“ਸਵਾਰੀਆਂ, ਜੋ ਪਹਿਲਾਂ ਚੁੱਪ ਚਾਪ ਬੈਠੀਆਂ ਸਨ, ਘੁਸਰ ਮੁਸਰ ਕਰਨ ਲੱਗ ਪਈਆਂ। ਜਦ ਉਹ ਔਰਤ ...”
(16 ਅਗਸਤ 2018)
ਇੱਕ ਬੰਦਾ ਆਪਣੇ ਆਪ ਨੂੰ ‘ਮਰਿਆ ਹੋਇਆ’ ਕਹਾਉਂਦਾ ਸੀ। ਸਰੀਰ ਉਸਦਾ ਕਾਫੀ ਕਮਜ਼ੋਰ ਹੋਣ ਦੇ ਬਾਵਜੂਦ ਵੀ ਉਹ ਤੁਰਦਾ ਫਿਰਦਾ ਰਹਿੰਦਾ ਸੀ। ਉਹ ਬਹੁਤ ਘੱਟ ਖਾਂਦਾ ਪੀਂਦਾ ਅਤੇ ਘੱਟ ਹੀ ਕਿਸੇ ਨਾਲ ਗੱਲ ਕਰਦਾ ਸੀ। ਬੱਸ ਚੁੱਪ ਚਾਪ ਤੁਰਦਾ ਫਿਰਦਾ ਰਹਿੰਦਾ, ਜਿਵੇਂ ਕੋਈ ਫੱਕਰ ਹੋਵੇ। ਨਾ ਉਹ ਘਰ ਦੇ ਕਿਸੇ ਕੰਮ ਵਿਚ ਹੱਥ ਵਟਾਉਂਦਾ ਸੀ, ਸੱਚ ਪੁੱਛੋ ਤਾਂ ਘਰ ਦੇ ਉਸ ਨੂੰ ਕੰਮ ਕਰਨ ਲਈ ਕਦੇ ਆਖਦੇ ਵੀ ਨਹੀਂ ਸਨ। ਘਰ ਦੇ ਕਹਿੰਦੇ ਸਨ ਕਿ ਉਨ੍ਹਾਂ ਨੂੰ ਕੰਮ ਦੀ ਨਹੀਂ, ਉਸ ਦੀ ਸਿਹਤ ਦੀ ਚਿੰਤਾ ਹੈ। ਕਈ ਵਾਰ ਤਾਂ ਉਹ ਰੋਟੀ ਖਾਣਾ ਹੀ ਭੁੱਲ ਜਾਂਦਾ। ਮਨ ਚਾਹੇ ਤਾਂ ਘਰ ਦਿਆਂ ਨਾਲ ਬੋਲਦਾ ਸੀ, ਬਹੁਤੀ ਵਾਰੀ ਤਾਂ ਉਹ ਬੁਲਾਏ ’ਤੇ ਵੀ ਮੌਨ ਧਾਰੀ ਰੱਖਦਾ ਸੀ। ਆਮ ਲੋਕੀਂ ਤਾਂ ਸਿਵਿਆਂ ਦੇ ਲਾਗੇ ਜਾਣ ਤੋਂ ਵੀ ਘਬਰਾਉਂਦੇ ਸਨ, ਪਰ ਇੱਕ ਉਹ ਸੀ ਜੋ ਸਿਵਿਆਂ ਵਿਚ ਕਿੰਨੀ ਕਿੰਨੀ ਦੇਰ ਤਕ ਬੈਠਾ ਰਹਿੰਦਾ। ਕਈ ਵਾਰੀ ਤਾਂ ਉਹ ਉੱਥੇ ਹੀ ਸੌ ਜਾਂਦਾ। ਕਈਆਂ ਦਾ ਵਿਚਾਰ ਸੀ ਕਿ ਉਸ ਨੂੰ ਭੂਤ ਚਿੰਮੜੇ ਹੋਏ ਹਨ। ਜੇ ਕੋਈ ਉਸ ਨੂੰ ਪੁੱਛਦਾ ਕਿ ਉਸ ਦਾ ਨਾਮ ਕੀ ਹੈ, ਉਹ ਅੱਗੋਂ ਜਵਾਬ ਦਿੰਦਾ, ‘ਮਰਿਆ ਹੋਇਆ’। ਬੱਚੇ ਅਕਸਰ ਉਸ ਨੂੰ ਜਾਣ ਬੁੱਝ ਕੇ ਪੁੱਛਦੇ ਕਿ ‘ਤੇਰਾ ਨਾਂ ਕੀ ਹੈ?’ ਉਹ ਬੋਲਦਾ ‘ਮਰਿਆ ਹੋਇਆ’। ਇਹ ਸੁਣ ਕੇ ਬੱਚੇ ਖਿੜ ਖਿੜਾ ਕੇ ਹੱਸ ਪੈਂਦੇ। ਪਰ ਉਹ ਸੀ ਕਿ ਕਿਸੇ ਦਾ ਵੀ ਬੁਰਾ ਨਾ ਮੰਨਾਉਂਦਾ।
ਇੱਕ ਵਾਰ ਇੱਕ ਬੰਦੇ ਨੇ ਉਸ ਨੂੰ ਕਿਹਾ ਕਿ ਤੂੰ ਮਰਿਆ ਹੋਇਆ ਨਹੀਂ ਹੈ, ਤੂੰ ਤਾਂ ਮੇਰੀ ਤਰ੍ਹਾਂ ਜੀਂਦਾ ਹੈ। ਉਸ ਨੇ ਜਵਾਬ ਦਿੱਤਾ ‘ਤੂੰ ਵੀ ਤਾਂ ਮਰਿਆ ਹੋਇਆ ਹੈ।’ ਉਸ ਨੇ ਅੱਗੋਂ ਕਿਹਾ ਕਿ ਮਰੇ ਹੋਏ ਤੁਰਦੇ ਫਿਰਦੇ ਨਹੀਂ। ਉਸ ਨੇ ਜਵਾਬ ਦਿੱਤਾ ‘ਤੈਨੂੰ ਕਿਸ ਤਰ੍ਹਾਂ ਪਤਾ ਹੈ?’ ਉਹ ਬੰਦਾ ਸੋਚਾਂ ਵਿਚ ਪੈ ਗਿਆ।
