“ਪਿੰਡਾਂ ਵਿੱਚ ਅੱਜ ਵੀ ਖੁਸ਼ਹਾਲੀ ਹੈ, ਸ਼ਹਿਰ ਦੀ ਭੱਜ ਦੌੜ ਤੋਂ ਦੂਰ ਸ਼ਾਂਤਮਈ, ਪ੍ਰੰਤੂ ਇਹ ਹੋਂਦ ਖ਼ਤਰੇ ਵਿੱਚ ...”
(29 ਜੁਲਾਈ 2024)
ਇਸ ਸਮੇਂ ਪਾਠਕ: 250.
ਦੇਸ਼ ਦੇ ਰਾਸ਼ਟਰਪਿਤਾ ਵਜੋਂ ਜਾਣੇ ਜਾਂਦੇ ਬਾਪੂ ਮੋਹਨ ਦਾਸ ਕਰਮ ਚੰਦ ਗਾਂਧੀ ਜੀ ਨੇ ਇੱਕ ਵਾਰ ਕਿਹਾ ਸੀ ਕਿ ਭਾਰਤ ਪਿੰਡਾਂ ਵਿੱਚ ਵਸਦਾ ਹੈ। ਪਛੜੇ ਲੋਕਾਂ ਨੂੰ ਉਹ ਸਮੇਂ ਦੇ ਹਾਣੀ ਬਣਾਉਣਾ ਚਾਹੁੰਦੇ ਸਨ, ਇਸ ਕਰਕੇ ਹੀ ਪਿੰਡਾਂ ਵਿੱਚ ਵਸਦੇ ਭਾਰਤ ਦੇ ਸੁਚੱਜੇ ਸ਼ਾਸਨ ਲਈ ਗਾਂਧੀ ਜੀ ਨੇ ਪੰਚਾਇਤੀ ਰਾਜ ਦੀ ਸਥਾਪਨਾ ਵਿੱਚ ਅਹਿਮ ਭੂਮਿਕਾ ਨਿਭਾਈ। ਪਿੰਡਾਂ ਦਾ ਰਹਿਣ ਸਹਿਣ ਸ਼ਹਿਰ ਦੀਆਂ ਤੰਗ ਗਲੀਆਂ ਅਤੇ ਭੀੜ ਭੜੱਕੇ ਵਾਲੀ ਜ਼ਿੰਦਗੀ ਤੋਂ ਦੂਰ ਸਕੂਨ ਭਰਿਆ ਹੈ, ਜਿੱਥੇ ਰੂਹ ਨੂੰ ਖੁਸ਼ੀ ਅਤੇ ਆਤਮਾ ਨੂੰ ਸ਼ਾਂਤੀ ਮਿਲਦੀ ਹੈ। ਮਹਾਨ ਤਪੱਸੀਆਂ ਨੇ ਤਪ ਕਰਨ ਲਈ ਸ਼ਾਂਤੀਪੂਰਨ ਸਥਾਨਾਂ ਦੀ ਖ਼ੋਜ ਲਈ ਜੰਗਲਾਂ ਨੂੰ ਚੁਣਿਆ। ਇਹਨਾਂ ਜੰਗਲ਼ ਬੇਲਿਆਂ ਤੋਂ ਬਾਅਦ ਜੇ ਕਿਤੇ ਹੋਰ ਮਨ ਖੀਵਾ ਹੁੰਦਾ ਹੈ ਤਾਂ ਉਹ ਹਨ ਪਿੰਡ, ਜਿੱਥੇ ਅਪਣਿਆ ਦੀ ਸਾਂਝ ਹੈ, ਜਿੱਥੇ ਸਾਂਝੀਆਂ ਖੁਸ਼ੀਆਂ ਅਤੇ ਸਾਂਝੇ ਦੁੱਖ ਹਨ। ਜਿੱਥੇ ਦੂਜੇ ਦੀ ਧੀ ਨੂੰ ਵੀ ਆਪਣੀ ਧੀ ਸਮਝਿਆ ਜਾਂਦਾ ਹੈ। ਜਿੱਥੇ ਮਿੱਟੀ ਵਿੱਚ ਸੋਨਾ ਅਤੇ ਘਰਾਂ ਵਿੱਚ ਖੁਸ਼ਹਾਲੀ ਦੀ ਛਣਕਾਰ ਸੁਣਾਈ ਦਿੰਦੀ ਹੈ।
