RajwinderPalSharma7ਸ਼ੋਅਲੇ ਵਰਗੀਆਂ ਹਿੱਟ ਫਿਲਮਾਂ ਦੇਣ ਵਾਲੇ ਧਰਮਿੰਦਰ ਨੇ 300 ਤੋਂ ਵੱਧ ਫਿਲਮਾਂ ...31 DeC 25
(31 ਦਸੰਬਰ 2025)

 

31 DeC 25


ਸਮਾਂ ਕਿਸੇ ਦੀ ਉਡੀਕ ਨਹੀਂ ਕਰਦਾ। ਪਲ ਪਲ ਬੀਤਦਾ ਸਮਾਂ ਆਪਣੇ ਪਿੱਛੇ ਕੌੜੀਆਂ ਮਿੱਠੀਆਂ ਯਾਦਾਂ ਛੱਡ ਜਾਂਦਾ ਹੈ, ਜਿਨ੍ਹਾਂ ਨੂੰ ਭੁਲਾਉਣਾ ਮੁਸ਼ਿਕਲ ਹੀ ਨਹੀਂ ਸਗੋਂ ਬਹੁਤ ਔਖਾ ਹੋ ਜਾਂਦਾ ਹੈ।
2025 ਵਿੱਚ ਬਾਲੀਵੁੱਡ ਅਤੇ ਪਾਲੀਵੁੱਡ ਦੇ ਅਜਿਹੇ ਬਹੁਤ ਮਸ਼ਹੂਰ ਅਦਾਕਾਰ ਅਤੇ ਗਾਇਕ ਇਸ ਦੁਨੀਆਂ ਨੂੰ ਸਦਾ ਲਈ ਅਲਵਿਦਾ ਕਹਿ ਗਏ ਜਿਨ੍ਹਾਂ ਬਾਰੇ ਯਾਦ ਕਰਕੇ ਇਹ ਯਕੀਨ ਕਰਨਾ ਵੀ ਮੁਸ਼ਿਕਲ ਹੋ ਰਿਹਾ ਹੈ ਕਿ ਉਹ ਦੁਨੀਆਂ ਵਿੱਚ ਨਹੀਂ ਰਹੇ। ਇਹ ਅਦਾਕਾਰ ਸਰੀਰਕ ਰੂਪ ਵਿੱਚ ਤਾਂ ਭਲਾ ਸਾਡੇ ਕੋਲ ਨਾ ਹੋਣ ਪ੍ਰੰਤੂ ਆਪਣੀ ਕਲਾ ਦੇ ਰੂਪ ਵਿੱਚ ਹਮੇਸ਼ਾ ਸਾਡੇ ਵਿਚਕਾਰ ਜਿਊਂਦੇ ਰਹਿਣਗੇ।

(1) ਅਲਵਿਦਾ ਚਾਚਾ ਚਤਰਾ - ਆਪਣੀ ਕਾਮੇਡੀ ਨਾਲ ਪੰਜਾਬੀਆਂ ਦੇ ਨਾਲ ਨਾਲ ਪੂਰੇ ਸੰਸਾਰ ਵਿੱਚ ਚਾਚਾ ਚਤਰਾ ਦੇ ਨਾਂ ਨਾਲ ਜਾਣੇ ਜਾਂਦੇ ਜਸਵਿੰਦਰ ਭੱਲਾ ਦਾ ਜਨਮ 4 ਮਈ 1960 ਨੂੰ ਦੋਰਾਹਾ ਜ਼ਿਲ੍ਹਾ ਲੁਧਿਆਣਾ ਵਿਖੇ ਹੋਇਆ। 1988 ਵਿੱਚ ਆਪਣੇ ਸਾਥੀ ਬਾਲ ਮੁਕੰਦ ਸ਼ਰਮਾ ਨਾਲ ਛਣਕਾਟਾ ਸ਼ੁਰੂ ਕਰਨ ਵਾਲੇ ਜਸਵਿੰਦਰ ਭੱਲਾ ਨੇ ਦੁੱਲਾ ਭੱਟੀ, ਮਾਹੌਲ ਠੀਕ ਹੈ, ਬਦਲਾ ਦਿ ਰਿਵੇਂਜ, ਜੱਟ ਐਂਡ ਜੂਲੀਅਟ, ਜਿੰਨੇ ਜੰਮੇ ਸਾਰੇ ਨਿਕੰਮੇ, ਦੇਖ ਬਰਾਤਾਂ ਚੱਲੀਆਂ, ਵਧਾਈਆਂ ਜੀ ਵਧਾਈਆਂ, ਜਿਹਨੇ ਮੇਰਾ ਦਿਲ ਲੁੱਟਿਆ, ਮਿਸਟਰ ਐਂਡ ਮਿਸਿਜ਼ 420 ਅਤੇ ਮਿਸਟਰ ਐਂਡ ਮਿਸਿਜ਼ 420 ਰਿਟਰਨ ਵਰਗੀਆਂ ਸੁਪਰਹਿੱਟ ਫਿਲਮਾਂ ਪੌਲੀਵੁੱਡ ਨੂੰ ਦਿੱਤੀਆਂ। ਉਹਨਾਂ ਦੇ ਡਾਇਲਾਗ ਦਰਸ਼ਕਾਂ ਦੇ ਅੱਜ ਵੀ ਮੂੰਹ ਚੜ੍ਹੇ ਹੋਏ ਹਨ ਜਿਵੇਂ ਢਿੱਲੋਂ ਨੇ ਕਾਲਾ ਕੋਟ ਐਵੇਂ ਨੀ ਪਾਇਆ, ਗੰਦੀ ਔਲਾਦ ਨਾ ਮਜ਼ਾ ਨਾ ਸਵਾਦ, ਜੇ ਚੰਡੀਗੜ੍ਹ ਢਹਿ ਜੂ ਪਿੰਡਾਂ ਜੋਗਾ ਤਾਂ ਰਹਿ ਜੂ, ਜੇ ਪਿੰਡ ਹੀ ਢਹਿ ਜੂ ਤਾਂ ਪਿੱਛੇ ਕੀ ਰਹਿ ਜੂ, ਜੁੱਤੀ ਤੰਗ ਅਤੇ ਜਵਾਈ ਨੰਗ ਸਾਰੀ ਉਮਰ ਮੱਤ ਮਾਰੀ ਰੱਖਦੇ ਆ, ਇਨ੍ਹਾਂ ਡਾਇਲਾਗ ਨੂੰ ਜਦੋਂ ਵੀ ਸੁਣਦੇ ਹਾਂ ਤਾਂ ਅੱਜ ਵੀ ਹੱਸ ਹੱਸ ਕੇ ਢਿੱਡੀਂ ਪੀੜਾਂ ਪੈ ਜਾਂਦੀਆਂ ਹਨ। ਆਪਣੀ ਅਦਾਕਾਰੀ ਨਾਲ ਦਰਸ਼ਕਾਂ ਦੇ ਦਿਲਾਂ ਵਿੱਚ ਛਾਪ ਛੱਡਣ ਵਾਲੇ ਚਾਚਾ ਚਤਰਾ 22 ਅਗਸਤ 2025 ਨੂੰ ਮੁਹਾਲੀ ਦੇ ਫੌਰਟਿਸ ਹਸਪਤਾਲ ਵਿੱਚ ਆਪਣੇ ਚਾਹੁਣ ਵਾਲਿਆਂ ਨੂੰ ਸਦਾ ਸਦਾ ਲਈ ਅਲਵਿਦਾ ਕਹਿ ਗਏ।

(2)   ਗਾਇਕ ਅਤੇ ਗੀਤਕਾਰ: ਜੁਬਿਨ ਗਰਗ - ਯਾ ਅਲੀ, ਦਿਲ ਤੂੰ ਹੀ ਬਤਾ, ਝੂਮ ਬਰਾਬਰ ਝੂਮ ਅਤੇ ਖ਼ੁਦਾ ਜਾਣੇ ਵਰਗੇ ਗੀਤਾਂ ਨੂੰ ਆਵਾਜ਼ ਦੇਣ ਵਾਲੇ ਜੁਬਿਨ ਗਰਗ ਦਾ 19 ਸਤੰਬਰ ਨੂੰ ਸਿੰਘਾਪੁਰ ਵਿੱਚ ਦਿਹਾਂਤ ਹੋ ਗਿਆ। ਇੱਕ ਚੰਗੇ ਗਾਇਕ ਦੇ ਨਾਲ ਨਾਲ ਉਹ ਇੱਕ ਚੰਗੇ ਗੀਤਕਾਰ ਵੀ ਸਨ।

