RashpinderPalKaur7ਅਗਲੇ ਦਿਨ ਮੈਂ ਸਾਰਾ ਸਮਾਂ ਨਾਟਕ ਮੇਲੇ ਵਿੱਚ ਬਿਤਾਇਆ। ਆਉਂਦੇ ਵਕਤ ...
(17 ਜੂਨ 2020)

 

ਮਕੈਨਿਕ ਫਰਿੱਜ ਠੀਕ ਕਰਕੇ ਵਾਪਸ ਜਾਣ ਲੱਗਾ ਸੀ ਚਾਹ ਪਾਣੀ ਪੀਣ ਲਈ ਬੀਬੀ ਨੇ ਉਸ ਨੂੰ ਬਿਠਾ ਲਿਆ ਕੋਲ ਹੀ ਪੁਸਤਕਾਂ ਨਾਲ ਭਰੀ ਅਲਮਾਰੀ ਵੇਖ ਉਹ ਨਿਹਾਲ ਹੋ ਗਿਆ ਕਹਿਣ ਲੱਗਾ, ਇਹਨਾਂ ਪੁਸਤਕਾਂ ਨੇ ਹੀ ਮੇਰੀ ਸੋਚ ਤੇ ਜ਼ਿੰਦਗੀ ਬਦਲੀ ਹੈ ਚਾਹ ਪੀਂਦਿਆਂ ਉਸ ਆਪਣੀ ਗਾਥਾ ਛੋਹ ਲਈ, “ਮੇਰਾ ਜਨਮ ਪੁਰਾਤਨ ਵਿਚਾਰਾਂ ਵਾਲੇ ਪਰਿਵਾਰ ਵਿੱਚ ਹੋਇਆ ਵੱਡਾ ਭਰਾ ਵੀ ਫਰਿੱਜਾਂ ਦਾ ਮਕੈਨਿਕ ਸੀ ਮੈਂ ਵੀ ਉਸਦਾ ਹੱਥ ਵਟਾਇਆ ਕਰਦਾ ਸਾਂ ਉਹ ਪਰਿਵਾਰ ਵਿੱਚੋਂ ਮਿਲੀ ਸਿੱਖਿਆ ਤੇ ਮਾਹੌਲ ਅਨੁਸਾਰ ਪੁਰਾਣੇ ਸੰਸਕਾਰਾਂ ਵਿੱਚ ਅਥਾਹ ਸ਼ਰਧਾ ਰੱਖਦਾ ਸੀ ਸਵੇਰੇ ਉੱਠਣ ਸਾਰ ਨਹਾ ਧੋ ਕੇ ਉਹ ਪੂਜਾ ਅਰਚਨਾ ਵਿੱਚ ਬੈਠ ਜਾਂਦਾ ਆਪਣੇ ਕੰਮ ਵਿੱਚ ਵੀ ਵਹਿਮਾਂ ਭਰਮਾਂ ਨੂੰ ਫਸਾਈ ਰੱਖਦਾ ਉਸ ਦੀ ਅੰਧਵਿਸ਼ਵਾਸੀ ਬਿਰਤੀ ਕਾਰਣ ਅਸੀਂ ਹਫ਼ਤੇ ਵਿੱਚ ਚਾਰ ਕੁ ਦਿਨ ਹੀ ਕੰਮ ਕਰਦੇ ਸਾਂ

