SukhwantHundal7ਵਿਦੇਸ਼ੀ ਲੀਡਰਾਂ ਵਿੱਚੋਂ ਨੈਲਸਨ ਮੰਡੇਲੇ ਨੇ ਮੈਂਨੂੰ ਹਮੇਸ਼ਾ ...
(26 ਫਰਵਰੀ 2020)

 

(ਨੋਟ: ਇਸ ਮੁਲਾਕਾਤ ਦਾ ਪਹਿਲਾ ਭਾਗ ‘ਸਰੋਕਾਰ’ ਵਿੱਚ ਪਿਛਲੇ ਹਫਤੇ ਛਪ ਚੁੱਕਿਆ ਹੈ।)

(ਰਾਜ ਪੰਨੂ ਸੰਨ 1997 ਵਿੱਚ ਪਹਿਲੀ ਵਾਰ ਐੱਨ ਡੀ ਪੀ ਵੱਲੋਂ ਐੱਮ ਐੱਲ ਏ ਦੀ ਚੋਣ ਜਿੱਤ ਕੇ ਅਲਬਰਟਾ ਦੀ ਸੂਬਾਈ ਸਿਆਸਤ ਵਿੱਚ ਦਾਖਲ ਹੋਏਉਸ ਤੋਂ ਬਾਅਦ ਉਹ 2001 ਅਤੇ 2004 ਵਿੱਚ ਦੋ ਵਾਰ ਹੋਰ ਐੱਮ ਐੱਲ ਏ ਚੁਣੇ ਗਏਸੰਨ 2000 ਤੋਂ 2004 ਤੱਕ ਉਹ ਅਲਬਰਟਾ ਦੀ ਐੱਨ ਡੀ ਪੀ ਦੇ ਸੂਬਾਈ ਲੀਡਰ ਰਹੇਐੱਮ ਐੱਲ ਏ ਬਣਨ ਤੋਂ ਪਹਿਲਾਂ ਉਹ 28 ਸਾਲ ਯੂਨੀਵਰਸਿਟੀ ਆਫ ਅਲਬਰਟਾ ਵਿੱਚ ਸੋਸ਼ਿਓਲੋਜੀ ਦੇ ਪ੍ਰੋਫੈਸਰ ਰਹੇਉਨ੍ਹਾਂ ਨਾਲ ਕੀਤੀ ਇਹ ਇੰਟਰਵਿਊ ਉਨ੍ਹਾਂ ਵੱਲੋਂ ਪਹਿਲੀ ਵਾਰ ਇਲੈਕਸ਼ਨ ਜਿੱਤਣ ਤੋਂ ਕੁਝ ਸਮਾਂ ਬਾਅਦ 1 ਸਤੰਬਰ 1998 ਨੂੰ ਐਡਮਿੰਟਨ ਵਿੱਚ ਉਨ੍ਹਾਂ ਦੇ ਘਰ ਕੀਤੀ ਗਈ - ਸੁਖਵੰਤ ਹੁੰਦਲ)

? ਫਿਰ ਤੁਸੀਂ ਆਪ ਚੋਣ ਲੜਨ ਬਾਰੇ ਕਦੋਂ ਕੁ ਸੋਚਣ ਲੱਗੇ?

RajPannu2: ਮੇਰਾ ਖਿਆਲ ਹੈ 1980ਵਿਆਂ ਵਿੱਚ1980ਵਿਆਂ ਦੇ ਸ਼ੁਰੂ ਵਿੱਚ ਸ਼ਹਿਰ ਦਾ ਮੇਅਰ ਲਾਰੈਂਸ ਡਿਕੋਰ ਮੇਰਾ ਦੋਸਤ ਸੀਡਿਕੋਰ ਬਾਅਦ ਵਿੱਚ ਸੂਬਾਈ ਲਿਬਰਲ ਪਾਰਟੀ ਦਾ ਲੀਡਰ ਬਣਿਆ ਅਤੇ ਤਿੰਨ ਚਾਰ ਸਾਲ ਪਹਿਲਾਂ ਆਪਣਾ ਅਸਤੀਫਾ ਦੇਣ ਵਾਲਾ, ਇਸ ਸੂਬੇ ਦੇ ਇਤਿਹਾਸ ਵਿੱਚ ਸਭ ਤੋਂ ਵੱਡੀ ਵਿਰੋਧੀ ਧਿਰ ਦਾ ਆਗੂ ਬਣਿਆ ਸੀਉਸ ਦੀ ਘਰ ਵਾਲੀ ਅਤੇ ਮੈਂ ਯੂਨੀਵਰਸਿਟੀ ਵਿੱਚ ਇਕੱਠੇ ਪੜ੍ਹੇ ਸਾਂਸੋਸ਼ਿਓਲੌਜੀ ਡਿਪਾਰਟਮੈਂਟ ਵਿੱਚ ਅਸੀਂ ਇਕੱਠਿਆਂ ਨੇ ਪਹਿਲਾਂ ਐੱਮ ਏ ਅਤੇ ਫਿਰ ਪੀ ਐੱਚ ਡੀ ਕੀਤੀ ਸੀਇਸ ਲਈ ਲਾਰੈਂਸ ਦੀ ਪਤਨੀ, ਐੱਨ ਮੈਰੀ ਡਿਕੋਰ ਅਤੇ ਸੁਰਿੰਦਰ ਅਤੇ ਮੈਂ ਬਹੁਤ ਚੰਗੇ ਦੋਸਤ ਬਣ ਗਏਤੁਹਾਨੂੰ ਪਤਾ ਹੀ ਹੈ ਕਿ ਗਰੈਜੂਏਸ਼ਨ ਦੀ ਪੜ੍ਹਾਈ ਇਸ ਤਰ੍ਹਾਂ ਦੀਆਂ ਗੂੜ੍ਹੀਆਂ ਦੋਸਤੀਆਂ ਪੈਦਾ ਕਰਦੀ ਹੈ, ਜਿਹੜੀਆਂ ਹੋਰ ਕੋਈ ਨਹੀਂ ਕਰਦਾਤੁਸੀਂ ਬਹੁਤ ਹੀ ਮੁਸ਼ਕਿਲ ਹਾਲਤਾਂ ਵਿੱਚ ਕੰਮ ਕਰਦੇ ਹੋ, ਅਤੇ ਤੁਹਾਡੇ ਉੱਤੇ ਬਹੁਤ ਸਾਰਾ ਦਬਾਅ ਅਤੇ ਤਣਾਅ ਹੁੰਦਾ ਹੈ ਅਤੇ ਤੁਹਾਡੇ ਕੋਲੋਂ ਬਹੁਤ ਕੁਝ ਦੀ ਮੰਗ ਕੀਤੀ ਜਾਂਦੀ ਹੈ ਅਤੇ ਇਸ ਤੋਂ ਛੁਟਕਾਰਾ ਪਾਉਣ ਦਾ ਇੱਕੋ ਇੱਕ ਰਾਹ ਹੁੰਦਾ ਹੈ ਵੀਕਇੰਡ ’ਤੇ ਮਿਲਣਾ, ਇਕੱਠੇ ਖਾਣਾ ਪੀਣਾ ਅਤੇ ਪਾਰਟੀਆਂ ਉੱਤੇ ਜਾਣਾ ਅਤੇ ਇਸ ਤਰ੍ਹਾਂ ਦੀਆਂ ਹੋਰ ਚੀਜ਼ਾਂ ਕਰਨਾ, ਅਤੇ ਅਸੀਂ ਇਹ ਸਭ ਕੁਝ ਕਰਦੇ ਸੀਅਸੀਂ ਸਾਰੇ ਨੌਜਵਾਨ ਸੀਅਸੀਂ ਸਾਰੇ ਜੋਸ਼ ਨਾਲ ਭਰਪੂਰ ਸੀ

ਇਤਿਹਾਸਕ ਤੌਰ ਉੱਤੇ ਡਿਕੋਰ ਦੇ ਫੈਡਰਲ ਲਿਬਰਲ ਪਾਰਟੀ ਨਾਲ ਬੜੇ ਗੂੜ੍ਹੇ ਸੰਬੰਧ ਸਨਇਹ ਸ਼ਹਿਰ ਦਾ ਇੱਕ ਸਥਾਪਤ ਸਿਆਸੀ ਪਰਿਵਾਰ ਸੀ, ਪਰ ਉਹ ਸਾਡੇ ਬਹੁਤ ਚੰਗੇ ਦੋਸਤ ਬਣ ਗਏ ਭਾਵੇਂ ਕਿ ਸਾਡੇ ਸਿਆਸੀ ਮੱਤਭੇਦ ਸਨਪਰ ਉਸ ਨਾਲ ਕੋਈ ਫਰਕ ਨਹੀਂ ਸੀ ਪੈਂਦਾਉਸ ਨੇ 1979 ਜਾਂ 1980 ਵਿੱਚ ਅਲਡਰਮੈਨ ਦੀ ਇਲੈਕਸ਼ਨ ਲੜੀ ਸੀ, ਅਤੇ ਉਸ ਸਮੇਂ ਮੈਂ ਉਸ ਦੀ ਮਦਦ ਕੀਤੀ ਸੀ ਕਿਉਂਕਿ ਮਿਉਂਸਲਪਲ ਇਲੈਕਸ਼ਨ ਪਾਰਟੀਆਂ ਦੇ ਆਧਾਰ ਉੱਤੇ ਨਹੀਂ ਹੁੰਦੀਉਸ ਨੇ ਉਸ ਸਾਲ ਚੰਗਾ ਕੰਮ ਕੀਤਾ ਸੀਫਿਰ ਉਸ ਨੇ ਮੇਅਰ ਦੀ ਇਲੈਕਸ਼ਨ ਲੜਨ ਦਾ ਫੈਸਲਾ ਕੀਤਾ ਅਤੇ ਮੈਂ ਉਸ ਦੀ ਪੂਰਾ ਜ਼ੋਰ ਲਾ ਕੇ ਮਦਦ ਕੀਤੀ ਅਤੇ ਉਹਦੇ ਲਈ ਇੰਡੋ-ਕੈਨੇਡੀਅਨ ਕਮਿਊਨਿਟੀ ਵਿੱਚ ਮਦਦ ਮੰਗੀਉਹ ਦੋ ਵਾਰ ਕਾਮਯਾਬੀ ਨਾਲ ਮੇਅਰ ਚੁਣਿਆ ਗਿਆਮੈਂ ਸ਼ਹਿਰ ਦੇ ਵੱਖ ਵੱਖ ਇਲਾਕਿਆਂ ਤੋਂ 6-10 ਦੂਸਰੇ ਲੋਕਾਂ ਦੇ ਨਾਲ ਉਸ ਦੀ ਐਡਵਾਇਜ਼ਰੀ ਕਮੇਟੀ ਅਤੇ ਸਟਰੈਟਜੀ ਕਮੇਟੀ ਦਾ ਮੈਂਬਰ ਰਿਹਾ ਸੀਅਤੇ ਉਹ ਮੈਂਨੂੰ ਕਾਊਂਸਲਰ ਲਈ ਜਾਂ ਸਕੂਲ ਬੋਰਡ ਲਈ ਇਲੈਕਸ਼ਨ ਲੜਨ ਲਈ ਉਤਸ਼ਾਹਿਤ ਕਰਨ ਲੱਗਾਮੈਂ ਮਿਉਂਸਪਲ ਪੱਧਰ ਉੱਤੇ ਉਸ ਦੀ ਮਦਦ ਕਰਨ ਵਿੱਚ ਠੀਕ ਮਹਿਸੂਸ ਕਰਦਾ ਸੀਪਰ ਉਸ ਦੀਆਂ ਸੂਬੇ ਦੀ ਪੱਧਰ ਦੀ ਸਿਆਸਤ ਵਿੱਚ ਜਾਣ ਦੀਆਂ ਖਾਹਿਸ਼ਾਂ ਸਨਜਦੋਂ ਉਸ ਨੇ, ਮੇਰੇ ਖਿਆਲ ਵਿੱਚ 1986 ਵਿੱਚ, ਲਿਬਰਲ ਪਾਰਟੀ ਦੀ ਲੀਡਰਸ਼ਿੱਪ ਲਈ ਲੜਨ ਦਾ ਫੈਸਲਾ ਕੀਤਾ ਅਤੇ ਮੇਰੇ ਕੋਲੋਂ ਮਦਦ ਮੰਗੀ ਤਾਂ ਮੈਂ ਉਸ ਨੂੰ ਕਿਹਾ, ”ਦੇਖ‘ ਮੈਂ ਇੱਕ ਸੋਸ਼ਲਿਸਟ ਹਾਂਤੂੰ ਇੱਕ ਲਿਬਰਲ ਹੈਂਆਪਾਂ ਚੰਗੇ ਦੋਸਤ ਹਾਂ ਮੈਂਨੂੰ ਤੇਰਾ ਦੋਸਤ ਹੋਣਾ ਚੰਗਾ ਲੱਗਦਾ ਹੈ, ਪਰ ਮੈਂ ਆਪਣੀ ਪਾਰਟੀ ਨਹੀਂ ਬਦਲ ਸਕਦਾਇਸ ਲਈ ਮੇਰੇ ਕੋਲੋਂ ਮਦਦ ਦੀ ਆਸ ਨਾ ਰੱਖ।” ਅਸਲ ਵਿੱਚ ਉਸ ਲਈ ਉਸ ਦੀ ਪਤਨੀ ਨੇ ਮੇਰੇ ਕੋਲੋਂ ਪੁੱਛਿਆ ਸੀਉਹ ਹੁਣ ਤੱਕ ਵੀ ਮੇਰੀ ਚੰਗੀ ਦੋਸਤ ਹੈਅਸੀਂ ਦੋਹਾਂ ਨੇ ਪੀ ਐੱਚ ਡੀ ਹੀ ਇਕੱਠਿਆਂ ਨਹੀਂ ਕੀਤੀ ਸੀ ਸਗੋਂ ਸਾਨੂੰ ਦੋਹਾਂ ਨੂੰ ਇੱਕ ਹੀ ਡਿਪਾਰਟਮੈਂਟ ਵਿੱਚ ਨਿਯੁਕਤੀ ਮਿਲੀ ਸੀ ਅਤੇ ਅਸੀਂ 30 ਸਾਲਾਂ ਲਈ ਇਕੱਠੇ ਪੜ੍ਹਾਇਆ ਸੀਸਾਡੇ ਬੱਚੇ ਇਕੱਠੇ ਵੱਡੇ ਹੋਏ ਹਨਸੋ ਸਾਡਾ ਇਸ ਤਰ੍ਹਾਂ ਦਾ ਰਿਸ਼ਤਾ ਸੀ

ਇਸ ਲਈ ਮੈਂਨੂੰ ਐੱਨ ਮੈਰੀ ਨੂੰ ਦੱਸਣਾ ਪਿਆ, “ਮੈਂ ਲਾਰੈਂਸ ਦੀ ਲਿਬਰਲ ਲੀਡਰਸ਼ਿੱਪ ਲਈ ਮਦਦ ਨਹੀਂ ਕਰ ਸਕਦਾ ਕਿਉਂਕਿ ਮੇਰੀ ਸਿਆਸਤ ਵੱਖਰੀ ਹੈ, ਮੇਰੀ ਵਫਾਦਾਰੀ ਵੱਖਰੀ ਹੈ।” 1980ਵਿਆਂ ਵਿੱਚ ਮੇਰੇ ਮਨ ਵਿੱਚ ਇਲੈਕਸ਼ਨ ਲੜਨ ਦਾ ਖਿਆਲ ਆਇਆ ਕੁਝ ਹੱਦ ਤੱਕ ਇਸ ਕਰਕੇ ਕਿਉਂਕਿ ਮੇਰਾ ਮਿਉਂਸਪਲ ਸਿਆਸਤ ਨਾਲ ਸੰਬੰਧ ਸੀ ਅਤੇ ਕੁਝ ਹੱਦ ਤੱਕ ਇਸ ਕਰਕੇ ਕਿਉਂਕਿ ਟੋਰੀਆਂ ਦਾ ਏਜੰਡਾ ਸਪਸ਼ਟ ਹੋ ਰਿਹਾ ਸੀ ਅਤੇ ਪਹਿਲਾਂ ਦੇ ਮੁਕਾਬਲੇ ਉਨ੍ਹਾਂ ਦਾ ਸੱਜੇ ਵੱਲ ਨੂੰ ਮੋੜਾ ਸਾਫ ਦਿਖਾਈ ਦੇਣ ਲੱਗ ਪਿਆ ਸੀਅਸਲ ਵਿੱਚ ਇਹ 1970ਵਿਆਂ ਦੇ ਅਖੀਰ ਦੀ ਗੱਲ ਹੈ ਕਿ ਮੈਂ ਫੈਡਰਲ ਲਿਬਰਲਾਂ ਤੋਂ ਬਹੁਤ ਜ਼ਿਆਦਾ ਨਿਰਾਸ਼ ਹੋ ਗਿਆ ਸੀਪੂੰਜੀਵਾਦੀ ਆਰਥਿਕਤਾ ਦੇ ਸੰਕਟ ਨਾਲ ਨਜਿੱਠਣ ਲਈ ਉਹ ਬਹੁਤ ਜ਼ਿਆਦਾ ਸੱਜੇ ਪਾਸੇ ਨੂੰ ਮੁੜ ਗਏ ਸਨ

ਪਰ 1986 ਵਿੱਚ ਸਾਡੇ ਪਰਿਵਾਰ ਵਿੱਚ ਇੱਕ ਨਿੱਜੀ ਦੁਖਾਂਤ ਵਾਪਰ ਗਿਆਮੇਰੀ ਭੈਣ ਇਸ ਸ਼ਹਿਰ ਵਿੱਚ ਰਹਿੰਦੀ ਸੀ ਅਤੇ ਮੇਰਾ ਭਰਾ ਵੀਅਤੇ ਸੰਨ 1986 ਵਿੱਚ ਮੇਰੀ ਭੈਣ ਦੇ ਪਤੀ ਨੇ ਉਸ ਨੂੰ ਕਤਲ ਕਰ ਦਿੱਤਾਇਹ ਸਾਡੇ ਲਈ ਬਹੁਤ ਹੀ ਦੁਖਦਾਈ ਗੱਲ ਸੀਅਸੀਂ ਇਸ ਦੁੱਖ ਨਾਲ ਬੁਰੀ ਤਰ੍ਹਾਂ ਝੰਬੇ ਗਏਇੱਥੇ ਅਤੇ ਹਿੰਦੁਸਤਾਨ ਵਿੱਚ ਸਾਡਾ ਪਰਿਵਾਰ ਇੱਕ ਜਾਣਿਆ ਪਛਾਣਿਆ ਪਰਿਵਾਰ ਸੀਅਸੀਂ ਕਦੇ ਸੁਪਨਾ ਵੀ ਨਹੀਂ ਲਿਆ ਸੀ ਕਿ ਇਸ ਤਰ੍ਹਾਂ ਦੀ ਗੱਲ ਸਾਡੇ ਨਾਲ ਵਾਪਰ ਸਕਦੀ ਸੀਪਰ ਇਹ ਵਾਪਰੀ ਅਤੇ ਇਸ ਨੇ ਸਿਆਸਤ ਦੇ ਸੰਬੰਧ ਵਿੱਚ ਹਰ ਚੀਜ਼ ਨੂੰ ਪਿੱਛੇ ਧੱਕ ਦਿੱਤਾਮੇਰੀ ਭੈਣ ਆਪਣੇ ਪਿੱਛੇ ਦੋ ਬੱਚੇ ਛੱਡ ਗਈ ਸੀਉਹਨਾਂ ਦੀ ਜ਼ਿੰਮੇਵਾਰੀ ਸਾਡੇ ’ਤੇ, ਮੇਰੇ ਅਤੇ ਮੇਰੇ ਭਰਾ ’ਤੇ, ਆ ਪਈਉਹ ਅੱਲੜ੍ਹ ਉਮਰ ਦੇ ਸਨਇਹ ਉਮਰ ਉਦਾਂ ਹੀ ਅਸ਼ਾਂਤ ਹੁੰਦੀ ਹੈ, ਅਤੇ ਜਦੋਂ ਇਸ ਤਰ੍ਹਾਂ ਦਾ ਕੁਝ ਹੋ ਜਾਵੇ ਤਾਂ ਬਹੁਤ ਔਖਾ ਹੋ ਜਾਂਦਾ ਹੈਉਨ੍ਹਾਂ ਨੇ ਆਪਣੇ ਮਾਪੇ ਗੁਆ ਲਏ ਸਨ, ਇੱਕ ਦਾ ਕਤਲ ਹੋ ਗਿਆ ਸੀ ਅਤੇ ਦੂਸਰਾ ਜੇਲ ਚਲਾ ਗਿਆ ਸੀਇਸ ਲਈ ਉਨ੍ਹਾਂ ਦਾ ਕੋਈ ਵੀ ਸਹਾਰਾ ਨਹੀਂ ਰਿਹਾ ਸੀ

ਇਸ ਲਈ ਅਗਲੇ ਪੰਜ-ਛੇ ਸਾਲ ਬਹੁਤ ਚੁਣੌਤੀਆਂ ਭਰਪੂਰ ਸਨ ਅਤੇ ਸਾਡੇ ਦੋਹਾਂ ਪਰਿਵਾਰਾਂ, ਮੇਰੇ ਅਤੇ ਮੇਰੇ ਭਰਾ ਦੇ, ਲਈ ਇਸ ਵੱਲ ਵੱਧ ਤੋਂ ਵੱਧ ਧਿਆਨ ਦੇਣ ਦੀ ਲੋੜ ਸੀ ਤਾਂ ਕਿ ਨਵੀਂਆਂ ਪੈਦਾ ਹੋਈਆਂ ਸਥਿਤੀਆਂ ਨਾਲ ਨਜਿੱਠਿਆ ਜਾ ਸਕੇਇਸ ਲਈ ਮੇਰੀ ਸਿਆਸਤ ਵਿੱਚ ਦਿਲਚਸਪੀ ਤਾਂ ਰਹੀ, ਪਰ ਇਸ ਵਿੱਚ ਸਰਗਰਮੀ ਬਿਲਕੁਲ ਖਤਮ ਹੋ ਗਈ ਸਿਵਾਏ ਸੂਬਾਈ ਜਾਂ ਫੈਡਰਲ ਇਲੈਕਸ਼ਨਾਂ ਦੌਰਾਨ ਕੰਮ ਕਰਨ ਦੇਮੈਂ ਐੱਨ ਡੀ ਪੀ ਦੇ ਉਮੀਦਵਾਰਾਂ ਦੀ ਮਦਦ ਕਰਨੀ ਜਾਰੀ ਰੱਖੀ, ਖਾਸ ਕਰਕੇ ਇਸ ਹਲਕੇ ਵਿੱਚ, ਮੇਰੇ ਹਲਕੇ ਵਿੱਚਅਤੇ ਅਸੀਂ ਉਮੀਦਵਾਰਾਂ ਨੂੰ ਜਿਤਾਉਣ ਵਿੱਚ ਕਾਮਯਾਬ ਹੁੰਦੇ ਰਹੇ

