HarbakhashM7“ਕੰਵਲ ਜੀ, ... ਮੇਰੇ ਵਰਗੇ ਹਿੰਦੂ ਘਰਾਂ ਵਿਚ ਜੰਮੇ ਪ੍ਰਗਤੀਸ਼ੀਲ ਲੇਖਕ ਕਿੱਧਰ ਨੂੰ ਜਾਣ? ...
(27 ਦਸੰਬਰ 2016)


18 ਕੁ ਸਾਲ ਦੀ ਉਮਰ ਵਿਚ ਨਾਨਕ ਸਿੰਘ ਦੇ ਨਾਵਲਾਂ ਅਤੇ ਗੁਰਬਖਸ਼ ਸਿੰਘ ਪ੍ਰੀਤਲੜੀ ਦੇ ਲੇਖਾਂ ਨੇ ਮੇਰੇ ਉੱਤੇ ਜਾਦੂ ਵਰਗਾ ਅਸਰ ਕੀਤਾ ਸੀ ਤੇ ਮੇਰੇ ਅੰਦਰ ਹਰ ਤਰ੍ਹਾਂ ਦਾ ਸਾਹਿਤ ਪੜ੍ਹਨ ਦੀ ਅਥਾਹ ਭੁੱਖ ਪੈਦਾ ਕਰ ਦਿੱਤੀ ਸੀ। ਮੈਨੂੰ ਨਵੇਂ ਛਪੇ ਨਾਵਲਾਂ ਦੀ ਖਾਸ ਤੌਰ ’ਤੇ ਭਾਲ ਰਹਿੰਦੀ ਸੀ। ਇਸ ਭਾਲ ਵਿਚ ਹੀ ਮੈਨੂੰ ਜਸਵੰਤ ਸਿੰਘ ਕੰਵਲ ਦਾ ਲਿਖਿਆ ਨਾਵਲ
‘ਰਾਤ ਬਾਕੀ ਹੈ’ ਪੜ੍ਹਨ ਦਾ ਮੌਕਾ ਮਿਲ ਗਿਆ। ਜਿਹੋ ਜਿਹਾ ਉਸ ਵੇਲੇ ਮੈਂ ਭਾਵਕ ਕਿਸਮ ਦਾ ਪਾਠਕ ਸਾਂ, ਮੇਰੇ ਲਈ ਕੰਵਲ ਜੀ ਦਾ ਪ੍ਰਸ਼ੰਸਕ ਬਣ ਜਾਣਾ ਅਨੋਖੀ ਗੱਲ ਨਹੀਂ ਸੀ। ਉਹ ਪੰਜਾਬੀ ਨੌਜਵਾਨ ਜਿਨ੍ਹਾਂ ਨੇ ਕਮਿਊਨਿਸਟ ਫਲਸਫੇ ਨੂੰ ਭਾਵਕ ਵਹਿਣ ਵਿਚ ਵਹਿ ਕੇ ਅਪਣਾਇਆ ਸੀ, ਉਨ੍ਹਾਂ ਲਈ ਤਾਂ ‘ਰਾਤ ਬਾਕੀ ਹੈ’ ਨਾਵਲ ਉੰਨਾ ਹੀ ਪਿਆਰਾ ਸੀ, ਜਿੰਨੀ ਈਸਾਈਆਂ ਲਈ ਬਾਈਬਲ। ਭਾਵਕਤਾ ਦੇ ਵਹਿਣ ਵਿਚ ਵਹਿ ਕੇ ਕਿਸੇ ਵੀ ਲਹਿਰ ਨਾਲ ਜੁੜੇ ਨੌਜਵਾਨ ਸਦਾ ਇੰਝ ਹੀ ਪ੍ਰਭਾਵਤ ਹੁੰਦੇ ਹਨ। ਨਕਸਲਵਾਦੀ ਲਹਿਰ ਤੋਂ ਪ੍ਰਭਾਵਤ ਨੌਜਵਾਨਾਂ ਨੇ ਵੀ ਕੰਵਲ ਜੀ ਦੇ ਨਾਵਲ ‘ਲਹੂ ਦੀ ਲੋਅ’ ਨੂੰ ਇੰਝ ਹੀ ਅਪਣਾਇਆ ਸੀ ਤੇ ਪਿੱਛੋਂ ਜਾ ਕੇ ਉਨ੍ਹਾਂ ਦੀਆਂ ਕੁਝ ਲਿਖਤਾਂ ਨੂੰ ਭਾਵਕਤਾ ਵਿਚ ਰੁੜ੍ਹੇ ਖਾਲਿਸਤਾਨ ਦੇ ਹਾਮੀ ਨੌਜਵਾਨ ਵੀ ਇੰਝ ਹੀ ਛਾਤੀ ਨਾਲ ਲਾਈ ਫਿਰਦੇ ਸਨ। ‘ਰਾਤ ਬਾਕੀ ਹੈ’ ਪੜ੍ਹਨ ਪਿੱਛੋਂ ਮੈਂ ਕੰਵਲ ਜੀ ਦੇ ਨਾਵਲ ਲੱਭ ਲੱਭ ਕੇ ਪੜ੍ਹਦਾ ਰਿਹਾ। ਜਦੋਂ ਮੈਂ ਪੰਜਾਬੀ ਦੀ ਐੱਮ.ਏ. ਕਰਨ ਵੇਲੇ ਸਾਹਿਤ ਸਮੀਖਿਆ ਦੇ ਮਾਪਦੰਡਾਂ ਤੋਂ ਜਾਣੂ ਹੋ ਗਿਆ ਤੇ ਆਪ ਵੀ ਨਵੇਂ ਪੁਰਾਣੇ ਸਾਹਿਤ ਦੀ ਸਮੀਖਿਆ ਵਲ ਰੁਚਿਤ ਹੋ ਗਿਆ, ਉਸ ਵੇਲੇ ਹੀ ਮੈਨੂੰ ਕੰਵਲ ਜੀ ਦੇ ਸਾਹਿਤ ਨੂੰ ਨੀਝ ਨਾਲ ਜਾਣਨ/ਸਮਝਣ ਦਾ ਮੌਕਾ ਮਿਲਿਆ। ਕੱਚੀ ਉਮਰ ਵਿਚ ਜਿਹੜੇ ਨੁਕਸ ਮੈਂ ਕੰਵਲ ਜੀ ਦੇ ਨਾਵਲਾਂ ਵਿਚ ਕਦੀ ਨੋਟ ਹੀ ਨਹੀਂ ਕੀਤੇ ਸਨ, ਉਹ ਹੁਣ ਦਿਸਣ ਲੱਗ ਪਏ ਸਨ। ਫੇਰ ਵੀ ਮੈਂ ਕੁਝ ਹੋਰ ਕਾਰਣਾਂ ਕਰਕੇ ਕੰਵਲ ਜੀ ਤੋਂ ਬਹੁਤ ਪ੍ਰਭਾਵਤ ਰਿਹਾ। ਜਿਸ ਗੱਲ ਨੇ ਮੈਨੂੰ ਉਨ੍ਹਾਂ ਵਲ ਵਧੇਰੇ ਆਕਰਸ਼ਤ ਕੀਤਾ ਸੀ ਉਹ ਸੀ ਉਨ੍ਹਾਂ ਦਾ ਆਮ ਲੋਕਾਂ ਨਾਲ ਖੁੱਲ੍ਹ ਕੇ ਮਿਲਣਾ ਜੁਲਣਾ ਤੇ ਉਨ੍ਹਾਂ ਵਰਗਾ ਬਣ ਕੇ ਉਨ੍ਹਾਂ ਵਿਚ ਵਿਚਰਨਾ। ਜਦ ਮੈਨੂੰ ਕੰਵਲ ਜੀ ਦੇ ਨਾਵਲਾਂ ਵਿਚ ਦਿਲਚਸਪੀ ਬਹੁਤ ਘਟ ਗਈ ਸੀ, ਉਸ ਵੇਲੇ ਵੀ ਮੈਂ ਉਨ੍ਹਾਂ ਦੇ ਇਨ੍ਹਾਂ ਗੁਣਾਂ ਦਾ ਪ੍ਰਸ਼ੰਸਕ ਰਿਹਾ।

