“ਮੈਂ ਇਕੱਲਾ ਇਕੱਲਾ ਪੁੱਤ ਆਂ ਤੇਰੇ ਸਾਹਮਣੇ, ਤੇ ਮੈਂ ਮਾਂ ਦੇ ਅੰਤਲੇ ਸਮੇਂ ...”
(1 ਜੂਨ 2019)
ਜਸਵਿੰਦਰ ਮੇਰਾ ਪੱਕਾ ਦੋਸਤ ਸੀ, ਅਸੀਂ ਇਕੱਠੇ ਪੜ੍ਹਦੇ ਹੁੰਦੇ ਸੀ। ਬਾਰ੍ਹਵੀਂ ਅਸੀਂ ਇਕੱਠਿਆਂ ਨੇ ਸਰਕਾਰੀ ਸਕੂਲ ਵਿੱਚੋਂ ਪਾਸ ਕੀਤੀ ਸੀ। ਘਰ ਦੀ ਆਰਥਿਕ ਸਥਿਤੀ ਸਾਡੀ ਕੋਈ ਵਧੀਆ ਨਹੀਂ ਸੀ, ਪਰ ਹਾਂ, ਘਰ ਦਾ ਗੁਜਾਰਾ ਵਧੀਆ ਚਲੀ ਜਾਂਦਾ ਸੀ। ਬਾਰ੍ਹਵੀਂ ਕਰਨ ਤੋਂ ਬਾਅਦ ਮੇਰਾ ਜਸਵਿੰਦਰ ਨਾਲ ਬਹੁਤਾ ਮੇਲ ਜੋਲ ਤਾਂ ਨਹੀਂ ਹੋਇਆ ਪਰ ਉਹ ਮੇਰੇ ਫੋਨ ਸੰਪਰਕ ਵਿੱਚ ਰਹਿਣ ਕਰਕੇ ਮੇਰੇ ਨਾਲ ਜੁੜਿਆ ਰਹਿੰਦਾ ਸੀ। ਕੁਝ ਸਮੇਂ ਬਾਅਦ ਹੀ ਉਹ ਆਈਲੈਟਸ ਕਰਕੇ ਕਨੇਡਾ ਚਲਿਆ ਗਿਆ। ਮੈਂ ਅਕਸਰ ਹੀ ਸੋਚਦਾ ਰਿਹਾ ਕਰਾਂ ਕਿ ਕਿੰਨੀ ਚੰਗੀ ਹੈ ਕਿਸਮਤ ਜਸਵਿੰਦਰ ਦੀ, ਮੈਂ ਇੱਥੇ ਧੱਕੇ ਖਾਈ ਜਾਂਦਾ ਹਾਂ ਤੇ ਉਹ ਬਾਹਰ ਚਲਿਆ ਗਿਆ।
ਕਿਤੇ ਕਿਤੇ ਮੈਂ ਆਪਣੇ ਘਰਦਿਆਂ ਨਾਲ ਵੀ ਉਸਦੀ ਗੱਲ ਛੇੜ ਲਿਆ ਕਰਦਾ। ਮੈਂ ਸਰਕਾਰੀ ਕਾਲਜੋਂ ਬੀ. ਏ. ਪਾਸ ਕਰਕੇ ਕਿਸੇ ਨਿੱਜੀ ਆਦਾਰੇ ਵਿੱਚ ਛੋਟੀ ਮੋਟੀ ਨੌਕਰੀ ਕਰਨ ਲੱਗ ਪਿਆ, ਮੈਂ ਐੱਮ. ਏ. ਦੀ ਪੜ੍ਹਾਈ ਵੀ ਨਾਲ ਨਾਲ ਜਾਰੀ ਰੱਖੀ। ਪੰਜਾਬ ਵਿੱਚ ਵਧਦੀ ਹੋਈ ਬੇਰੁਜ਼ਗਾਰੀ ਨੂੰ ਦੇਖਦਿਆਂ ਮੈਂ ਆਸ ਛੱਡ ਦਿੱਤੀ ਕਿ ਮੈਂਨੂੰ ਹੁਣ ਕੋਈ ਨੌਕਰੀ ਵੀ ਮਿਲੇਗੀ। ਮੈਂ ਘਰਦਿਆਂ ਨਾਲ ਜਿਦ ਕਰਨ ਲੱਗ ਪਿਆ ਕਿ ਮੈਂਨੂੰ ਵੀ ਬਾਹਰ ਭੇਜੋ, ਇੱਥੇ ਕੁਝ ਨਹੀਂ ਪਿਆ। ਕਿਸਾਨ ਕਰਜੇ ਥੱਲੇ ਆ ਕੇ ਇੱਥੇ ਸਪਰੇਆਂ ਪੀਂਦਾ ਤੇ ਖੁਦਕੁਸ਼ੀ ਕਰਦਾ ਹੈ, ਉੱਥੇ ਕੰਮ ਵਧੀਆ ਮਿਲ ਜੂ ਤੇ ਪਿੰਡੋਂ ਬਾਹਰ ਆਪਾਂ ਵੀ ਕੋਠੀ ਪਾਵਾਂਗੇ। ਮੈਂਨੂੰ ਬੇਬੇ ਰੋਕਿਆ ਕਰੇ ਕਿ ਪੁੱਤ ਸਾਡਾ ਤੇਰੇ ਬਿਨਾਂ ਕੋਈ ਨਹੀਂ, ਜੇ ਤੂੰ ਚਲਿਆ ਗਿਆ ਅਸੀਂ ਦੋਵੇਂ ਇਕੱਲੇ ਕੀ ਕਰਾਂਗੇ? ਮੈਂ ਕਿਹਾ ਕਰਾਂ, ਮੈਂ ਵਿਆਹ ਕਰਵਾ ਕੇ ਜਾਵਾਂਗਾ ਫਿਰ ਤੁਹਾਨੂੰ ਵੀ ਨਾਲ ਲੈ ਜਾਵਾਂਗਾ।
ਇਕ ਦਿਨ ਮੈਂਨੂੰ ਪਤਾ ਲੱਗਿਆ ਕਿ ਜਸਵਿੰਦਰ ਦੀ ਮਾਂ ਅਕਾਲ ਚਲਾਣਾ ਕਰ ਗਈ ਹੈ ਤੇ ਉਹ ਕਨੇਡਾ ਤੋਂ ਵਾਪਸ ਆ ਗਿਆ ਹੈ। ਮੇਰੇ ਪਿੰਡ ਦੇ ਨਾਲ ਹੀ ਉਸਦਾ ਪਿੰਡ ਸੀ। ਮੈਂ ਉਸਦੀ ਮਾਂ ਦੇ ਭੋਗ ’ਤੇ ਗਿਆ ਤੇ ਨਾਲ ਉਸਨੂੰ ਮਿਲਣ ਦੀ ਵੀ ਇੱਛਾ ਸੀ। ਉਸਦੀ ਮਾਂ ਦੇ ਮਰ ਜਾਣ ’ਤੇ ਮੈਂ ਦੁੱਖ ਜਾਹਰ ਕੀਤਾ ਤੇ ਨਾਲ ਲੱਗ ਕੇ ਹੋਰ ਵੀ ਘਰ ਦਾ ਕੰਮ ਕਰਵਾਇਆ। ਘਰ ਦੇ ਕੰਮ ਕਾਰ ਨਬੇੜ ਉਹ ਮੇਰੇ ਕੋਲ ਆ ਗਿਆ।
ਮੈਂ ਉਸ ਨੂੰ ਆਪਣੇ ਘਰ ਦੀ ਆਰਥਿਕਤਾ ਬਾਰੇ ਦੱਸਿਆ ਤੇ ਕਿਹਾ, ‘ਬਾਈ, ਮੇਰਾ ਵੀ ਕੋਈ ਹੀਲਾ ਵਸੀਲਾ ਕਰਦੇ, ਮੈਂ ਵੀ ਬਾਹਰ ਚਲਾ ਜਾਂਦਾ ਹਾਂ ਤੇ ਘਰਦਿਆਂ ਨੂੰ ਤੇਰੇ ਵਾਂਗ ਪੈਸੇ ਕਮਾ ਕੇ ਭੇਜਾਂਗਾ।
ਮੈਂਨੂੰ ਉਹ ਘਰ ਦੀ ਬੈਠਕ ਵਿੱਚ ਲੈ ਗਿਆ। ਮੈਂ ਉਸ ਨੂੰ ਕਿਹਾ, “ਆਈਲੈਟਸ ਤਾਂ ਤੈਨੂੰ ਪਤਾ ਆਪਣੇ ਤੋਂ ਕਿੱਥੇ ਹੋਣੀ ਐ। ਆਪਾਂ ਕੋਈ ਆਈਲੈਟਸ ਕੀਤੀ ਕੁੜੀ ਲੱਭ ਲੈਂਦੇ ਆਂ। ਖਰਚਾ ਔਖੇ ਸੌਖੇ ਜਮੀਨ ’ਤੇ ਫੜ ਲਵਾਂਗੇ। ਉਹ ਬਾਹਰ ਚਲੀ ਜਾਊ, ਫਿਰ ਆਪਾਂ ਨੂੰ ਵੀ ਸੱਦ ਲਊ। ਇਹ ਸਕੀਮ ਵਧੀਆ ... ਨਾਲੇ ਹੁਣ ਤਾਂ ਸਾਰੇ ਹੀ ਇੱਦਾਂ ਕਰਦੇ ਆ।”
ਮੈਂਨੂੰ ਉਹ ਕਹਿਣ ਲੱਗਾ,“ਬਾਈ ਬਾਹਰ ਜਾਣ ਦਾ ਕੋਈ ਫਾਇਦਾ ਨਹੀਂ, ਇੱਥੋਂ ਦੀਆਂ ਕੀਤੀਆਂ ਪੜ੍ਹਾਈਆਂ ਦਾ ਉੱਥੇ ਕੋਈ ਮੁੱਲ ਨਹੀਂ। ਉੱਥੇ ਮੈਂ ਦਿਹਾੜੀਦਾਰ ਵਾਂਗ ਕੰਮ ਕਰਦਾ ਹਾਂ। ਮੈਂ ਉੱਥੇ ਅਜੇ ਤੱਕ ਪੱਕਾ ਨਹੀਂ ਹੋਇਆ। ਜਿਹੜੇ ਲੋਕ ਇੱਥੋਂ ਵਿਆਹ ਕਰਵਾ ਕੇ ਜਾਂਦੇ ਹਨ, ਉਹ ਉੱਥੇ ਜਾ ਕੇ ਰੁਲਦੇ ਹਨ। ਅੱਜ ਤਾਂ ਤੂੰ ਆਪਣੀ ਘਰਵਾਲੀ ਉੱਤੇ ਪੈਸੇ ਲਾ ਕੇ ਉਸਨੂੰ ਬਾਹਰ ਭੇਜ ਦੇਵੇਂਗਾ, ਤੈਨੂੰ ਕੀ ਲਗਦਾ ਉਹ ਗਈ ਤੇ ਤੈਨੂੰ ਕੱਲ੍ਹ ਨੂੰ ਹੀ ਸੱਦ ਲਊ? ਨਹੀਂ ਵੀਰਿਆ, ਜੇ ਉੱਥੇ ਕੰਮ ਹੁੰਦਾ ਦਾ ਵਿਆਹ ਕਰਵਾ ਕੇ ਜਾਂਦੀਆਂ ਕੁੜੀਆਂ ਸਹੁਰੇ ਘਰ ਦਿਆਂ ਤੋਂ ਪੈਸੇ ਨਾ ਮੰਗਿਆਂ ਕਰਦੀਆਂ। ਓਪਰੀ ਧਰਤੀ ਤੇ ਓਪਰੇ ਲੋਕਾਂ ਨਾਲ ਉੱਥੇ ਰਹਿਣਾ ਪੈਂਦਾ ਹੈ। ਜੇਕਰ ਕੁੜੀਆਂ ਨੂੰ ਉੱਥੇ ਕੰਮ ਨਾ ਮਿਲੇ ਤਾਂ ਮਜਬੂਰੀ ਵੱਸ ਵਿੱਚ ਆ ਕੇ ਉਨ੍ਹਾਂ ਨੂੰ ਅਜਿਹੇ ਕੰਮ ਵੀ ਕਰਨੇ ਪੈਂਦੇ ਹਨ ਜਿਹੜਾ ਕਿ ਸਾਡਾ ਸਮਾਜ ਇਜਾਜ਼ਤ ਨਹੀਂ ਦੇਂਦਾ। ਜਦੋਂ ਤੇਰੀ ਘਰਵਾਲੀ ਇੱਥੋਂ ਜਹਾਜ਼ ਚੜ੍ਹ ਗਈ, ਆਪਾਂ ਕਿਵੇਂ ਦੇਖਾਂਗੇ ਕਿ ਉੱਥੇ ਉਹ ਕੀ ਕੰਮ ਕਰਦੀ ਹੈ, ਕੀ ਪੜ੍ਹਾਈ ਕਰਦੀ ਹੈ।