1970ਵਿਆਂ ਦੇ ਅਖੀਰ ਉੱਤੇ ਥੈਚਰਿਜ਼ਮ ਦੀ ਚੜ੍ਹਤ ਨਾਲ, ਚੜ੍ਹਤ ਨਾਲ ਨਹੀਂ ਪਰ ਸਰਕਾਰੀ ਨੀਤੀਆਂ ਉੱਤੇ ਇਸਦੇ ਅਸਰ ਕਾਰਨ, ਸਿਰਫ ਇੱਥੇ ਹੀ ਨਹੀਂ, ਅਮਰੀਕਾ ਵਿੱਚ ਰੇਗਨਿਜ਼ਮ ਅਤੇ ਇਸ ਤਰ੍ਹਾਂ ਦੀਆਂ ਗੱਲਾਂ ਨਾਲ ਮੇਰਾ ਭਰਮ ਪੂਰੀ ਤਰ੍ਹਾਂ ਦੂਰ ਹੋ ਗਿਆ ਅਤੇ ਮੇਰੀ ਖੋਜ ਪੂੰਜੀਵਾਦ ਦੇ ਅਸਲ ਸੁਭਾਅ ਅਤੇ ਸੱਜੇ ਪੱਖੀ ਪੁਨਰਗਠਨ ਵੱਲ ਮੁੜ ਗਈਸਿਆਸਤ ਵਿੱਚ, ਜਮਾਤੀ ਰਿਸ਼ਤਿਆਂ ਅਤੇ ਇਸ ਤਰ੍ਹਾਂ ਦੀਆਂ ਹੋਰ ਗੱਲਾਂ ਵਿੱਚ ਇਸਦਾ ਕੀ ਅਰਥ ਸੀ? ਮੈਂ ਇਸ ਬਾਰੇ ਲਿਖਣ ਲੱਗਾ, ਇਸ ਬਾਰੇ ਖੋਜ ਕਰਨ ਲੱਗਾਅਤੇ ਮੈਂ ਦੁਨੀਆ ਭਰ ਵਿੱਚ ਅੰਤਰਰਾਸ਼ਟਰੀ ਕਾਨਫਰੰਸਾਂ ਵਿੱਚ ਜਾ ਕੇ ਇਨ੍ਹਾਂ ਮਸਲਿਆਂ ਬਾਰੇ ਪੇਸ਼ਕਾਰੀਆਂ ਕਰਨ ਲੱਗਾ, ਅਤੇ ਇਸ ਬਾਰੇ ਲੋਕਾਂ ਦਾ ਹੁੰਗਾਰਾ ਬਹੁਤ ਵਧੀਆ ਸੀ

ਅਚਾਨਕ ਹੀ ਮੈਂਨੂੰ ਲੱਗਾ ਮੇਰੇ ਕੋਲ ਕੁਝ ਕਹਿਣ ਨੂੰ ਹੈ ਜਾਂ ਲੋਕਾਂ ਨੇ ਸੋਚਿਆ ਕਿ ਇਹਦੇ ਕੋਲ ਕੁਝ ਕਹਿਣ ਨੂੰ ਹੈਉਹ ਅਜਿਹੀ ਗੱਲਬਾਤ ਸੁਣਨੀ ਚਾਹੁੰਦੇ ਸਨ ਅਤੇ ਸਮਝਦੇ ਸਨ ਕਿ ਮੇਰੇ ਕੋਲ ਕਹਿਣ ਲਈ ਕੁਝ ਤਾਜ਼ਾ ਜਾਂ ਨਵਾਂ ਜਾਂ ਸੂਝ ਵਾਲਾ ਹੈਇਸ ਨੇ ਮੈਂਨੂੰ ਉਤਸ਼ਾਹਿਤ ਕੀਤਾ ਅਤੇ ਜੋ ਕੁਝ ਮੈਂ ਕਹਿ ਰਿਹਾ ਸੀ, ਉਸ ਨਾਲ ਮੇਰੇ ਮਨ ਵਿੱਚ ਕੋਈ ਸ਼ੱਕ ਨਾ ਰਿਹਾ ਕਿ ਤੁਸੀਂ ਸਿਰਫ ਖੋਜ ਹੀ ਨਹੀਂ ਕਰਦੇ ਰਹਿ ਸਕਦੇ, ਤੁਹਾਨੂੰ ਸਿਆਸੀ ਤੌਰ ਉੱਤੇ ਸਰਗਰਮ ਹੋਣ ਦੀ ਲੋੜ ਹੈ

ਸੋ ਇਸ ਤਰ੍ਹਾਂ ਮੈਂ ਉਸ ਪਾਸੇ ਵੱਲ ਨੂੰ ਆ ਰਿਹਾ ਸੀਸੰਨ 1996 ਵਿੱਚ ਮੈਂ ਯੂਨੀਵਰਸਿਟੀ ਤੋਂ ਅਗੇਤੀ ਰਿਟਾਇਰਮੈਂਟ ਲੈਣ ਦਾ ਫੈਸਲਾ ਕੀਤਾ ਇਸਦਾ ਇੱਕ ਕਾਰਨ ਇਹ ਸੀ ਕਿ ਮੈਂ ਯੂਨੀਵਰਸਿਟੀ ਦੇ ਪ੍ਰਬੰਧਕਾਂ ਵੱਲੋਂ ਨਵ-ਰੂੜੀਵਾਦੀਆਂ (ਨਿਓ ਕੰਜ਼ਰਵੇਟਿਵਜ਼) ਨੂੰ ਖੁਸ਼ ਕਰਨ ਲਈ ਕੀਤੀਆਂ ਜਾ ਰਹੀਆਂ ਤਬਦੀਲੀਆਂ ਵਿਰੁੱਧ ਕੁਝ ਲੜਾਈਆਂ ਲੜੀਆਂ ਸਨ, ਪਰ ਉਨ੍ਹਾਂ ਵਿੱਚ ਮੇਰੀ ਹਾਰ ਹੋਈ ਸੀ ਮੈਂਨੂੰ ਪਤਾ ਸੀ ਕਿ ਉਨ੍ਹਾਂ ਵਿੱਚ ਮੇਰੀ ਹਾਰ ਹੋਵੇਗੀ ਅਤੇ ਮੈਂ ਇਹ ਹੀ ਗੱਲ ਆਪਣੇ ਅਸਟ੍ਰੇਲੀਆ ਦੇ ਦੋਸਤਾਂ ਤੋਂ ਸੁਣੀ ਸੀ, ਆਪਣੇ ਇੰਗਲੈਂਡ ਵਾਲੇ ਦੋਸਤਾਂ ਤੋਂ ਸੁਣੀ ਸੀ, ਆਪਣੇ ਅਮਰੀਕਾ ਦੇ ਦੋਸਤਾਂ ਤੋਂ ਅਤੇ ਬ੍ਰਾਜ਼ੀਲ ਅਤੇ ਅਰਜਨਟੀਨਾ ਦੇ ਦੋਸਤਾਂ ਤੋਂ ਸੁਣੀ ਸੀਇਹ ਹਰ ਥਾਂ ਹੋ ਰਿਹਾ ਸੀ ਅਤੇ ਇਨ੍ਹਾਂ ਥਾਂਵਾਂ ਉੱਤੇ ਮੇਰੇ ਬਹੁਤ ਸਾਰੇ ਕੁਲੀਗ ਇਸ ਤਰ੍ਹਾਂ ਦੇ ਕਈ ਮਸਲਿਆਂ ਉੱਤੇ ਕੰਮ ਕਰ ਰਹੇ ਸਨ

ਮੇਰਾ ਖਿਆਲ ਹੈ ਕਿ ਇਸ ਤਰ੍ਹਾਂ ਮੈਂ ਪੂਰੀ ਤਰ੍ਹਾਂ ਤਿਆਰ ਸੀਇਸ ਲਈ ਯੂਨੀਵਰਸਿਟੀ ਤੋਂ ਨਿਰਾਸ਼ ਹੋ ਕੇ ਮੈਂ ਅਗੇਤੀ ਰਿਟਾਇਰਮੈਂਟ ਲੈ ਲਈਮੇਰਾ ਰਿਟਾਇਰਮੈਂਟ ਦਾ ਅਸਲੀ ਸਮਾਂ ਜੂਨ 1999 ਵਿੱਚ ਹੋਣਾ ਸੀ, ਪਰ ਮੈਂ ਅਗੇਤੀ ਰਿਟਾਇਰਮੈਂਟ ਲੈ ਲਈ ਅਤੇ ਮੈਂਨੂੰ ਪਤਾ ਨਹੀਂ ਸੀ ਕਿ ਮੈਂ ਕੀ ਕਰਾਂਗਾਮੈਂ ਸੋਚਿਆ ਸੀ ਕਿ ਮੈਂ ਕੁਝ ਖੋਜ ਕਰਾਂਗਾ ਜਾਂ ਲਿਖਾਂਗਾਮੈਂ ਪੱਛਮੀ ਬੰਗਾਲ ਵਿੱਚ ਸੀ ਪੀ ਐੱਮ ਵੱਲੋਂ ਪੰਚਾਇਤੀ ਪ੍ਰਬੰਧ ਅਤੇ ਵਿੱਦਿਆ ਵਿੱਚ ਕੀਤੀਆਂ ਢਾਂਚਾਗਤ ਤਬਦੀਲੀਆਂ ਬਾਰੇ ਖੋਜ ਕਰਨ ਦਾ ਪ੍ਰੋਜੈਕਟ ਬਣਾਇਆ ਸੀਅਸਲ ਵਿੱਚ ਮੈਂ ਯੂਨੀਵਰਸਿਟੀ ਦੀ ਇੱਕ ਗਰਾਂਟ ਨਾਲ ਕਲਕੱਤੇ ਵਿੱਚ ਪੰਜ ਮਹੀਨੇ ਬਿਤਾਏ ਸਨਮੈਂ ਇਹ ਪ੍ਰੋਜੈਕਟ ਸ਼ੁਰੂ ਕਰ ਲਿਆ ਸੀ ਅਤੇ ਇਸ ਲਈ ਮੈਂ ਇਸ ਨੂੰ ਮੁਕਾਉਣਾ ਚਾਹੁੰਦਾ ਸੀਇਸ ਲਈ ਮੈਂ ਸੋਚਿਆ ਕਿ ਮੈਂ ਰਿਟਾਇਰ ਹੋ ਕੇ ਉਸ ਉੱਤੇ ਕੰਮ ਕਰ ਸਕਾਂਗਾ

ਪਰ ਜਿਉਂ ਹੀ ਮੈਂ ਰਿਟਾਇਰ ਹੋਇਆ, ਮੇਰੇ ਐੱਨ ਡੀ ਪੀ ਦੇ ਦੋਸਤਾਂ ਨੂੰ ਪਤਾ ਲੱਗ ਗਿਆ ਕਿ ਮੈਂ ਹੁਣ ਇਲੈਕਸ਼ਨ ਲੜਨ ਲਈ ਵਿਹਲਾ ਹਾਂ, ਇਸ ਲਈ ਉਹ ਇਲੈਕਸ਼ਨ ਲੜਨ ਲਈ ਮੇਰੀ ਬਾਂਹ ਮਰੋੜਨ ਲੱਗੇਮੇਰਾ ਖਿਆਲ ਹੈ ਕਿ ਇਹ ਜੁਲਾਈ ਦੀ ਗੱਲ ਹੋਵੇਗੀ, ਜਦੋਂ ਮੈਂ ਇੱਕ ਕਾਨਫਰੰਸ ਉੱਤੇ ਅਸਟ੍ਰੇਲੀਆ ਗਿਆ ਹੋਇਆ ਸੀਅਸੀਂ, ਮੈਂ ਅਤੇ ਸੁਰਿੰਦਰ, ਥੋੜ੍ਹਾ ਜਿਹਾ ਅਸਟ੍ਰੇਲੀਆ ਵਿੱਚ ਘੁੰਮੇ ਫਿਰੇ ਅਤੇ ਫਿਰ ਜੁਲਾਈ ਦੇ ਅਖੀਰ ਉੱਤੇ ਇੱਥੇ ਵਾਪਸ ਆ ਗਏਇਹ ਅਗਸਤ ਦੀ ਗੱਲ ਹੈ, ਜਦੋਂ ਅਸੀਂ ਅਚਾਨਕ ਹੀ ਮੇਰੇ ਕੁਝ ਦੋਸਤਾਂ ਨੂੰ ਮਿਲੇਇੱਥੇ ਇੱਕ ਫਰਿੰਜ ਫੈਸਟੀਵਲ ਹੁੰਦਾ ਹੈ ਅਤੇ ਅਸੀਂ ਉਸ ਵਿੱਚ ਇੱਕ ਨਾਟਕ ਦੇਖਣ ਜਾਣ ਲਈ ਲਾਇਨ ਵਿੱਚ ਖੜ੍ਹੇ ਸੀ, ਅਤੇ ਸਾਡੇ ਪਿੱਛੇ ਮੇਰੇ ਚਾਰ ਪੰਜ ਪੁਰਾਣੇ ਦੋਸਤ ਖੜ੍ਹੇ ਸਨਉਨ੍ਹਾਂ ਵਿੱਚੋਂ ਇੱਕ ਮੇਰੇ ਕੋਲ ਆਈ ਅਤੇ ਬੋਲੀ, “ਮੈਨੂੰ ਪਤਾ ਲੱਗਾ ਹੈ ਕਿ ਤੂੰ ਰਿਟਾਇਰ ਹੋ ਗਿਆ ਹੈਂਤੂੰ ਇਸ ਹਲਕੇ ਤੋਂ ਸੂਬਾਈ ਪੱਧਰ ਉੱਤੇ ਇੱਕ ਬਹੁਤ ਵਧੀਆ ਉਮੀਦਵਾਰ ਹੋਵੇਂਗਾ ਅਤੇ ਮੈਂ ਚਾਹੁੰਦੀ ਹਾਂ ਕਿ ਤੂੰ ਇਲੈਕਸ਼ਨ ਲੜੇਂਅਸੀਂ ਤੇਰੀ ਮਦਦ ਕਰਾਂਗੇ।” ਉਹ ਇਸ ਸ਼ਹਿਰ ਦੀ ਇੱਕ ਵਕੀਲ ਸੀ ਅਤੇ ਕਈ ਸਾਲ ਅਲਬਰਟਾ ਦੀ ਐੱਨ ਡੀ ਪੀ ਦੀ ਪ੍ਰੈਜ਼ੀਡੈਂਟ ਰਹਿ ਚੁੱਕੀ ਸੀ

ਮੈਂ ਜੀਨ ਨੂੰ ਕਿਹਾ, “ਅਸੀਂ ਦੇਖਾਂਗੇਮੇਰੀ ਇਸ ਵਿੱਚ ਕੋਈ ਦਿਲਚਸਪੀ ਨਹੀਂਮੈਂ ਹੁਣੇ ਹੀ ਰਿਟਾਇਰ ਹੋਇਆਂ ਹਾਂਮੈਂ ਅਤੇ ਮੇਰੀ ਪਤਨੀ ਕੁਝ ਸੈਰ ਸਪਾਟਾ ਕਰਨਾ ਚਾਹੁੰਦੇ ਹਾਂਮੇਰਾ ਕੁਝ ਅਕਾਦਮਿਕ ਕੰਮ ਰਹਿੰਦਾ ਹੈ, ਇੱਕ ਸਕਾਲਰ ਵਜੋਂ ਕਰਨ ਵਾਲਾ ਕੰਮ ਰਹਿੰਦਾ ਹੈਮੈਂ ਉਹ ਕੰਮ ਖਤਮ ਕਰਨਾ ਚਾਹੁੰਦਾ ਹਾਂਇਸ ਨੂੰ ਘੱਟੋ ਘੱਟ ਦੋ ਸਾਲ ਲੱਗਣਗੇਇਸ ਲਈ ਮੈਂ ਇਲੈਕਸ਼ਨ ਲੜਨ ਲਈ ਤਿਆਰ ਨਹੀਂਮੈਂ ਇਹ ਇਲੈਕਸ਼ਨ ਨਹੀਂ ਲੜ ਸਕਦਾ, ਜਿਹੜੀ ਕਿ ਕਦੇ ਵੀ ਹੋ ਸਕਦੀ ਹੈ।” ਉਹ ਕਹਿੰਦੀ, “ਤੂੰ ਇਸ ਬਾਰੇ ਥੋੜ੍ਹਾ ਸੋਚ ਲੈ।” ਫਿਰ ਮਹੀਨੇ ਕੁ ਬਾਅਦ, ਐੱਨ ਡੀ ਪੀ ਦੇ ਉਸ ਸਮੇਂ ਦੇ ਐੱਮ ਐੱਲ ਏ, ਜਿਹੜਾ ਕਿ ਇੱਕ ਵਕੀਲ ਵੀ ਸੀ, ਨੇ ਮੈਂਨੂੰ ਫੋਨ ਕੀਤਾ ਅਤੇ ਪੁੱਛਿਆ, “ਜੀਨ ਨੇ ਤੇਰੇ ਨਾਲ ਗੱਲ ਕੀਤੀ ਸੀਕੀ ਤੂੰ ਉਸ ਬਾਰੇ ਸੋਚਿਆਅਸੀਂ ਅਜੇ ਵੀ ਸੋਚਦੇ ਹਾਂ ਕਿ ਤੈਨੂੰ ਇਲੈਕਸ਼ਨ ਲੜਨੀ ਚਾਹੀਦੀ ਹੈ।” ਮੈਂ ਘਰ ਗੱਲ ਕੀਤੀਮੈਂ ਆਪਣੇ ਭਰਾ ਅਤੇ ਉਸ ਦੇ ਪੁੱਤ ਨਾਲ ਗੱਲ ਕੀਤੀਅਸਲ ਵਿੱਚ ਮੇਰੇ ਭਤੀਜੇ ਨੇ ਕਿਹਾ, “ਅੰਕਲ, ਤੁਹਾਨੂੰ ਜ਼ਰੂਰ ਇਲੈਕਸ਼ਨ ਲੜਨੀ ਚਾਹੀਦੀ ਹੈਤੁਹਾਡੇ ਕਰਨ ਵਾਲੀ ਇਸ ਤੋਂ ਚੰਗੀ ਗੱਲ ਹੋਰ ਕੋਈ ਨਹੀਂਤੁਹਾਨੂੰ ਜ਼ਰੂਰ ਇਲੈਕਸ਼ਨ ਲੜਨੀ ਚਾਹੀਦੀ ਹੈ।” ਅਖੀਰ ਵਿੱਚ ਉਨ੍ਹਾਂ ਨੇ ਮੈਂਨੂੰ ਰਜ਼ਾਮੰਦ ਕਰ ਲਿਆਅਤੇ ਅਕਤੂਬਰ ਵਿੱਚ ਮੈਂ ਉਨ੍ਹਾਂ ਨੂੰ ਦੱਸ ਦਿੱਤਾ, “ਹਾਂ, ਮੈਂ ਇਲੈਕਸ਼ਨ ਲੜਾਂਗਾ।”

? ਨਾਮਜ਼ਦਗੀ (ਨੌਮੀਨੇਸ਼ਨ) ਦਾ ਅਮਲ ਕਿਸ ਤਰ੍ਹਾਂ ਸੀ? ਕੀ ਕੋਈ ਹੋਰ ਵੀ ਉਮੀਦਵਾਰ ਨਾਮਜ਼ਦਗੀ ਲੈਣ ਲਈ ਖੜ੍ਹਾ ਹੋਇਆ ਸੀ?

: ਹਾਂ, ਹੋਰ ਵੀ ਲੋਕ ਨਾਮਜ਼ਦਗੀ ਲੈਣ ਲਈ ਖੜ੍ਹੇ ਹੋਏ ਸਨਦੋ ਹੋਰ ਬਹੁਤ ਵਧੀਆ ਉਮੀਦਵਾਰ ਸਨਦੋਵੇਂ ਮੇਰੇ ਤੋਂ ਕਾਫੀ ਛੋਟੇ ਹਨ ਇੱਕ ਅਲਬਰਟਾ ਫੈਡਰੇਸ਼ਨ ਆਫ ਲੇਬਰ ਵਿੱਚ ਕੰਮ ਕਰਦਾ ਹੈਉਹ ਬਹੁਤ ਹੀ ਹੋਣਹਾਰ ਨੌਜਵਾਨ ਹੈਸੋਹਣਾ, ਸੁਨੱਖਾ ਅਤੇ ਸੰਭਾਵਨਾਵਾਂ ਨਾਲ ਭਰਪੂਰਮੇਰਾ ਖਿਆਲ ਹੈ ਕਿ ਉਹ ਕਿਸੇ ਵਕਤ ਪਾਰਟੀ ਦਾ ਇੱਕ ਚੰਗਾ ਲੀਡਰ ਬਣੇਗਾਅਤੇ ਦੂਸਰੀ, ਚੀਨੀ ਮੂਲ ਦੀ ਇੱਕ ਔਰਤ ਸੀਉਹ ਇੱਥੇ ਜੰਮੀ ਪਲੀ ਹੈ ਅਤੇ ਇੱਕ ਸਮਾਜਕ ਖੋਜੀ (ਸੋਸ਼ਲ ਰਿਸਰਚਰ) ਹੈਇਸ ਤਰ੍ਹਾਂ ਅਸੀਂ ਤਿੰਨ ਜਣੇ ਸਾਂਪਰ ਮੈਂ ਆਪਣੀ ਤਿਆਰੀ ਕੀਤੀ ਹੋਈ ਸੀ ਮੈਂਨੂੰ ਇਹ ਨਹੀਂ ਪਤਾ ਸੀ ਕਿ ਲੋਕ ਅਕਾਦਮਿਕ ਲੋਕਾਂ ਉੱਤੇ ਚੰਗਾ ਭਰੋਸਾ ਕਰਦੇ ਹਨ ਮੈਂਨੂੰ ਪਤਾ ਲੱਗਾ ਕਿ ਲੋਕਾਂ ਨੂੰ ਮੇਰੇ ਉੱਤੇ ਵਿਸ਼ਵਾਸ ਸੀ ਲੋਕ ਮੇਰਾ ਨਾਂ ਜਾਣਦੇ ਸਨਮੈਂ ਕਈ ਤਰ੍ਹਾਂ ਦੀਆਂ ਚੀਜ਼ਾਂ ਵਿੱਚ ਸ਼ਾਮਲ ਰਿਹਾ ਸੀ, ਇਸ ਲਈ ਮੇਰੇ ਖਿਆਲ ਵਿੱਚ ਲੋਕ ਮੈਂਨੂੰ ਮੇਰੀ ਆਸ ਤੋਂ ਵੱਧ ਜਾਣਦੇ ਸਨਮੇਰੇ ਬਹੁਤ ਸਾਰੇ ਪੁਰਾਣੇ ਵਿਦਿਆਰਥੀ ਮੇਰੇ ਹਲਕੇ ਵਿੱਚ ਰਹਿੰਦੇ ਸਨ, ਅਤੇ ਉਨ੍ਹਾਂ ਨੂੰ ਇਸ ਗੱਲ ਦੀ ਖੁਸ਼ੀ ਸੀ ਕਿ ਮੈਂ ਇਲੈਕਸ਼ਨ ਲੜ ਰਿਹਾ ਸੀ

ਇਸ ਤਰ੍ਹਾਂ ਮੈਂ ਪਹਿਲੀ ਬੈਲਟ ਵਿੱਚ ਹੀ ਨਾਮਜ਼ਦਗੀ ਜਿੱਤ ਲਈ ਸੀ, ਜਿਸ ਤੋਂ ਸਾਰੇ ਜਣੇ ਹੈਰਾਨ ਸਨਨਾਮਜ਼ਦਗੀ ਦੀ ਚੋਣ ਸਮੇਂ ਬਹੁਤ ਸਾਰੇ ਲੋਕ ਆਏ ਸਨਮੀਟਿੰਗ ਵਿੱਚ ਲਗਭਗ 200 ਲੋਕ ਹਾਜ਼ਰ ਸਨ, ਜਿਹੜੇ ਕਿ ਐੱਨ ਡੀ ਪੀ ਦੀ ਨਾਮਜ਼ਦਗੀ ਵਾਲੀ ਮੀਟਿੰਗ ਲਈ ਇੱਕ ਅਸਾਧਾਰਣ ਗੱਲ ਸੀਸ਼ਾਇਦ ਇਹ 5 ਦਸੰਬਰ 1996 ਦਾ ਦਿਨ ਸੀ, ਜਿਸ ਦਿਨ ਮੈਂਨੂੰ ਨਾਮਜ਼ਦਗੀ ਹਾਸਲ ਹੋ ਗਈ

? ਇਲੈਕਸ਼ਨ ਕਦੋਂ ਹੋਣੀ ਸੀ? ਕੀ ਉਸ ਸਮੇਂ ਇਲੈਕਸ਼ਨ ਦਾ ਐਲਾਨ ਹੋ ਚੁੱਕਾ ਸੀ?

: ਉਸ ਸਮੇਂ ਇਲੈਕਸ਼ਨ ਦਾ ਐਲਾਨ ਨਹੀਂ ਹੋਇਆ ਸੀਉਹ ਦੋ ਮਹੀਨੇ ਬਾਅਦ ਹੋਇਆਮੇਰੇ ਖਿਆਲ ਵਿੱਚ ਇਹ ਐਲਾਨ ਜਨਵਰੀ ਵਿੱਚ ਹੋਇਆ ਸੀ ਅਤੇ ਮਾਰਚ ਗਿਆਰਾਂ ਨੂੰ ਇਲੈਕਸ਼ਨ ਹੋਣੀ ਸੀ ਜਾਂ ਸ਼ਾਇਦ ਐਲਾਨ ਫਰਵਰੀ ਵਿੱਚ ਹੋਇਆ ਸੀਇਸ ਤਰ੍ਹਾਂ ਮੈਂ 11 ਮਾਰਚ 1997 ਨੂੰ ਐੱਮ ਐੱਲ ਏ ਚੁਣਿਆ ਗਿਆ

? ਕੀ ਤੁਸੀਂ ਮੈਂਨੂੰ ਆਪਣੀ ਇਲੈਕਸ਼ਨ ਮੁਹਿੰਮ ਬਾਰੇ ਵਿਸਥਾਰ ਵਿੱਚ ਦੱਸ ਸਕਦੇ ਹੋ? ਤੁਹਾਡੇ ਸਾਹਮਣੇ ਕਿਸ ਕਿਸਮ ਦੀਆਂ ਚੁਣੌਤੀਆਂ ਸਨ? ਤੁਸੀਂ ਕੀ ਕੀਤਾ ਅਤੇ ਤੁਹਾਡੇ ਸਾਹਮਣੇ ਕਿਸ ਕਿਸਮ ਦੇ ਮਸਲੇ ਸਨ?

: ਮੇਰੇ ਖਿਆਲ ਵਿੱਚ ਇੱਥੇ ਵੀ ਉਹ ਹੀ ਮਸਲੇ ਸਨ ਜੋ ਸਸਕੈਚਵਨ ਜਾਂ ਉਨਟੇਰੀਓ ਵਿੱਚ ਸਨ, ਉਨ੍ਹਾਂ ਵਿੱਚ ਕੋਈ ਫਰਕ ਨਹੀਂ ਸੀਜਿਵੇਂ: ਸਿਹਤ ਸੰਭਾਲ, ਵਿੱਦਿਆ, ਵਧ ਰਹੀ ਗਰੀਬੀ, ਬੇਰੁਜ਼ਗਾਰੀ, ਮਜ਼ਦੂਰ ਮੰਡੀ ਵਿਚਲੀ ਅਨਿਸ਼ਚਤਤਾ, ਖਾਸ ਕਰਕੇ ਨੌਜਵਾਨਾਂ ਲਈਇਸ ਤਰ੍ਹਾਂ ਇਸ ਇਲਾਕੇ ਵਿੱਚ ਇਹ ਮੁੱਖ ਮਸਲੇ ਸਨ ਇੱਕ ਹੋਰ ਮਸਲਾ ਬਜ਼ੁਰਗਾਂ ਦਾ ਸੀਸਰਕਾਰ ਦੀ ਦਿਆਨਤਦਾਰੀਟੋਰੀਆਂ ਦੇ ਇੱਕ ਸਾਬਕਾ ਖੋਜੀ (ਰਿਸਰਚਰ) ਨੇ ਇੱਕ ਛੋਟੀ ਜਿਹੀ ਕਿਤਾਬ ਲਿਖੀ ਸੀ, ਜੋ ਟੋਰੀ ਸਰਕਾਰ ਦੇ ਕੰਮ ਕਰਨ ਦੇ ਢੰਗਾਂ ਨੂੰ ਨੰਗਾ ਕਰਦੀ ਸੀਇਸ ਲਈ ਸਰਕਾਰ ਦੀ ਦਿਆਨਤਦਾਰੀ ਉੱਤੇ ਸਵਾਲ ਖੜ੍ਹੇ ਹੋ ਗਏ ਸਨਇਹ ਸਨ ਮੁਢਲੇ ਮਸਲੇ, ਮੁੱਖ ਮਸਲੇ

ਚੋਣ ਮੁਹਿੰਮ ਦੌਰਾਨ ਸਾਨੂੰ ਸਾਡੇ ਮੈਂਬਰਾਂ ਤੋਂ ਕਾਫੀ ਭਰਵਾਂ ਹੁੰਗਾਰਾ ਮਿਲਿਆ, ਉਨ੍ਹਾਂ ਮੈਂਬਰਾਂ ਤੋਂ ਵੀ ਜਿਹੜੇ ਪਹਿਲਾਂ ਇੱਕ ਪਾਸੇ ਹੋ ਗਏ ਸਨ, ਸਰਗਰਮ ਨਹੀਂ ਰਹੇ ਸਨਸੰਨ 1993 ਵਿੱਚ ਸਾਡੀ ਜੋ ਬੁਰੀ ਹਾਲਤ ਹੋਈ ਸੀ, ਲੋਕ ਉਸ ਤੋਂ ਨਿਰਉਤਸ਼ਾਹਤ ਹੋ ਗਏ ਸਨਕਿਉਂਕਿ ਸੰਨ 1984 ਤੋਂ ਲੈ ਕੇ 1993 ਤੱਕ ਐੱਨ ਡੀ ਪੀ ਇਸ ਸੂਬੇ ਵਿੱਚ ਵਿਰੋਧੀ ਧਿਰ ਹੁੰਦੀ ਸੀ ਅਤੇ ਸੰਨ 1993 ਵਿੱਚ ਸਾਡੀਆਂ 16 ਸੀਟਾਂ ਸਨ ਅਤੇ ਅਸੀਂ 1993 ਵਿੱਚ ਸਾਰੀਆਂ ਸੀਟਾਂ ਹਾਰ ਗਏ ਸਾਂਇਸ ਤਰ੍ਹਾਂ ਇਹ ਸਾਡੀ ਪੂਰੀ ਤਬਾਹੀ ਸੀਇਸ ਤਰ੍ਹਾਂ ਐੱਨ ਡੀ ਪੀ ਦੇ ਸਮਰਥਕ ਲਿਬਰਲ ਵੱਲ ਹੋ ਗਏ ਸਨ, ਇਸ ਆਸ ਨਾਲ ਕਿ ਡਿਕੋਰ ਕਲਾਇਨ ਨੂੰ ਹਰਾ ਦੇਵੇਗਾਪਰ ਉਹ ਹਰਾ ਨਹੀਂ ਸਕਿਆ

ਇਸ ਲਈ ਉਨ੍ਹਾਂ ਵਿੱਚੋਂ ਬਹੁਤ ਸਾਰੇ ਲੋਕ ਮੇਰੇ ਹਲਕੇ ਵਿੱਚ ਕੰਮ ਕਰਨ ਆ ਗਏਮੈਂ ਬਹੁਤ ਵੱਡੀ ਗਿਣਤੀ ਵਿੱਚ ਲੋਕਾਂ ਦੇ ਘਰ ਘਰ ਜਾ ਕੇ ਮਿਲਿਆਹਰ ਰੋਜ਼ 10-12 ਘੰਟੇ ਲੋਕਾਂ ਦੇ ਘਰ ਘਰ ਜਾ ਕੇ ਮਿਲਿਆ, ਯੂਨੀਵਰਸਿਟੀ ਦੇ ਮੰਚਾਂ ਉੱਤੇ ਗਿਆ ਅਤੇ ਟਾਊਨ ਹਾਲ ਮੀਟਿੰਗਾਂ ਵਿੱਚ ਗਿਆ ਮੈਂਨੂੰ ਬਹੁਤ ਵਧੀਆ ਹੁੰਗਾਰਾ ਮਿਲਿਆ ਅਤੇ ਲੋਕਾਂ ਦੇ ਘਰ ਘਰ ਜਾਣਾ ਬਹੁਤ ਵਧੀਆ ਤਜਰਬਾ ਸੀਘਰਾਂ ਵਿੱਚੋਂ ਲੋਕਾਂ ਵੱਲੋਂ ਵਧੀਆ ਸਵਾਗਤ ਹੁੰਦਾ ਸੀ, ਇੱਥੋਂ ਤੱਕ ਕਿ ਵਿਰੋਧੀਆਂ ਵੱਲੋਂ ਵੀਲੋਕ ਮੈਂਨੂੰ ਕਹਿੰਦੇ, “ਮੈਂ ਟੋਰੀ ਹਾਂਪਰ ਜੋ ਕੁਝ ਤੂੰ ਕਹਿ ਰਿਹਾ ਹੈਂ, ਉਹ ਮੈਂਨੂੰ ਚੰਗਾ ਲੱਗ ਰਿਹਾ ਹੈਅਸੀਂ ਇਸ ਬਾਰੇ ਸੋਚਾਂਗੇ।” ਪਰ ਇਹ ਇਲੈਕਸ਼ਨ ਬੜੀ ਫਸਵੀਂ ਸੀਮੈਂ ਸਿਰਫ 58 ਵੋਟਾਂ ਦੇ ਫਰਕ ਉੱਤੇ ਜਿੱਤਿਆਪਹਿਲੀ ਗਿਣਤੀ ਵਿੱਚ ਮੇਰੇ ਅਤੇ ਮੇਰੇ ਲਿਬਰਲ ਵਿਰੋਧੀ ਵਿੱਚ 37 ਵੋਟਾਂ ਦਾ ਫਰਕ ਸੀਲਿਬਰਲਾਂ ਨੇ ਦੂਜੀ ਵਾਰ ਗਿਣਤੀ ਕਰਾਉਣ ਦੀ ਮੰਗ ਕੀਤੀਦੂਜੀ ਵਾਰ ਗਿਣਤੀ ਕਰਨ ਉੱਤੇ ਮੈਂ 58 ਵੋਟਾਂ ਨਾਲ ਅੱਗੇ ਹੋ ਗਿਆਇਸ ਤਰ੍ਹਾਂ ਇਹ ਬਹੁਤ ਹੀ ਫਸਵੀਂ ਟੱਕਰ ਸੀਤਿੰਨ ਉਮੀਦਵਾਰ ਸਨਟੋਰੀ ਤੀਜੇ ਨੰਬਰ ਉੱਤੇ ਆਏ ਸਨ, ਅਤੇ ਟੋਰੀਆਂ ਦਾ ਉਮੀਦਵਾਰ ਮੇਰੇ ਕੋਲੋਂ 110-115 ਵੋਟਾਂ ਹੀ ਪਿੱਛੇ ਸੀ ਮੈਂਨੂੰ 4500 ਵੋਟਾਂ ਪਈਆਂਲਿਬਰਲਾਂ ਨੂੰ 4400 ਤੋਂ ਉੱਪਰ ਵੋਟਾਂ ਪਈਆਂ ਅਤੇ ਟੋਰੀਆਂ ਨੂੰ 4300 ਤੋਂ ਕੱਝ ਵੱਧਇਸ ਤਰ੍ਹਾਂ ਇਹ ਬਹੁਤ ਹੀ ਬਰਾਬਰ ਦਾ ਮੁਕਾਬਲਾ ਸੀ

? ਤੁਹਾਡੀ ਇਲੈਕਸ਼ਨ ਵਿੱਚ ਇੰਡੋ-ਕੈਨੇਡੀਅਨ ਕਮਿਊਨਿਟੀ ਨੇ ਕਿਸ ਤਰ੍ਹਾਂ ਦਾ ਰੋਲ ਨਿਭਾਇਆ?

: ਖੱਬੇ ਪੱਖੀ ਲੋਕਾਂ, ਖੁਸ਼ਕਿਸਮਤੀ ਨਾਲ ਜਿਹੜੇ ਮਿੱਲ ਵੁੱਡਜ਼ ਵਿੱਚ ਕਾਫੀ ਸਾਰੇ ਹਨਅਸੀਂ ਚੰਗੇ ਦੋਸਤ ਸਾਂ, ਅਤੇ ਕਮਿਊਨਿਟੀ ਵਿੱਚ ਇੰਡੋ-ਕੈਨੇਡੀਅਨ ਕਮਿਊਨਿਟੀ ਨਾਲ ਸੰਬੰਧਤ ਕਈ ਤਰ੍ਹਾਂ ਦੇ ਮਸਲਿਆਂ ਬਾਰੇ ਰਲ ਕੇ ਕੰਮ ਕਰਦੇ ਰਹੇ ਸਾਂਉਨ੍ਹਾਂ ਨੇ ਆ ਕੇ ਕਾਫੀ ਮਦਦ ਕੀਤੀਉਨ੍ਹਾਂ ਨੇ ਸਾਡੇ ਲਈ ਬਹੁਤ ਸਾਰੇ ਪੈਸੇ ਇਕੱਠੇ ਕੀਤੇਪਰ ਇਸ ਤੋਂ ਵੀ ਜ਼ਿਆਦਾ ਘਰ ਘਰ ਜਾ ਕੇ ਲੋਕਾਂ ਨਾਲ ਮਿਲਣ ਵਿੱਚ ਬਹੁਤ ਜ਼ਿਆਦਾ ਯੋਗਦਾਨ ਪਾਇਆਉਹਨਾਂ ਨੇ ਹਰ ਪਾਸੇ ਜਾ ਕੇ ਲੀਫਲੈੱਟ ਵੰਡੇਉਨ੍ਹਾਂ ਨੇ ਬਹੁਤ ਹੀ ਮਹੱਤਵਪੂਰਨ ਭੂਮਿਕਾ ਨਿਭਾਈਮੇਰਾ ਮਤਲਬ ਹੈ ਕਿ ਮੇਰੇ ਹਲਕੇ ਵਿੱਚੋਂ ਕਾਫੀ ਸਾਰੇ ਵਾਲੰਟੀਅਰ ਸਨਅਤੇ ਮੇਰੇ ਹਲਕੇ ਵਿੱਚ ਬਹੁਤ ਘੱਟ ਇੰਡੋ-ਕੈਨੇਡੀਅਨ ਲੋਕ ਰਹਿੰਦੇ ਸਨਸ਼ਾਇਦ ਮੇਰੇ ਹਲਕੇ ਵਿੱਚ ਉਸ ਸਮੇਂ ਇੰਡੋ-ਕੈਨੇਡੀਅਨ ਲੋਕਾਂ ਦੀਆਂ 30 ਕੁ ਵੋਟਾਂ ਹੀ ਸਨ

? ਸੋ ਤੁਸੀਂ ਇਲੈਕਸ਼ਨ ਜਿੱਤ ਲਈਜਿੱਤਣ ਤੋਂ ਬਾਅਦ ਤੁਸੀਂ ਕਿਸ ਤਰ੍ਹਾਂ ਮਹਿਸੂਸ ਕੀਤਾ?

: ਸੁਖ ਦਾ ਸਾਹ ਲਿਆ ਅਤੇ ਖੁਸ਼ ਮਹਿਸੂਸ ਕੀਤਾਮੇਰੀ ਇਲੈਕਸ਼ਨ ਮੁਹਿੰਮ ਚਲਾਉਣ ਵਾਲੀ ਭਾਵ ਮੇਰੀ ਇਲੈਕਸ਼ਨ ਕਮੇਟੀ ਕਾਫੀ ਨਾਂਹ-ਪੱਖੀ ਸੋਚਦੀ ਸੀਉਹ ਨਹੀਂ ਸਮਝਦੇ ਸੀ ਕਿ ਮੈਂ ਇਲੈਕਸ਼ਨ ਜਿੱਤ ਸਕਾਂਗਾਮੈਂ ਵੱਖਰੀ ਤਰ੍ਹਾਂ ਸੋਚਦਾ ਸੀ ਮੈਂਨੂੰ ਲੱਗਦਾ ਸੀ ਕਿ ਮੇਰੇ ਕੋਲ ਜਿੱਤਣ ਦਾ ਮੌਕਾ ਸੀਜਦੋਂ ਮੈਂ ਲੋਕਾਂ ਨੂੰ ਘਰ ਘਰ ਜਾ ਕੇ ਮਿਲਿਆ ਤਾਂ ਮੈਂਨੂੰ ਲੱਗਾ ਕਿ ਮੈਂ ਜਿੱਤ ਸਕਦਾ ਸੀ, ਮੈਂ ਜਿੱਤ ਜਾਵਾਂਗਾਲੋਕਾਂ ਦਾ ਹੁੰਗਾਰਾ ਬਹੁਤ ਹੀ ਵਧੀਆ ਸੀਜਦੋਂ ਹੀ ਮੈਂ ਲੋਕਾਂ ਨੂੰ ਦੱਸਦਾ ਕਿ ਮੈਂ ਯੂਨੀਵਰਸਿਟੀ ਵਿੱਚ 29 ਸਾਲ ਪੜ੍ਹਾਇਆ ਸੀ, ਮੈਂ ਇੱਕ ਪ੍ਰੋਫੈਸਰ ਸੀ ਤਾਂ ਲੋਕ ਮੇਰੇ ਰੰਗ ਬਾਰੇ ਭੁੱਲ ਜਾਂਦੇਲੋਕ ਇੱਕ ਦਮ ਆਪਣਾ ਮਨ ਬਦਲ ਲੈਂਦੇਇਸ ਗੱਲ ਦਾ ਬਹੁਤ ਹੀ ਜ਼ਿਆਦਾ ਪ੍ਰਭਾਵ ਪੈਂਦਾ ਸੀਅਸੀਂ ਤਿੰਨੇ ਹੀ ਯੂਨੀਵਰਸਿਟੀ ਵਿੱਚ ਅਧਿਆਪਕ ਰਹੇ ਸੀਲਿਬਰਲ ਉਮੀਦਵਾਰ ਨੇ ਪੀ ਐੱਚ ਡੀ ਕੀਤੀ ਹੋਈ ਸੀਟੋਰੀ ਉਮੀਦਵਾਰ ਨੇ ਪੀ ਐੱਚ ਡੀ ਨਹੀਂ ਕੀਤੀ ਹੋਈ ਸੀ, ਪਰ ਉਸ ਨੇ ਐੱਮ ਏ ਕੀਤੀ ਹੋਈ ਸੀ ਅਤੇ ਯੂਨੀਵਰਸਿਟੀ ਵਿੱਚ ਲੈਕਚਰਾਰ ਸੀਅਸੀਂ ਤਿੰਨੇ ਯੂਨੀਵਰਸਿਟੀ ਨਾਲ ਸੰਬੰਧਤ ਸਾਂ, ਪਰ ਮੈਂ ਇਕੱਲਾ ਹੀ ਇੰਨੀ ਜ਼ਿਆਦਾ ਗਿਣਤੀ ਵਿੱਚ ਲੋਕਾਂ ਨੂੰ ਘਰ ਘਰ ਜਾ ਕੇ ਮਿਲਿਆ ਸੀ ਅਤੇ ਇਸ ਨਾਲ ਮੈਂਨੂੰ ਬਹੁਤ ਜ਼ਿਆਦਾ ਫਾਇਦਾ ਹੋਇਆ ਸੀ

ਇਲੈਕਸ਼ਨ ਦੇ ਨਤੀਜੇ ਰਾਤ ਨੂੰ ਕਾਫੀ ਲੇਟ ਆਏਇਹ ਨੈਸ਼ਨਲ ਖਬਰ ਬਣ ਗਈ ਕਿਉਂਕਿ ਇਹ ਇੱਕ ਅਜਿਹਾ ਮੁਕਾਬਲਾ ਸੀ, ਜਿਸ ਵਿੱਚ ਇੱਕ ਪਲ ਇੱਕ ਧਿਰ ਜਿੱਤਦੀ ਨਜ਼ਰ ਆਉਂਦੀ ਅਤੇ ਦੂਜੇ ਪਲ ਦੂਸਰੀ ਧਿਰਇਸ ਕਰਕੇ ਬਹੁਤ ਸਾਰੀ ਉਡੀਕ ਕਰਨੀ ਪਈ, ਅਤੇ ਇਹ ਸ਼ਾਮ ਬਹੁਤ ਹੀ ਬੇਚੈਨੀ ਅਤੇ ਜੋਸ਼ ਵਾਲੀ ਸੀਜਦੋਂ ਮੈਂ ਜਿੱਤ ਗਿਆ ਤਾਂ ਇਹ ਬੇਸ਼ੱਕ ਸੁਖ ਦਾ ਸਾਹ ਆਉਣ ਵਾਲੀ ਗੱਲ ਸੀ, ਅਤੇ ਮੇਰੀ ਜਿੱਤ ਨੂੰ ਚੰਗਾ ਹੁੰਗਾਰਾ ਮਿਲਿਆਯੂਨੀਵਰਸਿਟੀ ਦੇ ਕੈਂਪਸ ਤੋਂ ਕਾਫੀ ਸਮਰਥਨ ਮਿਲਿਆਲੋਕ ਹੁਣ ਤੱਕ ਮੈਂਨੂੰ ਕਹਿੰਦੇ ਹਨ, ”ਅਸੀਂ ਤੁਹਾਡੀ ਜਿੱਤ ਤੋਂ ਖੁਸ਼ ਹਾਂ।” ਮੈਂ ਜਦੋਂ ਯੂਨੀਵਰਸਿਟੀ ਤੋਂ ਕਿਸੇ ਨੂੰ ਮਿਲਦਾ ਹਾਂ ਤਾਂ, ਉਹ ਇਹ ਹੀ ਕਹਿੰਦਾ ਹੈ

? ਕੀ ਤੁਹਾਡੇ ਮਨ ਵਿੱਚ ਆਪਣੇ ਜਿੱਤਣ ਬਾਰੇ ਕਦੇ ਕੋਈ ਸ਼ੱਕ ਸੀ - ਕਿਉਂਕਿ ਜਦੋਂ ਵੀ ਤੁਸੀਂ ਚੋਣ-ਮੁਹਿੰਮ ਵਿੱਚ ਹਿੱਸਾ ਲੈਂਦੇ ਹੋ, ਤਾਂ ਤੁਹਾਡੇ ਮਨ ਵਿੱਚ ਹਮੇਸ਼ਾ ਹੀ ਕਈ ਸ਼ੱਕ ਹੁੰਦੇ ਹਨ, ਪਰ ਤੁਹਾਡੇ ਮਨ ਵਿੱਚ ਇਸ ਕਰਕੇ ਕੋਈ ਸ਼ੱਕ ਸੀ ਕਿ ਤੁਸੀਂ ਘੱਟਗਿਣਤੀ ਭਾਈਚਾਰੇ ਨਾਲ ਸੰਬੰਧਤ ਹੋ ਅਤੇ ਇਸ ਕਰਕੇ ਤੁਸੀਂ ਨਹੀਂ ਜਿੱਤੋਗੇ?

