HMaqsoodpuri7ਉਹਨੇ ਮੱਥੇ ਉੱਤੇ ਤੀਉੜੀਆਂ ਪਾ ਕੇ ਕਿਹਾ, “ਨਿਕਾਲ ਲੋ ਮੇਰੀ ਪਾਕਟ ਮੇਂ ਸੇ ...
(ਨਵੰਬਰ 26, 2015)


ਕੇਸ ਮੁਨਾਉਣ ਪਿੱਛੋਂ ਅਗਲੇ ਸੋਮਵਾਰ ਮੈਂ ਪੂਰੇ ਭਰੋਸੇ ਨਾਲ ਉਸੇ
ਜੇ ਲਾਇਨ’ ਫਰਮ ਵਿਚ ਟਰਾਈ ਕਰਨ ਚਲਾ ਗਿਆ, ਜਿੱਥੇ ਕੁਝ ਦਿਨ ਪਹਿਲਾਂ ਗਿਆ ਸੀ। ਮੈਂ ਸਿੱਧਾ ਪਰਸਨਲ ਔਫਿਸ ਦੀ ਤਾਕੀ ਮੋਹਰੇ ਜਾ ਖੜ੍ਹਾ ਹੋਇਆ। ਉਸੇ ਗੋਰੀ ਕੁੜੀ ਨੇ ਪੁੱਛਿਆ, “ਵੱਟ ਕੈਨ ਆਈ ਡੂ ਫੌਰ ਯੂ?” ਮੈਂ ਕਿਹਾ, “ਹੈਵ ਯੂ ਗੌਟ ਐਨੀ ਵੇਕੈਂਸੀ?” ਉਹਨੇ ਹਾਂ ਵਿਚ ਸਿਰ ਹਲਾਇਆ ਤੇ ਮੈਨੂੰ ਇੱਕ ਫਾਰਮ ਭਰਨ ਲਈ ਦੇ ਦਿੱਤਾ। ਮੈਂ ਫਾਰਮ ਭਰਨ ਲਈ ਨੇੜੇ ਪਏ ਬੈਂਚ ’ਤੇ ਜਾ ਬੈਠਾ।

ਉੱਥੇ ਤਿੰਨ ਕੁ ਹੋਰ ਪੰਜਾਬੀ ਭਾਈਬੰਦ ਬੈਠੇ ਸਨ। ਇਨ੍ਹਾਂ ਵਿੱਚੋਂ ਇੱਕ ਮੁੰਡਾ ਮੈਨੂੰ ਕੁਝ ਜਾਣਿਆ ਪਛਾਣਿਆ ਜਾਪਿਆ। ਚੇਤਾ ਨਹੀਂ ਆ ਰਿਹਾ ਸੀ, ਮੈਂ ਉਹਨੂੰ ਕਿੱਥੇ ਦੇਖਿਆ ਸੀ। ਉਹ ਵੀ ਮੇਰੇ ਮੂੰਹ ਵਲ ਬਿਟਰ ਬਿਟਰ ਝਾਕ ਰਿਹਾ ਸੀ, ਜਿਵੇਂ ਕਿ ਮੈਨੂੰ ਪਛਾਣਨ ਦਾ ਯਤਨ ਕਰ ਰਿਹਾ ਹੋਵੇ ਰਿਹਾ।

 ਮੈਂ ਉਹਦੇ ਕੋਲ ਬੈਠ ਕੇ ਉਹਨੂੰ ਪੁੱਛ ਹੀ ਲਿਆ, “ਜਵਾਨਾ! ਤੇਰੀ ਸ਼ਕਲ ਕੁਝ ਜਾਣੀ ਪਛਾਣੀ ਲਗਦੀ ਹੈ

ਉਹ ਮਾਸਟਰ ਜੀ! ਸਤਿ ਸ੍ਰੀ ਅਕਾਲਕਹਿ ਕੇ ਮੇਰੇ ਪੈਰਾਂ ਵਲ ਝੁਕ ਗਿਆ ਤੇ ਕਹਿਣ ਲੱਗਾ, “ਮਾਸਟਰ ਜੀ! ਮੈਂ ਰਮੇਸ਼ ਆਂ, ਤੁਹਾਡਾ ਸ਼ਗਿਰਦ, ਰਾਮਗੜ੍ਹੀਆ ਸਕੂਲ ਫਗਵਾੜੇ ਦਾ। ਪਹਿਲਾਂ ਤਾਂ ਮੈਂ ਤੁਹਾਨੂੰ ਪਛਾਣਿਆ ਨਹੀਂ ਸੀ, ਹੁਣ ਤੁਹਾਡੀ ਅਵਾਜ਼ ਤੋਂ ਪਛਾਣ ਹੋ ਗਈ

 ਮੈਂ ਵੀ ਹੁਣ ਉਹ ਨੂੰ ਪਛਾਣ ਲਿਆ ਸੀ। ਮੈਂ ਪੁੱਛਿਆ, “ਕਦ ਆਇਆਂ ਦੇਸੋਂ?”

ਉਹਨੇ ਉੱਤਰ ਦਿੱਤਾ, “ਛੇ ਕੁ ਮਹੀਨੇ ਹੋਏ ਆ। ਰੋਜ਼ ਟਰਾਈ ਕਰਨ ਜਾਂਦਾ ਹਾਂ। ਅਨੇਕਾਂ ਫੈਕਟਰੀਆਂ ਗਾਹ ਮਾਰੀਆਂ, ਕੰਮ ਨਹੀਂ ਮਿਲਿਆ।ਉਹਨੇ ਆਪਣੀ ਗੱਲ ਜਾਰੀ ਰੱਖਦਿਆਂ ਪੁੱਛਿਆ, “ਤੁਸੀਂ ਕਦ ਆਏ?”

ਮੈਂ ਕਿਹਾ, “ਮੈਨੂੰ ਵੀ ਮਹੀਨਾ ਕੁ ਹੋ ਗਿਆ ਆਏ ਨੂੰ। ਤੇਰੇ ਵਾਂਗ ਕੰਮ ਹੀ ਲਭਦਾ ਫਿਰਦਾਂ। ਪੱਗ ਦਾੜ੍ਹੀ ਵਾਲੀ ਸ਼ਕਲ ਵਿਚ ਤਾਂ ਹਰ ਥਾਂ ਤੋਂ ਜਵਾਬ ਹੀ ਮਿਲਦਾ ਰਿਹਾ ਸੀ। ਅੱਜ ਪਹਿਲੀ ਵੇਰ ਨਵੇਂ ਰੂਪ ਵਿਚ ਆਇਆਂ। ਦੇਖੋ ਕੀ ਬਣਦਾ?”

ਮੈਂ ਫਾਰਮ ਭਰ ਕੇ ਤਾਕੀ ਵਿਚ ਫੜਾ ਆਇਆ ਤੇ ਸੱਦੇ ਦੀ ਉਡੀਕ ਵਿਚ ਬੈਠ ਗਿਆ। ਅੱਧੀ ਕੁ ਮੇਰੀ ਗ਼ਮੀ ਇਹ ਸੋਚ ਕੇ ਦੂਰ ਹੋ ਗਈ ਕਿ ਮੇਰੇ ਪੜ੍ਹਨ ਪੜ੍ਹਾਉਣ ਦਾ ਹੀ ਸਿੱਟਾ ਸੀ ਕਿ ਆਪਣੇ ਦੇਸ ਤੋਂ ਹਜ਼ਾਰਾਂ ਮੀਲ ਦੂਰ ਵੀ ਕਿਸੇ ਨੇ ਮੈਨੂੰ ਪਛਾਣ ਲਿਆ ਸੀ।

ਮੇਰੀ ਵਾਰੀ ਆਈ ਤਾਂ ਉਸ ਕੁੜੀ ਨੇ ਮੈਨੂੰ ਬੁਲਾਇਆ ਤੇ ਮੈਨੂੰ ਨਾਲ ਲੈ ਕੇ ਫੈਕਟਰੀ ਦੇ ਇੱਕ ਪਾਰਟ ਦੇ ਇਨਚਾਰਜ ਨੂੰ ਸੰਭਾਲ ਆਈ। ਇਨਚਾਰਜ ਨੇ ਸਿਰ ਤੋਂ ਪੈਰਾਂ ਤੱਕ ਮੈਨੂੰ ਇੰਝ ਨਿਹਾਰਿਆ, ਜਿਵੇਂ ਖਰੀਦਣ ਤੋਂ ਪਹਿਲਾਂ ਕਸਾਈ ਬਕਰੇ ਨੂੰ ਨਿਹਾਰਦਾ ਹੈ। ਉਹ ਮੇਰੀ ਡੀਲ ਡੌਲ ਦੇਖ ਕੇ ਖਿੜ ਗਿਆ ਤੇ ਫਾਰਮ ਉੱਤੇ 'ਹਾਂ' ਦਾ ਨਿਸ਼ਾਨ ਵਾਹ ਕੇ ਮੈਨੂੰ ਪੁੱਛਿਆ, “ਇੰਗਲਿਸ਼ ਬੋਲ/ਸਮਝ ਲੈਂਦਾ ਮੈਂ ਕਿਹਾ, “ਬਹੁਤ ਚੰਗੀ ਤਰ੍ਹਾਂ। ਮੈਂ ਪੋਸਟ-ਗਰੈਜੂਏਟ ਹਾਂ ਇਹ ਸੁਣਦਿਆਂ ਹੀ ਉਹਨੇ ਮੇਰੇ ਫਾਰਮ ਤੇ ਕਾਟਾ ਮਾਰ ਕੇ ਕੁਝ ਲਿਖਿਆ ਤੇ ਫਾਰਮ ਮੈਨੂੰ ਵਾਪਸ ਦਿੰਦਿਆਂ ਕਿਹਾ, “ਸੌਰੀ ਸਾਡੇ ਕੋਲ ਤੇਰੇ ਲਈ ਕੋਈ ਜੌਬ ਨਹੀਂ ਹੈ ਉਹਦਾ ਜਵਾਬ ਸੁਣ ਕੇ ਮੇਰਾ ਤਾਂ ਸਾਹ ਸੂਤਿਆ ਗਿਆ।