ਇੰਨੇ ਕੰਮ ਨਾਲ ਘਰ ਦਾ ਗੁਜ਼ਾਰਾ ਮੁਸ਼ਕਲ ਨਾਲ ਹੁੰਦਾ ਸੀ ਘਰ ਦੀ ਤੰਗੀ ਤੁਰਸ਼ੀ ਗੁੱਸੇ ਤੇ ਲੜਾਈ ਝਗੜੇ ਨੂੰ ਜਨਮ ਦਿੰਦੀ ਅਜਿਹੀ ਪ੍ਰੇਸ਼ਾਨੀ ਤੋਂ ਬਚਣ ਲਈ ਉਸ ਕੋਲ ਆਸਥਾ ਹੀ ਇੱਕੋ ਇੱਕ ਰਾਹ ਸੀ ਭਰਾ ਹੋਰਨਾਂ ਲੋਕਾਂ ਵਾਂਗ ਲਕੀਰ ਦਾ ਫ਼ਕੀਰ ਬਣ ਕੇ ਜਿਉਂਦਾ ਅਸੀਂ ਮੰਗਲਵਾਰ ਕਿਸੇ ਦੀ ਮੋਟਰ ਨਹੀਂ ਸੀ ਖੋਲ੍ਹ ਕੇ ਲਿਆਂਉਦੇ ਭਰਾ ਕਹਿੰਦਾ ਸੀ, ਇਸ ਦਿਨ ਲੋਹਾ ਖੋਲ੍ਹਣਾ ਮਾੜਾ ਹੁੰਦਾ ਹੈ ਵੀਰਵਾਰ ਨੂੰ ਕਿਸੇ ਦੇ ਘਰ ਫਰਿੱਜ ਠੀਕ ਕਰਨ ਨਹੀਂ ਸਾਂ ਜਾਂਦੇ ਉਸਦਾ ਮੰਨਣਾ ਸੀ ਕਿ ਅਜਿਹਾ ਕਰਨ ਨਾਲ ਕੰਮ ਵਿੱਚ ਬਰਕਤ ਨਹੀਂ ਪੈਂਦੀ ਸਨਿੱਚਰਵਾਰ ਉਸ ਦਾ ਪੂਜਾ ਆਸਥਾ ਦਾ ਦਿਨ ਹੁੰਦਾ ਸੀ ਮਾਂ ਬਾਪ ਘਰ ਦੀ ਮੰਦਹਾਲੀ ਤੋਂ ਦੁਖੀ ਹੁੰਦੇ ਪਰ ਵੱਡੇ ਭਰਾ ਵੱਲੋਂ ਪਰਿਵਾਰ ਦੀ ਰਵਾਇਤਾਂ ਅਨੁਸਾਰ ਜਿਊਣ ਦੇ ਸਲੀਕੇ ਕਾਰਣ ਚੁੱਪ ਰਹਿੰਦੇ

ਭਰਾ ਨਾਲ ਵਾਪਰੀ ਦੁਰਘਟਨਾ ਨੇ ਸਾਡਾ ਘਰ ਹਨੇਰੇ ਵਿੱਚ ਡੋਬ ਦਿੱਤਾ ਬੁੱਧਵਾਰ ਦਾ ਦਿਨ ਸੀ, ਚੰਗੇ ਦਿਨ ਦੀ ਆਸ ਲਾਈ ਉਹ ਗਵਾਂਢੀ ਪਿੰਡ ਫਰਿੱਜ ਠੀਕ ਕਰਨ ਗਿਆ, ਮੁੜ ਨਾ ਪਰਤਿਆ ਪਰਿਵਾਰ ਉੱਤੇ ਦੁੱਖਾਂ ਦਾ ਪਹਾੜ ਆ ਡਿੱਗਾ ਸਾਡੇ ਸਿਰ ਦੀ ਛਾਂ ਕਿਧਰੇ ਉੱਡ ਪੁੱਡ ਗਈ ਸੱਚੀ ਸ਼ਰਧਾ ਆਸਥਾ ਵਾਲੇ ਬੰਦੇ ਦੀ ਇੰਨੀ ਦਰਦਨਾਕ ਮੌਤ ਮੈਂਨੂੰ ਹਜ਼ਮ ਨਾ ਹੁੰਦੀ ਘਰ ਦੀ ਸਾਰੀ ਜ਼ਿੰਮੇਵਾਰੀ ਮੇਰੇ ਸਿਰ ਆ ਪਈ ਮੈਂਨੂੰ ਕੋਈ ਰਾਹ ਨਹੀਂ ਸੀ ਨਜ਼ਰ ਆ ਰਿਹਾ ਆਖਰ ਉਸਦੇ ਸੰਦ ਸੰਭਾਲ ਤੁਰਿਆ ਭਰਾ ਦੀਆਂ ਮੰਨ ਮਨੌਤਾਂ ਨੂੰ ਵੀ ਨਾ ਛੱਡੀਆਂ ਸਾਰਾ ਦਿਨ ਕੰਮ ਕਰਦਾ ਪਰ ਕੁਝ ਹੱਥ ਪੱਲੇ ਨਹੀਂ ਸੀ ਪੈਂਦਾ ਥੁੜਾਂ ਭਰੇ ਦਿਨ ਕਟਦਾ, ਆਪਣੀ ‘ਹੋਣੀ’, ‘ਕਿਸਮਤ’ ਨੂੰ ਕੋਸਦਾ ਰਹਿੰਦਾ ਪਰਿਵਾਰ ਨੂੰ ਸੁਖ ਨਾ ਦੇ ਸਕਣ ਦੇ ਬੋਝ ਹੇਠ ਦੱਬਿਆ ਰਹਿੰਦਾ ਦੋ ਸਾਲ ਪਹਿਲਾਂ ਮੇਰੇ ਜੀਵਨ ਵਿੱਚ ਨਵਾਂ ਸੁਖਾਵਾਂ ਮੋੜ ਆਇਆ

ਮਾਘੀ ਦੇ ਮੇਲੇ ਕਰਕੇ ਕੰਮ ਕਾਰ ਠੱਪ ਸੀ ਵਿਹਲਾ, ਪ੍ਰੇਸ਼ਾਨ ਫਿਰਦਾ ਮੈਂ ਨਾਟਕਾਂ ਤੇ ਪੁਸਤਕਾਂ ਵਾਲੇ ਮੇਲੇ ਵਿੱਚ ਜਾ ਬੈਠਾ ਨਾਟਕਾਂ ਵਿੱਚੋਂ ਮੈਂਨੂੰ ਆਪਣੀ ਜ਼ਿੰਦਗੀ ਦੀ ਝਲਕ ਨਜ਼ਰ ਆਈ ਉੱਥੋਂ ਹੀ ਮੈਂਨੂੰ ਕੁਝ ਆਸ ਦੀਆਂ ਤੰਦਾਂ ਲੱਭੀਆਂ ਅਗਲੇ ਦਿਨ ਮੈਂ ਸਾਰਾ ਸਮਾਂ ਨਾਟਕ ਮੇਲੇ ਵਿੱਚ ਬਿਤਾਇਆ। ਆਉਂਦੇ ਵਕਤ ਦੋ ਪੁਸਤਕਾਂ ਵੀ ਖ਼ਰੀਦ ਲਿਆਇਆ  ਘਰ ਆ ਕੇ ਪੁਸਤਕਾਂ ਪੜ੍ਹੀਆਂ ਤਾਂ ਮਨ ਲੱਗੀਆਂ ਮਸਤਕ ਵਿੱਚ ਪਏ ਭਰਮਾਂ ਦੀ ਅਸਲੀਅਤ ਪਤਾ ਲੱਗੀ ਦੋ ਤਿੰਨ ਮਹੀਨੇ ਸੋਚਦਾ, ਵਿਚਾਰਦਾ ਰਿਹਾ ਆਖਰ ਤਰਕ ਦਾ ਪੱਲਾ ਫੜ ਸੀਜ਼ਨ ਵਿੱਚ ਕੰਮ ’ਤੇ ਲੱਗ ਗਿਆ ਦਿਨ, ਵਾਰ ਦੇ ਵਹਿਮ ਕਰਨੇ ਛੱਡ ਦਿੱਤੇ ਸਾਰਾ ਧਿਆਨ ਆਪਣੇ ਕੰਮ ਵਿੱਚ ਲਗਾਇਆ ਭਰਾ ਦਾ ਰਾਹ ਤਿਆਗ ਦਿੱਤਾ ਹਫ਼ਤਾ ਭਰ ਬਿਨਾ ਨਾਗਾ ਕੰਮ ਕਰਨ ਲੱਗਾ ਤਾਂ ਦੁੱਗਣੀ ਕਮਾਈ ਹੋਣ ਲੱਗੀ ਦੋ ਸਾਲਾਂ ਵਿੱਚ ਹੀ ਮਿਹਨਤ ਕਰਕੇ ਮੈਂ ਆਪਣੀ ਜ਼ਿੰਦਗੀ ਤੇ ਘਰ ਨੂੰ ਪੈਰਾਂ ਸਿਰ ਕਰ ਦਿੱਤਾ ਮੇਰੇ ਘਰ ਦੇ ਹੈਰਾਨ ਸਨ ਤੇ ਖੁਸ਼ ਵੀ ਉਹ ਮੇਰੀ ਬਦਲੀ ਸੋਚ ਨਾਲ ਸਹਿਮਤ ਹੋਏ ਕਿ ਇਹ ਹੱਥ ਹੀ ‘ਹੋਣੀ ਤੇ ‘ਕਿਸਮਤ’ ਦੇ ਸਿਰਜਕ ਹਨ ਸਫਲਤਾ ਲਈ ਸਖਤ ਮਿਹਨਤ ਤੇ ਲਗਨ ਹੀ ਕੰਮ ਆਉਂਦੀ ਹੈ ਕਰਮ ਕਾਂਡ ਤੇ ਭਰਮ ਸਾਨੂੰ ਕੁਰਾਹੇ ਤੋਰਦੇ ਹਨ ਪੁਸਤਕਾਂ ਦੇ ਸਾਥ ਨੇ ਭਰਾ ਵੱਲੋਂ ਅਪਣਾਏ ਸੁਖਣਾਂ, ਮੰਨਤਾਵਾਂ ਦਾ ਰਾਹ ਤੋਂ ਹੋੜ ਸੋਚਣ, ਸਮਝਣ ਦੀ ਸੂਝ ਦਿੱਤੀ