: ਹਾਂ, ਹਾਂਅਸੀਂ ਇਸ ਬਾਰੇ ਗੱਲ ਕੀਤੀ ਸੀਇਹ ਸ਼ੱਕ ਦਾ ਸਵਾਲ ਨਹੀਂ ਸੀਇਹ ਇੱਕ ਸੱਚਾ ਫਿਕਰ ਸੀ ਕਿਉਂਕਿ ਦਿੱਖ ਅਤੇ ਪਛਾਣ ਸੱਚਮੁੱਚ ਅਸਰ ਪਾਉਂਦੀਆਂ ਹਨਜਿਹੜੀ ਗੱਲ ਦਾ ਮੈਂਨੂੰ ਪਤਾ ਲੱਗਾ, ਉਹ ਇਹ ਸੀ ਕਿ ਮੇਰੀ ਪਛਾਣ ਕਰਕੇ ਜਿਹੜੀਆਂ ਨਾਂਹ-ਪੱਖੀ ਮੁਸ਼ਕਿਲਾਂ ਸਨ, ਮੈਂ ਆਪਣੀ ਅਕਾਦਮਿਕ ਯੋਗਤਾ ਦੇ ਸਹਾਰੇ ਉਨ੍ਹਾਂ ਤੋਂ ਪਾਰ ਜਾ ਸਕਦਾ ਸੀਮੇਰੀ ਅਕਾਦਮਿਕ ਯੋਗਤਾ ਨੇ, ਉਨ੍ਹਾਂ ਨੂੰ ਬਰਾਬਰ ਕਰ ਦਿੱਤਾ ਸੀ

(ਰਾਜ ਪੰਨੂੰ ਦੀ ਪਤਨੀ ਸੁਰਿੰਦਰ ਕਹਿੰਦੀ ਹੈ)

ਜਦੋਂ ਉਹ ਇਹ ਫੈਸਲਾ ਕਰ ਰਹੇ ਸੀ ਕਿ ਇਲੈਕਸ਼ਨ ਦੌਰਾਨ ਇਨ੍ਹਾਂ ਦਾ ਨਾਂ ਕਿਵੇਂ ਲਿਖਣਾ ਹੈ, ਇੱਥੋਂ ਤੱਕ ਕਿ ਨਾਮਜ਼ਦਗੀ ਦੀ ਚੋਣ ਦੌਰਾਨ ਵੀ, ਤਾਂ ਇਹ ਫੈਸਲਾ ਕੀਤਾ ਗਿਆ ਕਿ ਇਨ੍ਹਾਂ ਦੇ ਨਾਂ ਤੋਂ ਪਹਿਲਾਂ ਡਾ. ਲਿਖਣਾ ਚਾਹੀਦਾ ਹੈ, ਅਤੇ ਮੈਂ ਇਸਦੇ ਵਿਰੁੱਧ ਸਾਂ

(ਰਾਜ ਪੰਨੂ ਆਪਣੀ ਗੱਲ ਜਾਰੀ ਰੱਖਦੇ ਹਨ।)

ਤੁਹਾਨੂੰ ਪਤਾ ਹੀ ਹੈ, ਜਦੋਂ ਤੁਸੀਂ ਇੱਕ ਅਕਾਦਮਿਕ ਹੋ, ਤਾਂ ਬਾਕੀ ਸਾਰੇ ਵੀ ਅਕਾਦਮਿਕ ਹਨਪੀ ਐੱਚ ਡੀਆਂ ਵਾਲੇ 2500 ਹੋਰ ਲੋਕ ਹਨ, ਜਿਨ੍ਹਾਂ ਨਾਲ ਮੈਂ ਕੰਮ ਕੀਤਾ ਹੈਮੇਰੇ ਕੋਲ 30 ਵਿਦਿਆਰਥੀ ਪੀ ਐੱਚ ਡੀਆਂ ਕਰਕੇ ਗਏ ਹਨ ਅਤੇ ਉਹ ਦੁਨੀਆ ਦੇ ਵੱਖ ਵੱਖ ਹਿੱਸਿਆਂ ਵਿੱਚ ਪੜ੍ਹਾ ਰਹੇ ਹਨਇਸ ਲਈ ਤੁਸੀਂ ਆਪਣੀ ਪੀ ਐੱਚ ਡੀ ਦਾ ਵਿਖਾਲਾ ਨਹੀਂ ਕਰਦੇ ਫਿਰਦੇਹਰ ਕਿਸੇ ਕੋਲ ਪੀ ਐੱਚ ਡੀ ਹੈ, ਫਿਰ ਕੀ ਹੋਇਆ?

(ਸੁਰਿੰਦਰ)

ਪਰ ਉਸ ਨੇ (ਇੱਥੇ ਇਹ ਨਹੀਂ ਪਤਾ ਉਸ ਤੋਂ ਸੁਰਿੰਦਰ ਦਾ ਕੀ ਭਾਵ ਹੈਸ਼ਾਇਦ ਉਹ ਕੈਂਪੇਨ ਮੈਨੇਜਰ ਬਾਰੇ ਗੱਲ ਕਹਿ ਰਹੀ ਹੈ - ਮੁਲਾਕਾਤੀ) ਸਿੱਧਾ ਹੀ ਕਿਹਾ “ਨਹੀਂ, ਇਨ੍ਹਾਂ ਦੀ ਸੱਭਿਆਚਾਰਕ ਪਛਾਣ ਕਰਕੇ ਇੱਥੇ ਡਾਕਟਰ ਲਿਖਣਾ ਬਹੁਤ ਜ਼ਰੂਰੀ ਹੈ

(ਰਾਜ ਪੰਨੂ)

ਉਸ ਨੇ (ਇੱਥੇ ਇਹ ਨਹੀਂ ਪਤਾ ਉਸ ਤੋਂ ਰਾਜ ਪੰਨੂ ਦਾ ਕੀ ਭਾਵ ਹੈਸ਼ਾਇਦ ਉਹ ਕੈਂਪੇਨ ਮੈਨੇਜਰ ਬਾਰੇ ਗੱਲ ਕਰ ਰਿਹਾ ਹੈ - ਮੁਲਾਕਾਤੀ) ਕਿਹਾ, “ਇਹ ਮੁਕਾਬਲਤਨ ਚੰਗਾ ਪੜ੍ਹਿਆ ਲਿਖਿਆ ਸਮਾਜ ਹੈ।”

(ਸੁਰਿੰਦਰ)

ਜਦੋਂ ਲੋਕਾਂ ਨੂੰ ਪਤਾ ਲੱਗਾ ਕਿ ਇਹ ਇੱਕ ਡਾਕਟਰ ਹਨ, ਤਾਂ ਉਹ ਇਸਦੇ ਸੱਭਿਆਚਾਰਕ ਪਿਛੋਕੜ ਵੱਲ ਧਿਆਨ ਨਹੀਂ ਦੇਣਗੇਇਸ ਲਈ ਇਸ ਨੂੰ ਕਿਉਂ ਨਾ ਵਰਤੀਏ? ਹੋਰ ਲੋਕ ਵੀ ਇਸ ਤਰ੍ਹਾਂ ਸੋਚਦੇ ਸਨ

(ਰਾਜ ਪੰਨੂ)

ਇਸ ਤਰ੍ਹਾਂ ਨਸਲੀ ਵਖਰੇਵੇਂ ਦਾ ਮਾਮਲਾ ਸੀਇਸ ਲਈ ਅਸੀਂ ਮੇਰੀਆਂ ਪੇਸ਼ਾਵਰ ਪ੍ਰਾਪਤੀਆਂ ਅਤੇ ਅਕਾਦਮਿਕ ਯੋਗਤਾਵਾਂ ਨੂੰ ਵਰਤਣ ਦਾ ਫੈਸਲਾ ਕੀਤਾਇਸ ਨਾਲ ਸੱਚਮੁੱਚ ਹੀ ਕਾਫੀ ਮਦਦ ਮਿਲੀ ਅਤੇ ਅਜੇ ਵੀ ਇਸ ਤੋਂ ਫਾਇਦਾ ਹੁੰਦਾ ਹੈਜੇ ਤੁਸੀਂ ਇੱਕ ਲੰਮੇ ਸਮੇਂ ਲਈ ਅਕਾਦਮਿਕ ਖੇਤਰ ਵਿੱਚ ਕਾਮਯਾਬ ਰਹੇ ਹੋਵੋ ਤਾਂ ਇਸਦੀ ਇੱਕ ਖਾਸ ਤਰ੍ਹਾਂ ਦੀ ਕੀਮਤ ਹੁੰਦੀ ਹੈਲੋਕ ਤੁਹਾਡੇ ਵੱਲ ਦੇਖਣਾ ਸ਼ੁਰੂ ਕਰ ਦਿੰਦੇ ਹਨ, ਇਸ ਲਈ ਇਸਦੇ ਕੁਝ ਫਾਇਦੇ ਹਨਇਸ ਤਰ੍ਹਾਂ ਮੇਰੀ ਪਛਾਣ ਇੱਕ ਮੁੱਦਾ ਸੀਅਸੀਂ ਸੋਚਿਆ ਸੀ ਕਿ ਸ਼ਾਇਦ ਇਹ ਨਾਂਹ-ਪੱਖੀ ਢੰਗ ਨਾਲ ਅਸਰ ਕਰੇ, ਪਰ ਇਸ ਤਰ੍ਹਾਂ ਨਹੀਂ ਹੋਇਆ

? ਇੰਡੋ-ਕੈਨੇਡੀਅਨ ਕਮਿਊਨਿਟੀ ਦਾ ਤੁਹਾਡੀ ਜਿੱਤ ਬਾਰੇ ਕੀ ਪ੍ਰਤੀਕਰਮ ਸੀ?

: ਬਹੁਤ ਵਧੀਆਇੰਡੋ-ਕੈਨੇਡੀਅਨ ਕਮਿਊਨਿਟੀ ਦੇ ਲੋਕ ਟੋਰੀਆਂ ਦੇ ਹਿਮਾਇਤੀ ਹਨ, ਲਿਬਰਲਾਂ ਦੇ ਹਿਮਾਇਤੀ ਹਨ, ਖਾਲਿਸਤਾਨੀਆਂ ਦੇ ਸਮਰਥਕ ਹਨਇਹ ਸਭ ਕੁਝ ਹੈਸਾਰੇ ਜਣੇ ਬਹੁਤ ਖੁਸ਼ ਸਨ ਕਿ ਮੈਂ ਜਿੱਤ ਗਿਆ ਸੀਖਾਲਿਸਤਾਨੀ ਮੈਂਨੂੰ ਪਸੰਦ ਨਹੀਂ ਸੀ ਕਰਦੇ ਕਿਉਂਕਿ ਮੈਂ 1980ਵਿਆਂ ਵਿੱਚ ਉਸ ਸਭ ਕਾਸੇ ਦਾ ਡਟ ਕੇ ਵਿਰੋਧ ਕੀਤਾ ਸੀ, ਜੋ ਉਹ ਇੱਥੇ ਕਰਦੇ ਸਨ, ਅਤੇ ਇਸ ਲਈ ਉਨ੍ਹਾਂ ਨੇ ਮੈਂਨੂੰ ਬਦਨਾਮ ਕਰਨ ਲਈ ਹਰ ਚੀਜ਼ ਕੀਤੀ ਸੀਪਰ ਜਦੋਂ ਮੈਂ ਜਿੱਤ ਗਿਆ ਤਾਂ ਉਹ ਵਿਸਾਖੀ ਦੇ ਆਪਣੇ ਸੱਭਿਆਚਾਰਕ ਪ੍ਰੋਗਰਾਮਾਂ ਵਿੱਚ ਮੈਂਨੂੰ ਸੱਦਣ ਲੱਗੇ, ਜਿੱਥੇ ਹਜ਼ਾਰਾਂ ਲੋਕ ਹੁੰਦੇ ਸਨਉਹ ਚਾਹੁੰਦੇ ਸੀ ਕਿ ਮੈਂ ਉੱਥੇ ਆਵਾਂ, ਕੁਝ ਸ਼ਬਦ ਕਹਾਂਉਹ ਮੇਰੀ ਸਤਿਕਾਰ ਨਾਲ ਜਾਣ-ਪਛਾਣ ਕਰਾਉਂਦੇ, “ਡਾ. ਪੰਨੂ, ਐੱਮ ਐੱਲ ਏ” ਆਦਿ

ਇੰਡੋ-ਕੈਨੇਡੀਅਨ ਬਿਜ਼ਨਿਸ ਚੈਂਬਰ ਆਫ ਕਾਮਰਸ ਦੇ ਲੋਕਾਂ ਨੇ ਮੈਂਨੂੰ ਸੱਦਿਆ ਅਤੇ ਮੇਰੇ ਮਾਣ ਵਿੱਚ ਵਿੱਚ ਡਿਨਰ ਕੀਤਾ ਅਤੇ ਪਲੇਕ ਦਿੱਤੀ, ਸ਼ਲਾਘਾ ਦਾ ਸਰਟੀਫਿਕੇਟ ਦਿੱਤਾ

? ਕੀ ਇਹ ਹਾਂ-ਪੱਖੀ ਪ੍ਰਤੀਕਰਮ ਸਥਾਨਕ ਪੱਧਰ ਉੱਤੇ ਹੀ ਸੀ ਜਾਂ ਤੁਹਾਡੇ ਬਾਰੇ ਕੈਨੇਡਾ ਭਰ ਵਿੱਚ ਅਜਿਹਾ ਪ੍ਰਤੀਕਰਮ ਹੋਇਆ

: ਮੇਰੇ ਖਿਆਲ ਵਿੱਚ ਕੈਨੇਡਾ ਭਰ ਤੋਂਟਰਾਂਟੋ ਵਿੱਚ ਲੋਕ ਖੁਸ਼ ਸਨ, ਖਾਸ ਕਰਕੇ ਸਾਡੇ ਖੱਬੇ ਪੱਖੀ ਦੋਸਤਕੈਲਗਰੀ ਵਿੱਚ ਵੀ ਲੋਕ ਖੁਸ਼ ਸਨਕੰਵਲ ਅਤੇ ਦੂਸਰੇ ਲੋਕ ਇਸ ਬਾਰੇ ਬਹੁਤ ਖੁਸ਼ ਸਨ ਮੈਂਨੂੰ ਪਤਾ ਨਹੀਂ ਵੈਨਕੂਵਰ ਵਿੱਚ ਕਿਸ ਤਰ੍ਹਾਂ ਦਾ ਪ੍ਰਤੀਕਰਮ ਹੋਇਆਹਾਂ ਸੱਚ, ਵੈਨਕੂਵਰ ਖਾਲਸਾ ਦੀਵਾਨ ਸੁਸਾਇਟੀ ਨੇ ਜਦੋਂ ਕਮਿਊਨਿਟੀ ਦੀ ਕੈਨੇਡਾ ਵਿੱਚ ਆਉਣ ਦੀ ਸੌਵੀਂ ਵਰ੍ਹੇਗੰਢ ਮਨਾਈ ਤਾਂ ਉਨ੍ਹਾਂ ਨੇ ਮੈਂਨੂੰ ਸੱਦਾ ਭੇਜਿਆਮੈਂ ਕੁਝ ਦੋਸਤਾਂ ਨਾਲ ਸਲਾਹ ਕਰਕੇ ਉਹ ਸਵੀਕਾਰ ਕਰ ਲਿਆਇਸ ਤਰ੍ਹਾਂ ਅਚਾਨਕ ਹੀ ਤੁਸੀਂ ਇੱਕ ਉੱਘੀ ਸ਼ਖਸੀਅਤ ਬਣ ਗਏ, ਭਾਵੇਂ ਤੁਸੀਂ ਚਾਹੁੰਦੇ ਸੀ ਜਾਂ ਨਹੀਂਟਰਾਂਟੋ ਵਿੱਚ ਵੀ ਕਮਿਊਨਿਟੀ ਦੀ ਸੌਂਵੀ ਵਰ੍ਹੇਗੰਢ ਮਨਾਉਣ ਲਈ ਇੱਕ ਵੱਡਾ ਫੰਕਸ਼ਨ ਹੋਇਆ, ਜਿਸਦਾ ਪ੍ਰਬੰਧ ਕੈਨੇਡਾ ਭਰ ਦੇ ਕੁਝ ਸਿੱਖਾਂ ਨੇ ਕੀਤਾ ਸੀ, ਉਨ੍ਹਾਂ ਨੇ ਮੈਂਨੂੰ ਉੱਥੇ ਡਿਨਰ ਉੱਤੇ ਜਾਣ ਲਈ ਸੱਦਾ ਭੇਜਿਆਮਾਂਟਰੀਅਲ ਦੀ ਕਨਕੌਰਡੀਆ ਯੂਨੀਵਰਸਿਟੀ ਤੋਂ ਮੇਰਾ ਇੱਕ ਦੋਸਤ ਬਲਬੀਰ ਸਾਹਨੀ, ਇਸ ਫੰਕਸ਼ਨ ਦੇ ਪ੍ਰਬੰਧਕਾਂ ਵਿੱਚੋਂ ਇੱਕ ਸੀਹੋ ਸਕਦਾ ਹੈ ਮੇਰਾ ਨਾਂ ਉਸ ਨੇ ਦਿੱਤਾ ਹੋਵੇਪਰ ਮੈਂ ਉੱਥੇ ਜਾ ਨਹੀਂ ਸਕਦਾ ਸੀਇਸ ਲਈ ਮੈਂਨੂੰ ਉਸ ਸੱਦੇ ਲਈ ਨਾਂਹ ਕਰਨੀ ਪਈ

? ਕੈਨੇਡਾ ਭਰ ਵਿੱਚ ਇਸ ਤਰ੍ਹਾਂ ਦਾ ਸਤਿਕਾਰ ਕਿਉਂ?

: ਮੇਰੇ ਕੋਲ ਇਸਦਾ ਕੋਈ ਖਾਸ ਜਵਾਬ ਨਹੀਂ ਹੈ, ਪਰ ਮੇਰਾ ਅੰਦਾਜ਼ਾ ਹੈ ਇੱਕ ਕੁਝ ਹੱਦ ਤੱਕ ਸੱਭਿਆਚਾਰਕ ਮਾਣ ਕਰਕੇ ਵੀ, ਕੁਝ ਹੱਦ ਤੱਕ ਕੁਝ ਨਵਾਂ ਕਰਨ ਕਰਕੇ ਵੀ ਹੈਭਾਵੇਂ ਕਿ ਅਸੀਂ ਇੱਥੇ 100 ਸਾਲਾਂ ਤੋਂ ਹਾਂ, ਪਰ ਅਸਲੀਅਤ ਵਿੱਚ ਅਸੀਂ ਇੱਥੇ ਵੱਡੀ ਗਿਣਤੀ ਵਿੱਚ 1960ਵਿਆਂ ਤੋਂ ਹੀ ਹਾਂਠੀਕ ਹੈ ਨਾ? ਅਤੇ ਦੂਜੀ ਸੰਸਾਰ ਜੰਗ ਤੋਂ ਬਾਅਦ ਦੀਆਂ ਬਦਲੀਆਂ ਹਾਲਤਾਂ ਕਰਕੇ ਹੀ ਅਸੀਂ ਕੈਨੇਡੀਅਨ ਸਮਾਜ ਵਿੱਚ ਮੁੱਖ ਧਾਰਾ ਦੇ ਅਹੁਦਿਆਂ ਉੱਤੇ ਦਾਅਵਾ ਕਰਨ ਦੇ ਕਾਬਲ ਹੋਏ ਹਾਂਮੇਰਾ ਅੰਦਾਜ਼ਾ ਹੈ ਕਿ ਸਿਆਸਤ ਵਿੱਚ ਕਾਮਯਾਬ ਹੋਣਾ ਇੱਕ ਔਖਾ ਕੰਮ ਸਮਝਿਆ ਜਾਂਦਾ ਸੀਜ਼ਰੂਰ ਹੀ ਇਸ ਤਰ੍ਹਾਂ ਦੀ ਸੋਚ ਰਹੀ ਹੋਵੇਗੀਇਸ ਲਈ ਜਦੋਂ ਤੁਸੀਂ ਕਾਮਯਾਬ ਹੋ ਜਾਂਦੇ ਹੋ, ਭਾਵੇਂ ਤੁਸੀਂ ਮੱਲ੍ਹੀ ਹੋਵੋ, ਜਾਂ ਰਾਜ ਪੰਨੂੰ ਜਾ ਸਹੋਤਾ, ਜਦੋਂ ਅਜਿਹਾ ਹੁੰਦਾ ਹੈ ਤਾਂ ਮੇਰਾ ਖਿਆਲ ਹੈ ਲੋਕਾਂ ਨੂੰ ਖੁਸ਼ੀ ਹੁੰਦੀ ਹੈ, ਕੁਝ ਤਸੱਲੀ ਹੁੰਦੀ ਹੈ ਕਿ ਅਸੀਂ ਮੁੱਖ ਧਾਰਾ ਦੀਆਂ ਸਭ ਤੋਂ ਔਖੀਆਂ ਸੰਸਥਾਵਾਂ ਵਿੱਚ ਦਾਖਲ ਹੋ ਰਹੇ ਹਾਂ

ਮੇਰਾ ਖਿਆਲ ਹੈ ਕਿ ਕੁਝ ਸੱਭਿਆਚਾਰਕ ਚੇਤਨਾ ਹੈ, ਜਿਸਦਾ ਹੋਣਾ ਬਿਲਕੁਲ ਹੀ ਲਾਜ਼ਮੀ ਹੁੰਦਾ ਹੈਜਦੋਂ ਤੁਸੀਂ ਇੱਕ ਅਜਿਹੇ ਸਮਾਜ ਵਿੱਚ ਰਹਿੰਦੇ ਹੋ, ਜਿਸ ਵਿੱਚ ਤੁਸੀਂ ਇੱਕ ਨਸਲੀ ਘੱਟਗਿਣਤੀ ਹੋਵੋ, ਤੁਹਾਡਾ ਇਤਿਹਾਸਕ ਤਜਰਬਾ ਵਿਤਕਰਾ ਕੀਤੇ ਜਾਣ ਵਾਲਾ ਹੋਵੇ, ਇਸ ਲਈ ਕਮਿਊਨਿਟੀ ਅੰਦਰ, ਅੰਦਰੂਨੀ ਵਿਰੋਧਤਾਈਆਂ ਅਤੇ ਵੱਖਰੇਵਿਆਂ ਦੇ ਬਾਵਜੂਦ, ਸਮੁੱਚੇ ਤੌਰ ਉੱਤੇ ਵੱਖਰੇ ਹੋਣ ਦੀ ਸੋਝੀ ਹੁੰਦੀ ਹੈਮੇਰਾ ਖਿਆਲ ਹੈ ਕਿ ਇਸ ਸੱਭਿਆਚਾਰਕ ਸੋਝੀ ਕਾਰਨ ਲੋਕ, ਜਦੋਂ ਉਨ੍ਹਾਂ ਦਾ ਕੋਈ ਆਪਣਾ ਜਿੱਤਦਾ ਹੈ, ਤਾਂ ਇਸ ਗੱਲ ਦਾ ਜਸ਼ਨ ਮਨਾਉਂਦੇ ਹਨ, ਭਾਵੇਂ ਕਿ ਥੋੜ੍ਹੇ ਸਮੇਂ ਲਈ ਹੀ

? ਹੁਣ ਤੁਸੀਂ ਇੱਕ ਐੱਮ ਐੱਲ ਏ ਦਾ ਕੰਮ ਕਰ ਰਹੇ ਹੋਆਪਣੇ ਕੰਮ ਬਾਰੇ ਦੱਸੋ ਕਿ ਤੁਸੀਂ ਕੀ ਕਰਦੇ ਹੋ?

: ਇਸ ਕੰਮ ਦੇ ਕਈ ਪੱਖ ਹਨਸਭ ਤੋਂ ਪਹਿਲਾਂ ਤਾਂ ਮੇਰੇ ਕੋਲੋਂ ਆਪਣੇ ਹਲਕੇ ਦੇ ਲੋਕਾਂ ਦੀ ਨੁਮਾਇੰਦਗੀ ਕਰਨ ਦੀ ਮੰਗ ਕੀਤੀ ਜਾਂਦੀ ਹੈਇਹ ਮੇਰੀ ਪਹਿਲੀ ਜ਼ਿੰਮੇਵਾਰੀ ਹੈ, ਜਿਹੜੀ ਕਿ ਮੈਂ ਅਸਰਦਾਰ ਢੰਗ ਨਾਲ ਕਰਨ ਦੀ ਕੋਸ਼ਿਸ਼ ਕਰਦਾ ਹਾਂਹਲਕੇ ਦੇ ਲੋਕਾਂ ਦੀ ਨੁਮਾਇੰਦਗੀ ਦਾ ਮਤਲਬ ਹੈ ਕਿ ਮੈਂ ਲੈਜਿਸਲੇਚਰ ਵਿੱਚ ਉਨ੍ਹਾਂ ਦੀ ਨੁਮਾਇੰਦਗੀ ਕਰਾਂ, ਉਨ੍ਹਾਂ ਮੁੱਦਿਆਂ ਬਾਰੇ ਬੋਲਾਂ ਜਿਹੜੇ ਮੇਰੇ ਖਿਆਲ ਵਿੱਚ ਉਹਨਾਂ ਦੇ ਮੁੱਖ ਫਿਕਰ ਹੋਣਦੂਜਾ ਕੰਮ ਇਹ ਹੈ ਕਿ ਮੈਂ ਉਨ੍ਹਾਂ ਦੀ ਅਵਾਜ਼ ਦੀ ਸਾਰੇ ਅਲਬਰਟਾ ਵਿੱਚ ਨੁਮਾਇੰਦਗੀ ਕਰਾਂ ਇੱਕ ਤਰ੍ਹਾਂ ਨਾਲ ਮੈਂ ਉਨ੍ਹਾਂ ਦਾ ਬੁਲਾਰਾ ਹਾਂਮੈਂ ਉਨ੍ਹਾਂ ਦੀ ਨੁਮਾਇੰਦਗੀ ਕਰਾਂਅਤੇ ਹਲਕੇ ਵਿੱਚ ਸਰਗਰਮ ਰਹਾਂਮੇਰੇ ਕੋਲੋਂ ਸਕੂਲਾਂ, ਯੂਨੀਵਰਸਿਟੀ ਵਿੱਚ ਜਾਂ ਤਾਂ ਵਿਦਿਆਰਥੀਆਂ ਨਾਲ ਗੱਲ ਕਰਨ ਦੀ ਮੰਗ ਕੀਤੀ ਜਾਂਦੀ ਹੈ ਜਾਂ ਕਨਵੋਕੇਸ਼ਨ ਜਾਂ ਇਸ ਤਰ੍ਹਾਂ ਦੇ ਖਾਸ ਫੰਕਸ਼ਨਾਂ ਵਿੱਚ ਹਾਜ਼ਰ ਹੋਣ ਦੀ ਮੰਗ ਕੀਤੀ ਜਾਂਦੀ ਹੈ ਮੈਂਨੂੰ ਉਨ੍ਹਾਂ ਲਈ ਸੱਦੇ ਆਉਂਦੇ ਹਨਕਮਿਊਨਿਟੀ ਲੀਗ ਦੇ ਫੰਕਸ਼ਨਾਂ ਲਈ ਸੱਦੇ ਆਉਂਦੇ ਹਨਮੈਂ ਉੱਥੇ ਜਾਂਦਾ ਹਾਂਕਈ ਤਰ੍ਹਾਂ ਦੇ ਤਿਉਹਾਰ ਹੁੰਦੇ ਹਨ, ਜਿੱਥੇ ਲੋਕ ਚਾਹੁੰਦੇ ਹਨ ਕਿ ਮੈਂ ਜਾਵਾਂ, ਸੋ ਮੈਂ ਇਹ ਸਭ ਕਰਦਾ ਹਾਂ

ਇਹਦੇ ਨਾਲ ਕਾਕਸ ਦਾ 50 ਫੀਸਦੀ (ਇਸ ਸਮੇਂ ਅਲਬਰਟਾ ਦੀ ਅਸੰਬਲੀ ਵਿੱਚ ਐੱਨ ਡੀ ਪੀ ਦੇ ਸਿਰਫ ਦੋ ਮੈਂਬਰ ਸਨ - ਮੁਲਾਕਾਤੀ) ਹੁੰਦਿਆਂ ਹੋਇਆਂ ਮੈਂ ਬਹੁਤ ਹੀ ਦਿਲਚਸਪ ਸਥਿਤੀ ਵਿੱਚ ਹਾਂਨਿਊ ਡੈਮੋਕਰੈਟਸ ਅਤੇ ਅਲਬਰਟਾ ਵਿੱਚ ਹੋਰ ਖੱਬੇਪੱਖੀ ਲੋਕ ਮੇਰੇ ਵੱਲ ਆਪਣੇ ਇੱਕ ਬੁਲਾਰੇ ਵਜੋਂ ਦੇਖਦੇ ਹਨ, ਜਿਸਦਾ ਕੰਮ ਨਿਊ ਡੈਮੋਕਰੈਟਸ ਦਾ ਸੁਨੇਹਾ, ਅਲਬਰਟਾ ਦੇ ਹਰ ਹਿੱਸੇ ਵਿਚਲੇ ਖੱਬੇ ਪੱਖੀ ਲੋਕਾਂ ਦਾ ਸੁਨੇਹਾ ਅਗਾਂਹ ਲੈ ਕੇ ਜਾਣਾ ਹੈਇਹ ਵੀ ਹੁੰਦਾ ਹੈਮੈਂ ਪਾਰਟੀ ਨੂੰ ਹਰ ਹਲਕੇ ਵਿੱਚ ਦੁਬਾਰਾ ਕਾਇਮ ਕਰਨ ਦੇ ਯਤਨਾਂ ਵਿੱਚ ਸ਼ਾਮਲ ਹਾਂਮੈਂ ਕਾਫੀ ਸਫਰ ਕਰਦਾ ਹਾਂ ਮੈਂਨੂੰ ਹਲਕੇ ਦੀਆਂ ਸੰਸਥਾਵਾਂ ਤੋਂ ਉਨ੍ਹਾਂ ਦੀਆਂ ਮੀਟਿੰਗਾਂ ਵਿੱਚ ਬੋਲਣ ਲਈ ਸੱਦੇ ਆਉਂਦੇ ਹਨ ਮੈਂਨੂੰ ਵੱਖ ਵੱਖ ਇਲਾਕਿਆਂ ਦੇ ਗਰੁੱਪਾਂ, ਐੱਨ ਡੀ ਪੀ ਦੇ ਗਰੁੱਪਾਂ, ਲੈੱਥਬਰਿੱਜ, ਮੈਡੀਸਨ ਹੈਟ, ਕੈਲਗਰੀ ਅਤੇ ਹੋਰ ਥਾਂਵਾਂ ਤੋਂ ਬੋਲਣ ਦੇ ਸੱਦੇ ਆਉਂਦੇ ਹਨ ਅਤੇ ਮੈਂ ਉੱਥੇ ਜਾਂਦਾ ਹਾਂਇਸ ਲਈ ਮੈਂ ਪਾਰਟੀ ਦੀ ਆਪਣੇ ਆਪ ਦੁਬਾਰਾ ਕਾਇਮ ਹੋਣ ਅਤੇ ਦੁਬਾਰਾ ਤਕੜੀ ਹੋਣ ਵਿੱਚ ਮਦਦ ਕਰਨ ਦੀ ਕੋਸ਼ਿਸ਼ ਕਰਦਾ ਹਾਂ

ਪਾਰਟੀ ਦੇ ਅੰਦਰ ਮੈਂ ਪਾਰਟੀ ਨੂੰ ਆਪਣੀ ਸੋਚ ਬਾਰੇ ਦੁਬਾਰਾ ਗੌਰ ਕਰਨ ਲਈ ਪ੍ਰੇਰਤ ਕਰਨ ਲਈ ਯਤਨ ਕਰ ਰਿਹਾ ਹਾਂਇਸ ਗੱਲ ਦੇ ਸਪਸ਼ਟ ਕਾਰਨ ਹਨ, ਕਿ ਪਾਰਟੀ ਦੀ ਪੰਜ ਸਾਲ ਪਹਿਲਾਂ ਇੰਨੀ ਬੁਰੀ ਤਰ੍ਹਾਂ ਹਾਰ ਕਿਉਂ ਹੋਈ, ਇਸ ਲਈ ਮੈਂ ਪਾਰਟੀ ਨੂੰ ਆਪਣੀਆਂ ਨੀਤੀਆਂ ਬਾਰੇ ਦੁਬਾਰਾ ਗੌਰ ਕਰਨ ਲਈ ਕਹਿ ਰਿਹਾ ਹਾਂਇਸ ਨੂੰ ਕਿਹੜੀਆਂ ਚੀਜ਼ਾਂ ਬਦਲਣੀਆਂ ਚਾਹੀਦੀਆਂ ਹਨ, ਇਸਦੀਆਂ ਕੀ ਕਮਜ਼ੋਰੀਆਂ ਹਨ, ਇਸਦਾ ਪ੍ਰਚੱਲਤ ਆਧਾਰ ਕਿਹੜਾ ਹੈ, ਇਹਨਾਂ ਗੱਲਾਂ ਬਾਰੇ ਗੌਰ ਕਰਨ ਲਈ ਕਹਿ ਰਿਹਾ ਹਾਂ ਐੱਨ ਡੀ ਪੀ ਵਿੱਚ ਐਥਨਿਕ (ਘੱਟ ਗਿਣਤੀ ਭਾਈਚਾਰਿਆਂ ਦੇ) ਲੋਕਾਂ ਦੀ ਗਿਣਤੀ ਘੱਟ ਕਿਉਂ ਹੈ ਜਦੋਂ ਕਿ ਦੂਜੀਆਂ ਪਾਰਟੀਆਂ ਵਿੱਚ ਇਹ ਗਿਣਤੀ ਕਾਫੀ ਹੈਪਾਰਟੀ ਵਿੱਚ ਇੰਡੋ-ਕੈਨੇਡੀਅਨ ਲੋਕ ਜਾਂ ਚੀਨੀ ਮੂਲ ਦੇ ਲੋਕ ਜਾਂ ਹੋਰ ਘੱਟਗਿਣਤੀ ਦੇ ਭਾਈਚਾਰਿਆਂ ਦੇ ਲੋਕ ਘੱਟ ਕਿਉਂ ਹਨ? ਉਹ ਇਸ ਵਿੱਚ ਕਿਉਂ ਨਹੀਂ ਹਨ? ਪਾਰਟੀ ਨੌਜਵਾਨਾਂ ਨੂੰ ਆਪਣੇ ਵੱਲ ਖਿੱਚਣ ਵਿੱਚ ਫੇਲ ਕਿਉਂ ਹੋ ਰਹੀ ਹੈ? ਪਾਰਟੀ ਵਿੱਚ ਨੌਜਵਾਨ ਲੋਕ ਬਹੁਤ ਜ਼ਿਆਦਾ ਨਹੀਂ ਹਨ

ਮੈਂ ਇਸ ਤਰ੍ਹਾਂ ਦੀ ਭੂਮਿਕਾ ਨਿਭਾ ਰਿਹਾ ਹਾਂ, ਇੱਕ ਤਰ੍ਹਾਂ ਨਾਲ ਪਾਰਟੀ ਵਿੱਚ ਇਸ ਤਰ੍ਹਾਂ ਦੇ ਅਣਸੁਖਾਂਵੇਂ ਮਸਲਿਆਂ ਬਾਰੇ ਸਵਾਲ ਉਠਾਉਣ ਵਾਲੇ ਵਿਅਕਤੀ ਦੀ ਭੂਮਿਕਾਅਜੇ ਵੀ ਮੈਂਨੂੰ ਪਾਰਟੀ ਦੀ ਸਥਾਪਤੀ ਦੇ ਹਿੱਸੇ ਵਜੋਂ ਨਹੀਂ ਦੇਖਿਆ ਜਾਂਦਾ ਅਤੇ ਮੈਂਨੂੰ ਚੰਗਾ ਸਮਝਿਆ ਜਾਂਦਾ ਹੈ ਕਿਉਂਕਿ ਮੇਰੀਆਂ ਕੋਈ (ਸਿਆਸੀ) ਖਾਹਿਸ਼ਾਂ ਨਹੀਂ ਹਨਮੈਂ ਉਨ੍ਹਾਂ ਨੂੰ ਦੱਸਦਾ ਹਾਂ ਕਿ ਮੇਰੀ ਕਿਸੇ ਕੋਲੋਂ ਪਾਰਟੀ ਦੀ ਲੀਡਰਸ਼ਿੱਪ ਖੋਹਣ ਦੀ ਇੱਛਾ ਨਹੀਂ ਹੈਮੈਂ ਇੱਕ ਰਿਟਾਇਰ ਹੋਇਆ ਅਕਾਦਮਿਕ ਵਿਅਕਤੀ ਹਾਂਮੈਂ ਜਿੰਨਾ ਵਧੀਆ ਹੋ ਸਕੇ ਉੰਨਾ ਵਧੀਆ ਕਰਨ ਦੀ ਕੋਸ਼ਿਸ਼ ਕਰ ਰਿਹਾ ਹਾਂਇਸ ਲਈ ਪਾਰਟੀ ਵਿੱਚ ਉਸ ਵਿਅਕਤੀ ਦੇ ਮੁਕਾਬਲੇ ਮੇਰੀ ਗੱਲ ਸੁਣਨ ਦਾ ਜ਼ਿਆਦਾ ਝੁਕਾਅ ਹੈ ਜਿਸ ਵਿਅਕਤੀ ਨੂੰ ਪਾਰਟੀ ਵਿੱਚ ਪੱਖਪਾਤੀ ਵਿਅਕਤੀ ਵਜੋਂ ਦੇਖਿਆ ਜਾਂਦਾ ਹੋਵੇਇਸ ਲਈ ਮੈਂ ਇਹ ਕਰਨ ਦੀ ਕੋਸ਼ਿਸ਼ ਕਰਦਾ ਹਾਂ

? ਤੁਹਾਡੇ ਕੋਲੋਂ ਇੰਡੋ-ਕੈਨੇਡੀਅਨ ਕਮਿਊਨਿਟੀ ਨੂੰ ਕੀ ਉਮੀਦਾਂ ਹਨ?

: ਮੈਂਨੂੰ ਪਤਾ ਨਹੀਂ ਮੈਂਨੂੰ ਸੱਚਮੁੱਚ ਹੀ ਪਤਾ ਨਹੀਂਮੇਰੇ ਦੋਸਤ, ਮੇਰੇ ਹਿਮਾਇਤੀ, ਮੇਰੇ ਖਿਆਲ ਵਿੱਚ ਮੇਰੇ ਵੱਲ ਕਾਫੀ ਫਰਾਖਦਿਲ ਹਨਸ਼ਾਇਦ ਉਹ ਉਮੀਦ ਕਰਦੇ ਹੋਣ ਕਿ ਮੈਂ ਜੋ ਵੀ ਕਰ ਰਿਹਾ ਹਾਂ, ਉਸ ਨੂੰ ਪੂਰੀ ਕਾਬਲੀਅਤ ਨਾਲ ਕਰਾਂ, ਕਿ ਮੈਂ ਆਪਣੇ ਆਪ ਦਾ ਮਜ਼ਾਕ ਨਾ ਬਣਾਵਾਂ, ਅਤੇ ਮੈਂ ਉਨ੍ਹਾਂ ਦੀ ਹਿਮਾਇਤ ਅਤੇ ਉਨ੍ਹਾਂ ਦੇ ਭਾਈਚਾਰੇ ਦਾ ਨਾਂ ਬਦਨਾਮ ਨਾ ਕਰਾਂਇਸ ਤਰ੍ਹਾਂ ਉਨ੍ਹਾਂ ਦੇ ਇਸ ਤਰ੍ਹਾਂ ਦੇ ਨਾਂਹ-ਪੱਖੀ ਫਿਕਰ ਹੋ ਸਕਦੇ ਹਨ ਕਿ ਮੈਂ ਉਸ ਕੰਮ ਵਿੱਚ ਫੇਲ ਨਾ ਹੋਵਾਂ ਜੋ ਮੈਂ ਕਰ ਰਿਹਾ ਹਾਂਜੇ ਉਹ ਮੇਰੇ ਕੋਲੋਂ ਕੋਈ ਠੋਸ ਚੀਜ਼ ਕਰਨ ਦੀ ਉਮੀਦ ਕਰਦੇ ਹੋਣ ਤਾਂ ਉਹ ਇਹਨਾਂ ਚੀਜ਼ਾਂ ਦਾ ਮੇਰੇ ਉੱਤੇ ਭਾਰ ਨਹੀਂ ਪਾਉਂਦੇਜ਼ਹਰਾ ਤੌਰ ਉੱਤੇ ਮੇਰੀ ਆਪਣੀ ਉਮੀਦ ਹੈ ਕਿ ਮੈਂ ਉਨ੍ਹਾਂ ਵਿੱਚੋਂ ਕੁਝ ਨੂੰ ਸਰਗਰਮ ਖੱਬੀ ਸਿਆਸਤ ਵਿੱਚ ਖਿੱਚ ਸਕਾਂਮੈਂ ਆਸ ਕਰਦਾ ਹਾਂ ਕਿ ਮੈਂ ਉਨ੍ਹਾਂ ਨੂੰ ਐੱਨ ਡੀ ਪੀ ਵਿੱਚ ਸ਼ਾਮਲ ਹੋਣ ਲਈ ਪ੍ਰੇਰਤ ਕਰ ਸਕਾਂ, ਪਰ ਉਨ੍ਹਾਂ ਨੇ ਮੇਰੇ ਕੋਲੋਂ ਕਿਸੇ ਵੀ ਚੀਜ਼ ਦੀ ਮੰਗ ਨਹੀਂ ਕੀਤੀ ਜਿਹੜੀ ਮੈਂਨੂੰ ਅਸਾਧਾਰਣ ਲੱਗਦੀ ਹੋਵੇ

? ਅਜਿਹਾ ਕਿਉਂ ਹੈ? ਕੀ ਇਸ ਲਈ ਹੈ ਕਿ ਕਮਿਊਨਿਟੀ ਵਿੱਚ ਆਪਣੇ ਮਸਲਿਆਂ ਨੂੰ ਉਠਾਉਣ ਦਾ ਕੋਈ ਸਾਧਨ ਨਹੀਂ ਹੈ ਜਾਂ ਕੋਈ ਹੋਰ ਕਾਰਨ ਹੈ?

: ਹਾਂ, ਮੇਰਾ ਖਿਆਲ ਹੈ ਕਿ ਕਮਿਊਨਿਟੀ ਵਿੱਚ ਜੋ ਕੁਝ ਦਿਖਾਈ ਦਿੰਦਾ ਹੈ, ਉਸ ਦੇ ਮੁਕਾਬਲੇ ਜ਼ਿਆਦਾ ਦਿਖਾਈ ਨਹੀਂ ਦਿੰਦਾਕਮਿਊਨਿਟੀ ਕਾਫੀ ਜ਼ਿਆਦਾ ਵੰਨਸੁਵੰਨੀ ਅਤੇ ਵੰਡੀ ਹੋਈ ਹੈਕਮਿਊਨਿਟੀ ਦੇ ਨੁਮਾਇੰਦਗੀ ਕਰਨ ਲਈ ਜਾਂ ਮੇਰੇ ਤੱਕ ਕਮਿਊਨਿਟੀ ਦੇ ਫਿਕਰ ਪਹੁੰਚਾਉਣ ਲਈ ਕੋਈ ਇੱਕ ਸਾਧਨ ਅਸਰਦਾਰ ਨਹੀਂ ਹੋ ਸਕਦਾਦੂਜੀ ਗੱਲ ਇਹ ਹੈ ਕਿ ਜੇ ਮੈਂ ਮਿੱਲਵੁਡਜ਼ ਦੇ ਇਲਾਕੇ ਵਿੱਚੋਂ ਜਿੱਤਿਆ ਹੁੰਦਾ, ਜਿੱਥੇ ਆਪਣੇ ਲੋਕਾਂ ਦੀ ਬਹੁਗਿਣਤੀ ਵਸਦੀ ਹੈ, ਤਾਂ ਗੱਲ ਵੱਖਰੀ ਹੋਣੀ ਸੀਉਨ੍ਹਾਂ ਦੀਆਂ ਵੱਖਰੀਆਂ ਉਮੀਦਾਂ ਹੋਣੀਆਂ ਸਨਪਰ ਕਿਉਂਕਿ ਮੈਂ ਉਸ ਇਲਾਕੇ ਦਾ ਐੱਮ ਐੱਲ ਏ ਨਹੀਂ ਹਾਂ, ਇਸ ਲਈ ਮੇਰਾ ਖਿਆਲ ਹੈ ਕਿ ਆਪਣੇ ਸਰੋਕਾਰ ਸਾਂਝੇ ਕਰਨ ਲਈ ਉਹ ਮੈਂਨੂੰ ਆਪਣੀ ਪਹਿਲੀ ਚੋਣ ਨਹੀਂ ਸਮਝਦੇਉਹ ਆਪਣੇ ਸਰੋਕਾਰ ਆਪਣੇ ਸਥਾਨਕ ਐੱਮ ਐੱਲ ਏ ਕੋਲ ਲੈ ਕੇ ਜਾਂਦੇ ਹਨਸ਼ਾਇਕ ਕੁਝ ਹੱਦ ਤੱਕ ਇਹ ਇਸ ਕਰਕੇ ਹੈ

? ਤੁਹਾਡੀ ਇਲੈਕਸ਼ਨ ਤੋਂ ਬਾਅਦ ਇੰਡੋ-ਕੈਨੇਡੀਅਨ ਕਮਿਊਨਿਟੀ ਨਾਲ ਤੁਹਾਡਾ ਰਿਸ਼ਤਾ ਕਿਸ ਤਰ੍ਹਾਂ ਬਦਲਿਆ ਹੈ?