ਮੈਂ ਵਾਪਸ ਪਰਸਨਲ ਔਫਿਸ ਵਿਚ ਗਿਆ ਤੇ ਉਸੇ ਕੁੜੀ ਨੂੰ ਫਾਰਮ ਵਾਪਸ ਕਰ ਕੇ ਪੁੱਛਿਆ, “ਕੀ ਲਿਖਿਆ ਉਹਨੇ?” ਉਹਨੇ ਫਾਰਮ ਦੇਖ ਕੇ ਕਿਹਾ, “ਇੰਨੇ ਐਜੂਕੇਟਡ ਬੰਦੇ ਲਈ ਸਾਡੇ ਕੋਲ ਕੋਈ ਜੌਬ ਨਹੀਂ ਮੈਂ ਰੋਣਾ ਜਿਹਾ ਮੂੰਹ ਲੈ ਕੇ ਉੱਥੋਂ ਤੁਰ ਪਿਆ ਤੇ ਆਪਣੇ ਆਪ ਨੂੰ ਕਿਹਾ,ਚੰਗੀ ਕਦਰ ਪਈ ਆ ਹਰਬਖਸ਼ ਸਿਹਾਂ! ਤੇਰੀ ਪੜ੍ਹਾਈ ਦੀ ਉਸੇ ਵੇਲੇ ਮੈਂ ਪੱਕਾ ਫੈਸਲਾ ਕਰ ਲਿਆ ਕਿ ਆਪਣੀ ਵਿੱਦਿਅਕ ਯੋਗਤਾ, ਅੱਗੋਂ ਲਈ ਮੈਟ੍ਰਿਕ ਤੋਂ ਵੱਧ ਨਹੀਂ ਦੱਸਣੀ। ਮੇਰੀ ਯੋਗਤਾ ਹੀ ਮੇਰੇ ਲਈ ਅਯੋਗਤਾ ਬਣ ਗਈ ਸੀ।

ਦੂਜੇ ਦਿਨ ਸਵੇਰੇ ਮੇਰੇ ਦੋਸਤ ਕ੍ਰਿਪਾਲ ਸਿੰਘ ਨੇ ਆ ਦਰਵਾਜ਼ਾ ਖੜਕਾਇਆ। ਉਹ ਨੇ ਮੇਰੀ ਨਵੀਂ ਸ਼ਕਲ ਦੇਖ ਕੇ ਹੱਸ ਕੇ ਕਿਹਾ, “ਚਲੋ ਚੰਗਾ ਹੋਇਆ, ‘ਜਿਹਾ ਦੇਸ, ਤਿਹਾ ਭੇਸ' ਹੋ ਗਿਆ। ਹੁਣ ਕੰਮ ਵੀ ਸੌਖਾ ਹੀ ਮਿਲ ਜਾਵੇਗਾ। ਆ ਬੈਠ ਮੇਰੇ ਮੋਟਰਸਾਈਕਲ ਦੇ ਪਿੱਛੇ, ਤੈਨੂੰ ਟਰਾਈ ਕਰਾ ਲਿਆਵਾਂ

 ਮੈਂ ਕਿਹਾ, “ਕ੍ਰਿਪਾਲ! ਅੰਦਰ ਆ ਜਾ। ਚਾਹ ਪਾਣੀ ਪੀ ਕੇ ਚਲਦੇ ਹਾਂ

 ਉਹ ਨੇ ਕਿਹਾ, “ਨਹੀਂ, ਪਹਿਲਾਂ ਮੇਰੇ ਨਾਲ ਤੁਰ ਟਰਾਈ ਕਰ ਆਈਏ। ਕੰਮ ਸਵੇਰੇ ਸਵੇਰੇ ਹੀ ਮਿਲਦੇ ਹੁੰਦੇ ਆ। ਚਾਹ ਵਾਪਸ ਆਕੇ ਪੀ ਲਵਾਂਗੇ ਉਹ ਮੈਨੂੰ ਮੋਟਰ ਸਾਈਕਲ ਦੇ ਪਿੱਛੇ ਬੈਠਾ ਕੇ ਚੱਲ ਪਿਆ।

15 ਕੁ ਮਿੰਟ ਪਿੱਛੋਂ ਇੱਕ ਫੈਕਟਰੀ ਅੱਗੇ ਮੋਟਰਸਾਈਕਲ ਰੋਕ ਕੇ ਉਹਨੇ ਕਿਹਾ, “ਆ ਪਹਿਲਾਂ ਇੱਥੇ ਟਰਾਈ ਕਰ ਕੇ ਦੇਖੀਏ ਫੈਕਟਰੀ ਦੇ ਬਾਹਰ ਬੋਰਡ ਤੇ ਲਿਖਿਆ ਹੋਇਆ ਸੀ ਸੀਮੈਨ ਸਕੂਕਰਟਉਹ ਮੈਨੂੰ ਨਾਲ ਲੈ ਕੇ ਪਰਸਨਲ ਔਫਸ ਦੀ ਤਾਕੀ ਮੋਹਰੇ ਜਾ ਖੜ੍ਹਾ ਹੋਇਆ। ਗੋਰੀ ਕੁੜੀ ਨੇ ਤਾਕੀ ਖੋਲ੍ਹ ਕੇ ਕ੍ਰਿਪਾਲ ਨਾਲ ਗੱਲ ਕੀਤੀ। ਕ੍ਰਿਪਾਲ ਨੇ ਉਹਨੂੰ ਵੇਕੈਨਸੀ ਬਾਰੇ ਪੁੱਛਿਆ ਤਾਂ ਉਹਨੇ ਹਾਂ ਵਿਚ ਸਿਰ ਹਿਲਾ ਕੇ ਕਿਹਾ, “ਕਲੀਨਰ ਦੀ ਜੌਬ ਮਿਲ ਸਕਦੀ ਹੈ

 ਕ੍ਰਿਪਾਲ ਨੇ ਉਹਦੇ ਉੱਤਰ ਵਿਚ ਕਿਹਾ, “ਇਹ ਕੋਈ ਵੀ ਕੰਮ ਕਰਨ ਲਈ ਤਿਆਰ ਹੈ

ਕੁੜੀ ਨੇ ਫੋਨ ’ਤੇ ਕਿਸੇ ਨਾਲ ਗੱਲ ਕਰਨ ਪਿੱਛੋਂ ਕਿਹਾ, “ਥੋੜ੍ਹਾ ਚਿਰ ਉਡੀਕ ਕਰੋ। ਵਰਕ ਮੈਨੇਜਰ ਆ ਕੇ ਗੱਲ ਕਰੇਗਾ ਪੰਜਾਂ ਮਿੰਟਾਂ ਵਿਚ ਹੀ ਇੱਕ ਲੰਮਾ ਜਿਹਾ ਤੇ ਭਰਵੇਂ ਸਰੀਰ ਵਾਲਾ ਬੰਦਾ ਆਇਆ ਤੇ ਮੈਨੂੰ ਸਿਰ ਤੋਂ ਪੈਰਾਂ ਤੱਕ ਜਾਚ ਕੇ ਕਿਹਾ, “ਠੀਕ ਹੈ, ਸੋਮਵਾਰ ਸਵੇਰੇ ਅੱਠ ਵਜੇ ਕੰਮ ’ਤੇ ਆ ਜਾਵੀਂ ਤੇ ਮੈਨੂੰ ਮਿਲੀਂ ਫੇਰ ਉਹਨੇ ਇੱਕ ਚਿੱਟ ਤੇ ਆਪਣਾ ਨਾਉਂ ਤੇ ਵਰਕਸ਼ੌਪ ਦਾ ਨਾਉਂ ਲਿਖ ਕੇ ਚਿੱਟ ਮੈਨੂੰ ਫੜਾ ਦਿੱਤੀ। ਇਸ ਤਰ੍ਹਾਂ ਭੱਦਣ ਕਰਾਉਣ ਪਿੱਛੋਂ ਮੈਨੂੰ ਵਲਾਇਤ ਦੀ ਧਰਤੀ ’ਤੇ ਪਹਿਲੀ ਨੌਕਰੀ ਆਪਣੇ ਹੀ ਪਿਆਰੇ ਮਿੱਤਰ ਕ੍ਰਿਪਾਲ ਦੀ ਮਦਦ ਨਾਲ ਮਿਲੀ।

ਕ੍ਰਿਪਾਲ ਜਿਸ ਤਰ੍ਹਾਂ ਮੈਨੂੰ ਲੈ ਕੇ ਆਇਆ ਸੀ, ਉਸੇ ਤਰ੍ਹਾਂ ਵਾਪਸ ਮੇਰੇ ਪਤੇ ’ਤੇ ਉਤਾਰ ਕੇ ਇਹ ਕਹਿ ਕੇ ਤੁਰ ਗਿਆ, “ਚੰਗਾ ਹਰਬਖਸ਼! ਫੇਰ ਮਿਲਾਂਗੇ। ਫੋਨ ਕਰਦਾ ਰਹੀਂ

ਸੋਮਵਾਰ ਆਉਣ ਤੋਂ ਪਹਿਲਾਂ ਹੀ ਮੈਂ ਪੂਰਾ ਪਤਾ ਕਰ ਲਿਆ ਸੀ ਕਿ ਕੰਮ ’ਤੇ ਕਿਵੇਂ ਪੁੱਜਣਾ ਹੈ? ਆਪਣੇ ਘਰ ਦੇ ਨੇੜਿਉਂ ਹੀ ਅਕਸਬ੍ਰਿੱਜ ਰੋਡ ਤੋਂ 207 ਨੰਬਰ ਬੱਸ ਫੜਨੀ ਸੀ ਤੇ ਫੇਰ ਹੈਨਵਲ ਤੋਂ ਵੈਸਟਐਂਡ ਰੋਡ ਤੱਕ ਜਾਣ ਵਾਲੀ ਬੱਸ ਉਡੀਕਣੀ ਪੈਣੀ ਸੀ। ਵੈਸਟਐਂਡ ਰੋਡ ’ਤੇ ਪੰਜ ਕੁ ਮਿੰਟ ਤੁਰ ਕੇ ਆਪਣੀ ਫਰਮ ਸੀਮੈਨ ਸਕੂਕਰਟ ਤੱਕ ਪੁੱਜਣਾ ਸੀ। ਮੁਸੀਬਤ ਇਹ ਸੀ ਕਿ ਲੰਡਨ ਵਿਚ ਤੇ ਆਸ ਪਾਸ ਚੱਲਣ ਵਾਲੀਆਂ ਸਾਰੀਆਂ ਬੱਸਾਂ ਲਾਲ ਰੰਗ ਦੀਆਂ ਇੱਕੋ ਜਿਹੀਆਂ ਸਨ। ਜਦ ਬੱਸ ਨੇੜੇ ਆ ਜਾਂਦੀ ਸੀ ਤਾਂ ਹੀ ਉਹਦਾ ਨੰਬਰ ਪੜ੍ਹਿਆ ਜਾਂਦਾ ਸੀ।  ਮੈਂ ਜਿਸ ਬੱਸ ਨੂੰ ਪਹਿਲਾਂ ਪਹਿਲਾਂ ਟੂ ਹੰਡਰਡ ਐਂਡ ਸੈਵਨਆਖਦਾ ਸਾਂ ਉਹਨੂੰ ਬਾਕੀ ਲੋਕ ਟੂ ਓ ਸੈਵਨ” ਕਹਿੰਦੇ ਸਨ। ਉਦੋਂ ਹਰ ਬਸ ਵਿਚ ਟਿਕਟ ਪੁੱਛਣ/ਦੇਣ ਲਈ ਕੰਡਕਟਰ ਹੁੰਦਾ ਸੀ। ਹੁਣ ਵਾਂਗ ਉਦੋਂ ਬਸਾਂ ਵਿਚ ਟਿਕਟ ਦੇਣ ਵਾਲੀਆਂ ਮਸ਼ੀਨਾਂ ਨਹੀਂ ਹੁੰਦੀਆਂ ਸਨ ਅਤੇ ਨਾ ਡਰਾਈਵਰ ਆਪ ਟਿਕਟ ਦਿੰਦਾ ਸੀ। ਕੰਡਕਟਰ ਹਰ ਮੁਸਾਫਰ ਕੋਲ ਜਾਂਦਾ ਸੀ ਤੇ ‘ਟਿਕਟ ਪਲੀਜ਼’ਕਹਿੰਦਾ ਹੋਇਆ ਅੱਗੇ ਤੁਰਿਆ ਜਾਂਦਾ ਸੀ। ਜਦ ਕੋਈ ਮੁਸਾਫਿਰ ਆਪਣੇ ਪਹੁੰਚਣ ਦੇ ਅੱਡੇ ਦਾ ਨਾਉਂ ਬੋਲਦਾ ਤਾਂ ਕੰਡਕਟਰ ਅੱਗਿਉਂ ਥਰੀ ਅੈਂਡ ਹਾਫਜਾਂ ਟੂ ਐਂਡ ਹਾਫਪਲੀਜ਼ ਵਗੈਰਾ ਕਹਿੰਦਾ ਸੀ। ਅਸਲ ਵਿਚ ਉਹ ਪੈਂਸਾਂ ਵਿਚ ਕਰਾਇਆ ਦੱਸ ਰਿਹਾ ਹੁੰਦਾ ਸੀ। ਮੇਰੇ ਵਰਗਾ ਨਵਾਂ ਆਇਆ ਬੰਦਾ ਬੌਂਦਲ ਜਾਂਦਾ ਸੀ ਕਿ ਉਹ ਸ਼ਲਿੰਗ ਮੰਗਦਾ ਹੈ ਜਾਂ ਪੈਂਸ। ਮੈਂ ਸ਼ਲਿੰਗ ਸਮਝ ਕੇ ਉਹਨੂੰ ਕਰਾਇਆ ਫੜਾ ਦਿੰਦਾ ਸਾਂ। ਉਹ ਪੈਂਸ ਰੱਖ ਕੇ ਬਾਕੀ ਮੋੜ ਦਿੰਦਾ ਸੀ। ਇੰਝ ਮੈਂ ਵੀ ਜਾਣ ਗਿਆ ਕਿ ਉਹਦੇ ਟੂ ਐਂਡ ਹਾਫ’ ਜਾਂ ਥਰੀ ਐਂਡ ਹਾਫਦਾ ਕੀ ਮਤਲਬ ਹੁੰਦਾ ਸੀ।

ਸੋਮਵਾਰ ਸਵੇਰੇ ਇਸ ਤਰ੍ਹਾਂ ਬੱਸਾਂ ਬਦਲਦਾ ਮੈਂ ਔਖਾ ਸੁਖਾਲਾ ਅੱਠ ਵੱਜਣ ਤੋਂ ਪੰਦਰਾਂ ਮਿੰਟ ਪਹਿਲਾਂ ਹੀ ਕੰਮ ’ਤੇ ਜਾ ਪੁੱਜਾ। ਪਰਸਨਲ ਔਫਸ ਵਾਲੀ ਉਹੀ ਕੁੜੀ ਮੈਨੂੰ ਵਰਕਸ਼ੌਪ ਵਿਚ ਲੈ ਗਈ ਤੇ ਉਸੇ ਵਰਕ ਮੈਨੇਜਰ ਨੂੰ ਸੰਭਾਲ ਆਈ। ਵਰਕ ਮੈਨੇਜਰ ਨੇ ਇੱਕ ਕਾਰਡ ਲਿਆ ਕੇ ਉਹਦੇ ਇੱਕ ਪਾਸੇ ਮੇਰਾ ਨਾਉਂ ਤੇ ਨੰਬਰ ਤੇ ਦੂਜੇ ਪਾਸੇ ਮੇਰੇ ਆਉਣ ਦਾ ਸਮਾਂ ਲਿਖਿਆ ਤੇ ਮੈਨੂੰ ਇਸ ਸ਼ੌਪ ਦੇ ਗੇਟ ਕੋਲ ਲੱਗੇ ਇੱਕ ਬੜੇ ਸਾਰੇ ਕਲੌਕ ਕੋਲ ਲੈ ਗਿਆ। ਉਸ ਕਲੌਕ ਦੇ ਹੇਠਾਂ ਇੱਕ ਬਕਸਾ ਲੱਗਾ ਹੋਇਆ ਸੀ। ਉਹਨੇ ਮੈਨੂੰ ਦੱਸਿਆ, “ਆਉਣ ਵੇਲੇ ਅਤੇ ਜਾਣ ਵੇਲੇ ਇਸ ਬਕਸੇ ਦੀ ਝਰੀ ਵਿਚ ਕਾਰਡ ਪਾ ਕੇ ਇਸ ਹੈਂਡਲ ਨੂੰ ਦੱਬਣ ਨਾਲ ਆਉਣ ਅਤੇ ਜਾਣ ਦਾ ਟਾਈਮ ਇਸ ਕਾਰਡ ਤੇ ਛਪ ਜਾਇਆ ਕਰੇਗਾ ਉਹਨੇ ਮੈਨੂੰ ਪੂਰੀ ਗੱਲ ਸਮਝਾ ਕੇ ਕਿਹਾ, “ਇਸ ਕਾਰਡ ’ਤੇ ਤੇਰਾ ਨੰਬਰ ਲਿਖਿਆ ਹੋਇਆ ਹੈ। ਇਸ ਕਾਰਡ ਨੂੰ ਇਸ ਬੋਰਡ ’ਤੇ ਲਿਖੇ ਆਪਣੇ ਨੰਬਰ ਵਾਲੇ ਖਾਨੇ ਵਿਚ ਰਖਣਾ ਹੈ ਉਹਨੇ ਮੈਨੂੰ ਉਸੇ ਵੇਲੇ ਕਾਰਡ ਦੇ ਦੋਵੇਂ ਪਾਸੇ ਦਿਖਾ ਦਿੱਤੇ। ਇੱਕ ਪਾਸੇ ਮੇਰਾ ਨਾਉਂ, ਮੇਰਾ ਨੰਬਰ ਅਤੇ ਫੈਕਟਰੀ ਦੇ ਪਾਰਟ ਅਤੇ ਸੈਕਸ਼ਨ ਦਾ ਨਾਉਂ ਲਿਖੇ ਹੋਏ ਸਨ ਤੇ ਦੂਜੇ ਪਾਸੇ ਹਫਤੇ ਦੇ ਦਿਨਾਂ ਦੇ ਨਾਵਾਂ ਦੇ ਸਾਹਮਣੇ ਆਉਣ ਅਤੇ ਜਾਣ ਦਾ ਸਮਾਂ ਦਰਜ ਕਰਨ ਲਈ ਖਾਨੇ ਬਣੇ ਹੋਏ ਸਨ। ਫੇਰ ਉਹਨੇ ਉਹ ਕਾਰਡ ਮੇਰੇ ਨੰਬਰ ਵਾਲੇ ਖਾਨੇ ਵਿਚ ਰੱਖ ਦਿੱਤਾ। ਉਹਨੇ ਕਾਰਡ ਉੱਤੇ ਅੱਜ ਦੇ ਆਉਣ ਦਾ ਸਮਾਂ ਤਾਂ ਲਿਖ ਹੀ ਦਿੱਤਾ ਸੀ, ਜਾਣ ਦਾ ਸਮਾਂ ਜਾਣ ਵੇਲੇ ਛਾਪਣਾ ਸੀ।

ਬਰਤਾਨੀਆ ਵਿਚ ਇਹ ਮੇਰਾ ਪਹਿਲਾ ਕੰਮ, ਸਫਾਈ ਮਜ਼ਦੂਰ ਦਾ ਕੰਮ ਸੀ। ਸਾਡੇ ਦੇਸੀ ਭਾਈਬੰਦ ਇਸ ਕੰਮ ਨੂੰ ਨੀਚਾਂ ਕੰਮੀਆਂ ਦਾ ਕੰਮ ਸਮਝਦੇ ਸਨ। ਲਗਦੀ ਵਾਹ ਉਹ ਇਹ ਕੰਮ ਕਰਨਾ ਨਹੀਂ ਚਾਹੁੰਦੇ ਸਨ ਤੇ ਜੇ ਕਰਨਾ ਹੀ ਪੈ ਜਾਵੇ ਤਾਂ ਆਪਣੇ ਲੋਕਾਂ ਤੋਂ ਲੁਕਾਉਂਦੇ ਸਨ। ਮੈਨੂੰ ਆਪਣੇ ਇੱਕ ਦੇਸੀ ਭਾਈਬੰਦ ਦੀ ਗੱਲ ਯਾਦ ਆ ਗਈ ਹੈ, ਉਹ ਤੁਹਾਡੇ ਨਾਲ ਵੀ ਸਾਂਝੀ ਕਰ ਲੈਂਦਾ ਹਾਂ। ਉਹ ਲੰਡਨ ਏਅਰਪੋਰਟ ’ਤੇ ਟੱਟੀਆਂ ਦੀ ਸਫਾਈ ਦਾ ਕੰਮ ਕਰਦਾ ਸੀ, ਪਰ ਦੇਸ ਨੂੰ ਚਿੱਠੀ ਵਿਚ ਸਦਾ ਇਹੀ ਲਿਖਦਾ ਸੀ ਕਿ ਉਹ ਏਅਰਪੋਰਟ ਤੇ ਅਫਸਰ ਲੱਗਾ ਹੋਇਆ ਹੈ। ਇਹੋ ਜਿਹੇ ਬੰਦੇ ਹੀ ਇੱਥੇ ਜਾਤ ਪਾਤ ਦੇ ਭੇਦ ਭਾਵ ਦੀ ਗੱਲ ਵਧਾ ਚੜ੍ਹਾ ਕੇ ਕਰਦੇ ਸਨ ਤੇ ਗੱਲ ਗੱਲ ’ਤੇ ਦੂਜਿਆਂ ਨੂੰ ਚੂਹੜੇ-ਚਮਾਰ ਆਖ ਕੇ ਆਪਣੇ ਘਟੀਆਪਨ ਦੇ ਅਹਿਸਾਸ ਨੂੰ ਲੁਕਾਉਣ ਦਾ ਯਤਨ ਕਰਦੇ ਸਨ। ਮੈਨੂੰ ਨਾ ਤਾਂ ਇਹ ਕੰਮ ਕਰਨ ਵਿਚ ਕੋਈ ਝਿਜਕ ਸੀ, ਨਾ ਮੈਂ ਇਹ ਗੱਲ ਕਿਸੇ ਤੋਂ ਲੁਕਾਉਂਦਾ ਸਾਂ।  ਇਹ ਕੰਮ ਮਿਲਣ ਤੋਂ ਪਿੱਛੋਂ ਮੈਂ ਤਾਂ ਆਪਣੀ ਪਹਿਲੀ ਚਿੱਠੀ ਵਿਚ ਹੀ ਆਪਣੇ ਟੱਬਰ ਤੇ ਰਿਸ਼ਤੇਦਾਰਾਂ ਨੂੰ ਲਿਖ ਦਿੱਤਾ ਸੀ ਕਿ ਮੈਂ ਇੱਥੇ ਉਹੀ ਕੰਮ ਕਰਦਾ ਹਾਂ ਜਿਹੜਾ ਕੰਮ ਸਾਡੇ ਦੇਸ ਵਿਚ ਚੂਹੜੇ ਕਰਦੇ ਹਨ। ਇਹ ਵੱਖਰੀ ਗੱਲ ਹੈ ਮੇਰੀ ਚਿੱਠੀ ਦਾ ਕਿਸੇ ਨੇ ਯਕੀਨ ਹੀ ਨਹੀਂ ਕੀਤਾ ਸੀ। ਕੋਈ ਮੰਨਦਾ ਹੀ ਨਹੀਂ ਸੀ ਕਿ ਐਮ. ਏ ਪਾਸ ਜੱਟਾਂ ਦਾ ਮੁੰਡਾ ਕਦੀ ਇਹ ਕੰਮ ਕਰ ਸਕਦਾ ਹੈ।

ਮੇਰਾ ਕੰਮ ਆਪਣੇ ਸੈਕਸ਼ਨ ਦੀ ਸਫਾਈ ਰੱਖਣਾ ਸੀ। ਮੈਂ ਮਸ਼ੀਨਾਂ ਦੇ ਨੇੜੇ ਪਈਆਂ ਲੋਹ-ਕਾਤਰਾਂ ਜਾਂ ਲੋਹ-ਚੂਰ ਸ਼ਵਲ ਨਾਲ ਬੈਰੋ (ਦੋਪਹੀਆ ਗੱਡੀ) ਵਿਚ ਭਰ ਕੇ ਬਾਹਰ ਲੈ ਜਾ ਕੇ ਨੀਯਤ ਥਾਂ ਉੱਥੇ ਢੇਰੀ ਕਰ ਆਉਂਦਾ ਸਾਂ। ਬੈਰੋ ਨੂੰ ਦੋ ਹੱਥਿਆਂ ਤੋਂ ਫੜ ਕੇ ਧੱਕਣਾ ਪੈਂਦਾ ਸੀ। ਕਈ ਵੇਰ ਬੈਰੋ ਕੁਝ ਜ਼ਿਆਦਾ ਹੀ ਭਰ ਹੋ ਜਾਂਦਾ ਤੇ ਰਸਤੇ ਵਿਚ ਹੀ ਉਲਟ ਜਾਂਦਾ, ਉਹਨੂੰ ਮੁੜ ਭਰਨ ਦਾ ਦੁਕੰਮਣ ਪੈ ਜਾਂਦਾ। ਮਸ਼ੀਨਾਂ ਦੁਆਲਿਉਂ ਲੋਹ-ਚੂਰ ਤੇ ਲੋਹ-ਕਾਂਤਰਾਂ ਚੁੱਕਣ ਦਾ ਕੰਮ ਮੁਕਾਉਣ ਪਿੱਛੋਂ ਫੇਰ ਸਾਰਾ ਦਿਨ ਉਸ ਸੈਕਸ਼ਨ ਦਾ ਫਰਸ਼ ਸਾਫ ਰੱਖਣਾ ਹੁੰਦਾ ਸੀ। ਇਸ ਕੰਮ ਲਈ ਪੰਜ ਕੁ ਫੁੱਟ ਦੇ ਡੰਡੇ ਨਾਲ ਲੱਗੇ ਬਰੂਮ ਨੂੰ ਵਰਤਣਾ ਹੁੰਦਾ ਸੀ। ਇਹ ਸਾਰਾ ਕੰਮ ਤਾਂ ਸਵੇਰੇ ਘੰਟੇ ਕੁ ਵਿਚ ਹੋ ਜਾਂਦਾ ਸੀ ਜਾਂ ਫੇਰ ਸ਼ਾਮ ਨੂੰ ਘੰਟਾ ਕੁ ਲਾਉਣ ਨਾਲ ਸਰ ਜਾਂਦਾ ਸੀ। ਬਾਕੀ ਸਾਰਾ ਦਿਨ ਕਿਵੇਂ ਲੰਘਾਉਂਦਾਕੰਮ ਤਾਂ ਹਫਤੇ ਦੇ ਪੰਜ ਦਿਨ 8 ਵਜੇ ਸਵੇਰ ਤੋਂ 5 ਵਜੇ ਸ਼ਾਮ ਤੱਕ ਤੇ ਫੇਰ ਸਨਿਚਰਵਾਰ ਨੂੰ 8 ਵਜੇ ਸਵੇਰ ਤੋਂ ਸਾਢੇ 12 ਵਜੇ ਤੱਕ ਹੁੰਦਾ ਸੀ। ਰੋਜ਼ ਅੱਧਾ ਘੰਟਾ ਖਾਣ ਪੀਣ ਦਾ ਟਾਈਮ ਵਿੱਚੋਂ ਕੱਟਿਆ ਜਾਂਦਾ ਸੀ ਤੇ ਦਿਨ ਵਿਚ ਦੋ ਵਾਰ ਪੰਦਰਾਂ ਪੰਦਰਾਂ ਮਿੰਟ ਆਪਣੀ ਮਰਜ਼ੀ ਨਾਲ ਚਾਹ ਪੀਣ ਵੀ ਜਾ ਸਕਦੇ ਸਾਂ। ਫੇਰ ਵੀ ਸਾਰਾ ਦਿਨ ਲੰਘਾਉਣਾ ਮੁਸ਼ਕਿਲ ਹੋ ਜਾਂਦਾ ਸੀ। ਮੈਂ ਜਦ ਵੀ ਬੈਰੋ ਭਰ ਕੇ ਬਾਹਰ ਲੈ ਜਾਂਦਾ ਤਾਂ ਉੱਥੇ ਹੀ ਪੰਦਰਾਂ ਕੁ ਮਿੰਟ ਲੰਘਾ ਆਉਂਦਾ ਤੇ ਫੇਰ ਐਵੇਂ ਇੱਧਰ ਉੱਧਰ ਬਰੂਮ ਲੈ ਕੇ ਫੇਰਦਾ ਰਹਿੰਦਾ ਤੇ ਸਾਫ ਫਰਸ਼ ਨੂੰ ਖਾਹਮਖਾਹ ਸਾਫ ਕਰਦਾ ਰਹਿੰਦਾ ਸਾਂ। ਡਰਦਾ ਸਾਂ ਕਿਤੇ ਫੋਰਮੈਨ ਮੈਨੂੰ ਵਿਹਲੇ ਖੜ੍ਹੇ ਨੂੰ ਨਾ ਦੇਖ ਲਵੇ। ਮੇਰੇ ਸੈਕਸ਼ਨ ਦੇ ਨਾਲ ਦੇ ਸੈਕਸ਼ਨ ਵਿਚ ਦੋ ਪਾਕਿਸਤਾਨੀ ਮੇਰੇ ਵਾਲਾ ਹੀ ਕੰਮ ਕਰਦੇ ਸਨ। ਉਹ ਹਰ ਅੱਧੇ ਘੰਟੇ ਪਿੱਛੋਂ ਸਿਗਰੈੱਟਾਂ ਲਾ ਕੇ ਖੜ੍ਹੇ ਰਹਿੰਦੇ ਤੇ ਮਸ਼ੀਨਿਸਟਾਂ ਨਾਲ ਗੱਪੀਂ ਜੁੱਟੇ ਰਹਿੰਦੇ ਤੇ ਉਨ੍ਹਾਂ ਨੂੰ ਵੀ ਸਿਗਰੈੱਟਾਂ ਦੇ ਕੇ ਖੁਸ਼ ਕਰੀ ਰੱਖਦੇ। ਇੱਥੇ ਦੇ ਰਿਵਾਜ ਅਨੁਸਾਰ ਸਿਗਰੈੱਟ ਪੀਂਦੇ ਨੂੰ ਕੋਈ ਟੋਕਦਾ ਨਹੀਂ ਸੀ। ਮੇਰੇ ਕੋਲ ਖੜ੍ਹੇ ਰਹਿਣ ਲਈ ਇਹ ਬਹਾਨਾ ਵੀ ਨਹੀਂ ਸੀ। ਇਹ ਦੋਵੇਂ  ਕਿੰਨਾ ਕਿੰਨਾ ਚਿਰ ਟਾਇਲਟਾਂ ਵਿਚ ਬੈਠੇ ਲੰਘਾ ਆਉਂਦੇ ਸਨ। ਮੈਨੂੰ ਇਸ ਗੱਲ ਦਾ ਪਤਾ ਚਿਰਾਂ ਪਿੱਛੋਂ ਲੱਗਾ ਕਿ ਮੇਰਾ ਕੰਮ ਫਰਸ਼ ਨੂੰ ਸਾਫ ਰੱਖਣਾ ਤੇ ਲੋਹ ਚੂਰ ਤੇ ਕਾਂਤਰਾਂ ਚੁੱਕਣਾ ਹੈ। ਜੇ ਫਰਸ਼ ਤੇ ਮਸ਼ੀਨਾਂ ਦਾ ਦੁਆਲਾ ਸਾਫ ਹੋਵੇ ਤਾਂ ਬੇਸ਼ਕ ਕਿਤੇ ਖੜ੍ਹੇ ਰਹੋ, ਕੋਈ ਕੁਝ ਨਹੀਂ ਕਹਿੰਦਾ ਸੀ। ਪਰ ਇਸ ਤੋਂ ਪਹਿਲਾਂ ਹੀ ਮੇਰਾ ਮਨ ਇਸ ਕੰਮ ਤੋਂ ਉਚਾਟ ਹੋ ਗਿਆ।

ਜਦ ਮੈਨੂੰ ਪਤਾ ਲੱਗਾ ਕਿ ਇਸ ਫੈਕਟਰੀ ਵਿਚ ਬੰਬਾਂ ਵਿਚ ਲੱਗਣ ਵਾਲਾ ਕੋਈ ਪੁਰਜ਼ਾ ਬਣਾਇਆ ਜਾਂਦਾ ਹੈ, ਤਾਂ ਮੇਰਾ ਮਨ ਬਹੁਤ ਦੁਖੀ ਹੋਇਆ। ਮੈਂ ਉਹ ਬੰਬ ਬਣਾਉਣ ਵਿਚ ਸਹਾਈ ਹੋ ਰਿਹਾ ਸਾਂ, ਜਿਹੜੇ ਪਤਾ ਨਹੀਂ ਕਿੰਨੇ ਲੋਕਾਂ ਦਾ ਘਾਣ ਕਰਨ ਲਈ ਵਰਤੇ ਜਾਣੇ ਸਨ। ਮੈਂ ਆਪਣੀ ਇਹ ਦੁਬਧਾ ਪ੍ਰੀਤ-ਲੜੀ ਵਾਲੇ ਨਵਤੇਜ ਨਾਲ ਇਕ ਪੱਤਰ ਵਿਚ ਸਾਂਝੀ ਕੀਤੀ ਤਾਂ ਉਹਨੇ ਪ੍ਰੀਤਲੜੀ ਦੇ ਕਾਲਮ ਮੇਰੀ ਧਰਤੀ ਮੇਰੇ ਲੋਕਵਿਚ ਇਹਦਾ ਜ਼ਿਕਰ ਕੀਤਾ ਸੀ।

ਇੱਕ ਦਿਨ ਮੇਰਾ ਸ਼ੱਵਲ ਲੱਭ ਨਹੀਂ ਰਿਹਾ ਸੀ। ਮੈਂ ਨਾਲ ਵਾਲੇ ਸੈਕਸ਼ਨ ਵਿਚ ਕੰਮ ਕਰਦੇ ਇੱਕ ਛੋਕਰੇ ਜਿਹੇ ਪਾਕਸਤਾਨੀ ਨੂੰ ਪੁੱਛ ਬੈਠਾ। ਉਹਦੇ ਵਾਲੇ ਤੇ ਮੇਰੇ ਵਾਲੇ ਸੈਕਸ਼ਨ ਵਿਚ ਕਿਹੜੀ ਕੋਈ ਦੀਵਾਰ ਸੀ? ਮੈਂ ਤਾਂ ਕਈ ਵੇਰ ਉਹਦੇ ਵਾਲੇ ਸੈਕਸ਼ਨ ਵਿਚ ਵੀ ਬਰੂਮ ਫੇਰ ਆਉਂਦਾ ਸਾਂ। ਮੈਂ ਤਾਂ ਅਸਲ ਵਿਚ ਇਨ੍ਹਾਂ ਦੋਹਾਂ ਸੈਕਸ਼ਨਾਂ ਨੂੰ ਇੱਕ ਹੀ ਸਮਝਦਾ ਸਾਂ। ਮੇਰੀ ਪੁੱਛ ਦੇ ਜਵਾਬ ਵਿਚ ਜੋ ਕੁਝ ਉਹਨੇ ਕਿਹਾ, ਉਹ ਮੇਰੇ ਦਿਲ ਵਿਚ ਨਸ਼ਤਰ ਵਾਂਗ ਖੁੱਭ ਗਿਆ। ਉਹਨੇ ਮੱਥੇ ਉੱਤੇ ਤੀਉੜੀਆਂ ਪਾ ਕੇ ਕਿਹਾ, “ਨਿਕਾਲ ਲੋ ਮੇਰੀ ਪਾਕਟ ਮੇਂ ਸੇ ਮੈਂ ਉਹਨੂੰ ਤਾਂ ਕੁਝ ਨਾ ਕਿਹਾ ਪਰ ਬਾਹਰ ਜਾ ਕੇ ਕਿੰਨਾ ਚਿਰ ਹੰਝੂ ਵਹਾਉਂਦਾ ਰਿਹਾ ਤੇ ਬੀਤੇ ਸਮੇਂ ਨੂੰ ਝੂਰਦਾ ਰਿਹਾ। ਪਤਾ ਨਹੀਂ ਕਿੰਨੇ ਇਹੋ ਜਿਹਾਂ ਨੂੰ ਮੈਂ ਵਿੱਦਿਆ ਦਾਨ ਦੇ ਕੇ ਸੂਝਵਾਨ ਬਣਾਇਆ ਸੀ। ਅੱਜ ਇਹ ਛੋਕਰਾ ਜਿਹਾ ਮੈਨੂੰ ਟਿੱਚ ਸਮਝ ਰਿਹਾ ਸੀ। ਇਹਦੇ ਨਾਲੋਂ ਤਾਂ ਮੇਰੇ ਸਕੂ਼ਲ ਵਿਚ ਕੰਮ ਕਰਦੇ ਚਪੜਾਸੀਆਂ ਨੂੰ ਕਿਤੇ ਵੱਧ ਚੰਗੇ ਮੰਦੇ ਦੀ ਪਛਾਣ ਹੁੰਦੀ ਸੀ। ਉਹਦੀ ਤਕਲੀਫ ਸਿਰਫ ਇੰਨੀ ਕੁ ਸੀ ਕਿ ਉਹਨੂੰ ਮੇਰੀ ਵਿੱਦਿਅਕ ਯੋਗਤਾ ਦਾ ਪਤਾ ਲੱਗ ਗਿਆ ਸੀ। ਭਾਵੇਂ ਮੈਂ ਆਪਣੀ ਯੋਗਤਾ ਬਾਰੇ ਗੱਲ ਕਰਨ ਤੋਂ ਬਹੁਤ ਹੀ ਸੰਕੋਚ ਤੋਂ ਕੰਮ ਲੈਂਦਾ ਸਾਂ, ਫੇਰ ਵੀ ਮੈਂ ਦੋ ਕੁ ਬੰਦਿਆਂ ਨੂੰ ਦੱਸ ਬੈਠਾ ਸਾਂ ਤੇ ਸ਼ਾਇਦ ਉਨ੍ਹਾਂ ਕੋਲੋਂ ਤੁਰਦੀ ਗੱਲ ਇਹਦੇ ਕੋਲ ਪੁੱਜ ਗਈ ਹੋਵੇ। ਉਹਦਾ ਵੀ ਕੀ ਕਸੂ੍ਰ ਸੀ? ਉਹ ਤਾਂ ਇੰਝ ਕਰ ਕੇ ਆਪਣੇ ਘਟੀਆਪਨ ਦੇ ਅਹਿਸਾਸ ਨੂੰ ਕੱਢਣ ਦਾ ਯਤਨ ਕਰ ਰਿਹਾ ਸੀ। ਉਂਝ ਵੀ ਮੈਂ ਇੱਥੋਂ ਦੇ ਮਾਹੌਲ ਤੋਂ ਦੁਖੀ ਸਾਂ। ਚਾਹੁੰਦਾ ਸਾਂ ਕਿ ਕਿਤੇ ਅਜਿਹਾ ਕੰਮ ਮਿਲ ਜਾਵੇ ਜਿੱਥੇ ਲੁਕ ਲੁਕ ਕੇ ਵਿਹਲਾ ਸਮਾਂ ਨਾ ਗੁਜ਼ਾਰਨਾ ਪਵੇ, ਭਾਵੇਂ ਸਾਰਾ ਦਿਨ ਕੰਮ ਤੋਂ ਸਾਹ ਲੈਣਾ ਵੀ ਨਸੀਬ ਨਾ ਹੋਵੇ।

ਇਸ ਫੈਕਟਰੀ ਵਿਚ ਸਾਡੀ ਬੋਲੀ ਬੋਲਣ ਸਮਝਣ ਵਾਲੇ ਭਾਈਬੰਦ ਬਹੁਤ ਥੋੜ੍ਹੇ ਸਨ, ਦੋ ਕੁ ਪੰਜਾਬੀ ਸਨ ਤੇ ਚਾਰ ਕੁ ਪਾਕਸਤਾਨੀ, ਬਾਕੀ ਸਾਰੇ ਗੋਰੀ ਨਸਲ ਦੇ ਆਦਮੀ ਤੀਵੀਆਂ ਸਨ। ਪਹਿਲਾਂ ਤਾਂ ਪਤਾ ਨਹੀਂ ਲਗਦਾ ਸੀ ਕਿਹੜਾ ਅੰਗਰੇਜ਼ ਹੈ ਤੇ ਕਿਹੜਾ ਯੂਰਪ ਦੇ ਕਿਸੇ ਹੋਰ ਮੁਲਕ ਦਾ। ਹੌਲੀ ਹੌਲੀ ਉਨ੍ਹਾਂ ਦੀ ਵੱਖੋ ਵੱਖਰੀ ਪਹਿਚਾਣ ਦਿਸਣ ਲੱਗ ਪਈ ਸੀ। ਭਾਵੇਂ ਰੰਗ ਸਾਰਿਆਂ ਦਾ ਗੋਰਾ ਸੀ ਪਰ ਕੁਝ ਕੁਝ ਛਾਂ ਜਿਹੀ ਦਾ ਫਰਕ ਵੀ ਦਿਸਣ ਲੱਗ ਪਿਆ ਸੀ। ਬਹੁਤੀ ਪਹਿਚਾਣ ਉਨ੍ਹਾਂ ਦੇ ਅੰਗਰੇਜ਼ੀ ਬੋਲਣ ਦੇ ਲਹਿਜ਼ੇ ਤੋਂ ਬਣਦੀ ਸੀ। ਪੋਲਿਸ਼, ਹੰਗੇਰੀਅਨ ਤੇ ਰੂਸੀ ਆਦਿ ਟੀ ਨੂੰ ਤੀ ਵਾਂਗ ਬੋਲਦੇ ਸਨ। ਇਸੇ ਤਰ੍ਹਾਂ ਇਟੈਲੀਅਨ ਵੀ ਟਰਬਨ ਨੂੰ ਤਰਬਨ ਕਹਿੰਦੇ ਸਨ।

ਰੂਸੀਆਂ ਹੰਗੇਰੀਅਨਾਂ ਤੇ ਪੋਲਿਸ਼ਾਂ ਨੂੰ ਇੱਥੇ ਮਜ਼ਦੂਰੀ ਕਰਦਿਆਂ ਦੇਖ ਕੇ ਪਹਿਲੀ ਵਾਰ ਮਨ ਵਿਚ ਇਹ ਪ੍ਰਸ਼ਨ ਉੱਠਿਆ ਸੀ ਕਿ ਜੇ ਰੂਸ ਅਤੇ ਪੂਰਬੀ ਯੂਰਪ ਦੇ ਮੁਲਕਾਂ ਵਿਚ ਮਜ਼ਦੂਰ ਜਮਾਤ ਦਾ ਰਾਜ ਹੈ ਤਾਂ ਇਨ੍ਹਾਂ ਮਜ਼ਦੂਰ ਜਮਾਤ ਦੇ ਲੋਕਾਂ ਨੂੰ ਇੱਥੇ ਪੂੰਜੀਵਾਦੀਆਂ ਦੇ ਮੁਲਕ ਵਿਚ ਆ ਕੇ ਮਜ਼ਦੂਰੀ ਕਰਨ ਦੀ ਕੀ ਮਜ਼ਬੂਰੀ ਹੋ ਸਕਦੀ ਸੀ? ਉਸ ਵੇਲੇ ਇਸ ਪ੍ਰਸ਼ਨ ਦਾ ਉੱਤਰ ਨਾ ਮੇਰੇ ਕੋਲ ਸੀ ਨਾ ਮਾਰਕਸੀ ਫਲਸਫੇ ਦੇ ਕਹਿੰਦੇ ਕਹਾਉਂਦੇ ਧਨੰਤਰਾਂ ਕੋਲ ਸੀ। ਇਸ ਲਈ ਚੁੱਪ ਰਹਿਣ ਤੇ ਇਸਦਾ ਉੱਤਰ ਸਮੇਂ ’ਤੇ ਛੱਡ ਦੇਣ ਤੋਂ ਬਿਨਾਂ ਹੋਰ ਕੋਈ ਚਾਰਾ ਨਹੀਂ ਸੀ।

ਸੀਮੈਨ ਸਕੂਕਰਟ ਵਿਚ ਮੈਨੂੰ ਸਣੇ ਸਨਿਚਰਵਾਰ ਹਫਤੇ ਦੇ ਪੌਣੇ ਚੌਦਾਂ ਕੁ ਪੌਂਡ ਮਿਲਦੇ ਸਨ। ਮੈਂ ਡੇਢ ਪੌਂਡ ਹਫਤੇ ਦਾ ਕਮਰੇ ਦਾ ਕਰਾਇਆ ਮਲਕੀਤ ਨੂੰ ਦਿੰਦਾ ਸਾਂ ਤੇ ਡੇਢ ਪੌਂਡ ਹਰਦਿਆਲ ਨੂੰ ਰੋਟੀ ਦੇ (ਹਰਦਿਆਲ ਨਾਲ ਮੈਂ ਰੋਟੀ ਦੀ ਸਾਂਝ ਪਾ ਲਈ ਸੀ)। ਘਰ ਦੀ ਮਾਲਕੀ ਦਾ ਹਿੱਸੇਦਾਰ ਮਲਕੀਤ ਸੀ। ਮਲਕੀਤ ਨੇ ਇਹ ਘਰ ਆਪਣੇ ਇੱਕ ਪੇਂਡੂ ਬੰਦੇ ਪਿਆਰੇ ਨਾਲ ਰਲ਼ਕੇ ਸਾਂਝਾ ਲਿਆ ਸੀ। ਕਿਚਨ ਤੇ ਬਾਥ ਤੋਂ ਬਿਨਾ ਬਾਕਸ ਰੂਮ ਸਣੇ ਪੰਜ ਕਮਰੇ ਸਨ। ਪਿਆਰਾ ਆਪਣੇ ਟੱਬਰ ਸਮੇਤ ਮੋਹਰਲੇ ਕਮਰੇ ਵਿਚ ਰਹਿੰਦਾ ਸੀ। ਦੂਜੇ ਕਮਰੇ ਨੂੰ ਇੱਕ ਜਮੀਕਨ ਨੇ ਆਪਣੀ ਪਤਨੀ ਸਮੇਤ ਭਾਗ ਲਾਇਆ ਹੋਇਆ ਸੀ। ਉੱਪਰਲੇ ਦੋਂਹ ਕਮਰਿਆਂ ਵਿਚ ਮਲਕੀਤ ਤੇ ਹਰਦਿਆਲ ਆਪਣੇ ਟੱਬਰਾਂ ਸਮੇਤ ਰਹਿੰਦੇ ਸਨ ਤੇ ਮੇਰੇ ਹਿੱਸੇ ਬਾਕਸ ਰੂਮ ਆਇਆ ਸੀ। ਕਮਰਾ ਤਾਂ ਛੋਟਾ ਜਿਹਾ ਸੀ ਪਰ ਮੇਰੇ ਲਈ ਠੀਕ ਸੀ, ਸਰੀ ਜਾਂਦਾ ਸੀ। ਪਰ ਮਹੀਨੇ ਕੁ ਪਿੱਛੋਂ ਜਦ ਮੈਂ ਇੱਕ ਦਿਨ ਸ਼ਾਮ ਨੂੰ ਕੰਮ ਤੋਂ ਆ ਕੇ ਆਪਣੇ ਕਮਰੇ ਵਿਚ ਗਿਆ ਤਾਂ ਉੱਥੇ ਮੇਰੇ ਬਿਸਤਰੇ ਵਿਚ ਕੋਈ ਹੋਰ ਬੰਦਾ ਸੁੱਤਾ ਪਿਆ ਸੀ। ਇਹ ਮਲਕੀਤ ਦੇ ਸੌਹਰਿਆਂ ਦੇ ਪਿੰਡ ਤੋਂ ਸੀ। ਉਹ ਤਾਜ਼ਾ ਤਾਜ਼ਾ ਦੇਸੋਂ ਆਇਆ ਸੀ ਤੇ ਆਉਣ ਲੱਗਾ ਉਹਦੇ ਸੌਹਰਿਆਂ ਦੇ ਘਰੋਂ ਉਹਦਾ ਸਰਨਾਮਾ ਲੈ ਆਇਆ ਸੀ। ਏਅਰਪੋਰਟ ਤੋਂ ਸਿੱਧਾ ਉਹਦੇ ਘਰ ਆ ਗਿਆ ਸੀ। ਮਲਕੀਤ ਨੇ ਉਹਨੂੰ ਆਪਣੇ ਨਾਲ ਹੀ ਰਬੜ ਫੈਕਟਰੀ ਵਿਚ ਪੱਕੀਆਂ ਰਾਤਾਂ ’ਤੇ ਕੰਮ ’ਤੇ ਲੁਆ ਲਿਆ ਸੀ। ਹੁਣ ਉਹ ਸਵੇਰ ਦਾ ਮੇਰੇ ਬਿਸਤਰੇ ਵਿਚ ਡਟਿਆ ਹੋਇਆ ਸੀ। ਜਦ ਮੈਂ ਮਲਕੀਤ ਨੂੰ ਪੁੱਛਿਆ, ਤਾਂ ਉਹਨੇ ਉਹਦੇ ਬਾਰੇ ਸਭ ਕੁਝ ਦੱਸਿਆ ਤੇ ਫੇਰ ਹੱਸ ਕੇ ਕਿਹਾ, “ਹੁਣ ਇਹ ਤੇਰੇ ਬਿਸਤਰੇ ਵਿਚ ਹੀ ਸੌਂਇਆਂ ਕਰੇਗਾ, ਤੈਨੂੰ ਰਾਤ ਨੂੰ ਬਿਸਤਰਾ ਨਿੱਘਾ ਮਿਲ ਜਾਇਆ ਕਰੂ ਮੈਂ  ਅੰਦਰੋਂ ਤਾਂ ਬਹੁਤ ਦੁਖੀ ਹੋਇਆ ਪਰ ਜ਼ਾਹਰ ਕੁਝ ਨਾ ਕੀਤਾ। ਸੋਚਿਆ, “ਕੋਈ ਗੱਲ ਨਹੀਂ, ਮੈਂ ਕਿਹੜਾ ਇੱਥੇ ਬਹੁਤਾ ਚਿਰ ਰਹਿਣਾ ਹੈ

ਡੇਢ ਪੌਂਡ ਮਲਕੀਤ ਨੂੰ ਤੇ ਡੇਢ ਪੌਂਡ ਹਰਦਿਆਲ ਨੂੰ ਦੇ ਕੇ ਮੇਰੇ ਕੋਲ ਹਫਤੇ ਦੇ ਦਸ ਪੌਂਡ ਤੇ ਪੰਦਰਾਂ ਕੁ ਸ਼ਲਿੰਗ ਬਚ ਜਾਂਦੇ ਸਨ। ਮੈਂ ਹਰ ਹਫਤੇ 10 ਪੌਂਡ ਬਚਾਉਣ ਦਾ ਪੱਕਾ ਫੈਸਲਾ ਕਰ ਲਿਆ ਸੀ। ਉੱਪਰਲੇ ਸ਼ਲਿੰਗਾਂ ਵਿੱਚੋਂ ਕੁਝ ਕੰਮ ’ਤੇ ਆਉਣ ਜਾਣ ਦਾ ਕਰਾਇਆ ਲੱਗ ਜਾਂਦਾ ਸੀ। ਅਖਬਾਰ ਪੜ੍ਹਨ ਦਾ ਸ਼ੌਕ ਮੈਂ ਕੰਮ ’ਤੇ ਹੀ ਇੱਧਰ ਉੱਧਰ ਪਈਆਂ ਅਖਬਾਰਾਂ ਪੜ੍ਹ ਕੇ ਪੂਰਾ ਕਰ ਲੈਂਦਾ ਸਾਂ। ਫੇਰ ਵੀ ਕੁਝ ਸ਼ਲਿੰਗ ਬਚੇ ਰਹਿੰਦੇ ਸਨ। ਹੋਰ ਮੈਨੂੰ ਕੋਈ ਸ਼ੌਕ ਹੈ ਹੀ ਨਹੀਂ ਸੀ। ਕੱਪੜੇ ਲੀੜੇ ਖਰੀਦਣ ਦੀ ਹਾਲੀਂ ਲੋੜ ਹੀ ਨਹੀਂ ਸੀ।

ਮੇਰਾ ਪੇਂਡੂ ਤੇ ਮਿੱਤਰ ਅਨੂਪ ਸਿੰਘ ਪੂਰਬੀ ਲੰਡਨ ਦੇ ਇੱਕ ਕਸਬੇ ਰੰਮਫੋਰਡ ਵਿਚ ਰਹਿੰਦਾ ਸੀ। ਉਹ ਲੱਗ ਪੱਗ ਹਰ ਐਤਵਾਰ ਸਵੇਰੇ ਮੈਨੂੰ ਮਿਲਣ ਆ ਜਾਂਦਾ ਸੀ। ਉਹ ਫਿਲਮਾਂ ਦੇਖਣ ਦਾ ਸ਼ੌਕੀਨ ਸੀ। ਉਦੋਂ ਹਰ ਸਨਿੱਚਰ ਤੇ ਐਤਵਾਰ ਸਾਊਥਾਲ ਦੇ ਡੁਮੀਨੀਅਨ ਸਿਨਮੇ ਵਿਚ ਹਿੰਦੋਸਤਾਨੀ ਫਿਲਮਾਂ ਲੱਗਦੀਆਂ ਸਨ। ਉਹ ਆਉਂਦਿਆਂ ਹੀ ਕਹਿੰਦਾ, “ਮਾਸਟਰ! ਮੈਂ ਤੈਨੂੰ ਮਿਲਣ ਆਉਂਦਾ ਹਾਂ, ਆਏ ਨੂੰ ਬੀਰ ਪਿਲਾਉਣੀ ਤਾਂ ਤੇਰਾ ਫਰਜ਼ ਬਣਦਾ ਹੀ ਹੈ, ਮੈਂ ਬੀਰ ਪੀਣੀ ਨਹੀਂ, ਇਸ ਲਈ ਚੱਲ ਸਿਨਮੇ ਨੂੰ ਮੈਂ ਵੀ ਖੁਸ਼ ਸਾਂ ਕਿ ਉਹ ਇਸ ਤਰ੍ਹਾਂ ਛੇਤੀ ਛੇਤੀ ਆ ਕੇ ਮਿਲ ਜਾਂਦਾ ਸੀ। ਪਰਦੇਸਾਂ ਵਿਚ ਇਸ ਗੱਲ ਦਾ ਬਹੁਤ ਸਹਾਰਾ ਹੁੰਦਾ ਹੈ। ਉਂਝ ਵੀ ਅਨੂਪ ਮੇਰੇ ਗੂੜ੍ਹੇ ਮਿੱਤਰਾਂ ਵਿੱਚੋਂ ਸੀ। ਉਹਦਾ ਟੱਬਰ ਵੀ ਹਾਲੀਂ ਨਹੀਂ ਆਇਆ ਸੀ। ਦੋਵੇਂ ਗੱਲਾਂ ਕਰ ਕੇ ਗੁੱਭ ਗੁਭਾਟ ਕੱਢ ਲੈਂਦੇ ਸਾਂ।

ਤਨਖਾਹ ਵਿੱਚੋਂ ਹਰ ਹਫਤੇ ਟੈਕਸ ਅਤੇ ਨੈਸ਼ਨਲ ਇਨਸ਼ੋਰੈਂਸ ਦੇ ਪੈਸੇ ਕੱਟ ਕੇ ਫੈਕਟਰੀ ਵਾਲੇ ਆਪ ਹੀ ਸੰਬੰਧਤ ਦਫਤਰਾਂ ਨੂੰ ਭੇਜ ਦਿੰਦੇ ਸਨ। ਉਜਰਤ ਦੇ ਘੱਟ ਵੱਧ ਹੋਣ ਅਨੁਸਾਰ ਟੈਕਸ ਘੱਟ ਵੱਧ ਲਗਦਾ ਸੀ। ਛੜੇ ਨਾਲੋਂ ਵਿਆਹੇ ਹੋਏ ਨੂੰ ਘੱਟ ਤੇ ਬੱਚਿਆਂ ਵਾਲਿਆਂ ਨੂੰ ਬੱਚਿਆਂ ਦੀ ਗਿਣਤੀ ਅਨੁਸਾਰ ਹੋਰ ਵੀ ਘੱਟ ਲਗਦਾ ਸੀ। ਜੇ ਕੋਈ ਆਪਣੇ ਬੁੱਢੇ ਮਾਪਿਆਂ ਜਾਂ ਆਪਣੀ ਪਤਨੀ ਦੇ ਮਾਪਿਆਂ ਦੀ ਮਦਦ ਕਰਦਾ ਸੀ, ਉਹਨੂੰ ਹੋਰ ਵੀ ਛੋਟ ਮਿਲ ਜਾਂਦੀ ਸੀ। ਪਹਿਲਾਂ ਪਹਿਲਾਂ ਤਾਂ ਕਾਮੇ ਦੇ ਹਲਫੀਆ ਬਿਆਨ ’ਤੇ ਹੀ ਯਕੀਨ ਕਰ ਕੇ ਇਹ ਛੋਟਾਂ ਮਿਲ ਜਾਂਦੀਆਂ ਸਨ। ਸਾਡੇ ਦੇਸੀ ਭਾਈਬੰਦਾਂ ਨੇ ਇਨ੍ਹਾਂ ਛੋਟਾਂ ਦੀ ਖੂਬ ਦੁਰਵਰਤੋਂ ਕੀਤੀ। ਜਿਹੜੇ ਛੜੇ ਸਨ, ਉਹ ਵੀ ਆਪਣੇ ਹਲਫਨਾਮੇ ਵਿਚ ਆਪਣੇ ਆਪ ਨੂੰ ਵਿਆਹੇ ਹੋਏ ਲਿਖਵਾ ਦਿੰਦੇ ਸਨ ਤੇ ਨਾਲ ਹੀ ਕਈ ਕਈ ਨਿਆਣੇ ਵੀ ਲਿਖਵਾ ਦਿੰਦੇ ਸਨ। ਮੇਰੇ ਇੱਕ ਜਾਣੂ ਬੰਦੇ ਨੇ ਆਪਣੇ ਬੜੇ ਭਰਾ ਦੀ ਪਤਨੀ ਤੇ ਉਹਦੇ ਚਾਰ ਬੱਚਿਆਂ ਨੂੰ ਆਪਣੇ ਬੱਚੇ ਤੇ ਇਹਦੇ ਨਾਲ ਹੀ ਉਹਨੇ ਆਪਣੇ ਭਰਾ ਦੇ ਸੱਸ ਸੁਹਰੇ ਨੂੰ ਵੀ ਆਪਣੇ ਸੱਸ ਸਹੁਰਾ ਲਿਖਵਾਇਆ ਹੋਇਆ ਸੀ। ਮੈਨੂੰ ਉਨ੍ਹਾਂ ਧਰਮ ਕਰਮ ਦੀਆਂ ਵਧ ਚੜ੍ਹ ਕੇ ਗੱਲਾਂ ਕਰਨ ਵਾਲਿਆਂ ਤੋਂ ਬੜੀ ਕੋਫਤ ਆਉਂਦੀ ਸੀ, ਜਿਹੜੇ ਅਜਿਹਾ ਝੂਠਾ ਹਲਫੀਆ ਬਿਆਨ ਦੇਣ ਤੋਂ ਰਤੀ ਨਹੀਂ ਝਿਜਕਦੇ ਸਨ। ਪਿੱਛੋਂ ਜਾ ਕੇ ਤਾਂ ਇਹ ਵੀ ਦੇਖਿਆ ਗਿਆ ਕਿ ਗੁਰਦੁਆਰਿਆਂ ਦੇ ਗਰੰਥੀ, ਮੰਦਰਾਂ ਦੇ ਪੁਜਾਰੀ ਤੇ ਮਸੀਤਾਂ ਦੇ ਮੁੱਲਾਂ ਵੀ ਅਜਿਹੀਆਂ ਝੂਠੀਆਂ ਸੌਹਾਂ ਚੁੱਕ ਕੇ ਆਪਣਾ ਕੋਡ ਨੰਬਰ ਬਣਵਾਉਂਦੇ ਸਨ।

ਸਮਾਂ ਲੰਘਣ ਨਾਲ ਟੈਕਸ ਆਫਸ ਵਾਲਿਆਂ ਨੂੰ ਸਾਡੇ ਲੋਕਾਂ ਦੇ ਹਲਫੀਆ ਬਿਆਨਾਂ ਉੱਤੇ ਕੁਝ ਸ਼ੱਕ ਹੋਣ ਲੱਗ ਪਿਆ ਤੇ ਉਨ੍ਹਾਂ ਨੇ ਸਾਡੇ ਦੇਸੀ ਭਾਈਬੰਦਾਂ ਤੋਂ ਦੇਸ ਨੂੰ ਭੇਜੀ ਰਕਮ ਦੇ ਸਬੂਤ ਮੰਗਣੇ ਸ਼ੁਰੂ ਕਰ ਦਿੱਤੇ। ਮੈਂ ਤਾਂ ਸੱਚਮੁੱਚ ਹੀ ਵਿਆਹਿਆ ਹੋਇਆ ਸਾਂ ਤੇ ਮੇਰੇ ਤਿੰਨ ਬੱਚੇ ਵੀ ਸਨ। ਮੈਨੂੰ ਝੂਠਾ ਹਲਫੀਆ ਬਿਆਨ ਦੇਣ ਦੀ ਲੋੜ ਨਹੀਂ ਪਈ ਸੀ। ਜੇ ਮੈਂ ਵੀ ਛੜਾ ਛੜਾਂਗ ਹੁੰਦਾ ਤਾਂ ਝੂਠੀਆਂ ਸੌਹਾਂ ਖਾਣ ਵਾਲਿਆਂ ਦੀ ਕਤਾਰ ਵਿਚ ਸ਼ਾਮਿਲ ਹੋ ਜਾਂਦਾ ਜਾਂ ਨਾ, ਇਹ ਕਹਿਣਾ ਤਾਂ ਹੁਣ ਬੇਮਤਲਬ ਹੈ। ਪਰ ਇੱਕ ਗੱਲ ਯਕੀਨੀ ਹੈ ਕਿ ਜੇ ਮੈਂ ਛੜਾ ਛੜਾਂਗ ਹੁੰਦਾ ਤਾਂ ਮੈਂ ਦੇਸ ਨਿਕਾਲਾ ਲੈ ਕੇ ਇਸ ਦੇਸ ਵਿਚ ਆਉਣਾ ਹੀ ਨਹੀਂ ਸੀ।

ਮੈਨੂੰ ਵੀ ਦੇਸ ਨੂੰ ਪੈਸੇ ਭੇਜਿਆਂ ਦਾ ਸਬੂਤ ਤਾਂ ਟੈਕਸ ਔਫਸ ਨੂੰ ਭੇਜਣਾ ਹੀ ਪੈਣਾ ਸੀ। ਪਹਿਲੀ ਤਨਖਾਹ ਵਿੱਚੋਂ ਹੀ ਮੈਂ ਦਸ ਪੌਂਡ ਆਪਣੀ ਪਤਨੀ ਦੇ ਨਾਉਂ ਮਨੀ-ਆਰਡਰ ਕਰ ਦਿੱਤੇ ਤੇ ਰਸੀਦ ਲੈ ਜਾ ਕੇ ਟੈਕਸ ਔਫਸ ਨੂੰ ਭੇਜਣ ਲਈ ਕੰਮ ’ਤੇ ਜਾ ਦਿੱਤੀ। ਹਫਤੇ ਕੁ ਪਿੱਛੋਂ ਹੀ ਮੇਰਾ ਕੋਡ ਨੰਬਰ ਬਣ ਕੇ ਆ ਗਿਆ। ਇਸ ਨੰਬਰ ਤੋਂ ਪਤਾ ਲੱਗ ਜਾਂਦਾ ਸੀ ਕਿ ਕਿਸੇ ਨੂੰ ਟੈਕਸ ਤੋਂ ਕਿੰਨੀ ਛੋਟ ਮਿਲਣੀ ਹੈ। ਇਹਦੇ ਨਾਲ ਮੇਰੀ ਤਨਖਾਹ ਵਿਚ ਤਾਂ ਫਰਕ ਨਾ ਪਿਆ, ਕਿਉਂਕਿ ਚਲਦੇ ਸਾਲ ਦੇ ਵਿਚਕਾਰ ਕੰਮ ’ਤੇ ਲੱਗਣ ਕਰਕੇ ਮੈਨੂੰ ਟੈਕਸ ਲਗਦਾ ਹੀ ਨਹੀਂ ਸੀ।

ਪਹਿਲਾ ਮਨੀਆਰਡਰ ਮੇਰੀ ਪਤਨੀ ਨੂੰ ਭੇਜਣ ਦਾ ਮੇਰੀ ਮਾਂ ਨੂੰ ਬਹੁਤ ਦੁੱਖ ਲੱਗਾ। ਮੇਰੀ ਮਾਂ ਦਾ ਉਲ਼ਾਂਭਾ ਮੇਰੀ ਪਤਨੀ ਦੇ ਖਤ ਰਾਹੀਂ ਮੈਨੂੰ ਮਿਲ ਗਿਆ। ਉਹਦਾ ਉਲ਼ਾਂਭਾ ਜਾਇਜ਼ ਹੀ ਸੀ। ਜੇ ਮੈਨੂੰ ਕੋਡ ਨੰਬਰ ਲਈ ਰਸੀਦ ਦੀ ਲੋੜ ਨਾ ਹੁੰਦੀ ਤਾਂ ਮੈਂ ਜ਼ਰੂਰ ਪਹਿਲਾ ਮਨੀਆਰਡਰ ਆਪਣੀ ਮਾਂ ਦੇ ਨਾਉਂ ਹੀ ਭੇਜਦਾ। ਮੈਨੂੰ ਪੂਰਾ ਅਹਿਸਾਸ ਸੀ ਕਿ ਉਹਨੇ ਅਸਹਿ ਕਸ਼ਟ ਝੱਲਦਿਆਂ ਸਾਰੀ ਉਮਰ ਲੰਘਾਈ ਸੀ। ਉਹ ਮੇਰੇ ਪਿਤਾ ਜੀ ਦਾ ਮਨੀ ਆਰਡਰ ਸਾਰੀ ਉਮਰ ਉਡੀਕਦੀ ਰਹੀ ਸੀ, ਜਿਹੜਾ ਘਟ ਹੀ ਮਿਲਿਆ ਸੀ। ਉਹਨੂੰ ਮੇਰੀ ਮਜਬੂ੍ਰੀ ਦਾ ਪਤਾ ਨਹੀਂ ਸੀ। ਮੈਂ ਤਾਂ ਆਪਣਾ ਕੋਡ ਨੰਬਰ ਬਣਵਾਉਣ ਲਈ ਇਹ ਮਨੀਆਰਡਰ ਆਪਣੀ ਪਤਨੀ ਦੇ ਨਾਉਂ ਭੇਜਿਆ ਸੀ। ਮੈਂ ਆਪਣੀ ਮਾਂ ਨੂੰ ਪੱਤਰ ਲਿਖ ਕੇ ਸਾਰੀ ਸਥਿਤੀ ਦੱਸੀ ਤੇ ਉਹਦਾ ਗ਼ਿਲਾ ਦੂਰ ਕਰਨ ਦਾ ਪੂਰਾ ਯਤਨ ਕੀਤਾ। ਮੇਰੇ ਪੱਤਰ ਦਾ ਅਸਰ ਨਾ ਹੋਣਾ ਸੀ, ਨਾ ਹੋਇਆ। ਮੇਰੀ ਮਾਂ ਤੇ ਮੇਰੀ ਪਤਨੀ ਦੇ ਵਿਚਾਲੇ ਗ਼ਲਤ ਫਹਿਮੀਆਂ ਦੀ ਦੀਵਾਰ ਉੱਸਰਨੀ ਸ਼ੁਰੂ ਹੋ ਗਈ। ਕੋਈ ਅਕਲ ਦਾ ਕੋਟ ਤਾਂ ਸ਼ਾਇਦ ਇਸ ਦੀਵਾਰ ਨੂੰ ਤੋੜ ਸਕਦਾ ਪਰ ਮੇਰੀ ਪਤਨੀ ਇਸਦੇ ਯੋਗ ਨਹੀਂ ਸੀ। ਆਪਣੀ ਥਾਵੇਂ ਦੋਵੇਂ ਸੱਚੀਆਂ ਸਨ ਤੇ ਦੋਵੇਂ ਡੂੰਘੀ ਸੋਚ ਦੇ ਅਯੋਗ ਸਨ। ਮੈਂ ਕੀ ਕਰ ਸਕਦਾ ਸਾਂ ਸੱਤ ਸਮੁੰਦਰੋਂ ਪਾਰ ਬੈਠਾ? ਇਹ ਵੀ ਮੈਨੂੰ ਚੰਗੀ ਤਰ੍ਹਾਂ ਪਤਾ ਸੀ ਕਿ ਸਾਡਾ ਸ਼ਰੀਕਾ ਭਾਈਚਾਰਾ ਕਿਹੋ ਜਿਹਾ ਸੀ। ਜੋ ਕੁਝ ਸਾਡੇ ਟੱਬਰ ਨਾਲ ਇਹ ਸ਼ਰੀਕਾ ਭਾਈਚਾਰਾ ਕਰਦਾ ਰਿਹਾ ਸੀ, ਉਹ ਮੈਨੂੰ ਭੁੱਲਿਆ ਨਹੀਂ ਸੀ। ਸਾਡੇ ਸ਼ਰੀਕੇ ਵਿੱਚੋਂ ਲਗਦੀਆਂ ਚਾਚੀਆਂ ਤਾਈਆਂ ਜੇ ਬਲ਼ਦੀ ’ਤੇ ਤੇਲ ਪਾਉਣੋਂ ਖੁੰਝ ਜਾਂਦੀਆਂ ਤਾਂ ਉਹ ਜੱਟੀਆਂ ਕਿਵੇਂ ਹੋ ਸਕਦੀਆਂ ਸਨ? ਉਨ੍ਹਾਂ ਨੇ ਨੋਂਹ ਸੱਸ ਵਿਚ ਖੜ੍ਹ ਗਈ ਇਸ ਦੀਵਾਰ ਨੂੰ ਹੋਰ ਵੀ ਉੱਚੀ ਕਰਨ ਦਾ ਯਤਨ ਕਰਨਾ ਹੀ ਸੀ। ਪਿੱਛੋਂ ਜਾ ਕੇ ਇਸ ਦੀਵਾਰ ਦੀ ਜਿਹੜੀ ਸਜ਼ਾ ਮੈਨੂੰ ਭੁਗਤਣੀ ਪਈ, ਉਹਨੂੰ ਮੈਂ ਹੀ ਜਾਣਦਾ ਹਾਂ, ਹੋਰ ਕੋਈ ਜਾਣੇਗਾ ਵੀ ਤਾਂ ਕਿਉਂ?

ਮੈਂ ਹਰ ਹਫਤੇ ਦਸ ਪੌਂਡ ਬਚਾ ਕੇ ਬਹੁਤ ਖੁਸ਼ ਸਾਂ। 10 ਪੌਂਡ ਦੇ 130 ਰੁਪਏ ਬਣਦੇ ਸਨ ਤੇ ਮਹੀਨੇ ਦੇ 520 ਰੁਪਏ। ਖੁਸ਼ੀ ਤਾਂ ਹੋਣੀ ਹੀ ਸੀ, ਦੇਸ ਵਿਚ ਤਾਂ ਮੈਨੂੰ ਮਹੀਨੇ ਦੇ 125 ਰੁਪਏ ਮਿਲਦੇ ਸਨ। ਸੋਚਦਾ ਸਾਂ, 520 ਰੁਪਏ ਮਹੀਨੇ ਦੇ ਬਚਾ ਲਵਾਂਗਾ ਤਾਂ ਸਾਲ ਵਿਚ 6 ਹਜ਼ਾਰ ਤੋਂ ਉੱਪਰ ਬਚ ਜਾਇਆ ਕਰਨਗੇ ਤੇ ਪੰਜ ਸਾਲਾਂ ਵਿਚ 30 ਹਜ਼ਾਰ ਰੁਪਏ। ਹੋਰ ਕੀ ਚਾਹੀਦਾ ਸੀ? ਮੈਂ ਇਹ ਸੋਚ ਕੇ ਆਪਣੇ ਚਾਚੇ ਦੀਦਾਰ ਸਿੰਘ ਨੂੰ ਪੱਤਰ ਲਿਖ ਕੇ, ਕਰਜ਼ੇ ਦਾ ਵੇਰਵਾ ਮੰਗਵਾ ਲਿਆ। ਕਰਜ਼ਾ ਤਾਂ ਕੁੱਲ ਪੰਜ ਕੁ ਹਜ਼ਾਰ ਸੀ। ਸੋਚਦਾ ਸਾਂ ਕਿ ਘਰ ਦਾ ਕਰਜ਼ਾ ਲਹਿ ਜਾਵੇਗਾ ਤੇ ਬਾਕੀ ਪੈਸੇ ਬੈਂਕ ਵਿਚ ਜਮ੍ਹਾਂ ਕਰਾ ਕੇ ਮੁੜ ਪੰਜਾਬ ਵਿਚ ਜਾ ਕੇ ਮਾਸਟਰ ਲੱਗ ਜਾਵਾਂਗਾ। ਮੇਰੇ ਬਜ਼ੁਰਗ ਤੇ ਦੋਵੇਂ ਭਰਾ ਯੂ.ਪੀ. ਵਿਚ ਸਨ, ਇਸ ਲਈ ਹਾਲੀਂ ਗਹਿਣੇ ਪਈ ਜ਼ਮੀਨ ਛੁਡਵਾਉਣ ਦੀ ਕੋਈ ਕਾਹਲੀ ਨਹੀਂ ਸੀ। ਇਸ ਤਰ੍ਹਾਂ ਪੰਜਾਂ ਸਾਲਾਂ ਲਈ ਲਿਆ ਦੇਸ਼ ਨਿਕਾਲਾ ਖਤਮ ਹੋ ਜਾਵੇਗਾ। ਉਦੋਂ ਕੀ ਪਤਾ ਸੀ ਕਿ ਪੰਜਾਂ ਸਾਲਾਂ ਲਈ ਆਪ ਸਹੇੜਿਆ ਦੇਸ ਨਿਕਾਲਾ ਪੰਜਾਹ ਸਾਲਾਂ ਵਿਚ ਵੀ ਨਹੀਂ ਮੁੱਕਣਾ ਸੀ।

*****

(118)

ਆਪਣੇ ਵਿਚਾਰ ਲਿਖੋ: (This email address is being protected from spambots. You need JavaScript enabled to view it.)

More articles from this author