“ਸਾਨੂੰ ਯਤਨ ਆਖ਼ਰੀ ਸਾਹਾਂ ਤਕ ਕਰਨੇ ਚਾਹੀਦੇ ਹਨ। ਮੰਜ਼ਿਲ ਮਿਲੇ ਜਾਂ ਤਜਰਬਾ ਹਾਸਲ ਹੋਵੇ, ਦੋਵੇਂ ਹੀ ਜ਼ਿੰਦਗੀ ...”
(22 ਅਪਰੈਲ 2024)
ਇਸ ਸਮੇਂ ਪਾਠਕ: 245.
ਤੇਰਾਂ ਫਰਵਰੀ ਦੇ ਦਿਨ ਜੇ ਈ ਈ - ਮੇਨ (Joint Entrance Examination - Main) ਦੇ ਨਤੀਜੇ ਐਲਾਨੇ ਜਾਣ ਤੋਂ ਬਾਅਦ ਜਦੋਂ ਸਫ਼ਲ ਵਿਦਿਆਰਥੀ ਜਸ਼ਨ ਮਨਾ ਰਹੇ ਸਨ ਤਾਂ ਦੂਜੇ ਪਾਸੇ ਉਸੇ ਸਮੇਂ ਕੋਟਾ ਵਿੱਚ ਜੇਈਈ ਦੀ ਤਿਆਰੀ ਕਰ ਰਹੇ ਇੱਕ ਛੱਤੀਸਗੜ੍ਹ ਦੇ ਰਹਿਣ ਵਾਲੇ ਸ਼ੁਭ ਚੌਧਰੀ ਵੱਲੋਂ ਪੱਖੇ ਨਾਲ ਲਟਕ ਕੇ ਖੁਦਕੁਸ਼ੀ ਕਰਨ ਦੀ ਮੰਦਭਾਗੀ ਘਟਨਾ ਸਾਹਮਣੇ ਆਈ ਗਈ। ਕੋਟਾ ਸ਼ਹਿਰ, ਜਿਸ ਨੂੰ ਸਿੱਖਿਆ ਦਾ ਹੱਬ ਵੀ ਕਿਹਾ ਜਾਂਦਾ ਹੈ, ਵਿੱਚ ਇਸ ਸਾਲ ਦੀ ਇਹ ਤੀਜੀ ਖੁਦਕੁਸ਼ੀ ਦੀ ਘਟਨਾ ਹੈ। ਵਿਦਿਆਰਥੀਆਂ ਲਈ ਇਹ ਕੋਚਿੰਗ ਸੰਸਥਾਨ ਸਿੱਖਿਆ ਦਾ ਨਹੀਂ, ਸਗੋਂ ਮੌਤ ਦਾ ਕੇਂਦਰ ਬਣ ਗਏ ਹਨ। ਦਿਨੋਂ ਦਿਨ ਬੱਚਿਆਂ ਉੱਤੇ ਜ਼ਿੰਦਗੀ ਵਿੱਚ ਸਫ਼ਲ ਹੋਣ ਅਤੇ ਡਾਕਟਰ, ਇੰਜਨੀਅਰ ਬਣਨ ਦਾ ਬੋਝ ਵਧਦਾ ਜਾ ਰਿਹਾ ਹੈ, ਜੋ ਉਨ੍ਹਾਂ ਨੂੰ ਮਾਨਸਿਕ ਤੌਰ ’ਤੇ ਪੀੜਤ ਕਰਦਾ ਹੋਇਆ ਖੁਦਕੁਸ਼ੀ ਦੀ ਦਲਦਲ ਵਿੱਚ ਧੱਕ ਰਿਹਾ ਹੈ।
ਲਗਾਤਾਰ ਵਧ ਰਹੀਆਂ ਇਹਨਾਂ ਖੁਦਕੁਸ਼ੀਆਂ ਦੇ ਮੁਢਲੇ ਕਾਰਨ ਜੋ ਖੋਜ ਕਰਕੇ ਲੱਭੇ ਗਏ ਉਹ ਇਸ ਪ੍ਰਕਾਰ ਹਨ:
ਕਾਰਣ - ਅਜੋਕਾ ਸਮਾਂ ਸਾਇੰਸ ਅਤੇ ਤਕਨਾਲੋਜੀ ਦੇ ਨਾਲ ਨਾਲ ਸਫ਼ਲ ਹੋਣ ਦਾ ਸਮਾਂ ਹੈ। ਸਾਰੇ ਮਾਪਿਆਂ ਦੀ ਇਹੋ ਇੱਛਾ ਹੁੰਦੀ ਹੈ ਕਿ ਉਹਨਾਂ ਦਾ ਪੁੱਤਰ ਜਾਂ ਧੀ ਇੰਜਨੀਅਰ ਜਾਂ ਡਾਕਟਰ ਬਣ ਕੇ ਉਨ੍ਹਾਂ ਸੁਪਨਾ ਪੂਰਾ ਕਰੇ । ਮਾਪਿਆਂ ਦੀ ਇਹ ਸੋਚ ਕੋਈ ਮਾੜੀ ਨਹੀਂ, ਚਾਹੁੰਦੇ ਤਾਂ ਉਹ ਵੀ ਬੱਚਿਆਂ ਦਾ ਭਲਾ ਹਨ ਪ੍ਰੰਤੂ ਉਹ ਕਦੇ ਬੱਚਿਆਂ ਦੀ ਇੱਛਾ ਜਾਣਨ ਦੀ ਕੋਸ਼ਿਸ਼ ਨਹੀਂ ਕਰਦੇ। ਸਕੂਲਾਂ ਵਿੱਚ ਅਧਿਆਪਕ ਅਤੇ ਮਾਪਿਆਂ ਦੀ ਹੋਣ ਵਾਲੀ ਮਿਲਣੀ ਵਿੱਚ ਮਾਪੇ ਬਹੁਤ ਘੱਟ ਸ਼ਾਮਿਲ ਹੁੰਦੇ ਹਨ। ਮਾਪੇ ਅਧਿਆਪਕਾਂ ਨਾਲ ਰਾਬਤਾ ਕਾਇਮ ਨਹੀਂ ਕਰਦੇ। ਉਹ ਇਹ ਜਾਣਨ ਦੀ ਇੱਛਾ ਨਹੀਂ ਕਰਦੇ ਕਿ ਉਨ੍ਹਾਂ ਦਾ ਬੱਚਾ ਕੀ ਚਾਹੁੰਦਾ ਹੈ, ਉਸ ਦੀ ਕਿਸ ਵਿਸ਼ੇਵਿੱ ਚ ਦਿਲਚਸਪੀ ਹੈ ਜਾਂ ਉਹ ਕੀ ਕਰਨਾ ਚਾਹੁੰਦਾ ਹੈ। ਦੇਖੋ ਦੇਖੀ ਵਿੱਚ ਮਾਪੇ ਇੱਕ ਦੂਜੇ ਨੂੰ ਦੇਖਦੇ ਹੋਏ ਦਸਵੀਂ ਤੋਂ ਬਾਅਦ ਹੀ ਕੋਚਿੰਗ ਸੰਸਥਾਨਾਂ ਵਿੱਚ ਬੱਚਿਆਂ ਨੂੰ ਦਾਖ਼ਲ ਕਰਵਾ ਦਿੰਦੇ ਹਨ ਜਿੱਥੇ ਬੱਚੇ ਗਿਆਰ੍ਹਵੀਂ ਅਤੇ ਬਾਰ੍ਹਵੀਂ ਜਮਾਤ ਕਰਨ ਦੇ ਨਾਲ ਨਾਲ ਦੋ ਸਾਲ ਇੰਜਨੀਅਰ ਅਤੇ ਮੈਡੀਕਲ ਦੀ ਪੜ੍ਹਾਈ ਕਰਦੇ ਹਨ। ਇਸ ਸਮੇਂ ਦੌਰਾਨ ਮਾਪੇ ਬੱਚਿਆਂ ਨਾਲ ਗੱਲਬਾਤ ਬਹੁਤ ਹੀ ਘੱਟ ਹੀ ਕਰਦੇ ਹਨ। ਉਹਨਾਂ ਨੂੰ ਹੋਸਟਲ ਵਿੱਚੋਂ ਬਾਹਰ ਜਾਣ ਅਤੇ ਖੇਡਣ ਤੋਂ ਰੋਕਿਆ ਜਾਂਦਾ ਹੈ। ਫਟਾਫੱਟ ਸਿਲੇਬਸ ਪੂਰਾ ਕਰਨ ਦਾ ਦਬਾਅ ਅਤੇ ਕਲਾਸ ਰੂਮ ਵਿੱਚ ਹੋਣ ਵਾਲੇ ਹਫਤਾਵਾਰੀ ਟੈੱਸਟ ਵਿਦਿਆਰਥੀਆਂ ਨੂੰ ਕਿਤਾਬਾਂ ਦੇ ਬੋਝ ਥੱਲੇ ਦੱਬ ਕੇ ਰੱਖ ਦਿੰਦੇ ਹਨ। ਸਾਰਾ ਦਿਨ ਹੋਸਟਲ ਵਿੱਚ ਰਹਿਣਾ, ਦੂਜੇ ਬੱਚਿਆਂ ਦੇ ਮੁਕਾਬਲੇ ਨੰਬਰਾਂ ਦਾ ਘਟਣਾ ਬੱਚਿਆਂ ਨੂੰ ਤਣਾਓ ਵਿੱਚ ਲਿਆਉਂਦਾ ਹੈ, ਜਿਸ ਤੋਂ ਬਾਅਦ ਬੱਚਿਆਂ ਕੋਲ ਖੁਦਕੁਸ਼ੀ ਤੋਂ ਬਿਨਾਂ ਹੋਰ ਕੋਈ ਰਾਹ ਨਹੀਂ ਬਚਦਾ। ਅੰਤ ਵਿੱਚ ਬੱਚੇ ਜੋ ਇੰਜਨੀਅਰ ਅਤੇ ਡਾਕਟਰ ਬਣਨ ਦਾ ਸੁਪਨਾ ਲੈ ਕੇ ਆਉਂਦੇ ਹਨ, ਮੌਤ ਨੂੰ ਗਲੇ ਲਗਾ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲੈਂਦੇ ਹਨ। ਦੇਸ਼ ਨੂੰ ਸੁਨਹਿਰੀ ਬਣਾਉਣ ਵਾਲਾ ਦੇਸ਼ ਦਾ ਭਵਿੱਖ ਪਲਾਂ ਵਿੱਚ ਹੀ ਖੇਰੂੰ ਖੇਰੂੰ ਹੋ ਜਾਂਦਾ ਹੈ।
ਖ਼ੁਦਕੁਸ਼ੀਆਂ ਤੇ ਰੋਕ
ਡਾਕਟਰ ਜਾਂ ਇੰਜਨੀਅਰ ਬਣਨਾ ਕੋਈ ਮਾੜੀ ਗੱਲ ਨਹੀਂ ਪ੍ਰੰਤੂ ਇਹ ਬੱਚੇ ਤੋਂ ਪੁੱਛਿਆ ਜਾਵੇ ਕਿ ਉਹ ਕੀ ਕਰਨਾ ਚਾਹੁੰਦਾ ਹੈ। ਦੇਸ਼ ਨੂੰ ਕੇਵਲ ਡਾਕਟਰ ਜਾਂ ਇੰਜਨੀਅਰ ਹੀ ਨਹੀਂ ਚਲਾਉਂਦੇ, ਹੋਰ ਵੀ ਸਰਕਾਰੀ ਅਤੇ ਪ੍ਰਾਈਵੇਟ ਸੰਸਥਾਵਾਂ ਵਿੱਚ ਕੰਮ ਕਰ ਰਹੇ ਵਿਅਕਤੀ ਜਿਨ੍ਹਾਂ ਵਿੱਚ ਵਕੀਲ, ਅਧਿਆਪਕ ਅਤੇ ਹੋਰ ਅਧਿਕਾਰੀ ਸ਼ਾਮਿਲ ਹਨ, ਆਪਣਾ ਬਹੁਮੁੱਲਾ ਯੋਗਦਾਨ ਪਾਉਂਦੇ ਹਨ। ਇਹ ਵੀ ਕਿਸੇ ਡਾਕਟਰ ਜਾਂ ਇੰਜਨੀਅਰ ਨਾਲੋਂ ਘੱਟ ਨਹੀਂ। ਪ੍ਰੀਖਿਆ ਦੇ ਸਮੇਂ ਬੱਚਿਆਂ ਦੀ ਕਾਊਂਸਲਿੰਗ ਕਰਨੀ ਚਾਹੀਦੀ ਹੈ ਕਿ ਉਹ ਪ੍ਰੀਖਿਆ ਨੂੰ ਹਊਆ ਨਾ ਸਮਝਣ, ਇਹ ਤਾਂ ਜ਼ਿੰਦਗੀ ਦਾ ਇੱਕ ਪੜਾਅ ਹੈ। ਪ੍ਰੀਖਿਆ ਦੀ ਤਿਆਰੀ ਸਮੇਂ ਬੱਚੇ ਨੂੰ ਪੜ੍ਹਾਈ ਦੇ ਨਾਲ ਨਾਲ ਥੋੜ੍ਹਾ ਸਮਾਂ ਖੇਡਣ ਅਤੇ ਆਪਣੇ ਸ਼ੌਕ ਨੂੰ ਪੂਰਾ ਕਰਨ ਲਈ ਦਿੱਤਾ ਜਾਵੇ ਜਿਸ ਵਿੱਚ ਹਲਕੀ ਫੁਲਕੀ ਸੈਰ ਅਤੇ ਸੰਗੀਤ ਨੂੰ ਸ਼ਾਮਿਲ ਕੀਤਾ ਜਾ ਸਕਦਾ ਹੈ। ਅਜਿਹਾ ਕਰਨ ਨਾਲ ਵਿਦਿਆਰਥੀ ਦੁਬਾਰਾ ਫਿਰ ਤਰੋਤਾਜ਼ਾ ਹੋ ਜਾਵੇਗਾ, ਜਿਸ ਨਾਲ ਉਹ ਹੋਰ ਵਧੀਆ ਤਰੀਕੇ ਨਾਲ ਆਪਣੀ ਪ੍ਰੀਖਿਆ ਦੀ ਤਿਆਰੀ ਕਰ ਸਕੇਗਾ। ਪ੍ਰੀਖਿਆ ਵਿੱਚ ਸਫ਼ਲ ਹੋਣ ਲਈ ਪੜ੍ਹਾਈ ਕਰਨ ਦੇ ਲਈ ਤਣਾਓ ਮੁਕਤ ਹੋਣਾ ਜ਼ਰੂਰੀ ਹੈ।
ਸਮੇਂ ਸਿਰ ਸੌਣਾ ਅਤੇ ਪੂਰੀ ਨੀਂਦ ਲੈਣਾ ਵੀ ਵਿਦਿਆਰਥੀ ਦੇ ਟਾਈਮ ਟੇਬਲ ਦਾ ਅਹਿਮ ਹਿੱਸਾ ਹੋਣੇ ਚਾਹਦੇ ਹਨ। ਇਸ ਤਰ੍ਹਾਂ ਕਰਨ ਨਾਲ ਵਿਦਿਆਰਥੀ ਵਧੀਆ ਤਰੀਕੇ ਨਾਲ ਤਿਆਰੀ ਕਰ ਸਕੇਗਾ। ਧੜਾਧੜ ਖੁੱਲ੍ਹ ਰਹੇ ਕੋਚਿੰਗ ਸੈਂਟਰਾਂ ਉੱਤੇ ਨਕੇਲ ਪਾਉਣਾ ਸਮੇਂ ਦੀ ਮੁੱਖ ਲੋੜ ਹੈ। ਕੋਚਿੰਗ ਸੈਂਟਰਾਂ ਨੂੰ ਇਹ ਹਿਦਾਇਤ ਕੀਤੀ ਜਾਣੀ ਚਾਹੀਦੀ ਹੈ ਕਿ ਉਹ ਵਿਦਿਆਰਥੀਆਂ ਨੂੰ ਪੜ੍ਹਾਉਣ ਦੇ ਨਾਲ ਨਾਲ਼ ਖੇਡਾਂ ਅਤੇ ਹੋਰ ਗਤੀਵਿਧੀਆਂ ਲਈ ਪ੍ਰੇਰਿਤ ਕਰਨ। ਮਾਪਿਆਂ ਨੂੰ ਚਾਹੀਦਾ ਹੈ ਕਿ ਉਹ ਕੋਚਿੰਗ ਸੈਂਟਰ ਵਿੱਚ ਰਹਿ ਰਹੇ ਵਿਦਿਆਰਥੀ ਨਾਲ ਰੁੱਖਾ ਵਿਵਹਾਰ ਨਾ ਕਰਨ, ਬੱਚੇ ਨੂੰ ਹਮੇਸ਼ਾ ਹੌਸਲਾ ਦਿੰਦੇ ਰਹਿਣ। ਬੱਚੇ ਦਾ ਇੱਕ ਇਮਤਿਹਾਨ ਵਿੱਚ ਅਸਫ਼ਲ ਹੋਣਾ ਇਹ ਨਹੀਂ ਦਰਸਾਉਂਦਾ ਕਿ ਉਹ ਜ਼ਿੰਦਗੀ ਵਿੱਚ ਸਫ਼ਲ ਨਹੀਂ ਹੋ ਸਕਦਾ। ਪ੍ਰੀਖਿਆ ਮਿਹਨਤ ਨਾਲ ਦੁਬਾਰਾ ਦਿੱਤੀ ਜਾ ਸਕਦੀ ਹੈ। ਅਸਫ਼ਲਤਾ ਵਿੱਚ ਹੀ ਸਫ਼ਲਤਾ ਦਾ ਮੂਲ ਮੰਤਰ ਛੁਪਿਆ ਹੁੰਦਾ ਹੈ। ਡੇਅਰੀ ਉਦਯੋਗ ਦੇ ਪਿਤਾ ਗੇਲ ਬੌਰਡਨ ਦਾ ਕਥਨ ਸਾਨੂੰ ਹਮੇਸ਼ਾ ਯਾਦ ਰੱਖਣਾ ਚਾਹੀਦਾ ਹੈ - ਮੈਂ ਯਤਨ ਕੀਤਾ ਤਾਂ ਅਸਫ਼ਲ ਹੋਇਆ, ਮੈਂ ਵਾਰ ਵਾਰ ਯਤਨ ਕੀਤੇ ਤਾਂ ਸਫ਼ਲ ਹੋਇਆ। ਸਾਨੂੰ ਯਤਨ ਆਖ਼ਰੀ ਸਾਹਾਂ ਤਕ ਕਰਨੇ ਚਾਹੀਦੇ ਹਨ। ਮੰਜ਼ਿਲ ਮਿਲੇ ਜਾਂ ਤਜਰਬਾ ਹਾਸਲ ਹੋਵੇ, ਦੋਵੇਂ ਹੀ ਜ਼ਿੰਦਗੀ ਜਿਉਣ ਲਈ ਜ਼ਰੂਰੀ ਹਨ।
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(4908)
(ਸਰੋਕਾਰ ਨਾਲ ਸੰਪਰਕ ਲਈ:(This email address is being protected from spambots. You need JavaScript enabled to view it.)