: ਮੈਂ ਇਹ ਦੱਸਣਾ ਜ਼ਰੂਰੀ ਸਮਝਦਾ ਹਾਂ ਕਿ 1996 ਤੱਕ ਮੇਰਾ ਕਮਿਊਨਿਟੀ ਨਾਲ ਇੱਕ ਸੀਮਤ ਰਿਸ਼ਤਾ ਸੀ, ਕਿਉਂਕਿ ਮੇਰੀ ਜ਼ਿਆਦਾ ਵਚਨਬੱਧਤਾ ਯੂਨੀਵਰਸਿਟੀ ਨਾਲ ਸੀਮੈਂ ਆਪਣੇ ਕੰਮ ਨੂੰ ਕਾਫੀ ਗੰਭੀਰਤਾ ਨਾਲ ਲੈਂਦਾ ਹਾਂਮੇਰੇ ਕੋਲ ਕਦੇ ਵੀ ਕਮਿਊਨਿਟੀ ਨਾਲ ਬਿਤਾਉਣ ਲਈ ਇੰਨਾ ਜ਼ਿਆਦਾ ਸਮਾਂ ਨਹੀਂ ਸੀਮੈਂ ਮੀਟਿੰਗਾਂ ਉੱਤੇ ਜਾਂਦਾ ਹਾਂ, ਜਦੋਂ ਮੈਂਨੂੰ ਸੱਦਿਆ ਜਾਂਦਾ ਹੈਮੈਂ ਗੁਰਦਵਾਰੇ ਜਾਣ ਤੋਂ ਪਰਹੇਜ਼ ਕਰਦਾ ਸੀ, ਕਿਉਂਕਿ ਉਹ ਖਾਲਿਸਤਾਨੀਆਂ ਵੱਲੋਂ ਆਪਣੇ ਅਧਿਕਾਰ ਵਿੱਚ ਲਏ ਜਾ ਰਹੇ ਸਨਜ਼ਰੂਰੀ ਨਹੀਂ ਕਿ ਮੇਰਾ ਉੱਥੇ ਸਵਾਗਤ ਹੁੰਦਾਇਸ ਲਈ ਮੈਂ ਕਿਹਾ, ”ਮੈਂ ਉਨ੍ਹਾਂ ਉੱਤੇ ਆਪਣਾ ਸਮਾਂ ਖਰਾਬ ਨਹੀਂ ਕਰਾਂਗਾ।”

(ਸੁਰਿੰਦਰ)

ਤੁਸੀਂ ਕਦੇ ਵੀ ਦਿਲਚਸਪੀ ਨਹੀਂ ਰੱਖਦੇ ਸੀ

(ਰਾਜ ਪੰਨੂੰ ਆਪਣੀ ਗੱਲ ਜਾਰੀ ਰੱਖਦੇ ਹਨ)

ਮੇਰੀ ਕਦੇ ਵੀ ਗੁਰਦਵਾਰੇ ਦੀ ਸਿਆਸਤ ਵਿੱਚ ਦਿਲਚਸਪੀ ਨਹੀਂ ਸੀਮੈਂ ਗੁਰਦਵਾਰੇ ਨੂੰ ਉਹ ਮੰਚ ਨਹੀਂ ਸਮਝਦਾ ਜਿੱਥੋਂ ਮੈਂ ਕਮਿਊਨਿਟੀ ਨੂੰ ਉਹਨਾਂ ਮੁੱਦਿਆਂ ਬਾਰੇ ਗੱਲ ਕਰਨ ਲਈ ਕਹਿ ਸਕਾਂ ਜਿਹਨਾਂ ਮੁੱਦਿਆਂ ਬਾਰੇ ਮੈਂ ਚਾਹੁੰਦਾ ਹਾਂ ਕਿ ਕਮਿਊਨਿਟੀ ਨੂੰ ਗੱਲ ਕਰਨੀ ਚਾਹੀਦੀ ਹੈਇਸ ਲਈ ਪਿਛਲੇ 20 ਸਾਲਾਂ ਵਿੱਚ ਗੁਰਦਵਾਰਿਆਂ ਵਿੱਚ ਮੇਰੀ ਸ਼ਮੂਲੀਅਤ ਇੱਕ ਸੀਮਤ ਹੱਦ ਤੱਕ ਹੀ ਰਹੀ ਹੈਮਿਊਂਸਪਲ ਇਲੈਕਸ਼ਨਾਂ ਦੌਰਾਨ ਮੈਂ ਮਿਊਂਸਪਲ ਮੁੱਦਿਆਂ ਬਾਰੇ ਸਰਗਰਮ ਹੋਇਆ ਤਾਂ ਲੋਕਾਂ ਨੇ ਉਨ੍ਹਾਂ ਗੱਲਾਂ ਵੱਲ ਧਿਆਨ ਦਿੱਤਾ ਜਿਹੜੀਆਂ ਗੱਲਾਂ ਮੈਂ ਕਹਿ ਰਿਹਾ ਸਾਂਅਸੀਂ ਤਬਦੀਲੀ ਲਿਆਉਣ ਲਈ, ਕੁਝ ਲੋਕਾਂ ਨੂੰ ਇਲੈਕਸ਼ਨ ਜਿਤਾਉਣ ਲਈ ਇੱਕ ਦੂਸਰੇ ਨੂੰ ਸਹਿਯੋਗ ਦਿੱਤਾ

ਮੇਰੀ ਇਲੈਕਸ਼ਨ ਤੋਂ ਬਾਅਦ, ਹੁਣ ਮੇਰੇ ਕੋਲ ਉਨ੍ਹਾਂ ਨਾਲ ਸਮਾਂ ਬਿਤਾਉਣ ਲਈ ਸਮੇਂ ਦੀ ਤੰਗੀ ਹੈਮੇਰੇ ਬਹੁਤ ਰੁਝੇਵੇਂ ਹਨਮੈਂ ਦਿਨ ਰਾਤ ਇੱਧਰ ਉੱਧਰ ਦੌੜਦਾ-ਭੱਜਦਾ ਰਹਿੰਦਾ ਹਾਂਮੈਂ ਉੱਥੇ ਉਦੋਂ ਹੀ ਜਾਂਦਾ ਹਾਂ ਜਦੋਂ ਕੋਈ ਉੱਥੇ ਕੋਈ ਸਮਾਗਮ ਵਗੈਰਾ ਹੁੰਦਾ ਹੈ, ਜਦੋਂ ਕਦੇ ਮੈਂਨੂੰ ਸੱਦਿਆ ਜਾਂਦਾ ਹਾਂਆਏ ਹੋਏ ਸੱਦੇ ਨੂੰ ਮੈਂ ਕਦੇ ਅਣਗੌਲਿਆ ਨਹੀਂ ਕਰਦਾਮੈਂ ਸਾਲ ਵਿੱਚ ਇੱਕ ਜਾਂ ਦੋ ਵਾਰ ਖੱਬੇ ਪੱਖੀ ਲੋਕਾਂ ਦੇ ਆਪਣੇ ਗਰੁੱਪ ਨੂੰ ਜ਼ਰੂਰ ਮਿਲਦਾ ਹਾਂ ਤਾਂ ਕਿ ਅਸੀਂ ਇਕਜੁੱਟ ਰਹੀਏ ਅਤੇ ਇੱਕ ਦੂਜੇ ਨਾਲ ਮਿਲ ਕੇ ਕੰਮ ਕਰਦੇ ਰਹੀਏਇਸ ਤਰ੍ਹਾਂ ਉੱਥੇ ਮੇਰੀ ਇੰਨੀ ਕੁ ਹੀ ਸ਼ਮੂਲੀਅਤ ਹੈ ਇਸ ਸਮੇਂ

? ਤੁਸੀਂ ਗੁਰਦਵਾਰਾ ਸਿਆਸਤ ਦੀ ਗੱਲ ਕੀਤੀ ਹੈਇਸ ਨੇ ਤੁਹਾਡੇ ਉੱਤੇ ਕਿਸ ਤਰ੍ਹਾਂ ਦਾ ਅਸਰ ਪਾਇਆ? ਕੀ ਤੁਹਾਡੀ ਚੋਣ ਮੁਹਿੰਮ ਵਿੱਚ ਗੁਰਦਵਾਰੇ ਦੀ ਸਿਆਸਤ ਦਾ ਕੋਈ ਵੱਡਾ ਅਸਰ ਸੀ ਜਾਂ ਨਹੀਂ?

: ਬਿਲਕੁਲ ਕੋਈ ਅਸਰ ਨਹੀਂ ਸੀਮੇਰੀ ਇਲੈਕਸ਼ਨ ਦੀਆਂ ਸਰਗਰਮੀਆਂ ਜਾਂ ਮੇਰੇ ਚੁਣੇ ਜਾਣ ਵਿੱਚ ਗੁਰਦਵਾਰੇ ਦੀ ਸਿਆਸਤ ਦਾ ਕੋਈ ਅਸਰ ਨਹੀਂ ਸੀਗੁਰਦਵਾਰੇ ਦੀ ਸਿਆਸਤ ਇੰਨੀ ਜ਼ਿਆਦਾ ਨਾਂਹ-ਪੱਖੀ ਸੀ, ਕਿ ਮੈਂ ਜਾਣਬੁੱਝ ਕੇ ਆਪ ਉਸ ਵਿੱਚ ਕੋਈ ਐਨਰਜੀ ਨਾ ਲਾਉਣ ਦਾ ਫੈਸਲਾ ਕੀਤਾਤੁਹਾਡੇ ਕੋਲ ਉੰਨਾ ਕੁ ਸਮਾਂ ਹੁੰਦਾ ਹੈਤੁਹਾਡੇ ਉੰਨੇ ਕੁ ਘੰਟੇ ਹੀ ਹੁੰਦੇ ਹਨਇਸ ਲਈ ਤੁਸੀਂ ਆਪਣੇ ਆਪ ਨੂੰ ਪੁੱਛਦੇ ਹੋ, “ਮੈਂ ਕਿੱਥੇ ਜ਼ਿਆਦਾ ਅਸਰਦਾਇਕ ਹੋ ਸਕਦਾ ਹਾਂ?” ਮੈਂਨੂੰ ਨਹੀਂ ਲੱਗਾ ਕਿ ਗੁਰਦਵਾਰਾ ਅਜਿਹੀ ਥਾਂ ਹੈ, ਜਿੱਥੇ ਮੈਂ ਕਾਰਗਰ ਹੋ ਸਕਦਾ ਹਾਂਮੈਂ ਸਪਸ਼ਟ ਰੂਪ ਵਿੱਚ ਧਰਮ ਵਿੱਚ ਵਿਸ਼ਵਾਸ ਨਹੀਂ ਰੱਖਦਾਮੈਂ ਇੱਕ ਨਾਸਤਕ ਹਾਂਮੇਰੇ ਵਰਗੇ ਬੰਦੇ ਲਈ ਗੁਰਦਵਾਰੇ ਵਿੱਚ ਜ਼ਿਆਦਾ ਸਮਾਂ ਲਾਉਣਾ ਇੱਕ ਤਰ੍ਹਾਂ ਨਾਲ ਸਨਕੀ ਤਰ੍ਹਾਂ ਦੀ ਗੱਲ ਹੋਵੇਗੀਉਹ ਧਰਮ ਵਿੱਚ ਵਿਸ਼ਵਾਸ ਕਰਨ ਵਾਲੇ ਲੋਕਾਂ ਦੀ ਥਾਂ ਹੈਫਿਰ ਤੁਸੀਂ ਜਾ ਕੇ ਉਨ੍ਹਾਂ ਲੋਕਾਂ ਨਾਲ ਉਸ ਤਰ੍ਹਾਂ ਪੇਸ਼ ਕਿਉਂ ਆਵੋ, ਜੋ ਤੁਸੀਂ ਨਹੀਂ ਹੋਇਸ ਲਈ ਇਸ ਬਾਰੇ ਮੇਰੀਆਂ ਸਦਾ ਹੀ ਰਲੀਆਂ ਮਿਲੀਆਂ ਭਾਵਨਾਵਾਂ ਰਹੀਆਂ ਹਨ

ਇੱਕ ਸਮਾਜਕ ਸੰਸਥਾ ਵਜੋਂ ਗੁਰਦਵਾਰਾ ਇੱਕ ਮਹੱਤਵਪੂਰਨ ਥਾਂ ਹੈਮੈਂ ਸਮਝਦਾ ਹਾਂ ਕਿ ਹਿੰਦੁਸਤਾਨ ਵਿੱਚ ਖੱਬੇਪੱਖੀ ਲੋਕਾਂ ਨੇ ਗੁਰਦਵਾਰੇ ਨੂੰ ਇੱਕ ਸਮਾਜਕ ਸੰਸਥਾ ਵੱਲੋਂ ਅਣਗੌਲਿਆਂ ਕਰਕੇ ਆਪਣਾ ਹੀ ਨੁਕਸਾਨ ਕਰਵਾਇਆ ਹੈਇਸ ਤੋਂ ਬੱਚਿਆ ਨਹੀਂ ਜਾ ਸਕਦਾਉਨ੍ਹਾਂ ਨੂੰ ਇਸ ਵਿੱਚ ਹੋਰ ਸਰਗਰਮ ਹੋਣਾ ਚਾਹੀਦਾ ਹੈ, ਪਰ ਇੱਥੇ ਮੇਰਾ ਖਿਆਲ ਹੈ ਕਿ ਸੂਬਾਈ ਅਤੇ ਨੈਸ਼ਨਲ ਚੋਣਾਂ ਵਿੱਚ ਗੁਰਦਵਾਰੇ ਦੀ ਭੂਮਿਕਾ ਇੰਨੀ ਜ਼ਿਆਦਾ ਨਹੀਂਇਸ ਲਈ ਤੁਹਾਨੂੰ ਇਹ ਸਵਾਲ ਪੁੱਛਣਾ ਚਾਹੀਦਾ ਹੈ ਕਿ ਤੁਸੀਂ ਇਸ ਵਿੱਚ ਕਿੰਨਾ ਸਮਾਂ ਲਾਉਣਾ ਹੈ

(ਸੁਰਿੰਦਰ)

ਦੂਜੀ ਗੱਲ ਇਹ ਹੈ ਕਿ ਜੇ ਤੁਸੀਂ ਮਿੱਲ ਵੁੱਡਜ਼ ਵਿੱਚ ਹੁੰਦੇ ਤਾਂ ਸ਼ਾਇਦ ਤੁਹਾਨੂੰ ਗੁਰਦਵਾਰੇ ਜਾਣਾ ਪੈਂਦਾ ਅਤੇ ਉਨ੍ਹਾਂ ਤੋਂ ਸਮਰਥਨ ਲੈਣਾ ਪੈਂਦਾ

(ਰਾਜ ਪੰਨੂੰ ਗੱਲ ਜਾਰੀ ਰੱਖਦੇ ਹਨ)

ਹਾਂ ਜੇ ਤੁਸੀਂ ਇਲੈਕਸ਼ਨ ਲੜ ਰਹੇ ਹੋ, ਤਾਂ ਤੁਹਾਨੂੰ ਜਾਣਾ ਹੀ ਪਏਗਾਫਿਰ ਤੁਸੀਂ ਉੱਥੇ ਇੱਕ ਸਿਆਸੀ ਬੰਦੇ ਵਜੋਂ ਜਾਉਗੇ, ਉਨ੍ਹਾਂ ਲੋਕਾਂ ਦਾ ਸਮਰਥਨ ਲੈਣ ਲਈ ਜਿਹੜੇ ਉੱਥੇ ਜਾਂਦੇ ਹਨ, ਉਹਨਾਂ ਲੋਕਾਂ ਕੋਲ ਜਿਹੜੇ ਤੁਹਾਡੇ ਹਲਕੇ ਦੇ ਵੋਟਰ ਹੋਣਗੇਪਰ ਮੈਂ ਉਹ ਹੀ ਚੀਜ਼ ਇੱਥੇ ਵੀ ਕਰਾਂਗਾ, ਮੈਂ ਚਰਚ ਵਿੱਚ ਜਾਵਾਂਗਾਮੈਂ ਇੱਥੇ ਅੰਤਰ-ਵਿਸ਼ਵਾਸੀ (ਇੰਟਰਫੇਥ) ਲੋਕਾਂ ਨੂੰ ਮਿਲਣ ਦੀ ਕੋਸ਼ਿਸ਼ ਕੀਤੀ ਸੀ, ਖਾਸ ਕਰਕੇ ਇੱਥੇ ਚਰਚ ਗਰੁੱਪਾਂ ਦੀ ਸਮਾਜਕ ਨਿਆਂ ਲਈ ਇੱਕ ਸਾਂਝੀ ਜਥੇਬੰਦੀ ਹੈਮੈਂ ਉਨ੍ਹਾਂ ਨੂੰ ਮਿਲਣ ਦੀ ਕੋਸ਼ਿਸ਼ ਕੀਤੀ, ਮੈਂ ਹੁਣ ਵੀ ਉਨ੍ਹਾਂ ਨੂੰ ਮਿਲਣ ਦੀ ਕੋਸ਼ਿਸ਼ ਕਰਦਾ ਹਾਂ ਮੈਂਨੂੰ ਧਾਰਮਿਕ ਲੋਕਾਂ ਨੂੰ ਮਿਲਣ ਵਿੱਚ ਦਿੱਕਤ ਨਹੀਂ ਹੈ, ਜਿੰਨੀ ਦੇਰ ਤੱਕ ਉਹ ਸਮਾਜਕ ਅਤੇ ਸਿਆਸੀ ਅਤੇ ਆਰਥਿਕ ਮੁੱਦਿਆਂ ਬਾਰੇ ਗੱਲ ਕਰਨ ਲਈ ਤਿਆਰ ਹਨ ਅਤੇ ਉਨ੍ਹਾਂ ਵਿੱਚ ਦਿਲਚਸਪੀ ਰੱਖਦੇ ਹਨ

? ਕੀ ਤੁਹਾਡੀ ਇਲੈਕਸ਼ਨ ਨੇ ਅਲਬਰਟਾ ਦੀ ਸਿਆਸਤ ਬਾਰੇ ਤੁਹਾਡੇ ਨਜ਼ਰੀਏ ਵਿੱਚ ਕੋਈ ਤਬਦੀਲੀ ਲਿਆਂਦੀ?

: ਅਜੇ ਇੰਨਾ ਸਮਾਂ ਨਹੀਂ ਹੋਇਆ ਕਿ ਮੈਂ ਇਸ ਬਾਰੇ ਕੁਝ ਕਹਿ ਸਕਾਂਅਲਬਰਟਾ ਦੀ ਸਿਆਸਤ ਅਲਬਰਟਾ ਦੀ ਸਿਆਸਤ ਹੈਮੈਂ ਚੋਣ ਲੜਨ ਤੋਂ ਪਹਿਲਾਂ ਇੱਥੇ 30-35 ਸਾਲ ਰਿਹਾ ਹਾਂਮੇਰੇ ਮਨ ਵਿੱਚ ਅਲਬਰਟਾ ਦੀ ਸਿਆਸਤ ਬਾਰੇ ਕੋਈ ਭਰਮ ਨਹੀਂ ਸੀਮੈਂ ਇਸ ਬਾਰੇ ਚੰਗੀ ਤਰ੍ਹਾਂ ਜਾਣਦਾ ਸੀਇਸ ਬਾਰੇ ਮੈਂਨੂੰ ਕੋਈ ਹੈਰਾਨੀ ਨਹੀਂ ਹੋਈਮੈਂ ਜਾਣਦਾ ਸੀ ਕਿ ਲਿਬਰਲ ਟੋਰੀਆਂ ਤੋਂ ਬਹੁਤ ਵੱਖਰੇ ਨਹੀਂ ਹਨ ਅਤੇ ਉਹ ਮੌਕਾਪ੍ਰਸਤ ਸਨ ਅਤੇ ਉਨ੍ਹਾਂ ਵਿੱਚੋਂ ਕਈ ਉੰਨੇ ਹੀ ਸਨਕੀ ਹਨ ਜਿੰਨੇ ਟੋਰੀਇਸ ਤਰ੍ਹਾਂ ਜੇ ਆਮ ਤੌਰ ਉੱਤੇ ਕਹਿਣਾ ਹੋਵੇ ਤਾਂ ਦੂਜੀਆਂ ਸਿਆਸੀ ਪਾਰਟੀਆਂ ਦੀ ਵਿਚਾਰਧਾਰਾ ਦੇ ਰੰਗ ਬਾਰੇ ਮੈਂ ਹੁਣ ਵੀ ਪਹਿਲਾਂ ਨਾਲੋਂ ਵੱਖਰਾ ਨਹੀਂ ਸੋਚਦਾ

ਪਰ ਜੇ ਲੈਜਿਸਲੇਚਰ ਵਿੱਚ ਆਪਣੇ ਨਾਲ ਦੇ ਦੂਸਰੇ ਐੱਮ ਐੱਲ ਇਆਂ ਬਾਰੇ ਗੱਲ ਕਰਨੀ ਹੋਵੇ, ਤਾਂ ਮੇਰੇ ਖਿਆਲ ਵਿੱਚ ਉਹ ਮੇਰੇ ਨਾਲ ਕਾਫੀ ਸ਼ਿਸ਼ਟ ਵਿਹਾਰ ਕਰਦੇ ਹਨ, ਜਿਸ ਤੋਂ ਮੈਂਨੂੰ ਕਈ ਵਾਰ ਹੈਰਾਨੀ ਹੁੰਦੀ ਹੈ, ਕਿਉਂਕਿ ਮੈਂ ਉਨ੍ਹਾਂ ਦੀ ਕਾਫੀ ਆਲੋਚਨਾ ਕਰਦਾ ਹਾਂ ਭਾਵੇਂ ਕਿ ਕੋਈ ਗਲਤ ਸ਼ਬਦ ਨਹੀਂ ਵਰਤਦਾਮੈਂ ਅਪਮਾਨਜਨਕ ਬੋਲੀ ਦੀ ਵਰਤੋਂ ਨਹੀਂ ਕਰਦਾਮੈਂ ਸੰਕੀਰਨ ਬੋਲੀ ਨਹੀਂ ਵਰਤਦਾਮੈਂ ਆਲੋਚਨਾ ਕਰਦਾ ਹਾਂਮੈਂ ਇਹ ਦੱਸਣ ਉੱਤੇ ਸਮਾਂ ਲਾਉਂਦਾ ਹਾਂ ਕਿ ਮੈਂ ਆਲੋਚਨਾ ਕਿਉਂ ਕਰਦਾ ਹਾਂ, ਅਤੇ ਇਸ ਸੰਦਰਭ ਵਿੱਚ ਮੈਂ ਜੋ ਕਹਿੰਦਾ ਹਾਂ, ਉਸ ਨੂੰ ਆਮ ਸਵੀਕ੍ਰਿਤੀ ਮਿਲਦੀ ਹੈਲੋਕ ਕਹਿੰਦੇ ਹਨ, “ਸਾਡਾ ਖਿਆਲ ਹੈ, ਕਿ ਉਹ ਇੱਕ ਚੰਗਾ ਬੰਦਾ ਹੈ।” ਟੋਰੀ ਅਤੇ ਲਿਬਰਲ ਮੈਂਨੂੰ ਨੋਟ ਭੇਜਦੇ ਹਨ, ਜਿਨ੍ਹਾਂ ਵਿੱਚ ਲਿਖਿਆ ਹੁੰਦਾ ਹੈ, “ਇਹ ਚੰਗੀ ਸਪੀਚ ਸੀਤੁਸੀਂ ਕੁਝ ਚੰਗੇ ਨੁਕਤੇ ਉਠਾਏ ਹਨ।” ਇਸ ਤਰ੍ਹਾਂ ਦੀ ਗੱਲਬਾਤਇਸ ਤਰ੍ਹਾਂ ਉਹ ਇਸ ਬਾਰੇ ਕਾਫੀ ਸ਼ਿਸ਼ਟ ਹਨ

? ਕੀ ਤੁਸੀਂ ਸੋਚਦੇ ਹੋ ਕਿ ਤੁਹਾਡੀ ਇਲੈਕਸ਼ਨ ਨੇ ਅਲਬਰਟਾ ਵਿੱਚ ਇੱਕ ਰੰਗਦਾਰ ਭਾਈਚਾਰੇ ਵਜੋਂ ਇੰਡੋ-ਕੈਨੇਡੀਅਨ ਕਮਿਊਨਿਟੀ ਦੀ ਤਸਵੀਰ ਵਿੱਚ ਕੋਈ ਤਬਦੀਲੀ ਲਿਆਂਦੀ ਹੈ?