(3) ਸੱਭਿਆਚਾਰ ਦਾ ਹੀਰਾ: ਰਾਜਵੀਰ ਜਵੰਦਾ - ਸੱਭਿਆਚਾਰ ਅਤੇ ਪੰਜਾਬੀ ਬੋਲੀ ਦਾ ਉੱਭਰਦਾ ਗੀਤਕਾਰ ਅਤੇ ਅਦਾਕਾਰ ਰਾਜਵੀਰ ਜਵੰਦਾ ਇੱਕ ਸੜਕ ਹਾਦਸੇ ਦਾ ਸ਼ਿਕਾਰ ਹੋ ਕੇ 8 ਅਕਤੂਬਰ ਨੂੰ ਇਸ ਦੁਨੀਆਂ ਨੂੰ ਸਦਾ ਲਈ ਅਲਵਿਦਾ ਕਹਿ ਗਿਆ। ਉਸਦੀ ਸਮੁੱਚੀ ਗਾਇਕੀ ਪੰਜਾਬੀ ਸੱਭਿਆਚਾਰ ਨੂੰ ਸਮਰਪਿਤ ਰਹੀ। ਉਹ ਮਹੱਬਤ ਦਾ ਮੁਦਈ ਸੀ। ਧੀਆਂ, ਜੰਮੇ ਨਾਲ ਦੇ, ਸਕੂਨ, ਕਮਲਾ, ਕੰਗਣੀ, ਸਰਦਾਰੀ, ਮਿੱਤਰਾਂ ਨੇ ਦਿਲ ਮੰਗਿਆ, ਮਾਵਾਂ, ਪਟਿਆਲੇ ਵਾਲਾ ਅਤੇ ਜੋਗੀਆ, ਰੀਬੌਰਨ ਹੀਰ, ਸਾਰੇ ਹੀ ਦਿਲ ਨੂੰ ਛੂੰਹਦੇ ਹਨ। ਮਿੰਦੋ ਤਹਿਸੀਲਦਾਰਨੀ, ਜਿੰਦ ਜਾਨ ਅਤੇ ਸੂਬੇਦਾਰ ਜੋਗਿੰਦਰ ਸਿੰਘ ਵਰਗੀਆਂ ਫਿਲਮਾਂ ਵਿੱਚ ਕੀਤੀ ਅਦਾਕਾਰੀ ਵੀ ਲਾਜਵਾਬ ਅਤੇ ਹਰ ਇੱਕ ਦੇ ਦਿਲ ਨੂੰ ਸਕੂਨ ਦੇਣ ਵਾਲੀ ਸੀ। ਛੋਟੀ ਉਮਰੇ ਹੀ ਇਸ ਦੁਨੀਆਂ ਤੋਂ ਰੁਖ਼ਸਤ ਹੋਣ ਵਾਲੇ ਰਾਜਵੀਰ ਜਵੰਦਾ ਦੀ ਜ਼ਿੰਦਗੀ ਉੱਭਰਦੇ ਕਲਾਕਾਰਾਂ ਨੂੰ ਇਹ ਸੰਦੇਸ਼ ਦੇਣ ਵਿੱਚ ਕਾਮਯਾਬ ਰਹੀ ਹੈ ਕਿ ਪ੍ਰਸਿੱਧੀ ਹਾਸਲ ਕਰਨ ਲਈ ਲੱਚਰਤਾ ਅਤੇ ਸ਼ੋਰ ਸ਼ਰਾਬੇ ਵਾਲੇ ਸੰਗੀਤ ਦੀ ਜ਼ਰੂਰਤ ਨਹੀਂ, ਮਰਯਾਦਾ ਅਤੇ ਸੱਭਿਆਚਾਰ ਦਾ ਪੱਲਾ ਫੜ ਕੇ ਵੀ ਪ੍ਰਸਿੱਧੀ ਹਾਸਲ ਕੀਤੀ ਜਾ ਸਕਦੀ ਹੈ।