ਪਹਿਲਾਂ ਪਹਿਲ ਉਹ ਜਦ ਰਾਤ ਨੂੰ ਘਰ ਸੌਣ ਨਹੀਂ ਆਉਂਦਾ ਸੀ, ਉਸ ਦੇ ਘਰ ਦੇ ਫਿਕਰ ਵਿਚ ਉਸ ਨੂੰ ਢੂੰਡਦੇ ਰਹਿੰਦੇ ਸਨ। ਪਰ ਹੁਣ ਉਨ੍ਹਾਂ ਨੇ ਉਸ ਬਾਬਤ ਫਿਕਰ ਕਰਨਾ ਛੱਡ ਦਿੱਤਾ ਸੀ।
ਲੋਕਾਂ ਦੀਆਂ ਢਾਣੀਆਂ ਉਸ ਬਾਬਤ ਸੌ ਸੌ ਗੱਲਾਂ ਕਰਦੀਆਂ। ਜਾਣੀ ਜਿੰਨੇ ਮੂੰਹ, ਓਨੀਆਂ ਹੀ ਗੱਲਾਂ। ਸੰਤੀ ਤਾਈ ਕਹਿੰਦੀ, “ਇਸ ਦੇ ਪਰਿਵਾਰ ਨੂੰ ਸਰਾਪ ਲੱਗ ਗਿਆ। ਜਦ ਇਸਦਾ ਪਰਿਵਾਰ ਸ਼ਹਿਰ ਤੋਂ ਪਿੰਡ ਆਉਂਦਾ ਸੀ, ਸਾਰੇ ਪਾਸੇ ਨੂੰ ਚਾਅ ਚੜ੍ਹ ਜਾਂਦਾ ਸੀ। ਸਾਰਿਆਂ ਨਾਲ ਹੱਸ ਹੱਸ ਕੇ ਗੱਲਾਂ ਕਰਦੇ। ਗਰੀਬਾਂ ਨੂੰ ਪੈਸੇ ਵੰਡਦੇ ਸਨ। ਇਹੀ ਮੁੰਡਾ ਹੰਸੂ ਹੰਸੂ ਕਰਦਾ ਹੁੰਦਾ ਸੀ, ਹੁਣ ਇਸ ਦੀ ਹਾਲਤ ਦੇਖੋ, ਦੇਖ ਕੇ ਡਰ ਲਗਦਾ ਹੈ। ਲੋਕੀ ਈਰਖਾ ਕਰਦੇ ਸਨ ਕਿ ਕਿਤੇ ਇਨ੍ਹਾਂ ਵਰਗਾ ਕਾਰੋਬਾਰ ਉਨ੍ਹਾਂ ਦਾ ਵੀ ਹੋਵੇ।”
ਬੁੱਢੀ ਧੰਤੀ ਕਹਿੰਦੀ, “ਉਸ ਦੀ ਰਜ਼ਾ ਨੂੰ ਕੌਣ ਜਾਣੇ? ਲੱਖਾਂ ਵਾਲੇ ਨੂੰ ਉਹ ਕਦ ਕੱਖਾਂ ਦਾ ਬਣਾ ਦਿੰਦਾ ਹੈ। ਉਸਦੇ ਅੱਗੇ ਕਿਸੇ ਦਾ ਜੋਰ ਨਹੀਂ ਚਲਦਾ। ਬੰਦੇ ਨੂੰ ਉਸ ਤੋਂ ਡਰ ਕੇ ਜੀਣਾ ਚਾਹੀਦਾ ਹੈ।”
ਨਾਮਧਾਰਨੀ ਬੋਲੀ, “ਭਾਣਾ ਮੰਨਣਾ ਪੈਂਦਾ ਹੈ, ਭੈਣੇ! ਜੇ ਇਹ ਮੁੰਡਾ ਭਾਣਾ ਮੰਨ ਲੈਂਦਾ, ਤਾਂ ਠੀਕ ਰਹਿੰਦਾ।”
ਅੱਧਖੜ ਬਸੰਤੋ ਨੇ ਹੁੰਗਾਰਾ ਭਰਿਆ, “ਮੈਨੂੰ ਤਾਂ ਲਗਦਾ ਇਸ ਨੂੰ ਕੋਈ ਭੂਤ ਲੱਗ ਗਿਆ ਹੈ। ਜਦ ਤੱਕ ਭੂਤ ਨਹੀਂ ਨਿਕਲਦਾ, ਇਸ ਨੇ ਨਹੀਂ ਠੀਕ ਹੋਣਾ।”
ਗਵਾਂਢਣ ਬਚਨੀ ਨੇ ਮੋੜਾ ਦਿੱਤਾ, “ਘਰ ਦੇ ਤਾਂ ਭੂਤ ਕਢਾਉਣਾ ਚਾਹੁੰਦੇ ਆ, ਪਰ ਇਹ ਬਾਬਿਆਂ ਕੋਲ ਜਾਂਦਾ ਹੀ ਨਹੀਂ। ਬਥੇਰੇ ਧਾਗੇ ਤਵੀਤ ਕੀਤੇ ਆ, ਕੁਛ ਰਾਸ ਹੀ ਨਹੀਂ ਆਉਂਦਾ।”
ਉੱਧਰ ਬੁੜ੍ਹਿਆਂ ਦੀ ਟੋਲੀ ਦਰਵਾਜੇ ਬੈਠੀ ਗੱਲਾਂ ਕਰਦੀ। ਬੁੜ੍ਹਾ ਧੰਨਾ ਕਹਿੰਦਾ, “ਵਿਚਾਰੇ ’ਤੇ ਰੱਬ ਦਾ ਕਹਿਰ ਹੀ ਟੁੱਟ ਪਿਆ। ਭੈਣ, ਭਰਾ, ਭਰਜਾਈਆਂ, ਭਤੀਜੇ ਅਤੇ ਭਤੀਜੀਆਂ ਵਿੱਚੋਂ ਇੱਕ ਵੀ ਨਹੀਂ ਬਚਿਆ। ਬੰਦਾ ਕਿੰਨਾ ਕੁ ਜੁਲਮ ਝੱਲ ਸਕਦਾ ਹੈ?”
