“(2) ਸਿੱਖਣ ਦੀ ਉਮਰ --- ਸੁਰਜੀਤ ਸਿੰਘ ਔਲਖ”
(3 ਜੁਲਾਈ 2018)
ਕਿੱਸਿਆਂ ਦੇ ਪ੍ਰਭਾਵ ਤੋਂ ਕਿੱਥੇ ਬਚਣ ਦੇਣਾ ਹੈ ਅਜੋਕੇ ਸਮੇਂ ਦੇ ਗਾਇਕਾਂ ਨੇ। ਅੱਜ ਪੰਜਾਬ ਨੂੰ ‘ਉੱਡਤਾ ਪੰਜਾਬ’ ਦਿਖਾਇਆ ਜਾਂਦਾ ਹੈ। ਇਕ ਕਵੀ ਦੀਆਂ ਸਤਰਾਂ ਨੇ,
ਪੰਜਾਬ ਤਾਂ ਇਸ ਨੂੰ ਕਹਿੰਦੇ ਸੀ,
ਪੰਜ ਦਰਿਆ ਇਸ ਵਿੱਚ ਵਹਿੰਦੇ ਸੀ।
ਹੁਣ ਕਈ ਹੋਰ ਦਰਿਆ ਵੀ ਚੱਲੇ ਨੇ
ਫਲ ਹੈ ਸਰਕਾਰ ਦੀ ਨਾਲਾਇਕੀ ਦਾ।
ਛੇਵਾਂ ਦਰਿਆ ਹੈ ਨਸ਼ਿਆਂ ਦਾ, ਤੇ ਸੱਤਵਾਂ ਲੱਚਰ ਗਾਇਕੀ ਦਾ।
ਜੇਕਰ ਨਸ਼ਿਆਂ ਅਤੇ ਲੱਚਰ ਗਾਇਕੀ ਦੀ ਗੱਲ ਕੀਤੀ ਜਾਵੇ ਤਾਂ ਇਹਨਾਂ ਦਾ ਆਪਸੀ ਬਹੁਤ ਗੂੜ੍ਹਾ ਸੰਬੰਧ ਹੈ। ਅਜੋਕੇ ਸਮੇਂ ਵਿੱਚ ਵਧ ਰਹੀ ਲੱਚਰ ਗਾਇਕੀ ਦੇ ਕਾਰਨ ਹੀ ਨੌਜਵਾਨ ਪੀੜ੍ਹੀ ਨਸ਼ਿਆਂ ਵੱਲ ਤੁਰੀ ਜਾਂਦੀ ਹੈ। ਅੱਜ ਦੀ ਲੱਚਰ ਗਾਇਕੀ ਵਿੱਚ ਕੁੜੀ ਨੂੰ ਪੁਰਜਾ, ਪਟੋਲਾ ਤੇ ‘ਸੁਲਫੇ ਦੀ ਲਾਟ ਵਰਗੀ' ਦੇ ਨਾਲ ਨਾਲ ‘ਅਫੀਮ ਦੀ ਡਲੀ’, ‘ਨੀ ਤੂੰ ਚਿੱਟੇ ਵਰਗੀ ਲੱਗਦੀ ਐਂ’ ਦਿਖਾਇਆ ਜਾਂਦਾ ਹੈ।
ਪਹਿਲਾਂ ਸੱਭਿਆਚਾਰਕ ਗਾਣੇ ਹੀ ਪੰਜਾਬ ਵਿੱਚ ਗਾਏ ਜਾਂਦੇ ਸਨ, ਲੱਚਰ ਗਾਇਕੀ ਇਸ ਦਾ ਵਿਕਾਸ ਤਾਂ ਪਿਛਲੇ ਦੋ ਢਾਈ ਦਹਾਕਿਆਂ ਵਿੱਚ ਹੀ ਹੋਇਆ ਹੈ। ਅਜੋਕੇ ਸਮੇਂ ਦੇ ਗਾਣਿਆਂ ਵਿੱਚ ਮੁੰਡੇ ਤੇ ਕੁੜੀ ਦੇ ਚਰਿੱਤਰ ਨੂੰ ਇਸ ਢੰਗ ਨਾਲ ਪੇਸ਼ ਕੀਤਾ ਜਾਂਦਾ ਹੈ ਕਿ ਸੁਣਦਿਆਂ ਸਾਰ ਹੀ ਨੌਜਵਾਨ ਪੀੜ੍ਹੀ ਇਸ ਨੂੰ ਅਮਲੀ ਰੂਪ ਦੇ ਦਿੰਦੀ ਹੈ। ਇਹਨਾਂ ਗਾਣਿਆਂ ਵਿੱਚ ਹੀ 'ਜੱਟ' ਸ਼ਬਦ ਨੂੰ ਬਹੁਤ ਬਦਨਾਮ ਕੀਤਾ ਗਿਆ ਹੈ। ਜਿੱਥੇ ਰੁਲਦੀ ਕਿਸਾਨੀ ਤੇ ਕਰਜ਼ੇ ਕਾਰਨ ਫਾਹੇ ਲੈਂਦੇ ਕਿਸਾਨਾਂ ਦੇ ਅਸਲੀ ਹਾਲਾਤ ਬਿਆਨ ਕਰਨਾ ਚਾਹੀਦੇ ਹਨ, ਉਥੇ ਜੱਟਾਂ ਦੇ ਹੱਥਾਂ ਵਿੱਚ ਹਥਿਆਰ ਫੜਾ ਕੇ ਕਿਸੇ ਦੀ ਧੀ ਭੈਣ ਨੂੰ ਕਿਵੇਂ ਘਰੋਂ ਭਜਾਉਣਾ ਹੈ, ਸਿਖਾਇਆ ਜਾਂਦਾ ਹੈ। ਮੈਰਿਜ ਪੈਲਿਸਾਂ, ਕਾਲਜਾਂ, ਯੂਨੀਵਰਸਿਟੀਆਂ ਦੇ ਵਿੱਚ ਹੁਣ ਹਥਿਆਰ ਆਮ ਹੀ ਦੇਖੇ ਜਾਂਦੇ ਹਨ ਕਿਉਂਕਿ ਸਾਨੂੰ ਸਾਡੇ ਗਾਇਕਾਂ ਨੇ ਸਿਖਾਇਆ ਏ ‘ਜਿੱਥੇ ਹੁੰਦੀ ਹੈ ਪਾਬੰਦੀ ਹਥਿਆਰ ਦੀ ਨੀ, ਉੱਥੇ ਜੱਟ ਫੈਰ ਕਰਦਾ’। ਇਹਨਾਂ ਗਾਣਿਆਂ ਤੋਂ ਪਰਭਾਵਿਤ ਹੋ ਕੇ ਹੀ ਨੌਜਵਾਨ ‘ਗੈਂਗਸਟਰ’ ਬਣਨ ਦੇ ਰਾਹ ਪਏ ਹਨ। ਅੱਜਕਲ ਲੋਹੜੀਆਂ, ਦੀਵਾਲੀਆਂ ਤੇ ਬਜ਼ਾਰੀ ਪਟਾਕੇ ਘੱਟ ਤੇ ਹਥਿਆਰਾਂ ਨਾਲ ਜ਼ਿਆਦਾ ਪਟਾਕੇ ਚਲਾਏ ਜਾਂਦੇ ਹਨ।
ਅੱਜ ਦੀ ਔਰਤ ਗਾਇਕਾ ਨੇ ਵੀ ਪੰਜਾਬੀ ਪਹਿਰਾਵਾ ਤਿਆਗ ਕੇ ਪੱਛਮੀ ਲਿਬਾਸ ਅਪਣਾ ਲਿਆ ਹੈ ਤੇ ਗਾਣਿਆਂ ਦੇ ਵਿੱਚ ਬਣੇ ਖਾੜਕੂ ਜੱਟ ਦੀ ਖੂਬ ਹਮਾਇਤ ਕਰ ਰਹੀ ਹੈ। ਜੇ ਕਿਸੇ ਨੇ ਪੁੱਛਣਾ ਹੋਵੇ ਕਿ ਪੰਜਾਬ ਵਿੱਚ ਅੱਜ ਕਿਹੜੇ ਕਿਹੜੇ ਨਸ਼ੇ ਵਰਤੇ ਜਾਂਦੇ ਨੇ ਤਾਂ ਇਨ੍ਹਾਂ ਗਾਇਕਾਂ ਤੋਂ ਪੁੱਛ ਲਵੇ, ਇਹ ਸਭ ਦੱਸ ਦੇਣਗੇ। ਕੁੜੀਆਂ ਨੂੰ ਕਿਵੇਂ ਛੇੜਨਾ, ਕਿਵੇਂ ਘਰੋਂ ਕੱਢਣਾ, ਪਟੋਲਾ ਤੇ ਪੁਰਜਾ ਕਦੋਂ ਕਹਿਣਾ, ਇਹਨਾਂ ਬਾਰੇ ਵੀ ਇਹ ਖੂਬ ਆਪਣਿਆਂ ਗਾਣਿਆਂ ਵਿੱਚ ਜ਼ਿਕਰ ਕਰਦੇ ਹਨ। ਇਹਨਾਂ ਗੀਤਾਂ ਦੇ ਕਾਰਨ ਹੀ ਕੁੜੀਆਂ ਬੇਘਰ ਹੁੰਦੀਆਂ ਨੇ, ਮੁੰਡੇ ਮਿਰਜ਼ੇ ਬਣ ਕੇ ਕੁੜੀਆਂ ਨੂੰ ਘਰੋਂ ਕੱਢਦੇ ਹਨ। ਮਾਪਿਆਂ ਦੇ ਕਹਿਣੇ ਤੋਂ ਬਾਹਰ ਹੁੰਦੇ ਹਨ ਅਤੇ ਬੇਬੇ ਬਾਪੂ ਨੂੰ ਬੁੜ੍ਹਾ ਬੁੜ੍ਹੀ ਕਹਿ ਕੇ ਬਲਾਉਂਦੇ ਹਨ।
ਮਾਂ ਦੀ ਪਾਟੀ ਚੁੰਨੀ ਦਿਖਾਈਂ ਨਹੀ ਦਿੰਦੀ ਅੱਜ ਦੇ ਮੁੰਡਿਆਂ ਨੂੰ ਤੇ ਸਹੇਲੀਆਂ ਨੂੰ ਸ਼ੋਅ ਰੂਮਾਂ ਵਿੱਚ ਖਰੀਦਦਾਰੀ ਕਰਵਾਉਂਦੇ ਹਨ। ਬਾਪੂ ਪਾਣੀ ਮੰਗੇ ਤਾਂ ਕਹਿੰਦੇ ਹਨ, ਆਪੇ ਫੜ ਲੈ, ਤੇ ਬਾਹਰ ਛਬੀਲਾਂ ਲਾਉਂਦੇ ਹਨ। ਇਹ ਸਾਰੀਆਂ ਮਿਹਰਾਂ ਅੱਜ ਦੀ ਲੱਚਰ ਗਾਇਕੀ ਦੀਆਂ ਨੇ। ਅੱਜ ਦੇ ਸਮੇਂ ਵਿੱਚ ਬਣਾਈ ਗਈ ਗਾਣੇ ਦੀ ਵੀਡੀਓ ਵਿੱਚ ਕੁੜੀਆਂ ਦੇ ਅੱਧੇ ਕੱਪੜੇ ਪਾਏ ਹੋਏ ਦਿਖਾਏ ਜਾਂਦੇ ਹਨ। ਪੰਜਾਬੀ ਸਭਿਆਚਾਰ ਖਤਮ ਹੁੰਦਾ ਹੋਇਆ ਜਾਪਦਾ ਹੈ। ਪੰਜਾਬ ਦੀਆਂ ਬਹੁਤੀਆਂ ਧੀਆਂ ਦੀਆਂ ਜ਼ਿੰਦਗੀਆਂ ਬਰਬਾਦ ਹੋ ਗਈਆਂ ਹਨ ਲੱਚਰ ਗਾਉਣ ਵਾਲਿਆਂ ਕਾਰਨ। ਲੋਕਾਂ ਦੇ ਧੀ ਪੁੱਤ ਕੁਰਾਹੇ ਪੈ ਗਏ ਹਨ। ਲੱਚਰ ਗਾਉਣ ਵਾਲਿਓ ਕਦੇ ਪੁੱਛਿਓ ਜਾਕੇ ਉਸ ਪਿਉ ਨੂੰ ਜਿਹੜਾ ਪੁੱਤ ਦੀ ਲਾਸ਼ ਨੂੰ ਮੋਢੇ ਰੱਖ ਸਿਵਿਆਂ ਨੂੰ ਜਾਂਦਾ ਹੈ, ਜਿਸਦਾ ਇਕੱਲਾ ਪੁੱਤ ਭਰ ਜਵਾਨੀ ਵਿੱਚ ਹੀ ਨਸ਼ੇ ਕਰਕੇ ਮਰ ਗਿਆ। ਜੱਟਾਂ ਨੂੰ ਖਾੜਕੂ ਤੇ ਗੀਤਾਂ ਵਿੱਚ ਬੰਦੇ ਮਾਰਨ ਵਾਲਾ ਦਿਖਾਉਣ ਵਾਲੇ ਕਲਾਕਾਰੋ! ਕਦੇ ਜੱਟਾਂ ਦੇ ਘਰਾਂ ਵਿੱਚ ਜਾ ਕੇ ਉਹਨਾਂ ਦੇ ਦੁੱਖ ਸੁਣਿਓ, ਜੋ ਸਿਰ ਚੜ੍ਹੇ ਕਰਜ਼ੇ ਕਾਰਨ ਖ਼ੁਦਕੁਸ਼ੀਆਂ ਕਰ ਰਹੇ ਹਨ। ਤੁਸੀਂ ਪਿੰਡਾਂ ਨੂੰ ਗਾਣਿਆਂ ਵਿੱਚ ‘ਗੈਂਗਲੈਡਂ’ ਬਣਾ ਦਿੱਤਾ ਹੈ। ਕੀ ਪਿੰਡਾਂ ਦੇ ਮੁੰਡੇ ਹੱਥਾਂ ਵਿੱਚ ਹਥਿਆਰ ਲੈ ਕੇ ਘੁੰਮਦੇ ਹਨ? ਬੰਦ ਕਰੋ ਇਹ ਲੱਚਰ ਗਾਇਕੀ। ਪੰਜਾਬ ਦਾ ਮਾਹੌਲ ਵਿਗਾੜਨ ਵਾਲਿਓ, ਤੁਹਾਡੇ ਇਹਨਾਂ ਗਾਣਿਆਂ ਨੂੰ ਸੁਣ ਕੇ ਵਿਦੇਸ਼ੋਂ ਆਉਣ ਵਾਲੇ ਪੰਜਾਬੀਆਂ ਨੇ ਪੰਜਾਬ ਆਉਣਾ ਬੰਦ ਕਰ ਦੇਣਾ ਏਂ।
ਅੱਜ ਲੋੜ ਹੈ ਸਾਨੂੰ ਇਸ ਲੱਚਰ ਗਾਇਕੀ ਦਾ ਵਿਰੋਧ ਕਰਨ ਦੀ। ਜਿਸ ਬੰਦੇ ਨੂੰ ਸੰਗੀਤ ਦੀ ਕਿਸੇ ਸੁਰ ਦਾ ਨਹੀਂ ਪਤਾ ਹੁੰਦਾ, ਉਹੋ ਅੱਜਕਲ ਮਾਇਕ ਫੜਕੇ ਗੀਤਾਂ ਵਿੱਚ ਬੜ੍ਹਕਾਂ ਮਾਰਨ ਲੱਗ ਪੈਂਦਾ ਏ। ਬਹੁਤੇ ਗਾਇਕ ਤਾਂ ਕਿਸੇ ਦੇ ਲਿਖੇ ਹੋਏ ਗਾਣਿਆਂ ਨੂੰ ਗਾਉਂਦੇ ਹਨ, ਤੋੜ ਦਿਓ ਉਹ ਕਲਮਾਂ ਜੋ ਲੱਚਰ ਗੀਤ ਲਿਖਦੀਆਂ ਨੇ।
ਪੰਜਾਬ ਸਰਕਾਰ ਨੂੰ ਚਾਹੀਦਾ ਹੈ ਕਿ ਲੱਚਰ ਗਾਣੇ ਗਾਉਣ ਵਾਲੇ ਕਲਾਕਾਰਾਂ ਦੇ ਵਿਰੁੱਧ ਸਖਤ ਕਰਵਾਈ ਕਰੇ।
ਆਉ ਸਾਰੇ ਰਲ ਕੇ ਆਪਣੀ ਪੰਜਾਬੀ ਮਾਂ ਬੋਲੀ ਨੂੰ ਬਚਾਈਏ।
**
ਸਿੱਖਣ ਦੀ ਉਮਰ --- ਸੁਰਜੀਤ ਸਿੰਘ
ਸਿੱਖਣ ਦੀ ਕੋਈ ਉਮਰ ਨਹੀਂ ਹੁੰਦੀ। ਜ਼ਰੂਰੀ ਨਹੀਂ ਕਿ ਚਿੱਟੇ ਕੇਸਾਂ ਵਾਲਾ ਹੀ ਸਾਨੂੰ ਸਿਖਾ ਸਕਦਾ ਹੈ, ਕਈ ਵਾਰੀ ਛੋਟੇ ਛੋਟੇ ਬੱਚੇ ਵੀ ਬਹੁਤ ਕੁਝ ਸਿਖਾ ਜਾਂਦੇ ਨੇ। ਇਕ ਸ਼ਰਾਬੀ ਨੂੰ ਤੁਰੇ ਜਾਂਦੇ ਇਕ ਮਹਾਂਪੁਰਸ਼ ਨੇ ਦੇਖਿਆ। ਸ਼ਰਾਬੀ ਡਿੱਗਣ ਹੀ ਲੱਗਾ ਸੀ ਕਿ ਉਸ ਨੇ ਭੱਜ ਕੇ ਉਸ ਨੂੰ ਫੜ ਲਿਆ ਤੇ ਕਿਹਾ, “ਸੰਭਾਲ ਕੇ ਤੁਰ ਜੁਆਨਾ। ਦੇਖੀਂ, ਕਿਤੇ ਡਿੱਗ ਹੀ ਨਾ ਪਈਂ।”
ਉਸਦੇ ਬੋਲ ਸੁਣਕੇ ਸ਼ਰਾਬੀ ਬੋਲਿਆ, “ਬਾਬਾ ਜੀ, ਜੇ ਮੈ ਡਿੱਗ ਪਿਆ ਤਾਂ ਕੋਈ ਗੱਲ ਨਹੀਂ, ਮੇਰੇ ਘਰ ਦੇ ਮੈਨੂੰ ਚੁੱਕਣ ਆ ਜਾਣਗੇ। ਪਰ ਤੂੰ ਯਾਦ ਰੱਖੀਂ, ਜੇ ਤੂੰ ਡਿੱਗ ਪਿਆ ਤਾਂ ਤੇਰੇ ਮਗਰ ਆਉਂਦੇ ਸਾਰਿਆਂ ਨੇ ਡਿੱਗ ਪੈਣਾ ਏ।”
ਸ਼ਰਾਬੀ ਦੇ ਇਹਨਾਂ ਬੋਲਾਂ ਨੇ ਉਸ ਮਹਾਂਪੁਰਸ਼ ਦਾ ਅੰਦਰ ਹਿਲਾ ਕੇ ਰੱਖ ਦਿੱਤਾ। ਜੇ ਸਾਡਾ ਆਗੂ ਮਾੜਾ ਹੈ ਤਾਂ ਉਹ ਆਪਣੇ ਨਾਲ ਨਾਲ ਸਾਨੂੰ ਵੀ ਡੋਬ ਸਕਦਾ ਹੈ।
ਜੇ ਇਕ ਵਿਅਕਤੀ ਰਾਤ ਨੂੰ ਹਨੇਰੇ ਵਿੱਚ ਬੈਟਰੀ ਲੈ ਕੇ ਜਾ ਰਿਹਾ ਹੈ ਤੇ ਉਸਦੇ ਪਿੱਛੇ ਦਸ ਵਿਅਕਤੀ ਹੋਰ ਤੁਰੇ ਆ ਰਹੇ ਹਨ। ਜੇ ਬੈਟਰੀ ਵਾਲਾ ਵਿਅਕਤੀ ਖੂਹ ਵਿੱਚ ਡਿੱਗ ਪੈਂਦਾ ਹੈ ਤਾਂ ਉਸਦੇ ਪਿੱਛੇ ਪਿੱਛੇ ਆਉਂਦੇ ਲੋਕਾਂ ਨੇ ਤਾਂ ਖੂਹ ਦੇ ਵਿੱਚ ਡਿੱਗਣਾ ਹੀ ਹੈ। ਸਾਨੂੰ ਚੰਗੀ ਤਰ੍ਹਾਂ ਜਾਣਕਾਰੀ ਹੋਣੀ ਚਾਹੀਦੀ ਹੈ ਕਿ ਜੋ ਸਾਡਾ ਆਗੂ ਹੈ, ਉਹ ਕਿਹੋ ਜਿਹਾ ਹੈ। ਕਿਤੇ ਉਹ ਵੀ ਤਾਂ ਖੂਹ ਦੇ ਵਿੱਚ ਡਿੱਗਣ ਵਾਲਾ ਤਾਂ ਨਹੀਂ?
