“ਉਨ੍ਹਾਂ ਦੀਆਂ ਗੱਲਾਂ ਮੁੱਕਣ ਵਿੱਚ ਹੀ ਨਹੀਂ ਸਨ ਆਉਂਦੀਆਂ ਤੇ ਮੇਰੀ ਉਹ ...”
(2 ਅਪਰੈਲ 2020)
ਹਰ ਵਖਤ ਆਪਣੇ ਦੁੱਖੜੇ ਰੋਈ ਜਾਣਾ ਉਸ ਦੀ ਆਦਤ ਬਣ ਗਈ ਸੀ। ਸ਼ਾਇਦ ਮੈਂ ਹੀ ਸੀ ਜੋ ਉਸਦੇ ਦੁੱਖੜੇ ਸੁਣਦਾ ਸੀ। ਇਸ ਵਿੱਚ ਕੋਈ ਸ਼ੱਕ ਨਹੀਂ ਕਈ ਵਾਰ ਮਨੁੱਖ ਆਪਣਿਆਂ ਵਿੱਚ ਰਹਿੰਦਾ ਹੋਇਆ ਵੀ ਪਰਾਇਆ ਮਹਿਸੂਸ ਕਰਦਾ ਹੈ। ਉਹ ਦੱਸਿਆ ਕਰਦੇ ਸੀ - ਆਂਢ ਗਵਾਂਢ ਮਾੜਾ ਹੈ ਤੇ ਜਿਉਣ ਨਹੀਂ ਦਿੰਦਾ। ਮੇਰੇ ਸਿਰ ਦਾ ਸਾਈਂ ਸਵੇਰੇ ਘਰੋਂ ਜਾਂਦਾ ਹੈ ਤੇ ਆਥਣ ਨੂੰ ਮੁੜਦਾ ਏ। ਬੇਟੀ ਸਕੂਲ ਤੁਰ ਜਾਂਦੀ ਹੈ ਤੇ ਘਰ ਵਿੱਚ ਮੈਂ ਇਕੱਲੀ ਰਹਿ ਜਾਂਦੀ ਹਾਂ। ਬੇਟੀ ਵੀ ਖੁਸ਼ ਨਹੀਂ ਰਹਿੰਦੀ, ਸ਼ਾਇਦ ਇਸ ਕਰਕੇ ਕਿ ਉਸਦਾ ਕੋਈ ਵੀਰ ਨਹੀਂ ਹੈ। ਮੇਰਾ ਪਤੀ ਹਰ ਵਖਤ ਖਿਝਦਾ ਰਹਿੰਦਾ ਐ। ਹੁਣ ਮੈਂਨੂੰ ਘਰ ਵਿੱਚ ਰਹਿਣਾ ਪਸੰਦ ਨਹੀਂ। ਦਿਲ ਕਰਦਾ ਕਿ ਬੇਟੀ ਨੂੰ ਵੀ ਇੱਥੇ ਛੱਡ ਕਿ ਕਿਤੇ ਦੂਰ ਚਲੀ ਜਾਵਾਂ। ਕਿੰਨੇ ਸਾਲ ਹੋ ਗਏ ... ਕਦੇ ਉਨ੍ਹਾਂ ਮੈਂਨੂੰ ਹੱਸ ਕੇ ਨਹੀਂ ਬੁਲਾਇਆ ਤੇ ਮੈਂ ਤਰਸਦੀ ਰਹਿ ਜਾਂਦੀ ਹਾਂ। ਨਿੱਕੀ ਨਿੱਕੀ ਗੱਲ ’ਤੇ ਗੁੱਸੇ ਹੋਣਾ ਪਤੀ ਦਾ ਸੁਭਾਅ ਬਣ ਚੁੱਕਿਆ ਹੈ ਤੇ ਮੈਂ ਹਰ ਗੱਲ ਦਿਲ ’ਤੇ ਲਾ ਕੇ ਰੋਣ ਲੱਗ ਪੈਂਦੀ ਹਾਂ। ਰੱਬ ਵੀ ਮੇਰੀ ਨਹੀਂ ਸੁਣਦਾ, ਪਤਾ ਨਹੀਂ ਕਿਸ ਜਨਮ ਦਾ ਬਦਲਾ ਲੈ ਰਿਹਾ ਹੈ।”
ਉਨ੍ਹਾਂ ਦੀਆਂ ਗੱਲਾਂ ਸੁਣ ਮੈਂ ਖੁਦ ਦੁਖੀ ਹੋ ਜਾਂਦਾ। ਉਹ ਮੈਂਨੂੰ ਦੱਸਿਆ ਕਰਦੇ - ਜਿਹੜੇ ਸਮੇਂ ਵਿੱਚ ਮੈਂ ਐੱਮ ਏ ਕੀਤੀ, ਉਨ੍ਹਾਂ ਵੇਲਿਆਂ ਵਿੱਚ ਮੇਰੀ ਮਾਂ ਮਰ ਗਈ, ਮੈਂ ਮਸਾਂ ਪਾਸ ਹੀ ਹੋ ਸਕੀ। ਹੁਣ ਦਿਲ ਕਰਦਾ ਦੁਬਾਰਾ ਯੂਨੀਵਰਸਿਟੀ ਵਿੱਚ ਦਾਖਲਾ ਲੈ ਲਵਾਂ। ਪਰ ਮੈਂ ਕੀ ਕਰਾਂ, ਮੇਰੇ ਪਤੀ ਨੂੰ ਤਾਂ ਮੇਰਾ ਲਿਖਣਾ ਪੜ੍ਹਨਾ ਬਿਲਕੁਲ ਪਸੰਦ ਨਹੀਂ।
ਮੈਂ ਉਨ੍ਹਾਂ ਦੀ ਉਮਰ ਤੋਂ ਬਹੁਤ ਛੋਟਾ ਸੀ। ਸ਼ਾਇਦ ਵੀਹ ਕੁ ਸਾਲ ਦਾ ਫਰਕ ਹੋਵੇ। ਫਿਰ ਵੀ ਉਨ੍ਹਾਂ ਕਦੇ ਕਿਸੇ ਗੱਲ ਤੋਂ ਝਿਜਕ ਨਹੀਂ ਖਾਧੀ, ਦਿਲ ਖੋਲ੍ਹ ਕੇ ਦੁੱਖ ਫਰੋਲ ਲੈਂਦੇ। ਮੈਂ ਸਿਰਫ ਉਨ੍ਹਾਂ ਲਈ ਦੁਆ ਹੀ ਕਰ ਸਕਦਾ ਸੀ। ਕਦੇ ਕਦੇ ਮੇਰਾ ਜੀਅ ਅੱਕ ਵੀ ਜਾਂਦਾ ਕਿਉਂਕਿ ਉਨ੍ਹਾਂ ਦੀਆਂ ਗੱਲਾਂ ਮੁੱਕਣ ਵਿੱਚ ਹੀ ਨਹੀਂ ਸਨ ਆਉਂਦੀਆਂ ਤੇ ਮੇਰੀ ਉਹ ਸੁਣਦੇ ਨਹੀਂ ਸੀ। ਮੈਂ ਤਾਂ ਸਿਰਫ ਸਰੋਤਾ ਬਣ ਕੇ ਸੁਣਦਾ ਹੀ ਰਹਿੰਦਾ ਤੇ ਹਾਂ ਵਿੱਚ ਹਾਂ ਮਿਲਾ ਦਿੰਦਾ। ਪਰ ਮੇਰੇ ਨਾਲ ਗੱਲ ਕਰਕੇ ਉਨ੍ਹਾਂ ਨੂੰ ਬਹੁਤ ਸਕੂਨ ਮਿਲਦਾ ਸੀ। ਬੜਾ ਅਜੀਬ ਜਿਹਾ ਰਿਸ਼ਤਾ ਬਣ ਗਿਆ ਸਾਡਾ।
ਮੈਂ ਉਦੋਂ ਪੜ੍ਹਦਾ ਸੀ ਇਸ ਕਰਕੇ ਮੈਂ ਗੱਲ ਕਰਨੀ ਘਟਾ ਦਿੱਤੀ। ਪਰ ਅੰਦਰੋਂ ਉਨ੍ਹਾਂ ਲਈ ਦੁਆ ਜ਼ਰੂਰ ਨਿਕਲਦੀ ਰਹੀ। ਕੁਝ ਦਿਨਾਂ ਬਾਅਦ ਪਤਾ ਲੱਗਿਆ ਕਿ ਉਨ੍ਹਾਂ ਦੇ ਪਤੀ ਉਨ੍ਹਾਂ ਨਾਲ ਵਧੀਆ ਰਹਿਣ ਲੱਗ ਪਏ।