1963 ਵਿਚ ਇੰਗਲੈਂਡ ਵਿਚ ਆ ਕੇ ਟਿਕ ਜਾਣ ਪਿੱਛੋਂ ਵੀ ਕੰਵਲ ਜੀ ਦੇ ਇਨ੍ਹਾਂ ਗੁਣਾਂ ਕਰ ਕੇ ਮੈਂ ਉਨ੍ਹਾਂ ਦਾ ਕਦਰਦਾਨ ਸਾਂ। ਉਨ੍ਹਾਂ ਦਾ ਖੁੱਲ੍ਹਾ ਡੁੱਲ੍ਹਾ ਜੱਟਕਾ ਸੁਭਾ, ਨਿਰਸੰਕੋਚ ਗੱਲਬਾਤ, ਪੇਂਡੂ ਮਲਵਈ ਮੁਹਾਵਰਾ ਅਤੇ ਬੋਅ ਸ਼ੋਅ ਤੋਂ ਰਹਿਤ ਵਤੀਰਾ, ਉਨ੍ਹਾਂ ਨਾਲ ਮੱਲੋ ਮੱਲੀ ਅਪਣੱਤ ਪੈਦਾ ਕਰ ਦਿੰਦਾ ਸੀ। ਉਹ ਯਾਰਾਂ ਦੋਸਤਾਂ ਨਾਲ ਪੇਂਡੂ ਮਲਵਈ ਯਾਰਾਂ ਦੋਸਤਾਂ ਵਾਂਗ ਹੀ ਬੋਲਦੇ ਕੂੰਦੇ ਸਨ। ਖੈਰ ਇਸ ਸ਼ੁੱਧ ਪੇਂਡੂ ਮਲਵਈ ਨਾਲ ਮੇਰੀ ਪਹਿਲੀ ਮੁਲਕਾਤ ਮੇਰੇ ਫਲੀਟ ਸਟਰੀਟ ਵਾਲੇ ਘਰ ਵਿਚ 1970/71 ਵਿਚ ਹੋਈ। ਫੇਰ ਤਾਂ ਜਦ ਵੀ ਉਹ ਯੂ.ਕੇ. ਵਿਚ ਆਉਂਦੇ, ਮੈਨੂੰ ਮਿਲਣ ਆ ਹੀ ਜਾਂਦੇ। ਸਾਡੇ ਵਿਚ ਨੋਕ ਝੋਕ ਵੀ ਚਲਦੀ ਰਹਿੰਦੀ ਸੀ। ਕੰਵਲ ਜੀ ਸਨ ਖਾਲਸ ਪੇਂਡੂ ਮਲਵਈ, ਜੋ ਗਲਤ ਜਾਂ ਠੀਕ ਕਹਿ ਦਿੰਦੇ ਉਹਦੇ ਉੱਤੇ ਹੀ ਡਟੇ ਰਹਿੰਦੇ ਮੈਂ ਸਾਂ ਵਾਲ਼ ਦੀ ਖੱਲ ਲਾਹੁਣ ਵਾਲਾ ਯਥਾਰਥਵਾਦੀ ਅਲੋਚਕ। ਮੈਂ ਉਨ੍ਹਾਂ ਦੇ ਪੇਂਡੂ ਸੁਭਾ ਨੂੰ ਤਾਂ ਪਿਆਰ ਕਰਦਾ ਸਾਂ ਪਰ ਉਨ੍ਹਾਂ ਦੀ ਬੇਦਲੀਲੀ ਸੋਚ ਨੂੰ ਨਫਰਤ। ਉਨ੍ਹਾਂ ਨੂੰ ਮੇਰਾ ਤਰਕ ਨਹੀਂ ਭਾਉਂਦਾ ਸੀ ਤੇ ਮੈਨੂੰ ਉਨ੍ਹਾਂ ਦੀ ਬੇਥਵੀ ਭਾਵਕਤਾ, ਤਾਂ ਵੀ ਉਨ੍ਹਾਂ ਦੇ ਸੁਭਾ ਦੀ ਪੇਂਡੂਆਂ ਵਾਲੀ ਸਰਲਤਾ ਮੈਨੂੰ ਚੰਗੀ ਲਗਦੀ ਸੀ।

