(ਜੂਨ 14, 2015)
ਮੈਂ ਕਿਹਾ, “ਸਾਊਥਾਲ ਤੋਂ ਮੇਰੇ ਰਿਸ਼ਤੇਦਾਰਾਂ ਨੇ ਆਉਣਾ ਸੀ, ਆਏ ਨਹੀਂ, ਲਗਦਾ ਹੈ ਮੇਰੀ ਤਾਰ ਉਨ੍ਹਾਂ ਨੂੰ ਮਿਲੀ ਨਹੀਂ।”
“ਤੁਸੀਂ ਸਾਊਥਾਲ ਜਾਣਾ ਹੈ ਤਾਂ ਆਓ ਮੇਰੇ ਨਾਲ, ਮੈਂ ਵੀ ਉੱਧਰ ਹੀ ਜਾਣਾ। ਮੈਂ ਟੈਕਸੀ ਫੜ ਰਿਹਾਂ। ਤੁਹਾਨੂੰ ਸਾਊਥਾਲ ਲਾਹ ਦਿਆਂਗੇ।”ਉਹਨੇ ਬੜੀ ਅਪਣੱਤ ਨਾਲ ਕਿਹਾ।
ਇਹ ਬੰਦਾ ਸਾਡੇ ਨਾਲ ਹੀ ਭਾਰਤ ਤੋਂ ਆਇਆ ਸੀ ਤੇ ਬੰਬਈ ਦੇ ਸਾਂਤਾਕਰੂਜ਼ ਏਅਰਪੋਰਟ ਉੱਤੇ ਮਿਲ ਪਿਆ ਸੀ। ਮੇਰੇ ਨਾਲ ਹੀ ਪਾਲਮ ਏਅਰਪੋਰਟ ਦਿੱਲੀ ਤੋਂ ਇੱਕ ਹੋਰ ਪੰਜਾਬੀ ਮੁੰਡਾ ਚੜ੍ਹਿਆ ਸੀ। ਉਹ ਲਗਦਾ ਤਾਂ ਅਨਪੜ੍ਹ ਸੀ ਪਰ ਗੱਲੀਂ ਬਾਤੀਂ ਚੋਖਾ ਚਲਾਕ ਬਣ ਰਿਹਾ ਸੀ। ਨਾਉਂ ਉਹਦਾ ਪਿਆਰਾ ਸੀ। ਸਾਡੀਆਂ ਸੀਟਾਂ ਨਾਲ ਨਾਲ ਸਨ। ਉਹ ਨਵਾਂ ਸ਼ਹਿਰ ਦੋਆਬੇ ਦੇ ਗੁਆਂਢੀ ਪਿੰਡ ਕਲਾਮ ਤੋਂ ਸੀ। ਉਹ ਇੰਝ ਖੁਸ਼ ਸੀ ਜਿਵੇਂ ਪਹਿਲੀ ਵਾਰ ਸੌਹਰੀਂ ਚੱਲਿਆ ਹੋਵੇ। ਮੈਂ ਕੁਝ ਉਦਾਸ ਜਿਹਾ ਸਾਂ। ਉਹ ਨੇ ਕਹਿ ਹੀ ਦਿੱਤਾ, “ਯਾਰ ਤੂੰ ਤਾਂ ਇੱਦਾਂ ਉਦਾਸ ਹੈਂ, ਜਿੱਦਾਂ ਜੇਲ੍ਹ ਚੱਲਿਆ ਹੋਵੇ, ਖੁਸ਼ ਹੋ ਵਲੈਤ ਜਾ ਰਿਹਾਂ।” ਮੈਂ ਕਿਹਾ, “ਉਦਾਸ ਤਾਂ ਹੋਣਾ ਹੀ ਹੋਇਆ, ਪਤਨੀ ਤੇ ਤਿੰਨ ਬੱਚੇ ਪਿੱਛੇ ਛੱਡ ਕੇ ਆਇਆ ਹਾਂ।”
ਉਦਾਸ ਤਾਂ ਇਸ ਕਰਕੇ ਵੀ ਸਾਂ ਕਿ ਹਾਲੀਂ ਤੱਕ ਪਾਲਮ ਏਅਰਪੋਰਟ ਦਿੱਲੀ ’ਤੇ ਆਪਣੇ ਵੜੇ ਭਰਾ ਅਜੀਤ ਸਿੰਘ ਤੋਂ ਵਿਛੜਣ ਸਮੇਂ ਦੀ ਉਹਦੀ ਸੂਰਤ ਮੇਰੀਆਂ ਅੱਖਾਂ ਸਾਹਮਣੇ ਘੁੰਮ ਰਹੀ ਸੀ। ਉਹ ਸੂਰਤ ਕਹਿ ਰਹੀ ਸੀ, “ਚੰਗਾ ਛੋਟੇ ਭਾਈ! ਇਹ ਅੰਤਮ ਮੇਲ ਹੈ ਸਾਡਾ। ਮੇਰਾ ਬੀਮਾਰੀਆਂ ਦਾ ਭੰਨਿਆ ਸਰੀਰ ਤੇਰੇ ਵਾਪਸ ਆਉਣ ਦੀ ਉਡੀਕ ਕਦ ਤੱਕ ਕਰੇਗਾ?” ਇਹ ਸੋਚ ਕੇ ਵੀ ਮਨ ਗਿਲਾਨੀ ਜਿਹੀ ਮਹਿਸੂਸ ਕਰ ਰਿਹਾ ਸੀ ਕਿ ਜਿਸ ਸਾਮਰਾਜੀ ਦੇਸ ਦੀ ਗ਼ੁਲਾਮੀ ਤੋਂ ਛੁਟਕਾਰਾ ਪ੍ਰਾਪਤ ਕਰਨ ਲਈ ਮੇਰੇ ਦੇਸ ਵਾਸੀਆਂ ਨੇ ਅਥਾਹ ਕੁਰਬਾਨੀਆਂ ਦਿੱਤੀਆਂ ਸਨ ਤੇ ਭਗਤ ਸਿੰਘ ਵਰਗੇ ਸੂਰਬੀਰਾਂ ਨੇ ਹੱਸਦਿਆਂ ਹੱਸਦਿਆਂ ਫਾਂਸੀ ਦੇ ਰੱਸੇ ਚੁੰਮ ਲਏ ਸਨ, ਜਿਸ ਮੁਲਕ ਦੇ ਸਾਮਰਾਜੀ ਕਿਰਦਾਰ ਨਾਲ ਮੈਂ ਬਚਪਨ ਤੋਂ ਨਫਰਤ ਕਰਦਾ ਰਿਹਾ ਸਾਂ, ਅੱਜ ਰੋਟੀ ਰੋਜ਼ੀ ਦੀ ਸਮੱਸਿਆਂ ਦਾ ਹੱਲ ਲੱਭਣ ਲਈ ਉਸੇ ਹੀ ਮੁਲਕ ਨੂੰ ਜਾ ਰਿਹਾ ਸਾਂ। ਮੈਨੂੰ ਯਾਦ ਆ ਰਿਹਾ ਸੀ ਕਿ ਮੇਰੇ ਆਪਣੇ ਹੀ ਪਿੰਡ ਦੇ ਗਦਰੀ ਬਾਬੇ ਹਰੀ ਸਿੰਘ ਦਾ ਇਕਲੌਤਾ ਪੁੱਤਰ ਜਦ ਇਸੇ ਤਰ੍ਹਾਂ ਆਪਣੇ ਦੇਸ ਨੂੰ ਛੱਡ ਕੇ ਇਸੇ ਸਾਮਰਾਜੀ ਦੇਸ ਵਿਚ ਆਪਣੀ ਗ਼ਰੀਬੀ ਦਾ ਹੱਲ ਲੱਭਣ ਲਈ ਜਾ ਪੁੱਜਾ ਸੀ ਤਾਂ ਮੈਂ ਉਹ ਨੂੰ ਆਪਣੇ ਮਨ ਹੀ ਮਨ ਵਿਚ ਦੇਸ-ਧ੍ਰੋਹੀ ਤੱਕ ਕਹਿ ਗਿਆ ਸਾਂ ਤੇ ਹੁਣ ਮੈਂ ਆਪ ਵੀ ਉਸੇ ਤਰ੍ਹਾਂ ਦਾ ਦੇਸ-ਧ੍ਰੋਹੀ ਬਣ ਗਿਆ ਸਾਂ। ਇਹ ਵੀ ਸੋਚ ਭਾਰੂ ਸੀ ਕਿ ਕਿਹੋ ਜਿਹਾ ਉਹ ਮੁਲਕ ਹੋਵੇਗਾ ਜਿਸ ਲਈ ਮੈਂ ਆਪਣਾ ਦੇਸ ਛੱਡ ਕੇ ਪਰਦੇਸੀ ਬਣਨ ਲਈ ਤੁਰ ਪਿਆ ਹਾਂ? ਕਿਹੋ ਜਿਹੇ ਉੱਥੇ ਦੇ ਲੋਕ ਹੋਣਗੇ? ਅਨਜਾਣੇ ਤੇ ਬਿਗਾਨੇ ਲੋਕਾਂ ਵਿਚ ਮੈਂ ਕਿਵੇਂ ਰਹਿ ਸਕਾਂਗਾ? ਉੱਥੇ ਤਾਂ, ਕਹਿੰਦੇ ਹਨ ਸਦਾ ਬਰਫ ਪੈਂਦੀ ਰਹਿੰਦੀ ਹੈ, ਇੰਨੀ ਠੰਢ ਵਿਚ ਕਿਵੇਂ ਰਹਾਂਗਾ? ਮੈਂ ਤਾਂ ਕਦੀ ਸ਼ਿਮਲੇ ਵੀ ਨਹੀਂ ਗਿਆ ਸਾਂ।
ਦਿੱਲੀ ਦੇ ਪਾਲਾਮ ਏਅਰਪੋਰਟ ਤੋਂ ਜਹਾਜ਼ ਚੜ੍ਹਨ ਵੇਲੇ ਇਹ ਤਾਂ ਪਤਾ ਹੀ ਨਹੀਂ ਸੀ ਕਿ ਏਅਰ ਇੰਡੀਆ ਦੇ ਇਸ ਜਹਾਜ਼ ਨੇ ਬੰਬਈ ਤੱਕ ਹੀ ਜਾਣਾ ਹੈ। ਉਦੋਂ ਹੀ ਪਤਾ ਲੱਗਾ ਜਦ ਸਾਨੂੰ ਬੰਬਈ ਦੇ ਸਾਂਤਾਕਰੂਜ਼ ਏਅਰ ਪੋਰਟ ’ਤੇ ਲਾਹ ਕੇ ਇਹ ਜਹਾਜ਼ ਚਲਦਾ ਬਣਿਆ। ਅਸੀਂ ਉਸ ਏਅਰਪੋਰਟ ’ਤੇ ਦਿੱਲੀ ਵਾਲੇ ਜਹਾਜ਼ ’ਚੋਂ ਉੱਤਰ ਕੇ ਇੰਗਲੈਂਡ ਵਾਲੀ ਉਡਾਨ ਫੜਨ ਲਈ ਆਪਣਾ ਸਾਮਾਨ ਤੇ ਪਾਸਪੋਰਟ ਪੜਤਾਲ ਕਰਾਉਣ ਲਈ ਖੜੇ ਸਾਂ, ਉਸ ਵੇਲੇ ਇਹ ਬੰਦਾ ਮਿਲ ਪਿਆ ਸੀ। ਇਹ ਨੇ ਸਾਨੂੰ ਸੋਚੀਂ ਪਏ ਦੇਖ ਕੇ ਕਿਹਾ ਸੀ, “ਲਗਦਾ ਹੈ ਤੁਸੀਂਪਹਿਲੀ ਵੇਰ ਇੰਗਲੈਂਡ ਚੱਲੇ ਹੋ। ਤੁਹਾਨੂੰ ਇਸ ਕੰਮ ਦਾ ਤਜਰਬਾ ਨਹੀਂ ਹੋਣਾ। ਆਪਣੇ ਪਾਸਪੋਰਟ ਮੈਨੂੰ ਦਿਓ, ਮੈਂ ਮੁਹਰ ਲੁਆ ਦਿੰਦਾ। ਮੈਂ ਤਾਂ ਕਈ ਵੇਰ ਇੰਗਲੈਂਡ ਗਿਆਂ, ਮੈਨੂੰ ਸਾਰਾ ਪਤਾ।” ਮੈਂ ਉਹਨੂੰ ਆਪਣਾ ਤੇ ਪਿਆਰੇ ਦਾ ਦੋਵੇਂ ਪਾਸਪੋਰਟ ਫੜਾ ਦਿੱਤੇ। ਉਹ ਪਾਸਪੋਰਟ ਲੈ ਕੇ ਇੱਕ ਖੂੰਜੇ ਵਾਲੇ ਕਾਊਂਟਰ ’ਤੇ ਜਾ ਖੜ੍ਹਾ ਹੋਇਆ।
ਪੰਜ ਕੁ ਮਿੰਟਾਂ ਵਿਚ ਹੀ ਪਿਆਰਾ ਤਾਂ ਬਹੁਤ ਹੀ ਤਲਖ਼ ਹੋ ਗਿਆ। ਉਹਨੇ ਮੈਨੂੰ ਕਿਹਾ, “ਤੂੰ ਉਹਨੂੰ ਪਾਸਪੋਰਟ ਕਿਉਂ ਦਿੱਤੇ, ਉਹਦਾ ਕੀ ਪਤਾ ਪਾਸਪੋਰਟ ਲੈ ਕੇ ਉੱਡ ਜਾਵੇ?”
ਮੈਂ ਕਿਹਾ, "ਯਾਰ! ਇੰਨੀ ਵੀ ਬੇਇਤਬਾਰੀ ਕਾਹਦੀ? ਉਹ ਸਾਡੀ ਮਦਦ ਹੀ ਕਰਨ ਲੱਗਾ।"
“ਤੈਨੂੰ ਨਹੀਂ ਪਤਾ। ਇੱਦਾਂ ਦੇ ਬੰਦੇ ਲੋਕਾਂ ਦੇ ਪਾਸਪੋਰਟ ਲੈ ਕੇ ਉੱਡ ਜਾਂਦੇ ਆ ਤੇ ਫੇਰ ਫੋਟੋ ਬਦਲ ਕੇ ਆਪਣੇ ਬੰਦੇ ਲੰਘਾ ਲੈਂਦੇ ਆ।” ਪਿਆਰੇ ਨੇ ਹੋਰ ਵੀ ਖਿਝ ਕੇ ਕਿਹਾ, “ਮੈਨੂੰ ਨਹੀਂ ਪਤਾ, ਮੇਰਾ ਪਾਸਪੋਰਟ ਉਹ ਤੋਂ ਹੁਣੇ ਲੈ ਕੇ ਵਾਪਸ ਕਰ।”
ਕਿਸੇ ਭਲੇ ਬੰਦੇ ’ਤੇ ਅਕਾਰਣ ਸ਼ੱਕ ਕਰਨੀ ਮੇਰੇ ਸੁਭਾ ਦੇ ਉਲਟ ਸੀ। ਉਂਝ ਵੀ ਮੈਨੂੰ ਕਿਹੜਾ ਅਜਿਹੀਆਂ ਗੱਲਾਂ ਦਾ ਤਜਰਬਾ ਸੀ। ਮੈਂ ਉਹਦਾ ਮਜਬੂਰ ਕੀਤਾ ਇਹਦੇ ਪਾਸ ਗਿਆ ਤੇ ਪਾਸਪੋਰਟ ਮੰਗ ਲਏ। ਇੰਨੇ ਚਿਰ ਨੂੰ ਇਹ ਪਾਸਪੋਰਟਾਂ ’ਤੇ ਮੁਹਰ ਲੁਆ ਚੁੱਕਾ ਸੀ। ਇਹਨੇ ਪਾਸਪੋਰਟ ਮੇਰੇ ਹੱਥ ਫੜਾਉਂਦਿਆਂ ਕਿਹਾ, “ਯਾਰ ਤੁਸੀਂ ਤਾਂ ਰਤੀ ਵੀ ਇਤਬਾਰ ਨਹੀਂ ਕਰਦੇ। ਮੈਂ ਤੁਹਾਡੇ ਪਾਸਪੋਰਟ ਖਾ ਲੈਣੇ ਸੀ?”
ਮੈਂ ਕਿਹਾ, “ਮੈਨੂੰ ਤਾਂ ਕੋਈ ਬੇਇਤਬਾਰੀ ਨਹੀਂ, ਮੇਰੇ ਨਾਲ ਦਾ ਔਖਾ ਹੋ ਗਿਆ ਸੀ।”
ਪਿਆਰੇ ਦਾ ਸੁਭਾ ਆਪਣੀ ਤਰ੍ਹਾਂ ਦਾ ਸੀ ਤੇ ਮੇਰਾ ਉਹਤੋਂ ਐਨ ਵੱਖਰਾ। ਉਡਾਣ ਦੇ ਦੌਰਾਨ ਮੈਂ ਹਵਾਈ ਸੇਵਾਦਾਰਨੀ ਤੋਂ ਪਾਣੀ ਮੰਗਿਆ ਤਾਂ ਪਿਆਰੇ ਨੇ ਕਿਹਾ, “ਪਾਣੀ ਕੀ ਕਰਨਾ, ਵਿਸਕੀ ਮੰਗ, ਮੇਰੇ ਲਈ ਵੀ।”
ਵਿਸਕੀ ਕੀ ਹੁੰਦੀ ਹੈ ਮੈਨੂੰ ਕੁਝ ਵੀ ਪਤਾ ਨਹੀਂ ਸੀ। ਸੋਚਿਆ ਕਿ ਸ਼ਰਾਬ ਦੀ ਕੋਈ ਕਿਸਮ ਹੀ ਹੋਵੇਗੀ ਜੋ ਇਹ ਪਾਣੀ ਦੀ ਥਾਂ ਵਿਸਕੀ ਮੰਗਦਾ ਹੈ। ਮੈਂ ਸ਼ਰਾਬ ਪੀਣ ਦਾ ਆਦੀ ਨਹੀਂ ਸਾਂ, ਤਾਂ ਵੀ ਮੈਂ ਉਹਨੂੰ ਨਾਂਹ ਨਾ ਕਰ ਸਕਿਆ। ਜਦੋਂ ਮੈਂ ਹਵਾਈ ਸੇਵਾਦਾਰਨੀ ਨੂੰ ਵਿਸਕੀ ਲਿਆਉਣ ਲਈ ਬੇਨਤੀ ਕੀਤੀ ਤਾਂ ਉਹਨੇ ਅੱਗੋਂ ਕਿਹਾ, “ਵਿਸਕੀ ਦੇ ਪੈਸੇ ਲੱਗਣਗੇ।” ਮੈਂ ਜਦ ਪਿਆਰੇ ਨੂੰ ਦੱਸਿਆ, ਤਾਂ ਉਹਨੇ ਕਿਹਾ, “ਤਾਂ ਕੀ ਹੋਇਆ ਦੋ ਵਿਸਕੀਆਂ ਮੰਗ?”
ਮੈਂ ਹਵਾਈ ਸੇਵਾਦਾਰਨੀ ਨੂੰ ਦੋ ਵਿਸਕੀਆਂ ਲਿਆਉਣ ਲਈ ਕਹਿ ਦਿੱਤਾ। ਤਿੰਨਾਂ ਪੌਂਡਾਂ ਵਿੱਚੋਂ ਇਸ ਤਰ੍ਹਾਂ 10 ਸ਼ਲਿੰਗ ਖਰਚ ਹੋ ਗਏ ਸਨ।
ਪਿਆਰਾ ਏਅਰਪੋਰਟ ਤੋਂ ਬਾਹਰ ਤਾਂ ਮੇਰੇ ਨਾਲ ਹੀ ਨਿਕਲਿਆ ਸੀ, ਪਰ ਬਾਹਰ ਆ ਕੇ ਉਹਨੇ ਮੇਰੇ ਨਾਲ ਅੱਖ ਵੀ ਨਾ ਮਿਲਾਈ। ਉਹਦੇ ਬੰਦੇ ਉਹਨੂੰ ਲੈਣ ਆਏ ਹੋਏ ਸਨ। ਉਹ ਚੁੱਪ ਕੀਤਾ ਉਨ੍ਹਾਂ ਨਾਲ ਤੁਰ ਗਿਆ। ਹੁਣ ਉਹੀ ਬੰਦਾ ਜਿਹਦੇ ’ਤੇ ਉਹ ਬੇਇਤਬਾਰੀ ਕਰਦਾ ਸੀ, ਔਖੇ ਵੇਲੇ ਮੇਰੇ ਕੰਮ ਆ ਗਿਆ ਸੀ। ਮੈਂ ਬਿਨਾਂ ਹੀਲ-ਹੁੱਜਤ ਆਪਣਾ ਸਾਮਾਨ ਚੁੱਕੀ ਉਹਦੇ ਨਾਲ ਤੁਰ ਪਿਆ। ਉਹਨੇ ਟੈਕਸੀ ਸੱਦੀ ਤੇ ਮੈਨੂੰ ਨਾਲ ਬੈਠਾ ਕੇ ਤੋਰ ਲਈ ਤੇ ਪੁੱਛਿਆ, “ਕਿਹੜੇ ਐਡਰੈਸ ’ਤੇ ਜਾਣਾ?”
“ਤੇਈ ਵੁਡਲੈਂਡਜ਼ ਰੋਡ ਸਾਊਥਾਲ।” ਮੈਂ ਸੰਖੇਪ ਜਿਹਾ ਉੱਤਰ ਦਿੱਤਾ।
ਅੱਧੇ ਕੁ ਘੰਟੇ ਪਿੱਛੋਂ ਉਹਨੇ ਕਿਹਾ, "ਲਉ ਆ ਗਿਆ ਤੁਹਾਡਾ ਐਡਰੈੱਸ, ਆਹ ਸਾਹਮਣੇ ਹੈ ਵੁਡਲੈਂਡਜ਼ ਰੋਡ।"
ਡਰਾਈਵਰ ਨੇ ਟੈਕਸੀ ਰੋਕੀ ਤੇ ਮੇਰਾ ਸਾਮਾਨ ਲਾਹ ਕੇ ਬਾਹਰ ਰੱਖ ਦਿੱਤਾ ਤੇ ਫੇਰ ਦਰਵਾਜ਼ਾ ਖੋਲ੍ਹ ਕੇ ਮੈਨੂੰ ਉਤਾਰ ਦਿੱਤਾ। ਮੈਂ ਇੱਕ ਹੱਥ ਵਿਚ ਆਪਣਾ ਬਿਸਤਰਾ ਤੇ ਦੂਜੇ ਹੱਥ ਵਿਚ ਅਟੈਚੀ ਫੜ ਲਿਆ। ਤੁਰਨ ਲੱਗੇ ਨੇ ਦੇਖਿਆ ਸਾਹਮਣੇ ਵਾਲੀ ਸੜਕ ਦੇ ਦੋਹੀਂ ਪਾਸੀਂ ਲਿਖਿਆ ਹੋਇਆ ਸੀ,‘ਵੁਡਲੈਂਡਜ਼ ਰੋਡ’।
ਮੈਂ ਖੁਸ਼ ਹੋ ਗਿਆ ਕਿ ਮੈਂ ਆਪਣੀ ਮੰਜ਼ਲ ਦੇ ਨੇੜੇ ਪੁੱਜ ਗਿਆ ਹਾਂ। ਕੁਝ ਕਦਮ ਪੁੱਟਣ ਤੋਂ ਪਿੱਛੋਂ ਹੀ ਮੈਨੂੰ ਅਹਿਸਾਸ ਹੋ ਗਿਆ ਕਿ ਮੈਂ ਤਾਂ ਸੜਕ ਦੇ ਉਲਟ ਪਾਸੇ ਹਾਂ, 23 ਨੰਬਰ ਤੱਕ ਪੁੱਜਣ ਲਈ ਸੜਕ ਦੇ ਦੂਜੇ ਸਿਰੇ ਤੇ ਪੁੱਜਣਾ ਪੈਣਾ ਸੀ। ਮੈਂ ਖੋਤੇ ਜਿੰਨਾ ਭਾਰ ਚੁੱਕੀ ਤੇਜ਼ ਕਦਮੀਂ ਤੁਰਿਆ ਗਿਆ।
23 ਨੰਬਰ ਘਰ ਦੇ ਦਰਵਾਜ਼ੇ ਅੱਗੇ ਜਾ ਕੇ ਮੈਂ ਘੰਟੀ ਦਾ ਬਟਨ ਦੱਬਿਆਂ ਤਾਂ ਇੱਕ ਮਧਰੇ ਜਿਹੇ ਕੱਦ ਦੀ ਕੁੜੀ ਨੇ ਦਰਵਾਜ਼ਾ ਖੋਲ੍ਹਿਆ ਤੇ ਮੈਨੂੰ ‘ ਸਤਿ ਸ੍ਰੀ ਅਕਾਲ’ ਕਹਿਣ ਦੇ ਨਾਲ ਹੀ ਉੱਚੀ ਅਵਾਜ਼ ਵਿਚ ਕਿਹਾ, “ਭਾਅ ਜੀ ਆ ਗਏ!” ਮੈਂ ਸਮਝ ਗਿਆ ਕਿ ਮੈਂ ਆਪਣੀ ਮੰਜ਼ਲ ’ਤੇ ਪੁੱਜ ਗਿਆ ਹਾਂ। ਸੋਚਿਆ,“ਇਹ ਮੈਨੂੰ ਭਾਅ ਜੀ ਕਹਿਣ ਵਾਲੀ ਜ਼ਰੂਰ ਮੇਰੀ ਭੈਣ ਦੀ ਦਿਉਰਾਣੀ ਹੋਵੇਗੀ।” ਮੈਂ ਅੰਦਰ ਲੰਘ ਗਿਆ ਤੇ ਥੱਕਾ ਹੋਇਆ ਹੋਣ ਕਰ ਕੇ ਬੈਠਣ ਲਈ ਕੁਰਸੀ ਦੀ ਭਾਲ ਵਿਚ ਇੱਧਰ ਉੱਧਰ ਤੱਕਣ ਲੱਗਾ।
ਇੰਨੇ ਚਿਰ ਨੂੰ ਇੱਕ ਹੋਰ ਮਧਰੇ ਕੱਦ ਦੀ ਕੁੜੀ ਨੇ ਬਾਹਰ ਆ ਕੇ ਮੈਨੂੰ ‘ਸਤਿ ਸ੍ਰੀ ਅਕਾਲ’ ਕਹੀ ਤੇ ਨਾਲ ਹੀ ਕਿਹਾ, “ਭਾਅ ਜੀ! ਕਿਚਨ ਵਿਚ ਹੀ ਆ ਜਾਵੋ। ਅਸੀਂ ਚਾਹ ਬਣਾ ਲਈ ਹੈ, ਪੀ ਕੇ ਆਰਾਮ ਕਰ ਲੈਣਾ।” ਮੈਂ ਕਿਚਨ ਵਿਚ ਵੱਡੇ ਸਾਰੇ ਕੁਢੱਬੇ ਜਿਹੇ ਮੇਜ਼ ਦੇ ਨਾਲ ਡੱਠੀ ਕੁਰਸੀ ’ਤੇ ਬਹਿ ਗਿਆ।
“ਪਿੰਕੀ-ਡੈਡੀ ਤੁਹਾਨੂੰ ਲੈਣ ਗਏ ਸੀ, ਤੁਹਾਡੀ ਫਲਾਈਟ ਲੇਟ ਸੀ, ਉਨ੍ਹੀਂ ਕੰਮ ਤੇ ਜਾਣਾ ਸੀ, ਉਹ ਵਾਪਸ ਆ ਗਏ ਤੇ ਹੁਣ ਕੰਮ ’ਤੇ ਗਏ ਹੋਏ ਆ।” ਛੋਟੀ ਕੁੜੀ ਨੇ ਕਿਹਾ।
“ਮਲਕੀਤ ਕਿੱਥੇ ਹੈ?” ਮੈਂ ਪੁੱਛਿਆ।
“ਭਾਈਆ ਜੀ ਵੀ ਕੰਮ ’ਤੇ ਗਏ ਹੋਏ ਆ।” ਉਹਨੇ ਕਿਹਾ।
ਮਲਕੀਤ ਨੂੰ ‘ਭਾਈਆ ਜੀ’ ਕਹਿਣ ਵਾਲੀ ਹਰਦਿਆਲ ਦੀ ਪਤਨੀ ਹੀ ਹੋ ਸਕਦੀ ਸੀ, ਕਿਉਂਕਿ ਮਲਕੀਤ ਹਰਦਿਆਲ ਤੋਂ ਵੱਡਾ ਸੀ ਤੇ ‘ਪਿੰਕੀ-ਡੈਡੀ’ ਉਹ ਹਰਦਿਆਲ ਨੂੰ ਕਹਿੰਦੀ ਸੀ। ਇਹਦਾ ਮਤਲਬ ਤਾਂ ਸਾਫ ਸੀ ਕਿ ਪਿੰਕੀ ਇਹਦੀ ਧੀ ਹੋਵੇਗੀ। ਦੂਜੀ ਕੁੜੀ ਮਲਕੀਤ ਦੀ ਪਤਨੀ ਹੀ ਹੋ ਸਕਦੀ ਸੀ।
ਮਲਕੀਤ ਤਾਂ 1955 ਈ: ਵਿਚ ਹੀ ਇੰਗਲੈਂਡ ਆ ਗਿਆ ਸੀ ਤੇ ਹਰਦਿਆਲ 1960 ਈ: ਵਿਚ ਆਇਆ ਸੀ। ਦੋਵੇਂ ਹੀ ਭਾਰਤ ਛੱਡਣ ਵੇਲੇ ਕੁਆਰੇ ਸਨ, ਇਸ ਲਈ ਮੈਨੂੰ ਦੋਹਾਂ ਦੀਆਂ ਪਤਨੀਆਂ ਦੀ ਪਛਾਣ ਨਹੀਂ ਸੀ। ਇਹ ਵੀ ਇੱਥੇ ਆ ਕੇ ਹੀ ਪਤਾ ਲੱਗਾ ਸੀ ਕਿ ਮਲਕੀਤ ਦੀ ਪਤਨੀ ਦਾ ਨਾਉਂ ਮੀਤੋ ਹੈ ਤੇ ਹਰਦਿਆਲ ਦੀ ਪਤਨੀ ਦਾ ਨਾਉਂ ਕੁਲਦੀਪ।
ਉਸ ਵੇਲੇ ਤਾਂ ਮੈਨੂੰ ਬਹੁਤ ਅਜੀਬ ਜਿਹਾ ਲੱਗਿਆ ਕਿ ਕਿਸੇ ਰਿਸ਼ਤੇਦਾਰ ਨੇ ਦੇਸੋਂ ਆਉਣਾ ਹੋਵੇ ਤੇ ਦੋਵੇਂ ਭਰਾ ਕੰਮ ’ਤੇ ਗਏ ਹੋਏ ਹੋਣ। ਪਰ ਛੇਤੀ ਹੀ ਮੈਨੂੰ ਉਨ੍ਹਾਂ ਦੀ ਮਜਬੂਰੀ ਦਾ ਪਤਾ ਲੱਗ ਗਿਆ। ਇੰਨੇ ਚਿਰ ਨੂੰ ਦੋ ਛੋਟੀਆਂ ਛੋਟੀਆਂ ਬੱਚੀਆਂ ਮੇਰੇ ਕੋਲ ਆ ਖੜ੍ਹੀਆਂ ਹੋਈਆਂ। ਇੱਕ ਨੇ ਦੂਜੀ ਦੇ ਕੰਨ ਨੇੜੇ ਮੂੰਹ ਕਰ ਕੇ ਕਿਹਾ, “ਬਾਬਾ!”
ਜਾਪਦਾ ਸੀ ਉਨ੍ਹਾਂ ਨੇ ਕੇਸ ਦਾੜ੍ਹੀ ਵਾਲਾ ਬੰਦਾ ਬਾਬੇ ਨਾਨਕ ਦੀ ਤਸਵੀਰ ਤੋਂ ਬਿਨਾਂ ਹੋਰ ਕੋਈ ਘੱਟ ਹੀ ਦੇਖਿਆ ਹੋਣਾ ਤਾਂ ਹੀ ਤਾਂ ਉਹ ਮੈਨੂੰ ਵੀ ਬਾਬਾ ਸਮਝ ਰਹੀਆਂ ਸਨ। ਕੁਲਦੀਪ ਨੇ ਦੱਸਿਆ, “ਇਹ ਦੋਵੇਂ ਭਾਈਆ ਜੀ ਦੀਆਂ ਗੁੱਡੀਆਂ।” ਇਹਦਾ ਮਤਲਬ ਸਾਫ ਬਣਦਾ ਸੀ ਕਿ ਉਹ ਮਲਕੀਤ ਦੀਆਂ ਧੀਆਂ ਸਨ। ਮੈਂ ਕੁਲਦੀਪ ਨੂੰ ਪੁੱਛਿਆ, “ਪਿੰਕੀ ਕਿੱਥੇ ਆ?”
ਕੁਲਦੀਪ ਨੇ ਕਿਹਾ,“ਉਹ ਤਾਂ ਹਾਲੀਂ ਚਾਰ ਕੁ ਮਹੀਨੇ ਦੀ ਹੈ, ਕੌਟ ਵਿਚ ਸੁੱਤੀ ਪਈ ਹੈ, ਜਾਗੀ ਤਾਂ ਲਿਆਵਾਂਗੀ।”
ਮੀਤੋ ਨੇ ਕਿਹਾ, “ਭਾਅ ਜੀ ਰੋਟੀ ਤਿਆਰ ਕਰੀਏ?”
ਮੈਂ ਕਿਹਾ, “ਰੋਟੀ ਤਾਂ ਹੁਣ ਸ਼ਾਮ ਨੂੰ ਖਾਵਾਂਗਾ। ਉਨੀਂਦੇ ਦਾ ਭੰਨਿਆ ਹੋਇਆਂ। ਹਾਲੀਂ ਤਾਂ ਆਰਾਮ ਕਰਨਾ ਚਾਹਾਂਗਾ।”
ਕੁਲਦੀਪ ਨੇ ਮੇਰਾ ਬਿਸਤਰਾ ਚੁੱਕ ਕੇ ਪੌੜੀਆਂ ਚੜ੍ਹਨ ਲੱਗੀ ਨੇ ਕਿਹਾ, “ਭਾਅ ਜੀ! ਤੁਸੀਂ ਬਾਕਸ ਰੂਮ ਵਿਚ ਆਰਾਮ ਕਰੋ।”
ਮੈਂ ਆਪਣਾ ਅਟੈਚੀ ਚੁੱਕੀ ਉਹਦੇ ਪਿੱਛੇ ਪਿੱਛੇ ਪੌੜੀਆਂ ਚੜ੍ਹ ਗਿਆ। ਉਹਨੇ ਮੇਰਾ ਬਿਸਤਰਾ ਇੱਕ ਛੋਟੇ ਜਿਹੇ ਕਮਰੇ ਵਿਚ ਰੱਖ ਦਿੱਤਾ। ਕਮਰੇ ਦੀ ਚੁੜਾਈ ਤੇ ਲੰਬਾਈ ਦੇਖ ਕੇ ਮੈਂ ਸਮਝ ਗਿਆ ਕਿ ਇਹੀ ਬਾਕਸ ਰੂਮ ਹੈ। ਕਮਰਾ ਕੀ ਸੀ, ਬਸ ਛੋਟਾ ਜਿਹਾ ਮੰਜਾ ਮਸਾਂ ਡਹਿੰਦਾ ਸੀ। ਕੁਲਦੀਪ ਮੇਰਾ ਬਿਸਤਰਾ ਉੱਥੇ ਰੱਖ ਕੇ ਤੁਰ ਗਈ। ਉੱਥੇ ਪਹਿਲਾਂ ਹੀ ਮੰਜੇ ਤੇ ਇੱਕ ਰਜਾਈ ਪਈ ਸੀ। ਮੈਂ ਆਪਣਾ ਬਿਸਤਰਾ ਖੋਲ੍ਹਣ ਦੀ ਲੋੜ ਨਾ ਸਮਝੀ। ਉੱਥੇ ਪਈ ਰਜਾਈ ਵਿਚ ਵੜ ਕੇ ਘੁਰਾੜੇ ਮਾਰਨ ਲੱਗ ਪਿਆ।
ਲੌਢੇ ਵੇਲੇ ਚਾਰ ਕੁ ਵਜੇ ਜਾਗ ਆਈ। ਮੈਂ ਹਾਲੀਂ ਬਿਸਤਰੇ ਵਿੱਚੋਂ ਨਿੱਕਲ ਕੇ ਕੱਪੜੇ ਪਾ ਕੇ ਹਟਿਆ ਹੀ ਸਾਂ ਕਿ ਕਿਸੇ ਨੇ ਬਾਹਰੋਂ ਕਮਰੇ ਦਾ ਦਰਵਾਜ਼ਾ ਖੜਕਾਇਆ ਤੇ ਕਿਹਾ, “ਜਾਗ ਪਏ?”
