“ਮੁੰਡਾ ਤਾਂ ਵਿਦੇਸ਼ ਵਿੱਚ ਹੀ ਪੱਕਾ ਹੋਣਾ ਚਾਹੁੰਦਾ ਹੈ ਤੇ ਭਾਈ ਕੁੜੀ ਨੂੰ ...”
(22 ਅਪਰੈਲ 2020)
ਦੀਪ ਇੱਕ ਪੜ੍ਹੀ ਲਿਖੀ ਕੁੜੀ ਸੀ। ਮਾਪਿਆਂ ਨੇ ਵੀ ਹਰ ਚਾਅ ਪੂਰਾ ਕੀਤਾ। ਜੋ ਮੰਗਿਆ ਉਹ ਦਿੱਤਾ। ਜਿੱਥੇ ਪੜ੍ਹਨਾ ਚਾਹਿਆ ਉੱਥੇ ਪੜ੍ਹਾਇਆ। ਮਾਪਿਆਂ ਦੇ ਕਹਿਣੇ ਵਿੱਚ ਰਹਿਣਾ, ਇਹ ਉਸਦੀ ਸ਼ਖਸੀਅਤ ਨੂੰ ਉਭਾਰਨ ਵਾਲਾ ਵਡਮੁੱਲਾ ਗੁਣ ਸੀ। ਇਸ ਵਿੱਚ ਕੋਈ ਸ਼ੱਕ ਨਹੀਂ ਜਿਹੜੇ ਮਾਪੇ ਧੀ ਪੁੱਤ ਦੀ ਹਰ ਇੱਛਾ ਪੂਰੀ ਕਰਦੇ ਹੋਣ, ਉਨ੍ਹਾਂ ਦੇ ਕਹਿਣੇ ਵਿੱਚ ਰਹਿਣਾ ਬੱਚਿਆਂ ਦਾ ਪਹਿਲਾ ਫਰਜ਼ ਬਣਦਾ ਹੈ। ਭੈਣਾਂ ਦੇ ਵਿਆਹ ਦੇ ਚਾਅ ਅਜੇ ਮੁੱਕੇ ਹੀ ਨਹੀਂ ਸਨ ਕਿ ਇੱਧਰ ਦੀਪ ਦੇ ਵਿਆਹ ਦੀ ਵੀ ਘਰ ਵਿੱਚ ਚਰਚਾ ਹੋਣ ਲੱਗ ਪਈ। ਜਵਾਨ ਧੀ ਨੂੰ ਦੇਖ ਕੇ ਕੌਣ ਨਹੀਂ ਗੱਲ ਕਰਦਾ ਰਿਸ਼ਤਿਆਂ ਦੀ।
ਦੀਪ ਸੋਹਣੀ ਸੁਨੱਖੀ ਤੇ ਪੜ੍ਹੀ ਲਿਖੀ ਸੀ। ਹੱਸਮੁੱਖ ਚਿਹਰਾ ਕਿਸ ਨੂੰ ਚੰਗਾ ਨਹੀਂ ਲੱਗਦਾ। ਕਿਸਮਤ ਅਜਿਹੀ ਚਮਕੀ ਕਿ ਸਰਕਾਰ ਨੇ ਦੀਪ ਨੂੰ ਆਪਣਾ ਪੱਕਾ ਸੇਵਾਦਾਰ ਬਣਾ ਲਿਆ। ਇੱਕ ਰਿਸ਼ਤਾ ਸੀ ਜਿਸਦੀ ਚਰਚਾ ਨੌਕਰੀ ਤੋਂ ਪਹਿਲਾਂ ਵੀ ਹੋਇਆ ਕਰਦੀ ਸੀ। ਅੱਗੇ ਤਾਂ ਉਹ ਪੜ੍ਹਦੀ ਸੀ ਪਰ ਹੁਣ ਨੌਕਰੀ ਕਰਕੇ ਤਾਂ ਰਿਸ਼ਤਿਆਂ ਦਾ ਆਉਣਾ ਆਮ ਜਿਹੀ ਗੱਲ ਹੋ ਗਈ। ਫਿਰ ਵੀ ਉਸ ਰਿਸ਼ਤੇ ’ਤੇ ਵਿਚਾਰ ਹੋਈ ਜਿਹੜਾ ਨੌਕਰੀ ਤੋਂ ਪਹਿਲਾਂ ਵੀ ਆਉਂਦਾ ਸੀ।