: ਮੈਂ ਸਮਝਦਾ ਹਾਂ ਇਸ ਨਾਲ ਕੁਝ ਫਰਕ ਪੈਂਦਾ ਹੈਇਹ ਕੁਝ ਉਨ੍ਹਾਂ ਸਰੋਕਾਰਾਂ ਨੂੰ ਖਤਮ ਕਰਦੀ ਹੈ, ਜਿਹੜੇ ਸਾਡੇ ਬਾਰੇ ਗੈਰ ਇੰਡੋ-ਕੈਨੇਡੀਅਨ ਲੋਕਾਂ ਦੇ ਹੋਣਗੇ, ਭਾਵੇਂ ਉਨ੍ਹਾਂ ਸਰੋਕਾਰਾਂ ਦਾ ਕੋਈ ਆਧਾਰ ਨਾ ਵੀ ਹੋਵੇਜੇ ਕੁਝ ਇਸ ਤਰ੍ਹਾਂ ਦਾ ਹੋਵੇ ਤਾਂ ਮੈਂਨੂੰ ਅਜਿਹਾ ਸੁਣ ਕੇ ਖੁਸ਼ੀ ਹੋਵੇਗੀ, ਪਰ ਇਸ ਬਾਰੇ ਕੁਝ ਕਹਿਣਾ ਬਹੁਤ ਮੁਸ਼ਕਿਲ ਹੈਖਾਸ ਕਰਕੇ ਮੇਰੇ ਲਈ ਇਸ ਬਾਰੇ ਕੁਝ ਕਹਿਣਾ ਅਤੇ ਇਸ ਬਾਰੇ ਨਿਰਣਾ ਕਰਨਾ ਕਾਫੀ ਮੁਸ਼ਕਿਲ ਹੈ

? ਕਈ ਵਾਰੀ ਲੋਕ ਕਹਿੰਦੇ ਹਨ ਕਿ ਐਥਨਿਕ ਭਾਈਚਾਰੇ ਬਲਾਕ ਵੋਟਿੰਗ ਕਰਕੇ ਨਾਮਜ਼ਦਗੀ ਦੇ ਪ੍ਰਬੰਧ ਦੀ ਦੁਰਵਰਤੋਂ ਕਰ ਰਹੇ ਹਨਇਸ ਬਾਰੇ ਤੁਹਾਡਾ ਕੀ ਤਜਰਬਾ ਹੈ?

: ਮੇਰੇ ਮਾਮਲੇ ਵਿੱਚ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਹੋ ਸਕਦੀਪਰ ਮੇਰੇ ਖਿਆਲ ਵਿੱਚ ਇਸ ਵਿੱਚ ਕੁਝ ਕੁ ਸਚਾਈ ਤਾਂ ਹੈਪਿਛਲੀਆਂ ਦੋ ਲੀਡਰਸ਼ਿੱਪ ਕਨਵੈਨਸ਼ਨਾਂ ਵਿੱਚ ਲਿਬਰਲਾਂ ਨੇ ਕੁਝ ਸਿੱਖ, ਖਾਸ ਕਰਕੇ ਖਾਲਿਸਤਾਨੀ, ਧੜਿਆਂ ਦੀ ਮਦਦ ਲਈ ਹੈਇਹ ਕੁਝ ਹੱਦ ਤੱਕ ਇਸ ਕਰਕੇ ਵੀ ਹੈ ਕਿ ਗੋਰੇ ਕੈਨੇਡੀਅਨ ਸਿਆਸਤਦਾਨਾਂ ਨੂੰ ਹਿੰਦੁਸਤਾਨ ਦੀ ਅਤਿਵਾਦੀ ਸਿਆਸਤ ਦੀ ਉੰਨੀ ਸਮਝ ਨਹੀਂ ਹੈਸ਼ਾਇਦ ਉਹ ਖਾਲਿਸਤਾਨ ਦੀ ਲਹਿਰ ਨੂੰ ਪੂਰੀ ਤਰ੍ਹਾਂ ਗਲਤ ਜਾਂ ਨਾਹੱਕੀ ਨਹੀਂ ਸਮਝਦੇਉਹ ਇਹ ਸਵਾਲ ਪੁੱਛੇ ਬਿਨਾਂ ਮਨੁੱਖੀ ਅਧਿਕਾਰਾਂ ਦੀ ਦਲੀਲ ਤੋਂ ਕਾਇਲ ਹੋ ਜਾਂਦੇ ਹਨ, “ਕੀ ਇਕੱਲੀ ਸਰਕਾਰ ਹੀ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਕਰ ਰਹੀ ਹੈ ਜਾਂ ਅਸਲ ਵਿੱਚ ਉਹ ਲੋਕ ਵੀ ਮਨੁੱਖੀ ਅਧਿਕਾਰਾਂ ਨੂੰ ਭੰਗ ਕਰ ਰਹੇ ਹਨ?” ਇਸ ਲਈ ਉੱਥੋਂ ਦੀ ਸਿਆਸਤ ਦੇ ਸੁਭਾਅ ਅਤੇ ਸਿਆਸੀ ਸਮੱਸਿਆ ਦੀ ਕਿਸਮ ਬਾਰੇ ਇੱਕ ਸਾਧਾਰਣ ਸਮਝ ਹੈ ਇਸਦੇ ਨਤੀਜੇ ਵਜੋਂ, ਇਨ੍ਹਾਂ ਵਿੱਚੋਂ ਕਈ ਅਤਿਵਾਦੀ ਗਰੁੱਪ, ਉਦਾਹਰਨ ਲਈ ਖਾਲਿਸਤਾਨੀ, ਕੁਝ ਹਮਦਰਦੀ, ਲੈਣ ਵਿੱਚ ਕਾਮਯਾਬ ਹੋ ਜਾਂਦੇ ਹਨ, ਆਪਣੀ ਗੱਲ ਸੁਣਾਉਣ ਦੇ ਕਾਬਲ ਹੋ ਜਾਂਦੇ ਹਨਇੱਥੋਂ ਤੱਕ ਕਿ ਡੇਵਿਡ ਕਿਲਗੋਰ, ਜਿਹੜਾ ਕਿ ਇੱਕ ਵਧੀਆ ਇਨਸਾਨ ਹੈ, ਅਤੇ ਮੇਰੇ ਮਨ ਵਿੱਚ ਉਸ ਦੀ ਕਾਫੀ ਇੱਜ਼ਤ ਹੈ, ਵਰਗੇ ਲੋਕ ਵੀ ਉਨ੍ਹਾਂ ਦੇ ਪ੍ਰਭਾਵ ਹੇਠ ਆ ਜਾਂਦੇ ਹਨਉਹ ਇੱਕ ਬਹੁਤ ਚੁਸਤ ਸਿਆਸਤਦਾਨ ਹੈ, ਇਸ ਲਈ ਹੁਣ ਉਸ ਨੇ ਉਨ੍ਹਾਂ ਤੋਂ ਕੁਝ ਵਿੱਥ ਬਣਾ ਲਈ ਹੈਪਰ ਕਈ ਚੰਗੇ ਅਤੇ ਕਾਮਯਾਬ ਸਿਆਸਤਦਾਨ ਇਨ੍ਹਾਂ ਗਰੁੱਪਾਂ ਦੀ ਅਪੀਲ ਦੇ ਅਸਰ ਹੇਠ ਆਏ ਹਨਇਸ ਲਈ ਬਲਾਕ ਵੋਟਿੰਗ ਕੁਝ ਮੌਕਾਪ੍ਰਸਤ ਸਿਆਸਤਦਾਨਾਂ ਨੂੰ ਸਾਡੀ ਕਮਿਊਨਿਟੀ ਦੇ ਕੁਝ ਮੈਂਬਰਾਂ, ਜਿਹੜੇ ਕਿ ਵੋਟਾਂ ਪਵਾ ਸਕਦੇ ਹਨ, ਦੀਆਂ ਸੇਵਾਵਾਂ ਉੱਤੇ ਨਿਰਭਰ ਕਰ ਦਿੰਦੀ ਹੈ

? ਮੈਂਨੂੰ ਉਨ੍ਹਾਂ ਲੋਕਾਂ ਬਾਰੇ ਦੱਸੋ ਜਿਹੜੇ ਸਿਆਸੀ ਤੌਰ ਉੱਤੇ ਤੁਹਾਡੇ ਨੇੜੇ ਰਹੇ ਹਨ?

: ਕਦੋਂ ਤੋਂ?

? ਤੁਹਾਡੀ ਸਾਰੀ ਜ਼ਿੰਦਗੀ ਵਿੱਚ?

: ਸ਼ਾਇਦ ਇਹ ਸਭ ਤੋਂ ਔਖਾ ਸਵਾਲ ਹੈਇਸ ਵਿੱਚ ਲਗਾਤਾਰ ਤਬਦੀਲੀ ਆ ਰਹੀ ਹੈਮੈਂ ਤੀਹਵਿਆਂ ਵਿੱਚ ਵੱਡਾ ਹੋ ਰਿਹਾ ਸੀਮੇਰਾ ਜਨਮ 1933 ਵਿੱਚ ਹੋਇਆ ਸੀਸੰਨ 1940 ਕੁ ਦੇ ਦੁਆਲੇ ਜਦੋਂ ਮੈਂ 7-8 ਸਾਲ ਦਾ ਸੀ, ਮੈਂ ਇਨ੍ਹਾਂ ਚੀਜ਼ਾਂ ਨੂੰ ਨੋਟਿਸ ਕਰਨਾ ਸ਼ੁਰੂ ਕੀਤਾਉਸ ਸਮੇਂ ਹਿੰਦੁਸਤਾਨ ਵਿੱਚ ਕੌਮੀ ਸਿਆਸਤ ਆਪਣੇ ਸਿਖਰ ਉੱਤੇ ਸੀਉਸ ਸਮੇਂ ਨਹਿਰੂ, ਗਾਂਧੀ ਆਦਿ ਦੇ ਨਾਂ ਘਰ ਘਰ ਜਾਣੇ ਜਾਂਦੇ ਸਨਸਾਨੂੰ ਸਾਰਿਆਂ ਨੂੰ ਉਨ੍ਹਾਂ ਬਾਰੇ ਪਤਾ ਸੀਭਗਤ ਸਿੰਘ ਸਾਡਾ ਪੰਜਾਬੀਆਂ ਦਾ ਆਪਣਾ ਹੀਰੋ ਸੀਗਦਰੀ ਬਾਬੇਨਾਇਕੀ, ਸਿਆਸੀ ਪ੍ਰਤੀਬੱਧਤਾ ਅਤੇ ਬਹਾਦਰੀ ਦੀਆਂ ਇਹ ਘਰ ਘਰ ਦੱਸੀਆਂ ਜਾਣ ਵਾਲੀਆਂ ਕਹਾਣੀਆਂ ਸਨ

ਇਸ ਤਰ੍ਹਾਂ ਉਸ ਸਮੇਂ ਇਹ ਲੋਕ ਸਨਮੇਰਾ ਆਪਣਾ ਪਰਿਵਾਰ ਕਾਫੀ ਸਿਆਸੀ ਸੀਮੇਰਾ ਬਾਪ ਸਿਆਸਤ ਵਿੱਚ ਕਾਫੀ ਸਰਗਰਮ ਸੀ ਮੈਂਨੂੰ ਯਾਦ ਹੈ, ਸ਼ਾਇਦ ਇਹ 1942 ਦੀ ਗੱਲ ਹੈ ਕਿ ਸਾਡੇ ਪਿੰਡ ਵਿੱਚ ਕਮਿਊਨਿਸਟ ਪਾਰਟੀ ਦੀ ਇੱਕ ਕਾਨਫਰੰਸ ਸੀਇਹ ਸ਼ਾਇਦ ਵਿਸਾਖੀ ਦੇ ਮੌਕੇ ਦੀ ਗੱਲ ਹੈਮੇਰੇ ਬਾਪ ਨੇ ਲਾਲ ਝੰਡਾ ਲਹਿਰਾਇਆ ਅਤੇ ਫਿਰ ਇਸ ਬਾਰੇ ਬੋਲਿਆਮੇਰਾ ਖਿਆਲ ਹੈ ਕਿ ਮੈਂ ਉਸ ਸਮੇਂ ਚੌਥੀ ਜਮਾਤ ਵਿੱਚ ਹੋਵਾਂਗਾਅਤੇ ਮੈਂ ਉਸ ਨੂੰ ਪਹਿਲੀ ਵਾਰ ਬੋਲਦਿਆਂ ਸੁਣਿਆਉਸ ਵੇਲੇ ਮੈਂ 9 ਸਾਲਾਂ ਦਾ ਸੀਉਸ ਨੇ ਲਾਲ ਝੰਡੇ ਦੇ ਇਤਿਹਾਸ ਬਾਰੇ ਗੱਲ ਕੀਤੀ ਅਤੇ ਸੰਨ 1870 ਵਿੱਚ ਸ਼ਿਕਾਗੋ ਵਿੱਚ ਹੋਏ ਕਤਲੇਆਮ ਦੀ ਗੱਲ ਕੀਤੀ ਅਤੇ ਕਿਸ ਤਰ੍ਹਾਂ ਇਹ ਝੰਡਾ ਯੂਰਪ ਅਤੇ ਅਤੇ ਹੋਰ ਥਾਂਵਾਂ ਉੱਤੇ ਸਨਅਤੀ ਕਾਮਿਆਂ ਦੀਆਂ ਜੱਦੋਜਹਿਦਾਂ ਦੌਰਾਨ ਹੋਂਦ ਵਿੱਚ ਆਇਆਉਸ ਨੇ ਮਾਰਕਸ ਅਤੇ ਹੋਰ ਲੋਕਾਂ ਬਾਰੇ ਗੱਲ ਕੀਤੀ

ਇਸ ਤਰ੍ਹਾਂ ਸਿਆਸਤ ਨਾਲ ਇਹ ਮੇਰਾ ਪਹਿਲਾ ਵਾਹ ਸੀ ਅਤੇ ਉਹ (ਮੇਰਾ ਬਾਪ) ਮੇਰੇ ਲਈ ਇੱਕ ਹੀਰੋ ਸੀਮੈਂ ਉਸ ਵੱਲ ਬੜੇ ਮਾਣ ਨਾਲ ਦੇਖਦਾ ਸੀ ਅਤੇ ਹੋਰ ਵੀ ਲੋਕ ਉਸ ਵੱਲ ਮਾਣ ਨਾਲ ਦੇਖਦੇ ਸਨਉਹ ਬਹੁਤ ਸਾਰੀਆਂ ਸਿਆਸੀ ਸਰਗਰਮੀਆਂ ਦਾ ਕੇਂਦਰ ਸੀਸਾਡਾ ਘਰ ਇੱਕ ਕਮਿਊਨ ਵਾਂਗ ਸੀਇਲੈਕਸ਼ਨਾਂ ਦੌਰਾਨ ਬਹੁਤ ਸਾਰੇ ਲੋਕ ਆਉਂਦੇ ਜਾਂਦੇ ਰਹਿੰਦੇ ਸਨਉਹ ਹਮੇਸ਼ਾ ਸਰਗਰਮ ਰਹਿੰਦਾ ਸੀਉਹ ਇੱਕ ਮਹੱਤਵਪੂਰਨ ਵਿਅਕਤੀ ਸੀ

ਫਿਰ 1950ਵਿਆਂ ਦਾ ਦੌਰ ਆਇਆ, ਦੂਜੀ ਸੰਸਾਰ ਜੰਗ ਤੋਂ ਬਾਅਦ ਦਾ ਦੌਰਮਾਓ ਇੱਕ ਮਹਾਨ ਹੀਰੋ ਸੀ ਮੈਂਨੂੰ ਯਾਦ ਹੈ ਕਿ ਸੰਨ 1949 ਵਿੱਚ ਆਲ ਇੰਡੀਆ ਸਟੂਡੈਂਟ ਫੈਡਰੇਸ਼ਨ ਦੀ ਕਾਨਫਰੰਸ ਜਲੰਧਰ ਵਿਖੇ ਹੋਈ ਸੀਉਸ ਸਮੇਂ ਸੁਲਤਾਨ ਨਿਆਜ਼ੀ ਆਲ ਇੰਡੀਆ ਸਟੂਡੈਂਟ ਫੈਡਰੇਸ਼ਨ ਦਾ ਲੀਡਰ ਹੁੰਦਾ ਸੀਅਲੀਗੜ੍ਹ ਯੂਨੀਵਰਸਿਟੀ ਤੋਂ ਇੱਕ ਹੋਣਹਾਰ ਵਿਅਕਤੀ ਸੀ ਅਤੇ ਉਸ ਦਾ ਸੰਬੰਧ ਇੱਕ ਬਹੁਤ ਹੀ ਸਥਾਪਤ ਅਕਾਦਮਿਕ ਪਰਿਵਾਰ ਨਾਲ ਸੀਉਹ ਉੱਥੇ ਆਇਆ ਅਤੇ ਬੋਲਿਆਸਰਦਾਰ ਜ਼ਫਰੀ ਬੰਬਈ ਤੋਂ ਆਇਆ, ਅਤੇ ਉਸ ਨੇ ਚੀਨ ਅਤੇ ਮਾਓ ਬਾਰੇ ਕਵਿਤਾ ਪੜ੍ਹੀ, “ਹਿਮਾਲੀਆ ਕੀ ਚੋਟੀਓਂ ਸੇ ਮਾਉ ਚਿਲਾ ਰਹਾ ਹੈ, ਇਨਕਲਾਬ ਆ ਰਹਾ ਹੈ, ਇਨਕਲਾਬ ਆ ਰਹਾ ਹੈ।” ਇਸ ਤਰ੍ਹਾਂ ਮਾਓ ਬਹੁਤ ਵੱਡੀ ਸ਼ਖਸੀਅਤ ਸੀ

1950ਵਿਆਂ ਵਿੱਚ ਮੈਂਨੂੰ ਹੋ ਚੀ ਮਿੰਨ੍ਹ ਨੇ ਵੀ ਕਾਫੀ ਪ੍ਰਭਾਵਤ ਕੀਤਾਉਹ ਇਤਿਹਾਸਕ ਮਹੱਤਤਾ ਵਾਲੀ ਇੱਕ ਕਾਫੀ ਮਹੱਤਵਪੂਰਨ ਸ਼ਖਸੀਅਤ ਸੀਪਹਿਲਾਂ ਫਰਾਂਸੀਸੀ ਬਸਤੀਵਾਦ ਵਿਰੁੱਧ ਅਤੇ ਬਾਅਦ ਵਿੱਚ ਅਮਰੀਕਨ ਬਸਤੀਵਾਦ ਵਿਰੁੱਧ ਵੀਅਤਨਾਮੀਆਂ ਦਾ ਸੰਘਰਸ਼ ਬਹੁਤ ਜ਼ਿਆਦਾ ਮਹੱਤਵਪੂਰਨ ਹੈਅਤੇ ਮੇਰਾ ਧਿਆਨ ਉਸ ਵੱਲ ਹੋਇਆਹਿੰਦੁਸਤਾਨ ਵਿੱਚ ਗੋਪਾਲਨ ਅਤੇ ਸੁੰਦਰੀਆ, ਡਾਂਗੇ ਕਾਫੀ ਵਧੀਆ ਪਾਰਲੀਮੈਂਟੇਰੀਅਨ ਸਨਨੰਬੂਦਰੀਪਾਦ, ਮੈਂ ਉਸ ਨੂੰ ਨਿੱਜੀ ਤੌਰ ਉੱਤੇ ਮਿਲਿਆ ਸੀਮੇਰਾ ਖਿਆਲ ਹੈ ਕਿ ਮੈਂ ਜਲੰਧਰ ਦੇ ਰੇਲਵੇ ਸਟੇਸ਼ਨ ਉੱਤੇ ਉਸ ਦਾ ਸਵਾਗਤ ਕਰਨ ਵਾਲਿਆਂ ਵਿੱਚੋਂ ਇੱਕ ਸੀਡਾ. ਸੈਫੂਦੀਨ ਕਿਚਲੂ, ਅਮਨ ਲਹਿਰ ਦਾ ਮਸ਼ਹੂਰ ਕਾਰਕੁੰਨ ਸੀ, ਅਜ਼ਾਦੀ ਦੀ ਲੜਾਈ ਦਾ ਹੀਰੋ

ਉਸ ਸਮੇਂ ਦੇ ਕੁਝ ਹੋਰ ਲੋਕਾਂ ਵਿੱਚ ਸ਼ਾਮਲ ਸੀ ਨਰਿੰਦਰ ਸ਼ਰਮਾਅਸੀਂ ਜਲੰਧਰ ਵਿੱਚ ਇਕੱਠੇ ਕੰਮ ਕਰਦੇ ਸੀ ਜਦੋਂ ਮੈਂ ਥੋੜ੍ਹਾ ਚਿਰ ਲਈ ਪਾਰਟੀ ਦੇ ਹੋਲਟਾਇਮਰ ਵਜੋਂ ਕੰਮ ਕੀਤਾਬਹੁਤ ਵਧੀਆ ਬੰਦਾ ਸੀਹੁਣ ਵੀ ਮੈਂ ਜਦੋਂ ਵੀ ਜਾਵਾਂ ਮੈਂ ਉਸ ਨੂੰ ਦਿੱਲੀ ਵਿੱਚ ਮਿਲਦਾ ਹਾਂਦਰਸ਼ਨ ਸਿੰਘ ਕੈਨੇਡੀਅਨ ਬਹੁਤ ਪ੍ਰਤਿਭਾਵਾਨ ਸੀਮੇਰੀ ਸ਼ਾਇਦ ਸਦਾ ਹੀ ਸਿਆਸਤ ਵਿੱਚ ਜ਼ਿਆਦਾ ਬੌਧਿਕ ਤਰ੍ਹਾਂ ਦੀ ਰੁਚੀ ਰਹੀ ਹੈ, ਅਤੇ ਸਾਡੇ ਵਿੱਚੋਂ ਜਿਹੜੇ ਲੋਕ ਇਸ ਤਰ੍ਹਾਂ ਦੀ ਰੁਚੀ ਰੱਖਦੇ ਸੀ, ਉਨ੍ਹਾਂ ਨੂੰ ਦਰਸ਼ਨ (ਕੈਨੇਡੀਅਨ) ਅਪੀਲ ਕਰਦਾ ਸੀਉਹ ਬਹੁਤ ਵਧੀਆ ਸ਼ਖਸੀਅਤ ਸੀਸੱਤਪਾਲ ਡਾਂਗ ਦੀ ਵੀ ਮੇਰੇ ਮਨ ਵਿੱਚ ਹਮੇਸ਼ਾ ਬਹੁਤ ਇੱਜ਼ਤ ਰਹੀ ਹੈਸੁਰਜੀਤ (ਸ਼ਾਇਦ ਉਹ ਹਰਕਿਸ਼ਨ ਸਿੰਘ ਸੁਰਜੀਤ ਦੀ ਗੱਲ ਕਰ ਰਹੇ ਹਨ-ਮੁਲਾਕਾਤੀ), ਮੈਂ ਉਸ ਨੂੰ ਜਾਣਦਾ ਸੀ, ਪਰ ਮੈਂ ਉਸ ਦੇ ਕਦੇ ਵੀ ਨੇੜੇ ਨਹੀਂ ਰਿਹਾਮੇਰਾ ਬਾਪ ਸੀ ਪੀ ਐੱਮ ਦਾ ਸਮਰਥਕ ਸੀ ਅਤੇ ਜਦੋਂ ਪਾਰਟੀ ਵਿੱਚ ਦੁਫਾੜ ਪਿਆ, ਉਸ ਸਮੇਂ ਮੈਂ ਪਹਿਲਾਂ ਹੀ ਇੱਧਰ ਆ ਚੁੱਕਾ ਸੀਇਹ ਗੱਲ 1965 ਜਾਂ 1966 ਵਿੱਚ ਵਾਪਰੀਸੁਰਜੀਤ ਨੂੰ ਪਾਰਟੀ ਦੇ ਦਫਤਰ ਤੋਂ ਜਾਣਦਾ ਸੀ, ਜਿਹੜਾ ਉਸ ਵੇਲੇ ਜਲੰਧਰ ਵਿੱਚ ਹੁੰਦਾ ਸੀ, ਅਤੇ ਅਸੀਂ ਹਮੇਸ਼ਾ ਆਉਂਦੇ ਜਾਂਦੇ ਰਹਿੰਦੇ ਸੀਦੁਫਾੜ ਤੋਂ ਬਾਅਦ ਮੈਂ ਜਦੋਂ ਵੀ ਵਾਪਸ ਜਾਂਦਾ ਤਾਂ ਉਸ ਨੂੰ ਇੱਕ ਅੱਧ ਵਾਰ ਮਿਲਦਾ