“ਇੱਥੋਂ ਤੱਕ ਮੈਂ ਸੁਣਿਆ ਹੈ ਜਿਹੜੀਆਂ ਕੁੜੀਆਂ ਇੱਥੋਂ ਨਕਲੀ ਵਿਆਹ ਕਰਵਾ ਕੇ ਜਾਂਦੀਆਂ ਹਨ, ਕੰਮ ਨਾ ਮਿਲਣ ਦੀ ਸੂਰਤ ਵਿੱਚ ਉਹ ਵੀ ਉਸ ਮਰਦ ਅੱਗੇ ਮਜਬੂਰ ਹੁੰਦੀਆਂ ਹਨ। ... ਬਾਹਰ ਦਾ ਤਾਂ ਸਿਰਫ ਨਾਂ ਹੀ ਹੈ ਤੇ ਇੱਕ ਓਹਲਾ ਹੈ ਕਿ ਅਸੀਂ ਵਿਦੇਸ਼ ਗਏ ਹਾਂ। ਜਿਹੜੇ ਲੋਕ ਉੱਥੇ ਗਏ ਹਨ ਉਨ੍ਹਾਂ ਨੂੰ ਪੁਛ ਕੇ ਦੇਖੋ, ਕਿਸ ਤਰ੍ਹਾਂ ਦਾ ਉਹ ਜੀਵਨ ਬਤੀਤ ਕਰਦੇ ਹਨ। ... ਜਿਹੜੇ ਜਮੀਨ ’ਤੇ ਫੜੇ ਪੰਦਰਾਂ ਵੀਹ ਲੱਖ ਲਾ ਕੇ ਤੂੰ ਬਾਹਰ ਜਾਵੇਂਗਾ, ਉਹ ਕਿੰਨੇ ਸਾਲਾਂ ਵਿੱਚ ਤੂੰ ਮੋੜੇਗਾ? ਕੋਈ ਵਿਰਲਾ ਹੀ ਹੁੰਦਾ ਹੈ ਜਿਹੜਾ ਆਪਣਾ ਘਰ ਬਾਰ ਵਧੀਆ ਬਣਾਉਂਦਾ ਹੈ ਬਾਕੀ ਤਾਂ ਸਿਰਫ ਆਪਣੀ ਰੋਟੀ ਜੋਗੇ ਹੀ ਮਸਾਂ ਹੁੰਦੇ ਹਨ।
“ਅਸੀਂ ਪੰਜਾਬ ਵਿੱਚ ਅਨਪੜ੍ਹਾਂ ਤੇ ਬੇਰੁਜ਼ਗਾਰਾਂ ਨੂੰ ਘਰਾਂ ਵਿੱਚ ਕੰਮ ਦਿੰਦੇ ਹਾਂ ਤੇ ਸਾਡੇ ਇੱਥੋਂ ਡਿਗਰੀਆਂ ਕਰਕੇ ਉਨ੍ਹਾਂ ਲੋਕਾਂ ਦੇ ਘਰਾਂ ਵਿੱਚ ਕੰਮ ਕਰਦੇ ਹਨ। ਬਾਹਰ ਦਾ ਖਿਆਲ ਛੱਡ, ਕੋਈ ਇੱਥੇ ਹੀ ਆਪਣਾ ਕੰਮ ਕਰ ਲੈ। ਆਪਣੇ ਪਰਿਵਾਰ ਵਿੱਚ ਤਾਂ ਸੁਖੀ ਰਹੇਂਗਾ। ਮੈਂ ਇਕੱਲਾ ਇਕੱਲਾ ਪੁੱਤ ਆਂ ਤੇਰੇ ਸਾਹਮਣੇ, ਤੇ ਮੈਂ ਮਾਂ ਦੇ ਅੰਤਲੇ ਸਮੇਂ ਉਸਦੀ ਸੇਵਾ ਵੀ ਨਹੀਂ ਕਰ ਸਕਿਆ। ਜਿਦ ਕਰਕੇ ਮੈਂ ਬਾਹਰ ਗਿਆ ਸੀ। ਮੈਂ ਸੋਚਦਾ ਸੀ ਮਾਂ ਪਿਓ ਨੂੰ ਉੱਥੇ ਬੁਲਾ ਲਵਾਂਗਾ। ਮੈਂ ਖੁਦ ਅਜੇ ਉੱਥੇ ਪਕਾ ਨਹੀਂ ਹੋ ਸਕਿਆ ਮਾਪਿਆਂ ਨੂੰ ਕਿਵੇਂ ਬੁਲਾਉਂਦਾ? ਸੱਚ ਦਸਾਂ, ਯਾਰਾ ਬਾਪੂ ਦੀਆਂ ਰੋਂਦੀਆਂ ਅੱਖਾਂ ਨੂੰ ਦੇਖ ਬਾਹਰ ਜਾਣ ਨੂੰ ਨਹੀਂ ਦਿਲ ਕਰਦਾ। ...
“ਤੁਰਨ ਲੱਗੇ ਨੂੰ ਬੇਬੇ ਕਹਿੰਦੀ ਸੀ, ਛੇਤੀ ਮੁੜ ਆਈ ਪੁੱਤ! ਮੈਂ ਅਜੇ ਤੇਰੇ ਸਿਰੋਂ ਪਾਣੀ ਵਾਰਨਾ ਹੈ। ਮਾਪਿਆਂ ਨੂੰ ਕਿਤੇ ਨਾ ਛੱਡ ਕੇ ਜਾਂਈ ਵੀਰਾ, ਪੱਥਰ ਦਿਲ ਕਰਕੇ ਭੇਜਦੇ ਨੇ ਇਹ। ... ਆਈਲੈਟਸ ਕਰਕੇ ਗਏ ਰੁਲਦੇ ਨੇ ਮੇਰੇ ਵਾਂਗੂ ਉੱਥੇ। ਲੋਕਾਂ ਦੇ ਸੀਰੀ ਲੱਗਣ ਨਾਲੋਂ ਚੰਗਾ ਇੱਥੇ ਹੀ ਕੋਈ ਕੰਮ ਕਰ ਲਈਂ। ਬਾਹਰ ਗਏ ਕੁੜੀਆਂ ਮੁੰਡਿਆਂ ਦਾ ਬਹੁਤ ਬੁਰਾ ਹਾਲ ਐ। ਮੈਂ ਦੱਸ ਨਹੀਂ ਸਕਦਾ ...।”
ਮੈਂ ਜਸਵਿੰਦਰ ਦੀਆਂ ਗੱਲਾਂ ਸੁਣ ਕੇ ਬੜਾ ਡਰਿਆ ਤੇ ਘਬਰਾਇਆ ਹੋਇਆ ਸੀ। ਚਾਹ ਪਾਣੀ ਪੀ ਕੇ ਮੈਂ ਉੱਥੋਂ ਤੁਰਿਆ ਤੇ ਘਰ ਪਹੁੰਚਦਿਆਂ ਹੀ ਮਾਪਿਆਂ ਨੂੰ ਸਾਰੀ ਵਾਰਤਾ ਦੱਸੀ ਤੇ ਕਿਹਾ, ਮੈਂ ਕਿਤੇ ਨਹੀਂ ਜਾਂਦਾ ਤੁਹਾਨੂੰ ਛੱਡ ਕੇ।
*****
(ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)
(1616)
(ਸਰੋਕਾਰ ਨਾਲ ਸੰਪਰਕ ਲਈ: