“ਕੁਝ ਚਿਰ ਪਿੱਛੋਂ ਉਸ ਬੱਚੇ ਤੋਂ ਮੇਰੇ ਵਲ ਫੇਰ ਝਾਕ ਹੋ ਗਿਆ ਤੇ ਉਹਦੀਆਂ ਲੇਰਾਂ ਨਿਕਲ ਗਈਆਂ ...”
(ਅਕਤੂਬਰ 11, 2015)
ਉਸ ਦਿਨ ਕ੍ਰਿਪਾਲ ਜਿਹੜੀ ਬੱਸ ਵਿਚ ਮੈਨੂੰ ਚੜ੍ਹਾ ਕੇ ਗਿਆ ਸੀ, ਉਸ ਵਿਚ ਮੈਂ ਇਕੱਲਾ ਹੀ ਕੇਸ-ਦਾੜ੍ਹੀ ਵਾਲਾ ਦਸਤਾਰ ਧਾਰੀ ਸਿੱਖ ਸਾਂ। ਬਾਕੀ ਸਭ ਗੋਰੇ ਗੋਰੀਆਂ ਹੀ ਸਨ। ਮੈਥੋਂ ਅਗਲੀ ਸੀਟ ’ਤੇ ਇੱਕ ਗੋਰੀ ਆਪਣੇ ਸਾਲ ਕੁ ਦੇ ਬੱਚੇ ਨੂੰ ਚੁੱਕੀ ਬੈਠੀ ਸੀ। ਉਹਦੇ ਬੱਚੇ ਦੀ ਨਿਗਾਹ ਅਚਾਨਕ ਮੇਰੇ ਚਿਹਰੇ ’ਤੇ ਪੈ ਗਈ ਤੇ ਉਹ ਚੀਕਾਂ ਮਾਰਨ ਲੱਗ ਪਿਆ। ਉਹਦੀ ਮਾਂ ਨੇ ਉਹਦਾ ਮੂੰਹ ਫੜ ਕੇ ਦੂਜੇ ਪਾਸੇ ਕਰ ਦਿੱਤਾ। ਕੁਝ ਚਿਰ ਪਿੱਛੋਂ ਉਸ ਬੱਚੇ ਤੋਂ ਮੇਰੇ ਵਲ ਫੇਰ ਝਾਕ ਹੋ ਗਿਆ ਤੇ ਉਹਦੀਆਂ ਲੇਰਾਂ ਨਿਕਲ ਗਈਆਂ।
ਮੈਂ ਉਹਦੀ ਤਕਲੀਫ ਨੂੰ ਸਮਝ ਗਿਆ ਸਾਂ। ਉਸ ਬੱਚੇ ਨੇ ਕਦੀ ਕੋਈ ਪੱਗ ਦਾੜ੍ਹੀ ਵਾਲਾ ਬੰਦਾ ਦੇਖਿਆ ਨਹੀਂ ਸੀ ਤੇ ਮੈਨੂੰ ਕੋਈ ਬੱਚੇ-ਚੁੱਕ ਜਾਂ ਕੋਈ ਇੱਲ ਬਲਾ ਹੀ ਸਮਝੀ ਜਾ ਰਿਹਾ ਸੀ। ਉਹਦਾ ਵੀ ਕੀ ਕਸੂਰ ਸੀ? ਮੈਂ ਵੀ ਤਾਂ ਬਚਪਨ ਵਿਚ ਗੱਡੀਆਂ ਵਾਲਿਆਂ, ਗਧੀਲਿਆਂ ਤੇ ਚਿੰਗੜਾਂ ਤੋਂ ਡਰ ਕੇ ਇੰਝ ਹੀ ਚੀਕਾਂ ਮਾਰਦਾ ਹੁੰਦਾ ਸਾਂ। ਭਾਵੇਂ ਮੈਨੂੰ ਬਹੁਤੇ ਦੇਸੀ ਭਾਈਬੰਦ ਇਹੀ ਕਹਿੰਦੇ ਸਨ ਕਿ ਕੇਸ ਮੁਨਾਏ ਬਿਨਾਂ ਕੰਮ ਨਹੀਂ ਮਿਲਣਾ, ਪਰ ਹਾਲੀਂ ਤੱਕ ਮੈਂ ਦੁਚਿੱਤੀ ਵਿਚ ਹੀ ਸਾਂ। ਹੁਣ ਮੈਂ ਇਹ ਸਭ ਕੁਝ ਦੇਖ ਕੇ ਸਮਝ ਗਿਆ ਸਾਂ ਕਿ ਮੈਨੂੰ ਕੇਸ ਕਟਵਾਉਣੇ ਹੀ ਪੈਣੇ ਹਨ। ਇਹ ਵੀ ਤਾਂ ਦਿਸਣ ਲੱਗ ਪਿਆ ਸੀ ਕਿ ਇਸ ਤੋਂ ਬਿਨਾਂ ਕੰਮ ਨਹੀਂ ਮਿਲਣਾ ਸੀ।
ਉਸ ਦਿਨ ਘਰ ਪੁੱਜਦਿਆਂ ਹੀ ਮੈਂ ਮਲਕੀਤ ਤੇ ਹਰਦਿਆਲ ਨੂੰ ਆਪਣੇ ਇਰਾਦੇ ਬਾਰੇ ਦੱਸਿਆ ਤਾਂ ਮਲਕੀਤ ਨੇ ਕਿਹਾ, “ਅਸੀਂ ਤਾਂ ਤੈਨੂੰ ਪਹਿਲਾਂ ਹੀ ਦੱਸ ਦਿੱਤਾ ਸੀ ਕਿ ਕੇਸ ਮੁਨਾਏ ਬਿਨਾਂ ਕੰਮ ਨਹੀਂ ਮਿਲਣਾ। ਇਸ ਤਰ੍ਹਾਂ ਕੰਮ ਮਿਲ ਸਕਦਾ ਹੁੰਦਾ ਤਾਂ ਮੈਂ ਕਿਉਂ ਕੇਸ ਮੁਨਾਉਂਦਾ? ਕੇਸ ਮੁਨਾਉਣ ਲਈ ਮਜਬੂਰ ਹੋਣ ਨਾਲ ਦਿਲ ਤਾਂ ਮੇਰਾ ਵੀ ਬਹੁਤ ਦੁਖਿਆ ਸੀ, ਪਰ ਇੱਥੇ ਆ ਗਿਆ ਸੀ ਤਾਂ ਵਾਪਸ ਵੀ ਤਾਂ ਨਹੀਂ ਜਾਇਆ ਜਾ ਸਕਦਾ ਸੀ। ਹਜ਼ਾਰਾਂ ਰੁਪਏ ਕਰਜ਼ਾ ਚਾੜ੍ਹ ਕੇ ਆਇਆ ਸੀ, ਪੈਸਿਆਂ ਤੋਂ ਬਿਨਾਂ ਮੁੜ ਕਿੱਦਾਂ ਜਾਂਦਾ?”
ਮੈਂ ਕਿਹਾ, “ਜੀਅ ਤਾਂ ਮੇਰਾ ਕਰਦਾ ਨਹੀਂ ਕੇਸ ਮੁਨਾਉਣ ਨੂੰ, ਆਖਰ ਜੇ ਇਹ ਕੰਮ ਕਰਨਾ ਹੀ ਪੈਣਾ ਹੈ ਤਾਂ ਕਿਉਂ ਨਾ ਹੁਣੇ ਹੀ ਕਰ ਲਿਆ ਜਾਵੇ?”
ਮਲਕੀਤ ਨੇ ਕਿਹਾ, “ਇੱਥੇ ਦੇ ਨਾਈ ਸਿੱਖਾਂ ਦੇ ਵਾਲ਼ ਕੱਟਣ ਤੋਂ ਜ਼ਰਾ ਡਰਦੇ ਆ, ਇਸ ਲਈ ਨਾਈ ਦੇ ਜਾਣ ਤੋਂ ਪਹਿਲਾਂ ਘਰ ਹੀ ਵਾਲ ਨੇੜੇ ਕਰਨੇ ਪੈਣਗੇ।”
ਇਹ ਕੰਮ ਕਿਹੜਾ ਔਖਾ ਸੀ? ਹਰਦਿਆਲ ਮੈਨੂੰ ਬਾਥਰੂਮ ਵਿਚ ਲੈ ਵੜਿਆ ਤੇ ਕੈਂਚੀ ਫੜ ਕੇ ਮੇਰੇ ਦੁਆਲੇ ਇੰਝ ਹੋ ਗਿਆ ਜਿਵੇਂ ਕਿ ਭੇਡ ਮੁੰਨਣ ਲੱਗਾ ਹੋਵੇ। ਉਹਨੇ ਝੱਟ ਪੱਟ ਮੇਰੇ ਸਿਰ ਦੇ ਵਾਲ ਕੱਟ ਕੇ ਛੋਟੇ ਕਰ ਦਿੱਤੇ।
ਫੇਰ ਮੈਨੂੰ ਕੰਧ ’ਤੇ ਲੱਗੇ ਸ਼ੀਸ਼ੇ ਮੋਹਰੇ ਖੜ੍ਹਾ ਕਰ ਕੇ ਕਿਹਾ, “ਪਹਿਲਾਂ ਕੈਂਚੀ ਨਾਲ ਦਾਹੜੀ ਨੇੜੇ ਕਰ ਲਵੀਂ ਤੇ ਫੇਰ ਇਸ ਸਾਬਣ ਜਿਹੇ ਦੀ ਝੱਗ ਆਪਣੇ ਮੂੰਹ ਤੇ ਏਦਾਂ ਬੁਰਸ਼ ਨਾਲ ਲਾ ਲਵੀਂ ਤੇ ਫੇਰ ਐਸ ਫੌੜ੍ਹੀ ਜਿਹੀ ਨੂੰ ਇਸ ਤਰ੍ਹਾਂ ਮੂੰਹ ’ਤੇ ਫੇਰੀਂ।” ਉਹਨੇ ਸੇਫਟੀ ਆਪਣੇ ਮੂੰਹ ਉੱਤੇ ਫੇਰ ਕੇ ਦਿਖਾਲੀ ਤੇ ਕਿਹਾ, “ਬਸ ਫੇਰ ਤੇਰਾ ਨਵਾਂ ਅਵਤਾਰ ਹੋ ਜਾਵੇਗਾ ਤੇ ਆਂਡੇ ਵਰਗਾ ਮੂੰਹ ਨਿਕਲ ਆਵੇਗਾ।” ਉਹ ਸਾਰਾ ਕੁਝ ਮੈਨੂੰ ਸੰਭਾਲ ਕੇ ਆਪ ਦਰਵਾਜ਼ਾ ਢੋਅ ਕੇ ਤੁਰਦਾ ਬਣਿਆ।
ਮੈਂ ਕਾਹਲੀ ਕਾਹਲੀ ਕੰਮ ਨਿਬੇੜ ਕੇ ਮੂੰਹ ’ਤੇ ਪਾਣੀ ਦੇ ਛਿੱਟੇ ਮਾਰੇ ਤੇ ਤੋਲੀਏ ਨਾਲ ਮੂੰਹ ਪੂੰਝ ਕੇ ਜਦ ਸ਼ੀਸ਼ੇ ਵਿਚ ਆਪਣਾ ਮੂੰਹ ਦੇਖਿਆ ਤਾਂ ਮੇਰਾ ਤਾਂ ਰੋਣ ਨਿਕਲ ਗਿਆ। ਹਰਬਖਸ਼ ਸਿੰਘ ਨਾਉਂ ਦਾ ਬੰਦਾ ਕਿਤੇ ਗ਼ਾਇਬ ਹੋ ਗਿਆ ਸੀ ਤੇ ਸ਼ੀਸ਼ੇ ਦੇ ਸਾਹਮਣੇ ਪੰਡਤ ਬਖਸ਼ੀ ਰਾਮ ਖੜ੍ਹਾ ਸੀ। ਮੂੰਹੋਂ ਰੋਣੀ ਜਿਹੀ ਅਵਾਜ਼ ਨਿਕਲੀ, “ਲਓ ਹੁਣ ਮਜ਼ਾ ਵਲੈਤ ਦਾ ਪੰਡਤ ਬਖਸ਼ੀ ਰਾਮ ਜੀ।”
ਮੇਰਾ ਤਾਂ ਬਾਥਰੂਮ ਵਿੱਚੋਂ ਬਾਹਰ ਨਿਕਲਣ ਨੂੰ ਜੀਅ ਨਾ ਕਰੇ। ਜਦ ਆਪਣਾ ਮੂੰਹ ਹੱਥਾਂ ਨਾਲ ਲੁਕਾਉਂਦਾ ਬਾਥਰੂਮ ਵਿੱਚੋਂ ਬਾਹਰ ਆਇਆ ਤਾਂ ਮੇਰੀ ਨਵੀਂ ਸ਼ਕਲ ਦੇਖ ਕੇ ਹਾਸੇ ਦਾ ਛਣਕਾਟਾ ਸ਼ੁਰੂ ਹੋ ਗਿਆ। ਸਾਰੇ ਹੱਸ ਹੱਸ ਦੋਹਰੇ ਹੋ ਗਏ।
ਮੈਂ ਖਸਿਆਨਾ ਜਿਹਾ ਹੋ ਕੇ ਹਰਦਿਆਲ ਨੂੰ ਕਿਹਾ, “ਚਲ ਹੁਣ ਨਾਈ ਦਾ ਕੰਮ ਵੀ ਮੁਕਾ ਆਈਏ।”
ਉਹ ਮੈਨੂੰ ਨਾਲ ਲੈ ਕੇ ਪੰਜ ਕੁ ਮਿੰਟ ਵਿਚ ਨਾਈ ਦੀ ਦੁਕਾਨ ’ਤੇ ਪੁੱਜ ਗਿਆ। ਨਾਈ ਨੇ ਮੈਨੂੰ ਚੋਖੀ ਵੱਡੀ ਕੁਰਸੀ ਤੇ ਬੈਠਾ ਕੇ ਮੇਰੀ ਗਰਦਨ ਤੋਂ ਥੱਲੇ ਦੇ ਸਰੀਰ ਨੂੰ ਕੱਪੜੇ ਵਿਚ ਲਪੇਟ ਦਿੱਤਾ ਤੇ ਫੇਰ ਕੈਂਚੀ ਕੰਘੀ ਫੜੀ ਮੇਰੇ ਦੁਆਲੇ ਹੋ ਗਿਆ। ਉਹਨੇ ਕੈਂਚੀ ਤੇ ਕੰਘੀ ਮੇਰੇ ਸਿਰ ਦੇ ਐਨ ਨੇੜੇ ਲਿਆ ਕੇ ਕਿਹਾ, “ਹਾਔ?” ਮੇਰੀ ਥਾਂ ਹਰਦਿਆਲ ਨੇ ਹੀ ਕਹਿ ਦਿੱਤਾ, “ਮੀਡੀਅਮ।” ਉਹਨੇ ਥੋੜ੍ਹੇ ਚਿਰ ਵਿਚ ਹੀ ਮੇਰੇ ਭੱਦਣ ਕਰ ਕੇ ਮੈਨੂੰ ਸ਼ੀਸ਼ਾ ਦਿਖਾ ਦਿੱਤਾ। ਮੈਨੂੰ ਆਪਣੇ ਪਿੰਡ ਦੇ ਭਲਵਾਨ ਨੰਦ ਸਿੰਘ ਦਾ ਚੇਤਾ ਆ ਗਿਆ। ਉਹ ਕੇਸਾਧਾਰੀ ਸਿੱਖ ਸੀ ਤੇ ਹਜਾਮਤ ਕਰਾਉਣ ਵਾਲਿਆਂ ਬਾਰੇ ਇਹ ਟੋਟਕਾ ਸੁਣਾਉਂਦਾ ਹੁੰਦਾ ਸੀ:
ਚੰਗੇ ਭਲੇ ਨੂੰ ਕਚੀਚੀ ਉੱਠੀ
ਨਾਈ ਤਾਈਂ ਬੁਲਾਇਆ
ਗੁਥਲੀ ਵਿਚੋਂ ਕੱਢ ਉਸਤਰਾ
ਉਹਨੇ ਛਿੱਤਰ ਉੱਤੇ ਲਾਇਆ
ਕਰ ਸਫਾਈ ਝਾੜ ਪੂੰਜ ਕੇ
ਸ਼ੀਸ਼ਾ ਫੇਰ ਦਿਖਾਇਆ
ਮੂੰਹ ਹੋ ਗਿਆ ਬਾਂਦਰ ਵਰਗਾ
ਅਜੇ ਹਯਾ ਨਹੀਂ ਆਇਆ।
ਉਦੋਂ ਕੀ ਪਤਾ ਸੀ? ਕਦੀ ਮੇਰੇ ਨਾਲ਼ ਵੀ ਇਹ ਕੁਝ ਵਾਪਰ ਜਾਣਾ। ਨਾਈ ਤੋਂ ਛੁਟਕਾਰਾ ਹੁੰਦਿਆਂ ਹੀ ਮੈਂ ਹਰਦਿਆਲ ਨੂੰ ਕਿਹਾ, “ਚੱਲ ਫੇਰ ਹਰਦਿਆਲ ਹੁਣ ਟੋਪੀ ਵੀ ਖਰੀਦ ਲਈਏ।” ਮੈਨੂੰ ਡਰ ਸੀ ਕਿ ਮੇਰੇ ਸਿਰ ਦੇ ਖੱਬੇ ਪਾਸੇ ਦਾ ਫੁਲਬਹਿਰੀ ਰੰਗਾ ਗੰਜ ਲੋਕਾਂ ਨੂੰ ਦਿਸਣ ਲੱਗ ਪੈਣਾ। ਵੂਲਵਰਥ ਵਿੱਚੋਂ ਟੋਪੀ ਖਰੀਦ ਕੇ ਤੇ ਸਿਰ ਢਕ ਕੇ ਹੀ ਮੈਂ ਘਰ ਪੁੱਜਿਆ।
ਟੋਪੀ ਰੱਖਣ ਦੀ ਮੈਨੂੰ ਬਹੁਤਾ ਚਿਰ ਪਈ। ਮੈਨੂੰ ਛੇਤੀ ਹੀ ਆਪਣੇ ਗੰਜ ਨੂੰ ਢਕ ਕੇ ਰੱਖਣ ਦਾ ਵੱਲ ਆ ਗਿਆ। ਮੈਂ ਆਪਣੇ ਵਾਲਾਂ ਦਾ ਚੀਰ ਸੱਜੇ ਪਾਸੇ ਕੱਢ ਕੇ ਵਾਲ ਖੱਬੇ ਪਾਸੇ ਨੂੰ ਵਾਹ ਲੈਂਦਾ ਸਾਂ ਤੇ ਵਾਲ ਵੀ ਕੁਝ ਆਮ ਨਾਲੋਂ ਲੰਮੇ ਰੱਖਦਾ ਸਾਂ। ਇਸ ਤਰ੍ਹਾਂ ਮੇਰਾ ਗੰਜ ਬਿਨਾਂ ਟੋਪੀ ਦੇ ਹੀ ਢਕ ਹੋ ਜਾਂਦਾ ਸੀ।
*****
(78)
ਵਿਚਾਰ ਭੇਜਣ ਲਈ: (This email address is being protected from spambots. You need JavaScript enabled to view it.)