“ਟੁਕੜੀਆਂ ਵਿਚ ਵੰਡੇ ਹੋਏ ਅਤੇ ਫ਼ਿਰਕਾਪ੍ਰਸਤੀ ਦੀਆਂ ਐਨਕਾਂ ਲਾਈ ਬੈਠੇ ਲੋਕ ...”
(31 ਅਕਤੂਬਰ 2018)
ਭਾਰਤ ਦੇ ਇਕ ਸ਼ਹਿਰ ਵਿਚ ਤਕਰੀਬਨ ਸਾਲ ਹੋ ਗਿਆ ਸੀ ਕਿ ਇਕ ਰੌਲਾ-ਰੱਪਾ ਖ਼ਤਮ ਹੋਣ ਦਾ ਨਾ ਹੀ ਨਹੀਂ ਲੈ ਰਿਹਾ ਸੀ। ਇਕ ਪੜ੍ਹਿਆ ਲਿਖਿਆ ਮੁਸਲਮਾਨ ਸਰਕਾਰੀ ਨੌਕਰੀ ਕਰਦਾ ਸੀ। ਪੈਨਸ਼ਨ ਲੈਣ ਤੋਂ ਇਕ ਸਾਲ ਪਹਿਲਾਂ ਹਿੰਦੂ ਬਣ ਗਿਆ। ਦੌਲਤ ਖਾਨ ਦੌਲਤ ਰਾਮ ਬਣ ਗਿਆ। ਹਿੰਦੂ ਧਰਮ ਦੇ ਚੌਧਰੀਆਂ ਨੇ ਇਸ ਗੱਲ ਨੂੰ ਬਹੁਤ ਚੁੱਕਿਆ ਅਤੇ ਕਿਹਾ ਇਸ ਤੋਂ ਪਤਾ ਲਗਦਾ ਹੈ ਕਿ ਪੜ੍ਹੇ ਲਿਖੇ ਮੁਸਲਮਾਨ ਜਾਣਦੇ ਹਨ ਕਿ ਹਿੰਦੂ ਧਰਮ ਕਿੰਨਾ ਵਧੀਆ ਧਰਮ ਹੈ। ਵੈਸੇ ਤਾਂ ਭਾਰਤ ਵਿਚ ਪੜ੍ਹੇ ਲਿਖੇ ਮੁਸਲਮਾਨਾਂ ਦੀ ਘਾਟ ਨਹੀਂ ਸੀ। ਪਰ ਉਨ੍ਹਾਂ ਲਈ ਤਾਂ ਇਕ ਮੁਸਲਮਾਨ ਦਾ ਹਿੰਦੂ ਬਣਨਾ ਇਸਲਾਮ ਨੂੰ ਢਾਹੁਣ ਵਾਲੀ ਗੱਲ ਸੀ। ਦੌਲਤ ਰਾਮ ਨੂੰ ਹਿੰਦੂ ਆਪਣੀਆਂ ਪਾਰਟੀਆਂ ਵਿਚ ਸੱਦਣ ਲੱਗ ਪਏ। ਉਸਦੀਆਂ ਤਾਂ ਸਮਝੋ ਪੰਜੇ ਉਂਗਲਾ ਘੇ ਵਿਚ। ਹਰ ਥਾਂ ਉਸ ਦੀ ਆਓ ਭਗਤ ਨਾਲ ਵਧੀਆ ਤੋਂ ਵਧੀਆ ਖਾਣਾ ਮਿਲਦਾ। ਉੱਧਰ ਵਿਚਾਰੇ ਸਦੀਆਂ ਤੋਂ ਬਣੇ ਹੋਏ ਗ਼ਰੀਬ ਭੁੱਖੇ ਮਰਦੇ ਹਿੰਦੂਆਂ ਨੂੰ ਕੋਈ ਪੁੱਛਦਾ ਹੀ ਨਹੀਂ ਸੀ। ਹਿੰਦੂ ਰੁਝਾਨ ਵਾਲੇ ਅਖ਼ਬਾਰਾਂ ਅਤੇ ਟੀ.ਵੀ. ਚੈਨਲਾਂ ਨੇ ਵੀ ਇਸ ਦਾ ਬਹੁਤ ਢੰਡੋਰਾ ਪਿੱਟਿਆ। ਲਗਦਾ ਸੀ ਕਿ ਇਹ ਜਾਦੂ ਦਾ ਖਿਡੌਣਾ ਉਨ੍ਹਾਂ ਨੂੰ ਮਸੀਂ ਕਿਤੇ ਲੱਭਾ ਸੀ। ਉਂਝ ਤਾਂ ਕਈ ਹਿੰਦੂ ਕੁੜੀਆਂ ਨੇ ਮੁਸਲਮਾਨ ਬਣ ਕੇ ਮੁਸਲਮਾਨਾਂ ਨਾਲ ਵਿਆਹ ਵੀ ਰਚਾਏ ਸਨ। ਇਸ ਗੱਲ ’ਤੇ ਚੈਨਲਾਂ ਵਾਲਿਆਂ ਨੇ ਮੋਨ ਧਾਰਿਆ ਹੋਇਆ ਸੀ, ਕਿਉਂਕਿ ਇਹ ਭਾਰਤ ਹੈ, ਜਿਸ ਵਿਚ ਹਿੰਦੂਆਂ ਦੀ ਮਨ ਮਰਜ਼ੀ ਚਲਦੀ ਹੈ। ਇਸੇ ਤਰ੍ਹਾਂ ਅਕਸਰ ਪਾਕਿਸਤਾਨ ਵਿਚ ਵੀ ਹੁੰਦਾ ਹੈ। ਜੇਕਰ ਉੱਥੇ ਕੋਈ ਹਿੰਦੂ ਮੁਸਲਮਾਨ ਬਣ ਜਾਵੇ, ਜਿਵੇਂ ਈਦ ਦਾ ਚੰਨ ਸਦੀਆਂ ਤੋਂ ਬਾਅਦ ਚੜ੍ਹਿਆ ਹੋਵੇ।
ਪੈਨਸ਼ਨ ਲੱਗ ਜਾਣ ਤੋਂ ਬਾਅਦ, ਪਤਾ ਨਹੀਂ ਦੌਲਤ ਰਾਮ ਨੂੰ ਕੀ ਹੋਇਆ, ਉਹ ਮੁੜ ਕੇ ਦੌਲਤ ਖਾਨ ਬਣ ਗਿਆ। ਇਹ ਗੱਲ ਤਾਂ ਸ਼ਹਿਰ ਵਿਚ ਅੱਗ ਦੇ ਗੋਲੇ ਵਾਂਗ ਫੈਲ ਗਈ। ਕੱਟੜ ਹਿੰਦੂਆਂ ਨੇ ਅੱਤ ਹੀ ਚੁੱਕ ਲਈ, ਉਹ ਸਾਰੇ ਮੁਸਲਮਾਨ ਭਾਈਚਾਰੇ ਨੂੰ ਗਾਲਾਂ ਦੇਣ ਲੱਗੇ। ਹਿੰਦੂਆਂ ਦਾ ਇਕ ਟੋਲਾ ਤਾਂ ਦੌਲਤ ਖਾਨ ਨੂੰ ਸਬਕ ਸਿਖਾਉਣ ਲਈ ਲੱਭਦਾ ਫਿਰਦਾ ਸੀ। ਕਈਆਂ ਹਿੰਦੂਆਂ ਦਾ ਖਿਆਲ ਸੀ ਕਿ ਦੌਲਤ ਖਾਨ ਉਨ੍ਹਾਂ ਨੂੰ ਬੇਵਕੂਫ ਬਣਾ ਗਿਆ। ਦੌਲਤ ਖਾਨ ਜੀਂਦਾ ਹੈ ਜਾਂ ਮਰਿਆ, ਇਸ ਦੀ ਕਿਸੇ ਨੂੰ ਪ੍ਰਵਾਹ ਨਹੀਂ ਸੀ। ਹਿੰਦੂ ਤਾਂ ਇਹ ਵੀ ਕਹਿੰਦੇ ਸਨ ਕਿ ਉਸ ਨੂੰ ਮੁਸਲਮਾਨ ਭਾਈਚਾਰੇ ਨੇ ਹੀ ਲੁਕਾ ਕੇ ਰੱਖਿਆ ਹੋਇਆ ਹੈ। ਮੁਸਲਮਾਨ ਭਾਈਚਾਰਾ, ਘੱਟ ਗਿਣਤੀ ਵਿਚ ਹੋਣ ਕਰਕੇ, ਡਰਿਆ ਅਤੇ ਸਹਿਮਿਆ ਹੋਇਆ ਸੀ। ਸ਼ਹਿਰ ਦੇ ਕੋਨੇ ਕੋਨੇ ਵਿਚ ਦੌਲਤ ਖਾਨ ਦੀ ਹੀ ਗੱਲ ਹੋ ਰਹੀ ਸੀ, ਜਿਵੇਂ ਭਾਰਤ ਵਿਚ ਹੋਰ ਕੋਈ ਖ਼ਬਰ ਹੈ ਹੀ ਨਹੀਂ।
ਗਰਮੀਆਂ ਦੇ ਦਿਨਾਂ ਕਰਕੇ ਲੋਕੀ ਸ਼ਾਮ ਨੂੰ ਇਕ ਪਾਰਕ ਵਿਚ ਟੋਲੀਆਂ ਬਣਾ ਕੇ ਬੈਠੇ ਸਨ। ਉਨ੍ਹਾਂ ਦਾ ਵਿਸ਼ਾ ਵੀ ਦੌਲਤ ਖਾਨ ਹੀ ਸੀ। ਇਕ ਟੋਲੇ ਵਿਚ ਬਜ਼ੁਰਗ ਸਤਨਾਮ ਸਿੰਘ ਕਹਿਣ ਲਗਾ, “ਹਿੰਦੂਆਂ ਨੇ ਤਾਂ ਅੱਤ ਹੀ ਚੁੱਕ ਲਈ ਹੈ, ਜਦ ਦਾ ਆਹ ਮੋਦੀ ਦਾ ਰਾਜ ਆਇਆ ਹੈ, ਬਾਕੀ ਧਰਮਾਂ ਵਾਲਿਆ ਦਾ ਜੀਉਣਾ ਹਰਾਮ ਕਰ ਦਿੱਤਾ ਹੈ। ਪੁਲੀਸ ਵੀ ਇਨ੍ਹਾਂ ਦੀ ਪਿਠ ’ਤੇ ਹੈ। ਜਿਸ ਨੂੰ ਚਾਹੁਣ ਕੁੱਟਦੇ ਮਾਰਦੇ ਹਨ। ਇਨ੍ਹਾਂ ਨੂੰ ਕੋਈ ਪੁੱਛਣ ਵਾਲਾ ਹੀ ਨਹੀਂ। ਗਾਂ ਮਰ ਜਾਏ ਤਾਂ ਆਫ਼ਤ ਖੜ੍ਹੀ ਕਰ ਦਿੰਦੇ ਹਨ, ਇਨਸਾਨ ਮਰ ਜਾਏ ਤਾਂ ਕੁੱਤੇ ਜਿੰਨੀ ਕਦਰ ਨਹੀਂ ਕਰਦੇ। ਸ਼ਾਇਦ ਭਾਰਤ ਹੀ ਦੁਨੀਆਂ ਵਿਚ ਇਕ ਇਹੋ ਜਿਹਾ ਦੇਸ਼ ਹੈ ਜਿੱਥੇ ਪਸ਼ੂ ਦੀ ਕਦਰ ਇਨਸਾਨ ਨਾਲੋਂ ਜ਼ਿਆਦਾ ਹੈ। ਜਦ ਦੌਲਤ ਖਾਨ ਦੌਲਤ ਰਾਮ ਬਣਿਆ ਸੀ, ਉਦੋਂ ਤਾਂ ਇਨ੍ਹਾਂ ਨੇ ਹਿੰਦੂ ਧਰਮ ਨੂੰ ਅਸਮਾਨ ’ਤੇ ਚੁੱਕ ਲਿਆ ਸੀ, ਜਦ ਉਹ ਮੁੜ ਕੇ ਖਾਨ ਬਣ ਗਿਆ ਹੈ, ਹਿੰਦੂ ਧਰਮ ਨੂੰ ਖ਼ਤਰਾ ਪੈਦਾ ਹੋ ਗਿਆ ਹੈ। ਇਹ ਦੌਲਤ ਖਾਨ ਦੀ ਮਰਜ਼ੀ ਹੈ, ਉਹ ਚਾਹੇ ਹਿੰਦੂ ਬਣੇ ਜਾਂ ਮੁਸਲਮਾਨ, ਕਿਸੇ ਦਾ ਕੀ ਰੌਲਾ?।”
ਅੱਧਖੜ ਤਾਰਿਕ ਬੋਲਿਆ, “ਮੈਂ ਪਰਸੋਂ ਘਰ ਨੂੰ ਤੁਰਿਆ ਜਾਂਦਾ ਸੀ ਕਿ ਰਸਤੇ ਵਿਚ ਹਿੰਦੂਆਂ ਦੇ ਮੁੰਡੇ ਖੜ੍ਹੇ ਸਨ। ਜਦ ਮੈਂ ਪਾਸ ਦੀ ਲੰਘਣ ਲੱਗਾ ਤਾਂ ਇਕ ਕਹਿਣ ਲੱਗਾ, “ਇਨ੍ਹਾਂ ਨੂੰ ਹੁਣ ਪਾਕਿਸਤਾਨ ਭੇਜਣਾ ਹੈ।’ ਮੈਂ ਚੁੱਪ ਕਰਕੇ ਤੁਰਦਾ ਰਿਹਾ। ਮੈਨੂੰ ਡਰ ਸੀ ਕਿ ਮੇਰੇ ਤੇ ਕਿਤੇ ਕੁੱਟਾਪਾ ਹੀ ਨਾ ਚਾੜ੍ਹ ਦੇਣ।”
ਬੁੱਢਾ ਭਗਤੂ ਬੋਲਿਆ, “ਇਹ ਤਾਂ ਹੁਣ ਸਾਨੂੰ ਦਲਿਤਾਂ ਨੂੰ ਵੀ ਨਹੀਂ ਜੀਣ ਦਿੰਦੇ, ਭਾਵੇਂ ਅਸੀਂ ਵੀ ਤਾਂ ਹਿੰਦੂ ਹੀ ਹਾਂ। ਦਲਿਤ ਹਿੰਦੂ, ਮੁਸਲਮਾਨਾਂ ਦੇ ਰਾਜ ਵਿਚ, ਮੁਸਲਮਾਨ ਬਣ ਗਿਆ ਸੀ ਅਤੇ ਹੁਣ ਮੁੜ ਕੇ ਹਿੰਦੂ ਬਣ ਗਿਆ, ਕਿਹੜੀ ਵੱਡੀ ਗੱਲ ਹੋਈ? ਜਦ ਦਾ ਉਹ ਮੁੜ ਕੇ ਮੁਸਲਮਾਨ ਬਣ ਗਿਆ, ਸਾਰੇ ਮੁਸਲਮਾਨਾਂ ਦੀ ਜਾਨ ਜੋਖਮ ਵਿਚ ਪਾ ਦਿੱਤੀ ਹੈ। ਹੈ ਤਾਂ ਉਹ ਇਨਸਾਨ ਹੀ। ਕੱਟੜ ਹਿੰਦੂਆਂ ਨੇ ਲੋਕਾਂ ਨੂੰ ਸੂਲੀ ’ਤੇ ਟੰਗਿਆ ਹੋਇਆ ਹੈ। ਮੈਨੂੰ ਤਾਂ ਭਾਸਦਾ ਹੈ ਕਿ ਮੋਦੀ ਦਾ ਨਹੀਂ, ਬ੍ਰਾਹਮਣ ਰਾਜ ਮੁੜ ਕੇ ਆ ਗਿਆ ਹੈ।”
