“1% ਭਾਰਤ ਦੇ ਅਮੀਰਾਂ ਪਾਸ ਦੇਸ਼ ਦਾ 40.5% ਸਰਮਾਇਆ ਹੈ। ਭਾਰਤ ਵਿੱਚ 2021 ਵਿੱਚ ...”
(24 ਜਨਵਰੀ 2023)
ਮਹਿਮਾਨ: 192.
ਭਾਵੇਂ ਭਾਰਤ ਦਾ ਕੌਮੀ ਤਰਾਨਾ ਅਤੇ ਸੰਵਿਧਾਨ ਬਾਦਸ਼ਾਹੀਆਂ ਨੂੰ ਖ਼ਤਮ ਕਰਕੇ ਹਰ ਭਾਰਤੀ ਨੂੰ ਬਰਾਬਰਤਾ ਦੇ ਸੰਕਲਪ ਦੀ ਗੱਲ ਕਰਦਾ ਹੈ, ਪਰ ਇਸਦੇ ਉਲਟ 1980 ਤੋਂ ਭਾਰਤੀ ਹੁਕਮਰਾਨਾਂ ਨੇ ਆਰਥਿਕ ਨਾਬਰਾਬਰਤਾ ਦਾ ਰਾਹ ਅਪਣਾਇਆ ਹੋਇਆ ਹੈ। ਹੁਣ ਇਹ ਕਹਿਣਾ ਸ਼ਾਇਦ ਗ਼ਲਤ ਨਹੀਂ ਕਿ ਭਾਰਤ ਵਿੱਚ ਗਰੀਬ ਅਤੇ ਅਮੀਰ ਵਿਚਲਾ ਪਾੜਾ ਸਭ ਤੋਂ ਵੱਧ ਹੈ ਅਤੇ ਹੋਰ ਵੀ ਵਧ ਰਿਹਾ ਹੈ। ਮੋਦੀ ਅਤੇ ਉਸ ਦੇ ਸਮਰਥਕ ਜਦੋਂ ਇਹ ਕਹਿੰਦੇ ਹਨ ਕਿ ਭਾਰਤ ਨੂੰ ਸਹੀ ਅਜ਼ਾਦੀ 1947 ਵਿੱਚ ਨਹੀਂ ਮਿਲੀ ਸੀ, ਅਸਲ ਵਿੱਚ ਸਹੀ ਅਜ਼ਾਦੀ 2014 ਵਿੱਚ ਮਿਲੀ ਹੈ, ਇਸਦੀ ਇਸਲੀਅਤ ਇਸਦੇ ਉਲਟ ਹੈ।
ਉੰਨੀ ਸੌ ਤੀਹਵਿਆਂ ਵਿੱਚ, ਬਰਤਾਨੀਆਂ ਦੇ ਰਾਜ ਸਮੇਂ, ਭਾਰਤ ਦੇ ਅਮੀਰਾਂ ਪਾਸ ਦੇਸ਼ ਦੀ ਸਾਰੀ ਦੌਲਤ ਦਾ 21% ਹਿੱਸਾ ਸੀ। ਨਹਿਰੂ ਦੇ ਰਾਜ ਅਤੇ ਉਸ ਤੋਂ ਬਾਅਦ ਉੰਨੀ ਸੌ ਅੱਸੀਵਿਆਂ ਤਕ, ਭਾਰਤ ਵਿੱਚ ਅਮੀਰਾਂ ਦੀ ਦੌਲਤ ਘੱਟੀ ਸੀ। ਅੰਕੜਿਆਂ ਮੁਤਾਬਿਕ 1951-1980 ਸਮੇਂ ਵਿੱਚ ਭਾਰਤ ਦੇ ਥੱਲੇ ਦੇ 50% ਲੋਕਾਂ ਪਾਸ ਦੇਸ਼ ਦੀ ਦੌਲਤ ਦਾ 28% ਹਿੱਸਾ ਸੀ ਜਦੋਂ ਕਿ ਇਹ ਘਟ ਕੇ ਅੱਜ 3% ਰਹਿ ਗਿਆ ਹੈ। 