ਮੈਂ ਕਿਹਾ, “ਆ ਜਾ, ਜਾਗਦਾਂ।”
ਉਹ ਅੰਦਰ ਆਇਆ ਤਾਂ ਮੈਂ ਉਹਦੀ ਸ਼ਕਲ ਦੇਖ ਕੇ ਹੈਰਾਨ ਰਹਿ ਗਿਆ, ਇਹ ਹਰਦਿਆਲ ਸਿੰਘ ਸੀ, ਜਿਸਦਾ ਹੁਣ ਹਰਦਿਆਲ ਚੰਦ ਬਣਿਆ ਹੋਇਆ ਸੀ। ਮੈਂ ਹੱਥ ਮਿਲਾਉਂਦਿਆਂ ਹੱਸ ਕੇ ਕਿਹਾ,“ ਆਹ ਕੀ ਸ਼ਕਲ ਬਣਾ ਲਈ, ਫੁੱਟਬਾਲ ਵਰਗਾ ਮੂੰਹ ਕੱਢ ਲਿਆ?”
“ਇਹ ਤਾਂ ਕੁਝ ਵੀ ਨਹੀਂ, ਵੜੇ ਭਾਈ ਨੂੰ ਦੇਖੇਂਗਾ ਤਾਂ ਪਤਾ ਲੱਗੂ ਦੁਨੀਆ ਕਿੱਥੇ ਵਸਦੀ ਆ।” ਉਹਨੇ ਮੇਰੇ ਹਾਸੇ ਵਿਚ ਸ਼ਾਮਲ ਹੁੰਦਿਆਂ ਕਿਹਾ।
“ਹੈਂ! ਉਹਨੇ ਵੀ?”, ਇਹ ਕਹਿ ਕੇ ਮੈਂ ਸੋਚੀਂ ਪੈ ਗਿਆ।
ਹਰਦਿਆਲ ਤਾਂ ਕਾਲਜ ਵਿਚ ਪੜ੍ਹਦਾ, ਦਾੜ੍ਹਿ ਛਾਂਗ ਲੈਂਦਾ ਸੀ, ਪਰ ਮਲਕੀਤ ਤਾਂ ਰੋਮਾਂ ਦੀ ਬੇਅਦਬੀ ਸਹਾਰ ਹੀ ਨਹੀਂ ਸਕਦਾ ਸੀ। ਉਹ ਮੈਥੋਂ ਦੋ ਕੁ ਸਾਲ ਵੱਡਾ ਸੀ। ਉਹ ਬਚਪਨ ਤੋਂ ਹੀ ਪੂਰਾ ਪੰਜ-ਕਕਾਰੀ ਸਿੰਘ ਸੀ ਤੇ ਘੱਟ ਮੈਂ ਵੀ ਨਹੀਂ ਸਾਂ, ਇਸ ਲਈ ਸਾਡੀ ਬਣਦੀ ਵੀ ਬਹੁਤ ਸੀ। ਮਲਕੀਤ ਤਕੜਾ ਕਾਮਾ ਵੀ ਸੀ ਤੇ ਸਿਹਤ ਬਣਾਉਣ ਦਾ ਸ਼ੌਕੀਨ ਵੀ। ਇੱਕ ਦਿਨ ਉਹ ਹਰਦਿਆਲ ਤੋਂ ਮਾਲਸ਼ ਕਰਵਾ ਰਿਹਾ ਸੀ ਕਿ ਹਰਦਿਆਲ ਦੇ ਸਖਤ ਹੱਥ ਦੀ ਘਾਸ ਨਾਲ ਉਹਦੀ ਲੱਤ ਤੋਂ ਕੋਈ ਵਾਲ ਉੱਖੜ ਗਿਆ। ਉਹ ਹਰਦਿਆਲ ਨੂੰ ਇਹ ਕਹਿ ਕੇ ਪੈ ਗਿਆ, “ਤੂੰ ਗੁਰੂ ਦੇ ਸਿੱਖ ਦੇ ਰੋਮ ਦੀ ਬੇਅਦਬੀ ਕੀਤੀ ਆ ਓਏ!” ਹੁਣ ਇਹ ਸੁਣ ਕੇ ਹੈਰਾਨੀ ਤਾਂ ਹੋਣੀ ਹੀ ਸੀ ਕਿ ਉਹ ਵੀ ਘੋਨ ਮੋਨ ਹੋ ਗਿਆ ਸੀ।
ਹਰਦਿਆਲ ਨੇ ਮੈਨੂੰ ਸੋਚਾਂ ਵਿਚ ਪਿਆ ਦੇਖ ਕੇ ਕਿਹਾ, “ਕਿਹੜੀਆਂ ਸੋਚਾਂ ਵਿਚ ਡੁੱਬ ਗਿਆਂ, ਭਾਬੀ ਤਾਂ ਨਹੀਂ ਯਾਦ ਆ ਰਹੀ?” ਹਰਿਦਆਲ ਮੇਰੇ ਨਾਲੋਂ ਦਸ ਕੁ ਸਾਲ ਛੋਟਾ ਸੀ, ਇਸ ਲਈ ਮੇਰੀ ਪਤਨੀ ਨੂੰ ਭਾਬੀ ਕਹਿੰਦਾ ਸੀ।
“ਹੋਰ ਹੁਣ ਮੈਨੂੰ ਕਿਹਨੇ ਯਾਦ ਆਉਣਾ?” ਮੈਂ ਵੀ ਉਹਦੇ ਹਾਸੇ ਵਿਚ ਸ਼ਾਮਿਲ ਹੁੰਦਿਆਂ ਕਿਹਾ।
ਉਦੋਂ ਤੱਕ ਮਲਕੀਤ ਵੀ ਕੰਮ ਤੋਂ ਆ ਗਿਆ ਸੀ। ਉਹ ਆਉਂਦਾ ਹੀ ਪੌੜੀਆਂ ਚੜ੍ਹ ਆਇਆ। ਉਹ ਬਹੁਤ ਖੁਸ਼ ਹੋ ਕੇ ਮਿਲਿਆ। ਮਿੰਟ ਕੁ ਪਿੱਛੋਂ ਉਹਨੇ ਕਿਹਾ, “ਚਲੋ, ਦੂਜੇ ਕਮਰੇ ਵਿਚ ਬੈਠਦੇ ਆਂ।”
ਮੈਂ ਵੀ ਦੇਖ ਰਿਹਾ ਸਾਂ ਕਿ ਇਹ ਕਮਰਾ ਤਾਂ ਦੋ ਤੋਂ ਵੱਧ ਬੰਦਿਆਂ ਦੇ ਬੈਠਣ ਲਈ ਛੋਟਾ ਸੀ। ਮੈਂ ਸਿਰ ’ਤੇ ਪੱਗ ਰੱਖੀ ਤੇ ਉਨ੍ਹਾਂ ਦੇ ਨਾਲ ਤੁਰ ਪਿਆ। ਅਸੀਂ ਮਲਕੀਤ ਦੇ ਸੌਣ ਕਮਰੇ ਵਿਚ ਜਾ ਬੈਠੇ। ਕਮਰੇ ਵਿਚ ਇੱਕ ਡਬਲ ਬੈੱਡ ਤੋਂ ਬਿਨਾਂ ਇੱਕ ਕੁਰਸੀ ਪਈ ਸੀ। ਅਸੀਂ ਲੰਮਾ ਸਮਾਂ ਉੱਥੇ ਬੈਠੇ ਗੱਲਾਂ ਕਰਦੇ ਰਹੇ। ਬਹੁਤ ਲੰਮੇ ਸਮੇਂ ਪਿੱਛੋਂ ਮਿਲੇ ਸਾਂ, ਘਰ ਦੀਆਂ ਤੇ ਰਿਸ਼ਤੇਦਾਰਾਂ ਦੀਆਂ ਗੱਲਾਂ ਕਰਦਿਆਂ ਪਤਾ ਵੀ ਨਾ ਲੱਗਾ ਕਿ ਕਿੰਨਾ ਸਮਾਂ ਲੰਘ ਗਿਆ ਸੀ। ਮਲਕੀਤ ਨੇ ਆਪਣੀ ਘੜੀ ਵਲ ਨਿਗਾਹ ਮਾਰੀ ਤੇ ਕਿਹਾ, “ ਦਾਲੋ! ਚਲੋ ਚੱਲੀਏ, ਬੀਰ ਬੱਤੇ ਦਾ ਟੈਮ ਹੋ ਗਿਆ। ਗਲਾਸ ਮਾਰ ਆਈਏ।”
ਉਹ ਦੋਵੇਂ ਉੱਠੇ ਤਾਂ ਮੈਂ ਵੀ ਇਹ ਸੋਚਦਾ ਨਾਲ ਹੀ ਉੱਠ ਖੜ੍ਹਾ ਹੋਇਆ, ‘ਗਲਾਸ ਮਾਰ ਆਈਏ' ਦਾ ਮਤਲਬ ਕੀ ਹੋਇਆ, ਗਲਾਸ ਤਾਂ ਘਰ ਹੀ ਹੋਣਗੇ, ਇਨ੍ਹਾਂ ਨੂੰ ਮਾਰਨ ਬਾਹਰ ਕਿੱਥੇ ਜਾਣਾ ਹੋਵੇਗਾ?” ਮੈਂ ਨਾਂਹ ਤਾਂ ਕਹਿ ਨਹੀਂ ਸਕਦਾ ਸਾਂ। ਜਦ ਪਤਾ ਹੀ ਨਹੀਂ ਸੀ, ਕਿੱਥੇ ਨੂੰ ਚੱਲੇ ਸਾਂ ਤਾਂ ਨਾਂਹ ਵੀ ਕਿਵੇਂ ਕਰਦਾ?
ਘਰੋਂ ਬਾਹਰ ਨਿੱਕਲ ਕੇ ਦਸ ਕੁ ਮਿੰਟ ਤੁਰਨ ਪਿੱਛੋਂ ਉਹ ਮੈਨੂੰ ਇੱਕ ਚੋਖੀ ਵੱਡੀ ਬਿਲਡਿੰਗ ਵਿਚ ਲੈ ਵੜੇ। ਇੱਥੇ ਭਾਂਤ ਸੁਭਾਂਤੇ ਬੰਦੇ ਕੁਰਸੀਆਂ ਤੇ ਬੈਠੇ ਕੁਝ ਪੀ ਰਹੇ ਸਨ ਤੇ ਕੁਝ ਹਰੇ ਜਿਹੇ ਮੇਜ਼ ਦੇ ਦੁਆਲੇ ਡੰਡੇ ਜਹੇ ਫੜੀ ਕੋਈ ਖੇਡ ਖੇਡ ਰਹੇ ਸਨ। ਮੈਂ ਤਾਂ ਸਮਝਦਾ ਸਾਂ ਕਿ ਇਸ ਗੋਰਿਆਂ ਦੇ ਦੇਸ ਵਿਚ ਗੋਰੇ ਹੀ ਗੋਰੇ ਦਿਸਦੇ ਹੋਣਗੇ। ਇੱਥੇ ਤਾਂ ਭਾਂਤ ਸੁਭਾਂਤ ਦੇ ਕਾਲੇ, ਗੋਰੇ, ਪੀਲੇ ਤੇ ਕਣਕ ਵੰਨੇ ਸਾਰੇ ਹੀ ਮਿਲ ਕੇ ਅਨੰਦ ਲੈ ਰਹੇ ਸਨ। ਮਲਕੀਤ ਨੇ ਮੈਨੂੰ ਇੱਕ ਮੇਜ਼ ਨੇੜੇ ਪਈ ਕੁਰਸੀ ਤੇ ਬਹਿਣ ਲਈ ਕਿਹਾ ਤੇ ਆਪ ਉਹ ਦੋਵੇਂ ਕਾਊਂਟਰ ਦੇ ਸਾਹਮਣੇ ਜਾ ਖੜ੍ਹੇ। ਥੋੜ੍ਹੇ ਚਿਰ ਪਿੱਛੋਂ ਮਲਕੀਤ ਨੇ ਹੱਥ ਭਰ ਲੰਮਾ ਰਸੌਂਤ ਰੰਗੇ ਸ਼ਰਬਤ ਜਿਹੇ ਦਾ ਭਰਿਆ ਇੱਕ ਗਲਾਸ ਮੇਰੇ ਅੱਗੇ ਲਿਆ ਰੱਖਿਆ ਤੇ ਆਪ ਵੀ ਉਸੇ ਤਰ੍ਹਾਂ ਦਾ ਗਲਾਸ ਫੜੀ ਮੇਰੇ ਕੋਲ ਪਈ ਕੁਰਸੀ ਤੇ ਆ ਬੈਠਾ। ਮੈਂ ਆਪਣੇ ਮਨ ਵਿਚ ਹੀ ਕਹਿ ਗਿਆ,“ਤਾਂ ਇਹਨੂੰ ਕਹਿੰਦੇ ਆ ਗਲਾਸ ਮਾਰਨੇ।” ਥੋੜ੍ਹੇ ਚਿਰ ਪਿੱਛੋਂ ਹਰਦਿਆਲ ਵੀ ਸਾਡੇ ਕੋਲ ਹੀ ਕੁਰਸੀ ਖਿੱਚ ਕੇ ਆ ਬੈਠਾ।
“ਕੀ ਦੇਖਦਾਂ? ਪੀਂਦਾ ਨਹੀਂ, ਬੀਰ ਆ, ਜ਼ਹਿਰ ਤਾਂ ਨਹੀਂ।” ਮਲਕੀਤ ਨੇ ਮੈਨੂੰ ਗਲਾਸ ਵਲ ਘੂਰਦਿਆਂ ਦੇਖ ਕੇ ਕਿਹਾ। ਮੈਂ ਆਪਣੇ ਦੇਸ ਵਿਚ ਕਿਹੜੀ ਇਹ ਚੀਜ਼ ਦੇਖੀ ਸੀ ਜਿਹਨੂੰ ਉਹ ਬੀਰ ਕਹਿੰਦਾ ਸੀ। ਮੈਂ ਗਲਾਸ ਚੁੱਕ ਕੇ ਇੱਕ ਘੁਟ ਭਰ ਕੇ ਰੱਖ ਦਿੱਤਾ। ਕੁਸੈਲਾ ਜਿਹਾ ਘੁੱਟ ਤਾਂ ਮੇਰੇ ਸੰਘੋਂ ਥੱਲੇ ਨਾ ਉੱਤਰੇ। ਇੰਨੇ ਚਿਰ ਨੂੰ ਮਲਕੀਤ ਨੇ ਆਪਣਾ ਗਲਾਸ ਖਾਲੀ ਕਰ ਕੇ ਮੈਨੂੰ ਕਿਹਾ, “ ਚੁੱਕ ਲੈ, ਹੋਰ ਲਿਆਈਏ।”
ਮੈਂ ਤਰਲਾ ਜਿਹਾ ਕਰ ਕੇ ਕਿਹਾ, “ਨਾ ਬਈ! ਮੈਨੂੰ ਤਾਂ ਹੁਣ ਰਹਿਣ ਹੀ ਦਿਉ।”
ਹਰਦਿਆਲ ਨੇ ਟੋਰਾ ਲਾਇਆ,“ਨਵਾਂ ਰੰਗਰੂਟ ਆ, ਸਿੱਖ ਜਾਊਗਾ ਹੌਲੀ ਹੌਲੀ ਕਵੈਦ ਕਰਨੀ ਵੀ।”
ਮਲਕੀਤ ਇੰਨੇ ਚਿਰ ਨੂੰ ਕਾਊਂਟਰ ਅੱਗੇ ਜਾ ਖੜ੍ਹਿਆ। ਹਰਦਿਆਲ ਵੀ ਆਪਣਾ ਗਲਾਸ ਖਾਲੀ ਕਰ ਕੇ ਉਹਦੇ ਮਗਰ ਹੀ ਜਾ ਪੁੱਜਾ। ਹੱਥ ਭਰ ਲੰਮਾ ਇੱਕ ਹੋਰ ਗਲਾਸ ਮੇਰੇ ਅੱਗੇ ਆ ਟਿਕਿਆ। ਮੈਂ ਸੋਚੀਂ ਪੈ ਗਿਆ ਕਿ ਇੱਕ ਤਾਂ ਔਖਾ ਸੁਖਾਲਾ ਮੁਕਾ ਲਵਾਂਗਾ ਪਰ ਇਸ ਦੂਜੇ ਦਾ ਕੀ ਬਣੇਗਾ?
ਹਰਦਿਆਲ ਨੂੰ ਵਿਅੰਗ ਕੱਸਣ ਦਾ ਮੌਕਾ ਮਿਲ ਗਿਆ, “ਚੁੱਕ ਲੈ ਚੁੱਕ ਲੈ, ਕੀ ਸੋਚਦਾਂ, ਗੀਨਸ ਆ, ਨਿਰਾ ਲੋਹਾ, ਸਰੀਰ ਫੌਲਾਦ ਵਰਗਾ ਬਣ ਜਾਊ।”
ਮੈਂ ਉਹਦੇ ਵਿਅੰਗ ਦਾ ਉੱਤਰ ਦਿੰਦਿਆਂ ਕਿਹਾ, “ਇਸ ਹਿਸਾਬ ਤਾਂ ਸਰੀਰ ਰਹਿੰਦਾ ਵੀ ਨਹੀਂ ਦਿਸਦਾ, ਫੌਲਾਦ ਵਰਗਾ ਕਿਵੇਂ ਬਣ ਜਾਊ?”
ਕੁਝ ਚਿਰ ਚੁੱਪ ਰਹਿਣ ਪਿੱਛੋਂ ਮੈਂ ਕਿਹਾ, “ਯਾਰ! ਤੁਸੀਂ ਮੇਰੇ ਉੱਤੇ ਖਰਚ ਕਰੀ ਜਾਂਦੇ ਹੋ, ਇਹ ਤਾਂ ਠੀਕ ਨਹੀਂ।”
ਹਰਦਿਆਲ ਨੇ ਕਿਹਾ, “ਕੋਈ ਗੱਲ ਨਹੀਂ, ਐਸ਼ ਕਰ ਜਿੰਨਾ ਚਿਰ ਮੁਫਤ ਮਿਲਦੀ ਹੈ, ਫੇਰ ਤੈਨੂੰ ਵੀ ਇੱਥੋਂ ਦੇ ਰਿਵਾਜ ਦਾ ਪਤਾ ਲੱਗ ਜਾਊ।”
“ਕੀ ਆ ਇੱਥੇ ਦਾ ਰਿਵਾਜ?” ਮੈਂ ਹਰਦਿਆਲ ਨੂੰ ਪੁੱਛਿਆ।
“ਬਸ ਇਹੀ ਕਿ ਜਿੰਨਾ ਚਿਰ ਤੂੰ ਵਿਹਲਾਂ ਤੈਨੂੰ ਕਿਸੇ ਖਰਚ ਕਰਨ ਨਹੀਂ ਦੇਣਾ। ਕੰਮ ਮਿਲਣ ਤੋਂ ਪਿੱਛੋਂ ਕੁਝ ਵੀ ਮੁਫਤ ਦਾ ਮਿਲਣਾ ਨਹੀਂ।” ਹਰਦਿਆਲ ਨੇ ਹੱਸਦਿਆਂ ਕਿਹਾ।
“ਫੇਰ ਕਦ ਤੱਕ ਮਿਲ ਜਾਊ ਕੰਮ?” ਮੈਂ ਪੁੱਛਿਆ।
“ਮਿਲ ਜਾਊ, ਮਿਲ ਜਾਊ, ਫਿਕਰ ਨਾ ਕਰ।” ਹਰਦਿਆਲ ਦਾ ਉੱਤਰ ਸੀ।
ਕੋਲੋਂ ਮਲਕੀਤ ਨੇ ਕਿਹਾ, “ਅੱਜ ਕਲ ਜ਼ਰਾ ਸਲੈਕ (ਕੰਮਾਂ ਵਿਚ ਢਿੱਲ) ਚਲਦੀ ਆ। ਹਜ਼ਾਰਾਂ ਦੇਸੀ ਭਾਈਬੰਦ ਵਿਹਲੇ ਫਿਰਦੇ ਆ। ਟਰਾਈ ਕਰੀ ਜਾਈਂ, ਕਦੀ ਤਾਂ ਮਿਲੇਗਾ ਹੀ।”
ਮੈਂ ਸੋਚੀਂ ਪੈ ਗਿਆ, “ਜੇ ਛੇਤੀ ਕੰਮ ਨਾ ਮਿਲਿਆ ਤਾਂ ਕੀ ਬਣੂ? ਮੇਰੀ ਪਤਨੀ ਤੇ ਬੱਚਿਆਂ ਦਾ ਗੁਜ਼ਾਰਾ ਕਿਵੇਂ ਚੱਲੂ? ਜ਼ਮੀਨ ਵਿੱਚੋਂ ਹਾਲ਼ੇ ਭੌਲੀ ਦਾ ਜੋ ਆਉਂਦਾ, ਉਹਦੇ ਨਾਲ ਤਾਂ ਰੋਟੀ ਵੀ ਨਹੀਂ ਤੁਰ ਸਕਦੀ। ਫੇਰ ਹੋਰ ਖਰਚ ਕਿੱਥੋਂ ਆਏਗਾ?” ਇਸ ਸੋਚ ਦੇ ਨਾਲ ਹੀ ਮੇਰੀਆਂ ਅੱਖਾਂ ਹੰਝੂਆਂ ਨਾਲ ਧੁੰਦਲੀਆਂ ਹੋ ਗਈਆਂ।
ਮੇਰਾ ਤਾਂ ਹਾਲੀਂ ਪਹਿਲਾ ਗਲਾਸ ਵੀ ਮੁੱਕਿਆ ਨਹੀਂ ਸੀ। ਮਲਕੀਤ ਦੂਜਾ ਮੁਕਾ ਕੇ ਤੀਜਾ ਲੈਣ ਚਲਾ ਗਿਆ ਸੀ।
“ਹੁਣ ਤਾਂ ਰੱਬ ਖੈਰ ਹੀ ਕਰੇ।” ਮੈਂ ਆਪਣੇ ਆਪ ਨੂੰ ਕਿਹਾ।
ਮਲਕੀਤ ਦੋ ਗਲਾਸ ਹੀ ਲਿਆਇਆ, ਇੱਕ ਆਪਣੇ ਲਈ ਇੱਕ ਹਰਦਿਆਲ ਲਈ। ਮੇਰਾ ਸਾਹ ਕੁਝ ਸੁਖਾਲਾ ਹੋ ਗਿਆ। ਪਹਿਲਾ ਗਲਾਸ ਤਾਂ ਮੈ ਨੇੜੇ ਕਰ ਦਿੱਤਾ ਸੀ, ਦੂਜੇ ਦਾ ਫਿਕਰ ਪਿਆ ਹੋਇਆ ਸੀ। ਰੋਂਦਿਆਂ ਕੁਰਲਾਉਂਦਿਆਂ ਦੂਜਾ ਵੀ ਅੱਧਾ ਪੀ ਲਿਆ ਸੀ ਕਿ ਮਲਕੀਤ ਨੇ ਕਿਹਾ, “ਨਹੀਂ ਪੀ ਹੁੰਦਾ ਤਾਂ ਰਹਿਣ ਦੇ, ਚੱਲੀਏ! ਸਵੇਰੇ ਕੰਮ ’ਤੇ ਵੀ ਜਾਣਾ।”
ਮੈਨੂੰ ਹੋਰ ਕੀ ਚਾਹੀਦਾ ਸੀ? ਮੈਂ ਗਲਾਸ ਉਵੇਂ ਹੀ ਛੱਡ ਕੇ ਉੱਠ ਖੜ੍ਹਾ ਹੋਇਆ ਤੇ ਕਿਹਾ, “ਚਲੋ ਚੱਲੀਏ, ਸਵੇਰੇ ਪਿਤਾ ਜੀ ਨੂੰ ਵੀ ਮਿਲਣ ਜਾਣਾ।”
ਮਲਕੀਤ ਨੇ ਕਿਹਾ, “ਤੂੰ ਕੱਲਾ ਤਾਂ ਜਾ ਨਹੀਂ ਸਕੇਂਗਾ, ਵੀਕਐਂਡ ਸੈਰੜੇ (ਸ਼ਨਿਚਰਵਾਰ) ਮੈਂ ਨਾਲ ਚੱਲਾਂਗਾ।”
ਮੈਂ ਕਿਹਾ,“ਚਲੋ ਇਹ ਵੀ ਠੀਕ ਹੈ। ਸਵੇਰੇ ਪਿਤਾ ਜੀ ਨੂੰ ਫੋਨ ਕਰ ਦਿਆਂਗੇ।”
ਘਰ ਪੁੱਜਦਿਆਂ ਹੀ ਉਹ ਦੋਵੇਂ ਤਾਂ ਰੋਟੀਆਂ ਨਿਗਲ਼ ਕੇ ਆਪਣੇ ਆਪਣੇ ਸੌਣ-ਕਮਰੇ ਵਿਚ ਜਾ ਵੜੇ ਤੇ ਮੈਂ ਬਾਕਸ ਰੂਮ ਨੂੰ ਜਾ ਭਾਗ ਲਾਏ। ਮੈਂ ਸਾਰਾ ਦਿਨ ਸੁੱਤਾ ਰਿਹਾ ਸਾਂ, ਇਸ ਲਈ ਤੜਕੇ ਚਾਰ ਕੁ ਵਜੇ ਅੱਖ ਲੱਗੀ।
ਸਵੇਰੇ ਜਦ ਮੈਨੂੰ ਜਾਗ ਆਈ ਤਾਂ ਹਰਦਿਆਲ ਤੇ ਮਲਕੀਤ ਦੋਵੇਂ ਕੰਮ ’ਤੇ ਗਏ ਹੋਏ ਸਨ। ਮੈਂ ਉੱਠ ਕੇ ਬਾਹਰ ਨਿਕਲਿਆ ਤਾਂ ਕੁਲਦੀਪ ਨੇ ਕਿਹਾ, “ਭਾਅ ਜੀ! ਜੇ ਨ੍ਹਾਉਣਾ ਆਂ ਤਾਂ ਆਹ ਪੰਜ ਪੈਂਸ ਮੀਟਰ ਵਿਚ ਪਾ ਲਿਉ।” ਮੇਰੇ ਵਾਲੇ ਬਾਕਸ ਰੂਮ ਦੇ ਸਾਹਮਣੇ ਬਾਥਰੂਮ ਸੀ। ਕੁਲਦੀਪ ਨੇ ਬਾਥਰੂਮ ਦਾ ਦਰਵਾਜ਼ਾ ਖੋਲ੍ਹ ਕੇ ਮੈਨੂੰ ਗੈਸ ਦਾ ਮੀਟਰ ਵੀ ਦਿਖਾ ਦਿੱਤਾ ਤੇ ਉਹਦੇ ਵਿਚ ਪੈਂਸੇ ਪਾਉਣ ਦਾ ਵੱਲ ਵੀ ਦੱਸ ਦਿੱਤਾ।
ਮੈਂ ਬਾਥਰੂਮ ਵਿਚ ਵੜ ਕੇ ਆਪਣੇ ਆਪ ਨੂੰ ਕਿਹਾ, "ਦੇਖ ਲਈ ਅੰਗਰੇਜ਼ਾਂ ਦੀ ਵਲੈਤ! ਇੱਥੇ ਨਹਾਉਣ ਲਈ ਗਰਮ ਪਾਣੀ ਵੀ ਮੁੱਲ ਮਿਲਦਾ।"
