HMaqsoodpuri7ਅਗਲੇ ਹਫਤੇ ਦੇ ਸੋਮਵਾਰ ਨੂੰ ਮੈਂ ਪਲੱਮਸਟੈਡ ਵਿਚ ਨਵੇਂ ਕੰਮ ’ਤੇ ਜਾ ਲੱਗਾ ...
(ਫਰਵਰੀ 2, 2016)

 

ਮੇਰਾ ਮਿੱਤਰਾਂ ਵਰਗਾ ਵਿਦਿਆਰਥੀ ਚਾਚੋਕੀ ਵਾਲਾ ਸਾਧੂ ਮੈਥੋਂ ਦੋ ਕੁ ਸਾਲ ਪਹਿਲਾਂ ਇੰਗਲੈਂਡ ਆ ਗਿਆ ਸੀ। ਮੈਂ ਉਸ ਵੇਲੇ ਭਾਰ ਸਿੰਘ ਪੁਰ (ਤਹਿਸੀਲ ਫਿਲੌਰ) ਦੇ ਸਰਕਾਰੀ ਮਿਡਲ ਸਕੂਲ ਵਿਚ ਪੜ੍ਹਾਉਂਦਾ ਸਾਂ। ਉਹ ਇੰਗਲੈਂਡ ਲਈ ਤੁਰਨ ਤੋਂ ਪਹਿਲਾਂ ਮੈਨੂੰ ਮਿਲਣ ਆਇਆ ਸੀ। ਉਹਨੂੰ ਮਿਲਣ ਸਮੇਂ ਮੈਂ ਕੁਝ ਉਦਾਸ ਜਿਹਾ ਸਾਂ। ਉਦਾਸ ਤਾਂ ਹੋਣਾ ਹੀ ਸੀ, ਮੇਰਾ ਮਿੱਤਰਾਂ ਵਰਗਾ ਵਿਦਿਆਰਥੀ ਪਰਦੇਸ ਜਾਣ ਲਈ ਤਿਆਰ ਸੀ ਤੇ ਕੁਝ ਇਸ ਕਰਕੇ ਵੀ ਕਿ ਉਸ ਸਮੇਂ ਮੇਰਾ ਮਨ ਵੀ ਆਪਣੀ ਨੌਕਰੀ ਤੋਂ ਉਚਾਟ ਹੋ ਚੁੱਕਾ ਸੀ। ਉਦਾਸ ਉਹ ਵੀ ਸੀ, ਮੈਨੂੰ ਉਦਾਸ ਦੇਖ ਕੇ ਵੀ ਤੇ ਸਾਡੀ ਲੰਮੀ ਸਾਂਝ ਨੂੰ ਯਾਦ ਕਰ ਕੇ ਵੀ। ਉਹ ਨੇ ਮੈਥੋਂ ਵਿਛੜਨ ਵੇਲੇ ਕਿਹਾ ਸੀ, “ਮਾਸਟਰ ਜੀ! ਮੈਂ ਤੁਹਾਡਾ ਸ਼ਗਿਰਦ ਆਪਣੀ ਜਵਾਨੀ ਦੀ ਸੌਂਹ ਖਾ ਕੇ ਕਹਿੰਦਾ ਹਾਂ, ਤੁਸੀਂ ਵੀ ਦੋ ਸਾਲ ਦੇ ਅੰਦਰ ਅੰਦਰ ਮੇਰੇ ਕੋਲ ਹੋਵੋਗੇ  ਸ਼ਾਇਦ ਉਹਨੇ ਮੇਰੀ ਉਦਾਸੀ ਨੂੰ ਭਾਂਪ ਲਿਆ ਸੀ।

ਢੋਅ ਅਜਿਹਾ ਬਣ ਗਿਆ ਕਿ ਉਹਨੂੰ ਕੁਝ ਵੀ ਨਾ ਕਰਨਾ ਪਿਆ ਤੇ ਮੈਂ ਦੋ ਸਾਲ ਦੇ ਅੰਦਰ ਅੰਦਰ ਹੀ ਇੰਗਲੈਂਡ ਵਿਚ ਆ ਪੁੱਜਾ ਸਾਂ। ਸਾਧੂ ਮੇਰੇ ਸਾਊਥਾਲ ਪੁੱਜਣ ਦੇ ਦੂਜੇ ਹਫਤੇ ਹੀ ਮੈਨੂੰ ਮਿਲਣ ਆ ਗਿਆ ਤੇ ਜਾਂਦਾ ਹੋਇਆ ਕਹਿ ਗਿਆ ਕਿ ਉਹ ਛੇਤੀ ਹੀ ਆਪਣੇ ਵਾਲੇ ਕਸਬੇ ਵਿਚ ਮੇਰੇ ਲਈ ਕੰਮ ਦਾ ਇੰਤਜ਼ਾਮ ਕਰ ਦੇਵੇਗਾ ਤੇ ਮੈਨੂੰ ਆਪਣੇ ਕੋਲ ਲੈ ਜਾਵੇਗਾ ਪਰ ਉਹਦੇ ਲਿਜਾਣ ਤੋਂ ਪਹਿਲਾਂ ਹੀ ਮੈਂ ਸੀਮਨ ਸਕੂਕਰਟ ਵਿਚ ਕੰਮ ’ਤੇ ਲੱਗ ਗਿਆ ਸਾਂ।

ਪਲੱਮਸਟੈਡ ਵਿਚ ਨਵਾਂ ਕੰਮ

ਜਦ ਕੁਝ ਮਹੀਨੇ ਕੰਮ ਕਰਨ ਪਿੱਛੋਂ ਉਸ ਕੰਮ ਤੋਂ ਮੇਰਾ ਮਨ ਉਚਾਟ ਹੋ ਗਿਆ ਤਾਂ ਸਾਧੂ ਆ ਬਹੁੜਿਆ ਤੇ ਮੈਨੂੰ ਆਪਣੇ ਨਾਲ ਲੈ ਗਿਆ। ਉਹ ਮੈਨੂੰ ਉਸੇ ਫੈਕਟਰੀ ਵਿਚ ਟਰਾਈ ਕਰਵਾਉਣ ਲਈ ਲੈ ਗਿਆ, ਜਿੱਥੇ ਉਹ ਆਪ ਕੰਮ ਕਰਦਾ ਸੀ। ਉਹ ਨੇ ਮੈਨੂੰ ਪਹਿਲਾਂ ਹੀ ਸਮਝਾ ਦਿੱਤਾ ਸੀ ਕਿ ਇੰਟਰਵੀਊ ਵੇਲੇ ਕੀ ਕਹਿਣਾ ਹੈ? ਮੈਂ ਇਹ ਕਹਿਣਾ ਸੀ ਕਿ ਮੈਂ ਸੈਂਟਰਲੇਥ ’ਤੇ ਕੰਮ ਕਰਦਾ ਰਿਹਾ ਹਾਂ। ਮੈਂ ਕਿਹਾ, “ਮੈਂ ਤਾਂ ਸੈਂਟਰਲੇਥ ਕਦੀ ਦੇਖੀ ਵੀ ਨਹੀਂ, ਉਸ ’ਤੇ ਕੰਮ ਕਿਵੇਂ ਕਰਾਂਗਾ?” ਸਾਧੂ ਨੇ ਕਿਹਾ, “ਇੱਥੇ ਸਾਡੇ ਸਾਰੇ ਦੇਸੀ ਭਾਈਬੰਦ ਇੰਝ ਹੀ ਕੰਮ ’ਤੇ ਲੱਗਦੇ ਆ

ਇਸ ਤੱਥ ਦੀ ਪੁਸ਼ਟੀ ਲਈ ਸਾਧੂ ਨੇ ਆਪਣੇ ਇੱਕ ਭਾਈਬੰਦ ਦੀ ਕਹਾਣੀ ਸੁਣਾਈ। ਉਹ ਭਾਈਬੰਦ ਸੀ ਕੇਵਲ 'ਯੂ ਮੀ' ਤੱਕ ਅੰਗ੍ਰੇਜ਼ੀ ਜਾਣਦਾ ਪੇਂਡੂ ਜੱਟ। ਸਾਧੂ ਨੇ ਉਹਨੂੰ ਸਮਝਾਇਆ ਕਿ ਉਹ ਇੰਟਰਵੀਊ ਸਮੇਂ ਦੱਸੇ ਕਿ ਉਹ ਸੈਂਟਰਲੇਥ ’ਤੇ ਕੰਮ ਕਰਦਾ ਰਿਹਾ ਹੈ। ਇੰਟਰਵੀਊ ਦੇ ਸਮੇਂ ਜਦ ਇੰਟਰਵੀਊ ਲੈਣ ਵਾਲੇ ਨੇ ਉਹਨੂੰ ਪੁੱਛਿਆ ਕਿ ਉਹਨੂੰ ਕਿਸ ਕਿਸਮ ਦੀ ਮਸ਼ੀਨ ’ਤੇ ਕੰਮ ਕਰਨ ਦਾ ਤਜਰਬਾ ਹੈ? ਉਸ ਵੇਲੇ ਤੱਕ ਉਹਦੇ ਦਿਮਾਗ ਵਿੱਚੋਂ ਸੈਂਟਰਲੇਥ ਸ਼ਬਦ ਗ਼ੁਮ ਗੁਆਚ ਗਿਆ ਸੀ। ਬੰਦਾ ਸੀ ਬਹੁਤ ਚੁਸਤ ਚਲਾਕ, ਉਹਨੇ ਝੱਟ ਕਹਿ ਦਿੱਤਾ, “ਟੋਕਾ ਮਸ਼ੀਨ ’ਤੇ।” ਜਦ ਇੰਟਰਵੀਊ ਕਰਨ ਵਾਲੇ ਨੇ ਕਿਹਾ, “ਉਹ ਕੀ ਹੁੰਦਾ?” ਤਾਂ ਸਾਧੂ ਨੇ ਕੋਲੋਂ ਕਹਿ ਦਿੱਤਾ, “ਇੰਡੀਆ ਵਿਚ ਸੈਂਟਰਲੇਥ ਨੂੰ ਟੋਕਾ ਮਸ਼ੀਨ ਕਹਿੰਦੇ ਆ।” ਇਸ ਤਰ੍ਹਾਂ ਉਸ ਭਾਈਬੰਦ ਦਾ ਅਟਕਲ ਲੱਗ ਗਿਆ ਤੇ ਉਹਨੂੰ ਕੰਮ ’ਤੇ ਰੱਖ ਲਿਆ।

ਜਦ ਮੈਂ ਸਾਧੂ ਨੂੰ ਕਿਹਾ, “ਮੈਂ ਤਾਂ ਸੈਂਟਰਲੇਥ ’ਤੇ ਕੰਮ ਕਰਨਾ ਜਾਣਦਾ ਹੀ ਨਹੀਂ। ਜੇ ਉੱਥੇ ਕੰਮ ’ਤੇ ਲੱਗ ਗਿਆ, ਕੰਮ ਕਿਵੇਂ ਕਰਾਂਗਾ?” ਸਾਧੂ ਨੇ ਉੱਤਰ ਦਿੱਤਾ, “ਤੁਹਾਡਾ ਕੰਮ ਮਸ਼ੀਨ ਓਪ੍ਰੇਟਰ (ਮਸ਼ੀਨ-ਚਾਲਕ) ਦਾ ਹੋਣਾ ਹੈ। ਤੁਸੀਂ ਤਾਂ ਸੈਟਰ ਦੇ ਦੱਸੇ ਅਨੁਸਾਰ ਮਸ਼ੀਨ ਚਲਾਉਣੀ ਹੈ। ਮਸ਼ੀਨ-ਸੈਟਰ ਦਾ ਕੰਮ ਹੁੰਦਾ ਹੈ ਹਰ ਨਵੇਂ ਕੰਮ ਲਈ ਮਸ਼ੀਨ ਸੈੱਟ ਕਰ ਕੇ ਓਪਰੇਟਰ ਨੂੰ ਸੰਭਾਲਣੀ ਤੇ ਓਪਰੇਟਰ ਦਾ ਕੰਮ ਉਹਦੇ ਦੱਸੇ ਅਨੁਸਾਰ ਕੰਮ ਕਰੀ ਜਾਣਾ ਹੁੰਦਾ ਹੈ ਇੰਟਰਵੀਊ ਸਮੇਂ ਮੈਂ ਸਾਧੂ ਦੀ ਪੜ੍ਹਾਈ ਪੱਟੀ ਅਨੁਸਾਰ ਬੋਲਦਾ ਰਿਹਾ। ਇਸ ਤਰ੍ਹਾਂ ਮੇਰਾ ਵੀ ਅਟਕਲ ਲੱਗ ਗਿਆ। ਮੈਨੂੰ ਪੱਕੀਆਂ ਰਾਤਾਂ ਦੀ ਸ਼ਿਫਟ ’ਤੇ ਰੱਖ ਲਿਆ ਗਿਆ।

ਮੈਂ ਦੂਜੇ ਦਿਨ ਹੀ ਸੀਮਨ ਸਕੂਕਰਟ ਵਿਚ ਕੰਮ ’ਤੇ ਜਾਂਦੇ ਨੇ ਹੀ ਕੰਮ ਛੱਡਣ ਲਈ ਇਕ ਹਫਤੇ ਦਾ ਨੋਟਸ  ਦੇ ਦਿੱਤਾ। ਅਗਲੇ ਹਫਤੇ ਦੇ ਸੋਮਵਾਰ ਨੂੰ ਮੈਂ ਪਲੱਮਸਟੈਡ ਵਿਚ ਨਵੇਂ ਕੰਮ ’ਤੇ ਜਾ ਲੱਗਾ ਤੇ ਡੇਰਾ ਵੀ ਸਾਧੂ ਦੇ ਘਰ ਹੀ ਲੱਗਣਾ ਸੀ, ਸੋ ਲੱਗ ਗਿਆ। ਸਾਧੂ ਦਾ ਘਰ ਪਲੱਮਸਟੈਡ ਵਿਚ ਪੱਰਟ 65 ਨੰਬਰ ਸੀ। ਸੜਕ ਦਾ ਇਹ ਪਾਸਾ ਚੋਖੀ ਚੜ੍ਹਾਈ ਚੜ੍ਹ ਕੇ ਆਉਂਦਾ ਸੀ। ਸਾਧੂ ਨੇ ਇਹ ਘਰ ਸਾਲ ਕੁ ਪਹਿਲਾਂ ਹੀ ਲਿਆ ਸੀ। ਰਹਿੰਦਾ ਉਹ ਕੇਵਲ ਆਪ ਤੇ ਨਾਲ ਉਹਦਾ ਇੱਕ ਪੇਡੂੰ ਬੰਦਾ ਪੂ੍ਰਨ ਸੀ। ਪੂਰਨ ਵੀ ਰਾਮਗ੍ਹੜੀਆ ਸਕੂਲ ਦੇ ਵੇਲੇ ਦਾ ਮੇਰਾ ਵਿਦਿਆਰਥੀ ਸੀ। ਮੈਂ ਇੰਝ ਹੀ ਮਹਿਸੂਸ ਕਰ ਰਿਹਾ ਸਾਂ ਜਿਵੇਂ ਕਿ ਆਪਣੇ ਘਰ ਹੀ ਆ ਗਿਆ ਹੋਵਾਂ।

ਜਿਸ ਫੈਕਟਰੀ ਵਿਚ ਮੈਂ ਕੰਮ ’ਤੇ ਲੱਗਾ ਸਾਂ, ਉਸ ਵਿਚ ਬਿਜਲਈ ਵਸਤਾਂ ਵਿਚ ਲੱਗਣ ਵਾਲੇ ਛੋਟੇ ਛੋਟੇ ਪੁਰਜ਼ੇ ਬਣਦੇ ਸਨ। ਇੱਕ ਪੁਰਜ਼ਾ ਬਣਦਾ ਸੀ, ਜਿਹਨੂੰ ਰੋਟਰ ਕਹਿੰਦੇ ਸਨ। ਇਹ ਪੁਰਜ਼ਾ ਬਣਾਉਣ ਲਈ ਪਹਿਲਾਂ ਤਾਂਬੇ ਦੀਆਂ ਇੱਕੋ ਸਾਈਜ਼ ਦੀਆਂ ਗੋਲ ਭੰਬੀਰੀਆਂ ਜਿਹੀਆਂ ਕੱਟੀਆਂ ਜਾਂਦੀਆਂ ਸਨ, ਫੇਰ ਉਨ੍ਹਾਂ ਦੀ ਖਾਸ ਗਿਣਤੀ ਧੁਰੀ ਤੇ ਚਾੜ੍ਹ ਕੇ ਪਰੈੱਸ ਦੇ ਦਬਾ ਨਾਲ ਉਨ੍ਹਾਂ ਨੂੰ ਜੋੜਿਆ ਜਾਂਦਾ ਸੀ। ਫੇਰ ਜੁੜੇ ਹੋਏ ਪੁਰਜ਼ੇ ਨੂੰ ਫਲੱਕਸ (ਮਸਾਲਾ ਜਿਹਾ) ਲਾ ਕੇ ਪਿਘਲੇ ਹੋਏ ਸੋਲਡਰ (ਟਾਂਕਾ ਲਾਉਣ ਵਾਲਾ ਮਸਾਲਾ) ਵਿਚ ਡਬੋਇਆ ਜਾਂਦਾ ਸੀ। ਇਸ ਤਰ੍ਹਾਂ ਰੋਟਰ ਤਿਆਰ ਹੋ ਜਾਂਦਾ ਸੀ। ਇਹ ਰੋਟਰ ਕਈ ਸਾਈਜ਼ਾਂ ਦੇ ਹੁੰਦੇ ਸਨ।