ਭਗਤਾ ਬੋਲਿਆ, “ਇਹ ਸ਼ਹਿਰ ਜਾਵੇ, ਇੰਨਾ ਵੱਡਾ ਇਨ੍ਹਾਂ ਦਾ ਕਾਰੋਬਾਰ ਸੀ। ਜਾ ਕੇ ਕੰਮ ਕਰੇ, ਮਨ ਹੋਰ ਪਾਸੇ ਪਵੇ।”
ਚਿੰਤਾ ਕਹਿਣ ਲੱਗਾ, “ਜਿੰਨਾ ਕਹਿਰ ਇਸਦੇ ਪਰਿਵਾਰ ’ਤੇ ਪਿਆ ਹੈ, ਉਸ ਨੂੰ ਭਲਾਉਣਾ ਵੀ ਤਾਂ ਸੌਖਾ ਨਹੀਂ।”
ਨਾਮਾ ਕਹਿੰਦਾ, “ਬਈ ਕੰਮ ਇਨ੍ਹਾਂ ਦਾ ਵੱਡਾ ਸੀ, ਆਪਣੇ ਸਕਿਆ ਤੋਂ ਨਾ ਹੀ ਆਪਣੀ ਜੱਦੀ ਜਮੀਨ ਲਈ ਅਤੇ ਨਾ ਹੀ ਹਾਲਾ ਭੌਲੀ ਮੰਗਿਆ। ਸਗੋਂ ਉਨ੍ਹਾਂ ਦੀ ਵੇਲੇ ਕੁਵੇਲੇ ਮਦਦ ਕਰਦੇ ਰਹੇ। ਰੱਬ ਵੀ ਚੰਗਿਆਂ ਨੂੰ ਹੀ ਦੁੱਖ ਦਿੰਦਾ ਐ।”
ਉਸ ਪਿੰਡ ਦਾ ਇੱਕੋ ਇੱਕ ਮੁੰਡਾ ਪੜ੍ਹਿਆ ਲਿਖਿਆ ਸੀ ਅਤੇ ਹੁਣ ਉਹ ਸ਼ਹਿਰ ਵਿਚ ਨੌਕਰੀ ਕਰਦਾ ਸੀ। ਉਸਦਾ ਨਾਮ ਤਾਂ ਰਣਧੀਰ ਸਿੰਘ ਸੀ ਪਰ ਲੋਕੀਂ ਉਸ ਨੂੰ ‘ਪਾੜ੍ਹਾ’ ਹੀ ਸੱਦਦੇ ਸਨ। ਉਹ ਛੁੱਟੀਆਂ ਕੱਟਣ ਪਿੰਡ ਆਇਆ ਹੋਇਆ ਸੀ। ਪਿੰਡ ਵਿਚ ਪੰਚਾਇਤ ਲੱਗਣੀ ਸੀ, ਸਰਪੰਚ ਨੇ ਪਹਿਲਾਂ ਦੀ ਤਰ੍ਹਾਂ, ਉਸ ਨੂੰ ਵੀ ਸੱਦ ਲਿਆ। ਉਸ ਦੀ ਰਾਇ ਦੀ, ਪੜ੍ਹਿਆ ਲਿਖਿਆ ਹੋਣ ਕਰਕੇ, ਸਾਰੇ ਕਦਰ ਕਰਦੇ ਸਨ। ਮੀਟਿੰਗ ਖ਼ਤਮ ਹੋਣ ’ਤੇ ਪੰਚ ਪ੍ਰੀਤੂ ਨੇ ਦੁੱਖ ਜਾਹਰ ਕੀਤਾ ਕਿ ਜੋ ਬੰਦਾ ‘ਮਰਿਆ ਹੋਇਆ’ ਕਹਾਉਂਦਾ ਹੈ, ਉਸ ਦਾ ਕੋਈ ਇਲਾਜ ਨਹੀਂ ਲੱਭਦਾ। ਰਣਧੀਰ ਨੇ ਕਿਹਾ ਕਿ ਉਸ ਦਾ ਇਲਾਜ ਮਨੋਵਿਗਿਆਨੀ ਹੀ ਕਰ ਸਕਦਾ ਹੈ। ਲੋਕਾਂ ਪੁੱਛਿਆ, “ਉਹ ਕੀ ਹੁੰਦਾ?”
ਰਣਧੀਰ ਨੇ ਸਮਝਾਉਣ ਦੀ ਪੂਰੀ ਕੋਸ਼ਿਸ਼ ਕੀਤੀ, ਪਰ ਇਹ ਗੱਲ ਲੋਕਾਂ ਦੀ ਸਮਝ ਤੋਂ ਬਾਹਰ ਸੀ।
ਸਰਪੰਚ ਨੇ ਕਿਹਾ, “ਚੱਲੋ, ਇਸ ਗੱਲ ਨੂੰ ਛੱਡੋ, ਜੇ ਇਲਾਜ ਹੋ ਸਕਦਾ, ਫਿਰ ਕਰਾ ਲੈਣਾ ਚਾਹੀਦਾ ਹੈ।”
ਰਣਧੀਰ ਬੋਲਿਆ, “ਉਹ ਸ਼ਹਿਰ ਵਿਚ ਇੱਕ ਮਾਹਰ ਮਨੋਵਿਗਿਆਨੀ ਨੂੰ ਜਾਣਦਾ ਹੈ, ਜੋ ਹਸਤਪਤਾਲ ਵਿਚ ਪਾਗਲਾਂ ਦਾ ਇਲਾਜ ਕਰਦਾ ਹੈ। ਉਸ ਦੀ ਪਿੰਡ ਵਿਚ ਆਉਣ ਦੀ ਫ਼ੀਸ ਬਹੁਤ ਹੈ, ਜੋ ਵਿਚਾਰੇ ਗਰੀਬ ਘਰ ਵਾਲਿਆਂ ਲਈ ਦੇਣੀ ਔਖੀ ਹੈ।”
ਸਰਪੰਚ ਨੇ ਕਿਹਾ, “ਅਸੀਂ ਪੈਸੇ ਲੋਕਾਂ ਤੋਂ ਇਕੱਠੇ ਕਰ ਲੈਂਦੇ ਹਾਂ, ਤੂੰ ਉਸ ਬੰਦੇ ਨੂੰ ਪਿੰਡ ਲਿਆ।”
ਸਾਰੇ ਪੰਚਾਂ ਨੇ ਵੀ ਸਰਪੰਚ ਨਾਲ ਹਾਂ ਮਿਲਾਈ। ਰਣਧੀਰ ਨੇ ਕਿਹਾ ਕਿ ਉਹ ਸ਼ਹਿਰ ਜਾ ਕੇ ਪਤਾ ਕਰਕੇ ਚਿੱਠੀ ਪਾਵੇਗਾ।
ਰਣਧੀਰ ਦੇ ਜਾਣ ਤੋਂ ਇੱਕ ਹਫ਼ਤੇ ਬਾਅਦ ਸਰਪੰਚ ਨੂੰ ਖ਼ਤ ਆ ਗਿਆ, ਜਿਸ ਵਿਚ ਮਨੋਵਿਗਿਆਨੀ ਦੇ ਆਉਣ ਦਾ ਵੇਰਵਾ ਸੀ। ਲੋਕਾਂ ਵਿਚ ਘੁਸਰ ਮੁਸਰ ਚੱਲ ਪਈ ਕਿ ਇੱਕ ਬੰਦੇ ਨੇ ਆਉਣਾ ਹੈ ਜੋ ‘ਮਰੇ ਹੋਏ’ ਬੰਦੇ ਦਾ ਗੱਲਾਂ ਨਾਲ ਇਲਾਜ ਕਰੇਗਾ। ਕੋਈ ਕਹਿੰਦਾ ਉਹ ਕੋਈ ‘ਕਰਾਮਾਤੀ’ ਹੈ, ਕੋਈ ਕਹਿੰਦਾ ਉਹ ‘ਬਾਬਾ’ ਹੈ। ਸਾਰੇ ਉਸ ਨੂੰ ਦੇਖਣ ਲਈ ਉਤਾਵਲੇ ਸਨ। ਮਨੋਵਿਗਿਆਨੀ ਡਾਕਟਰ ਦੇ ਆਉਣ ਤੋਂ ਪਹਿਲਾਂ ਪਿੰਡ ਦੀਆਂ ਔਰਤਾਂ ਅਤੇ ਬੰਦੇ ਕੰਮ ਧੰਦਾ ਠੱਪ ਕਰਕੇ ਇੰਤਜ਼ਾਰ ਕਰਨ ਲੱਗੇ। ਭੀੜ ਇੰਨੀ ਸੀ ਕਿ ਖੜ੍ਹੇ ਹੋਣ ਲਈ ਵੀ ਜਗ੍ਹਾ ਨਹੀਂ ਸੀ। ਕਿੰਨੇ ਲੋਕ ਤਾਂ ਕੋਠਿਆਂ ਉੱਪਰੋਂ ਦੇਖ ਰਹੇ ਸਨ।
ਮਨੋਵਿਗਿਆਨੀ ਨੇ ਆ ਕੇ ਪਹਿਲਾਂ ‘ਮਰੇ ਹੋਏ ਬੰਦੇ’ ਨੂੰ ਅਰਾਮ ਨਾਲ ਇੱਕ ਕੁਰਸੀ ’ਤੇ ਬਿਠਾਇਆ, ਫਿਰ ਕੋਲ ਪਾਣੀ ਦਾ ਗਲਾਸ ਰੱਖ ਦਿੱਤਾ। ਉਹ ਆਪ ਵੀ ਉਸ ਪਾਸ ਬੈਠ ਗਿਆ। ਕੁੱਛ ਦੇਰ ਬਾਅਦ ਕਹਿਣ ਲੱਗਾ, “ਮੈਂ ਇੱਕ ਮਨੋਵਿਗਿਆਨੀ ਹਾਂ, ਮੈਂ ਤੇਰੀ ਬਾਬਤ ਜਾਨਣਾ ਚਾਹੁੰਦਾ ਹਾਂ, ਜੇਕਰ ਤੂੰ ਬੁਰਾ ਨਾ ਮਨਾਏਂ।”
ਉਸ ਨੇ ਸਿਰ ਹਿਲਾ ਕੇ ‘ਹਾਂ’ ਕਰ ਦਿੱਤੀ। ਮਨੋਵਿਗਿਆਨੀ ਨੇ ਕਿਹਾ, “ਤੇਰਾ ਸ਼ੁਭ ਨਾਮ ਕੀ ਹੈ?”
“ਅਮਰਜੀਤ।”
ਮਨੋਵਿਗਿਆਨੀ ਬੋਲਿਆ, “ਅੱਛਾ, ਅਮਰਜੀਤ, ਜੋ ਤੇਰੇ ਨਾਲ ਘਟਨਾ ਵਾਪਰੀ, ਉਹ ਮੈਨੂੰ ਸ਼ੁਰੂ ਤੋਂ ਦੱਸ।”
ਅਮਰਜੀਤ ਕੁਛ ਦੇਰ ਚੁੱਪ ਰਹਿਣ ਤੋਂ ਬਾਅਦ ਹੌਲੀ ਹੌਲੀ ਬੋਲਣ ਲੱਗਾ, “ਮੈਂ ਕਾਲਜ ਵਿਚ ਪੜ੍ਹਨ ਗਿਆ ਹੋਇਆ ਸੀ ...।” ਇੰਨਾ ਕਹਿਕੇ ਅਮਰਜੀਤ ਚੁੱਪ ਹੋ ਗਿਆ।
ਮਨੋਵਿਗਿਆਨੀ ਕਹਿਣ ਲੱਗਾ, “ਕੋਈ ਗੱਲ ਨਹੀਂ ਅਮਰਜੀਤ ..., ਆਰਾਮ ਨਾਲ ਗੱਲ ਕਰ।”
ਅਮਰਜੀਤ ਨੇ ਫਿਰ ਬੋਲਣਾ ਸ਼ੁਰੂ ਕੀਤਾ, “ ... ਸ਼ਹਿਰ ਵਿਚ ਦੰਗੇ ਸ਼ੁਰੂ ਹੋ ਗਏ ਸਨ। ਰੇਡਿਓ ’ਤੇ ਖ਼ਬਰਾਂ ਨਸ਼ਰ ਹੋ ਰਹੀਆਂ ਸਨ ਕਿ ਸਿੱਖਾਂ ਨੂੰ ਮਾਰਿਆ ਜਾ ਰਿਹਾ ਹੈ। ਮੇਰਾ ਸਭ ਤੋਂ ਕਰੀਬੀ ਦੋਸਤ ਹਿੰਦੂ ਸੀ, ਉਹ ਕਾਲਜ ਤੋਂ ਸਿੱਧਾ ਮੈਨੂੰ ਮੱਲੋਮੱਲੀ ਆਪਣੇ ਘਰ ਲੈ ਗਿਆ। ਮੈਨੂੰ ਆਪਣੇ ਪਰਿਵਾਰ ਦਾ ਬਹੁਤ ਫਿਕਰ ਸੀ। ਉਸ ਦੋਸਤ ਨੇ ਪਤਾ ਕਰਕੇ ਦੱਸਿਆ ਕਿ ਉਹ ਸਾਰੇ ਆਪਣੇ ਇੱਕ ਹਿੰਦੂ ਦੋਸਤ ਦੇ ਘਰ ਵਿਚ ਛੁਪੇ ਬੈਠੇ ਹਨ। ਮੈਂ ਬਹੁਤ ਜ਼ੋਰ ਲਾਇਆ ਕਿ ਮੈਂ ਆਪਣੇ ਪਰਿਵਾਰ ਪਾਸ ਜਾਣਾ ਹੈ। ਉਸ ਨੇ ਕਿਹਾ ਕਿ ਅਜੇ ਹਾਲਾਤ ਬਹੁਤ ਖਰਾਬ ਹਨ। ...” ਗੱਲਾਂ ਕਰਦਾ ਕਰਦਾ ਅਮਰਜੀਤ ਫਿਰ ਰੁਕ ਗਿਆ।
