“ਫੂਡ ਸੇਫਟੀ ਵਿਭਾਗ ਸਾਰਾ ਸਾਲ ਕੁੰਭਕਰਨੀ ਨੀਂਦ ਸੁੱਤਾ ਰਹਿੰਦਾ ਹੈ, ਜਦੋਂ ਤਿਉਹਾਰਾਂ ...”
(7 ਅਕਤੂਬਰ 2026)
ਮਨੁੱਖ ਨੂੰ ਜਿਊਂਦੇ ਰਹਿਣ ਲਈ ਸਾਹ ਲੈਣ ਤੋਂ ਬਾਅਦ ਭੋਜਨ ਦੀ ਲੋੜ ਪੈਂਦੀ ਹੈ। ਭੋਜਨ ਦੀ ਗੱਲ ਕਰੀਏ ਤਾਂ ਸਿਹਤ ਮਾਹਿਰ ਸਾਨੂੰ ਸੰਤੁਲਿਤ ਭੋਜਨ ਖਾਣ ਦੀ ਸਲਾਹ ਦਿੰਦੇ ਹਨ। ਸੰਤੁਲਿਤ ਭੋਜਨ ਇੱਕ ਅਜਿਹਾ ਭੋਜਨ ਹੁੰਦਾ ਹੈ ਜਿਸ ਵਿੱਚ ਸਰੀਰ ਨੂੰ ਲੋੜ ਅਨੁਸਾਰ ਸਾਰੇ ਪੌਸ਼ਟਿਕ ਤੱਤ ਜਿਵੇਂ ਕਿ ਕਾਰਬੋਹਾਈਡ੍ਰੇਟ, ਪ੍ਰੋਟੀਨ, ਖਣਿਜ ਪਦਾਰਥ, ਚਰਬੀ ਅਤੇ ਵਿਟਾਮਿਨ ਸ਼ਾਮਲ ਹੋਣ। ਅਜੋਕੇ ਮਹਿੰਗਾਈ ਦੇ ਸਮੇਂ ਵਿੱਚ ਜਦੋਂ ਆਮ ਆਦਮੀ ਦੋ ਸਮੇਂ ਦੀ ਰੋਟੀ ਲਈ ਜੂਝ ਰਿਹਾ ਹੈ ਉਹ ਉਪਰੋਕਤ ਸਾਰੇ ਪੌਸ਼ਟਿਕ ਤੱਤ ਕਿੱਥੋਂ ਲੈ ਪਾਵੇਗਾ? ਦੁੱਧ ਹੀ ਕੇਵਲ ਅਜਿਹਾ ਪਦਾਰਥ ਹੈ ਜਿਸ ਵਿੱਚ ਸਰੀਰ ਨੂੰ ਲੋੜ ਅਨੁਸਾਰ ਜ਼ਰੂਰੀ ਤੱਤ ਮੌਜੂਦ ਹੁੰਦੇ ਹਨ। ਇਸ ਵਿੱਚ ਕੇਵਲ ਆਇਰਨ ਨਹੀਂ ਹੁੰਦਾ; ਇਸ ਵਿੱਚ ਲੈਕਟੋਜ ਜੋ ਇੱਕ ਪ੍ਰਕਾਰ ਦੀ ਸ਼ੂਗਰ ਹੈ, ਦੇ ਨਾਲ ਨਾਲ ਪ੍ਰੋਟੀਨ, ਵਿਟਾਮਿਨ, ਪਾਣੀ ਅਤੇ ਖਣਿਜ ਪਦਾਰਥਾਂ ਦਾ ਵਡਮੁੱਲਾ ਸ੍ਰੋਤ ਹੈ ਜੋ ਸਰੀਰ ਨੂੰ ਲੋੜ ਅਨੁਸਾਰ ਸਾਰੇ ਤੱਤਾਂ ਦੀ ਪੂਰਤੀ ਕਰਦਾ ਹੈ। ਇਹ ਸਸਤਾ ਅਤੇ ਅਸਾਨੀ ਨਾਲ ਵੀ ਮਿਲ ਜਾਂਦਾ ਹੈ।
ਦੁੱਧ ਜੋ ਅਸਾਨੀ ਨਾਲ ਮਿਲਦਾ ਹੈ, ਜ਼ਰੂਰੀ ਨਹੀਂ ਉਹ ਸਹੀ ਹੋਵੇ। ਅਜੋਕੇ ਸਮੇਂ ਵਿੱਚ ਮਿਲਾਵਟੀ ਦੁੱਧ ਦਾ ਕਾਰੋਬਾਰ ਪੂਰੇ ਜ਼ੋਰਾਂ ਸ਼ੋਰਾਂ ਨਾਲ ਚੱਲ ਰਿਹਾ ਹੈ। ਫੂਡ ਸੇਫਟੀ ਵਿਭਾਗ ਸਾਰਾ ਸਾਲ ਕੁੰਭਕਰਨੀ ਨੀਂਦ ਸੁੱਤਾ ਰਹਿੰਦਾ ਹੈ, ਜਦੋਂ ਤਿਉਹਾਰਾਂ ਦਾ ਸਮਾਂ ਸ਼ੁਰੂ ਹੁੰਦਾ ਹੈ ਉਦੋਂ ਖਾਨਾਪੂਰਤੀ ਕਰਦੇ ਹੋਏ ਦੋ ਚਾਰ ਮਿਲਾਵਟੀ ਦੁੱਧ ਅਤੇ ਉਸ ਤੋਂ ਬਣੇ ਪਦਾਰਥਾਂ ਦੇ ਫੜਨ ਦੀਆਂ ਖਬਰਾਂ ਅਖਬਾਰ ਦੀਆਂ ਸ਼ਿੰਗਾਰ ਬਣਦੀਆਂ ਹਨ। ਕਸੂਰ ਮਿਲਾਵਟੀ ਦੁੱਧ ਬਣਾਉਣ ਵਾਲਿਆਂ ਦਾ ਤਾਂ ਜੋ ਹੈ ਉਹ ਹੈ, ਉਨ੍ਹਾਂ ਦੇ ਨਾਲ ਨਾਲ ਅਸੀਂ ਵੀ ਕਸੂਰਵਾਰ ਹਾਂ। ਅਸੀਂ ਆਧੁਨਿਕ ਹੁੰਦੇ ਜਾ ਰਹੇ ਹਾਂ। ਅਸੀਂ ਮੰਗਲ ਗ੍ਰਹਿ ’ਤੇ ਪਹੁੰਚਣ ਲਈ ਤਾਂ ਨਵੇਂ ਨਵੇਂ ਤਰੀਕੇ ਈਜਾਦ ਕਰ ਰਹੇ ਹਾਂ ਪ੍ਰੰਤੂ ਅਕਲ ਸਾਨੂੰ ਅਜ਼ੇ ਤਕ ਧਰਤੀ ’ਤੇ ਰਹਿਣ ਦੀ ਵੀ ਨਹੀਂ ਆਈ। ਪਸ਼ੂ ਪਾਲਣ ਦਾ ਕਿੱਤਾ ਸਾਡਾ ਵਡਮੁੱਲਾ ਸਰਮਾਇਆ ਹੈ। ਖੇਤੀਬਾੜੀ ਦੀ ਰਹਿੰਦ ਖੂਹੰਦ ਪਸ਼ੂਆਂ ਲਈ ਭੋਜਨ ਬਣਦੀ ਹੈ ਜਦਕਿ ਪਸ਼ੂਆਂ ਦਾ ਗੋਹਾ ਅਤੇ ਮਲਮੂਤਰ ਖੇਤਾਂ ਲਈ ਖਾਦ ਅਤੇ ਬਾਇਉਗੈਂਸ ਪਲਾਂਟ ਦੁਆਰਾ ਭੋਜਨ ਬਣਾਉਣ ਲਈ ਗੈਸ ਵਜੋਂ ਕੰਮ ਆ ਕੇ ਸੋਨੇ ’ਤੇ ਸੁਹਾਗੇ ਦਾ ਕੰਮ ਕਰਦਾ ਹੈ। ਇਹ ਗੈਸ ਵਰਤਣ ਨਾਲ ਜਿੱਥੇ ਐੱਲ ਪੀ ਜੀ ਗੈਸ ਅਤੇ ਪਾਥੀਆਂ ਦੇ ਧੂੰਏਂ ਤੋਂ ਛੁਟਕਾਰਾ ਮਿਲਦਾ ਹੈ, ਉੱਥੇ ਵਾਤਾਵਰਣ ਵਿੱਚ ਹੋਣ ਵਾਲੇ ਹਵਾ ਪ੍ਰਦੂਸ਼ਣ ਤੋਂ ਵੀ ਕੁਝ ਹੱਦ ਤਕ ਮੁਕਤੀ ਮਿਲਦੀ ਹੈ। ਇਹ ਖੇਤੀਬਾੜੀ ਦੇ ਕਿੱਤੇ ਨਾਲ ਮੋਢੇ ਨਾਲ ਮੋਢਾ ਲਾ ਕੇ ਚਲਦਾ ਹੈ ਪ੍ਰੰਤੂ ਅਸੀਂ ਦੇਖਾ ਦੇਖੀ ਪਸ਼ੂਆਂ ਤੋਂ ਦੂਰ ਹੋ ਕੇ ਮਿਲਾਵਟੀ ਦੁੱਧ ਪੀਣ ਲਈ ਮਜਬੂਰ ਹੋ ਚੁੱਕੇ ਹਾਂ। ਸਾਡੇ ਦੇਸ਼ ਵਿੱਚ ਇਨ੍ਹਾਂ ਪਸ਼ੂਆਂ ਤੋਂ ਉੰਨਾ ਦੁੱਧ ਉਤਪਾਦਨ ਨਹੀਂ ਹੁੰਦਾ, ਜਿੰਨੀ ਖਪਤ ਹੋ ਰਹੀ ਹੈ। ਇਸਦਾ ਸਿੱਧਾ ਮਤਲਬ ਹੈ ਕਿ ਬਹੁਤੀ ਅਬਾਦੀ ਨੂੰ ਦੁੱਧ ਦੀ ਪੂਰਤੀ ਵਜੋਂ ਮਿਲਾਵਟੀ ਦੁੱਧ ਮਿਲ ਰਿਹਾ ਹੈ।
ਪਸ਼ੂ ਪਾਲਣ ਦੇ ਕਿੱਤੇ ਤੋਂ ਬੇਮੁੱਖ ਹੋਣ ਵਾਲੇ ਪਸ਼ੂ ਪਾਲਕਾਂ ਦਾ ਕਹਿਣਾ ਹੈ ਕਿ ਦੁੱਧ ਦਾ ਉਨ੍ਹਾਂ ਨੂੰ ਸਹੀ ਰੇਟ ਨਹੀਂ ਮਿਲਦਾ। ਇਹ ਗੱਲ ਸਹੀ ਹੈ। ਮੈਂ ਤੁਹਾਨੂੰ ਇੱਕ ਉਦਾਹਰਨ ਦਿੰਦਾ ਹਾਂ। ਮੇਰੇ ਘਰ ਇੱਕ ਗਾਂ ਰੱਖੀ ਹੋਈ ਹੈ। ਉਹ ਸੂਣ ਵਾਲੀ ਸੀ, ਦੋ ਮਹੀਨੇ ਬਾਕੀ ਸਨ ਇਸ ਕਰਕੇ ਨੇੜੇ ਦੀ ਇੱਕ ਡੇਅਰੀ ਤੋਂ ਦੋ ਕਿੱਲੋ ਦੁੱਧ ਲੈ ਲਿਆ ਲੈ ਲੈਂਦਾ ਸੀ। ਇੱਕ ਦਿਨ ਮੇਰਾ ਦੋਸਤ ਡੇਅਰੀ ’ਤੇ ਦੁੱਧ ਪਾਉਣ ਗਿਆ। ਉਸ ਸਮੈਂ ਮੈਂ ਉੱਥੇ ਦੁੱਧ ਲੈਣ ਗਿਆ ਹੋਇਆ ਸੀ। ਮੈਂ ਦੇਖਿਆ, ਉਸਦਾ ਦੁੱਧ ਅਠੱਤੀ ਉਨਤਾਲੀ ਰੁਪਏ ਨੂੰ ਵਿਕਿਆ, ਜਦਕਿ ਮੈਨੂੰ ਡੇਅਰੀ ਤੋਂ ਓਹੀ ਦੁੱਧ ਪੰਜਾਹ ਰੁਪਏ ਕਿੱਲੋ ਮਿਲਿਆ। ਸੋਚਣ ਵਾਲੀ ਗੱਲ ਹੈ ਕਿ ਡੇਅਰੀ ਵਾਲੇ ਜਾਂ ਦੋਧੀ ਨੇ ਗਿਆਰਾਂ ਰੁਪਏ ਕਮਾ ਲਏ ਪ੍ਰੰਤੂ ਇਹ ਪੈਸੇ ਦੁੱਧ ਉਤਪਾਦਕ ਦੇ ਸਨ ਜਿਸਨੇ ਮਿਹਨਤ ਕੀਤੀ ਸੀ। ਉਸਨੂੰ ਤਾਂ ਲਾਗਤ ਵੀ ਮਸਾਂ ਪੱਲੇ ਪਈ ਜਦਕਿ ਮਲਾਈ ਕੋਈ ਹੋਰ ਹੀ ਖਾ ਰਿਹਾ ਹੈ। ਦੁੱਧ ਉਤਪਾਦਕ ਦੁੱਧ ਦਾ ਉਤਪਾਦਨ ਕਰਕੇ ਆਪ ਵੇਚਣ ਲਈ ਅੱਗੇ ਆਉਣ।
ਜੇਕਰ ਕਿਸਾਨਾਂ ਨੂੰ ਦੁੱਧ ਦਾ ਰੇਟ ਵਾਜਿਬ ਮਿਲੇਗਾ ਤਾਂ ਹੋਰ ਦੁੱਧ ਉਤਪਾਦਕ ਵੀ ਉਨ੍ਹਾਂ ਨੂੰ ਦੇਖ ਪਸ਼ੂ ਪਾਲਣ ਦੇ ਕਿੱਤੇ ਵੱਲ ਆਕਰਸ਼ਿਤ ਹੋਣਗੇ। ਪਸ਼ੂ ਪਾਲਣ ਦੇ ਕਿੱਤੇ ਨੂੰ ਕਾਮਯਾਬ ਕਰਨ ਲਈ ਜਿੱਥੇ ਦੁੱਧ ਦੀ ਸਹੀ ਕੀਮਤ ਦੇਣ ਦੇ ਨਾਲ ਨਾਲ ਪਸ਼ੂ ਪਾਲਣ ਦੇ ਕਿੱਤੇ ਦੀ ਮੁਢਲੀ ਜਾਣਕਾਰੀ ਪਸ਼ੂ ਪਾਲਕਾਂ ਤਕ ਪਹੁੰਚਾਉਣਾ ਜ਼ਰੂਰੀ ਹੈ, ਉੱਥੇ ਨਕਲੀ ਦੁੱਧ ਨੂੰ ਨੱਥ ਪਾਉਣਾ ਵੀ ਸਮੇਂ ਦੀ ਲੋੜ ਹੈ ਨਹੀਂ ਤਾਂ ਨਕਲੀ ਦੁੱਧ ਬਹੁਤ ਜਲਦੀ ਸੱਤਵੇਂ ਦਰਿਆ ਦਾ ਰੂਪ ਇਖਤਿਆਰ ਕਰ ਲਵੇਗਾ ਜੋ ਸਾਡੀਆਂ ਅਤੇ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਦੀਆਂ ਨਾੜਾਂ ਵਿੱਚ ਵਹੇਗਾ।
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (This email address is being protected from spambots. You need JavaScript enabled to view it.)


























































































































