“ਪਰ ਜਦ ਹੁਣ ਮੈਂ ਆਪਣੇ ਆਲੇ ਦੁਆਲੇ ਝਾਤ ਮਾਰਦਾ ਹਾਂ ਤਾਂ ਨਿਰਾਸ਼ਾਵਾਦੀ ...”
(15 ਜਨਵਰੀ 2019)
ਜਦੋਂ ਮੈਂ ਕਾਲਜ ਵਿੱਚ ਪੜ੍ਹਦਾ ਹੁੰਦਾ ਸੀ, ਉਦੋਂ ਮੈਂ ਬਹੁਤ ਆਸ਼ਾਵਾਦੀ ਹੁੰਦਾ ਸੀ। ਭਾਰਤ ਵਿੱਚ ਜਵਾਹਰ ਲਾਲ ਨਹਿਰੂ ਪ੍ਰਧਾਨ ਮੰਤਰੀ ਸੀ। ਕਾਲਜਾਂ ਦੇ ਵਿਦਿਆਰਥੀਆਂ ਵਿੱਚ ਖੱਬੀ ਸੋਚ ਭਾਰੂ ਸੀ। ਦੁਨੀਆਂ ਵਿੱਚ ਲੋਕ ਰਾਜ ਦਾ ਬੋਲਬਾਲਾ ਸੀ। ਭਾਵੇਂ ਧਾਰਮਿਕ ਰਸਮਾਂ ਜ਼ਿੰਦਗੀ ਵਿੱਚ ਭਾਰੂ ਸਨ ਪਰ ਧਾਰਮਿਕ ਕੱਟੜਪੰਥੀਆਂ ਦੀ ਕੋਈ ਪਰਵਾਹ ਨਹੀਂ ਕਰਦਾ ਸੀ। ਰੂਸ ਦੇ ਇਨਕਲਾਬ ਦਾ ਅਸਰ ਪੜ੍ਹੇ ਲਿਖੇ ਅਤੇ ਸ੍ਰੇਸ਼ਠ ਵਰਗ ਦੇ ਲੋਕਾਂ ਦੀ ਸੋਚ ’ਤੇ ਭਾਰੂ ਸੀ। ਲੱਗਦਾ ਸੀ ਕਿ ਉਹ ਦਿਨ ਦੂਰ ਨਹੀਂ ਜਦ ‘ਹਰ ਇੱਕ ਬੰਦਾ ਸ਼ਾਹ ਦੁਨੀਆਂ ਦਾ ਅਤੇ ਹਰ ਇੱਕ ਤੀਵੀਂ ਰਾਣੀ’ ਬਣ ਜਾਣਗੇ। ਹਾਲਾਂਕਿ ਭਾਰਤ ਅਜ਼ਾਦ ਹੋਏ ਨੂੰ ਜ਼ਿਆਦਾ ਦੇਰ ਨਹੀਂ ਹੋਈ ਸੀ, ਅਜ਼ਾਦੀ ਤੋਂ ਪਹਿਲਾਂ ਅੰਗਰੇਜ਼ੀ ਰਾਜ ਨੇ ਭਾਰਤ ਦੀਆਂ ਖਾਣਾਂ ਅਤੇ ਸੋਮਿਆਂ ਨੂੰ ਬੁਰੀ ਤਰ੍ਹਾਂ ਲੁੱਟਿਆ ਸੀ ਅਤੇ ਨਾਲ ਹੀ ਭਾਰਤ ਵਿੱਚ ਕੋਈ ਸਨਅਤ ਵੀ ਨਹੀਂ ਲੱਗਣ ਨਹੀਂ ਦਿੱਤੀ ਸੀ। ਸੰਨ 1951 ਦੀ ਗੱਲ ਹੈ, ਭਾਰਤ ਦੀ ਕ੍ਰਿਕਟ ਦੀ ਟੀਮ ਅੰਤਰਰਾਸ਼ਟਰੀ ਖੇਡਾਂ ਲਈ ਕਵਾਲੀਫਾਈ ਨਹੀਂ ਹੋਈ ਸੀ। ਕਾਰਨ ਇਹ ਸੀ ਕਿ ਭਾਰਤੀ ਖਿਡਾਰੀ ਨੰਗੇ ਪੈਰੀਂ ਖੇਡਦੇ ਸਨ, ਇਹ ਅੰਗਰੇਜ਼ੀ ਰਾਜ ਦੀ ਹੀ ਦੇਣ ਸੀ। ਇਸ ਸਭ ਦੇ ਬਾਵਜੂਦ ਆਸ਼ਾ ਦੀ ਕਿਰਨ ਦਿਸਦੀ ਸੀ। ਭਾਵੇਂ ਗ਼ਰੀਬੀ ਆਮ ਸੀ, ਅਮੀਰ ਤਾਂ ਕੋਈ ਵਿਰਲਾ ਹੀ ਸੀ, ਪਰ ਫਿਰ ਵੀ ਅੰਗਰੇਜ਼ਾਂ ਤੋਂ ਨਵੀਂ ਨਵੀਂ ਅਜ਼ਾਦੀ ਦੀ ਹਵਾ ਦਾ ਬੁੱਲਾ ਲੋਕਾਂ ਦੇ ਦਿਲਾਂ ਦਿਮਾਗਾਂ ਵਿੱਚ ਚੰਗੀਆਂ ਆਸਾਂ ਲੈ ਕੇ ਵਗਦਾ ਸੀ।
ਅਜ਼ਾਦੀ ਤੋਂ ਬਾਅਦ ਭਾਰਤ ਨੇ ਸਨਅਤ ਨੂੰ ਵੜ੍ਹਾਵਾ ਤਾਂ ਦਿੱਤਾ ਪਰ ਵਧਦੀ ਅਬਾਦੀ ਅਤੇ ਸਕੂਲਾਂ ਦੇ ਆਮ ਹੋਣ ਨਾਲ ਨੌਕਰੀਆਂ ਲੱਭਣ ਵਾਲੇ ਨੌਜਵਾਨਾਂ ਵਿੱਚ ਵਾਧਾ ਹੋਣ ਕਾਰਨ ਨੌਕਰੀ ਦਾ ਮਿਲਣਾ ਦੁਰਲੱਭ ਬਣ ਗਿਆ। ਨੌਕਰੀਆਂ ਦੀ ਘਾਟ ਅਤੇ ਨੌਕਰੀ ਲੱਭਣ ਵਾਲਿਆਂ ਦੀ ਬਹੁਤਾਤ ਦਾ ਫ਼ਾਇਦਾ ਉਠਾਉਣ ਲਈ ਵੱਢੀਖੋਰਾਂ ਦੀ ਜਮਾਤ ਪੈਦਾ ਹੋ ਗਈ। ਇਹ ਵੱਢੀਖੋਰ ਲੋਕ ਰਾਤੋਂ ਰਾਤ ਅਮੀਰ ਬਣਨ ਦੇ ਖ਼ੁਆਬ ਲੈਣ ਲੱਗੇ। ਗ਼ਰੀਬ ਲਈ ਨੌਕਰੀ ਸੁਫਨਾ ਬਣ ਕੇ ਰਹਿ ਗਈ। ਭਾਰਤ ਵਿੱਚ ਨੌਕਰੀ ਨਾ ਲੱਭਣ ਕਾਰਨ, ਲੋਕ ਰੋਜ਼ੀ ਰੋਟੀ ਲਈ ਬਾਹਰਲੇ ਦੇਸ਼ਾਂ ਵਿੱਚ ਕੰਮਾਂ ਦੀ ਤਲਾਸ਼ ਕਰਨ ਲੱਗੇ। ਇਸੇ ਤਰ੍ਹਾਂ ਮੈਂ ਵੀ ਉੰਨੀ ਸੌ ਸੱਠਵਿਆਂ ਵਿੱਚ ਇੰਗਲੈਂਡ ਆ ਗਿਆ। ਪਰ ਫਿਰ ਵੀ ਇਹ ਆਸ ਸੀ ਕਿ ਭਾਰਤ ਵਿੱਚ ਇੱਕ ਦਿਨ ਅਜਿਹਾ ਜ਼ਰੂਰ ਆਏਗਾ ਜਿਸ ਦਿਨ ਵੱਢੀਖੋਰੀ ਅਤੇ ਅਮੀਰ ਅਤੇ ਗ਼ਰੀਬ ਦਾ ਪਾੜਾ ਖ਼ਤਮ ਹੋ ਜਾਵੇਗਾ ਅਤੇ ਲੋਕਾਂ ਨੂੰ ਨਿਆਂਕਾਰੀ ਢਾਂਚਾ ਮਿਲੇਗਾ।
ਉਸ ਸਮੇਂ ਇੰਗਲੈਂਡ ਵਿੱਚ ਭਾਰਤੀ ਲੋਕ ਪੈਸਾ ਕਮਾ ਕੇ ਮੁੜ ਭਾਰਤ ਜਾਣ ਦੇ ਸੁਪਨੇ ਲੈ ਰਹੇ ਸਨ। ਸਸਤੇ ਘਰਾਂ ਵਿੱਚ ਸਮਰੱਥਾ ਤੋਂ ਜ਼ਿਆਦਾ ਬੰਦਿਆਂ ਦਾ ਰਹਿਣਾ ਆਮ ਰਿਵਾਜ ਸੀ। ਮੈਂਨੂੰ ਇਹ ਪਸੰਦ ਨਹੀਂ ਸੀ। ਮੇਰਾ ਵਿਚਾਰ ਸੀ ਕਿ ਅਵਾਸੀ ਲੋਕ ਘੱਟ ਹੀ ਵਾਪਸ ਆਪਣੇ ਦੇਸ ਮੁੜਦੇ ਹਨ, ਜਿੱਥੇ ਰੋਜ਼ੀ ਰੋਟੀ ਮਿਲੇ ਉਹੀ ਉਨ੍ਹਾਂ ਦਾ ਦੇਸ ਹੁੰਦਾ ਹੈ। ਮੇਰੇ ਇਸ ਵਿਚਾਰ ਨਾਲ ਕੋਈ ਵਿਰਲਾ ਹੀ ਸਹਿਮਤ ਸੀ। ਉੰਨੀ ਸੌ ਪੰਜਾਹਵਿਆਂ ਦੇ ਅੱਧ ਦੇ ਦਹਾਕੇ ਤੋਂ ਬਾਅਦ ਜ਼ਿਆਦਾ ਗਿਣਤੀ ਵਿੱਚ ਆਵਾਸੀ ਯੂ.ਕੇ. ਵਿੱਚ ਆਏ ਸਨ, ਤਦ ਉਨ੍ਹਾਂ ਨੂੰ ਨਸਲੀ ਵਿਤਕਰੇ ਝੱਲਣੇ ਪਏ। ਉਸ ਸਮੇਂ ਹੀ ਹਿੰਦੁਸਤਾਨ ਮਜ਼ਦੂਰ ਸਭਾ ਯੂ.ਕੇ. ਵਿੱਚ ਬਣੀ ਸੀ, ਜੋ ਨਸਲੀ ਵਿਤਕਰੇ ਵਿਰੁੱਧ ਅਤੇ ਭਾਰਤੀ ਮਜ਼ਦੂਰਾਂ ਦੇ ਹੱਕਾਂ ਲਈ ਲੜਦੀ ਸੀ ਅਤੇ ਉਹ ਭਾਰਤ ਵਿੱਚ ਐਸੀ ਪਾਰਟੀ ਦੀ ਤਲਾਸ਼ ਵਿੱਚ ਸੀ ਜੋ ਬਾਹਰ ਰਹਿੰਦੇ ਭਾਰਤੀਆ ਦੇ ਹੱਕਾਂ ਦੀ ਰਖਵਾਲੀ ਕਰੇ। ਉਹ ਦੇਖਦੇ ਸਨ ਕਿ ਜਿਨ੍ਹਾਂ ਆਵਾਸੀਆਂ ਦੀਆਂ ਪਿੱਛੇ ਸਰਕਾਰਾਂ ਤਕੜੀਆਂ ਸਨ ਉਨ੍ਹਾਂ ਦੀ ਯੂ.ਕੇ. ਵਿੱਚ ਵੀ ਕਦਰ ਸੀ। ਇਸ ਤਰ੍ਹਾਂ ਮੈਂ ਵੀ ਹਿੰਦੂਸਤਾਨ ਮਜ਼ਦੂਰ ਸਭਾ ਵਿੱਚ ਹਿੱਸਾ ਲੈਣ ਲੱਗਾ।
ਪਹਿਲਾਂ ਪਹਿਲਾਂ ਮੈਂਨੂੰ ਇੰਗਲੈਂਡ ਚੰਗਾ ਨਹੀਂ ਲੱਗਦਾ ਸੀ। ਉਸਦਾ ਇੱਕ ਕਾਰਨ ਸੀ ਆਵਾਸੀਆਂ ਦੀ ਸੋਚ, ਜੋ ਉੱਥੇ ਹੀ ਰੁਕੀ ਹੋਈ ਸੀ ਜਦ ਦੇ ਉਹ ਭਾਰਤ ਨੂੰ ਛੱਡ ਕੇ ਆਏ ਸਨ। ਉਹ ਅੰਗਰੇਜ਼ੀ ਸਭਿਆਚਾਰ ਤੋਂ ਦੂਰ ਰਹਿੰਦੇ ਸਨ। ਉਹ ਸਮਝਦੇ ਸਨ ਕਿ ਉਹ ਲੋਕ ਮਾੜੇ ਹਨ। ਆਵਾਸੀਆਂ ਵਿੱਚ ਜਗੀਰਦਾਰੀ ਕਦਰਾਂ ਕੀਮਤਾਂ ਭਾਰੂ ਸਨ। ਉਹ ਪੂੰਜੀਵਾਦੀ ਸੰਸਕ੍ਰਿਤੀ ਤੋਂ ਬੇਸਮਝ ਸਨ। ਸੱਚ ਇਹ ਹੈ ਕਿ ਭਾਰਤੀ ਲੋਕ ਆਪਣੇ ਆਪ ਨੂੰ ਅੱਜ ਵੀ ਮਜ਼ਦੂਰ ਮੰਨਣ ਲਈ ਤਿਆਰ ਨਹੀਂ ਹਨ। ਆਵਾਸੀ ਗ਼ਰੀਬ ਅਤੇ ਸਸਤੇ ਇਲਾਕਿਆਂ ਵਿੱਚ ਰਹਿੰਦੇ ਸਨ, ਜਿੱਥੇ ਉਨ੍ਹਾਂ ਦਾ ਵਾਹ ਗ਼ਰੀਬ ਗੋਰੇ ਲੋਕਾਂ ਨਾਲ ਪੈਂਦਾ ਸੀ। ਉਨ੍ਹਾਂ ਨੂੰ ਗੋਰਿਆਂ ਦੀਆਂ ਆਦਤਾਂ ਘਟੀਆ ਲੱਗਦੀਆਂ ਸਨ, ਜਿਵੇਂ ਪੈਸਾ ਨਾ ਜੋੜਣਾ ਅਤੇ ਉਹ ਇਹ ਕਹਿੰਦੇ ਸਨ ਕਿ ਗੋਰਿਆਂ ਨੇ ਔਰਤਾਂ ਨੂੰ ਹੱਦੋਂ ਵੱਧ ਅਜ਼ਾਦੀ ਦੇ ਰੱਖੀ ਸੀ। ਗੋਰੀਆਂ ਨੂੰ ਤਾਂ ਉਹ ਵੇਸਵਾਵਾਂ ਹੀ ਸਮਝਦੇ ਸਨ।
ਹੌਲੀ ਹੌਲੀ ਮੈਂਨੂੰ ਸਮਝ ਲੱਗੀ ਕਿ ਇੰਗਲੈਂਡ ਦੇ ਲੋਕ ਅਜ਼ਾਦ ਖ਼ਿਆਲਾਂ ਵਾਲੇ ਹਨ। ਉਹ ਆਪਣੇ ਵਿਚਾਰ ਰੱਖਦੇ ਹਨ ਪਰ ਵਿਰੋਧੀ ਵਿਚਾਰ ਵੀ ਸੁਣਨ ਨੂੰ ਤਿਆਰ ਹਨ। ਉਨ੍ਹਾਂ ਨਾਲ ਜੋ ਚਾਹੇ ਗੱਲ ਕਰ ਲਓ, ਉਹ ਬੁਰਾ ਨਹੀਂ ਮਨਾਉਂਦੇ ਹਨ। ਉਹ ਮਤ-ਭੇਦ ਦੀ ਕਦਰ ਜਾਣਦੇ ਹਨ। ਵੋਟ ਦੀ ਕੀਮਤ ਦਾ ਵੀ ਉਨ੍ਹਾਂ ਨੂੰ ਪਤਾ ਹੈ, ਉਨ੍ਹਾਂ ਦੀਆਂ ਘਰਵਾਲੀਆਂ ਨੂੰ ਅਜ਼ਾਦੀ ਹੈ ਕਿ ਉਹ ਕਿਸੇ ਵੀ ਪਾਰਟੀ ਨੂੰ ਵੋਟ ਪਾਉਣ। ਅੰਗਰੇਜ਼ ਮਜ਼ਦੂਰ ਵੱਢੀ ਨਹੀਂ ਦਿੰਦਾ ਸੀ, ਜਦ ਕਿ ਸਾਡੇ ਲੋਕ ਫੋਰਮੈਨਾਂ ਨੂੰ ਓਵਰ-ਟਾਈਮ ਕਰਨ ਲਈ ਆਮ ਵੱਢੀ ਦਿੰਦੇ ਸਨ। ਅੰਗਰੇਜ਼ਾਂ ਵਿੱਚ ਧਰਮ ਨਾ ਤਾਂ ਉਨ੍ਹਾਂ ਦੀ ਜ਼ਿੰਦਗੀ ਵਿੱਚ ਦਖ਼ਲ ਦਿੰਦਾ ਹੈ ਅਤੇ ਨਾ ਹੀ ਸਰਕਾਰ ਦੇ ਕੰਮਾਂ ਵਿੱਚ। ਉਨ੍ਹਾਂ ਲਈ ਧਰਮ ਆਪਣਾ ਨਿੱਜੀ ਮਾਮਲਾ ਹੈ। ਫਿਰ ਪਤਾ ਲੱਗਾ ਕਿ ਯੂਰਪ ਸਾਰਾ ਹੀ ਇਸ ਤਰ੍ਹਾਂ ਦਾ ਹੈ। ਉਸ ਸਮੇਂ ਅਮਰੀਕਾ ਅਤੇ ਰਸ਼ੀਆ ਦਾ ਦੁਨੀਆ ਵਿੱਚ ਡੰਕਾ ਵੱਜਦਾ ਸੀ। ਲੋਕ ਚੰਦ ’ਤੇ ਜਾਣ ਦੀਆਂ ਗੱਲਾਂ ਕਰਦੇ ਸਨ।
ਜਦ ਮੈਂ ਇੰਗਲੈਂਡ ਪਹਿਲਾਂ ਆਇਆ ਸੀ, ਨਸਲੀ ਵਿਤਕਰਾ ਬਹੁਤ ਚੁੱਭਦਾ ਸੀ। ਹੁਣ ਮੈਂ ਸੋਚਦਾ ਹਾਂ ਕਿ ਮੈਂ ਭਾਰਤ ਦੇ ਉਸ ਵਾਤਾਵਰਣ ਵਿੱਚੋਂ ਆਇਆ ਸੀ, ਜਿੱਥੇ ਜ਼ਿੰਦਗੀ ਦੇ ਹਰ ਪੈਰ ’ਤੇ ਵਿਤਕਰਾ ਸੀ। ਜਾਤ ਪਾਤ ਦਾ, ਚਮੜੀ ਦੇ ਮਾਮੂਲੀ ਕਾਲੇ ਰੰਗ ਦਾ, ਭਾਰਤ ਦੇ ਦੂਸਰੇ ਸੂਬਿਆਂ ਦੇ ਵਸ਼ਿੰਦਿਆਂ ਨਾਲ, ਗ਼ਰੀਬੀ ਅਮੀਰੀ ਦੇ ਮਾਮੂਲੀ ਫਰਕ ਦਾ, ਕੱਦ ਦਾ ਵਿਤਕਰਾ ਆਦਿ। ਕਿਹੜੀ ਗੱਲ ’ਤੇ ਵਿਤਕਰਾ ਨਹੀਂ ਹੁੰਦਾ ਸੀ? ਫਿਰ ਵੀ ਗੋਰਿਆਂ ਦਾ ਨਸਲੀ ਵਿਤਕਰਾ ਦਿਲ ਨੂੰ ਤੰਗ ਕਰਦਾ ਸੀ। ਸ਼ਾਇਦ ਇਸ ਲਈ ਕਿ ਉਨ੍ਹਾਂ ਦੀ ਚਮੜੀ ਦਾ ਰੰਗ ਅਤੇ ਜ਼ੁਬਾਨ ਵੱਖਰੀ ਸੀ। ਹਿੰਦੂਸਤਾਨ ਮਜ਼ਦੂਰ ਸਭਾ ਨੇ ਨਸਲੀ ਵਿਤਕਰੇ ਵਿਰੁੱਧ ਮੁਹਿੰਮ ਚਾਲੂ ਕੀਤੀ ਹੋਈ। ਅਸੀਂ, ਹਿੰਦੂਸਤਾਨ ਮਜ਼ਦੂਰ ਸਭਾ ਦੇ ਮੈਂਬਰਾਂ ਨੇ ਨਸਲੀ ਵਿਤਕਰੇ ਵਿਰੁੱਧ ਲੋਕਲ ਅਤੇ ਕੌਮੀ ਮੁਜ਼ਾਹਰੇ ਜਥੇਬੰਦ ਕਰਨੇ ਸ਼ੁਰੂ ਕਰ ਦਿੱਤੇ। ਇਨ੍ਹਾਂ ਮੁਜ਼ਾਹਰਿਆਂ ਵਿੱਚ ਏਸ਼ੀਅਨ ਆਦਮੀਆਂ (ਭਾਰਤੀ ਹੀ ਜ਼ਿਆਦਾ) ਨਾਲੋਂ ਸਾਡੇ ਨਾਲ ਗੋਰੇ ਗੋਰੀਆਂ ਜ਼ਿਆਦਾ ਹਿੱਸਾ ਲੈਂਦੇ ਸਨ। ਦਿਲ ਨੂੰ ਹੌਸਲਾ ਮਿਲਣ ਲੱਗਾ ਕਿ ਇੰਗਲੈਂਡ ਵਿੱਚ ਕਾਫੀ ਗੋਰੇ ਅਤੇ ਗੋਰੀਆਂ ਸਾਡੇ ਹਮਾਇਤੀ ਹਨ। ਫਿਰ ਅਸੀਂ ਐੱਮ.ਪੀਆਂ ਨੂੰ ਲੌਬੀ ਕਰਨਾ ਸ਼ੁਰੂ ਕੀਤਾ ਕਿ ਉਹ ਨਸਲਵਾਦ ਵਿਰੁੱਧ ਕਾਨੂੰਨ ਬਣਾਉਣ। ਸੰਨ 1968 ਵਿੱਚ ਬ੍ਰਿਟਿਸ਼ ਸਰਕਾਰ ਨੇ ਕਾਨੂੰਨ ਬਣਾਇਆ ਜੋ ਬਹੁਤ ਕਮਜ਼ੋਰ ਸੀ। ਹਿੰਦੂਸਤਾਨ ਮਜ਼ਦੂਰ ਸਭਾ ਨੇ ਮੁਹਿੰਮ ਨੂੰ ਹੋਰ ਤੇਜ਼ ਕਰ ਦਿੱਤਾ। ਲੰਡਨ ਵਿੱਚ ਇੱਕ ਬਹੁਤ ਵੱਡਾ ਮੁਜ਼ਾਹਰਾ ਕੀਤਾ। ਆਖਰ ਵਿੱਚ ਸਰਕਾਰ ਨੇ 1976 Race Relation Act ਬਣਾਇਆ ਜਿਸ ਨੇ ਨਸਲੀ ਵਿਤਕਰੇ ਨੂੰ ਠੱਲ੍ਹ ਪਾਉਣੀ ਸ਼ੁਰੂ ਕੀਤੀ।