ਮੇਰਾ ਕੰਮ ਸੀ ਇਨ੍ਹਾਂ ਰੋਟਰਾਂ ਤੋਂ ਵਾਇਰਬਰੁਸ਼ ਨਾਲ ਵਾਧੂ ਫਲੱਕਸ ਝਾੜਨਾ। ਮਸ਼ੀਨ ’ਤੇ ਇੱਕ ਗੋਲ਼ ਵਾਇਰਬਰੁਸ਼ ਘੁੰਮ ਰਿਹਾ ਹੁੰਦਾ ਸੀ। ਮੈਂ ਰੋਟਰ ਨੂੰ ਉਸ ਵਾਇਰਬਰੁਸ਼ ਦੇ ਨੇੜੇ ਲੈ ਜਾ ਕੇ ਉਸ ਤੋਂ ਵਾਧੂ ਫਲੱਕਸ ਝਾੜਦਾ ਸਾਂ। ਇਹ ਕੰਮ ਪੀਸ-ਵਰਕ ਦਾ ਸੀ। ਜਿੰਨਾ ਵੱਧ ਕੰਮ ਕਰੋ ਉੰਨੇ ਵੱਧ ਪੈਸੇ। ਵੱਧ ਤੋਂ ਵੱਧ ਇੱਕ ਖਾਸ ਗਿਣਤੀ ਨਾਲੋਂ ਦੁੱਗਣਾ ਕੰਮ ਕੀਤਾ ਜਾ ਸਕਦਾ ਸੀ। ਜੇ ਕੋਈ ਬੰਦਾ ਦੁਗਣੀ ਗਿਣਤੀ ਤੋਂ ਵੱਧ ਕੰਮ ਕਰਦਾ ਤਾਂ ਉਹਨੂੰ ਮਿਹਨਤਾਨਾ ਵੱਧ ਨਹੀਂ ਮਿਲਦਾ ਸੀ। ਇਹਦਾ ਮਤਲਬ ਸੀ ਕਿ ਦੂਣੀ ਗਿਣਤੀ ਨਾਲੋਂ ਵੱਧ ਕੰਮ ਕਰਨ ਦਾ ਕੋਈ ਫਾਇਦਾ ਨਹੀਂ ਸੀ। ਪਹਿਲਾਂ ਪਹਿਲਾਂ ਤਾਂ ਮੈਥੋਂ ਦੂਣੀ ਗਿਣਤੀ ਤਾਂ ਕੀ ਖਾਸ ਗਿਣਤੀ ਵੀ ਪੂਰੀ ਨਹੀਂ ਹੁੰਦੀ ਸੀ, ਇਸ ਲਈ ਪੀਸ ਵਰਕ ਬਣਦਾ ਹੀ ਨਹੀਂ ਸੀ। ਫੇਰ ਕੁਝ ਹਫਤੇ ਕੰਮ ਕਰਨ ਪਿੱਛੋਂ ਮੈਨੂੰ ਵੱਧ ਕੰਮ ਕਰਨ ਦਾ ਵੱਲ ਆ ਗਿਆ। ਮੈਂ ਰੋਟਰ ਨੂੰ ਉਹਦੀ ਧੁਰੀ ਦੇ ਦੋਹਾਂ ਪਾਸਿਆਂ ਤੋਂ ਫੜ ਕੇ ਟੇਢਾ ਜਿਹਾ ਕਰ ਕੇ ਵਾਇਰਬਰੁਸ਼ ਦੇ ਨੇੜੇ ਲੈ ਜਾਂਦਾ ਸਾਂ। ਬਰੁਸ਼ ਦੇ ਪਰੈੱਸ਼ਰ ਨਾਲ ਰੋਟਰ ਤੇਜ਼ੀ ਨਾਲ ਘੁੰਮਦਾ ਤੇ ਸਕਿੰਟਾਂ ਵਿਚ ਬਿਲਕੁਲ ਸਾਫ ਹੋ ਜਾਂਦਾ। ਇਸ ਤਰ੍ਹਾਂ ਸਾਰੀ ਰਾਤ ਵਿਚ ਜਿੰਨਾ ਕੰਮ ਕਰਨਾ ਹੁੰਦਾ, ਉਹਦੇ ਨਾਲੋਂ ਦੂਣਾ ਕੁਝ ਘੰਟਿਆਂ ਵਿਚ ਹੀ ਹੋ ਜਾਂਦਾ। ਫੇਰ ਵਿਹਲਾ ਸਮਾਂ ਲੰਘਾਉਣ ਦੀ ਸਮੱਸਿਆ ਖੜ੍ਹ ਜਾਂਦੀ, ਇਸ ਲਈ ਜਦੋਂ ਦੇਖ ਲੈਂਦਾ ਕਿ ਦੂਣਾ ਕੰਮ ਛੇਤੀ ਹੀ ਹੋ ਜਾਣਾ ਹੈ ਤਾਂ ਰਫਤਾਰ ਜ਼ਰਾ ਘਟਾ ਲੈਂਦਾ ਸਾਂ। ਰੋਜ਼ ਦੂਣਾ ਕੰਮ ਕਰ ਕੇ ਪੀਸ ਵਰਕ ਤਾਂ ਡਬਲ ਕਰ ਲਈਦਾ ਸੀ ਪਰ ਵਾਇਰਬਰੁਸ਼ ਨਾਲ ਮਸਾਲੇ ਦੀ ਉਡਦੀ ਧੂੜ ਸਿੱਧੀ ਨਾਸਾਂ ਵਲ ਨੂੰ ਆਉਂਦੀ ਸੀ, ਇਸ ਲਈ ਨਾਸਾਂ ਮੋਹਰੇ ਮਾਸਕ (ਮੁਖੌਟਾ) ਬੰਨ੍ਹ ਕੇ ਰੱਖਣਾ ਪੈਂਦਾ ਸੀ। ਮਾਸਕ ਲਾ ਕੇ ਸਾਹ ਲੈਣਾ ਕੁਝ ਔਖਾ ਹੋ ਜਾਂਦਾ ਸੀ ਤੇ ਹਰ ਪੰਜਾਂ ਕੁ ਮਿੰਟਾਂ ਪਿੱਛੋਂ ਮਾਸਕ ਲਾਹ ਕੇ ਸਾਹ ਲੈਣਾ ਪੈਂਦਾ ਸੀ। ਹੱਥਾਂ ਨੂੰ ਵਾਇਰਬਰੁਸ਼ ਦੀ ਮਾਰ ਤੋਂ ਬਚਾਉਣ ਲਈ ਦਸਤਾਨੇ ਪਾਉਣੇ ਪੈਂਦੇ ਸਨ।

ਤਨਖਾਹ ਇੱਥੇ ਰਾਤਾਂ ਦੇ ਬੋਨਸ ਨਾਲ ਹਫਤੇ ਦੇ ਪੰਦਰਾਂ ਕੁ ਪੌਂਡ ਤੱਕ ਤਾਂ ਉਂਝ ਹੀ ਪੁੱਜ ਜਾਂਦੀ ਸੀ, ਜਦ ਪੀਸ ਵਰਕ ਬਣਨ ਲੱਗ ਪਿਆ ਤਾਂ ਪੌਂਡ ਵੀ ਹਫਤੇ ਦੇ ਵੀਹ ਤੱਕ ਮਿਲਣ ਲੱਗ ਪਏ ਸਨ। ਮੈਂ ਬੱਚਤ ਕਰਨ ਵਾਲਾ ਪਰਣ ਉਸੇ ਤਰ੍ਹਾਂ ਨਿਭਾਈ ਜਾ ਰਿਹਾ ਸਾਂ, ਸਗੋਂ ਅੱਗੇ ਨਾਲੋ ਵੱਧ ਇਨਕਮ ਹੋਣ ਕਰਕੇ ਵੱਧ ਹੀ ਬਚ ਜਾਂਦੇ ਸਨ।

ਮੈਂ ਸਾਧੂ ਨੂੰ ਉਹਦੇ ਘਰ ਵਿਚ ਰਹਿਣ ਦੇ ਕਰਾਏ ਬਾਰੇ ਕਈ ਵੇਰ ਪੁੱਛਿਆ ਪਰ ਉਹਨੇ ਅਜਿਹੀ ਨਾਂਹ ਫੜੀ ਕਿ ਮੇਰੀ ਕੁਝ ਪੇਸ਼ ਨਾ ਗਈ। ਸਾਧੂ ਮੈਥੋਂ ਕਿਰਾਇਆ ਤਾਂ ਲੈਂਦਾ ਨਹੀਂ ਸੀ ਪਰ ਘਰ ਦੇ ਸਾਰੇ ਬਿੱਲਾਂ ਦਾ ਅੱਧ ਮੈਂ ਮੱਲੋਮੱਲੀ ਦੇ ਦਿੰਦਾ ਸਾਂ। ਮੈਂ ਜਿੰਨੇ ਕੁ ਪੌਂਡ ਬਚਦੇ, ਮਹੀਨੇ ਕੁ ਪਿੱਛੋਂ ਦੇਸ ਨੂੰ ਭੇਜ ਦਿੰਦਾ ਸਾਂ। ਮੈਂ ਦੋ ਸਾਲ ਵਿਚ ਹੀ ਆਪਣੇ ਬਜ਼ੁਰਗਾਂ ਦਾ ਸਾਰਾ ਕਰਜ਼ਾ ਵੀ ਲਾਹ ਦਿੱਤਾ ਸੀ ਤੇ ਮੇਰੀ ਪਤਨੀ ਕੋਲ ਅਠਾਰਾਂ ਹਜ਼ਾਰ ਰੁਪਏ ਵੀ ਜਮ੍ਹਾਂ ਵੀ ਹੋ ਗਏ।

ਉੱਤਰ-ਲਿਖਤ:

ਅਗਸਤ 1965 ਵਿਚ ਮੈਂ ਹਾਲਾਤ ਦਾ ਧੱਕਿਆ ਮਿਡਲੈਂਡ ਦੇ ਸ਼ਹਿਰ ਡਰਬੀ ਆ ਕੇ ਵਸਣ ਲਈ ਮਜ਼ਬੂਰ ਹੋਗਿਆ ਸਾਂ ਪਰ ਸਾਧੂ ਦੀ ਮਿੱਤਰਤਾ ’ਤੇ ਵਿਸ਼ਵਾਸ ਵਿਚ ਕੋਈ ਘਾਟ ਨਾ ਆਈ। ਮੇਰਾ ਇਹ ਪਿਆਰਾ ਮਿੱਤਰ ਤੇ ਸ਼ਗਿਰਦ 2012 ਦੇ ਮਈ ਮਹੀਨੇ ਕੈਂਸਰ ਦੀ ਲੰਬੀ ਬਿਮਾਰੀ ਵਿਚ ਗ੍ਰਸਿਆ ਇਸ ਸੰਸਾਰ ਨੂੰ ਛੱਡ ਗਿਆ। ਮੈਂ ਆਪਣੇ ਲੰਮੇ ਜੀਵਨ ਵਿਚ ਮਿੱਤਰ ਵੀ ਬਥੇਰੇ ਦੇਖੇ ਹਨ ਤੇ ਚੰਗੇ ਵਿਦਿਆਰਥੀ ਵੀ, ਪਰ ਸਾਧੂ ਵਰਗਾ ਨਾ ਪਹਿਲਾਂ ਕੋਈ ਦੇਖਿਆ ਸੀ ਨਾ ਮੁੜ ਦੇਖ ਸਕਾਂਗਾ।

ਕੁਝ ਸਿੱਧਾ ਕੁਝ ਵਹਿਮੀ ਬੰਦਾ

ਮੈਨੂੰ ਪਲੱਮਸਟੈਡ ਵਿਚ ਆਇਆਂ ਹਾਲੀਂ ਮਹੀਨਾ ਕੁ ਹੀ ਹੋਇਆ ਸੀ ਕਿ ਮੇਰੇ ਪਿੰਡੋਂ ਮੇਰੇ ਇੱਕ ਮਿੱਤਰ ਗੁਰਦੇਵ ਸਿੰਘ ਦੀ ਤਾਰ ਆ ਗਈ ਕਿ ਉਹ ਹੀਥਰੋ ਏਅਰਪੋਰਟ ’ਤੇ ਦੂਜੇ ਦਿਨ ਉੱਤਰ ਰਿਹਾ ਹੈ। ਮੈਂ ਦੂਜੇ ਦਿਨ ਸਾਧੂ ਨੂੰ ਨਾਲ ਲੈ ਕੇ ਸਮੇਂ ਸਿਰ ਉੱਥੇ ਪੁੱਜ ਗਿਆ। ਉਸ ਦਿਨ ਜਹਾਜ਼ ਅੱਧਾ ਕੁ ਘੰਟਾ ਪਹਿਲਾਂ ਉੱਤਰ ਗਿਆ ਸੀ। ਉਹ ਸਾਨੂੰ ਉੱਥੇ ਲੱਭਾ ਨਾ ਤਾਂ ਅਸੀਂ ਆਪਣਾ ਮੂੰਹ ਲੈ ਕੇ ਵਾਪਸ ਆ ਗਏ। ਉਸੇ ਦਿਨ ਸ਼ਾਮ ਨੂੰ ਗੁਰਦੇਵ ਸਿੰਘ ਦਾ ਸਲੋਅ ਤੋਂ ਫੋਨ ਆ ਗਿਆ ਤੇ ਮੈਨੂੰ ਛੇਤੀ ਪੁੱਜਣ ਦੀ ਤਾਕੀਦ ਕੀਤੀ। ਉਹ ਪਿੰਡੋਂ ਹੀ ਪਿੰਡ ਦੀ ਇੱਕ ਕੁੜੀ ਦਾ ਪਤਾ ਲੈ ਆਇਆ ਸੀ ਤੇ ਸਾਨੂੰ ਏਅਰਪੋਰਟ ’ਤੇ ਉਡੀਕੇ ਬਿਨਾਂ ਹੀ ਉਹਦੇ ਪਤੇ ’ਤੇ ਜਾ ਪੁੱਜਾ ਸੀ। ਉਹਦਾ ਜੀਅ ਉੱਥੇ ਇੱਕ ਦਿਨ ਵੀ ਨਾ ਲੱਗਾ।

ਮੈਂ ਦੂਜੇ ਦਿਨ ਸਵੇਰੇ ਉਹਦੇ ਦੱਸੇ ਪਤੇ ’ਤੇ ਜਾ ਪੁੱਜਾ ਤੇ ਉਹਨੂੰ ਨਾਲ ਲੈ ਆਇਆ।  ਗੁਰਦੇਵ ਸਿੰਘ ਕੁਝ ਸਿੱਧਾ ਤੇ ਵਹਿਮੀ ਜਿਹਾ ਬੰਦਾ ਸੀ। ਉਹ ਕਹੀ ਜਾਵੇ, “ਤੂੰ ਮੈਨੂੰ ਏਅਰਪੋਰਟ ’ਤੇ ਲੈਣ ਕਿਉਂ ਨਹੀਂ ਆਇਆ?” ਮੈਂ ਵਥੇਰਾ ਕਿਹਾ ਕਿ ਮੈਂ ਤਾਂ ਐਨ ਸਮੇਂ ਸਿਰ ਏਅਰਪੋਰਟ ’ਤੇ ਪੁੱਜ ਗਿਆ ਸੀ, ਤੂੰ ਹੀ ਉੱਥੇ ਨਹੀਂ ਮਿਲਿਆ।

ਮੈਂ ਖੁਸ਼ ਸਾਂ ਕਿ ਆਪਣਾ ਇੱਕ ਹੋਰ ਮਿੱਤਰ ਤੇ ਪੇਂਡੂ ਆ ਗਿਆ ਸੀ। ਪਰ ਉਹ ਦੋ ਕੁ ਦਿਨਾਂ ਵਿਚ ਹੀ ਮੇਰੇ ਨਾਲ ਮਾਮੂਲੀ ਜਿਹੀ ਗੱਲ ’ਤੇ ਹੀ ਨਾਰਾਜ਼ ਜਿਹਾ ਰਹਿਣ ਲੱਗ ਪਿਆ। ਉਹਨੇ ਦੂਜੇ ਦਿਨ ਮੈਨੂੰ ਕਿਹਾ, “ਹਰਬਖਸ਼! ਮੈਨੂੰ ਪੰਦਰਾਂ ਕੁ ਪੌਂਡ ਉਧਾਰੇ ਦੇ ਮੈਂ ਕਿਹਾ, “ਜਿੰਨਾ ਚਿਰ ਤੂੰ ਕੰਮ ’ਤੇ ਨਹੀਂ ਲੱਗ ਜਾਂਦਾ ਤੇਰਾ ਕੋਈ ਖਰਚ ਨਹੀਂ ਹੋਣਾ। ਇਹ ਇੱਥੇ ਦਾ ਰਵਾਜ ਹੈ। ਜੋ ਕੁਝ ਅਸੀਂ ਖਾਵਾਂਗੇ ਤੈਨੂੰ ਵੀ ਨਾਲ ਹੀ ਮਿਲਦਾ ਰਹੇਗਾ। ਪੌਂਡਾਂ ਦੀ ਤੈਨੂੰ ਉੰਨਾ ਚਿਰ ਲੋੜ ਨਹੀਂ ਪੈਣੀ। ਹਾਂ, ਜੇ ਕੁਝ ਖਰੀਦਣਾ ਹੀ ਹੋਇਆ, ਉਹ ਮੈਂ ਤੈਨੂੰ ਨਾਲ ਲੈਜਾ ਕੇ ਲੈ ਦੇਵਾਂਗਾ ਉਹ ਤਾਂ ਇੱਕ ਦਮ ਤੜੂੰ ਫੜੂੰ ਹੋ ਗਿਆ। ਬੁਲਾਇਆਂ ਬੋਲੇ ਹੀ ਨਾ।

ਮੈਂ ਉਹਨੂੰ ਆਪਣੀ ਮਜਬੂਰੀ ਵੀ ਦੱਸੀ ਕਿ ਮੇਰੇ ਕੋਲ ਜੋ ਕੁਝ ਸੀ, ਉਹ ਮੈਂ ਤਿੰਨ ਕੁ ਦਿਨ ਪਹਿਲਾਂ ਹੀ ਦੇਸ ਨੂੰ ਭੇਜ ਚੁੱਕਾ ਹਾਂ। ਉਹ ਕਿਵੇਂ ਸਮਝ ਸਕਦਾ ਸੀ ਕਿ ਮੈਂ ਸੱਚਾ ਸਾਂ? ਉਹਦੇ ਅੰਦਰ ਇਹ ਗੱਲ ਗੱਠ ਬਣ ਕੇ ਬੈਠ ਗਈ ਤੇ ਉਹ ਨੇ ਮੈਨੂੰ ਕਈ ਸਾਲਾਂ ਪਿੱਛੋਂ ਵੀ ਇੱਕ ਵੇਰ ਮਿਹਣਾ ਮਾਰ ਦਿੱਤਾ ਸੀ ਕਿ ਮੈਂ ਉਸ ਸਮੇਂ ਉਹਦੀ ਮਦਦ ਤਾਂ ਕਰ ਸਕਦਾ ਸਾਂ ਪਰ ਜਾਣ ਬੁੱਝ ਕੇ ਨਹੀਂ ਕੀਤੀ ਸੀ।

ਰੰਮਫੋਰਡ ਵਾਲਾ ਅਨੂਪ ਸਾਡਾ ਸਾਂਝਾ ਦੋਸਤ ਸੀ। ਗੁਰਦੇਵ ਸਿੰਘ ਜ਼ੋਰ ਦੇਣ ਲੱਗ ਪਿਆ ਕਿ ਅਨੂਪ ਨੂੰ ਫੋਨ ਕਰ ਕੇ ਛੇਤੀ ਸੱਦਿਆ ਜਾਵੇ। ਉਹ ਨੂੰ ਕਿਹੜਾ ਪਤਾ ਸੀ ਕਿ ਵੀਕ ਐਂਡ ਤੋਂ ਪਹਿਲਾਂ ਉਹਨੇ ਮਿਲਣ ਨਹੀਂ ਆ ਸਕਣਾ ਸੀ। ਅਨੂਪ ਨੂੰ ਫੋਨ ਕੀਤਾ ਤਾਂ ਉਹ ਸਨਿੱਚਰਵਾਰ ਨੂੰ ਮਿਲਣ ਆ ਗਿਆ। ਉਹ ਨੇ ਉਹਦੇ ਆਏ ’ਤੇ ਵੀ ਇਹੀ ਗੱਲ ਛੋਹ ਲਈ। ਗੁਰਦੇਵ ਸਿੰਘ ਦਾ ਸਾਲਾ ਸਾਊਥੈਂਮਟਨ ਵਿਚ ਰਹਿੰਦਾ ਸੀ। ਪਰ ਉਹ ਇੱਥੇ ਮੇਰੇ ਕੋਲ ਜਾਂ ਅਨੂਪ ਕੋਲ ਰਹਿ ਕੇ ਖੁਸ਼ ਸੀ। ਜਦ ਅਨੂਪ ਨੇ ਵੀ ਉਹਨੂੰ ਇਹੀ ਸਲਾਹ ਦਿੱਤੀ ਕਿ ਉਹਨੂੰ ਆਪਣੇ ਸਾਲੇ ਕੋਲ ਹੀ ਰਹਿਣਾ ਚਾਹੀਦਾ, ਤਾਂ ਉਹ ਉਹਤੋਂ ਵੀ ਕੁਝ ਨਿਰਾਸ ਹੋ ਗਿਆ।

ਅਸੀਂ ਤਾਂ ਇਹ ਸੋਚਦੇ ਸਾਂ ਕਿ ਅਸੀਂ ਤਾਂ ਇਕੱਲੇ ਕਾਰੇ ਆਪਣੇ ਹੱਥ ਆਪ ਹੀ ਲੂੰਹਦੇ ਹਾਂ, ਗੁਰਦੇਵ ਸਿੰਘ ਤਾਂ ਪੱਕੀਆਂ ਪਕਾਈਆਂ ਖਾਵੇ, ਕਿਉਂਕਿ ਉਹਦਾ ਸਾਲਾ ਟੱਬਰ ਵਾਲਾ ਸੀ। ਉਹ ਬਚਪਨ ਤੋਂ ਹੀ ਫੀਜੀ ਵਿਚ ਰਿਹਾ ਸੀ ਤੇ ਉੱਥੇ ਹੀ ਉਹਦਾ ਵਿਆਹ ਹੋਇਆ ਸੀ। ਦੋ ਕੁ ਸਾਲ ਉਹਨੂੰ ਇੋੰਗਲੈਂਡ ਵਿਚ ਆਏ ਨੂੰ ਹੋ ਗਏ ਸਨ। ਉਹਦਾ ਆਪਣਾ ਘਰ ਸੀ ਤੇ ਚੰਗੀ ਨੌਕਰੀ ਸੀ। ਖੈਰ ਗੁਰਦੇਵ ਸਿੰਘ ਅਨੂਪ ਦੇ ਨਾਲ ਹੀ ਚਲਾ ਗਿਆ ਤੇ ਅਨੂਪ ਉਹਨੂੰ ਸਾਊਥੈਂਪਟਨ ਉਹਦੇ ਸਾਲੇ ਕੋਲ ਛੱਡ ਗਿਆ।

ਮਿੱਸਫਿਟ ਬੰਦਾ

ਸਾਧੂ ਤੇ ਪੂਰਨ ਦੋਹਾਂ ਨੂੰ ਰੋਟੀ ਪਕਾਉਣੀ ਆਉਂਦੀ ਨਹੀਂ ਸੀ, ਇਸ ਲਈ ਮੇਰੇ ਇੱਥੇ ਆਉਣ ਤੋਂ ਪਹਿਲਾਂ ਉਹ ਦੋਵੇਂ ਅੰਗਰੇਜ਼ੀ ਖਾਣੇ ਨਾਲ ਹੀ ਸਾਰੀ ਜਾਂਦੇ ਸਨ। ਮੈਂ ਤਾਂ ਉਨ੍ਹਾਂ ਦਿਨਾਂ ਦਾ ਹੀ ਆਪਣਾ ਖਾਣਾ ਆਪ ਬਣਾਉਣ ਦਾ ਵੱਲ ਜਾਣ ਗਿਆ ਸਾਂ, ਜਿਨ੍ਹਾਂ ਦਿਨਾਂ ਵਿਚ 22 ਕੁ ਸਾਲ ਦੀ ਉਮਰ ਵਿਚ ਮੈਂ ਜ਼ਿਲ੍ਹਾ ਫੀਰੋਜ਼ਪੁਰ (ਪੰਜਾਬ) ਦੇ ਪਿੰਡ ਕਿੜਿਆਂ ਵਾਲਾ ਵਿਚ ਪੜ੍ਹਾਉਂਦਾ ਸਾਂ। ਮੇਰੇ ਇੱਥੇ ਆਉਣ ਨਾਲ ਸਾਧੂ ਤੇ ਪੂਰਨ ਦੀ ਰੋਟੀ ਦਾ ਮਸਲਾ ਵੀ ਹੱਲ ਹੋ ਗਿਆ। ਮੈਂ ਰੋਟੀਆਂ, ਦਾਲ ਸਬਜ਼ੀ ਸਭ ਕੁਝ ਤਿਆਰ ਕਰ ਦਿੰਦਾ ਤੇ ਉਹ ਪੱਕੀ ਪਕਾਈ ਛਕ ਲੈਂਦੇ।

ਸਾਧੂ ਦਾ ਇੱਕ ਹੋਰ ਪੇਂਡੂ ਵੀ ਆ ਵੱਜਦਾ ਸੀ ਤੇ ਫੇਰ ਕਈ ਕਈ ਦਿਨ ਇੱਥੇ ਹੀ ਟਿਕਿਆ ਰਹਿੰਦਾ ਸੀ। ਉਹਨੂੰ ਵੀ ਪੱਕੀ ਪਕਾਈ ਦਾ ਲਾਲਚ ਹੋ ਗਿਆ ਸੀ। ਨਾਉਂ ਉਹਦਾ ਵੀ ਪੂਰਨ ਸੀ। ਉਹ ਸਾਊਥ ਈਸਟ ਲੰਡਨ ਦੇ ਕਸਬੇ ਈਸਟਹੈਮ ਵਿਚ ਆਪਣੇ ਭਰਾ ਕੋਲ ਰਹਿੰਦਾ ਸੀ, ਭਰਾ ਨਾਲ ਗੁੱਸੇ ਹੋ ਕੇ ਇੱਥੇ ਆ ਜਾਂਦਾ ਤੇ ਫੇਰ ਜਾਣ ਦਾ ਨਾਉਂ ਹੀ ਨਾ ਲੈਂਦਾ। ਸਾਧੂ ਕੁਝ ਦਿਨਾਂ ਪਿੱਛੋਂ ਉਹਨੂੰ ਆਪ ਨਾਲ ਜਾ ਕੇ ਉਹਦੇ ਭਰਾ ਕੋਲ ਛੱਡ ਆਉਂਦਾ ਤੇ ਉਹ ਹਫਤੇ ਕੁ ਪਿੱਛੋਂ ਫੇਰ ਆ ਜਾਂਦਾ। ਪਹਿਲਾਂ ਤਾਂ ਸਾਧੂ ਉਹਦੇ ਨਾਲ ਨਰਮ ਵਰਤਾਉ ਹੀ ਕਰਦਾ ਰਿਹਾ। ਜਦ ਉਹ ਹਟਿਆ ਹੀ ਨਾ, ਫੇਰ ਕੁਝ ਕੁ ਸਖਤ ਵੀ ਹੋ ਗਿਆ। ਸਾਧੂ ਉਹਨੂੰ ਝਿੜਕ ਝੰਬ ਕੇ ਤੋਰ ਦਿੰਦਾ ਪਰ ਉਹ ਦੋ ਕੁ ਦਿਨਾਂ ਪਿੱਛੋਂ ਫੇਰ ਆ ਜਾਂਦਾ। ਅਸਲ ਗੱਲ ਇਹ ਸੀ ਕਿ ਉਹ ਇੰਗਲੈਂਡ ਵਿਚ ਆ ਕੇ ਫਿਟ ਨਹੀਂ ਹੋ ਸਕਿਆ ਸੀ।

