇ ਕਿਹਾ।

ਮੈਂ ਕੱਚਾ ਜਿਹਾ ਹੁੰਦੇ ਆਖਿਆ, “ਅਜੇ ਸ਼ੇਰ ਵਾਲਾ ਹੀ ਚੰਗਾ।”

“ਇਹ ਤੇਰੀ ਮਰਜ਼ੀ ਐ, ਪਰ ਬਾਜ਼ ਵਾਲਾ ਪਾਸਪੋਰਟ, ਬਾਜ਼ ਵਾਲਾ ਹੀ ਹੈ, ਜਦੋਂ ਤੇਰੇ ਜਵਾਕ ਵੱਡੇ ਹੋਗੇ, ਇਸਦੀ ਅਹਿਮੀਅਤ ਦਾ ਸ਼ਾਇਦ ਤੈਨੂੰ ਉਦੋਂ ਪਤਾ ਲੱਗੇ।” ਢਿੱਲੋਂ ਬਾਈ ਸੀਰੀਅਸ ਹੋ ਗਿਆ ਸੀ

**

ਮੈਂ ਛੇ ਕੁ ਮਹੀਨੇ ਬਾਅਦ ਫਿਰ ਵਾਪਸ ਅਮਰੀਕਾ ਆ ਗਿਆ ਸਾਂਜਦੋਂ ਭਾਰਤ ਤੇ ਪੰਜਾਬ ਦੇ ਹਾਲਾਤ ਦੇਖਦਾਂ ਮੈਂ ਅੱਜ ਵੀ ਸੋਚਦਾ ਹਾਂ ਕਿ ਮੇਰਾ ਵਾਪਸ ਅਮਰੀਕਾ ਆਉਣ ਦਾ ਫੈਸਲਾ ਸਹੀ ਸੀਢਿੱਲੋਂ ਬਾਈ ਦੇ ਬੋਲ ਕਦੇ ਕਦੇ ਮਨ ਵਿੱਚ ਬਿਜਲੀ ਵਾਂਗ ਚਮਕਦੇ ਹਨ, “ਬਾਜ਼ ਵਾਲਾ ਪਾਸਪੋਰਟ, ਬਾਜ਼ ਵਾਲਾ ਹੀ ਹੈ।”

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)

(2386)

(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.)

About the Author

ਸੰਤੋਖ ਮਿਨਹਾਸ

ਸੰਤੋਖ ਮਿਨਹਾਸ

Fresno, Califonia, USA.
Phone: (559 - 283- 6376)
Email: (santokhminhas@yahoo.com)