(4) ਮਹਾਭਾਰਤ ਦਾ ਕਰਨ - ਦੂਰਦਰਸ਼ਨ ਦੇ ਪ੍ਰਸਿੱਧ ਸੀਰੀਅਲ ਮਹਾਂਭਾਰਤ ਵਿੱਚ ਕਰਨ ਦੀ ਭੂਮਿਕਾ ਨਿਭਾਉਣ ਵਾਲੇ ਪੰਕਜ ਧੀਰ ਨੇ 15 ਅਕਤੂਬਰ ਨੂੰ ਆਖ਼ਰੀ ਸਾਹ ਲਏ। ਉਹਨਾਂ ਨੇ ਚੰਦਰਕਾਂਤਾ ਅਤੇ ਦੇਵੋਂ ਕੇ ਦੇਵ ਮਹਾਦੇਵ ਵਿੱਚ ਮਹੱਤਵਪੂਰਨ ਰੋਲ ਅਦਾ ਕੀਤਾ। ਉਹਨਾਂ ਨੇ ਬਾਦਸ਼ਾਹ, ਸੋਲਜਰ, ਟਾਰਜ਼ਨ ਦਿ ਵੰਡਰ, ਕਾਰ ਅਤੇ ਸੜਕ ਵਰਗੀਆਂ ਹਿੱਟ ਫਿਲਮਾਂ ਕੀਤੀਆਂ।

(5) ਭਾਰਤੀ ਬੌਡੀ ਬਿਲਡਰ ਅਤੇ ਐਕਟਰ: ਵਰਿੰਦਰ ਸਿੰਘ ਘੁੰਮਣ - ਕਬੱਡੀ ਵਨਸ ਅਗੇਨ, ਟਾਈਗਰ-3 ਅਤੇ ਮਰਜਾਵਾਂ ਵਰਗੀਆਂ ਫਿਲਮਾਂ ਵਿੱਚ ਆਪਣੀ ਅਦਾਕਾਰੀ ਨਾਲ ਦਿਲ ਜਿੱਤਣ ਵਾਲੇ ਵਰਿੰਦਰ ਸਿੰਘ ਘੁੰਮਣ ਦਾ 9 ਅਕਤੂਬਰ ਨੂੰ ਸਰਜਰੀ ਦੌਰਾਨ ਦਿਹਾਂਤ ਹੋ ਗਿਆ।

(6) ਅੰਗਰੇਜ਼ੋਂ ਕੇ ਜ਼ਮਾਨੇ ਕਾ ਜੇਲ੍ਹਰ: ਹਮ ਅੰਗਰੇਜ਼ੋਂ ਕੇ ਜ਼ਮਾਨੇ ਕੇ ਜੇਲ੍ਹਰ ਹੈਂ - 1975 ਵਿੱਚ ਰਿਲੀਜ਼ ਹੋਈ ਫਿਲਮ ਸ਼ੋਲੇ ਦੇ ਇਸ ਦਮਦਾਰ ਕਿਰਦਾਰ ਅਤੇ ਡਾਇਲਾਗ ਨੂੰ ਦਰਸ਼ਕਾਂ ਦੇ ਦਿਲਾਂ ਵਿੱਚ ਅਮਰ ਕਰਨ ਵਾਲੇ ਅਸਰਾਨੀ 20 ਅਕਤੂਬਰ ਨੂੰ ਸਦਾ ਸਦਾ ਲਈ ਇਸ ਦੁਨੀਆਂ ਤੋਂ ਰੁਖ਼ਸਤ ਹੋ ਗਏ। 1 ਜੂਨ 1941 ਨੂੰ ਜੈਪੁਰ ਵਿੱਚ ਜਨਮੇ ਗੋਵਰਧਨ ਅਸਰਾਨੀ ਫਿਲਮਾਂ ਵਿੱਚ ਅਸਰਾਨੀ ਦੇ ਨਾਮ ਨਾਲ ਜਾਣੇ ਜਾਣ ਲੱਗੇ। ਉਹਨਾਂ ਨੇ 350 ਤੋਂ ਵੱਧ ਫਿਲਮਾਂ ਵਿੱਚ ਅਦਾਕਾਰੀ ਕੀਤੀ ਜਿਨ੍ਹਾਂ ਵਿੱਚ ਸ਼ੋਲੇ, ਸੀਤਾ ਔਰ ਗੀਤਾ, ਚੰਡਾਲ, ਨਮਕ ਹਰਾਮ, ਹਿੰਮਤਵਾਲਾ, ਧਮਾਲ, ਮੁਕੱਦਰ ਕਾ ਬਾਦਸ਼ਾਹ, ਦੂਲ੍ਹੇ ਰਾਜਾ, ਮਾਲਾਮਾਲ ਵੀਕਲੀ, ਆਜ ਕਾ ਅਰਜੁਨ, ਖੱਟਾ ਮੀਠਾ, ਦੇ ਦਨਾ ਦਨ, ਭੂਲ ਭੁਲੱਈਆ ਆਦਿ ਸ਼ਾਮਲ ਹਨ।