“ਹੁਣ ਸ਼ਹਿਰ ਦੇ ਸਭ ਤੋਂ ਚੰਗਾ ਕੰਮ ਵਾਲੇ ਮਕੈਨਿਕਾਂ ਵਿੱਚ ਮੇਰਾ ਨਾਂ ਹੈ ਇਸ ਵਿੱਚ ਮੇਰੀ ਮਿਹਨਤ ਤਾਂ ਹੈ ਹੀ ਪਰ ਰਾਹ ਦਰਸਾਵਾ ਤੇ ਜੀਵਨ ਜਾਂਚ ਪੁਸਤਕ ਸਾਂਝ ਦੀ ਦਾਤ ਹੈ ਮੈਂ ਆਪਣੀ ਸੁਖਾਵੀਂ ਜ਼ਿੰਦਗੀ ਦਾ ਸਿਹਰਾ ਪੁਸਤਕਾਂ ਵਿਚਲੇ ਚਾਨਣ ਤੇ ਤਰਕ ਵਿਤਰਕ ਨੂੰ ਦਿੰਦਾ ਹਾਂ ਆਪਣਾ ਕੰਮ ਕਰਦਿਆਂ ਮਿਲਣ ਗਿਲਣ ਵਾਲੇ ਲੋਕਾਂ ਨੂੰ ਪੁਸਤਕਾਂ ਨਾਲ ਜੋੜਨ ਦੀ ਕੋਸ਼ਿਸ਼ ਵਿੱਚ ਰਹਿੰਦਾ ਹਾਂ ਮੈਂ ਆਪਣੇ ਘਰ ਛੋਟੀ ਲਾਇਬਰੇਰੀ ਵੀ ਬਣਾ ਲਈ ਹੈ ...

ਹਨੇਰੇ ਤੋਂ ਚਾਨਣ ਵੱਲ ਪਰਤੀ ਜ਼ਿੰਦਗੀ ਦੀ ਗਾਥਾ ਸੁਣਾ ਉਹ ਇੱਕ ਜੇਤੂ ਵਾਂਗ ਵਿਦਾ ਲੈ ਆਪਣੇ ਅਗਲੇ ਕੰਮ ਤੇ ਚਲਾ ਗਿਆ

ਉਸ ਕਿਰਤੀ ਦੀ ਸੁਖਦ ਕਹਾਣੀ ਸੁਣ ਮੈਂ ਲਾਇਬਰੇਰੀ ਵਿਚਲੀਆਂ ਚਾਨਣ ਰੰਗੀਆਂ ਪੁਸਤਕਾਂ ਨੂੰ ਨਿਹਾਰ ਰਹੀ ਸਾਂ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)

(2200) 

(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.)

About the Author

ਰਸ਼ਪਿੰਦਰ ਪਾਲ ਕੌਰ

ਰਸ਼ਪਿੰਦਰ ਪਾਲ ਕੌਰ

Govt. Senior Secondary School (Girls) Lakhewali, Sri Mukatsar Sahib. Punjab, India

Email: (rashpinderpalkaur@gmail.com)