“ਮਨੁੱਖ ਪੈਸਾ, ਸੋਨਾ, ਹੀਰੇ ਅਤੇ ਮੋਟਰ-ਗੱਡੀਆਂ ਨਹੀਂ ਖਾ ਸਕਦਾ, ਉਸਦੇ ਜਿਊਂਦੇ ...”
(3 ਜੁਲਾਈ 2025)
ਖਗੋਲ ਵਿਗਿਆਨੀਆਂ ਦਾ ਮੰਨਣਾ ਹੈ ਕਿ ਅੱਜ ਤੋਂ 4.5 ਅਰਬ ਸਾਲ ਪਹਿਲਾਂ ਧਰਤੀ ਹੋਂਦ ਵਿੱਚ ਆਈ। ਸਟੀਫ਼ਨ ਹਾਕਿੰਗ ਦੀ ਬਿੱਗ ਬੈਂਗ ਥਿਊਰੀ ਵੀ ਬ੍ਰਹਿਮੰਡ ਦੀ ਉਤਪਤੀ ਦੇ ਰਾਜ਼ ਨੂੰ ਤਰਕ ਸਹਿਤ ਪੇਸ਼ ਕਰਦੀ ਹੈ। ਸਟੀਫ਼ਨ ਹਾਕਿੰਗ ਤੋਂ ਪਹਿਲਾਂ ਮਹਾਨ ਵਿਗਿਆਨੀ ਅਤੇ ਦਾਰਸ਼ਨਿਕ ਗੈਲੀਲੀਓ ਨੇ ਆਪਣੀ ਬਣਾਈ ਹੋਈ ਦੂਰਬੀਨ ਰਾਹੀਂ ਕਾਪਰਨਿਕਸ ਦੇ ਸਿਧਾਂਤ ਦਾ ਸਮਰਥਨ ਕਰਦੇ ਹੋਏ ਧਰਤੀ ਅਤੇ ਬਾਕੀ ਗ੍ਰਹਿਆਂ ਦੇ ਸੂਰਜ ਦੇ ਆਲੇ ਦੁਆਲੇ ਘੁੰਮਣ ਦੀ ਘਟਨਾ ਨੂੰ ਦੁਨੀਆਂ ਸਾਹਮਣੇ ਰੱਖਿਆ, ਜਿਸਦਾ ਧਰਮ ਦੇ ਨਾਂ ’ਤੇ ਠੇਕੇ ਚਲਾ ਰਹੇ ਅਖੌਤੀ ਧਾਰਮਿਕ ਆਗੂਆਂ ਨੇ ਇਸ ਗੱਲ ਨੂੰ ਮੰਨਣ ਤੋਂ ਇਨਕਾਰ ਕਰਦੇ ਹੋਏ ਗੈਲੀਲੀਓ ਨੂੰ ਸਜ਼ਾ ਦਾ ਭਾਗੀਦਾਰ ਬਣਾਇਆ। ਪ੍ਰੰਤੂ ਅੱਜ ਇਹ ਸਾਬਤ ਹੋ ਚੁੱਕਿਆ ਹੈ ਕਿ ਧਰਤੀ ਅਤੇ ਬਾਕੀ ਗ੍ਰਹਿ ਆਪਣੇ ਧੁਰੇ ਦੇ ਨਾਲ ਨਾਲ ਸੂਰਜ ਦੇ ਆਲੇ ਦੁਆਲੇ ਵੀ ਘੁੰਮਦੇ ਹਨ।
ਧਰਤੀ ਜੋ ਕਿ ਸੂਰਜੀ ਪਰਿਵਾਰ ਦੇ ਨੌਂ (ਕੁੱਝ ਵਿਗਿਆਨੀ ਪਲੂਟੋ ਨੂੰ ਗ੍ਰਹਿ ਨਹੀਂ ਮੰਨਦੇ, ਫਿਰ ਗਿਣਤੀ ਅੱਠ ਰਹਿ ਜਾਵੇਗੀ) ਗ੍ਰਹਿਆਂ ਵਿੱਚੋਂ ਇੱਕੋ ਇੱਕ ਅਜਿਹਾ ਗ੍ਰਹਿ ਹੈ, ਜਿੱਥੇ ਜੀਵਨ ਦੀ ਹੋਂਦ ਲਈ ਅਨੁਕੂਲਿਤ ਵਾਤਾਵਰਣ ਪਾਇਆ ਗਿਆ। ਧਰਤੀ, ਜਿਸਦੇ ਕੁੱਲ ਭਾਗ ਦੇ 71% ਹਿੱਸੇ ਵਿੱਚ ਪਾਣੀ (ਜਿਸ ਕਰਕੇ ਧਰਤੀ ਨੂੰ ਨੀਲਾ ਗ੍ਰਹਿ ਵੀ ਕਿਹਾ ਜਾਂਦਾ ਹੈ) ਅਤੇ ਬਾਕੀ ਰਹਿੰਦੇ 29% ਭਾਗ ਭੂਮੀ ਨਾਲ ਘਿਰਿਆ ਹੋਇਆ ਹੈ। ਇੱਕ ਸੈੱਲੀ ਜੀਵ ਤੋਂ ਉਤਪੰਨ ਹੋਈ ਜੀਵਨ ਦੀ ਹੋਂਦ ਨੇ ਹੀ ਜੀਵ ਜੰਤੂਆਂ ਦੀ ਉਤਪਤੀ ਦਾ ਮੁੱਢ ਬੰਨ੍ਹਿਆ। ਪ੍ਰਸਿੱਧ ਕੁਦਰਤੀ ਅਤੇ ਜੀਵ ਵਿਗਿਆਨੀ ਚਾਰਲਸ ਡਾਰਵਿਨ ਨੇ ਆਪਣੀਆਂ ਖੋਜਾਂ ਦੌਰਾਨ ਇਹ ਸਿੱਧ ਕੀਤਾ ਕਿ ਇਸ ਧਰਤੀ ’ਤੇ ਉਹ ਹੀ ਜੀਵ ਜੰਤੂ ਰਹਿ ਸਕੇਗਾ ਜੋ ਹਾਲਾਤ ਨਾਲ ਜੂਝੇਗਾ, ਜਿਸ ਨੂੰ ਸਰਵਾਈਵਲ ਔਫ ਦਾ ਫਿਟੈਸਟ ਭਾਵ ਕੁਦਰਤ ਦੀ ਸਭ ਤੋਂ ਉੱਤਮ ਜਿੱਤ ਦਾ ਨਾਂ ਦਿੱਤਾ ਗਿਆ। ਜਲ ਵਿੱਚੋਂ ਉਤਪੰਨ ਹੋਏ ਜੀਵਨ ਨੂੰ ਜੰਗਲਾਂ ਵਿੱਚੋਂ ਗੁਜ਼ਰਦਿਆਂ ਹੋਇਆ ਆਧੁਨਿਕੀਕਰਨ ਤਕ ਪਹੁੰਚ ਕੇ ਸਮੇਂ ਦੇ ਹਾਣੀ ਹੋਣ ਦਾ ਖ਼ਿਤਾਬ ਮਿਲਿਆ ਪ੍ਰੰਤੂ ਇਸ ਵਿਕਾਸ ਦੌਰਾਨ ਮਨੁੱਖ ਨੇ ਜੋ ਵਿਕਾਸ ਦਾ ਸਿਹਰਾ ਆਪਣੇ ਸਿਰ ਬੰਨ੍ਹਿਆ, ਉਹ ਧਰਤੀ ਅਤੇ ਜੀਵ ਜੰਤੂਆਂ ਦੀ ਹੋਂਦ ਲਈ ਖ਼ਤਰੇ ਦਾ ਘੁੱਗੂ ਸੀ।
ਧਰਤੀ ਹਰ ਇੱਕ ਪੌਦੇ, ਜੀਵ ਜੰਤੂਆਂ ਅਤੇ ਪੰਛੀਆਂ ਦਾ ਰਹਿਣ ਬਸੇਰਾ ਅਤੇ ਪਾਲਣਹਾਰ ਹੈ। ਇਹੀ ਕਾਰਨ ਹੈ ਕਿ ਇਸ ਧਰਤੀ ਨੂੰ ਮਾਂ ਦਾ ਦਰਜਾ ਦਿੱਤਾ ਗਿਆ ਹੈ। ਜਿਵੇਂ ਮਾਂ ਆਪਣੇ ਬੱਚੇ ਦਾ ਵਾਲ ਵਿੰਗਾ ਨਹੀਂ ਹੋਣ ਦਿੰਦੀ, ਹਰ ਸਮੇਂ ਬੱਚੇ ਦੀ ਖ਼ੈਰ ਅਤੇ ਚੰਗੀ ਸਿਹਤ ਦੀ ਦੁਆ ਲਈ ਅਰਦਾਸ ਕਰਦੀ ਹੈ, ਧਰਤੀ ਮਾਂ ਵੀ ਆਪਣੇ ਬੱਚਿਆਂ ਦੀ ਝੋਲੀ ਕੁਦਰਤ ਦੀਆਂ ਵਡਮੁੱਲੀਆਂ ਸੌਗਾਤਾਂ ਨਾਲ ਭਰ ਦਿੰਦੀ ਹੈ। ਧਰਤੀ ਨੇ ਜੀਵਨ ਦਿੱਤਾ ਪ੍ਰੰਤੂ ਕਦੇ ਹੰਕਾਰ, ਕਦੇ ਘਮੰਡ ਨਹੀਂ ਕੀਤਾ, ਪ੍ਰੰਤੂ ਮਨੁੱਖ ਉਹ ਅਕਿਰਤਘਣ ਹੈ ਜੋ ਕਿਸੇ ਦੀ ਕੀਤੀ ਨਹੀਂ ਜਾਣਦਾ। ਆਪਣੇ ਨਿੱਜੀ ਲਾਭਾਂ ਲਈ ਇਸਨੇ ਰੁੱਖ ਕੱਟੇ, ਧਰਤੀ ਦੀ ਤਪਸ਼ ਨੂੰ ਵਧਾ ਕੇ ਵਾਤਾਵਰਣ ਨੂੰ ਪਲੀਤ ਕਰਦੇ ਹੋਏ ਆਪਣੀ ਧਰਤੀ ਮਾਂ ਨਾਲ ਧ੍ਰੋਹ ਕਮਾਇਆ। ਸਿਆਣਿਆਂ ਦੀ ਇੱਕ ਕਹਾਵਤ ਹੈ ਕਿ ਜੋ ਆਪਣੀ ਮਾਂ ਦਾ ਨਹੀਂ ਹੋ ਸਕਦਾ, ਉਹ ਫਿਰ ਕਿਸੇ ਦਾ ਨਹੀਂ ਹੋ ਸਕਦਾ।
ਖੁੱਲ੍ਹੀਆਂ ਖੁੱਲ੍ਹੀਆਂ ਸੜਕਾਂ ਅਤੇ ਸ਼ਾਹ ਮਾਰਗਾਂ ਦਾ ਜਾਲ ਬਣਾਉਣ ਦੇ ਚੱਕਰ ਵਿੱਚ ਪਤਾ ਨਹੀਂ ਹੁਣ ਤਕ ਜੰਗਲਾਂ ਨੂੰ ਉਜਾੜ ਕੇ ਕਿੰਨੇ ਹੀ ਜੀਵ ਜੰਤੂਆਂ ਨੂੰ ਬੇਘਰ ਕੀਤਾ। ਤਾਜ਼ੀ ਉਦਾਹਰਨ ਹੈਦਰਾਬਾਦ ਦੀ ਲਈ ਜਾ ਸਕਦੀ ਹੈ, ਜਿੱਥੇ ਚਾਰ ਸੌ ਏਕੜ ਤੋਂ ਵੱਧ ਜੰਗਲ ਉਜਾੜਿਆ ਜਾ ਰਿਹਾ ਹੈ ਤਾਂ ਜੋ ਆਈ ਟੀ ਪਾਰਕ ਬਣਾਇਆ ਜਾ ਸਕੇ। ਇਨ੍ਹਾਂ ਹਾਕਮਾਂ ਨੂੰ ਕੋਈ ਪੁੱਛਣ ਵਾਲਾ ਹੋਵੇ ਕਿ ਜਦੋਂ ਸਾਹ ਹੀ ਨਾ ਆਇਆ ਤਾਂ ਫਿਰ ਆਈ ਟੀ ਪਾਰਕ ਦਾ ਕੀ ਕਰੋਗੇ? ਇਸਦੇ ਨਾਲ ਨਾਲ ਉਤਰਾਖੰਡ ਅਤੇ ਹਿਮਾਚਲ ਪ੍ਰਦੇਸ਼ ਵਿੱਚ ਕੀਤੀਆਂ ਜਾ ਰਹੀਆਂ ਪਹਾੜਾਂ ਦੀਆਂ ਕਟਾਈਆਂ ਅਤੇ ਗੈਰ ਵਾਤਾਵਰਣਿਕ ਉਸਾਰੀਆਂ ਨੇ ਕੁਦਰਤੀ ਆਫ਼ਤਾਂ ਨੂੰ ਵੀ ਸੱਦਾ ਦਿੱਤਾ ਹੈ। ਜੰਗਲਾਂ ਦੇ ਉਜਾੜਨ ਦਾ ਹੀ ਨਤੀਜਾ ਹੈ ਕਿ ਅੱਜ ਧਰਤੀ ਦਾ ਤਾਪਮਾਨ ਦਿਨੋਂ ਦਿਨ ਵਧ ਰਿਹਾ ਹੈ। ਮੌਸਮ ਵਿਗਿਆਨੀ ਵੀ ਮੌਜੂਦਾ ਸਾਲ ਵਿੱਚ ਰਿਕਾਰਡ ਤੋੜ ਗਰਮੀ ਪੈਣ ਦੀ ਭਵਿੱਖਬਾਣੀ ਕਰ ਰਹੇ ਹਨ। ਹੁਣ ਸਵਾਲ ਪੈਦਾ ਇਹ ਹੁੰਦਾ ਹੈ ਕਿ ਜੇਕਰ ਗਰਮੀ ਇਸੇ ਤਰ੍ਹਾਂ ਦਿਨੋਂ ਦਿਨ ਵਧਦੀ ਗਈ ਤਾਂ ਜ਼ਿੰਦਗੀ ਦੀ ਹੋਂਦ ਧਰਤੀ ’ਤੇ ਕਿਵੇਂ ਸਰੁੱਖਿਅਤ ਰਹਿ ਸਕੇਗੀ? ਅਖੌਤੀ ਵਿਕਾਸ ਦੀ ਪੌੜੀ ਚੜ੍ਹਦਿਆਂ ਮਨੁੱਖ ਕੀ ਕੁਝ ਪਿੱਛੇ ਛੱਡ ਗਿਆ, ਉਸ ਨੂੰ ਕੁਝ ਚੇਤੇ ਨਾ ਰਿਹਾ। ਖਾਣ ਪੀਣ ਵਾਲੇ ਪਦਾਰਥਾਂ ਵਿੱਚ ਜ਼ਹਿਰਾਂ ਮਿਲਾਉਣ ਤੋਂ ਲੈ ਕੇ ਪਸ਼ੂਆਂ ਪੰਛੀਆਂ ਦੀ ਤਸਕਰੀ ਕਰਕੇ ਜੀਵ ਵਿਭਿੰਨਤਾ ਲਈ ਨਵੇਂ ਖ਼ਤਰੇ ਪੈਦਾ ਕੀਤੇ। ਦੁਧਾਰੂ ਪਸ਼ੂਆਂ ਤੋਂ ਦੁੱਧ ਪ੍ਰਾਪਤ ਕਰਨ ਲਈ ਔਕਸੀਟੌਸਿਨ (ਦੁੱਧ ਦੇ ਪਸਮਾਅ ਲਈ ਵਰਤਿਆ ਜਾਂਦਾ ਇੱਕ ਹਾਰਮੋਨ) ਟੀਕਾ ਲਾਉਣਾ ਸ਼ੁਰੂ ਕਰ ਦਿੱਤਾ। ਫਸਲਾਂ ਦੇ ਵਧੇਰੇ ਉਤਪਾਦਨ ਲਈ ਕੀਟਨਾਸ਼ਕਾਂ ਅਤੇ ਨਦੀਨਨਾਸ਼ਕਾਂ ਦੀ ਵਰਤੋਂ ਕਰਕੇ ਧਰਤੀ ਹੇਠਲਾ ਪਾਣੀ ਪਲੀਤ ਕਰਨ ਵਿੱਚ ਕੋਈ ਕਸਰ ਨਹੀਂ ਛੱਡੀ। ਮੁੜ ਮੁੜ ਕੇ ਪਾਣੀ ਦੀ ਵੱਧ ਖਪਤ ਕਰਨ ਵਾਲੀਆਂ ਫ਼ਸਲਾਂ ਉਗਾ ਕੇ ਧਰਤੀ ਹੇਠਲੇ ਪਾਣੀ ਨੂੰ ਆਪਣੀ ਪਹੁੰਚ ਤੋਂ ਦੂਰ ਕਰ ਦਿੱਤਾ। ਹੁਣ ਹਾਲਾਤ ਇਹ ਬਣ ਰਹੇ ਹਨ ਕਿ ਫਸਲਾਂ ਉਗਾਉਣ ਲਈ ਤਾਂ ਦੂਰ ਕੁਝ ਪਿੰਡ ਤਾਂ ਪੀਣ ਵਾਲੇ ਪਾਣੀ ਲਈ ਵੀ ਤਰਸ ਰਹੇ ਹਨ।
ਪਲਾਸਟਿਕ ਅਤੇ ਪੌਲੀਥੀਨ ਦੀ ਵਧੇਰੇ ਵਰਤੋਂ ਨੇ ਪਿੰਡਾਂ, ਸ਼ਹਿਰਾਂ ਅਤੇ ਕਸਬਿਆਂ ਤੋਂ ਲੈ ਕੇ ਵੱਡੇ ਵੱਡੇ ਮਹਾਂਨਗਰਾਂ ਵਿੱਚ ਬਦਬੂਦਾਰ ਕੂੜੇ ਦੇ ਨਵੇਂ ਢੇਰ ਉਸਾਰਨ ਵਿੱਚ ਮਹੱਤਵਪੂਰਨ ਯੋਗਦਾਨ ਦਿੱਤਾ। ਕੂੜੇ ਕਰਕਟ ਨੂੰ ਸੰਭਾਲਣ ਅਤੇ ਇਸਦੇ ਨਿਪਟਾਰੇ ਲਈ ਬਣਾਏ 4R ਸਿਧਾਂਤ (Reduce, Repair, Reuse And Recycle) (ਆਪਣੀਆਂ ਲੋੜਾਂ ਨੂੰ ਘਟਾਉਣਾ, ਮੁਰੰਮਤ ਕਰਵਾਉਣਾ, ਮੁੜ ਵਰਤੋਂ ਵਿੱਚ ਲਿਆਉਣਾ ਅਤੇ ਪੁਨਰ ਉਤਪਾਦਨ) ਵੀ ਦਮ ਤੋੜ ਰਹੇ ਹਨ। ਵਰਤੋ ਤੇ ਸੁੱਟੋ ਵਿੱਚ ਸੁੱਖ ਲੱਭਣ ਵਾਲੇ ਮਨੁੱਖ ਨੂੰ ਇਹ ਪਤਾ ਹੀ ਨਹੀਂ ਲੱਗਿਆ ਕਿ ਉਸਦੀਆਂ ਬੱਜਰ ਗਲਤੀਆਂ ਨੇ ਵਾਤਾਵਰਣ ਨੂੰ ਪ੍ਰਦੂਸ਼ਿਤ ਕਰਦੇ ਹੋਏ ਪਤਾ ਨਹੀਂ ਕਿੰਨੀਆਂ ਬਿਮਾਰੀਆਂ ਨੂੰ ਉਸਦੀਆਂ ਬਰੂਹਾਂ ਤਕ ਪਹੁੰਚਾ ਕੇ ਸਿਹਤਮੰਦ ਜ਼ਿੰਦਗੀ ਨੂੰ ਖੋਰਾ ਲਾਇਆ ਹੈ। ਸਿਹਤਮੰਦ ਜੀਵਨਸ਼ੈਲੀ ਵਿੱਚ ਨਿਘਾਰ ਦਾ ਹੀ ਨਤੀਜਾ ਹੈ ਕਿ ਜਨਮ ਤੋਂ ਹੀ ਬੱਚਾ ਬਿਮਾਰੀਆਂ ਨਾਲ ਪੀੜਿਤ ਹੋਣਾ ਸ਼ੁਰੂ ਹੋ ਜਾਂਦਾ ਹੈ।
ਰੋਟੀ, ਕੱਪੜਾ ਅਤੇ ਮਕਾਨ ਮਨੁੱਖ ਦੀਆਂ ਮੁੱਢ ਤੋਂ ਬੁਨਿਆਦੀ ਲੋੜਾਂ ਹਨ। ਇਸ ਤੋਂ ਬਾਅਦ ਸਿਹਤ ਅਤੇ ਸਿੱਖਿਆ ਦਾ ਨੰਬਰ ਆਉਂਦਾ ਹੈ। ਮਨੁੱਖ ਦੀਆਂ ਲੋੜਾਂ ਸੀਮਿਤ ਹਨ ਜਦਕਿ ਇੱਛਾਵਾਂ ਅਸੀਮਤ। ਪੈਸੇ ਦੀ ਦੌੜ ਵਿੱਚ ਲਾਲਚ ਦੀ ਪੱਟੀ ਬੰਨ੍ਹੀ ਫਿਰਦੇ ਮਨੁੱਖ ਦੀ ਪੱਟੀ ਜਾਂ ਤਾਂ ਸਬਰ ਖੋਲ੍ਹ ਸਕਦਾ ਹੈ ਜਾਂ ਫਿਰ ਕਬਰ ਦੀ ਮਿੱਟੀ।
ਵਾਤਾਵਰਣ ਨੂੰ ਪੇਸ਼ ਆ ਰਹੀਆਂ ਦਰਪੇਸ਼ ਚੁਣੌਤੀਆਂ ਦੇ ਸੁਚੱਜੇ ਹੱਲ ਅਤੇ ਜਾਗਰੂਕਤਾ ਵਧਾਉਣ ਲਈ 1973 ਤੋਂ ਹਰ ਸਾਲ ਵਿਸ਼ਵ ਵਾਤਾਵਰਣ ਮਨਾਇਆ ਜਾਂਦਾ ਹੈ। ਵਾਤਾਵਰਣ ਦਿਵਸ 2024 ਦੀ ਥੀਮ our land our future. We are generation restoration ਸੀ ਜਦਕਿ 2025 ਵਿੱਚ ਮਨਾਏ ਜਾਣ ਵਾਲੇ ਵਾਤਾਵਰਣ ਦਿਵਸ ਦੀ ਥੀਮ Ending plastic pollution globally ਭਾਵ ਦੁਨੀਆਂ ਤੋਂ ਪਲਾਸਟਿਕ ਦਾ ਖਾਤਮਾ ਨਿਰਧਾਰਿਤ ਕੀਤੀ ਗਈ ਸੀ। ਜਦੋਂ ਵਾਤਾਵਰਣ ਅਤੇ ਜੀਵ ਜੰਤੂਆਂ ਦੀ ਸਾਂਭ ਸੰਭਾਲ ਅਤੇ ਆਲਮੀ ਤਪਸ਼ ਨੂੰ ਘੱਟ ਕਰਨ ਦੀ ਗੱਲ ਤੁਰਦੀ ਹੈ ਤਾਂ ਸਾਰੇ ਦੇਸ਼ ਪਿੱਛੇ ਹਟਣਾ ਸ਼ੁਰੂ ਹੋ ਜਾਂਦੇ ਹਨ। ਧਰਤੀ ’ਤੇ ਕੋਈ ਇੱਕ ਇਨਸਾਨ ਨਹੀਂ ਰਹਿੰਦਾ, ਅਸੀਂ ਸਾਰੇ ਰਹਿੰਦੇ ਹਾਂ। ਧਰਤੀ ਮਾਂ ਵੱਲੋਂ ਮਿਲੀਆਂ ਕੁਦਰਤੀ ਸੌਗਾਤਾਂ ਦਾ ਲਾਭ ਅਸੀਂ ਸਾਰੇ ਉਠਾਉਂਦੇ ਹਾਂ ਤਾਂ ਫਿਰ ਧਰਤੀ ਮਾਂ ਨੂੰ ਬਚਾਉਣ ਦਾ ਉਪਰਾਲਾ ਵੀ ਸਭ ਦਾ ਸਾਂਝਾ ਹੋਣਾ ਚਾਹੀਦਾ ਹੈ। ਅੰਤਰਰਾਸ਼ਟਰੀ, ਰਾਸ਼ਟਰੀ ਅਤੇ ਰਾਜ ਪੱਧਰੀ ਸਮਾਗਮਾਂ ਤੋਂ ਲੈ ਕੇ ਸਕੂਲਾਂ ਅਤੇ ਕਾਲਜਾਂ ਵੱਲੋਂ ਵੀ ਇਸ ਦਿਨ ਧਰਤੀ ਦੀ ਹੋਂਦ ਨੂੰ ਬਚਾਉਣ ਲਈ ਵਿਚਾਰ ਚਰਚਾਵਾਂ ਕੀਤੀਆਂ ਜਾਂਦੀਆਂ ਹਨ। ਇਹ ਚਰਚਾ ਕੇਵਲ ਅਖ਼ਬਾਰ ਅਤੇ ਮੀਡੀਆ ਦੀਆਂ ਸੁਰਖੀਆਂ ਬਟੋਰਨ ਲਈ ਹੁੰਦੀ ਹੈ। ਜੇਕਰ ਅਸੀਂ ਸੱਚਮੁੱਚ ਹੀ ਧਰਤੀ ਨੂੰ ਬਚਾਉਣ ਲਈ ਸੁਹਿਰਦ ਹਾਂ ਤਾਂ ਸਾਨੂੰ ਆਪਣੇ ਘਰ ਤੋਂ ਆਪਣੇ ਆਪ ਤੋਂ ਇਸ ਨੂੰ ਬਚਾਉਣ ਲਈ ਪਹਿਲ ਕਰਨੀ ਹੋਵੇਗੀ। ਕੇਵਲ ਰੁੱਖ ਲਾ ਕੇ ਅਸੀਂ ਆਪਣੀ ਜ਼ਿੰਮੇਵਾਰੀ ਤੋਂ ਸੁਰਖਰੂ ਨਹੀਂ ਹੋ ਸਕਦੇ, ਉਹਨਾਂ ਦੀ ਸੰਭਾਲ ਕਰਨੀ ਵੀ ਸੰਵਿਧਾਨ ਵੱਲੋਂ ਨਿਰਧਾਰਤ ਸਾਡੇ ਨੈਤਿਕ ਕਰਤੱਵਾਂ ਵਿੱਚ ਸ਼ਾਮਲ ਹੈ। ਵਿਕਾਸ ਅਤੇ ਤਰੱਕੀ ਦੀ ਦੌੜ ਵਿੱਚ ਵਾਤਾਵਰਣ ਨੂੰ ਨੁਕਸਾਨ ਪਹੁੰਚਾਉਣ ਵਾਲੀਆਂ ਕਾਰਵਾਈਆਂ ’ਤੇ ਰੋਕ ਲਾਉਣੀ ਹੋਵੇਗੀ। ਇਕੱਲਾ ਮਨੁੱਖ ਭਾਵੇਂ ਬਹੁਤ ਕੁਝ ਨਹੀਂ ਕਰ ਸਕਦਾ ਪ੍ਰੰਤੂ ਸ਼ੁਰੂਆਤ ਤਾਂ ਕਰ ਹੀ ਸਕਦਾ ਹੈ। ਜੇਕਰ ਅਸੀਂ ਸਾਰੇ ਇਕੱਲੇ ਇਕੱਲੇ ਸ਼ੁਰੂਆਤ ਕਰੀਏ ਤਾਂ ਕੱਲ੍ਹ ਨੂੰ ਕਾਫ਼ਲਾ ਬਣਦਿਆਂ ਦੇਰ ਨਹੀਂ ਲੱਗਣੀ। ਮਨੁੱਖ ਪੈਸਾ, ਸੋਨਾ, ਹੀਰੇ ਅਤੇ ਮੋਟਰ ਗੱਡੀਆਂ ਨਹੀਂ ਖਾ ਸਕਦਾ, ਉਸਦੇ ਜਿਊਂਦੇ ਰਹਿਣ ਲਈ ਸਾਫ਼ ਪੌਣ ਪਾਣੀ ਅਤੇ ਸੰਤੁਲਿਤ ਭੋਜਨ ਦੀ ਮੁੱਖ ਲੋੜ ਹੈ। ਇਹ ਸਭ ਕੁਝ ਤਦ ਹੀ ਮਿਲੇਗਾ, ਜੇਕਰ ਧਰਤੀ ਦੀ ਹੋਂਦ ਬਣੀ ਰਹੇ, ਨਹੀਂ ਤਾਂ ਧਰਤੀ ਦੇ ਖ਼ਤਮ ਹੋਣ ਦੀਆਂ ਜੋ ਭਵਿੱਖਬਾਣੀਆਂ ਸੁਣ ਰਹੇ ਹਾਂ, ਉਹਨਾਂ ਦੇ ਸੱਚ ਹੋਣ ਨੂੰ ਬਹੁਤੀ ਦੇਰ ਨਹੀਂ ਲੱਗਣੀ।
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (This email address is being protected from spambots. You need JavaScript enabled to view it.om)