ਵਿਆਹ ਦਾ ਚਾਅ ਹਰ ਇੱਕ ਨੌਜਵਾਨ ਨੂੰ ਹੁੰਦਾ ਹੈ, ਚਾਹੇ ਉਹ ਕੁੜੀ ਹੋਵੇ ਜਾਂ ਮੁੰਡਾ। ਰਿਸ਼ਤਾ ਅਜੇ ਹੋਇਆ ਨਹੀਂ ਸੀ ਪਰ ਫਿਰ ਚਰਚਿਤ ਰਿਸ਼ਤੇ ਕਾਰਨ ਆਪਣੇ ਰਾਜਕੁਮਾਰ ਦੇ ਸੁਫਨਿਆਂ ਵਿੱਚ ਗੁਆਚੇ ਰਹਿਣਾ, ਹਰ ਵਕਤ ਪਰੀਆਂ ਵਾਂਗ ਹਵਾ ਵਿੱਚ ਉਡਦੇ ਰਹਿਣਾ ਇਹ ਅਨੋਖੇ ਇਸ਼ਕ ਦੀ ਨਿਸ਼ਾਨੀ ਸੀ। ਉਸ ਮੁੰਡੇ ਦੀਆਂ ਗੱਲਾਂ ਕਰਨਾ ਕਿੰਨਾ ਵਧੀਆ ਲੱਗਦਾ, ਇਹ ਤਾਂ ਦੀਪ ਹੀ ਜਾਣਦੀ ਸੀ। ਰਿਸ਼ਤੇ ਦੀ ਗੱਲ ਤੁਰਦੀ ਨੂੰ ਕਈ ਮਹੀਨੇ ਹੋ ਗਏ। ਪਰ ਦੀਪ ਦੀ ਖੁਸ਼ੀ ਤੋਂ ਇਸ ਤਰ੍ਹਾਂ ਲੱਗ ਰਿਹਾ ਸੀ ਕਿ ਰਿਸ਼ਤਾ ਪੱਕਾ ਹੈ।
ਸਮਾਂ ਬੀਤਿਆ।
ਵਖਤ ਨੇ ਚਾਲ ਚੱਲੀ। ਘਰ ਵਿੱਚ ਘੁਸਰ ਮੁਸਰ ਹੋਣ ਲੱਗ ਪਈ। ਹੁਣ ਪਤਾ ਤਾਂ ਲੱਗੇ ਆਖਰ ਗੱਲ ਕੀ ਹੋਈ? ਅਖੇ - “ਨਹੀਂ ਭਾਈ ਮੁੰਡੇ ਸਾਡੇ ਦੇ ਤਾਂ ਅਜੇ ਸੁਪਨੇ ਅਧੂਰੇ ਨੇ। ਪੈਰਾਂ ’ਤੇ ਖੜ੍ਹੇ ਹੋਣ ’ਤੇ ਹੀ ਵਿਆਹ ਕਰਵਾਉਣਾ ਐ।”
“ਕੋਈ ਨਾ ਭਾਈ, ਉਦੋਂ ਕਰ ਲਵਾਂਗੇ, ਜਦੋਂ ਤੁਸੀਂ ਕਹੋਗੇ।”
“ਨਹੀਂ ਨਹੀਂ, ਪੁੱਤ ਸਾਡਾ ਤਾਂ ਵਿਦੇਸ਼ਾਂ ਵਿੱਚ ਜਾ ਕੇ ਪੜ੍ਹਨਾ ਚਾਹੁੰਦਾ ਹੈ।”
“ਕੋਈ ਨਾ ਭਾਈ, ਪੜ੍ਹ ਲੈਣ ਦਿਓ, ਆਪਾਂ ਵਿਆਹ ਫਿਰ ਕਰ ਲਵਾਂਗੇ। ... ਦੀਪ ਪੁੱਤ ਤੈਨੂੰ ਕੋਈ ਇਤਰਾਜ਼?”
“ਨਹੀਂ ਬਾਪੂ, ਜਿਵੇਂ ਤੁਹਾਨੂੰ ਠੀਕ ਲੱਗੇ।”
“ਮੁੰਡਾ ਤਾਂ ਵਿਦੇਸ਼ ਵਿੱਚ ਹੀ ਪੱਕਾ ਹੋਣਾ ਚਾਹੁੰਦਾ ਹੈ ਤੇ ਭਾਈ ਕੁੜੀ ਨੂੰ ਨੌਕਰੀ ਛੱਡਣੀ ਪਊ। ...”
ਇਹ ਤਾਂ ਬੜਾ ਗੁੰਝਲਦਾਰ ਮਸਲਾ ਹੈ। ਸਰਕਾਰ ਦਾ ਤਾਂ ਤੇਲ ਮਿਲਿਆ ਨਹੀਂ ਮਾਣ ਇਹ ਤਾਂ ਫੇਰ ਨੌਕਰੀ ਆ। ਜੇ ਮੁੰਡਾ ਇੱਥੇ ਰਹਿ ਕੇ ਨਹੀਂ ਕੁਝ ਕਰ ਸਕਿਆ, ਉੱਥੇ ਸਵਾਹ ਕਰਨਾ।
“ਕੋਈ ਨਾ ਭਰਾ ਜੀ ਤੁਸੀਂ ਆਪਣੇ ਮੁੰਡੇ ਦੇ ਸੁਪਨੇ ਪੂਰੇ ਕਰੋ। ਅਸੀਂ ਰਿਸ਼ਤਾ ਵਾਪਸ ਲੈਂਦੇ ਆ। ਕੋਈ ਗਲਤੀ ਹੋਈ ਤਾਂ ਸਾਡੀ ਝੋਲੀ ਪਾ ਦੇਣਾ।”
ਸੁਫਨਿਆਂ ਦੀ ਬੱਝੀ ਡੋਰ ਟੁੱਟ ਕੇ ਹੇਠਾਂ ਡਿੱਗ ਪਈ। ਕਿੰਨੀ ਅਸਾਨੀ ਨਾਲ ਰਿਸ਼ਤਾ ਮੋੜ ਦਿੱਤਾ। ਇੱਕ ਵਾਰ ਵੀ ਨਾ ਮੇਰੇ ਤੋਂ ਪੁੱਛਿਆ ਕਿ ਮੈਂ ਕੀ ਚਾਹੁੰਦੀ ਆ? ਪਤਾ ਹੀ ਨਹੀਂ ਲੱਗਿਆ ਕਿ ਕਦੋਂ ਹਾਸੇ ਜ਼ਿੰਦਗੀ ਵਿੱਚੋਂ ਖਤਮ ਹੋ ਗਏ। ਲੋਕਾਂ ਦੇ ਸਵਾਲ ਸਿਰਫ ਸਵਾਲ ਬਣ ਕੇ ਹੀ ਰਹਿ ਜਾਂਦੇ। ਕਿਸ ਨਾਲ ਦਿਲ ਦੀ ਗੱਲ ਫਰੋਲਾਂ, ਸਮਝ ਨਹੀਂ ਆਉਂਦੀ? ਉਡੀਕਦੀ ਸੀ ਕਿ ਸ਼ਾਇਦ ਜੇ ਉਹ ਚਾਹੇ ਤਾਂ ਸਭ ਕੁਝ ਠੀਕ ਕਰ ਸਕਦਾ ਹੈ। ਹਰ ਵਖਤ ਉਸਦੀ ਕਿਸੇ ਬਹਾਨੇ ਸਾਰ ਲੈਣਾ ਮੇਰੀ ਆਦਤ ਬਣ ਗਈ। ਉਹ ਕੀ ਕਰਦਾ, ਕਿੱਥੇ ਰਹਿੰਦਾ, ਕੀ ਚਾਹੁੰਦਾ, ਇਹ ਸਭ ਮੈਂ ਜਾਣਨਾ ਚਾਹੁੰਦੀ। ਵਤਨ ਛੱਡ ਕੇ ਚਲੇ ਜਾਣ ਦੀ ਖਬਰ ਨੇ ਤਾਂ ਮੇਰਾ ਦਿਲ ਵਲੂੰਧਰ ਕੇ ਹੀ ਰੱਖ ਦਿੱਤਾ। ਕਿੰਨੇ ਦਿਨ ਇਕਾਂਤ ਵਿੱਚ ਇਕੱਲੀ ਬੈਠ ਕੇ ਰੋਂਦੀ ਰਹੀ। ਦਿਲ ਨੂੰ ਧਰਵਾਸਾ ਦੇ ਲੈਂਦੀ ਆਂ, ਸ਼ਾਇਦ ਉਹ ਆਵੇ ਤੇ ਸਭ ਠੀਕ ਕਰ ਦਵੇ। ਉਸਦੇ ਖਿਆਲ ਦੂਰ ਨਾ ਜਾਂਦੇ। ਆਪਣੇ ਆਪ ਨਾਲ ਹੀ ਕਿਤੇ ਕਿਤੇ ਗੱਲਾਂ ਕਰਕੇ ਚੁੱਪ ਹੋ ਜਾਂਦੀ। ਜੋ ਮੈਂ ਦਿਸਦੀ ਆਂ, ਅੰਦਰੋਂ ਉਹ ਨਹੀਂ, ਕੋਈ ਸਮਝੇ ਜੇ ਜਜ਼ਬਾਤ ਤਾਂ ਕੋਈ ਕੀ ਸਮਝੇ।
*****