ਬਾਥਰੂਮ ਦੇ ਅੰਦਰ ਹੀ ਫਲੱਸ਼ ਸਿਸਟਮ ਬਣਿਆ ਹੋਇਆ ਸੀ। ਮੈਂ ਹਾਜਤ ਤੋਂ ਫਾਰਗ ਹੋ ਕੇ ਪਾਣੀ ਛੱਡਣ ਲਈ ਜਦ ਹੈਂਡਲ ਦੱਬਿਆ ਤਾਂ ਮੈਨੂੰ ਆਪਣੇ ਦੋਸਤ ਤੋਂ ਸੁਣੀ ਕਿਸੇ ਪੇਂਡੂ ਬੰਦੇ ਦੀ ਕਹਾਣੀ ਯਾਦ ਆ ਗਈ। ਉਹ ਪੇਂਡੂ ਬੰਦਾ ਆਪਣੇ ਕਿਸੇ ਐਮ. ਐਲ. ਏ. ਰਿਸ਼ਤੇਦਾਰ ਨੂੰ ਮਿਲਣ ਚੰਡੀਗੜ੍ਹ ਗਿਆ ਸੀ ਤੇ ਰਾਤ ਉੱਥੇ ਹੀ ਉਹਦੇ ਘਰ ਰਹਿ ਪਿਆ ਸੀ। ਐਮ. ਐਲ. ਏ. ਨੇ ਉਹਨੂੰ ਆਪਣੇ ਘਰ ਵਿਚ ਲੱਗੇ ਫਲੱਸ਼ ਸਿਸਟਮ ਨੂੰ ਦਿਖਾ ਕੇ ਕਿਹਾ, “ ਫਾਰਗ ਹੋਣ ਤੋ ਪਿੱਛੋਂ ਆਹ ਹੈਂਡਲ ਦੱਬ ਦੇਵੀਂ।” ਪੇਂਡੂ ਸੱਜਣ ਸਵੇਰੇ ਉੱਠਿਆ। ਫਾਰਗ ਹੋਣ ਤੋਂ ਪਿੱਛੋਂ ਜਦ ਉਹਨੇ ਹੈਂਡਲ ਦਬਾਇਆ, ਤਾਂ ਫਲੱਸ਼ ਵਿੱਚੋਂ ‘ ਘਲ਼ਲ਼’ ਦੀ ਅਵਾਜ਼ ਸੁਣ ਕੇ ਸਮਝਿਆ ਕਿ ਕੁੱਝ ਟੁੱਟ ਗਿਆ ਹੈ। ਉਹ ਇੰਨਾ ਘਬਰਾ ਗਿਆ ਕਿ ਘਰ ਦਿਆਂ ਨੂੰ ਮੂੰਹ ਦਿਖਾਲੇ ਤੋਂ ਬਿਨਾਂ ਹੀ ਚੁੱਪ ਕੀਤਾ ਘਰੋਂ ਨਿੱਕਲ ਗਿਆ ਤੇ ਬੱਸ ਸਟੇਸ਼ਨ ’ਤੇ ਜਾ ਕੇ ਸਾਹ ਲਿਆ। ਮੈਂ ਦਿੱਲੀ ਵਿਚ ਹੀ ਇਸ ਸਿਸਟਮ ਦਾ ਵਾਕਿਫ ਹੋ ਗਿਆ ਸਾਂ, ਨਹੀਂ ਤਾਂ ਸ਼ਾਇਦ ‘ਘਲ਼ਲ਼’ ਦੀ ਅਵਾਜ਼ ਸੁਣ ਕੇ ਮੇਰਾ ਵੀ ਉਹੀ ਹਾਲ ਹੁੰਦਾ। ਖੈਰ ਮੈਂ ਨ੍ਹਾਉਣ ਲਈ ਟੱਬ ਵਿਚ ਸਰਫੇ ਨਾਲ ਪਾਣੀ ਪਾਇਆ। ਡਰਦਾ ਸਾਂ, ਕਿਤੇ ਅੱਧ ਵਿਚ ਹੀ ਪਾਏ ਹੋਏ ਪੈਂਸ ਨਾ ਮੁੱਕ ਜਾਣ ਤੇ ਕੇਸਾਂ ਵਿੱਚੋਂ ਸਾਬਣ ਵੀ ਨਾ ਨਿੱਕਲ ਸਕੇ। ਸ਼ੁਕਰ ਕੀਤਾ ਜਦੋਂ ਮੇਰਾ ਨ੍ਹਾਉਣਾ ਧੋਣਾ ਪੰਜਾਂ ਪੈਂਸਾਂ ਵਿਚ ਹੀ ਹੋ ਗਿਆ।
ਪੰਜ ਕੁ ਵਜੇ ਹਰਦਿਆਲ ਤੇ ਮਲਕੀਤ ਦੋਵੇਂ ਕੰਮ ਤੋਂ ਆ ਗਏ। ਚਾਹ ਪਾਣੀ ਦਾ ਕੰਮ ਨਿਬੇੜ ਕੇ ਮਲਕੀਤ ਨੇ ਮੈਨੂੰ ਕਿਹਾ, “ਚੱਲ ਤੁਰ ਹੁਣ ਮਾਸੜ ਨੂੰ ਟੈਲੀਫੋਨ ਕਰ ਆਈਏ।” ਉਨ੍ਹਾਂ ਦਿਨਾਂ ਵਿਚ ਘਰਾਂ ਵਿਚ ਘੱਟ ਹੀ ਟੈਲੀਫੋਨ ਹੁੰਦੇ ਸਨ। ਮਲਕੀਤ ਮੈਨੂੰ ਨਾਲ ਲੈ ਕੇ ਸੜਕ ਦੇ ਨਾਲ ਨਾਲ 15 ਕੁ ਮਿੰਟ ਤੁਰਿਆ ਗਿਆ ਤੇ ਫੇਰ ਇੱਕ ਲਾਲ ਬਕਸੇ ਜਿਹੇ ਕੋਲ ਜਾ ਖਲੋਤਾ ਤੇ ਮੈਨੂੰ ਕਿਹਾ, “ਟੈਲੀਫੋਨ ਬੂਥ ਆ ਗਿਆ। ਇੱਥੇ ਖੜ੍ਹ ਜਾ। ਟੈਲੀਫੋਨ ਵਿਹਲਾ ਹੋਣ ਤੇ ਫੋਨ ਕਰ ਲਵਾਂਗੇ।”
ਉਸ ਟੈਲੀਫੋਨ ਬੂਥ ਦੇ ਦੋਹਾਂ ਹਿੱਸਿਆਂ ਵਿਚ ਦੋ ਫੋਨ ਸਨ ਤੇ ਦੋਹਾਂ ਨੂੰ ਫੋਨ ਕਰਨ ਵਾਲੇ ਚੁੰਬੜੇ ਹੋਏ ਸਨ। ਇੱਕ ਪਾਸੇ ਦਾ ਫੋਨ ਵਿਹਲਾ ਹੋਇਆ ਤਾਂ ਮਲਕੀਤ ਮੈਨੂੰ ਲੈ ਕੇ ਟੈਲੀਫੋਨ ਬੂਥ ਵਿਚ ਜਾ ਵੜਿਆ। ਉਹਨੇ ਦੋ ਪੈਂਸ ਫੋਨ ਦੇ ਬਕਸ ਵਿਚ ਪਾਏ ਤੇ ਡਾਇਲ ਘੁਮਾਉਣਾ ਸ਼ੁਰੂ ਕਰ ਦਿੱਤਾ। ਫੇਰ ਉਹ ਛੇਤੀ ਹੀ ਗੱਲਾਂ ਕਰਨ ਲੱਗ ਪਿਆ।
“ਸਾਸਰੀ 'ਕਾਲ ਮਾਸੜ ਜੀ! ਮੈਂ ਮਲਕੀਤ ਬੋਲ ਰਿਹਾਂ। ਤੁਹਾਡਾ ਲੜਕਾ ਹਰਬਖਸ਼ ਆ ਗਿਆ, ਲਓ ਕਰ ਲਉ ਗੱਲ ਇਹਦੇ ਨਾਲ।”
ਇਹ ਕਹਿ ਕੇ ਉਹਨੇ ਫੋਨ ਮੈਨੂੰ ਫੜਾ ਦਿੱਤਾ। ਫੋਨ ਵਿੱਚੋਂ ਮੇਰੇ ਪਿਤਾ ਜੀ ਦੀ ਕਮਜ਼ੋਰ ਜਿਹੀ ਅਵਾਜ਼ ਆਈ, “ਹੈਲੋ! ਆ ਗਿਆ ਪੁੱਤ? ਹੋਰ ਸਾਰੇ ਠੀਕ ਸੀ?"
ਮੈਥੋਂ ਗੱਲ ਨਹੀਂ ਹੋ ਰਹੀ ਸੀ ਤੇ ਹਾਲ ਉਨ੍ਹਾਂ ਦਾ ਵੀ ਮੇਰੇ ਵਰਗਾ ਸੀ। ਮੈਂ ਇੰਨਾ ਹੀ ਕਹਿ ਸਕਿਆ,“ਆ ਗਿਆਂ। ਸਨਿਚਰਵਾਰ ਨੂੰ ਤੁਹਾਡੇ ਕੋਲ ਆਵਾਂਗਾ। ਫੇਰ ਗੱਲਾਂ ਕਰਾਂਗੇ।” ਫੇਰ ਮੈਂ ਫੋਨ ਮਲਕੀਤ ਨੂੰ ਫੜਾ ਦਿੱਤਾ। ਮਲਕੀਤ ਉੰਨਾ ਚਿਰ ਗੱਲਾਂ ਕਰਦਾ ਰਿਹਾ, ਜਿੰਨਾ ਚਿਰ ਟੈਲੀਫੋਨ ਨੇ ਹੋਰ ਪੈਸੇ ਨਾ ਮੰਗਣੇ ਸ਼ੁਰੂ ਕਰ ਦਿੱਤੇ।
*****
(22)