ਮੇਰੇ ਵਾਂਗ ਹੀ ਯੂ.ਕੇ. ਵਿਚ ਵਸਦੇ ਹੋਰ ਵੀ ਅਨੇਕਾਂ ਪ੍ਰਗਤੀਸ਼ੀਲ ਲੇਖਕ ਸਨ ਜਿਹੜੇ ਕੰਵਲ ਜੀ ਨੂੰ ਮਾਰਕਸਵਾਦੀ ਸਮਝਦੇ ਰਹੇ ਸਨ ਤੇ ‘ਰਾਤ ਬਾਕੀ ਹੈ’ ਦੇ ਦਿਨਾਂ ਤੋਂ ਹੀ ਉਨ੍ਹਾਂ ਦੇ ਸ਼ਰਧਾਲੂ ਚਲੇ ਆ ਰਹੇ ਸਨ। ਫੇਰ ਇੱਕ ਦਿਨ ਉਨ੍ਹਾਂ ਸ਼ਰਧਾਲੂਆਂ ਦੀ ਸ਼ਰਧਾ ਦੇ ਪੈਰ ਉੱਖੜ ਗਏ ਤੇ ਉਹ ਹੈਰਾਨ ਹੋਏ ਦੇਖਦੇ ਹੀ ਰਹਿ ਗਏ।

ਉਨ੍ਹੀ ਦਿਨੀਂ ਕੰਵਲ ਜੀ ਇੰਗਲੈਂਡ ਦਾ ਚੱਕਰ ਲਾਉਣ ਆਏ ਹੋਏ ਸਨ। ਲੰਡਨ ਤੋਂ ਨਿਕਲਦੇ ਇਕ ਹਫਤੇਵਾਰੀ ਪਰਚੇ ‘ਸੰਦੇਸ਼’ ਦੇ 22 ਜੁਲਾਈ 1973 ਦੇ ਅੰਕ ਵਿਚ ਕੰਵਲ ਜੀ ਦਾ ਇਕ ਲੇਖ ‘ਪੰਜਾਬ ਨਿੱਘਰ ਰਿਹਾ ਹੈ’ ਦੇ ਸਿਰਲੇਖ ਹੇਠ ਛਪਿਆ। ਇਹ ਲੇਖ ਪੜ੍ਹ ਕੇ ਕੰਵਲ ਜੀ ਦੇ ਬਹੁਤੇ ਸ਼ਰਧਾਲੂ ਕਿਸਮ ਦੇ ਪ੍ਰਗਤੀਸ਼ੀਲ ਪਾਠਕ ਸੋਚਾਂ ਵਿਚ ਪੈ ਗਏ। ਉਨ੍ਹਾਂ ਦਾ ਪਿਆਰਾ ਨਾਵਲਕਾਰ ਕਿਸੇ ਵੀ ਗਿਣਤੀ ਮਿਣਦੀ ਅਨੁਸਾਰ ਪ੍ਰਗਤੀਸ਼ੀਲ ਚਿੰਤਕ ਨਹੀਂ ਲਗਦਾ ਸੀ, ਕਿਉਂਕਿ ਕੰਵਲ ਜੀ ਦਾ ਇਹ ਲੇਖ ਫਿਰਕਾਪ੍ਰਸਤੀ ’ਤੇ ਅਧਾਰਤ ਬੇਸਿਰ ਪੈਰ ਦਲੀਲਾਂ ਨਾਲ ਭਰਿਆ ਪਿਆ ਸੀ। ਇਹ ਲੇਖ ਪੜ੍ਹ ਕੇ ਕੰਵਲ ਜੀ ਦੇ ਸ਼ਰਧਾਲੂ ਪ੍ਰਸਿੱਧ ਹਾਸਰਸੀ ਲੇਖਕ ਸ਼ੇਰ ਜੰਗ ਜਾਂਗਲੀ ਨੇ ਕੰਵਲ ਜੀ ਨਾਲ ਗੱਲ ਕਰਦਿਆਂ ਕਿਹਾ, “ਕੰਵਲ ਜੀ, ਤੁਹਾਡੇ ਵਰਗਾ ਪ੍ਰਗਤੀਸ਼ੀਲ ਲੇਖਕ ਜੇ ਇਸ ਤਰ੍ਹਾਂ ਸਿੱਖ ਫਿਰਕਾ ਪ੍ਰਸਤੀ ਦੇ ਹੱਕ ਵਿਚ ਦਲੀਲਾਂ ਦੇ ਰਿਹਾ ਹੈ ਤਾਂ ਮੇਰੇ ਵਰਗੇ ਹਿੰਦੂ ਘਰਾਂ ਵਿਚ ਜੰਮੇ ਪ੍ਰਗਤੀਸ਼ੀਲ ਲੇਖਕ ਕਿੱਧਰ ਨੂੰ ਜਾਣ? ਕੀ ਸਾਨੂੰ ਹੁਣ ਕਮਿਊਨਿਸਟ ਪਾਰਟੀ ਨਾਲੋਂ ਤੋੜ ਵਿਛੋੜਾ ਕਰ ਕੇ ‘ਜਨ ਸੰਘ’ ਦੀ ਗੱਡੀ ਚੜ੍ਹ ਜਾਣਾ ਚਾਹੀਦਾ ਹੈ?” ਕੰਵਲ ਜੀ ਦਾ ਸਪਾਟ ਉੱਤਰ ਸੀ, “ਤੁਸੀਂ ਉਹ ਕੁਝ ਕਰੋ, ਜੋ ਤੁਹਾਨੂੰ ਚੰਗਾ ਲਗਦਾ ਹੈ। ਮੈਂ ਜੋ ਕੁਝ ਵੀ ਲਿਖਿਆ ਹੈ, ਠੀਕ ਲਿਖਿਆ ਹੈ।”

ਫੇਰ ਸ਼ੇਰ ਜੰਗ ਅਤੇ ਉਸ ਵਰਗੇ ਹੋਰ ਮਿੱਤਰਾਂ ਨੇ ਬਹਿ ਕੇ ਫੈਸਲਾ ਕੀਤਾ ਕਿ ਕੰਵਲ ਜੀ ਦੇ ਇਸ ਲੇਖ ਦਾ ਜਵਾਬ ਅਵੱਸ਼ ਦੇਣਾ ਚਾਹੀਦਾ ਹੈ। ਪਰ ਜਵਾਬ ਦੇਵੇ ਕੌਣ? ਇਸ ਗੱਲ ਦਾ ਗੁਣਾ ਮੇਰੇ ’ਤੇ ਪੈ ਗਿਆ। ਮੈਂ ਕੰਵਲ ਜੀ ਦੇ ਉਸ ਲੇਖ ਨੂੰ ਧਿਆਨ ਨਾਲ ਪੜ੍ਹਿਆ ਤੇ ਉਹਦੇ ਉੱਤਰ ਵਿਚ ਇਕ ਲੇਖ ਲਿਖ ਕੇ ਉਸੇ ਹਫਤੇਵਾਰ ਪਰਚੇ ਵਿਚ ਛਪਵਾ ਦਿੱਤਾ। ਉਹ ਲੇਖ ਸੀ ‘ਕੰਵਲ ਕਾਮਰੇਡ ਜਾਂ ਜਥੇਦਾਰ’ਇਸ ਲੇਖ ਦਾ ਸਾਰ ਹੇਠਾਂ ਦਿੱਤਾ ਜਾ ਰਿਹਾ ਹੈ:

“ਕੰਵਲ ਜੀ ਦੇ ਬਹੁ ਗਿਣਤੀ ਪ੍ਰਗਤੀਸ਼ੀਲ ਪਾਠਕ ਉਨ੍ਹਾਂ ਨੂੰ ਮਾਰਕਸਵਾਦੀ ਲੇਖਕ ਸਮਝਣ ਦੀ ਗਲਤੀ ਕਰਦੇ ਰਹੇ ਹਨ। ਉਨ੍ਹਾਂ ਦੀ ਇਸ ਸਮਝ ਦਾ ਕਾਰਣ ਮਾਰਕਸਵਾਦ ਦੇ ਗਿਆਨ ਨਾਲੋਂ ਕਿਤੇ ਵੱਧ ਉਨ੍ਹਾਂ ਦੀ ਭਾਵਕ ਸੋਚ ਸੀ, ਨਹੀਂ ਤਾਂ ਕੰਵਲ ਜੀ ਦੀਆਂ ਲਿਖਤਾਂ ਵਿੱਚੋਂ ਉਹ ਮਾਰਕਸੀ ਸੂਝ ਤੋਂ ਬਿਲਕੁਲ ਕੋਰੇ ਸਿੱਧ ਹੁੰਦੇ ਹਨ। ਜੇ ਕਿਤੇ ਉਹ ਇਸ ਫਲਸਫੇ ਦੀ ਗੱਲ ਕਰਦੇ ਵੀ ਹਨ ਤਾਂ ਨਿਰੀ ਭਾਵਕਤਾ ਦੇ ਵਹਿਣ ਵਿਚ ਵਹਿ ਕੇ। ਉਨ੍ਹਾਂ ਦੀ ਇਸ ਭਾਵਕ ਪਹੁੰਚ ਨੇ ਕਮਿਊਨਿਸਟ ਲਹਿਰ ਦਾ ਸਵਾਰਨਾ ਤਾਂ ਕੀ ਸੀ, ਉਲਟਾ ਭੁਲੇਖੇ ਪੈਦਾ ਕਰ ਕੇ ਵਿਗਾੜਿਆ ਜ਼ਰੂਰ ਬਹੁਤ ਕੁਝ ਹੈ। ਮਾਰਕਸਵਾਦ ਵਿਗਿਆਨਕ ਫਲਸਫਾ ਹੈ। ਇਸ ਨੂੰ ਸਮਝਣ ਲਈ ਜ਼ਰੂਰੀ ਹੁੰਦਾ ਹੈ ਕਿ ਦ੍ਰਿਸ਼ਟੀਕੋਨ ਵੀ ਵਿਗਿਆਨਕ ਹੋਵੇ। ਕੰਵਲ ਜੀ ਦਾ ਦ੍ਰਿਸ਼ਟੀਕੋਨ ਨਾ ਉਨ੍ਹਾਂ ਦੀਆਂ ਲਿਖਤਾਂ ਵਿਚ ਤੇ ਨਾ ਆਮ ਗੱਲ ਕੱਥ ਵਿਚ ਵਿਗਿਆਨਕ ਦਿਸਦਾ ਹੈ।

ਮੈਂ ਇਸ ਲੇਖ ਵਿਚ ਕੰਵਲ ਜੀ ਦੀਆਂ ਸਮੁੱਚੀਆਂ ਲਿਖਤਾਂ ਨੂੰ ਵਿਚਾਰ ਅਧੀਨ ਨਹੀਂ ਲਿਆ ਰਿਹਾ। ਭਾਵੇਂ ਉਨ੍ਹਾਂ ਦੀਆਂ ਸਮੁੱਚੀਆਂ ਲਿਖਤਾਂ ਵੀ ਉਨ੍ਹਾਂ ਨੂੰ ਮਾਰਕਸਵਾਦ ਦੇ ਨੇੜਿਉਂ ਲੰਘਿਆ ਹੋਇਆ ਵੀ ਨਹੀਂ ਦਰਸਾਉਂਦੀਆਂ ਪਰ ਆਪਣੇ ਲੇਖ ‘ਪੰਜਾਬ ਨਿੱਘਰ ਰਿਹਾ ਹੈ’ ਵਿਚ ਤਾਂ ਉਨ੍ਹਾਂ ਨੇ ਐਨ ਉਹੋ ਜਿਹੇ ਵਿਚਾਰ ਪ੍ਰਗਟ ਕੀਤੇ ਹਨ ਜਿਹੋ ਜਿਹੇ ਵਿਚਾਰਾਂ ਦਾ ਪ੍ਰਚਾਰ ਡਾਕਟਰ ਜਗਜੀਤ ਸਿੰਘ ਚੌਹਾਨ ਚਿਰਾਂ ਤੋਂ ਕਰਦਾ ਆ ਰਿਹਾ ਹੈ। ਕੰਵਲ ਜੀ ਵਾਂਗ ਉਹ ਵੀ ਕਿਸੇ ਵੇਲੇ ਆਪਣੇ ਆਪ ਨੂੰ ਮਾਕਸਵਾਦੀ ਕਹਿਣ/ ਕਹਾਉਣ ਵਿਚ ਫਖਰ ਮਹਿਸੂਸ ਕਰਦਾ ਰਿਹਾ ਸੀ।

ਕੰਵਲ ਜੀ ਦਾ ਸੂਬਾ ਪ੍ਰਸਤੀ ਦਾ ਇਹ ਰਾਹ ਫਿਰਕਾ ਪ੍ਰਸਤੀ ਵਿੱਚੋਂ ਲੰਘਦਾ ਹੋਇਆ ਜਾਤ ਪ੍ਰਸਤੀ ਤੱਕ ਜਾ ਪੁੱਜਦਾ ਹੈ। ਕੰਵਲ ਜੀ ਦੇ ਪੰਜਾਬੀ ਦਾ ਅਰਥ ਕੇਵਲ ਸਿੱਖ ਤੇ ਸਿੱਖ ਦਾ ਅਰਥ ਕੇਵਲ ਜੱਟ ਸਿੱਖ ਬਣ ਜਾਂਦਾ ਹੈ। ਥੋੜ੍ਹਾ ਹੋਰ ਸੋਚਣ ਨਾਲ ਇਹ ਵੀ ਦਿਸ ਪੈਂਦਾ ਹੈ ਕਿ ਉਹਦਾ ਜੱਟ ਸਿੱਖ ਵੀ ਕੇਵਲ ਜ਼ਿਮੀਂਦਾਰ ਜੱਟ ਹੀ ਰਹਿ ਜਾਂਦਾ ਹੈ ਬੇਜ਼ਮੀਨਾ ਜੱਟ ਨਹੀਂ।

ਹੁਣ ਸਵਾਲ ਉੱਠਦਾ ਹੈ ਕਿ ਕੰਵਲ ਆਪਣੇ ਆਪ ਨੂੰ ਕਹਿੰਦਾ ਕਹਾਉਂਦਾ ਕਮਿਊਨਿਸਟ ਕਿਵੇਂ ਵੱਡੇ ਜ਼ਿਮੀਂਦਾਰਾਂ ਦਾ ਹਮਾਇਤੀ ਬਣ ਗਿਆ? ਕੰਵਲ ਅਤੇ ਇਨ੍ਹਾਂ ਵਰਗੇ ਹੋਰ ਜ਼ਿਮੀਂਦਾਰ ਜਦੋਂ ਹਾਲੀਂ ਪੈਦਾਵਾਰ ਦੇ ਨਵੇਂ ਸਾਧਨ ਵਿਕਸਤ ਨਹੀਂ ਹੋਏ ਸਨ, ਆਪਣੀ ਜ਼ਮੀਨ ਵਿੱਚੋਂ ਬਹੁਤ ਹੀ ਮੁਸ਼ਕਿਲ ਨਾਲ ਗੁਜ਼ਾਰਾ ਕਰਦੇ ਸਨ। ਉਦੋਂ ਉਨ੍ਹਾਂ ਦੀ ਹਮਦਰਦੀ ਕਮਿਊਨਿਸਟਾਂ ਨਾਲ ਸੀ। ਜਦ ਖੇਤੀ ਦੇ ਮਸ਼ੀਨੀਕਰਨ ਨਾਲ ਹਰਾ ਇਨਕਲਾਬ ਆ ਗਿਆ ਤਾਂ ਇਨ੍ਹਾਂ ਦੀ ਜ਼ਮੀਨ ਵਿੱਚੋਂ ਆ ਰਹੀ ਵਾਧੂ ਆਮਦਨ ਨੇ ਇਨ੍ਹਾਂ ਨੂੰ ਧਨੀ ਕਿਸਾਨਾਂ ਦੀ ਕਤਾਰ ਵਿਚ ਸ਼ਾਮਿਲ ਕਰ ਦਿੱਤਾ ਤੇ ਇਹ ਨਵੇਂ ਬਣੇ ਧਨੀ ਜ਼ਿਮੀਂਦਾਰਾਂ ਦੇ ਗੁਣ ਗਾਉਣ ਲੱਗ ਪਏ। ਸੋ ਕੰਵਲ ਹੁਰਾਂ ਦਾ ਅਤੇ ਡਾਕਟਰ ਜਗਜੀਤ ਸਿੰਘ ਹੁਰਾਂ ਦਾ ਕਮਿਊਨਿਸਟਾਂ ਨੂੰ ਛੱਡ ਕੇ ਧਨੀ ਜ਼ਿਮੀਂਦਾਰਾਂ ਦੀ ਪਾਰਟੀ ਅਕਾਲੀ ਦਲ ਨਾਲ ਜਾ ਖਲੋਣਾ ਤੇ ਫੇਰ ਅੰਨ੍ਹੀ ਫਿਰਕਾਪ੍ਰਸਤੀ ਦੀ ਦਲਦਲ ਵਿਚ ਫਸ ਜਾਣਾ ਕੋਈ ਅਨੋਖੀ ਗੱਲ ਨਹੀਂ।”

**

ਮੇਰੇ ਉਪਰੋਕਤ ਲੇਖ ਦੇ ਜਵਾਬ ਵਿਚ ਕੰਵਲ ਜੀ ਨੇ ਇੱਕ ਲੇਖ ‘ਸੱਚ ਅੱਖੀਂ ਦੇਖਿਆ ਜਾ ਸਕਦਾ ਹੈ’ ਹਫਤੇਵਾਰ ਦੇਸ ਪ੍ਰਦੇਸ ਵਿਚ 9 ਸਤੰਬਰ 1973 ਨੂੰ ਛਪਵਾਇਆ ਸੀ। ਇਸ ਲੇਖ ਨੂੰ ਪੜ੍ਹ ਕੇ ਹੋਰ ਕੁਝ ਲਿਖਣ ਕਹਿਣ ਦੀ ਲੋੜ ਨਹੀਂ ਰਹਿ ਗਈ ਸੀ। ਇਸ ਲੇਖ ਵਿਚ ਕੰਵਲ ਦਾ ਫਿਰਕਾਪ੍ਰਸਤ ਜਥੇਦਾਰਾਂ ਵਾਲਾ ਰੂਪ ਹੋਰ ਵੀ ਉੱਘੜ ਕੇ ਸਾਹਮਣੇ ਆ ਗਿਆ ਸੀ। ਜੇ ਕੋਈ ਭੁਲੇਖਾ ਰਹਿ ਗਿਆ ਸੀ ਤਾਂ ਕੰਵਲ ਦੇ ਇਨ੍ਹਾਂ ਸ਼ਬਦਾਂ ਨੇ ਦੂਰ ਕਰ ਦਿੱਤਾ ਸੀ, “ਦੂਜੇ ਸੂਬਿਆਂ ਦੇ ਜਵਾਨ ਤਾਂ ਨਿੱਕਰਾਂ ਵੀ ਕਮਾਦਾਂ ਵਿਚ ਸੁੱਟ ਆਏ ਸਨ, ਰਾਈਫਲਾਂ ਵੱਟੇ ਕਿਸਾਨਾਂ ਤੋਂ ਸਿਵਲੀਅਨ ਕੱਪੜੇ ਲੈ ਕੇ ਨੱਠੇ ਸਨ।”

ਉਹ ਦਿਨ ਗਿਆ ਤੇ ਇਹ ਦਿਨ ਆਇਆ। ਉਦੋਂ ਦਾ ਪਤਾ ਨਹੀਂ ਕਿੰਨਾ ਪਾਣੀ ਪੁਲਾਂ ਹੇਠੋਂ ਲੰਘ ਚੁੱਕਾ ਹੈ। ਫਿਰਕਾਪ੍ਰਸਤੀ ਵਲ ਕੰਵਲ ਜੀ ਦਾ ਝੁਕਾ ਦਿਨ ਪੁਰ ਦਿਨ ਵਧਦਾ ਹੀ ਗਿਆ। ਅਕਾਲੀ ਮੋਰਚਾ ਲੱਗਾ, ਪੰਜਾਬ ਵਿਚ ਭਿੰਡਰਾਂਵਾਲੇ ਦੀ ਚੜ੍ਹਤਲ ਦੇ ਦਿਨ ਆਏ, ਹਿੰਦੂ ਸਵਾਰੀਆਂ ਨੂੰ ਬੱਸਾਂ ਵਿੱਚੋਂ ਲਾਹ ਲਾਹ ਕੇ ਕਤਲ ਕੀਤਾ ਜਾਂਦਾ ਰਿਹਾ, ਫੇਰ 1984 ਦੀਆਂ ਮੰਦਭਾਗੀਆਂ ਘਟਨਾਵਾਂ ਵਾਪਰੀਆਂ ਤੇ ਪੰਜਾਬ ਵਿਚ ਅਤਿਵਾਦ ਤੇ ਵੱਖਵਾਦ ਦੀ ਹਨੇਰੀ ਚੱਲੀ। ਸਭ ਕੁਝ ਦੇਖਦੇ ਸੁਣਦੇ ਹੋਏ ਵੀ ਕੰਵਲ ਜੀ ਖਿਸਕਦੇ ਖਿਸਕਦੇ ਇਹ ਸਭ ਕੁਝ ਕਰਨ ਵਾਲਿਆਂ ਦੇ ਹਮਾਇਤੀ ਬਣਦੇ ਗਏ।

ਜੇ ਕੰਵਲ ਜੀ ਬਾਰੇ ਇਹ ਮਸ਼ਹੂਰ ਨਾ ਹੋ ਗਿਆ ਹੁੰਦਾ ਕਿ ਉਹ ਮਾਰਕਸਵਾਦੀ ਲੇਖਕ ਹਨ ਤਾਂ ਭਾਵੇਂ ਉਹ ਜੋ ਕੁਝ ਮਰਜ਼ੀ ਲਿਖਦੇ, ਮੈਂ ਉਨ੍ਹਾਂ ਬਾਰੇ ਕੁਝ ਵੀ ਨਹੀਂ ਲਿਖਣਾ ਸੀ। ਲੋੜ ਮਾਰਕਸਵਾਦ ਬਾਰੇ ਪਏ ਰੋਲ਼ ਘਚੋਲੇ ਨੂੰ ਸਾਫ ਕਰਨ ਦੀ ਸੀ, ਇਸ ਲਈ ਮੈਨੂੰ ਲਿਖਣਾ ਪਿਆ।

ਇਸ ਪਿੱਛੋਂ ਵੀ ਕੰਵਲ ਜੀ ਮੈਨੂੰ ਮਿਲਦੇ ਰਹੇ ਤੇ ਮੈਂ ਵੀ ਉਨ੍ਹਾਂ ਦਾ ਪਹਿਲਾਂ ਵਾਂਗ ਹੀ ਸਤਿਕਾਰ ਕਰਦਾ ਰਿਹਾ। ਜੇ ਉਹ ਮੇਰੇ ਨਾਲੋਂ ਵੱਖਰੇ ਖਿਆਲ ਹੋਣ ’ਤੇ ਵੀ ਮੈਨੂੰ ਮਿਲਣ ਆ ਸਕਦੇ ਸਨ ਤਾਂ ਮੈਂ ਕਿਉਂ ਉਨ੍ਹਾਂ ਨੂੰ ਮਿਲਣ ਤੋਂ ਸੰਕੋਚ ਕਰਦਾ? ਖਿਆਲਾਂ ਦੇ ਅਦਾਨ ਪ੍ਰਦਾਨ ਅਤੇ ਕਿੰਤੂ ਪ੍ਰੰਤੂ ਦੇ ਚਲਦੇ ਰਹਿਣ ਨਾਲ ਹੀ ਗੁੰਝਲਾਂ ਸੁਲਝਦੀਆਂ ਹਨ ਤੇ ਸੱਚ ਦਾ ਚਾਨਣ ਫੈਲਦਾ ਹੈ।

*****

(542)

ਆਪਣੇ ਵਿਚਾਰ ਸਾਂਝੇ ਕਰੋ: (This email address is being protected from spambots. You need JavaScript enabled to view it.)

More articles from this author