1980 ਤੋਂ ਬਾਅਦ ਕਾਂਗਰਸ ਨੇ ਆਰਥਿਕ ਉਦਾਰਵਾਦੀ ਨੀਤੀ ਅਪਣਾਈ। ਇਹ ਨੀਤੀ ਕਾਂਗਰਸ ਨੇ ਧੀਰੀ ਚਾਲ ਨਾਲ ਸ਼ੁਰੂ ਕੀਤੀ ਸੀ ਪਰ ਮੋਦੀ ਨੇ ਇਸਦੇ ਫੱਟੇ ਚੁੱਕ ਦਿੱਤੇ। ਇਸਦੇ ਨਤੀਜੇ ਵਜੋਂ ਅਮੀਰ ਦਿਨੋ ਦਿਨ ਹੋਰ ਅਮੀਰ ਹੋਣ ਲੱਗੇ ਅਤੇ ਗ਼ਰੀਬ ਹੋਰ ਗ਼ਰੀਬ। ਅਮੀਰਾਂ ਨੂੰ ਸਰਮਾਇਆ ਉੱਪਰੋਂ ਨਹੀਂ ਆਉਂਦਾ ਸਗੋਂ ਲੋਕਾਂ ਦੀਆਂ ਜੇਬਾਂ ਕੱਟ ਕੇ ਹੀ ਮਿਲਦਾ ਹੈ। ਮੋਦੀ ਸਰਕਾਰ ਨੇ ਦਰਮਿਆਨੇ ਅਤੇ ਗ਼ਰੀਬ ਤਬਕੇ ਉੱਤੇ ਜ਼ਿਆਦਾ ਟੈਕਸ ਲਗਾਏ ਪਰ ਅਮੀਰਾਂ ’ਤੇ ਟੈਕਸ ਘਟਾਏ ਹੀ ਨਹੀਂ ਸਗੋਂ ਹੋਰ ਸਹੂਲਤਾਂ ਦੇ ਕੇ ਉਨ੍ਹਾਂ ਦੇ ਕਰਜ਼ੇ ਮਾਫ਼ ਵੀ ਕੀਤੇ ਹਨ। ਇਸ ਸਭ ਦਾ ਨਤੀਜਾ ਇਹ ਹੋਇਆ ਹੈ ਕਿ ਖ਼ਾਸ ਕਰਕੇ ਛੋਟੇ ਦਰਮਿਆਨੇ, ਮਜ਼ਦੂਰ ਅਤੇ ਗ਼ਰੀਬ ਦਾ ਮਹਿੰਗਾਈ ਨਾਲ ਲੱਕ ਟੁੱਟ ਗਿਆ ਹੈ। ਹੇਠਲਾ ਅਤੇ ਦਰਮਿਆਨਾਂ ਵਰਗ ਅਤੇ ਮਜ਼ਦੂਰ ਕੰਗਾਲ ਹੋ ਰਿਹਾ ਹੈ।
ਗਰੀਬ ਹੈ ਵੁਹ ਇਸ ਲੀਏ ਕੇ, ਤੁਮ ਅਮੀਰ ਹੋ ਗਏ,
ਏਕ ਬਦਸ਼ਾਹ ਹੁਆ, ਤੋਂ ਸੌ ਫ਼ਕੀਰ ਹੋ ਗਏ।
ਮੋਦੀ ਸਰਕਾਰ ਆਪ ਮੰਨਦੀ ਹੈ ਕਿ ਭਾਰਤ ਵਿੱਚ ਗ਼ਰੀਬਾਂ ਦੀ ਗਿਣਤੀ ਬਹੁਤ ਤੇਜ਼ੀ ਨਾਲ ਵਧੀ ਹੈ ਅਤੇ ਵਧ ਰਹੀ ਹੈ। ਇਹ ਸਰਕਾਰ ਹਿੰਦੂਆਂ ਲਈ ਮੰਦਰ ਬਣਾ ਕੇ, ਘੱਟ ਗਿਣਤੀ ਧਰਮਾਂ ਦੇ ਲੋਕਾਂ ਉੱਤੇ ਅਤੇ ਉਨ੍ਹਾਂ ਦੇ ਧਾਰਮਿਕ ਅਸਥਾਨਾਂ ਉੱਤੇ ਹਮਲੇ ਕਰਾ ਕੇ, ਗਰੀਬ ਹਿੰਦੂਆਂ ਨੂੰ ਧੋਖਾ ਦੇ ਕੇ ਅਮੀਰਾਂ ਦੀ ਝੋਲੀ ਭਰ ਰਹੀ ਹੈ। ਸੋਚੀ ਸਮਝੀ ਚਾਲ ਨਾਲ ਇਹ ਸਰਕਾਰ ਪੜ੍ਹਾਈ ਵਿੱਚ ਤਰਕ ਦੀ ਥਾਂ ਅੰਧ ਵਿਸ਼ਵਾਸ ਫੈਲਾ ਕੇ ਲੋਕਾਂ ਦੀ ਸੋਚਾਂ ਨੂੰ ਖੁੰਢਾ ਕਰ ਰਹੀ ਹੈ। ਲੋਕਾਂ ਨੂੰ ਧਰਮਾਂ ਵਿੱਚ ਵੰਡ ਕੇ, ਅੰਗਰੇਜ਼ਾਂ ਦੀ ਰਾਜ ਕਰਨ ਦੀ ਪੁਰਾਣੀ ਨੀਤੀ ਨਾਲ, ਭਾਰਤ ’ਤੇ ਰਾਜ ਕਰ ਰਹੀ ਹੈ। ਇਹ ਚਾਲ ਅੰਗਰੇਜ਼ਾਂ ਤੋਂ ਵੀ ਖ਼ਤਰਨਾਕ ਹੈ।
ਜਦੋਂ ਪਹਿਲਾਂ ਪਹਿਲ ਲੋਕਾਂ ਨੇ ਲੋਕਰਾਜ ਦਾ ਸੁਪਨਾ ਲਿਆ ਸੀ ਤਦ ਆਸ ਇਹ ਸੀ ਕਿ ਲੋਕਾਂ ਰਾਹੀਂ ਚੁਣੀ ਸਰਕਾਰ ਲੋਕਾਂ ਨੂੰ ਅਮੀਰਾਂ ਦੀ ਅੰਨ੍ਹੇਵਾਹ ਲੱਟ ਤੋਂ ਬਚਾਏਗੀ, ਨਾ ਕਿ ਤਕੜੇ ਜਾਣੀ ਅਮੀਰ ਦੇ ਹੱਕਾਂ ਦੀ ਰਖਵਾਲੀ ਕਰੇਗਾ। ਵੈਸੇ ਤਾਂ ਲੋਕਰਾਜਾਂ ਦੀ ਸਰਕਾਰਾਂ ਨੇ ਆਪਣਾ ਫ਼ਰਜ਼ ਅਦਾ ਨਹੀਂ ਕੀਤਾ ਪਰ ਭਾਰਤ ਸਰਕਾਰ ਅਮੀਰਾਂ ਦੀ ਸੇਵਾ ਵਿੱਚ ਦੁਨੀਆਂ ਦੇ ਸਾਰੇ ਦੇਸ਼ਾਂ ਨੂੰ ਮਾਤ ਪਾ ਗਈ ਹੈ। ਇਹ ਸਚਾਈ ਸਾਨੂੰ ਅੰਕੜੇ ਆਪਣੇ ਆਪ ਦੱਸ ਦੇਣਗੇ।
ਔਕਸਫਾਮ ਦੇ ਨਵੇਂ ਦਿੱਤੇ ਅੰਕੜਿਆਂ ਅਨੁਸਾਰ 2021 ਵਿੱਚ 1% ਭਾਰਤ ਦੇ ਅਮੀਰਾਂ ਪਾਸ ਦੇਸ਼ ਦਾ 40.5% ਸਰਮਾਇਆ ਹੈ। ਭਾਰਤ ਵਿੱਚ 2021 ਵਿੱਚ 102 ਅਰਬਪਤੀ ਸਨ ਅਤੇ 2022 ਉਨ੍ਹਾਂ ਦੀ ਗਿਣਤੀ ਵਧ ਕੇ 166 ਹੋ ਗਈ ਹੈ। ਭਾਰਤ ਵਿੱਚ ਉੱਪਰਲੇ ਸੌ ਅਮੀਰਾਂ ਪਾਸ 660 ਅਰਬਾਂ ਦਾ ਸਰਮਾਇਆ ਹੈ। ਭਾਰਤ ਦਾ ਸਭ ਤੋਂ ਵੱਧ ਅਮੀਰ ਗੌਤਮ ਅਡਾਨੀ ਦੁਨੀਆਂ ਵਿੱਚ 2022 ਵਿੱਚ ਦੂਜੇ ਨੰਬਰ ਦਾ ਅਮੀਰ ਬਣ ਗਿਆ ਹੈ। ਭਾਰਤ ਦੇ ਅਮੀਰਾਂ ਦਾ ਸਰਮਾਇਆ ਇੰਨੀ ਤੇਜ਼ੀ ਨਾਲ ਵਧ ਰਿਹਾ ਹੈ, ਜਿੰਨਾ ਦੁਨੀਆਂ ਦੇ ਹੋਰ ਕਿਸੇ ਦੇਸ਼ ਵਿੱਚ ਨਹੀਂ। ਦੂਸਰੇ ਪਾਸੇ ਗ਼ਰੀਬਾਂ ਦੀ ਗਿਣਤੀ ਵੀ ਬਾਕੀ ਦੇਸ਼ਾਂ ਦੇ ਨਾਲੋਂ ਤੇਜ਼ੀ ਨਾਲ ਵਧ ਰਹੀ ਹੈ। ਕਰੋਨਾ ਵਾਇਰਸ ਦੀ ਮਹਾਂਮਾਰੀ ਸ਼ੁਰੂ ਹੋਣ ਤੋਂ ਨਵੰਬਰ 2022 ਤਕ ਦੇ ਸਮੇਂ ਵਿੱਚ ਭਾਰਤ ਦੇ ਅਮੀਰਾਂ ਦਾ ਸਰਮਾਇਆ 121% ਵਧਿਆ, ਜਾਣੀ 250 ਕਰੋੜ ਪਰ ਮਿੰਟ ਦੇ ਹਿਸਾਬ ਨਾਲ। ਉੱਧਰ ਭੁੱਖਮਰੀ ਰੇਖਾ ਵਿੱਚ ਪਹਿਲਾਂ 19 ਕਰੋੜ ਲੋਕਾਂ ਤੋਂ ਵਧ ਕੇ 35 ਕਰੋੜ ਹੋ ਗਏ। ਹਰੇਕ ਘੰਟੇ ਵਿੱਚ 7200 ਭਾਰਤੀ ਲੋਕ ਗ਼ਰੀਬੀ ਦੀ ਪੱਧਰ ਵੱਲ ਧੱਕੇ ਜਾ ਰਹੇ ਹਨ। ਹਰ ਰੋਜ਼ ਭਾਰਤ ਵਿੱਚ 70 ਨਵੇਂ ਲੱਖਪਤੀ ਬਣ ਰਹੇ ਹਨ। ਇਹ ਭਾਰਤ ਦੀ, ਜਾਣੀ ਮੋਦੀ ਸਰਕਾਰ ਦਾ ਚਮਤਕਾਰ ਹੈ ਜੋ ਭਾਰਤ ਦੇ ਲੋਕਾਂ ਨੂੰ ਗਰੀਬ ਰੇਖਾ ਜਾਂ ਕੰਗਾਲੀ ਵੱਲ ਤੇਜ਼ੀ ਨਾਲ ਧੱਕ ਰਹੀ ਹੈ।
ਭਾਰਤ ਵਿੱਚ, ਮੋਦੀ ਸਰਕਾਰ ਦੀਆਂ ਨੀਤੀਆਂ ਕਰਕੇ, ਸਰਮਾਏਦਾਰਾਂ ਨੇ ਭਾਰਤੀ ਲੋਕਾਂ ਨੂੰ ਖੂਬ ਲੁੱਟਿਆ ਹੈ। ਕੋਈ ਹੈਰਾਨੀ ਦੀ ਗੱਲ ਨਹੀਂ ਕਿ ਭਾਰਤੀ ਸਰਮਾਏਦਾਰ ਮੋਦੀ ਦੇ ਸੋਹਲੇ ਗਾ ਰਹੇ ਹਨ। ਯੂਰਪ ਵਿੱਚ, ਜਿੱਥੇ ਸਰਮਾਏਦਾਰੀ ਢਾਂਚਾ ਭਾਰਤ ਨਾਲੋਂ ਕਿਤੇ ਪਹਿਲਾਂ ਦਾ ਸ਼ੁਰੂ ਹੋਇਆ ਸੀ, ਉੱਥੇ ਉੱਪਰਲੇ 10% ਅਮੀਰਾਂ ਪਾਸ 36% ਦੇਸ਼ਾਂ ਦਾ ਸਰਮਾਇਆ ਹੈ ਜਦੋਂ ਕਿ ਭਾਰਤ ਵਿੱਚ ਉੱਪਰਲੇ 10% ਅਮੀਰਾਂ ਪਾਸ 57% ਦੇਸ਼ ਦਾ ਸਰਮਾਇਆ ਹੈ, ਜਦੋਂ ਕਿ ਥੱਲੇ ਦੇ 50% ਲੋਕਾਂ ਕੋਲ ਸਿਰਫ 3% ਸਰਮਾਇਆ ਹੈ। ਅਮੀਰਾਂ ਨੇ ਇੱਕ ਦਹਾਕੇ ਵਿੱਚ ਆਪਣਾ ਸਰਮਾਇਆ 10 ਗੁਣਾ ਵਧਾਇਆ ਹੈ। ਛੋਟਾ ਅਤੇ ਦਰਮਿਆਨਾ ਵਰਗ ਅਤੇ ਗ਼ਰੀਬ ਅਮੀਰਾਂ ਨਾਲੋਂ ਜ਼ਿਆਦਾ ਸਰਕਾਰ ਨੂੰ ਟੈਕਸ ਦਿੰਦਾ ਹੈ। ਇੱਕ ਅੰਦਾਜ਼ੇ ਮੁਤਾਬਕ ਤਕਰੀਬਨ ਜੀ.ਐੱਸ.ਟੀ. ਟੈਕਸ 64% ਥੱਲੇ ਦੇ 50% ਲੋਕਾਂ ਨੇ ਦਿੱਤਾ ਜਦੋਂ ਕਿ ਉੱਪਰਲੇ 10% ਅਮੀਰਾਂ ਨੇ ਸਿਰਫ 4% ਦਿੱਤਾ ਹੈ।
ਮੋਦੀ ਨੇ 2014 ਦੀ ਚੋਣਾਂ ਸਮੇਂ ਵਾਇਦਾ ਕੀਤਾ ਸੀ ਕਿ ਭਾਰਤੀ ਅਮੀਰਾਂ ਦਾ ਬਾਹਰ ਰੱਖਿਆ ਪੈਸਾ ਉਹ ਭਾਰਤ ਲਿਆ ਕੇ ਹਰੇਕ ਭਾਰਤੀ ਦੇ ਬੈਂਕ ਖਾਤੇ ਵਿੱਚ 15, 15 ਲੱਖ ਰੁਪਏ ਜਮ੍ਹਾਂ ਕਰਾਏਗਾ। ਉਸ ਨੂੰ ਜਮ੍ਹਾਂ ਦੀ ਥਾਂ ਘਟਾਏਗਾ ਕਹਿਣਾ ਚਾਹੀਦਾ ਸੀ। ਇਹ ਸਿਰਫ ਵੋਟਾਂ ਲੈਣ ਦਾ ਢਕਵੰਜ ਸੀ। ਮੋਦੀ ਦੇ ਸਮਰਥਕ ਜਦੋਂ ਕਹਿੰਦੇ ਹਨ ਕਿ ਸਹੀ ਅਜ਼ਾਦੀ ਭਾਰਤ ਨੂੰ 2014 ਵਿੱਚ ਮਿਲੀ ਹੈ ਦਾ ਅਰਥ ਹੈ ਅਮੀਰਾਂ ਦੀ ਅਜ਼ਾਦੀ। ਮੋਦੀ ਦੇ ਅਮੀਰ ਭਾਰਤੀ ਲੋਕਾਂ ਦੀ ਲੁੱਟ ਵਿੱਚ ਅੰਗਰੇਜ਼ਾਂ ਨੂੰ ਵੀ ਮਾਤ ਪਾ ਗਏ ਹਨ। ਅਮੀਰਾਂ ਦੀ ਅਜ਼ਾਦੀ, ਲੋਕਾਂ ਦੀ ਆਰਥਿਕ ਗ਼ੁਲਾਮੀ। ਇਹ ਹੈ ਮੋਦੀ ਦੇ ਸਮਰਥਕਾਂ ਦੀ 2014 ਦੀ ਸਹੀ ਅਜ਼ਾਦੀ।
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(3757)
(ਸਰੋਕਾਰ ਨਾਲ ਸੰਪਰਕ ਲਈ: