“ਮੈਂ ਮਹਿਸੂਸ ਕਰਨ ਲੱਗ ਪਿਆ ਸਾਂ ਕਿ ਜਿਸ ਓਪਰੇ ਦੇਸ ਤੇ ਓਪਰੇ ਵਾਤਾਵਰਣ ਵਿਚ ਆ ਫਸਿਆ ਸਾਂ, ਉਸ ਅਨੁਸਾਰ ...”
(ਮਾਰਚ 27, 2016)
ਸਾਲ 1965 ਅਰੰਭ ਹੋ ਗਿਆ ਸੀ। ਮੈਂ ਹਰ ਦੂਜੇ ਹਫਤੇ ਪਿਤਾ ਜੀ ਨੂੰ ਮਿਲਣ ਵੈਨਜ਼ਬਰੀ ਜਾਂਦਾ ਹੀ ਸਾਂ। ਇੱਕ ਸਨਿਚਰਵਾਰ ਨੂੰ ਗਿਆ ਤਾਂ ਮਾਈ ਸਖਤ ਬੀਮਾਰ ਪਈ ਸੀ। ਮੈਂ ਉਹਨੂੰ ਉਸੇ ਦਿਨ ਹਸਪਤਾਲ ਦਾਖਲ ਕਰਵਾ ਦਿੱਤਾ ਤੇ ਆਪ ਐਤਵਾਰ ਸ਼ਾਮ ਨੂੰ ਵਾਪਸ ਪਲੱਮਸਟੈਡ ਆ ਗਿਆ। ਉਹ ਬਚ ਨਾ ਸਕੀ, ਦੂਜੇ ਦਿਨ ਹੀ ਉਹਦਾ ਇਸ ਸੰਸਾਰ ਦਾ ਸਫਰ ਪੂਰਾ ਹੋ ਗਿਆ। ਮੈਂ ਖਬਰ ਮਿਲਦਿਆਂ ਹੀ ਪਿਤਾ ਜੀ ਕੋਲ ਜਾ ਪੁੱਜਾ। ਪਿਤਾ ਜੀ ਦੀ ਹਾਲਤ ਦੇਖੀ ਨਹੀਂ ਸੀ ਜਾ ਰਹੀ ਸੀ। ਉਨ੍ਹਾਂ ਦੇ ਦੁੱਖ ਨੂੰ ਮੈਂ ਮਹਿਸੂਸ ਕਰਦਾ ਸਾਂ। ਪਤਾ ਨਹੀਂ ਕਿਹੋ ਜਿਹੀਆਂ ਮੁਸੀਬਤਾਂ ਦੇ ਸਮੇਂ ਮਾਈ ਨੇ ਉਨ੍ਹਾਂ ਦਾ ਸਾਥ ਦਿੱਤਾ ਸੀ ਤੇ ਕਿਹੋ ਜਿਹੀ ਨਾਮੁਰਾਦ ਬੀਮਾਰੀ ਦੇ ਹਮਲਿਆਂ ਵੇਲ਼ੇ ਉਨ੍ਹਾਂ ਦੇ ਮੂੰਹ ਵਿਚ ਪਾਣੀ ਪਾਇਆ ਸੀ। ਹੁਣ ਜਦ ਉਹ ਉਨ੍ਹਾਂ ਨੂੰ ਇੱਕਲਾ ਛੱਡ ਕੇ ਤੁਰ ਗਈ ਸੀ ਤਾਂ ਉਨ੍ਹਾਂ ਨੂੰ ਉਹ ਸਭ ਕੁਝ ਯਾਦ ਤਾਂ ਆਉਣਾ ਹੀ ਸੀ। ਇਸ ਹਾਲਤ ਵਿਚ ਮੈਂ ਉਨ੍ਹਾਂ ਨੂੰ ਇੱਕਲਾ ਕਿਵੇਂ ਛੱਡ ਸਕਦਾ ਸਾਂ? ਮਾਈ ਦਾ ਅੰਤਮ ਸੰਸਕਾਰ ਕਰਨ ਪਿੱਛੋਂ ਮੈਂ ਪਿਤਾ ਜੀ ਨੂੰ ਆਪਣੇ ਨਾਲ ਹੀ ਪਲੱਮਸਟੈਡ ਲੈ ਆਇਆ।