ਹਿੰਦੁਸਤਾਨ ਮਜ਼ਦੂਰ ਸਭਾ ਨੇ ਸੀ.ਆਰ.ਈ. ਦੀ ਮਦਦ ਨਾਲ ਕੰਮਾਂ, ਪੱਬਾਂ ਆਦਿ ਵਿੱਚ ਨਸਲੀ ਵਿਤਕਰਿਆਂ ਵਿਰੁੱਧ ਕੇਸਾਂ ਨੂੰ ਲੜਿਆ ਅਤੇ ਜਿੱਤਿਆ। ਏਸ਼ੀਅਨ ਅਤੇ ਕਾਲੇ ਲੋਕਾਂ ਨੂੰ ਕੰਮਾਂ ਵਿੱਚ ਤਰੱਕੀਆਂ ਮਿਲਣ ਲਗੀਆਂ ਅਤੇ ਉਨ੍ਹਾਂ ਦੇ ਬੱਚਿਆਂ ਦਾ ਭਵਿੱਖ ਉੱਜਲਾ ਦਿਸਣ ਲੱਗਾ। ਹਾਲਾਤ ਸੌਖੇ ਬਣਨ ਲੱਗੇ। ਆਵਾਸੀ ਵਾਪਸ ਆਪਣੇ ਦੇਸ਼ ਜਾਣ ਦਾ ਫ਼ੈਸਲਾ ਬਦਲਣ ਲੱਗੇ। ਇੱਥੇ ਇਹ ਕਹਿਣਾ ਵੀ ਉਚਿਤ ਹੋਵੇਗਾ ਕਿ ਪਿਛੇ ਦੇਸ਼ਾਂ ਵਿੱਚ ਹਾਲਾਤ ਬਿਹਤਰ ਬਣਨ ਦੀ ਬਜਾਏ ਖ਼ਰਾਬ ਹੀ ਹੁੰਦੇ ਗਏ।
ਪਰ ਜਦ ਹੁਣ ਮੈਂ ਆਪਣੇ ਆਲੇ ਦੁਆਲੇ ਝਾਤ ਮਾਰਦਾ ਹਾਂ ਤਾਂ ਨਿਰਾਸ਼ਾਵਾਦੀ ਹੋ ਜਾਂਦਾ ਹਾਂ। ਮੈਂ ਸੋਚਦਾ ਹਾਂ ਕਿ ਟੈਕਨਾਲੋਜੀ ਨੇ ਤਾਂ ਬਹੁਤ ਮਾਰਾਂ ਮਾਰੀਆਂ ਹਨ, ਪਰ ਸਾਡੀ ਸੋਚ ਉੱਥੇ ਹੀ ਖੜ੍ਹੀ ਹੈ। ਗੁਰੂ ਨਾਨਕ ਦੇਵ ਜੀ ਨੂੰ ਪੰਜਾਬ ਤੋਂ ਮੱਕੇ ਆਉਣ ਤੱਕ 7 ਸਾਲ ਲੱਗੇ ਸਨ, ਅੱਜ ਉਹੀ ਸਫਰ ਹਵਾਈ ਜਹਾਜ਼ ਵਿੱਚ ਦੋਂਹ ਘੰਟਿਆਂ ਦਾ ਹੈ। ਸਾਡੀ ਸੋਚ ਅਜੇ ਵੀ ਗੁਰੂ ਨਾਨਕ ਦੇ ਸਮੇਂ ਨਾਲ ਬੱਝੀ ਹੋਈ ਹੈ।
ਨਹਿਰੂ ਦੇ ਧਰਮ ਨਿਰਪੇਖ ਅਤੇ ਮੋਦੀ ਦੇ ਰਾਮ ਰਾਜ ਬਾਰੇ ਸੋਚ ਕੇ ਮੈਂਨੂੰ ਇੰਝ ਲੱਗਦਾ ਹੈ ਕਿ ਅਸੀਂ ਮਾਡਰਨ ਯੁੱਗ ਤੋਂ ਪੱਥਰ ਯੁੱਗ ਵਿੱਚ ਪਹੁੰਚ ਗਏ ਹਾਂ। ਕੀ ਭਾਰਤ ਨੂੰ ਅੱਜ ਲੋਕ ਰਾਜ ਕਹਾਂਗੇ, ਜਿੱਥੇ ਲੋਕ ਸਭਾ ਦੇ 541 ਮੈਂਬਰਾਂ ਵਿੱਚੋਂ 442 ਕਰੋੜਪਤੀ (75% ਤੋਂ ਵੱਧ ਅਬਾਦੀ ਵਾਲੇ ਗ਼ਰੀਬਾਂ ਦੇ ਦੇਸ਼ ਵਿੱਚ) ਅਤੇ 186 ਅਪਰਾਧੀ ਹਨ। ਪਾਕਿਸਤਾਨ ਵਿੱਚ ਲੋਕ ਰਾਜ ਮੁੱਲਾਂ, ਮਿਲਟਰੀ ਅਤੇ ਜਗੀਰਦਾਰਾਂ ਦਾ ਹੱਥ ਠੋਕਾ ਹੈ। ਯੂਰਪ ਵਿੱਚ ਸੱਜੇ ਪੱਖੀ ਵਿਚਾਰਧਾਰਾ ਜ਼ੋਰ ਫੜ ਰਹੀ ਹੈ ਜੋ ਕਦੇ ਉਦਾਰਚਿੱਤ ਸੋਚ ਦਾ ਝੰਡਾ ਬਰਦਾਰ ਰਿਹਾ ਹੈ। ਅਮਰੀਕਾ ਵਿੱਚ ਇੰਨਾ ... (?) ਪ੍ਰਧਾਨ ਪਹਿਲਾਂ ਕਦੇ ਨਹੀਂ ਚੁਣਿਆ ਗਿਆ ਸੀ, ਜਿੰਨਾ ਡੌਨਾਲਡ ਟਰੰਪ ਹੈ। ਬਰਾਜ਼ੀਲ ਦਾ ਪ੍ਰਧਾਨ ਇਸਾਈ ਮੱਤ ਨਾਲ ਲੋਕਾਂ ਦੀਆਂ ਬਿਪਤਾਵਾਂ ਦਾ ਹੱਲ ਕਰਨਾ ਚਾਹੁੰਦਾ ਹੈ ਅਤੇ ਤਾਨਾਸ਼ਾਹੀ ਰਾਜ ਨੂੰ ਠੀਕ ਸਮਝਦਾ ਹੈ। ਟੈਕਨਾਲੋਜੀ ਦੇ ਯੁੱਗ ਵਿੱਚ ਜਿੱਥੇ ਇੰਨਾ ਗਿਆਨ ਉਪਲਬਧ ਹੈ, ਫਿਰ ਵੀ ਦੁਨੀਆਂ ਵਿੱਚ ਤਾਨਾਸ਼ਾਹੀ ਸੋਚ ਵੱਲ ਨੂੰ ਵਧਣਾ ਮੇਰੀ ਸਮਝ ਤੋਂ ਬਾਹਰ ਹੈ। ਕਿਹਾ ਜਾਂਦਾ ਸੀ ਕਿ ਦੁਨੀਆਂ ਦੀ ਦੂਸਰੀ ਲੜਾਈ ਤੋਂ ਬਾਅਦ ਤਾਨਾਸ਼ਾਹੀ ਦਾ ਭੋਗ ਪੈ ਗਿਆ ਸੀ। ਸ਼ਾਇਦ ਕੁੱਛ ਲੋਕਾਂ ਲਈ ਤਾਨਾਸ਼ਾਹੀ ਰੁਮਾਂਚਕ ਲੱਗਦੀ ਹੈ।
ਇਸ ਧੁੰਦਲੇ ਭਵਿੱਖ ਵਿੱਚ ਜਿਗਰ ਮੁਰਾਦਾਬਾਦੀ ਦਾ ਸ਼ੇਅਰ ਦੂਰ ਤਾਰੇ ਦੀ ਤਰ੍ਹਾਂ ਟਿਮਕਦਾ ਦਿਸਦਾ ਹੈ:
“ਇਸ ਕਾਇਨਾਤ ਮੇਂ, ਐ ‘ਜਿਗਰ’ ਕੋਈ ਇਨਕਲਾਬ ਉਠੇਗਾ ਫਿਰ,
ਕਿ ਬੁਲੰਦ ਹੋ ਕੇ ਵੀ ਆਦਮੀ, ਅਭੀ ਖ਼ਾਹਿਸ਼ੋਂ ਕਾ ਗ਼ੁਲਾਮ ਹੈ।
*****
(1461)
(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.om)