ਕਦੇ ਕਦੇ ਮੈਨੂੰ ਲੱਗਦਾ ਸੀ ਕਿ ਮੈਂ ਆਪਣਾ ਸਮਾਂ ਖਰਾਬ ਕਰ ਰਿਹਾ ਹਾਂ ਉਨ੍ਹਾਂ ਨਾਲ ਗੱਲਾਂ ਕਰਕੇ ਪਰ ਜਦੋਂ ਮੈਂਨੂੰ ਪਤਾ ਲੱਗਾ ਕਿ ਉਹ ਮਾਂ ਬਣਨ ਵਾਲੇ ਹਨ ਤਾਂ ਮੈਂਨੂੰ ਜਾਪਿਆ ਕਿ ਮੈਂ ਉਨ੍ਹਾਂ ਦੇ ਦੁੱਖ ਦਰਦ ਸੁਣ ਕੇ ਅਣਜਾਣ ਪੁਣੇ ਵਿੱਚ ਹੀ ਸਹੀ, ਕੋਈ ਚੰਗਾ ਕੰਮ ਕੀਤਾ ਹੈ। ਮੈਂਨੂੰ ਬਹੁਤ ਖੁਸ਼ੀ ਹੋਈ।
ਸਮਾਂ ਬੀਤਦਾ ਗਿਆ। ਤਕਰੀਬਨ ਦੋ ਕੁ ਸਾਲ ਬਾਅਦ ਉਨ੍ਹਾਂ ਦਾ ਫੋਨ ਆਇਆ। ਉਨ੍ਹਾਂ ਨੇ ਆਪਣੇ ਹਾਲਾਤ ਦੱਸੇ - ਘਰ ਵਿੱਚ ਦੋ ਨੰਨੇ ਮਹਿਮਾਨ ਆ ਗਏ ਨੇ ਤੇ ਸੁੰਨਾ ਵਿਹੜਾ ਬੱਚਿਆਂ ਦੀਆਂ ਕਿਲਕਾਰੀਆਂ ਨਾਲ ਗੂੰਜਣ ਲੱਗ ਪਿਆ ਹੈ।
ਸ਼ੁਕਰਾਨਾ ਕਰਦਿਆਂ ਮੈਂ ਕਿਹਾ, “ਮੈਂ ਤੁਹਾਨੂੰ ਕਦੇ ਭੁੱਲਿਆ ਨਹੀਂ ਸੀ, ਬੱਸ ਰੁਝੇਵੇਂ ਇੰਨੇ ਵਧ ਗਏ ਕਿ ਸਮਾਂ ਹੀ ਨਹੀਂ ਮਿਲਿਆ।”
ਅੱਗੋਂ ਜਵਾਬ ਆਇਆ, “ਕੋਈ ਗੱਲ ਨਹੀਂ ... ਸਮਾਂ ਅੱਜਕਲ ਮੇਰੇ ਕੋਲ ਵੀ ਨਹੀਂ ... ਬਹੁਤ ਸੁਖੀ ਹਾਂ ... ਉਦੋਂ ਮੈਂ ਦੁਖੀ ਵੀ ਬਹੁਤ ਸੀ ਤੇ ਵਿਹਲੀ ਵੀ।”
*****
(ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)
(2034)
(ਸਰੋਕਾਰ ਨਾਲ ਸੰਪਰਕ ਲਈ:This email address is being protected from spambots. You need JavaScript enabled to view it.)