ਮੈਨੂੰ ਆਪਣੇ ਤਾਏ ਨਾਲ ਕੀਤਾ ਵਾਇਦਾ ਯਾਦ ਸੀ। ਇਸ ਲਈ ਮੈਂ ਪਿਤਾ ਜੀ ਨੂੰ ਛੇਤੀ ਹੀ ਦੇਸ ਭੇਜ ਦੇਣਾ ਚਾਹੁੰਦਾ ਸਾਂ। ਪਰ ਉਹ ਹਾਲੀਂ ਦੇਸ ਜਾਣ ਤੋਂ ਕੁਝ ਝਿਜਕਦੇ ਸਨ ਤੇ ਪੈਨਸ਼ਨ ਲੱਗਣ ਦੀ ਉਡੀਕ ਕਰਨੀ ਚਾਹੁੰਦੇ ਸਨ। ਮੈਂ ਹੋਰ ਸਮਾਂ ਉਡੀਕਣ ਲਈ ਤਿਆਰ ਨਹੀਂ ਸਾਂ। ਸੋਚਦਾ ਸਾਂ, ਤਾਇਆ ਹੁਣ ਜ਼ਿੰਦਗੀ ਦੇ ਅੰਤਮ ਪੜਾ ‘ਤੇ ਸੀ, ਕੀ ਪਤਾ ਸੀ, ਕਦ ਕੀ ਹੋ ਜਾਵੇ? ਤੇ ਮੈਂ ਆਪਣਾ ਵਾਇਦਾ ਪੂਰਾ ਨਾ ਕਰ ਸਕਾਂ। ਪਿਤਾ ਜੀ ਕੋਲ ਕੁੱਲ ਸੱਤ ਸੌ ਪੌਂਡ ਸਨ। ਮੈਂ ਆਪਣੇ ਕੋਲੋਂ ਤਿੰਨ ਸੌ ਪੌਂਡ ਹੋਰ ਪਾ ਕੇ 1000 ਪੌਂਡ ਕਰ ਦਿੱਤਾ ਤੇ ਉਨ੍ਹਾਂ ਦੀ ਸੀਟ ਏਅਰ ਇੰਡੀਆ ਦੀ ਫਲਾਈਟ ਵਿਚ ਅਪ੍ਰੈਲ ਦੇ ਪਹਿਲੇ ਹਫਤੇ ਦੀ ਬੁੱਕ ਕਰਾ ਦਿੱਤੀ। ਉਨ੍ਹਾਂ ਦੇ ਦੇਸ ਪੁੱਜਦਿਆਂ ਹੀ ਮੈਂ ਹਜ਼ਾਰ ਪੌਂਡ ਦੀ ਰਕਮ ਉਨ੍ਹਾਂ ਨੂੰ ਭੇਜ ਦਿੱਤੀ।
ਪਿਤਾ ਜੀ ਨੂੰ ਹਜ਼ਾਰ ਪੌਂਡ ਭੇਜਣ ਵੇਲੇ ਮੈਂ ਉਨ੍ਹਾਂ ਨੂੰ ਲਿਖਿਆ ਸੀ ਕਿ ਉਹ ਇਸ ਰਕਮ ਨਾਲ ਯੂ. ਪੀ. ਵਿਚ ਜ਼ਮੀਨ ਖਰੀਦ ਲੈਣ। ਉੱਥੇ ਉਸ ਸਮੇਂ ਜ਼ਮੀਨ ਬਹੁਤ ਸਸਤੀ ਸੀ ਤੇ ਇੰਨੀ ਕੁ ਰਕਮ ਨਾਲ ਵੀ ਚੋਖੀ ਜ਼ਮੀਨ ਖਰੀਦੀ ਜਾ ਸਕਦੀ ਸੀ। ਮੇਰਾ ਚਾਚਾ, ਤਾਇਆ ਤੇ ਦੋਵੇਂ ਭਰਾ ਪਹਿਲਾਂ ਹੀ ਯੂ. ਪੀ. ਵਿਚ ਰਹਿੰਦੇ ਸਨ। ਉੱਥੇ ਜ਼ਮੀਨ ਖਰੀਦਣ ਨਾਲ ਸਾਰੇ ਟੱਬਰ ਦੇ ਇਕੱਠੇ ਤੇ ਕੁਝ ਸੁਖਾਲੇ ਹੋ ਕੇ ਸੁਖੀ ਰਹਿਣ ਦਾ ਢੋਅ ਬਣ ਜਾਣਾ ਸੀ। ਅਗਲੇ ਦੋ ਕੁ ਸਾਲ ਵਿਚ ਮੈਂ ਵੀ ਚੋਖੇ ਪੈਸੇ ਭੇਜ ਦੇਣੇ ਸਨ। ਇਸ ਤਰ੍ਹਾਂ ਮੈਂ ਆਪ ਵੀ ਪੰਜਾਂ ਸਾਲਾਂ ਦੇ ਅੰਦਰ ਅੰਦਰ ਵਾਪਸ ਜਾਣ ਜੋਗਾ ਹੋ ਜਾਣਾ ਸੀ। ਪਰ ਹੋ ਸਭ ਕੁਝ ਉਲਟ ਪੁਲਟ ਗਿਆ।
ਪਿਤਾ ਜੀ ਨੇ ਪਿੰਡ ਪੁੱਜ ਕੇ ਕੁਝ ਰਕਮ ਤਾਂ ਘਰ ਬਣਾਉਣ ਤੇ ਖਰਚ ਦਿੱਤੀ ਤੇ ਬਾਕੀ ਨਾਲ ਕੁਝ ਗਹਿਣੇ ਪਈ ਜ਼ਮੀਨ ਛੁਡਾ ਲਈ। ਉਹ ਆਪਣੇ ਥਾਂ ਸੱਚੇ ਸਨ। ਉਨ੍ਹਾਂ ਨੇ ਤੀਹ ਸਾਲ ਪਰਦੇਸਾਂ ਵਿਚ ਲੰਘਾਏ ਸਨ ਤੇ ਹੁਣ ਮਸਾਂ ਆਪਣੇ ਪਿੰਡ ਆਪਣੇ ਘਰ ਰਹਿਣ ਦਾ ਮੌਕਾ ਮਿਲਿਆ ਸੀ।
ਮੇਰੇ ਸੁਪਨੇ ਚੂਰ ਚੂਰ ਹੋ ਗਏ ਜਾਪਦੇ ਸਨ। ਦੇਸ ਵਾਪਸ ਜਾਣ ਦਾ ਸੁਪਨਾ ਦੂਰ ਦੂਰ ਹੁੰਦਾ ਜਾ ਰਿਹਾ ਸੀ। ਮੇਰੀ ਮਾਂ ਤੇ ਪਤਨੀ ਦੀ ਨਿਭ ਨਹੀਂ ਰਹੀ ਸੀ। ਦੋਵੇਂ ਦੁਖੀ ਸਨ। ਮੈਂ ਕਈ ਪੱਤਰ ਆਪਣੀ ਮਾਂ ਨੂੰ ਲਿਖ ਚੁੱਕਾ ਸਾਂ ਤੇ ਤਰਲੇ ਕਰ ਚੁੱਕਾ ਸਾਂ ਕਿ ਉਹ ਠੰਢੇ ਦਿਲ ਤੋਂ ਕੰਮ ਲਵੇ ਤੇ ਮੇਰੀ ਪਤਨੀ ਨੂੰ ਪਤਿਆ ਕੇ ਆਪਣੇ ਨਾਲ ਰੱਖੇ। ਮੇਰੀ ਪਤਨੀ ਦੀਆਂ ਚਿੱਠੀਆਂ ਤੋਂ ਸਾਫ ਦਿਸਦਾ ਸੀ ਕਿ ਉਹ ਦੁਖੀ ਰਹਿੰਦੀ ਸੀ। ਮੈਂ ਇਹ ਸੋਚ ਕੇ ਉਹਨੂੰ ਪਾਸਪੋਰਟ ਬਣਾਉਣ ਲਈ ਰਾਹਦਾਰੀ ਵੀ ਭੇਜ ਦਿੱਤੀ ਸੀ ਤਾਂ ਕਿ ਉਹ ਇਹ ਨਾ ਸਮਝ ਲਵੇ ਕਿ ਮੈਂ ਉਹਨੂੰ ਆਪਣੇ ਕੋਲ ਨਹੀਂ ਸੱਦਣਾ ਚਾਹੁੰਦਾ। ਅਸਲ ਵਿਚ ਮੈਂ ਚਾਹੁੰਦਾ ਇਹੀ ਸਾਂ ਕਿ ਉਹ ਕਿਸੇ ਤਰ੍ਹਾਂ ਹੋਰ ਦੋ ਕੁ ਸਾਲ ਉੱਥੇ ਹੀ ਟਿਕੀ ਰਹੇ ਤਾਂ ਕਿ ਮੈਂ ਵਾਪਸ ਜਾਣ ਦਾ ਆਪਣਾ ਸੁਪਨਾ ਪੂਰਾ ਕਰ ਸਕਾਂ।
ਪਰ ਜਦ ਪਿਤਾ ਜੀ ਨੇ ਸਾਰੀ ਰਕਮ ਪਿੰਡ ਵਿਚ ਹੀ ਖਰਚ ਦਿੱਤੀ ਤਾਂ ਮੈਂ ਵੀ ਸੋਚਣ ਲੱਗ ਪਿਆ ਕਿ ਜਿੰਨੀ ਛੇਤੀ ਮੇਰੀ ਪਤਨੀ ਤੇ ਬੱਚੇ ਆ ਜਾਣ ਉੰਨਾ ਹੀ ਚੰਗਾ ਹੈ। ਪਰ ਉਨ੍ਹਾਂ ਦੇ ਇੱਥੇ ਆਉਣ ਤੋਂ ਪਹਿਲਾਂ ਆਪਣਾ ਘਰ ਤਾਂ ਹੋਣਾ ਹੀ ਚਾਹੀਦਾ ਸੀ। ਮੈਂ ਦੇਖ-ਸੁਣ ਚੁੱਕਾ ਸਾਂ ਕਿ ਮਾਲਕ ਮਕਾਨ ਕਰਾਏਦਾਰਾਂ ਨਾਲ ਕਿਹੋ ਜਿਹਾ ਸਲੂਕ ਕਰਦੇ ਸਨ, ਖਾਸ ਤੌਰ ‘ਤੇ ਮਾਲਕਣਾਂ ਤਾਂ ਕਰਾਏਦਾਰ ਆਦਮੀਆਂ ਤੀਵੀਆਂ ਨੂੰ ਆਪਣੇ ਘਰੇਲੂ ਨੌਕਰ ਸਮਝਦੀਆਂ ਸਨ। ਮੈਂ ਆਪਣੀ ਪਤਨੀ ਤੇ ਬੱਚਿਆਂ ਨੂੰ ਉਹੋ ਜਿਹੀਆਂ ਔਕੜਾ ਵਿੱਚੋਂ ਨਹੀਂ ਲੰਘਾਉਣਾ ਚਾਹੁੰਦਾ ਸਾਂ, ਜਿਹੋ ਜਿਹੀਆਂ ਮੈਂ ਦੇਖ ਚੁੱਕਾ ਸਾਂ। ਉਂਝ ਵੀ ਉਸ ਸਮੇਂ ਪੰਜਾਬੀ ਭਾਈਬੰਦਾਂ ਦੇ ਘਰ ਕਰਾਏਦਾਰਾਂ ਨਾਲ ਤੂੜੇ ਹੋਏ ਹੁੰਦੇ ਸਨ। ਛੜੇ ਤਾਂ ਤਿੰਨ ਤਿੰਨ ਰਲਕੇ ਇੱਕ ਇੱਕ ਕਮਰੇ ਵਿਚ ਰਹਿੰਦੇ ਦੇਖੇ ਸਨ। ਤਿੰਨ ਤਿੰਨ ਨਿਆਣਿਆਂ ਵਾਲੇ ਟੱਬਰ ਵੀ ਇੱਕ ਹੀ ਕਮਰੇ ਵਿਚ ਗੁਜ਼ਾਰਾ ਕਰਦੇ ਸਨ। ਇੰਨੀ ਭੀੜ ਵਿਚ ਬਾਥਰੂਮ ਜਾਣ ਲਈ ਵੀ ਵਾਰੀ ਉਡੀਕਣੀ ਪੈਂਦੀ ਸੀ ਤੇ ਰਸੋਈ ਵਿਚ ਖਾਣਾ ਪਕਾਉਣ ਦਾ ਮੌਕਾ ਮਿਲਣਾ ਵੀ ਮੁਸ਼ਕਿਲ ਹੁੰਦਾ ਸੀ।