ਮੈ ਉਹਨੂੰ 1960 ਵਿਚ ਇੱਕ ਵੇਰ ਫਗਵਾੜੇ ਸਾਧੂ ਨਾਲ ਆਏ ਨੂੰ ਵੀ ਦੇਖਿਆ ਸੀ। ਉਦੋਂ ਉਹ ਦਸ ਕੁ ਸਾਲ ਹਾਂਗਕਾਂਗ ਵਿਚ ਰਹਿ ਕੇ ਤਾਜ਼ਾ ਤਾਜ਼ਾ ਦੇਸ ਪਰਤਿਆ ਸੀ। ਸਲੀਕੇ ਨਾਲ ਬੰਨ੍ਹੀ ਪੱਗ ਤੇ ਚਾੜ੍ਹ ਕੇ ਬੰਨ੍ਹੀ ਦਾਹੜੀ ਨਾਲ ਉਹ ਚੋਖਾ ਸ਼ੌਕੀਨ ਜਿਹਾ ਬੰਦਾ ਲਗਦਾ ਸੀ ਤੇ ਉੱਪਰੋਂ ਉਹ ਨੇ ਦੋ ਦੰਦਾਂ ਤੇ ਸੋਨੇ ਦੇ ਖੋਲ ਚੜ੍ਹਾਏ ਹੋਏ ਸਨ, ਜਿਹੜੇ ਉਹਦੇ ਚੋਖਾ ਚਲਦਾ ਪੁਰਜ਼ਾ ਹੋਣ ਦੀ ਗਵਾਹੀ ਭਰਦੇ ਸਨ। ਹਾਂਗਕਾਂਗ ਵਿਚ ਰਹਿੰਦਿਆਂ ਉਹਦੀ ਆਪਣੇ ਦੇਸੀ ਭਾਈਚਾਰੇ ਵਿਚ ਪੁੱਛ ਪ੍ਰਤੀਤ ਸੀ ਪਰ ਇੱਥੇ ਆ ਕੇ ਉਹ ਨਾ ਤਿੰਨਾਂ ਵਿਚ ਰਿਹਾ ਸੀ ਨਾ ਤੇਰਾਂ ਵਿਚ। ਘੋਨਮੋਨ ਹੋਣ ਨਾਲ ਉਹਦੀ ਸ਼ਕਲ ਵੀ ਅਜੀਬ ਜਿਹੀ ਨਿਕਲ ਆਈ ਸੀ। ਰੰਗ ਪੱਕਾ ਤੇ ਘਸਿਆ ਜਿਹਾ ਬੇਰੌਣਕ ਚਿਹਰਾ ਨਿਕਲ ਆਇਆ ਸੀ। ਉਹਦਾ ਭਰਾ ਜਿੱਥੇ ਵੀ ਉਹਨੂੰ ਕੰਮ ਤੇ ਲੁਆਉਂਦਾ ਉਹ ਦੋ ਕੁ ਦਿਨਾਂ ਪਿੱਛੋਂ ਛੱਡ ਕੇ ਘਰ ਆ ਬੈਠਦਾ। ਉਹਨੂੰ ਝੋਰਾ ਸੀ ਹਾਂਗਕਾਂਗ ਵਾਲੀ ਸਰਦਾਰੀ ਤੇ ਰੁਅਬ ਦਾਅਬ ਦਾ। ਉਹ ਵਾਪਸ ਦੇਸ ਜਾਣਾ ਚਾਹੁੰਦਾ ਸੀ। ਉਹਦਾ ਭਰਾ ਚਾਹੁੰਦਾ ਨਹੀਂ ਸੀ ਉਹ ਵਾਪਸ ਜਾਵੇ। ਜਿੰਨਾ ਚਿਰ ਮੈਂ ਸਾਧੂ ਕੋਲ ਰਿਹਾ, ਉਹ ਚੁੱਪ ਕੀਤਾ ਹੀ ਆ ਵੜਦਾ ਤੇ ਜੋ ਕੁਝ ਵੀ ਬਣਿਆ ਮਿਲਦਾ ਛਕ ਲੈਂਦਾ। ਜੇ ਕੁਝ ਬਣਿਆ ਬਣਾਇਆ ਨਾ ਮਿਲਦਾ ਤਾਂ ਆਪ ਹੀ ਚੁੱਪ ਕੀਤਾ ਆਟਾ ਗੁੰਨ੍ਹ ਕੇ ਦੋ ਰੋਟੀਆ ਲਾਹ ਕੇ ਖਾ ਲੈਂਦਾ1965 ਦੇ ਅਗਸਤ ਮਹੀਨੇ ਵਿਚ ਜਦ ਮੈਂ ਇੰਗਲੈਂਡ ਦੇ ਮਾਝੇ ਮਿਡਲੈਂਡਜ਼ ਦੇ ਸ਼ਹਿਰ ਡਰਬੀ ਵਿਚ ਆ ਗਿਆ ਤਾਂ ਦੋ ਕੁ ਸਾਲ ਪਿੱਛੋਂ ਪਤਾ ਲੱਗਾ ਸੀ ਕਿ ਉਹ ਵਾਪਸ ਪੰਜਾਬ ਚਲਾ ਗਿਆ ਸੀ ਤੇ ਉੱਥੋਂ ਫੇਰ ਹਾਂਗਕਾਂਗ ਜਾ ਪੁੱਜਿਆ ਸੀ।

ਸਾੜੇ ਦਾ ਤਜਰਬਾ

ਤੁਸੀਂ ਕੁਝ ਵੀ ਹੋਵੋ, ਕਿੰਨੇ ਵੀ ਅਮਨਪਸੰਦ ਤੇ ਸੁਲਾਹਕੁਲ ਹੋਵੋ ਤੁਹਾਡੇ ਵਿਰੋਧੀ ਹਰ ਹਾਲਤ ਵਿਚ ਪੈਦਾ ਹੋ ਹੀ ਜਾਂਦੇ ਹਨ। ਇਹੋ ਜਿਹੇ ਬੰਦੇ ਸਦਾ ਇਹੀ ਚਾਹੁੰਦੇ ਹਨ ਕਿ ਉਨ੍ਹਾਂ ਨਾਲੋਂ ਕੋਈ ਵੀ ਕਿਸੇ ਤਰ੍ਹਾਂ ਵੀ ਅੱਗੇ ਨਾ ਹੋਵੇ। ਜੇ ਤੁਸੀਂ ਵਧੇਰੇ ਪੜ੍ਹੇ ਹੋਏ ਹੋ ਤਾਂ ਉਹ ਤੁਹਾਡੀ ਪੜ੍ਹਾਈ ਨਾਲ ਹਸਦ ਕਰਨ ਲੱਗ ਪੈਂਦੇ ਹਨ। ਜੇ ਤੁਹਾਡੀ ਸਿਹਤ ਕੁਝ ਵਧੇਰੇ ਚੰਗੀ ਹੈ ਤਾਂ ਤੁਹਾਡੀ ਸਿਹਤ ਵੀ ਉਨ੍ਹਾਂ ਨੂੰ ਚੁੱਭਣ ਲੱਗ ਪੈਂਦੀ ਹੈ। ਜੇ ਤੁਸੀਂ ਵਧੇਰੇ ਸੂਝਵਾਨ ਹੋ ਤਾਂ ਤੁਹਾਡੀ ਸੂਝ ਉਨ੍ਹਾਂ ਨੂੰ ਸੁਖਾਂਦੀ ਨਹੀਂ। ਜੇ ਤੁਸੀਂ ਵਧੇਰੇ ਭਲੇਮਾਣਸ ਲਗਦੇ ਹੋ ਤਾਂ ਉਨ੍ਹਾਂ ਨੂੰ ਤੁਹਾਡਾ ਭਲਾਪਨ ਵੀ ਚੁੱਭਣ ਲੱਗ ਪੈਂਦਾ ਹੈ। ਤਾਹੀਂ ਤਾਂ ਕਹਿੰਦੇ ਹਨ ਕਿ ਦੁਨੀਆ ਕਿਸੇ ਗੱਲੇ ਵੀ ਨਹੀਂ ਪਤੀਜਦੀ।

ਜਿਸ ਫਰਮ ਵਿਚ ਮੈਂ ਕੰਮ ਕਰਦਾ ਸਾਂ, ਉੱਥੇ ਰਾਤਾਂ ਦੀ ਸ਼ਿਫਟ ’ਤੇ 10 ਕੁ ਪੰਜਾਬੀ ਭਾਈਬੰਦ ਕੰਮ ਕਰਦੇ ਸਨ। ਇਹ ਸਾਰੇ ਰੋਟੀ ਖਾਣ ਦੀ ਛੁੱਟੀ ਵੇਲੇ ਇੱਕ ਥਾਂ ਇਕੱਠੇ ਬੈਠ ਕੇ ਗੱਪ-ਸ਼ੱਪ ਲੜਾਉਂਦੇ ਸਨ। ਮੈਂ ਵੀ ਉਨ੍ਹਾਂ ਕੋਲ ਜਾ ਬੈਠਦਾ ਸਾਂ। ਗੱਲਾਂ ਵਿੱਚੋਂ ਗੱਲਾਂ ਤਾਂ ਨਿਕਲਦੀਆਂ ਹੀ ਰਹਿੰਦੀਆਂ ਹਨ। ਇੱਕ ਦੋ ਨੂੰ ਮੇਰੀ ਵਿੱਦਿਅਕ ਯੋਗਤਾ ਦਾ ਪਤਾ ਲੱਗ ਗਿਆ। ਮੇਰੇ ਸਾਹਿਤਕ ਤੇ ਸਿਆਸੀ ਸ਼ੌਕ ਵੀ ਲੁਕੇ ਨਾ ਰਹੇ। ਫੇਰ ਕੁਝ ਭਾਈਬੰਦ ਮੇਰੇ ਵਲ ਹੋਰ ਤ­­ਰ੍ਹਾਂ ਹੀ ਦੇਖਣ ਲੱਗ ਪਏ, ਜਿਵੇਂ ਕਿ ਮੈਂ ਕੋਈ ਵੱਖਰੀ ਹੀ ਸ਼ੈ ਹੋਵਾਂ। ਇਨ੍ਹਾਂ ਵਿਚੋਂ ਦੋ ਕੁ ਤਾਂ ਮੇਰੇ ਨਾਲ ਵਧੇਰੇ ਹੀ ਖਾਰ ਖਾਣ ਲੱਗ ਪਏ ਤੇ ਹਰ ਗੱਲ ਵਿਚ ਮੇਰੀ ਵਿਰੋਧਤਾ ਕਰਨ ’ਤੇ ਉੱਤਰ ਆਏ। ਉਨ੍ਹਾਂ ਤੋਂ ਸਤਿਆ ਮੈਂ ਇਕੱਲਾ ਹੀ ਵੱਖ ਬੈਠਣ ਲੱਗ ਪਿਆ। ਚੰਗੇ ਬੰਦੇ ਵੀ ਹਰ ਥਾਂ ਮਿਲ ਹੀ ਜਾਂਦੇ ਹਨ। ਦੋ ਬੰਦਿਆਂ ਨੂੰ ਮੇਰੀਆਂ ਗੱਲਾਂ ਚੰਗੀਆਂ ਲਗਦੀਆਂ ਸਨ, ਉਹ ਵੀ ਮੇਰੇ ਕੋਲ ਹੀ ਬੈਠਣ ਲੱਗ ਪਏ। ਇਹ ਦੇਖ ਕੇ ਕੁਝ ਨੂੰ ਤਾਂ ਵਧੇਰੇ ਹੀ ਦੁੱਖ ਲੱਗ ਗਿਆ ਤੇ ਉਹ ਹਰ ਹਾਲਤ ਵਿਚ ਮੈਨੂੰ ਤੰਗ ਕਰਨ ਲਈ ਮੌਕੇ ਭਾਲਣ ਲੱਗ ਪਏ। ਕੋਈ ਅਣਸੁਖਾਵੀਂ ਘਟਨਾ ਇਸ ਲਈ ਨਹੀਂ ਵਾਪਰੀ ਕਿ ਜਿਹੜੇ ਬੰਦੇ ਮੇਰੇ ਨਾਲ ਬੈਠਦੇ ਸਨ, ਉਹ ਅਸਰ ਰਸੂਖ ਵਾਲੇ ਤੇ ਚਲਦੇ ਪੁਰਜ਼ੇ ਸਨ।

ਰੂਹ ਦੇ ਭੁੱਖੇ

ਸਾਡੇ ਇਹ ਪੰਜਾਬੀ ਭਾਈਬੰਦ ਬਹੁਤੇ ਜਾਂ ਤਾਂ ਛੜੇ ਛੜਾਂਗ ਸਨ ਜਾਂ ਉਨ੍ਹਾਂ ਦੀਆਂ ਪਤਨੀਆਂ ਹਾਲੀਂ ਦੇਸ ਵਿਚ ਹੀ ਸਨ। ... ਮਿਨ੍ਹੀ ਸਕਰਟਾਂ ਵਾਲੀਆਂ ਗੋਰੀਆਂ ਕੁੜੀਆਂ ਹਰ ਥਾਂ ਫਿਰਦੀਆਂ ਦਿਸਦੀਆਂ ਸਨ। ਅੰਗਰੇਜ਼ੀ ਸਭਿਆਚਾਰ ਵਿਚ ਕਿਸੇ ਵੀ ਕੁੜੀ ਦਾ ਕਿਸੇ ਵੀ ਬੰਦੇ ਨਾਲ ਹੱਸ ਕੇ ਗੱਲ ਕਰ ਲੈਣਾ ਆਮ ਜਿਹੀ ਗੱਲ ਸੀ। ਖੁੱਲ੍ਹੇ ਸਮਾਜ ਵਿਚ ਅਨੇਕਾਂ ਖੁੱਲ੍ਹਾਂ ਸਨ ਜਿਹੜੀਆਂ ਸਾਡੇ ਇਨ੍ਹਾਂ ਦੇਸੀ ਭਾਈਬੰਦਾ ਨੇ ਆਪਣੇ ਦੇਸ ਵਿਚ ਦੇਖੀਆਂ ਨਹੀਂ ਸਨ। ਬੰਧੇਜੀਂ ਬੱਝਾ ਜੀਵਨ ਜੀਣ ਵਾਲਿਆਂ ਦੀਆਂ ਜਦ ਵੀ ਬੰਦਸ਼ਾਂ ਢਿੱਲੀਆਂ ਹੁੰਦੀਆਂ ਹਨ, ਤਾਂ ਉਨ੍ਹਾਂ ਦਾ ਦੂਜੇ ਪਾਸੇ ਨੂੰ ਉਲਾਰ ਹੋ ਜਾਣਾ ਵੀ ਕੁਦਰਤੀ ਹੁੰਦਾ ਹੈ। ...

ਭਾਵੇਂ ਮੈਂ ਵਿਹਲ ਦੇ ਸਮੇਂ ਆਪਣੇ ਆਪ ਨੂੰ ਪੜ੍ਹਨ ਵਿਚ ਰੁਝਾਈ ਰੱਖਣ ਦਾ ਯਤਨ ਕਰਦਾ ਸਾਂ, ਫੇਰ ਵੀ ਅੱਖਾਂ ਮੀਟ ਕੇ ਤਾਂ ਤੁਰਿਆ ਫਿਰਿਆ ਨਹੀਂ ਜਾ ਸਕਦਾ ਸੀ। ...

ਮੈਂ ਬਹੁਤੀ ਵੇਰ ਸਾਹਿਤ ਤੇ ਸਿਆਸਤ ਦੀਆਂ ਗੱਲਾਂ ਛੋਹ ਲੈਂਦਾ ਸਾਂ। ਉਨ੍ਹਾਂ ਨੂੰ ਮੇਰੀਆਂ ਗੱਲਾਂ ਚੰਗੀਆਂ ਨਹੀਂ ਲਗਦੀਆਂ ਸਨ। ਉਹ ਮੇਰੇ ਵੱਖਰੇਪਨ ਨੂੰ ਕਿਵੇਂ ਸਹਿ ਲੈਂਦੇਇਸ ਲਈ ਇਨ੍ਹਾਂ ਦਾ ਮੇਰੇ ਤੋਂ ਬਦਜ਼ਨ ਹੋ ਜਾਣਾ ਕੁਦਰਤੀ ਸੀ।

....

... ਜ਼ਿੰਦਗੀ ਵਿਚ ਇਹ ਪਹਿਲੀ ਵਾਰ ਸੀ ਕਿ ਗੋਰੀਆਂ ਕੁੜੀਆਂ ਇੰਝ ਅਰਧ ਨਗਨ ਰੂਪ ਵਿਚ ਫਿਰਦੀਆਂ ਦੇਖੀਆਂ ਸਨ। ...

ਲੰਡਨ ਦੀ ਪਿਕਾਡਿਲੀ ਸਰਕਸ ਦੇ ਨੇੜੇ ਦੀਆਂ ਗਲ੍ਹੀਆਂ ਵਿਚ ਸਟ੍ਰਿਪਟੀਜ਼ (ਨਗਨ ਨਾਚ) ਦਾ ਕਾਰੋਬਾਰ ਖੁੱਲ੍ਹੇ ਆਮ ਚਲਦਾ ਸੀ। ਆਪਣੇ ਨਾਲ ਕੰਮ ਕਰਨ ਵਾਲਿਆਂ ਤੋਂ ਇਨ੍ਹਾਂ ਨਾਚਾਂ ਦੀਆ ਗੱਲਾਂ ਸੁਣਦਾ ਰਿਹਾ ਸਾਂਮੈਂ ਵੀ ਆਪਣੇ ਆਪ ਨੂੰ ਉੱਥੇ ਜਾਣੋ ਰੋਕ ਨਾ ਸਕਿਆ। ਕੁਝ ਵੇਰ ਚਲਾ ਹੀ ਗਿਆ। ਭਾਵੇਂ ਸਟ੍ਰਿਪਟੀਜ਼ ਦਾ ਕਾਰੋਬਾਰ ਤਾਂ ਕਾਨੂੰਨੀ ਸੀ ਪਰ ਇਹਦੇ ਪਰਦੇ ਹੇਠਾਂ ਭੋਲੇ ਭਾਲੇ ਬੰਦਿਆਂ ਨੂੰ ਲੁੱਟਣ ਵਾਲੇ ਵੀ ਸ਼ਰੇਆਮ ਫਿਰਦੇ ਸਨ। ਜਿਹੜਾ ਕੋਈ ਭਲਾ ਲੋਕ ਇਨ੍ਹਾਂ ਦੇ ਚੁੰਗਲ ਵਿਚ ਫਸ ਜਾਂਦਾ ਸੀ, ਉਹਦੀਆਂ ਜੇਬਾਂ ਉਹ ਖਾਲੀ ਕਰ ਕੇ ਹੀ ਤੋਰਦੇ ਸਨ। ...