ਰਿਟਾਇਰਡ ਮਾਸਟਰ ਰਾਮ ਲਾਲ, ਜੋ ਚੁੱਪ ਕਰਕੇ ਸੁਣਦਾ ਰਿਹਾ ਸੀ, ਬੋਲਿਆ, “ਜਦ ਭਾਰਤ ਅਜ਼ਾਦ ਹੋਇਆ ਸੀ, ਲੋਕਾਂ ਨੂੰ ਆਸ ਸੀ ਕਿ ਸਾਡਾ ਦੇਸ਼ ਵੀ ਵਿਕਸਿਤ ਦੇਸ਼ਾਂ ਦੀ ਤਰ੍ਹਾਂ ਤਰੱਕੀ ਕਰੇਗਾ। ਹੋਇਆ ਇਹ ਹੈ ਕਿ ਗੋਰਿਆਂ ਦੀਆਂ ਕੁਰਸੀਆਂ ’ਤੇ ਕਾਲੇ ਬਾਬੂ ਬੈਠ ਗਏ ਅਤੇ ਇਨ੍ਹਾਂ ਕਾਲੇ ਬਾਬੂਆਂ ਨੇ ਤਾਂ ਲੋਕਾਂ ’ਤੇ ਜ਼ੁਲਮ ਕਰਨ ਅਤੇ ਲੁੱਟਣ ਵਿਚ ਗੋਰਿਆਂ ਨੂੰ ਵੀ ਮਾਤ ਪਾ ਦਿੱਤਾ ਹੈ। ਇਨ੍ਹਾਂ ਨੇ ਵੱਢੀ ਨੂੰ ਜ਼ਿੰਦਗੀ ਦਾ ਹਿੱਸਾ ਬਣਾ ਦਿੱਤਾ ਹੈ। ਇਨ੍ਹਾਂ ਦੇ ਭੁੱਖੇ ਢਿੱਡ ਭਰਦੇ ਹੀ ਨਹੀਂ। ਅਮੀਰ ਗ਼ਰੀਬ ਦਾ ਪਾੜਾ ਕਈ ਗੁਣਾ ਵਧਾ ਦਿੱਤਾ ਹੈ। ਮਜ਼ਦੂਰ ਮਜ਼ਦੂਰੀ ਕਰਕੇ ਆਪਣਾ ਢਿੱਡ ਨਹੀਂ ਭਰ ਸਕਦਾ, ਫਿਰ ਉਹ ਆਪਣੇ ਪਰਵਾਰ ਦਾ ਕਿਵੇਂ ਢਿੱਡ ਭਰ ਸਕਦਾ ਹੈ? ਮਜ਼ਦੂਰਾਂ ਦੇ ਹੱਕ ਖੋਹ ਲਏ ਹਨ। ਲੋਕਾਂ ਨੂੰ ਪਾੜਨ ਲਈ ਫ਼ਿਰਕਾਪ੍ਰਸਤੀ ਨੂੰ ਧਰਮ ਬਣਾ ਦਿੱਤਾ ਹੈ। ਰਹਿੰਦ ਖੂੰਦ ਬਾਬਿਆਂ, ਇਨ੍ਹਾਂ ਦੀਆਂ ਵੋਟ ਬੈਂਕਾਂ, ਨੇ ਪੂਰੀ ਕਰ ਦਿੱਤੀ ਹੈ। ਅੱਜ ਭਾਰਤ ਵਿਚ ਇਨਸਾਨ ਦੀ ਪਹਿਚਾਣ ਉਸ ਦੇ ਫ਼ਿਰਕੇ ਅਤੇ ਜਾਤ ਨਾਲ ਬਣ ਗਈ ਹੈ ਨਾ ਕਿ ਉਸ ਦੇ ਚੰਗੇ ਮਾੜੇ ਕੰਮਾਂ ਕਰਕੇ। ਦੌਲਤ ਦੀ ਪਹਿਚਾਣ, ਇਸ ਨਾਲ ਹੈ ਕਿ ਉਸ ਦੇ ਨਾਮ ਨਾਲ ਰਾਮ ਹੈ ਜਾਂ ਖਾਨ। ਰਾਜ ਕਰਦੀਆਂ ਪਾਰਟੀਆਂ ਨੇ ਲੋਕਾਂ ਨੂੰ ਧਰਮਾਂ, ਜਾਤਾਂ ਅਤੇ ਫ਼ਿਰਕਿਆਂ ਵਿਚ ਵੰਡ ਦਿੱਤਾ ਹੈ। ਸੱਚ ਪੁੱਛੋ ਤਾਂ ਮੈਂ ਕਈ ਵਾਰ ਇਹ ਸੋਚਦਾ ਹੁੰਦਾ ਕਿ ਜੇ ਅਜ਼ਾਦੀ ਲੈ ਕੇ ਇਹੀ ਕੁਛ ਮਿਲਣਾ ਸੀ, ਫਿਰ ਸਾਨੂੰ ਅਜ਼ਾਦੀ ਨਹੀਂ ਲੈਣੀ ਚਾਹੀਦੀ ਸੀ। ਮੈਨੂੰ ਤਾਂ ਇਹ ਵੀ ਨਹੀਂ ਪਤਾ ਲਗਦਾ ਕਿ ਸਾਨੂੰ ਅਜ਼ਾਦੀ ਹੈ ਕਿਹੜੀ ਚੀਜ਼ ਦੀ? ਇੱਥੇ ਨਾ ਬੋਲਣ, ਨਾ ਖਾਣ, ਨਾ ਪੀਣ ਅਤੇ ਨਾ ਹੀ ਪਹਿਨਣ ਦੀ ਅਜ਼ਾਦੀ ਹੈ। ਜੇ ਅਸੀਂ ਅਜ਼ਾਦੀ ਲੈਣੀ ਸੀ, ਤਾਂ ਸਾਨੂੰ ਸ਼ਹੀਦ ਭਗਤ ਸਿੰਘ ਵਰਗੇ ਇਮਾਨਦਾਰ ਅਤੇ ਸਮਝਦਾਰ ਆਗੂ ਚਾਹੀਦੇ ਸਨ। ਸਾਨੂੰ ਇਨ੍ਹਾਂ ਆਪਣੇ ਲੋਟੂ ਅਤੇ ਜ਼ਾਲਮ ਬਾਬੂਆਂ ਤੋਂ ਦੁਬਾਰਾ ਅਜ਼ਾਦੀ ਲੈਣੀ ਪੈਣੀ ਹੈ, ਪਰ ਇਹ ਅੰਗਰੇਜ਼ਾਂ ਤੋਂ ਵੀ ਅਜ਼ਾਦੀ ਲੈਣ ਨਾਲੋਂ ਕਿਤੇ ਔਖਾ ਕੰਮ ਹੈ। ਮੈਂ ਸੋਚਦਾ ਹਾਂ, ਟੁਕੜੀਆਂ ਵਿਚ ਵੰਡੇ ਹੋਏ ਅਤੇ ਫ਼ਿਰਕਾਪ੍ਰਸਤੀ ਦੀਆਂ ਐਨਕਾਂ ਲਾਈ ਬੈਠੇ ਲੋਕ ਇਨ੍ਹਾਂ ਲੁਟੇਰਿਆਂ ਨੂੰ ਕਿਸ ਤਰ੍ਹਾਂ ਪਹਿਚਾਨਣਗੇ? ਸਾਨੂੰ ਅੰਗਰੇਜ਼ ਦੁਸ਼ਮਣ ਨੂੰ ਪਹਿਚਾਨਣਾ ਸੌਖਾ ਸੀ, ਕਿਉਂਕਿ ਉਸ ਦਾ ਰੰਗ, ਬੋਲ ਚਾਲ ਵੱਖਰੀ ਸੀ। ਮੋਦੀ ਤਾਂ ਕਾਂਗਰਸ ਨੂੰ ਵੀ ਮਾਤ ਪਾ ਗਿਆ। ਉਸ ਨੇ ਅਮੀਰਾਂ ਨੂੰ ਮਜ਼ਦੂਰਾਂ ਦਾ ਖ਼ੂਨ ਚੂਸਣ ਅਤੇ ਭਾਰਤ ਦੀਆਂ ਖਾਣਾਂ ਨੂੰ ਲੁੱਟਣ ਦੀ ਪੂਰੀ ਖੁੱਲ੍ਹ ਦੇ ਦਿੱਤੀ ਹੈ। ਭਾਰਤ ਦੇ 75% ਲੋਕ ਗ਼ਰੀਬੀ ਦਾ ਨਰਕ ਭੋਗ ਰਹੇ ਹਨ। ਭਾਰਤ ਵਿਚ ਔਰਤਾਂ ਦੁਨੀਆਂ ਵਿਚ ਸਭ ਤੋਂ ਜ਼ਿਆਦਾ ਅਸੁਰੱਖਿਅਤ ਹਨ। ਉੱਧਰ ਮੋਦੀ ਹੈ ਕਿ ਭਾਰਤ ਵਿਚ ਤਰੱਕੀਆਂ ਦੀਆਂ ਸਿਫ਼ਤਾਂ ਕਰਦਾ ਥੱਕਦਾ ਨਹੀਂ ਅਤੇ ਨਾਲ ਹੀ ਭਾਰਤ ਨੂੰ ਹਿੰਦੂ ਰਾਸ਼ਟਰ ਬਣਾਉਣ ਦਾ ਰਾਗ ਅਲਾਪੀ ਜਾ ਰਿਹਾ ਹੈ। ਜਿਸ ਤਰ੍ਹਾਂ ਪਾਕਿਸਤਾਨ ਨੂੰ ਜ਼ੀਆ ਨੇ ਇਸਲਾਮ ਨੂੰ ਠੋਕ ਕੇ ਤਬਾਹ ਕੀਤਾ ਹੈ, ਇਸੇ ਤਰ੍ਹਾਂ ਮੋਦੀ ਵੀ ਲੋਕਾਂ ਉੱਤੇ ਹਿੰਦੂ ਧਰਮ ਨੂੰ ਥੋਪ ਕੇ ਭਾਰਤ ਨੂੰ ਤਬਾਹ ਕਰ ਰਿਹਾ ਹੈ। ਹਿੰਦੂ ਧਰਮ ਨੇ ਪਹਿਲਾਂ ਵੀ, ਲੋਕਾਂ ਨੂੰ ਜਾਤਾਂ ਪਾਤਾਂ ਵਿਚ ਵੰਡ ਕੇ, ਵਿਦੇਸ਼ੀਆਂ ਦਾ ਭਾਰਤ ਤੇ ਹਜ਼ਾਰਾਂ ਸਾਲ ਰਾਜ ਕਰਾਇਆ ਸੀ। ਜ਼ਾਹਿਰ ਹੈ ਮੋਦੀ ਫਿਰ ਲੋਕਾਂ ਵਿਚ ਵੰਡੀਆਂ ਪਾਉਣ ਵਾਲੇ ਪੁਰਾਣੇ ਰਾਹ ’ਤੇ ਤੁਰ ਪਿਆ ਹੈ।”
*****
(1372)
(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.om)