ਵਿਦੇਸ਼ੀ ਲੀਡਰਾਂ ਵਿੱਚੋਂ ਨੈਲਸਨ ਮੰਡੇਲੇ ਨੇ ਮੈਂਨੂੰ ਹਮੇਸ਼ਾ ਅਪੀਲ ਕੀਤਾ ਹੈਉਸ ਦੀ ਬਹੁਤ ਮੁਸ਼ਕਿਲਾਂ ਭਰੀ ਜ਼ਿੰਦਗੀ ਅਤੇ ਸਖਤ ਕੰਮ ਨੇ ਹਮੇਸ਼ਾ ਮੇਰਾ ਧਿਆਨ ਖਿੱਚਿਆ ਹੈਜਦੋਂ ਮੈਂ ਇੱਥੇ ਪੜ੍ਹਾਉਣਾ ਸ਼ੁਰੂ ਕੀਤਾ, ਤਾਂ ਤੀਜੀ ਦੁਨੀਆ ਦੇ ਵਿਕਾਸ ਬਾਰੇ ਪੜ੍ਹਾਉਣ ਦੌਰਾਨ ਮੈਂ ਤੀਜੀ ਦੁਨੀਆ ਦੇ ਹੋਰ ਲੀਡਰਾਂ ਜਿਵੇਂ ਤਨਜ਼ਾਨੀਆ ਦੇ ਜੂਲੀਅਸ ਨਾਇਰਿਅਰ ਦੇ ਕੰਮ ਤੋਂ ਜਾਣੂ ਹੋਇਆ ਮੈਂਨੂੰ ਉਹ ਬਹੁਤ ਹੀ ਅਕਰਸ਼ਕ ਸ਼ਖਸੀਅਤ ਲੱਗਦਾ ਸੀਘਾਨਾ ਦਾ ਨੇਤਾ ਨਕੁਰਮਾਹ, ਉਹਦੇ ਬਸਤੀਵਾਦੀ ਅਤੇ ਸਾਮਰਾਜ ਵਿਰੋਧੀ ਵਿਚਾਰਾਂ ਤੋਂ ਚੰਗਾ ਲੱਗਦਾ ਸੀਉਸ ਨੇ ਨਵ-ਬਸਤੀਵਾਦ ਬਾਰੇ ਇੱਕ ਜਾਂ ਦੋ ਕਿਤਾਬਾਂ ਵੀ ਲਿਖੀਆਂ ਸਨਮੇਰੇ ਲਈ ਉਹ ਬਹੁਤ ਹੀ ਉਤਸੁਕਤਾ ਜਗਾਉਣ ਵਾਲੀ ਸ਼ਖਸੀਅਤ ਸੀਬਿਨਾਂ ਸ਼ੱਕ ਕਾਸਟਰੋ, ਉਹ ਅਜੇ ਵੀ ਮੇਰੀ ਕਲਪਨਾ ਵਿੱਚ ਥੋੜ੍ਹਾ ਜਿਹਾ ਜੋਸ਼ ਭਰ ਦਿੰਦਾ ਹੈ

ਇੱਥੇ ਜਿਵੇਂ ਮੈਂ ਤੁਹਾਨੂੰ ਦੱਸਿਆ ਡਗਲਸ (ਟੌਮੀ ਡਗਲਸ) ਇੱਕ ਬਹੁਤ ਹੀ ਵਧੀਆ ਨੇਤਾ ਸੀ ਅਤੇ ਉਸ ਨੇ ਮੈਂਨੂੰ ਪ੍ਰਭਾਵਿਤ ਕੀਤਾ ਸੀਪਰ ਜਦੋਂ ਤੁਸੀਂ ਇੱਕ ਅਕਾਦਮਿਕ ਬਣ ਜਾਂਦੇ ਹੋ, ਤਾਂ ਮੇਰਾ ਖਿਆਲ ਹੈ ਕਿ ਤੁਸੀਂ ਇਹਨਾਂ ਲੋਕਾਂ ਬਾਰੇ ਵੱਖਰੀ ਤਰ੍ਹਾਂ ਦੇਖਣ ਲੱਗਦੇ ਹੋਬਹੁਤੀ ਵਾਰ ਸਿਰਫ ਪ੍ਰੇਰਨਾ ਦਾ ਸ੍ਰੋਤ ਬਣੇ ਰਹਿਣ ਦੀ ਥਾਂ ਉਹ ਤੁਹਾਡੇ ਵਿਸ਼ਲੇਸ਼ਣ ਦੀ ਸਮੱਗਰੀ ਬਣ ਜਾਂਦੇ ਹਨ ਅਤੇ ਤੁਹਾਡਾ ਉਨ੍ਹਾਂ ਬਾਰੇ ਇੱਕ ਵੱਖਰਾ ਨਜ਼ਰੀਆ ਬਣ ਜਾਂਦਾ ਹੈ

? ਕੈਨੇਡਾ ਵਿੱਚ ਤੁਹਾਡੇ ਲਈ ਕੀ ਮਹੱਤਵਪੂਰਨ ਹੈ?

: ਮੇਰਾ ਖਿਆਲ ਹੈ ਕਿ ਸਿਆਸਤ ਵਿੱਚ ਜਿਹੜੀ ਗੱਲ ਖਤਰਨਾਕ ਹੈ, ਉਹ ਹੈ ਸੱਜੇ ਪੱਖੀਆਂ ਦੀ ਹੋਂਦ ਦਾ ਲਗਾਤਾਰ ਕਾਇਮ ਰਹਿਣਾ, ਅਤੇ ਨਵੇਂ ਸੱਜੇ-ਪੱਖੀਆਂ ਦੀ ਹੋਂਦ ਅਤੇ ਸਰਗਰਮੀਆਂ ਦਾ ਲਗਾਤਾਰ ਕਾਇਮ ਰਹਿਣਾਇਹਨਾਂ ਵੱਲੋਂ, ਰੀਫਾਰਮ ਪਾਰਟੀ ਦੇ ਕਾਰਕੁੰਨਾਂ ਵੱਲੋਂ ਸ਼ੁਰੂ ਕੀਤੀ ਸਿਆਸਤ ਨੂੰ ਦੁਬਾਰਾ ਖੜ੍ਹੀ ਕਰਨ ਦੇ ਯਤਨ ਮੇਰੇ ਲਈ ਲਗਾਤਾਰ ਫਿਕਰ ਦਾ ਕਾਰਨ ਹਨ

ਅੰਤਰਰਾਸ਼ਟਰੀ ਪੱਧਰ ਉੱਤੇ ਜੀ-7 ਗਰੁੱਪ ਦੇ ਰੂਪ ਵਿੱਚ ਨਵ-ਬਸਤੀਵਾਦ ਨੂੰ ਪੱਕਾ ਕਰਨ ਦੇ ਯਤਨਾਂ ਵਿੱਚ ਕੈਨੇਡਾ ਜਿਹੜਾ ਰੋਲ ਨਿਭਾ ਰਿਹਾ ਹੈ, ਉਸ ਦਾ ਮੈਂਨੂੰ ਬਹੁਤ ਫਿਕਰ ਹੈਮੇਰਾ ਖਿਆਲ ਹੈ ਕਿ ਇਹ ਅਜਿਹੀ ਤਾਕਤ ਹੈ ਜੋ ਗਲੋਬਲ ਪੱਧਰ ਉੱਤੇ ਇੱਕ ਨਵੀਂ ਤਰ੍ਹਾਂ ਦਾ ਅਰਧ-ਬਸਤੀਵਾਦੀ ਢਾਂਚਾ ਉਸਾਰ ਸਕਦੀ ਹੈ, ਅਤੇ ਇਸ ਵਿੱਚ ਕੈਨੇਡਾ ਵੱਲੋਂ ਨਿਭਾਏ ਜਾ ਰਹੇ ਰੋਲ ਬਾਰੇ ਮੇਰੇ ਮਨ ਵਿੱਚ ਚਿੰਤਾ ਹੈਲਿਬਰਲ ਅਤੇ ਟੋਰੀਆਂ ਅਤੇ ਨਵੀਂ ਸੱਜੇ ਪੱਖੀ ਰਿਫਾਰਮ ਪਾਰਟੀ ਦੇ ਗਲੋਬਲਾਈਜੇਸ਼ਨ ਦੇ ਅਜੰਡੇ ਬਾਰੇ ਮੈਂਨੂੰ ਚਿੰਤਾ ਹੈਇਹ ਤਿੰਨੇ ਪਾਰਟੀਆਂ, ਥੋੜ੍ਹੇ ਬਹੁਤ ਫਰਕ ਨਾਲ ਇਸ ਗਲੋਬਲਾਈਜੇਸ਼ਨ ਅਜੰਡੇ ਨਾਲ ਸਹਿਮਤ ਹਨਗਲੋਬਲਾਈਜੇਸ਼ਨ ਕੋਈ ਕੁਦਰਤੀ ਵਰਤਾਰਾ ਨਹੀਂ ਹੈਇਹ ਕੋਈ ਅਜਿਹੀ ਚੀਜ਼ ਨਹੀਂ ਹੈ ਕਿ ਸਾਨੂੰ ਇਸ ਨੂੰ ਅਪਣਾਉਣਾ ਹੀ ਪੈਣਾ ਹੈਇਹ ਅਜਿਹੀ ਚੀਜ਼ ਹੈ, ਜਿਸ ਨੂੰ ਜਾਂ ਅਸੀਂ ਉਤਸ਼ਾਹਿਤ ਕਰ ਸਕਦੇ ਹਾਂ ਜਾਂ ਜਿਸ ਵਿਰੁੱਧ ਅਸੀਂ ਲੜ ਸਕਦੇ ਹਾਂਕੈਨੇਡਾ ਵਿੱਚ ਇਸ ਵਿਰੁੱਧ ਲੜਨ ਦੀ ਸਿਆਸੀ ਇੱਛਾ ਦੀ ਘਾਟ, ਘੱਟੋ ਘੱਟ ਇਨ੍ਹਾਂ ਤਿੰਨ ਵੱਡੀਆਂ ਪਾਰਟੀਆਂ – ਲਿਬਰਲ, ਟੋਰੀ ਅਤੇ ਰਿਫਾਰਮ - ਵਿੱਚ ਇਸ ਇੱਛਾ ਦੀ ਘਾਟ, ਮੈਂਨੂੰ ਫਿਕਰਮੰਦ ਕਰਦੀ ਹੈਇਹਨਾਂ ਪਾਰਟੀਆਂ ਵਿੱਚ ਇਸ ਵਿਰੁੱਧ ਲੜਨ ਦੀ ਇੱਛਾ ਦੀ ਘਾਟ ਹੀ ਨਹੀਂ, ਸਗੋਂ ਇਸ ਨੂੰ ਉਤਸ਼ਾਹਿਤ ਕਰਨ ਦੀ ਇੱਛਾ ਮੈਂਨੂੰ ਫਿਕਰਮੰਦ ਕਰਦੀ ਹੈਸੋ ਇਸ ਤਰ੍ਹਾਂ ਅਲਬਰਟਾ ਦੀ ਸਿਆਸਤ, ਮੇਰੇ ਖਿਆਲ ਵਿੱਚ, ਇਸ ਗਲੋਬਲਾਈਜੇਸ਼ਨ ਦੇ ਅਜੰਡੇ ਨਾਲ ਜੁੜੀ ਹੋਈ ਹੈਤੁਸੀਂ ਇੱਕ ਨੂੰ ਦੂਜੇ ਤੋਂ ਵੱਖ ਕਰਕੇ ਨਹੀਂ ਦੇਖ ਸਕਦੇਉਹ ਦੋਵੇਂ ਰੁਝਾਨ ਇੱਕ ਦੂਜੇ ਨੂੰ ਸਥਾਪਤ ਕਰਨ ਵਿੱਚ ਹਿੱਸਾ ਪਾ ਰਹੇ ਹਨ

ਇਸ ਤਰ੍ਹਾਂ ਕੈਨੇਡਾ ਵਿੱਚ ਮੇਰੇ ਸਮੁੱਚੇ ਸਰੋਕਾਰ ਇਹ ਹਨਪਰ ਮੇਰੇ ਖਿਆਲ ਵਿੱਚ ਜਿਸ ਤਰ੍ਹਾਂ ਸਾਰੀ ਦੁਨੀਆ ਅਤੇ ਸੱਤਾ ਦੇ ਢਾਂਚਿਆਂ ਦਾ ਦੁਬਾਰਾ ਪੁਨਰਗਠਨ ਕੀਤਾ ਜਾ ਰਿਹਾ ਹੈ, ਉਹ ਇਸ ਵੇਲੇ ਠੀਕ ਨਹੀਂ ਹੋ ਰਿਹਾਜਿਸ ਦਿਸ਼ਾ ਨੂੰ ਉਹ ਜਾ ਰਹੇ ਹਨ, ਉਹ ਚਿੰਤਾ ਵਾਲੀ ਗੱਲ ਹੈ ਅਤੇ ਸਾਨੂੰ ਉਨ੍ਹਾਂ ਦਾ ਕਾਮਯਾਬੀ ਨਾਲ ਵਿਰੋਧ ਕਰਨ ਲਈ ਜਥੇਬੰਦ ਹੋਣਾ ਚਾਹੀਦਾ ਹੈਪਿਛਲੇ 10-15 ਸਾਲਾਂ ਤੋਂ ਮੇਰਾ ਇਹ ਫਿਕਰ ਹੈ ਅਤੇ ਜਦੋਂ ਦਾ ਮੈਂ ਸਿਆਸਤ ਵਿੱਚ ਦਾਖਲ ਹੋਇਆ ਹਾਂ, ਇਹ ਫਿਕਰ ਹੋਰ ਡੂੰਘਾ ਹੋ ਗਿਆ ਹੈ

? ਕੋਈ ਅਜਿਹੀ ਗੱਲ ਜਿਹੜੀ ਮੈਂ ਨਾ ਪੁੱਛੀ ਹੋਵੇ ਅਤੇ ਤੁਸੀਂ ਦੱਸਣੀ ਚਾਹੁੰਦੇ ਹੋਵੋ?

: ਨਹੀਂਮੇਰਾ ਖਿਆਲ ਹੈ ਕਿ ਸਾਨੂੰ ਖੱਬੇ ਪੱਖੀਆਂ ਨੂੰ ਜਿਹੜਾ ਸਵਾਲ ਪੁੱਛਣਾ ਚਾਹੀਦਾ ਹੈ, ਉਹ ਇਹ ਹੈ: “ਖੱਬੇ ਪੱਖੀ ਹੋਣ ਦਾ ਕੀ ਮਤਲਬ ਹੈ? ਖੱਬੇ ਪੱਖ ਦੇ ਭਵਿੱਖ ਵਿੱਚ ਕੀ ਕੁਝ ਬੱਚਿਆ ਹੈ? ਕੀ ਖੱਬੇ ਪੱਖ ਦਾ ਕੋਈ ਭਵਿੱਖ ਹੈ?” ਇਹ ਸਵਾਲ ਹੈ, ਜਿਹੜਾ ਮੈਂਨੂੰ ਤੰਗ ਕਰਦਾ ਰਹਿੰਦਾ ਹੈ ਸੋਸ਼ਲ ਡੈਮੋਕਰੈਟਿਕ ਖੱਬਾ ਪੱਖ, ਜਿਹਦੇ ਨਾਲ ਮੈਂ ਆਪਣੇ ਆਪ ਨੂੰ ਜੋੜਿਆ ਹੈ, ਉਹ ਇਸ ਸਦੀ ਦੇ ਕੇਅਨਜ਼ਵਾਦ ਵਿੱਚੋਂ ਪੈਦਾ ਹੋਇਆ ਹੈ, ਕੇਅਨਜ਼ਵਾਦ ਦੀ ਚੜ੍ਹਤ ਅਤੇ ਉਸ ਵਿੱਚੋਂ ਨਿਕਲਿਆ ਸਰਕਾਰ ਚਲਾਉਣ ਦਾ ਢੰਗਕੇਅਨਜ਼ਵਾਦ ਆਪਣੀ ਕਾਰਗਰਤਾ, ਸਿਆਸਤ ਦੇ ਸੰਦ ਵਜੋਂ ਆਪਣੀ ਵਰਤੋਂ, ਅਤੇ ਸਿਆਸਤ ਨੂੰ ਸਮਝਣ ਦੇ ਚੌਖਟੇ ਵਜੋਂ ਆਪਣੀ ਮਹੱਤਤਾ ਗਵਾ ਚੁੱਕਾ ਹੈ

ਇਸ ਤੋਂ ਅਗਾਂਹ ਕੀ ਹੈ? ਪੂੰਜੀਵਾਦ ਨੇ 1980ਵਿਆਂ ਅਤੇ 1990ਵਿਆਂ ਦੀਆਂ ਬਦਲੀਆਂ ਸਥਿਤੀਆਂ ਵਿੱਚ ਆਪਣੇ ਆਪ ਨੂੰ ਪੁਨਰਸ਼ਕਤੀਸ਼ਾਲੀ ਬਣਾ ਲਿਆ ਹੈ, ਕਿਉਂਕਿ ਇਸਦੀ ਹੋਂਦ ਨੂੰ ਅੰਤਰਾਸ਼ਟਰੀ ਤੌਰ ਉੱਤੇ ਕਿਸੇ ਸਟੇਟ ਤੋਂ ਖਤਰਾ ਨਹੀਂ ਰਿਹਾਜਿਹੜਾ ਖਤਰਾ ਇਸ ਨੂੰ ਸੋਵੀਅਤ ਯੂਨੀਅਨ ਅਤੇ ਉਸ ਦੇ ਮਿੱਤਰ ਰਾਸ਼ਟਰਾਂ ਤੋਂ ਸੀ, ਉਹ ਖਤਮ ਹੋ ਗਿਆ ਹੈਇਸ ਲਈ ਇਹ ਇਸ ਸਮੇਂ ਆਪਣੇ ਆਪ ਨੂੰ ਆਜ਼ਾਦ ਸਮਝਦਾ ਹੈਖੱਬੇ ਪੱਖ ਕੋਲ ਇਸਦਾ ਕੋਈ ਬਦਲ ਨਹੀਂ ਹੈ, ਜਿਸ ਬਾਰੇ ਅਸੀਂ ਗੱਲ ਕਰ ਸਕੀਏਜਦੋਂ ਇਹ (ਖੱਬੇ ਪੱਖੀ) 1970ਵਿਆਂ ਦੀ ਗੱਲ ਕਰਦੇ ਹਨ ਤਾਂ ਉਹ ਭੂਤ ਵੱਲ ਦੇਖ ਰਹੇ ਹੁੰਦੇ ਹਨਇਹ ਉਸ ਚੀਜ਼ ਦੀ ਗੱਲ ਕਰਦੇ ਹਨ ਜੋ ਆਪਣੀ ਸਾਖ ਗਵਾ ਚੁੱਕੀ ਹੈ1970ਵਿਆਂ ਅਤੇ 1980ਵਿਆਂ ਵਿੱਚ ਖੱਬੇਪੱਖੀ ਖੁਦ ਇਸਦੇ ਵਿਰੁੱਧ ਸਨ1970ਵਿਆਂ ਅਤੇ 1980ਵਿਆਂ ਵਿੱਚ ਅਸੀਂ ਕੇਅਨਜ਼ਵਾਦ ਦੇ ਵੱਡੇ ਆਲੋਚਕ ਸੀਹੁਣ ਅਸੀਂ ਇਸ ਤੋਂ ਅਗਾਂਹ ਕਿੱਥੇ ਜਾਈਏ? ਇਸ ਤਰ੍ਹਾਂ ਖੱਬਾ-ਪੱਖ ਸੰਕਟ ਵਿੱਚ ਹੈਇਹ ਅਜਿਹੀ ਚੀਜ਼ ਹੈ, ਜਿਸ ਬਾਰੇ ਅਸੀਂ ਕੋਈ ਗੱਲ ਨਹੀਂ ਕੀਤੀ, ਅਤੇ ਇਹ ਕਿਸ ਤਰ੍ਹਾਂ ਦਾ ਰੂਪ ਲਵੇਗਾ, ਉਹ ਇੱਕ ਵੱਖਰੀ ਗੱਲ ਹੈਸਮਾਜਵਾਦਜੇ ਪੂੰਜੀਵਾਦ ਸੰਕਟ ਵਿੱਚ ਹੈ ਅਤੇ ਆਪਣੇ ਸੰਕਟ ਦੇ ਰੁਝਾਨ ਵੱਧ ਤੋਂ ਵੱਧ ਬੁਰੀ ਤਰ੍ਹਾਂ ਦਿਖਾ ਰਿਹਾ ਹੈਜੇ ਅਰਬਾਂ ਲੋਕਾਂ ਨੇ ਸੜਕਾਂ ਉੱਤੇ ਆ ਜਾਣਾ ਹੈ, ਭੁੱਖ ਅਤੇ ਨਿਰਾਸਤਾ ਦਾ ਸਾਹਮਣਾ ਕਰਨਾ ਹੈ, ਤਾਂ ਸਾਨੂੰ ਕਿਸੇ ਬਦਲ ਬਾਰੇ ਸੋਚਣ ਦੀ ਲੋੜ ਹੈਕੋਈ ਨਾ ਕੋਈ ਬਦਲ ਜ਼ਰੂਰ ਹੋਵੇਗਾ, ਪਰ ਬਦਲ ਕੀ ਹੈ? ਇਹ ਕਿਸ ਤਰ੍ਹਾਂ ਦਾ ਰੂਪ ਲਵੇਗਾ?

ਇਸ ਲਈ ਸਾਨੂੰ ਪੂੰਜੀਵਾਦ ਦੇ ਖੱਬੇ ਪੱਖੀ ਬਦਲ ਦੀ ਨਿਸ਼ਾਨਦੇਹੀ ਕਰਨੀ ਪਵੇਗੀਜੇ ਇਸ ਨੂੰ ਸਮਾਜਵਾਦ ਕਿਹਾ ਜਾਵੇਗਾ ਤਾਂ ਇਸਦਾ ਅਸਲ ਮਤਲਬ ਕੀ ਹੋਵੇਗਾ? ਅਤੇ ਖੱਬੇ-ਪੱਖੀ ਇਹ ਬੁਨਿਆਦੀ ਸਵਾਲ ਨਹੀਂ ਪੁੱਛ ਰਿਹਾਅਗਲੀ ਸਦੀ ਵਿੱਚ, ਅਗਲੇ 10-15 ਸਾਲਾਂ ਵਿੱਚ ਇਸਦਾ ਕੀ ਅਰਥ ਹੋਵੇਗਾ ਤਾਂ ਕਿ ਅਸੀਂ ਇਸ ਨੂੰ ਸਾਖ ਗਵਾ ਚੁੱਕੇ ਗਲੋਬਲ ਪੂੰਜੀਵਾਦ ਦੇ ਬਦਲ ਵਜੋਂ ਪੇਸ਼ ਕਰ ਸਕੀਏ? ਅਤੇ ਸਾਡੇ ਕੋਲ ਇਹ ਨਹੀਂ ਹੈ ਅਤੇ ਇੱਕ ਖੱਬੇ ਪੱਖੀ ਬੁੱਧੀਜੀਵੀ ਵਜੋਂ, ਇੱਕ ਖੱਬੇ ਪੱਖੀ ਸਿਆਸੀ ਵਿਅਕਤੀ ਵਜੋਂ, ਇਸ ਸਮੇਂ ਇਹ ਮੇਰਾ ਸਭ ਤੋਂ ਵੱਡਾ ਫਿਕਰ ਹੈ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)

(1957)

(ਸਰੋਕਾਰ ਨਾਲ ਸੰਪਰਕ ਲਈ:This email address is being protected from spambots. You need JavaScript enabled to view it.)

About the Author

ਸੁਖਵੰਤ ਹੁੰਦਲ

ਸੁਖਵੰਤ ਹੁੰਦਲ

Burnaby, British Columbia, Canada.
Email: (sukhwant.hundal123@gmail.com)