ਆਪਣਾ ਮਕਾਨ ਲੈਂਦਾ ਤਾਂ ਕਾਹਦੇ ਨਾਲ ਲੈਂਦਾ? ਮੈਂ ਤਾਂ ਜੋ ਕਮਾਉਂਦਾ ਸਾਂ, ਨਾਲ ਦੀ ਨਾਲ ਹੀ ਦੇਸ ਨੂੰ ਭੇਜਦਾ ਰਿਹਾ ਸਾਂ। ਮਕਾਨ ਲੈਣ ਲਈ ਭਾਵੇਂ ਮੌਰਗੇਜ ਮਿਲ ਸਕਦੀ ਸੀ ਪਰ ਮਿਲਦੀ ਇੰਨੀ ਕੁ ਸੀ ਕਿ ਕੀਮਤ ਦਾ ਤੀਜਾ ਹਿੱਸਾ ਕੋਲੋਂ ਜਮ੍ਹਾਂ ਕਰਾਉਣਾ ਪੈਂਦਾ ਸੀ। ਲੰਡਨ ਵਿਚ ਘਰ ਇੰਨੇ ਮਹਿੰਗੇ ਸਨ ਕਿ ਤੀਜਾ ਹਿੱਸਾ ਵੀ ਚੋਖੀ ਰਕਮ ਬਣ ਜਾਂਦਾ ਸੀ। ਮੇਰੇ ਕੋਲ ਤਾਂ ਹਾਲੀਂ ਫੁੱਟੀ ਕੌਡੀ ਵੀ ਨਹੀਂ ਸੀ।
ਮੈਂ ਸੁਣਿਆ ਸੀ ਕਿ ਮਿਡਲੈਂਡ ਵਿਚ ਘਰ ਸਸਤੇ ਹਨ। ਸੋਚਦਾ ਸਾਂ, ਉਧਰ ਚਲਾ ਜਾਵਾਂ ਤੇ ਘਰ ਲੈ ਕੇ ਹੀ ਪਤਨੀ ਤੇ ਬੱਚਿਆਂ ਨੂੰ ਸੱਦਾਂ। ਮੇਰਾ ਸ਼ਗਿਰਦ ਸਾਧੂ ਨਹੀਂ ਚਾਹੁੰਦਾ ਸੀ, ਮੈਂ ਇੱਥੋਂ ਕੰਮ ਛੱਡ ਕੇ ਮਿਡਲੈਂਡ ਨੂੰ ਜਾਵਾਂ। ਉਹ ਮੇਰੇ ਨਾਲ ਸਾਂਝ ਪਾ ਕੇ ਕੋਈ ਕਾਰੋਬਾਰ ਅਰੰਭ ਕਰਨਾ ਚਾਹੁੰਦਾ ਸੀ। ਪਰ ਮੇਰੇ ਲਈ ਹੁਣ ਪਹਿਲੀ ਗੱਲ ਆਪਣਾ ਘਰ ਲੈ ਕੇ ਆਪਣੇ ਟੱਬਰ ਨੂੰ ਇੱਥੇ ਸੱਦਣਾ ਸੀ। ਸਾਧੂ ਮੇਰੇ ਭਲੇ ਦੀ ਸੋਚਦਾ ਸੀ ਪਰ ਉਹ ਮੇਰੀ ਮਜਬੂਰੀ ਨੂੰ ਨਹੀਂ ਸਮਝਦਾ ਸੀ। ਮੈਂ ਜਿਹੜੀਆਂ ਔਖਿਆਈਆਂ ਵਿੱਚੋਂ ਲੰਘ ਰਿਹਾ ਸਾਂ, ਉਹਨੂੰ ਉਹਦਾ ਅੰਦਾਜ਼ਾ ਨਹੀਂ ਸੀ। ਸਾਧੂ ਵੀ ਹੁਣ ਇਕੱਲਾ ਨਹੀਂ ਸੀ। ਉਹ ਨੇ ਵਿਆਹ ਕਰਵਾ ਲਿਆ ਸੀ ਤੇ ਇੱਕ ਪੁੱਤਰ ਦਾ ਬਾਪ ਬਣ ਚੁੱਕਾ ਸੀ। ਇਸ ਸਭ ਕੁਝ ਨੂੰ ਨਜ਼ਰ ਵਿਚ ਰੱਖ ਕੇ ਹੀ ਮੈਂ ਫੈਸਲਾ ਕਰ ਲਿਆ ਸੀ ਕਿ ਮੈਨੂੰ ਮਿਡਲੈਂਡ ਵਲ ਚਲੇ ਜਾਣਾ ਚਾਹੀਦਾ ਹੈ।
ਇਸ ਦੇਸ ਵਿਚ ਆਉਣ ਤੋਂ ਕੁੱਝ ਦਿਨ ਪਿੱਛੋਂ ਜਦ ਮੈਂ ਹਊਂਸਲੋਅ ਵਿਚ ਰਹਿੰਦੇ ਆਪਣੇ ਪੁਰਾਣੇ ਮਿੱਤਰ ਲਛਮਣ ਸਿੰਘ ਸੰਧੂ ਨੂੰ ਮਿਲਣ ਗਿਆ ਸਾਂ ਤਾਂ ਉਹਦਾ ਪਹਿਲਾ ਪ੍ਰਸ਼ਨ ਸੀ,”ਸੁਣਾ ਹਰਬਖਸ਼! ਫੇਰ ਕਿਹੋ ਜਿਹੀ ਲੱਗੀ ਗੋਰਿਆਂ ਦੀ ਵਲੈਤ?” ਉਸ ਵੇਲੇ ਮੇਰੇ ਕੋਲ ਇਸ ਪ੍ਰਸ਼ਨ ਦਾ ਕੋਈ ਹੱਡੀਂ ਹੰਢਾਇਆ ਉੱਤਰ ਨਹੀਂ ਸੀ। ਹੁਣ ਮੈਨੂੰ ਇਸ ਦੇਸ ਵਿਚ ਆਏ ਨੂੰ ਦੋ ਸਾਲ ਤੋਂ ਉੱਪਰ ਹੋ ਗਏ ਸਨ। ਬਹੁਤ ਕੁਝ ਦੇਖ/ਸੁਣ ਚੁੱਕਾ ਸਾਂ ਇਸ ਦੇਸ ਬਾਰੇ, ਇਸ ਦੇ ਵਿਅਕਤੀਵਾਦੀ ਸਮਾਜਕ ਢਾਂਚੇ ਬਾਰੇ ਤੇ ਇੱਥੋਂ ਦੇ ਲੋਕਾਂ ਦੇ ਰਹਿਣ ਸਹਿਣ ਬਾਰੇ। ਇਸ ਲਈ ਮੈਂ ਹੁਣ ਆਪਣੇ ਮਿੱਤਰ ਲਛਮਣ ਸਿੰਘ ਸੰਧੂ ਦੇ ਪ੍ਰਸ਼ਨ ਦਾ ਉੱਤਰ ਦੇਣ ਦੇ ਯੋਗ ਹੋ ਗਿਆ ਸਾਂ।
ਇੱਥੇ ਰਹਿੰਦਿਆਂ ਸਾਲ ਵੀ ਨਹੀਂ ਹੋਇਆ ਸੀ ਕਿ ਮੈਂ ਮਹਿਸੂਸ ਕਰਨ ਲੱਗ ਪਿਆ ਸਾਂ ਕਿ ਜਿਸ ਓਪਰੇ ਦੇਸ ਤੇ ਓਪਰੇ ਵਾਤਾਵਰਣ ਵਿਚ ਆ ਫਸਿਆ ਸਾਂ, ਉਸ ਅਨੁਸਾਰ ਆਪਣੇ ਸਰੀਰ ਤੇ ਆਪਣੀ ਆਤਾਮਾ ਨੂੰ ਢਾਲ ਕੇ ਇੱਥੇ ਦੇ ਮਾਹੌਲ ਅਨੁਸਾਰ ਬਣ ਜਾਣਾ ਮੇਰੇ ਲਈ ਸੌਖਾ ਨਹੀਂ। ਸੁਹਾਣੇ ਮੌਸਮ ਵਿਚ ਉੱਗੇ ਤੇ ਪਲ਼ੇ ਬੂਟੇ ਨੂੰ ਜੇ ਜੜ੍ਹੋਂ ਪੁੱਟ ਕੇ ਕਿਸੇ ਅਜਿਹੀ ਧਰਤੀ ਵਿਚ ਲਿਆ ਕੇ ਲਾ ਦਿੱਤਾ ਜਾਵੇ ਜਿੱਥੇ ਸਦਾ ਅਤਿ ਦੀ ਠੰਢ ਰਹਿੰਦੀ ਹੋਵੇ ਤਾਂ ਉਸ ਬੂਟੇ ਦਾ ਕਿਹੋ ਜਿਹਾ ਹਾਲ ਹੋਵੇਗਾ? ਕੁਝ ਅਜਿਹਾ ਹੀ ਹਾਲ ਮੇਰਾ ਸੀ। ਮੈਂ ਜਿਸ ਵਾਤਾਵਰਣ ਵਿਚ ਜੰਮਿਆ ਪਲਿਆ ਤੇ ਪਰਵਾਨ ਚੜ੍ਹਿਆ ਸਾਂ, ਉਸ ਤੋਂ ਇੰਝ ਟੁੱਟ ਜਾਣ ਦਾ ਹੇਰਵਾ ਤਾਂ ਲੱਗਣਾ ਹੀ ਸੀ। ਮੈਨੂੰ ਬਹੁਤ ਛੇਤੀ ਅਹਿਸਾਸ ਹੋ ਗਿਆ ਕਿ ਬਾਹਰੋਂ ਇੰਨੀ ਚਮਕ ਦਮਕ ਵਾਲਾ ਇਸ ਦੇਸ਼ ਦਾ ਇਹ ਸਮਾਜਕ ਪ੍ਰਬੰਧ ਅੰਦਰੋਂ ਕਿੰਨਾ ਗਲ਼ਿਆ ਸੜਿਆ ਤੇ ਨੀਰਸ ਹੈ? ਇਸ ਦੇਸ ਦੀ ਮਹਾਰਾਣੀ ਦੇ ਮਹਲ ਦੇ ਐਨ ਨੱਕ ਹੇਠਾਂ ਪਿਕਾਡਿਲੀ ਸਰਕਸ ਦੇ ਦੁਆਲੇ ਦੀਆਂ ਭੀੜੀਆਂ ਗਲ੍ਹੀਆਂ ਵਿਚ ਜਿਸਮ ਫਰੋਸ਼ੀ ਦਾ ਕਾਰੋਬਾਰ ਦਿਨ ਦੀਵੀਂ ਚੱਲ ਰਿਹਾ ਸੀ ਤੇ ਸਟ੍ਰਿਪਟੀਜ਼ ਕਲੱਬਾਂ ਦੇ ਨਾਉਂ ਹੇਠ ਇਸਤ੍ਰੀ ਦੀ ਸੁੰਦਰਤਾ ਨੂੰ ਬਾਜ਼ਾਰੂ ਵਸਤ ਬਣਾ ਦਿੱਤਾ ਗਿਆ ਸੀ।
ਮੈਂ ਅਨੁਭਵ ਕਰ ਰਿਹਾ ਸਾਂ ਕਿ ਇਸ ਮੁਲਕ ਵਿਚ ਮੇਰੇ ਦੇਸ ਵਰਗਾ ਕੁਝ ਵੀ ਨਹੀਂ ਹੈ, ਨਾ ਉਹ ਵੰਨ ਸਵੰਨੀਆਂ ਰੁੱਤਾਂ, ਨਾ ਉਹੋ ਜਿਹੇ ਦਰਖਤ ਨਾ ਵੇਲ ਬੂਟੇ ਨਾ ਪਸੂ ਪੰਛੀ, ਨਾ ਉਹੋ ਜਿਹੇ ਬੰਦੇ ਨਾ ਉਹੋ ਜਿਹੇ ਰਿਸ਼ਤੇ, ਨਾ ਤੇਹ ਨਾ ਮੋਹ। ਕੁਝ ਵੀ ਓਹੋ ਜਿਹਾ ਨਹੀਂ ਸੀ। ਇਹ ਤਾਂ ਜਾਣਦਾ ਸਾਂ ਕਿ ਪੂੰਜੀਵਾਦੀ ਸਭਿਆਚਾਰ ਦੀ ਬੁਨਿਆਦ ਵਿਅਕਤੀਵਾਦ ਹੁੰਦਾ ਹੈ ਪਰ ਇਹ ਮੇਰੀ ਕਿਤਾਬੀ ਜਾਣਕਾਰੀ ਸੀ। ਹੁਣ ਉਸ ਵਿਅਕਤੀਵਾਦੀ ਢਾਂਚੇ ਨੂੰ ਅੱਖੀਂ ਦੇਖ ਲਿਆ ਸੀ। ਇੱਥੇ ਪਰਵਾਰ ਦੇ ਅਰਥ ਵੀ ਸਾਡੇ ਦੇਸ ਵਰਗੇ ਨਹੀਂ ਹਨ। ਉੱਥੇ ਤਾਂ ਪਰਵਾਰ ਵਿਚ ਮਾਂ ਪਿਉ, ਧੀਆਂ ਪੁੱਤਰ, ਭੈਣ ਭਰਾ, ਚਾਚੇ ਤਾਏ ਅਤੇ ਦਾਦਾ ਦਾਦੀ ਸਾਰੇ ਗਿਣੇ ਜਾਂਦੇ ਸਨ ਤੇ ਇੱਥੇ ਪਰਵਾਰ ਦਾ ਮਤਲਬ ਪਤੀ ਪਤਨੀ ਤੇ ਉਨ੍ਹਾਂ ਦੇ ਬੱਚਿਆਂ ਤੱਕ ਹੀ ਸੀਮਤ ਹੈ।
ਹੁਣ ਜਦ ਮੈਂ ਇਹ ਸਤਰਾਂ ਲਿਖ ਰਿਹਾ ਹਾਂ, ਮੇਰੇ ਦੇਸ ਵਿਚ ਵੀ ਵਿਅਕਤੀਵਾਦੀ ਸਭਿਆਚਾਰ ਛਾਈ ਜਾ ਰਿਹਾ ਹੈ। ਕਿਸੇ ਵੀ ਦੇਸ ਵਿਚ ਪੂੰਜੀਵਾਦੀ ਆਰਥਕ ਢਾਂਚੇ ਦੇ ਉਸਰਨ ਦੇ ਨਾਲ ਨਾਲ ਉਸ ਦੀ ਲੋੜ ਨੂੰ ਪੂਰਾ ਕਰਨ ਵਾਲਾ ਵਿਅਕਤੀਵਾਦੀ ਸਮਾਜਕ ਢਾਂਚਾ ਵੀ ਉਸਰਨ ਲੱਗ ਪੈਂਦਾ ਹੈ। ਹਾਲੀਂ ਤਾਂ ਅਰੰਭ ਹੀ ਹੈ, ਜਦ ਉੱਥੇ ਵੀ ਹਰ ਪਾਸੇ ਪੂੰਜੀਵਾਦੀ ਆਰਥਕ ਪ੍ਰਬੰਧ ਪੂਰੀ ਤਰ੍ਹਾਂ ਛਾ ਗਿਆ ਤਾਂ ਉਹਦੇ ਨਾਲ ਹੀ ਉਹਦੇ ਅਨੁਕੂਲ ਵਿਅਤਕਤੀਵਾਦੀ ਸਭਿਆਚਾਰਕ ਪ੍ਰਤੀਮਾਨ ਵੀ ਹਰ ਪਾਸੇ ਛਾ ਜਾਣਗੇ। ਕਿਸੇ ਤਰ੍ਹਾਂ ਦੇ ਧਰਮ ਕਰਮ ਦੇ ਉਪਦੇਸ਼ ਇਸ ਨੂੰ ਰੋਕ ਤਾਂ ਕੀ ਸਕਣਗੇ, ਸਗੋਂ ਇਸ ਪੂੰਜੀਵਾਦੀ ਆਰਥਕ ਪ੍ਰਬੰਧ ਦੇ ਅਨੁਸਾਰ ਆਪਣੇ ਆਪ ਨੂੰ ਢਾਲ ਕੇ ਇਸ ਦੇ ਸਹਾਈ ਬਣ ਜਾਣਗੇ।
*****
(233)
ਆਪਣੇ ਵਿਚਾਰ ਲਿਖੋ: (This email address is being protected from spambots. You need JavaScript enabled to view it.)