ਮਨੋਵਿਗਿਆਨੀ ਚੁੱਪ ਕਰਕੇ ਅਮਰਜੀਤ ਦੀਆਂ ਗੱਲਾਂ ਨੋਟ ਕਰੀ ਜਾ ਰਿਹਾ ਸੀ। ਅਮਰਜੀਤ ਦੀਆਂ ਅੱਖਾਂ ਭਰ ਆਈਆਂ। ਉਹ ਫਿਰ ਦੱਸਣ ਲੱਗਾ, “... ਇੱਕ ਦਿਨ ਮੇਰਾ ਦੋਸਤ ਰੋਂਦਾ ਹੋਇਆ ਘਰ ਆਇਆ। ਉਸ ਨੇ ਦੱਸਿਆ ਕਿ ਮੇਰੇ ਵੱਡੇ ਭਾਅ ਨੇ ਜ਼ਿਦ ਕੀਤੀ ਕਿ ਉਹ ਆਪਣੇ ਘਰ ਜਾਣਾ ਚਾਹੁੰਦਾ ਹੈ, ਉਸ ਦਾ ਦੋਸਤ ਘਰ ਪਰ ਨਹੀਂ ਸੀ। ਦੋਸਤ ਦੇ ਪਰਿਵਾਰ ਨੇ ਬਹੁਤ ਰੋਕਿਆ ਪਰ ਮੇਰੇ ਭਾਅ ਨੇ ਕਿਸੇ ਦੀ ਨਹੀਂ ਮੰਨੀ। ਉਹ ਇਹ ਕਹਿ ਕੇ ਕਿ ਉਸ ਨੇ ਕਦੇ ਵੀ ਕਿਸੇ ਦਾ ਮਾੜਾ ਨਹੀਂ ਕੀਤਾ ਉਸ ਨਾਲ ਫਿਰ ਕਿਉਂ ਕੋਈ ਮਾੜਾ ਕਰੂ, ਸਾਰੇ ਪਰਿਵਾਰ ਨੂੰ ਨਾਲ ਲੈ ਕੇ ਪੈਦਲ ਘਰ ਨੂੰ ਤੁਰ ਪਿਆ। ਉਸ ਨੇ ਦੱਸਿਆ ਕਿ ਥੋੜ੍ਹੀ ਦੇਰ ਤੁਰੇ ਜਾਣ ਤੋਂ ਬਾਅਦ ਉਨ੍ਹਾਂ ਪਾਸ ਇੱਕ ਟਰੱਕ, ਜਿਸ ਵਿਚ ਕਈ ਬੰਦੇ ਬੈਠੇ ਹੋਏ ਸਨ, ਆ ਕੇ ਰੁਕਿਆ। ਇੱਕ ਨੇ ਕਿਹਾ - ਸਰਦਾਰ ਜੀ ਤੁਹਾਨੂੰ ਨਹੀਂ ਪਤਾ, ਹਾਲਾਤ ਬਹੁਤ ਖਰਾਬ ਹਨ ਅਤੇ ਤੁਸੀਂ ਸੜਕ ’ਤੇ ਤੁਰੇ ਫਿਰਦੇ ਹੋ? ਦੱਸੋ ਤੁਸੀਂ ਜਾਣਾ ਕਿੱਥੇ ਹੈ? ਅਸੀਂ ਤੁਹਾਨੂੰ ਉੱਥੇ ਲੈ ਜਾਂਦੇ ਹਾਂ, ਆਓ ਟਰੱਕ ਵਿਚ ਬੈਠੋ। - ਮੇਰੇ ਭਾਅ ਨੇ ਸਾਰਾ ਪਰਿਵਾਰ ਟਰੱਕ ਵਿਚ ਚੜ੍ਹਾ ਲਿਆ। ਫਿਰ ਉਨ੍ਹਾਂ ਨੇ ਮੇਰੇ ਪਰਿਵਾਰ ਦੇ ਇਕੱਲੇ ਇਕੱਲੇ ਮੈਂਬਰ ਦੇ ਗਲ਼ ਵਿਚ ਟਾਇਰ ਪਾਏ ਅਤੇ ਅੱਗਾਂ ਲਾ ਲਾ ਕੇ ਮਾਰਿਆ।” ਉਹ ਇਹ ਅਮਰਜੀਤ ਭੁੱਬਾ ਮਾਰ ਕੇ ਰੋਣ ਲੱਗ ਪਿਆ।
ਕਾਫੀ ਦੇਰ ਬਾਅਦ ਅਮਰਜੀਤ ਨੇ ਗੱਲ ਅਗਾਂਹ ਤੋਰੀ, “... ਫਿਰ ਮੇਰੇ ਦੋਸਤ ਨੇ ਮੈਨੂੰ ਕਿਹਾ ਕਿ ਤੇਰਾ ਹੁਣ ਦਿੱਲੀ ਵਿਚ ਰਹਿਣਾ ਖਤਰੇ ਵਿੱਚ ਹੈ, ਇਸ ਲਈ ਤੈਨੂੰ ਪੰਜਾਬ ਚਲੇ ਜਾਣਾ ਚਾਹੀਦਾ ਹੈ।” ਉਸ ਨੂੰ ਪਤਾ ਲੱਗਾ ਸੀ ਕਿ ਕੱਟੜ ਹਿੰਦੂ ਉਸਦੇ ਘਰ ਦੀਆਂ ਵੀ ਸੂਹਾਂ ਲੈਂਦੇ ਫਿਰਦੇ ਸਨ। ਫਿਰ ਉਸ ਨੇ ਤੇ ਉਸ ਦੇ ਪਰਿਵਾਰ ਨੇ ਮੇਰੇ ਜਬਰਦਸਤੀ ਵਾਲ ਕੱਟ ਦਿੱਤੇ ਅਤੇ ਮੈਨੂੰ ਪੈਸੇ ਦੇ ਕੇ ਪੰਜਾਬ ਲਈ ਗੱਡੀ ’ਤੇ ਚਾੜ੍ਹ ਦਿੱਤਾ। ਮੈਂ ਰੋ ਰਿਹਾ ਸੀ … ਮੈਂ ਦਿੱਲੀ ਵਿਚ ਹੀ ਮਰ ਜਾਣਾ ਚਾਹੁੰਦਾ ਸੀ। ਮੈਂ ਡਰਪੋਕ ਬਣ ਕੇ ਜੀਣਾ ਨਹੀਂ ਚਾਹੁੰਦਾ ਸੀ। ਮੈਂ ਮਹਿਸੂਸ ਕੀਤਾ ਕਿ ਮੇਰੇ ਅਤੇ ਮਰੇ ਹੋਏ ਬੰਦੇ ਵਿਚ ਕੋਈ ਫ਼ਰਕ ਨਹੀਂ ਹੈ। ਮੈਂ ਇੱਕ ਲਾਸ਼ ਹੀ ਹਾਂ ...”
ਅਮਰਜੀਤ ਫਿਰ ਹਟਕੋਰਾ ਲੈ ਕੇ ਦੱਸਣ ਲੱਗਾ, “... ਗੱਡੀ ਅਜੇ ਚੱਲੀ ਹੀ ਸੀ ਕਿ ਚਾਰ-ਪੰਜ ਬੰਦੇ ਮੇਰੇ ਵਾਲੇ ਡੱਬੇ ਵਿਚ ਆ ਟਪਕੇ। ਪਹਿਲਾਂ ਉਹ ਮੇਰੇ ਵੱਲ ਲਗਾਤਾਰ ਘੂਰ ਘੂਰ ਝਾਕੀ ਗਏ, ਫਿਰ ਇੱਕ ਨੇ ਉੱਚੀ ਦੇਣੀ ਕਿਹਾ, “ਉਏ, ਕੌਣ ਹੈ ਤੂੰ?” ਮੇਰਾ ਸਰੀਰ ਸੁੰਨ ਹੋ ਗਿਆ। ਮੇਰੇ ਨਾਲ ਬੈਠੀ ਔਰਤ ਨੇ ਕਿਹਾ, “ਇਹ ਮੇਰਾ ਪੁੱਤ ਹੈ, ਤੁਸੀਂ ਕੌਣ ਹੁੰਦੇ ਹੋ ਪੁੱਛਣ ਵਾਲੇ?” ਉਨ੍ਹਾਂ ਵਿੱਚੋਂ ਦੂਸਰਾ ਬੰਦਾ ਬੋਲਿਆ, “ਇਹ ਤਾਂ ਸਿਖੜਾ ਲਗਦਾ ਹੈ।” ਉਹ ਔਰਤ ਬੋਲੀ, “ਮੈਂ ਸਿੱਖਣੀ ਲੱਗਦੀ ਹਾਂ?” ਉਹ ਚੁੱਪ ਹੋ ਗਏ। ਫਿਰ ਉਸ ਔਰਤ ਨੇ ਉਨ੍ਹਾਂ ਨੂੰ ਕਿਹਾ ਕਿ ਉਹ ਉੱਥੋਂ ਚਲੇ ਜਾਣ ਨਹੀਂ ਤਾਂ ਉਹ ਪੁਲੀਸ ਨੂੰ ਸੱਦੇਗੀ। ਉਹ ਜਾਂਦੇ ਹੋਏ ਮੇਰੇ ਵੱਲ ਜਲਾਦ ਵਰਗੀਆਂ ਅੱਖਾਂ ਨਾਲ ਝਾਕ ਰਹੇ ਸਨ। ਮੈਂ ਸਹਿਮਿਆਂ ਹੋਇਆ ਬੈਠਾ ਰਿਹਾ। ਉਸ ਔਰਤ ਨੇ ਮੈਨੂੰ ਕਿਹਾ, “ਪੁੱਤ ਫਿਕਰ ਨਾ ਕਰ, … ਮੈਂ ਹਾਂ ਨਾ।” ਜਦ ਗੱਡੀ ਪੰਜਾਬ ਦੀ ਹੱਦ ਵਿਚ ਪਹੁੰਚ ਗਈ, ਉਸ ਨੇ ਮੈਨੂੰ ਕਿਹਾ, “ਪੁੱਤ ਆਪਾਂ ਪੰਜਾਬ ਵਿਚ ਆ ਗਏ ਹਾਂ, ਹੁਣ ਡਰਨ ਵਾਲੀ ਕੋਈ ਗੱਲ ਨਹੀਂ।” ਅਤੇ ਉਹ ਉੱਠ ਕੇ ਕੱਪੜੇ ਲੈ ਕੇ ਤੁਰਨ ਲੱਗੀ ਬੋਲੀ, “ਮੈਂ ਜਲਦੀ ਆਈ।” ਸਵਾਰੀਆਂ, ਜੋ ਪਹਿਲਾਂ ਚੁੱਪ ਚਾਪ ਬੈਠੀਆਂ ਸਨ, ਘੁਸਰ ਮੁਸਰ ਕਰਨ ਲੱਗ ਪਈਆਂ। ਜਦ ਉਹ ਔਰਤ ਵਾਪਸ ਆਈ, ਉਹ ਪੂਰੀ ਪੰਜਾਬਣ ਲੱਗਦੀ ਸੀ ਅਤੇ ਉਸ ਦੇ ਮੱਥੇ ਦਾ ਤਿਲਕ ਵੀ ਗੁੰਮ ਸੀ। ਬੈਠ ਕੇ ਕਹਿਣ ਲੱਗੀ “ਪੁੱਤ ਹੁਣ ਅਜ਼ਾਦ ਭਾਰਤ ਵਿਚ ਭੇਸ ਬਦਲ ਕੇ ਜੀਣਾ ਪੈਂਦਾ ਹੈ, ਭਾਰਤੀ ਲੋਕ ਲੇਲੇ ਬਣ ਗਏ ਹਨ, ਇਨ੍ਹਾਂ ਦੀ ਅਵਾਜ਼ ਜ਼ੁਲਮ ਵਿਰੁੱਧ ਨਹੀਂ ਖੁੱਲ੍ਹਦੀ।” ਫਿਰ ਉਹ ਪੁੱਛਣ ਲੱਗੀ, “ਤੂੰ ਪੁੱਤ ਕਿੱਥੇ ਜਾਣਾ ਹੈ?” ਮੈਂ ਕਿਹਾ, “ਜਲੰਧਰ ਦੇ ਇੱਕ ਪਿੰਡ ਵਿਚ।” ‘ਮੈਂ ਤੇਰੇ ਨਾਲ ਚੱਲਾਂ?” ਉਹਨੇ ਪੁੱਛਿਆ। ਮੈਂ ਕਿਹਾ, “ਮੈਂ ਇਕੱਲਾ ਚਲਾ ਜਾਵਾਂਗਾ।” “ਤੇਰੇ ਪਾਸ ਕਰਾਇਆ ਹੈ?” ਉਹਨੇ ਪੁੱਛਿਆ। ਕਿਰਾਇਆ ਮੇਰੇ ਪਾਸ ਸੀ। ਮੈਂ ਗੱਡੀ ਵਿੱਚੋਂ ਉਤਰਨ ਤੋਂ ਪਹਿਲਾਂ ਉਸਦਾ ਧੰਨਵਾਦ ਕੀਤਾ ਅਤੇ ਕਿਹਾ, “ਤੂੰ ਮੇਰੀ ਸੱਚੀ ਮਾਂ ਹੈਂ।” ਉਸ ਨੇ ਮੈਨੂੰ ਪਿਆਰ ਨਾਲ ਜੱਫੀ ਪਾ ਕੇ ਮੇਰਾ ਮੱਥਾ ਚੁੰਮਿਆ। ਸੱਚਮੁੱਚ ਮੈਨੂੰ ਉਸ ਔਰਤ ਕੋਲੋਂ ਮੇਰੀ ਮਾਂ ਦਾ ਨਿੱਘ ਮਹਿਸੂਸ ਹੋਇਆ।...
“ਡਾਕਟਰ ਸਾਹਿਬ, ਜਿੰਨੇ ਬੇਗਨਾਹ ਲੋਕ ਆਪਣੀਆਂ ਸਰਕਾਰਾਂ ਨੇ ਮਾਰੇ ਹਨ, ਅੰਗਰੇਜ਼ ਮਾਰਦੇ ਤਾਂ ਕਿੰਨੇ ਜਲਿਆਂਵਾਲੇ ਬਾਗ ਬਣਦੇ? ਕਿਉਂਕਿ ਆਪਣੀਆਂ ਸਰਕਾਰਾਂ ਨੇ ਮਾਰੇ ਹਨ, ਉਨ੍ਹਾਂ ਦਾ ਇੱਕ ਮਰੀ ਗਾਂ ਜਿੰਨਾ ਵੀ ਕਿਸੇ ਨੂੰ ਅਫ਼ਸੋਸ ਨਹੀਂ। ਇਨ੍ਹਾਂ ਨੇ ਕਿੰਨੇ ਵੱਖਰੇ ਵੱਖਰੇ ਧਰਮ ਦੇ ਲੋਕਾਂ ਨੂੰ ਬੱਕਰੇ ਦੀ ਬਲੀ ਬਣਾਇਆ ਹੈ। ਇੱਥੇ ਸਰਕਾਰਾਂ ਨਿਹੱਥੇ ਲੋਕਾਂ ਨੂੰ ਪੁਲਿਸ ਮੁਕਾਬਲੇ ਬਣਾ ਕੇ ਮਾਰਦੀਆਂ ਹਨ। ਹੁਣ ਅਜ਼ਾਦ ਭਾਰਤ ਵਿਚ ਲੋਕਾਂ ਦੀਆਂ ਆਤਮਾ ਮਰ ਚੁੱਕੀ ਹਨ। ਸਰਕਾਰੀ ਜ਼ੁਲਮ ਦੇ ਵਿਰੁੱਧ ਤਾਂ ਲੋਕਾਂ ਦੀ ਬੋਲਤੀ ਬੰਦ ਹੋ ਗਈ ਹੈ। ਲੋਕੀਂ ਵਿਰੋਧੀ ’ਤੇ ਹੁੰਦੇ ਸਰਕਾਰੀ ਜ਼ੁਲਮ ਦੀਆਂ ਖੁਸ਼ੀਆਂ ਮਨਾਉਂਦੇ ਹਨ - ਇਹ ਨਹੀਂ ਸੋਚਦੇ ਕਿ ਉਨ੍ਹਾਂ ਦੀ ਵੀ ਕੱਲ੍ਹ ਨੂੰ ਵਾਰੀ ਆਉਣੀ ਹੈ। ਗੁਰੂ ਗੋਬਿੰਦ ਸਿੰਘ ਜੀ ਨੇ ਭਾਰਤੀ ਲੋਕਾਂ ਦੀਆਂ ਮਰੀ ਹੋਈ ਆਤਮਾ ਨੂੰ ਜਗਾਇਆ ਸੀ ਅਤੇ ਜਾਤਾਂ ਵਿਚ ਵੰਡੇ ਹੋਏ ਲੋਕਾਂ ਨੂੰ ਇਕੱਠੇ ਕਰਕੇ ਸਰਕਾਰੀ ਜ਼ੁਲਮ ਵਿਰੁੱਧ ਲਾਮਬੰਦ ਕੀਤਾ ਸੀ, ਜਿਸ ਨੂੰ ਖਾਲਸਾ ਕਹਿੰਦੇ ਸਨ। ਦੁੱਖ ਹੈ ਕਿ ਅੱਜ ਗੁਰੂ ਦੇ ਸਿੱਖ ਵੀ ਗੁਰੁ ਦੀ ਇਸ ਸਿੱਖਿਆ ਨੂੰ ਭੁੱਲ ਗਏ ਹਨ। ਅੱਜ ਫਿਰ ਲੋਕਾਂ ਦੀ ਆਤਮਾ ਮਰ ਚੁੱਕੀ ਹੈ। ਇਹੋ ਜਿਹੇ ਵਾਤਾਵਰਣ ਵਿਚ ਮੇਰਾ ਸਾਹ ਘੁੱਟਦਾ ਹੈ। ਮੈਨੂੰ ਸਿਵਿਆਂ ਵਿਚ ਮਰੇ ਹੋਏ ਲੋਕ ਅੱਛੇ ਲਗਦੇ ਹਨ, ਕਿਉਂਕਿ ਉਹ ਆਪਣੀਆਂ ਸਰਕਾਰਾਂ ਤੋਂ ਅਜ਼ਾਦ ਹਨ। ਅਸੀਂ ਵੰਡ ਦੇ ਕਤਲੇਆਮ ਤੋਂ ਵੀ ਕੁੱਛ ਨਹੀਂ ਸਿੱਖਿਆ, ਧਰਮ ਲੋਕਾਂ ਵਿਚ ਵੰਡੀਆਂ ਪਾਉਂਦਾ ਹੈ। ਮੈਂ ਇਹੋ ਜਿਹੇ ਹਾਲਾਤ ਵਿਚ ਜੀਅ ਨਹੀਂ ਸਕਦਾ। ...
“ਅਖੌਤੀ ਅਜ਼ਾਦੀ ਮੇਰਾ ਦਮ ਘੁੱਟਦੀ ਹੈ। ਇੱਥੇ ਨਾ ਬੋਲਣ, ਨਾ ਖਾਣ ਪੀਣ ਅਤੇ ਨਾ ਪਹਿਨਣ ਦੀ ਅਜ਼ਾਦੀ ਹੈ। ਇੱਥੇ ਸਰਕਾਰਾਂ ਘੱਟ ਗਿਣਤੀ ਦੇ ਧਰਮ ਅਤੇ ਵੱਖਰੀ ਸੋਚ ਦੇ ਲੋਕਾਂ ਨੂੰ ਖੁੱਲ੍ਹਮਖੁੱਲ੍ਹਾ ਮਾਰਦੀ ਹੈ। ਲੋਕਾਂ ਨੂੰ ਪਾਰਟੀਆਂ ਦੇ ਮੈਨੀਫੈਸਟੋ ਦਾ ਪਤਾ ਨਹੀਂ; ਵੋਟਾਂ ਧਰਮ, ਜਾਤਾਂ ਅਤੇ ਫਿਰਕਿਆਂ ਦੇ ਅਧਾਰ ’ਤੇ ਪਾਉਂਦੇ ਹਨ। ਕੀ ਅਸੀਂ ਇਸ ਨੂੰ ਲੋਕ ਰਾਜ ਕਹਾਂਗੇ? ਅੰਗਰੇਜ਼ਾਂ ਦੇ ਰਾਜ ਵਿਚ ਵੀ ਸਾਡੀਆਂ ਮਾਂਵਾਂ ਭੈਣਾਂ ਦਾ ਇੰਨਾ ਬਲਾਤਕਾਰ ਨਹੀਂ ਹੁੰਦਾ ਸੀ, ਜੋ ਆਪਣੀਆਂ ਸਰਕਾਰਾਂ ਦੇ ਜ਼ਮਾਨੇ ਵਿਚ ਹੋ ਰਿਹਾ ਹੈ। ਅੰਗਰੇਜ਼ਾਂ ਨੇ ਵੀ ਇੰਨੀ ਲੁੱਟ ਨਹੀਂ ਮਚਾਈ ਸੀ, ਜਿੰਨੀ ਸਾਡੇ ਆਪਣੇ ਹੁਕਮਰਾਨਾਂ ਨੇ। ਅਜ਼ਾਦੀ ਤੋਂ ਬਾਅਦ ਮਜ਼ਦੂਰ ਅਤੇ ਗ਼ਰੀਬ ਦਾ ਜੀਣਾ ਔਖਾ ਹੋ ਗਿਆ ਹੈ। ਗ਼ਰੀਬ ਕਿਸਾਨ ਹਰ ਰੋਜ਼ ਖ਼ੁਦਕੁਸ਼ੀਆਂ ਕਰ ਰਹੇ ਹਨ। ਕੋਈ ਦੱਸ ਸਕਦਾ ਹੈ, ਮੈਂ ਕਿਸ ਆਸਰੇ ’ਤੇ ਜੀਵਾਂ? …” ਇਹ ਕਹਿ ਕੇ ਅਮਰਜੀਤ ਇੱਕ ਤਰ੍ਹਾਂ ਕੁਰਸੀ ’ਤੇ ਢਹਿ ਪਿਆ। ਸਾਰੇ ਲੋਕ ਮੂੰਹ ਅੱਡੀ ਉਸ ਵੱਲ ਦੇਖ ਰਹੇ ਸਨ।
ਡਾਕਟਰ ਸਾਹਿਬ ਥੋੜ੍ਹੀ ਦੇਰ ਬੈਠੇ ਰਹੇ, ਫਿਰ ਉੱਠ ਕੇ ਕਹਿਣ ਲੱਗੇ, “ਜੋ ਅਮਰਜੀਤ ਨੇ ਕਿਹਾ ਹੈ, ਇਹ ਸਭ ਸੱਚ ਹੈ। ਅਸੀਂ ਸਾਰੇ ਕਸੂਰਵਾਰ ਹਾਂ, ਮੈਂ ਵੀ। ਜ਼ੁਲਮ, ਜ਼ੁਲਮ ਹੀ ਹੈ, ਚਾਹੇ ਆਪਣੇ ਦਾ ਜਾਂ ਗੈਰ ਦਾ। ਹਰ ਜ਼ੁਲਮ ਵਿਰੁੱਧ ਅਵਾਜ਼ ਉਠਾਉਣੀ ਸਾਡਾ ਫ਼ਰਜ਼ ਹੈ, ਨਹੀਂ ਤਾਂ ਜ਼ੁਲਮ ਵਧਦਾ ਹੀ ਜਾਵੇਗਾ। ਸਾਨੂੰ ਧਰਮਾਂ, ਜਾਤਾਂ ਅਤੇ ਫਿਰਕਿਆਂ ਤੋਂ ਉੱਪਰ ਉੱਠ ਕੇ ਏਕਤਾ ਬਣਾ ਕੇ ਸਰਕਾਰੀ ਜ਼ੁਲਮ ਵਿਰੁੱਧ ਅਵਾਜ਼ ਉਠਾਲਣੀ ਪਵੇਗੀ, ਨਹੀਂ ਤਾਂ ਅਮਰਜੀਤ ਵਰਗੇ ਸਮਝਦਾਰ ਲੋਕ ਸਾਡੇ ਦੇਸ਼ ਵਿਚ ਜੀਅ ਨਹੀਂ ਸਕਣਗੇ। ਇਹੋ ਜਿਹੇ ਇਨਸਾਨਾਂ ਦੀਆਂ ਮੌਤਾਂ ਦੇ ਜ਼ਿੰਮੇਵਾਰ ਆਪਾਂ ਸਾਰੇ ਹਾਂ। ਅਸੀਂ ਅਜ਼ਾਦ ਹੋਣ ਦੀ ਥਾਂ ਦਿਮਾਗੀ ਤੌਰ ’ਤੇ ਗ਼ੁਲਾਮ ਬਣ ਗਏ ਹਾਂ। ਜਦ ਤਕ ਅਸੀਂ ਗ਼ੁਲਾਮ ਸੋਚ ਤੋਂ ਛੁਟਕਾਰਾ ਨਹੀਂ ਪਾਉਂਦੇ, ਅਜ਼ਾਦੀ ਬੇਅਰਥ ਹੈ।” ਇਹ ਕਹਿ ਕੇ ਡਾਕਟਰ ਆਪਣਾ ਬੈਗ ਚੁੱਕ ਕੇ ਤੁਰ ਪਿਆ।
ਸਰਪੰਚ ਨੇ ਅਵਾਜ਼ ਮਾਰੀ, “ਡਾਕਟਰ ਸਾਹਿਬ, ਤੁਹਾਡੀ ਫੀਸ?”
ਡਾਕਟਰ ਬੋਲਿਆ, “ਫੀਸ ਮੈਨੂੰ ਨਹੀਂ, ਅਮਰਜੀਤ ਨੂੰ ਦਿਓ, ਜਿਸ ਨੇ ਸਾਡੇ ਸਾਰਿਆਂ ਦੀਆਂ ਅੱਖਾਂ ਖੋਲ੍ਹੀਆਂ ਹਨ।”
*****
(1266)