ਮੈਂ ਸੋਚਦਾ ਸਾਂ, ਮੇਰੀ ਪਤਨੀ ਕਿਹੜੀ ਇਨ੍ਹਾਂ ਗੋਰੀਆਂ ਨਾਲੋਂ ਘੱਟ ਸੁਹਣੀ ਹੈ। ਬਸ ਇਹੀ ਚਾਹੁੰਦਾ ਸਾਂ, ਜਾਂ ਉਹ ਆ ਜਾਵੇ ਜਾਂ ਫੇਰ ਮੈਂ ਹੀ ਇੱਥੋਂ ਚਲਾ ਜਾਵਾਂ। ਆਪੇ ਫਾਥੜੀਏ ਤੈਨੂੰ ਕੌਣ ਛੁਡਾਵੇਵਾਲੀ ਗੱਲ ਸੀ। ਉਂਝ ਵੀ ਪੱਕੀਆਂ ਰਾਤਾਂ ’ਤੇ ਕੰਮ ਕਰਦਾ ਸਾਂ ਤੇ ਦਿਨ ਨੂੰ ਉੱਲੂਆਂ ਵਾਂਗ ਸੌਂਦਾ ਸਾਂ। ਦਿਨ ਦਾ ਖੜਕਾ ਦੜਕਾ ਕਦ ਸੌਣ ਦਿੰਦਾ ਸੀ? 10 ਘੰਟਿਆਂ ਵਿਚ ਵੀ ਨੀਂਦ ਇੰਨੀ ਨਹੀਂ ਲੱਥਦੀ ਸੀ ਜਿੰਨੀ ਰਾਤ ਨੂੰ ਪੰਜਾਂ ਕੁ ਘੰਟਿਆਂ ਵਿਚ ਲਹਿ ਜਾਂਦੀ ਹੈ। ਸਨਿੱਚਰਵਾਰ ਅਤੇ ਐਤਵਾਰ ਪੜ੍ਹਦਾ ਰਹਿੰਦਾ ਸਾਂ ਜਾਂ ਫੇਰ ਸਾਊਥਾਲ ਨੂੰ ਤੁਰ ਜਾਂਦਾ ਸਾਂ। ਉੱਥੇ ਆਪਣੇ ਦੋਸਤਾਂ ਮਿੱਤਰਾਂ ਤੇ ਲੇਖਕਾਂ ਨੂੰ ਮਿਲ ਕੇ ਰੂਹ ਦੀ ਭੁੱਖ ਪੂਰੀ ਹੋ ਜਾਂਦੀ ਸੀ।

6. ਪਰਾਂ ਦੇ ਬਾਝੋਂ

ਪਲੱਮਸਟੈਡ ਰਹਿੰਦਿਆਂ ਮੇਰਾ ਲਿਖਣ ਦਾ ਕੰਮ ਲੱਗਪੱਗ ਬੰਦ ਹੋ ਗਿਆ ਸੀ। ਇੱਕ ਛੋਟੀ ਜਿਹੀ ਕਵਿਤਾ ਲਿਖੀ ਸੀ। ਪੱਰਟ ਰੋਡ ਤੋਂ ਕੰਮ ’ਤੇ ਜਾਣ ਲਈ ਇੱਕ ਚੋਖੇ ਵੱਡੇ ਪਾਰਕ ਵਿੱਚੋਂ ਲੰਘ ਕੇ ਜਾਂਦਾ ਸਾਂ। ਇਸ ਪਾਰਕ ਵਿਚ ਰਾਹ ਦੇ ਨਾਲ ਨਾਲ ਬੈਠਣ ਲਈ ਕੁਝ ਬੈਂਚ ਲੱਗੇ ਹੋਏ ਸਨ। ਗਰਮੀਆਂ ਦੇ ਦਿਨਾਂ ਨੂੰ ਰਾਤ ਨੂੰ ਕੰਮ ’ਤੇ ਜਾਣ ਵੇਲੇ ਚੰਗੀ ਧੁੱਪ ਹੁੰਦੀ ਸੀ। ਸੂਰਜ ਦਸ ਕੁ ਵਜੇ ਅਸਤ ਹੁੰਦਾ ਸੀ ਤੇ ਲੋਅ ਤਾਂ 11 ਵਜੇ ਤੱਕ ਵੀ ਰਹਿੰਦੀ ਸੀ। ਗੋਰੇ ਗੋਰੀਆਂ ਸੂਰਜ ਮਿਟਣ ਤੱਕ ਚੋਹਲ ਕਰਦੇ ਦਿਸਦੇ ਸਨ। ... ਮੈਂ ਆਪਣੇ ਕੰਮ ’ਤੇ ਜਾ ਰਿਹਾ ਹੁੰਦਾ ਸਾਂ ਤੇ ਐਨ ਸਮੇਂ ਸਿਰ ਕਲੱਕ ਇਨ ਵੀ ਕਰਨਾ ਹੁੰਦਾ ਸੀ, ਨਹੀਂ ਤਾਂ ਇੱਕ ਮਿੰਟ ਵੀ ਲੇਟ ਹੋਣ ਨਾਲ ਚੌਥਾਈ ਘੰਟੇ ਦੇ ਪੈਸੇ ਕੱਟੇ ਜਾਂਦੇ ਸਨ। ਇਸ ਪਾਰਕ ਵਿੱਚੋਂ ਕਾਹਲੀ ਕਾਹਲੀ ਲੰਘ ਜਾਣ ਤੋਂ ਬਿਨਾਂ ਹੋਰ ਕੋਈ ਚਾਰਾ ਵੀ ਨਹੀਂ ਸੀ। ਅੰਦਰੋਂ ਉੱਠਦੇ ਭਾਵਾਂ ਨੂੰ ਮੈਂ ਇੱਕ ਕਵਿਤਾ ਵਿਚ ਇਸ ਤਰ੍ਹਾਂ ਪ੍ਰਗਟ ਕੀਤਾ ਸੀ:

ਜੀਵਨ ਦੀ ਪੱਗਡੰਡੀ ਉੱਤੇ
ਫੂਕ ਫੂਕ ਕੇ ਪੈਰ ਧਰੀਂਦੇ
ਤੁਰਦੇ ਜਾਈਏ ਤੁਰਦੇ ਜਾਈਏ
ਸੋਚਾਂ ਵਿਚ ਗਲਤਾਨ ...

ਇਸ ਪਾਰਕ ਦੇ ਬੈਂਚਾਂ ਉੱਤੇ
ਪਿਆਰ ਵਿਚ ਨਸ਼ਿਆਏ ਜੋੜੇ
ਸਾਰੇ ਜੱਗ ਦੀ ਹੋਂਦ ਭੁਲਾ ਕੇ
ਕਰਦੇ ਪਏ ਕਲੋਲ ...

ਇੱਕ ਪਲ ਦਾ ਵੀ ਨਹੀਂ ਭਰਵਾਸਾ
ਕੀ ਕਰਨੇ ਨੇ ਲੰਮੇ ਦਾਈਏ
ਭੂਤ ਭਵਿੱਖ ਦੋਹਾਂ ਨੂੰ ਛੱਡ ਕੇ
ਹੁਣ  ਦਾ ਪਲ ਅਨਮੋਲ ...

ਸੈ ਕੋਹਾਂ ਤੋਂ ਆਏ ਪੰਛੀ
ਛੱਡ ਕੇ ਆਪਣੇ ਬੋਟ ਇੰਞਾਣੇ
ਏਸ ਪੇਟ ਦੀ ਅੱਗ ਦੀ ਖਾਤਰ
ਬੋਲ ਨਾ ਸਕਦੇ ਬੋਲ ...

ਨਿੰਮੋਝੂਣ ਉਦਾਸੀ ਛਾਈ
ਦੋਰਾਹੇ ਵਲ ਅੱਖਾਂ ਲੱਗੀਆਂ
ਸਾਹ ਸਤ ਹੀਣ ਪਰਾਂ ਦੇ ਬਾਝੋਂ
ਥੱਲ ਵਿਚ ਭਟਕੇ ਜਾਨ ...

ਕਿਹੋ ਜਿਹੀ ਮਜਬੂਰੀ ਸੀ ਇਹ? ਜੀਵਨ ਪਲ ਪਲ ਕਰ ਕੇ ਬੀਤ ਰਿਹਾ ਸੀ। ਜਿਹੜਾ ਪਲ ਲੰਘ ਰਿਹਾ ਸੀ, ਉਹਨੇ ਮੁੜ ਕੇ ਤਾਂ ਆਉਣਾ ਨਹੀਂ ਸੀ। ਜ਼ਿੰਦਗੀ ਜੀਉਣ ਦੀ ਥਾਂ ਕੰਮ ਹੀ ਕੰਮ, ਉਹ ਵੀ ਪੱਕੀਆਂ ਰਾਤਾਂ ’ਤੇ।

*****

(174)

ਆਪਣੇ ਵਿਚਾਰ ਲਿਖੋ: (This email address is being protected from spambots. You need JavaScript enabled to view it.)

More articles from this author