(7) ਅਦਾਕਾਰ ਸ਼ਤੀਸ਼ ਸ਼ਾਹ - 25 ਜੂਨ 1951 ਨੂੰ ਮੁੰਬਈ ਵਿੱਚ ਜਨਮੇ ਸਤੀਸ਼ ਸ਼ਾਹ ਨੇ ਭੂਤਨਾਥ, ਫਿਰ ਵੀ ਦਿਲ ਹੈ ਹਿੰਦੁਸਤਾਨੀ, ਅਨਾੜੀ ਨੰਬਰ ਵੰਨ, ਓਮ ਸ਼ਾਂਤੀ ਓਮ, ਵੀਰਾਨਾ, ਮੁਝਸੇ ਸ਼ਾਦੀ ਕਰੋਗੀ, ਕੱਲ੍ਹ ਹੋ ਨਾ ਹੋ, ਪੁਰਾਣੀ ਹਵੇਲੀ, ਜੁੜਵਾਂ ਅਤੇ ਹਾਤਿਮਤਾਈ ਵਰਗੀਆਂ ਸੁਪ੍ਰਸਿੱਧ ਫਿਲਮਾਂ ਸ਼ਾਮਲ ਹਨ। ਇਸ ਹਾਸਰਸ ਕਲਾਕਾਰ ਨੇ 25 ਅਕਤੂਬਰ 2025 ਨੂੰ ਮੁੰਬਈ ਵਿੱਚ ਅੰਤਿਮ ਸਾਹ ਲਏ।

(8) ਗਾਇਕਾ ਅਤੇ ਅਦਾਕਾਰਾ ਸੁਲਕਸ਼ਨਾ ਪੰਡਿਤ - 12 ਜੁਲਾਈ 1954 ਨੂੰ ਜਨਮੀ ਸੁਲਕਸ਼ਨਾ ਪੰਡਿਤ ਇੱਕ ਬਿਹਤਰੀਨ ਅਦਾਕਾਰਾ ਦੇ ਨਾਲ ਨਾਲ ਗਾਇਕਾ ਵੀ ਰਹੀ। ਉਸਨੇ ਵਕਤ ਕੀ ਦੀਵਾਰ, ਹੇਰਾਫੇਰੀ, ਗੋਰਾ, ਸੰਕੋਚ, ਫਾਂਸੀ, ਸਲਾਖੇਂ ਅਤੇ ਖ਼ਾਨਦਾਨ ਵਰਗੀਆਂ ਸੁਪਰ ਹਿੱਟ ਫਿਲਮਾਂ ਰਾਹੀਂ ਦਰਸ਼ਕਾਂ ਦੇ ਦਿਲਾਂ ਵਿੱਚ ਇੱਕ ਖ਼ਾਸ ਜਗ੍ਹਾ ਬਣਾਈ। 6 ਨਵੰਬਰ 2025 ਨੂੰ 71 ਸਾਲਾਂ ਦੀ ਉਮਰ ਵਿੱਚ ਇਸ ਮਹਾਨ ਅਦਾਕਾਰਾ ਨੇ ਮੁੰਬਈ ਵਿੱਚ ਆਖਰੀ ਸਾਹ ਲਏ।

(9) ਗੀਤਕਾਰ ਨਿੰਮਾ ਲੌਹਾਰਕਾ - 24 ਮਾਰਚ 1977 ਨੂੰ ਪਿਤਾ ਦਰਸ਼ਨ ਸਿੰਘ ਅਤੇ ਮਾਤਾ ਦਲਵੀਰ ਕੌਰ ਦੇ ਘਰ ਅਮ੍ਰਿਤਸਰ ਦੀ ਅਜਨਾਲਾ ਤਹਿਸੀਲ ਦੇ ਲੌਹਾਰਕਾ ਪਿੰਡ ਵਿੱਚ ਜਨਮੇ ਨਿਰਮਨ ਸਿੰਘ ਨੂੰ ਨਿੰਮਾ ਲੌਹਾਰਕਾ ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਨਿੰਮਾ ਲੌਹਾਰਕਾ ਨੇ 500 ਤੋਂ ਜ਼ਿਆਦਾ ਗੀਤ ਲਿਖੇ ਜੋ 150 ਤੋਂ ਵੱਧ ਗੀਤਕਾਰਾਂ ਨੇ ਗਾਏ ਹਨ। ਉਹਨਾਂ ਦੇ ਹਿੱਟ ਗੀਤਾਂ ਵਿੱਚ ਦਿਲ ਦਿੱਤਾ ਨਹੀਂ ਸੀ ਠੋਕਰਾਂ ਖਵਾਉਣ ਵਾਸਤੇ, ਇੰਝ ਬਦਲੇ ਸੱਜਣ ਰਾਤੋ ਰਾਤ, ਕਚਹਿਰੀਆਂ ’ਚ ਮੇਲੇ ਲੱਗਦੇ, ਕਿੰਝ ਸਮਝਾਈਏ ਸੱਜਣਾ ਇਹਨਾਂ ਨੈਣਾਂ ਕਮਲਿਆਂ ਨੂੰ, ਤੂੰ ਤਾਂ ਸਾਹਾਂ ਤੋਂ ਵੀ ਪਿਆਰਾ, ਨਨਕਾਣੇ ਵੱਲ ਜਾਂਦੇ ਰਾਹੀਓ ਅਤੇ ਮੇਰਾ ਕੀ ਆ ਹਾਲ ਮੇਰੀ ਮਾਂ ਨੂੰ ਨਾ ਦੱਸਿਓ, ਸ਼ਾਮਿਲ ਹਨ। ਗਾਇਕਾਂ ਨੂੰ ਬੁਲੰਦੀ ’ਤੇ ਪਹੁੰਚਾਉਣ ਵਾਲੇ ਗੀਤਕਾਰ ਨੂੰ ਅੰਤਿਮ ਸਮੇਂ ਇਹ ਸ਼ਿਕਵਾ ਰਿਹਾ ਕਿ ਸਮੇਂ ਦੇ ਬਦਲਣ ਨਾਲ ਕੋਈ ਉਸ ਦੇ ਗੀਤਾਂ ਦੀ ਕ਼ਦਰ ਨਹੀਂ ਕਰ ਰਿਹਾ। ਆਰਥਿਕ ਮੰਦਹਾਲੀ ਦਾ ਜੂਝਦਾ ਨਿੰਮਾ ਲੌਹਾਰਕਾ 15 ਨਵੰਬਰ (48) ਨੂੰ ਸਦਾ ਲਈ ਆਪਣੇ ਚਾਹੁਣ ਵਾਲਿਆਂ ਨੂੰ ਅਲਵਿਦਾ ਕਹਿ ਕੇ ਇਸ ਦੁਨੀਆਂ ਤੋਂ ਰੁਖ਼ਸਤ ਹੋ ਗਿਆ।

(10) ਗਾਇਕ ਹਰਮਨ ਸਿੱਧੂ - ਪੇਪਰ ਯਾ ਪਿਆਰ (2007), ਲਾਡਲਾ (2009), ਕਿਊਟ ਜੱਟੀ(2023) ਮੁਲਤਾਨ ਵਰਸਜ ਰਸ਼ੀਆ (2023), ਤੇਰਾ ਮੇਰਾ ਕੀ ਮੁਕਾਬਲਾ, ਬੇਬੇ ਬਾਪੂ, PB 31 ਸੇਮ ਸੇਮ, (2023), ਚੰਨ (2024), ਮੇਲਾ, ਮੋਬਾਇਲ ਅਤੇ ਪੈ ਗਿਆ ਪਿਆਰ ਵਰਗੇ ਹਿੱਟ ਗਾਣਿਆਂ ਅਤੇ ਐਲਬਮਾਂ ਨੂੰ ਆਪਣੀ ਬੁਲੰਦ ਆਵਾਜ਼ ਦੇਣ ਵਾਲੇ ਹਰਮਨ ਸਿੱਧੂ ਦਾ 22 ਨਵੰਬਰ ਨੂੰ ਇੱਕ ਸੜਕ ਹਾਦਸੇ ਵਿੱਚ ਬੇਵਕਤ ਇਸ ਦੁਨੀਆਂ ਨੂੰ ਅਲਵਿਦਾ ਕਹਿ ਜਾਣਾ ਉਸ ਦੇ ਚਾਹੁਣ ਵਾਲਿਆਂ ਲਈ ਸਹਿਣ ਨਹੀਂ ਹੋ ਰਿਹਾ। ਮਾਨਸਾ ਦੇ ਖਿਆਲਾ ਕਲਾਂ ਵਿੱਚ ਜਨਮੇ ਹਰਮਨ ਸਿੱਧੂ ਨੇ ਆਪਣੀ ਗਾਇਕੀ ਰਾਹੀਂ ਕੁਝ ਹੀ ਸਮੇਂ ਵਿੱਚ ਆਪਣੀ ਕਾਬਲੀਅਤ ਨਾਲ ਸਮੇਂ ਦੇ ਚੋਟੀ ਦੇ ਗਾਇਕਾਂ ਵਿੱਚ ਆਪਣਾ ਨਾਮ ਦਰਜ਼ ਕਰਵਾਇਆ। ਉਸ ਨੇ ਹਜ਼ਾਰਾਂ ਲਾਈਵ ਸ਼ੋਅਜ਼ ਕੀਤੇ। ਉਸਨੇ ਮਿਸ ਪੂਜਾ ਅਤੇ ਗੁਰਲੇਜ਼ ਅਖ਼ਤਰ ਨਾਲ ਵੀ ਗੀਤ ਗਾਏ ਜਿਨ੍ਹਾਂ ਨੂੰ ਦਰਸ਼ਕਾਂ ਵੱਲੋਂ ਭਰਪੂਰ ਪਿਆਰ ਦਿੱਤਾ ਗਿਆ। ਬਚਪਨ ਤੋਂ ਹੀ ਸੰਗੀਤ ਦਾ ਸ਼ੌਕ ਰੱਖਣ ਵਾਲੇ ਹਰਮਨ ਲਈ ਸੰਗੀਤ ਹੀ ਅੱਗੇ ਜਾ ਕੇ ਕਰੀਅਰ ਅਤੇ ਰੂਹ ਦੀ ਖ਼ੁਰਾਕ ਬਣ ਗਿਆ। ਥੋੜ੍ਹੇ ਹੀ ਸਮੇਂ ਵਿੱਚ ਆਪਣੀ ਗਾਇਕੀ ਨਾਲ ਸਰੋਤਿਆਂ ਦੇ ਦਿਲਾਂ ਵਿੱਚ ਜਗ੍ਹਾ ਬਣਾਉਣ ਵਾਲੇ ਹਰਮਨ ਸਿੱਧੂ ਦਾ ਛੋਟੀ ਹੀ ਉਮਰ (37 ਸਾਲ) ਵਿੱਚ ਇਸ ਦੁਨੀਆਂ ਤੋਂ ਰੁਖ਼ਸਤ ਹੋ ਜਾਣਾ ਬਹੁਤ ਮੰਦਭਾਗਾ ਅਤੇ ਦਰਦਨਾਕ ਹੈ।

(11) ਭਾਜੀ ਧਰਮਿੰਦਰ - 1935 ਵਿੱਚ ਜਨਮੇ ਧਰਮਿੰਦਰ ਉਰਫ਼ ਹੀ ਮੈਨ ਦੇ ਨਾਂ ਨਾਲ ਜਾਣੇ ਜਾਂਦੇ ਜੱਟ ਯਮਲਾ ਪਗਲਾ ਦੀਵਾਨਾ ਨੇ 89 ਸਾਲ ਦੀ ਉਮਰ ਵਿੱਚ ਆਖ਼ਰੀ ਸਾਹ ਲਏ। ਸ਼ੋਅਲੇ ਵਰਗੀਆਂ ਹਿੱਟ ਫਿਲਮਾਂ ਦੇਣ ਵਾਲੇ ਧਰਮਿੰਦਰ ਨੇ 300 ਤੋਂ ਵੱਧ ਫਿਲਮਾਂ ਵਿੱਚ ਕੰਮ ਕੀਤਾ ਜਿਨ੍ਹਾਂ ਵਿੱਚ ਚੁਪਕੇ ਚੁਪਕੇ, ਅਨੁਪਮਾ, ਸੱਤਿਆਕਾਮ, ਸੀਤਾ ਔਰ ਗੀਤਾ, ਯਾਦੋਂ ਕੀ ਬਾਰਾਤ, ਪ੍ਰਤਿਗਿਆ, ਧਰਮ ਵੀਰ, ਕੁੰਦਨ, ਪੁਲਿਸ ਵਾਲਾ ਗੁੰਡਾ, ਅਪਨੇ, ਯਮਲਾ ਪਗਲਾ ਦੀਵਾਨਾ, ਲੋਹਾ ਅਤੇ ਤਹਿਲਕਾ ਵਰਗੀਆਂ ਸੁਪਰਹਿੱਟ ਫਿਲਮਾਂ ਸ਼ਾਮਿਲ ਹਨ। 24 ਨਵੰਬਰ ਨੂੰ ਧਰਮਿੰਦਰ ਭਾਜੀ ਦੇ ਜਾਣ ਨਾਲ ਫਿਲਮੀ ਸਫ਼ਰ ਦੇ ਇੱਕ ਯੁੱਗ ਦਾ ਅੰਤ ਹੋ ਗਿਆ।

(12) ਮਨੀ ਕੁਲਾਰ - ਅਕਾਲ, ਤਖਤਗੜ੍ਹ, ਉੜਤਾ ਪੰਜਾਬ, ਉੱਚਾ ਪਿੰਡ ਅਤੇ ਖ਼ਤਰੇ ਦਾ ਘੁੱਗੂ ਵਰਗੀਆਂ ਫਿਲਮਾਂ ਵਿੱਚ ਬਿਹਤਰੀਨ ਅਦਾਕਾਰੀ ਨਿਭਾਉਣ ਵਾਲਾ ਮਨੀ ਕੁਲਾਰ 3 ਦਸੰਬਰ ਨੂੰ ਅਚਾਨਕ ਇਸ ਦੁਨੀਆਂ ਤੋਂ ਰੁਖ਼ਸਤ ਹੋ ਗਿਆ। ਉਹ ਆਪਣੀ ਆਉਣ ਵਾਲੀ ਵੈੱਬ ਸੀਰੀਜ਼ ਤੂਤਾਂ ਵਾਲਾ ਖੂਹ ਦੀ ਸ਼ੂਟਿੰਗ ਕਰ ਰਿਹਾ ਸੀ।

*       *       *       *       *

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (This email address is being protected from spambots. You need JavaScript enabled to view it.)

About the Author

ਰਜਵਿੰਦਰ ਪਾਲ ਸ਼ਰਮਾ

ਰਜਵਿੰਦਰ ਪਾਲ ਸ਼ਰਮਾ

Kaljharani, Bathinda, Punjab, India.
Phone: (91 - 70873 - 67969)
Email: (rajvinderpal3@gmail.com)

More articles from this author