ਜ਼ਰੂਰੀ ਨਹੀਂ ਹੁੰਦਾ ਕਿ ਸਕੂਲਾਂ, ਕਾਲਜਾਂ ਵਿੱਚ ਪੜ੍ਹਾਉਣ ਵਾਲੇ ਅਧਿਆਪਕ ਹੀ ਸਾਨੂੰ ਜ਼ਿੰਦਗੀ ਜਿਉਣ ਦੇ ਢੰਗ ਸਿਖਾਉਂਦੇ ਸਕਦੇ ਹਨ, ਕਈ ਵਾਰੀ ਸਾਨੂੰ ਉਹ ਲੋਕ ਵੀ ਬਹੁਤ ਕੁਝ ਸਿਖਾ ਜਾਂਦੇ ਨੇ ਜਿਨ੍ਹਾਂ ਨੂੰ ਅਸੀਂ ਹਮੇਸ਼ਾ ਹੀ ਮਾੜਾ ਕਹਿੰਦੇ ਰਹਿੰਦੇ ਹਾਂ। ਜਿਵੇਂ ਸੜਕਾਂ ਤੇ ਰਹਿਣ ਵਾਲੇ ਲੋਕ ਜਾਂ ਉਹ ਲੋਕ ਜਿਹੜੇ ਸਾਡੇ ਘਰਾਂ ਦੇ ਬਾਹਰ ਲੱਗੇ ਰੂੜੀ ਦੇ ਢੇਰਾਂ ਵਿੱਚੋਂ ਕੁਝ ਲੱਭ ਕੇ ਗੁਜ਼ਾਰਾ ਕਰਦੇ ਹਨ। ਇਹਨਾਂ ਲੋਕਾਂ ਨੂੰ ਅਸੀਂ ਅਕਸਰ ਹੀ ਮਾੜਾ ਕਹਿੰਦੇ ਰਹਿੰਦੇ ਹਾਂ। ਇਕ ਵਾਰ ਸਰਦੀਆਂ ਦੇ ਸਮੇਂ ਮੈ ਆਪਣੇ ਘਰ ਦੀ ਛੱਤ ’ਤੇ ਧੁੱਪ ਸੇਕਣ ਲਈ ਬੈਠਾ ਸੀ ਤਾਂ ਅਚਾਨਕ ਮੇਰੀ ਨਜ਼ਰ ਸਾਡੇ ਘਰ ਦੇ ਸਾਹਮਣੇ ਪਏ ਰੂੜੀ ਦੇ ਢੇਰ ’ਤੇ ਪਈ। ਮੈਂ ਕੀ ਦੇਖਦਾ ਹਾਂ ਇਕ ਗਰੀਬ ਔਰਤ, ਜਿਸਨੇ ਮੋਢੇ ’ਤੇ ਇਕ ਪੱਲੀ ਦਾ ਸੀਤਾ ਹੋਇਆ ਬੋਰਾ ਪਾਇਆ ਹੋਇਆ ਹੈ, ਉਹ ਰੂੜੀ ਦੇ ਕੋਲ ਆਉਂਦੀ ਹੈ। ਜਿਉਂ ਹੀ ਉਹ ਰੂੜੀ ਵਿੱਚੋਂ ਕੁਝ ਭਾਲਣ ਦੀ ਕੋਸ਼ਿਸ਼ ਕਰਦੀ ਹੈ ਤਾਂ ਗਲੀ ਦੇ ਕੁੱਤੇ ਉਸ ਵੱਲ ਦੌੜ ਕੇ ਉਸ ਨੂੰ ਭੌਂਕਣ ਲੱਗਦੇ ਹਨ। ਪਰੰਤੂ ਉਹ ਔਰਤ ਫਿਰ ਵੀ ਨਿਡਰ ਰਹਿੰਦੀ ਹੈ ਤੇ ਉਹਨਾਂ ਕੁੱਤਿਆਂ ਦੀ ਪ੍ਰਵਾਹ ਕੀਤੇ ਬਗੈਰ ਅੱਗੇ ਤੁਰ ਜਾਂਦੀ ਹੈ।
ਮੈਂ ਕੀ ਦੇਖਦਾ ਹਾਂ ਕਿ ਜਿਉਂ ਹੀ ਉਹ ਦੂਸਰੀ ਗਲੀ ਵੱਲ ਜਾਂਦੀ ਹੈ ਤਾਂ ਪਹਿਲੀ ਗਲੀ ਦੇ ਕੁੱਤੇ ਉਸ ਦੇ ਮਗਰ ਨਹੀਂ ਜਾਂਦੇ ਤੇ ਦੂਜੀ ਗਲੀ ਦੇ ਕੁੱਤੇ ਆ ਉਸ ਨੂੰ ਦੇਖ ਕੇ ਭੌਂਕਣ ਲੱਗਦੇ ਹਨ। ਉਹ ਉਹਨਾਂ ਦੀ ਵੀ ਪਰਵਾਹ ਨਾ ਕਰਦਿਆਂ ਹੋਇਆਂ ਆਪਣਾ ਕੰਮ ਕਰੀ ਜਾਂਦੀ ਹੈ। ਇਸ ਤਰ੍ਹਾਂ ਮੈਂ ਦੇਖਦਾ ਹਾਂ ਕਿ ਘੁੰਮਦੇ ਘਮਾਉਂਦੇ ਉਸ ਨੇ ਛੇ ਸੱਤ ਗਲੀਆਂ ਘੁੰਮ ਲਈਆਂ ਤੇ ਤਕਰੀਬਨ ਤਿੰਨ, ਚਾਰ ਸੌ ਰੁਪਏ ਦਾ ਸਮਾਨ ਇਕੱਠਾ ਕਰ ਲਿਆ ਤੇ ਕੁੱਤੇ ਭੌਂਕਦੇ ਦੇ ਭੌਂਕਦੇ ਹੀ ਰਹਿ ਗਏ।
ਜਿੰਦਗੀ ਵਿੱਚ ਅੱਗੇ ਵਧਣ ਲਈ ਸਾਨੂੰ ਕਦੇ ਵੀ ਲੋਕਾਂ ਦੀਆਂ ਗੱਲਾਂ ਵਿੱਚ ਨਹੀਂ ਆਉਣਾ ਚਾਹੀਦਾ। ਕਈ ਵਾਰੀ ਅਸੀਂ ਲੋਕਾਂ ਦੀਆਂ ਦਿੱਤੀਆਂ ਸਲਾਹਾਂ ਵਿੱਚ ਹੀ ਇੰਨਾ ਜ਼ਿਆਦਾ ਉਲਝ ਜਾਂਦੇ ਹਾਂ ਕਿ ਸਾਨੂੰ ਪਤਾ ਹੀ ਨਹੀਂ ਲਗਦਾ ਕਿ ਅਸੀਂ ਕੀ ਕਰੀਏ। ਹਮੇਸ਼ਾ ਸਾਨੂੰ ਆਪਣੇ ਤੋਂ ਹੇਠਲੇ ਵੱਲ ਦੇਖ ਜਿਉਣਾ ਚਾਹੀਦਾ ਹੈ। ਬੇਗਾਨੇ ਦਾ ਵੱਡਾ ਘਰ ਦੇਖ ਕੇ ਕਦੇ ਵੀ ਆਪਣੀ ਕੁੱਲੀ ਨਹੀਂ ਢਾਹੁਣੀ ਚਾਹੀਦੀ।
*****
(1213)