ਸਮੇਂ ਦੇ ਪਹੀਏ ਦੀ ਚਾਲ ਬਦਲਣ ਨਾਲ ਕੰਮ ਦੀ ਭਾਲ ਅਤੇ ਭੌਤਿਕ ਵਸਤਾਂ ਦੀ ਪੂਰਤੀ ਕਰਕੇ ਐਸ਼ੋ ਆਰਾਮ ਦੀ ਜ਼ਿੰਦਗੀ ਜਿਊਣ ਲਈ ਪਿੰਡਾਂ ਤੋਂ ਸ਼ਹਿਰਾਂ ਵੱਲ ਪ੍ਰਵਾਸ ਹੋਣਾ ਸ਼ੁਰੂ ਹੋਇਆ। ਸ਼ਹਿਰਾਂ ਦੇ ਚੌਕਾਂ ਵਿੱਚ ਕੰਮ ਦੀ ਭਾਲ ਵਿੱਚ ਖੜ੍ਹੇ ਮਜ਼ਦੂਰ ਭਾਰਤ ਦੀ ਦੁਨੀਆਂ ਦੇ ਤੀਜੀ ਅਰਥਵਿਵਸਥਾ ਬਣਨ ਦੀ ਨਿਸ਼ਾਨੀ ਹਨ। ਪਿੰਡਾਂ ਤੋਂ ਸ਼ਹਿਰਾਂ ਵੱਲ ਨੂੰ ਹੋ ਰਹੇ ਪ੍ਰਵਾਸ ਨੇ ਮਨੁੱਖ ਦੀ ਜੀਵਨਸ਼ੈਲੀ ਨੂੰ ਵੀ ਪ੍ਰਭਾਵਿਤ ਕੀਤਾ ਹੈ। ਮਨੁੱਖ ਦੀ ਬੋਲੀ, ਰਹਿਣ ਸਹਿਣ ਅਤੇ ਸੱਭਿਆਚਾਰ ਵਿੱਚ ਵੀ ਪਰਿਵਰਤਨ ਲਿਆਂਦਾ ਹੈ। ਪਿੰਡਾਂ ਵਿੱਚ ਵਸਦੇ ਸਾਂਝੇ ਪਰਿਵਾਰ ਜਿੱਥੇ ਮਾਤਾ ਪਿਤਾ, ਭੈਣ ਭਰਾ, ਚਾਚੇ ਤਾਏ ਅਤੇ ਦਾਦਾ ਦਾਦੀ ਇੱਕ ਛੱਤ ਹੇਠ ਰਹਿ ਕੇ ਸਾਂਝੇ ਚੁੱਲ੍ਹੇ ਵਿੱਚ ਵੀ ਰੋਟੀ ਖਾਂਦੇ ਹਨ, ਉੱਥੇ ਸ਼ਹਿਰਾਂ ਵਿੱਚ ਛੋਟੇ ਪਰਿਵਾਰ, ਜਿਨ੍ਹਾਂ ਵਿੱਚ ਕੇਵਲ ਪਤੀ ਪਤਨੀ ਅਤੇ ਉਹਨਾਂ ਦੇ ਬੱਚੇ ਹੀ ਰਹਿ ਗਏ ਹਨ। ਜਿੱਥੇ ਸਾਂਝੇ ਪਰਿਵਾਰਾਂ ਵਿੱਚ ਰਹਿ ਕੇ ਬੱਚੇ ਅਨੁਸ਼ਾਸਨ ਅਤੇ ਜ਼ਿੰਦਗੀ ਜਿਊਣ ਦਾ ਸਲੀਕਾ ਸਿੱਖਦੇ ਹਨ, ਉੱਥੇ ਸ਼ਹਿਰਾਂ ਵਿੱਚ ਪਲ ਰਹੇ ਬੱਚੇ ਸਾਂਝੇ ਪਰਿਵਾਰਾਂ ਦੇ ਮੋਹ ਤੋਂ ਦੂਰ ਰਹਿੰਦੇ ਹਨ, ਜਿਸਦਾ ਨਤੀਜਾ ਇਹ ਨਿਕਲਦਾ ਹੈ ਕਿ ਉਹਨਾਂ ਵਿੱਚ ਆਪਸੀ ਸਾਂਝ, ਰਿਸ਼ਤਿਆਂ ਦਾ ਮੋਹ ਅਤੇ ਇੱਕ ਚੰਗਾ ਇਨਸਾਨ ਬਣਨ ਦੀ ਘਾਟ ਹਮੇਸ਼ਾ ਰੜਕਦੀ ਰਹਿੰਦੀ ਹੈ। ਪਿੰਡਾਂ ਵਿਚਲੀ ਘਾਟ ਸ਼ਹਿਰਾਂ ਵਿੱਚ ਰਹਿ ਕੇ ਪੂਰੀ ਨਹੀਂ ਕੀਤੀ ਜਾ ਸਕਦੀ। ਸ਼ਹਿਰਾਂ ਵਿੱਚ ਜਿੱਥੇ ਸਾਰੇ ਵਿਅਕਤੀ ਮਸ਼ੀਨਾਂ ਦਾ ਰੂਪ ਧਾਰਨ ਕਰ ਚੁੱਕੇ ਹੁੰਦੇ ਹਨ, ਜਿੱਥੇ ਬੱਚਿਆਂ ਕੋਲ ਮਾਪਿਆਂ ਲਈ ਸਮਾਂ ਨਹੀਂ ਹੁੰਦਾ, ਗੁਆਂਢੀ ਇੱਕ ਦੂਜੇ ਤੋਂ ਅਣਜਾਣ ਹੁੰਦੇ ਹਨ, ਉੱਥੇ ਪਿੰਡ ਸਾਰਿਆਂ ਦਾ ਸਾਂਝਾ ਹੁੰਦਾ ਹੈ।
ਭਾਵੇਂ ਸ਼ਹਿਰੀਕਰਨ ਕਰਕੇ ਪਿੰਡਾਂ ਉੱਤੇ ਵੀ ਸ਼ਹਿਰਾਂ ਦਾ ਪ੍ਰਭਾਵ ਪਿਆ ਹੈ ਪ੍ਰੰਤੂ ਅਜੇ ਵੀ ਪਿੰਡਾਂ ਦੀ ਸਵੇਰ ਅਤੇ ਸਰ੍ਹੋਂ ਦੇ ਸਾਗ ਨਾਲ ਮੱਕੀ ਦੀ ਰੋਟੀ ਦਾ ਆਪਣਾ ਹੀ ਆਨੰਦ ਹੁੰਦਾ ਹੈ। ਪੀਜ਼ੇ, ਬਰਗਰ, ਨੂਡਲਜ਼ ਅਤੇ ਹੋਰ ਜੰਕ ਫੂਡ ਪਿੰਡਾਂ ਦੀਆਂ ਤਾਜ਼ੀਆਂ ਸਬਜ਼ੀਆਂ ਦੀ ਰੀਸ ਨਹੀਂ ਕਰ ਸਕਦੇ। ਜੰਕ ਫੂਡ ਨਾਲ ਵਧ ਰਹੀਆਂ ਬਿਮਾਰੀਆਂ ਅਤੇ ਸਿਹਤ ਵਿੱਚ ਆ ਰਿਹਾ ਨਿਘਾਰ ਸ਼ਹਿਰਾਂ ਵਿੱਚ ਬਦਲ ਚੁੱਕੀ ਜੀਵਨਸ਼ੈਲੀ ਦੀਆਂ ਨਿਸ਼ਾਨੀਆਂ ਹਨ। ਪਿੰਡਾਂ ਵਿੱਚ ਰੱਖੇ ਜਾਂਦੇ ਦੁਧਾਰੂ ਪਸ਼ੂਆਂ ਤੋਂ ਪ੍ਰਾਪਤ ਹੋਣਾ ਵਾਲਾ ਤਾਜ਼ਾ ਦੁੱਧ ਪੈਕਟਾਂ ਵਾਲੇ ਦੁੱਧ ਤੋਂ ਕਿਤੇ ਵਧੀਆ ਹੈ। ਦੁੱਖ ਤਾਂ ਇਹ ਹੈ ਕਿ ਸ਼ਹਿਰਾਂ ਦੇ ਤੰਗ ਘਰਾਂ ਵਿੱਚ ਜਿੱਥੇ ਆਪਣੇ ਰਹਿਣ ਲਈ ਹੀ ਜਗਾ ਬੜੀ ਮੁਸ਼ਿਕਲ ਨਾਲ ਪੂਰੀ ਹੁੰਦੀ ਹੈ, ਉੱਥੇ ਉਹ ਪਸ਼ੂ ਕਿੱਥੇ ਰੱਖਣਗੇ। ਇਸ ਪਿੰਡਾਂ ਤੋਂ ਸ਼ਹਿਰਾਂ ਵੱਲ ਦੀ ਦੌੜ ਨੇ ਸਾਨੂੰ ਆਧੁਨਿਕਤਾ ਦਾ ਲਾਲਚ ਦੇ ਕੇ ਸਾਥੋਂ ਬਹੁਤ ਕੁਝ ਖੋਹ ਲਿਆ ਹੈ।
ਬਦਲਾਅ ਹਮੇਸ਼ਾ ਸਾਰਥਕ ਨਹੀਂ ਹੁੰਦਾ, ਇਸਦੇ ਕਈ ਵਾਰ ਭਿਆਨਕ ਨਤੀਜੇ ਵੀ ਝੱਲਣੇ ਪੈਂਦੇ ਹਨ। ਅਜਿਹਾ ਹੀ ਪੰਜਾਬੀ ਸੱਭਿਆਚਾਰਕ ਨਾਲ ਵਾਪਰ ਰਿਹਾ ਹੈ। ਪਿੰਡਾਂ ਤੋਂ ਸ਼ਹਿਰਾਂ ਵੱਲ ਜਾ ਰਹੇ ਲੋਕਾਂ ਉੱਤੇ ਪੱਛਮੀ ਸੱਭਿਅਤਾ ਦਾ ਪ੍ਰਭਾਵ ਦੇਖਿਆ ਜਾ ਸਕਦਾ ਹੈ ਕਿਉਂਕਿ ਕੋਈ ਵੀ ਜਦੋਂ ਨਵੀਂ ਤਕਨੀਕ ਆਉਂਦੀ ਹੈ ਤਾਂ ਸਭ ਤੋਂ ਪਹਿਲਾਂ ਉਹ ਸ਼ਹਿਰਾਂ ਵਿੱਚ ਮਾਰ ਕਰਦੀ ਹੈ। ਜਿਵੇਂ ਪਹਿਲਾਂ ਕਦੇ ਅਲਟਰਾਸਾਊਂਡ ਦਾ ਨਾਮ ਨਹੀਂ ਸੀ ਸੁਣਿਆ ਪ੍ਰੰਤੂ ਹੁਣ ਬੱਚਾ ਵੀ ਅਲਟਰਾਸਾਊਂਡ ਦੇ ਨਾਮ ਤੋਂ ਜਾਣੂ ਹੈ। ਫਟੀਆਂ ਪੈਟਾਂ ਆਧੁਨਿਕਤਾ ਦੀਆਂ ਨਿਸ਼ਾਨੀਆਂ ਹਨ। ਇਹ ਸਾਡੀ ਪੜ੍ਹੀ ਲਿਖੀ ਪੀੜ੍ਹੀ ਦੀ ਸੋਚ ਹੈ। ਨਵੀਂ ਪੀੜ੍ਹੀ ਦੀ ਸੋਚ ਮੁਤਾਬਿਕ ਕੁੜਤੇ ਪਜਾਮੇ ਵਾਲਾ ਵਿਅਕਤੀ ਅਨਪੜ੍ਹ, ਅਤੇ ਪੈਦਲ ਜਾ ਰਿਹਾ ਵਿਅਕਤੀ ਗ਼ੁਰਬਤ ਦੀ ਨਿਸ਼ਾਨੀ ਹੈ।
ਜਿਹੜੇ ਵਿਦਿਆਰਥੀ ਪੰਜਾਬੀ ਦੇ ਪੇਪਰ ਵਿੱਚੋਂ ਫੇਲ੍ਹ ਹੋ ਰਹੇ ਹਨ, ਉਹ ਵਿਦੇਸ਼ੀ ਭਾਸ਼ਾ ਨੂੰ ਸਹੀ ਤਰੀਕੇ ਨਾਲ ਕਿਵੇਂ ਸਿੱਖ ਸਕਣਗੇ? ਟੁੱਟੀ ਫੁੱਟੀ ਅੰਗਰੇਜ਼ੀ ਘੋਟਣ ਵਾਲੇ ਮਾਂ ਬੋਲੀ ਤੋਂ ਵੀ ਕੋਹਾਂ ਦੂਰ ਜਾ ਰਹੇ ਹਨ। ਹੁਣ ਜਿਵੇਂ ਅੰਗਰੇਜ਼ੀ ਸਿਖਾਉਣ ਲਈ ਆਈਲੈਟਸ ਸੈਂਟਰ ਖੁੱਲ੍ਹ ਚੁੱਕੇ ਹਨ, ਉਸੇ ਤਰ੍ਹਾਂ ਆਉਣ ਵਾਲੇ ਸਮੇਂ ਵਿੱਚ ਪੰਜਾਬੀ ਸਿਖਾਉਣ ਲਈ ਵੀ ਆਈਲੈਟਸ ਸੈਂਟਰ ਖੁੱਲ੍ਹਣਗੇ। ਅਜੋਕੀ ਪੀੜ੍ਹੀ ਦਾ ਵਿਦੇਸ਼ ਵੱਲ ਵਧਦਾ ਰੁਝਾਨ ਗੁਆਂਢੀ ਸੂਬਿਆਂ ਦੇ ਕਾਮਿਆਂ ਦਾ ਪੰਜਾਬ ਵਿੱਚ ਆਉਣ ਦਾ ਰਸਤਾ ਖੋਲ੍ਹਦਾ ਹੈ। ਗੁਆਂਢੀ ਸੂਬੇ ਪੰਜਾਬ ਨੂੰ ਕੈਲੀਫੋਰਨੀਆ ਸਮਝਦੇ ਹਨ, ਸਾਡੇ ਬੱਚੇ ਬਾਹਰ ਕੈਲੇਫੋਰਨੀਆ ਲੱਭਣ ਜਾਂਦੇ ਹਨ। ਬਹੁ ਪੱਖੀ ਸੰਕਟ ਨਾਲ ਘਿਰ ਚੁੱਕਿਆ ਪੰਜਾਬ ਮੁਸ਼ਿਕਲਾਂ ਦੀ ਭੱਠੀ ਵਿੱਚ ਦਿਨੋਂ ਦਿਨ ਤਪ ਰਿਹਾ ਹੈ। ਦੁੱਖ ਸੁਖ ਦਾ ਸੁਨੇਹਾ ਪਹੁੰਚਾਉਣ ਵਾਲਾ ਮੋਬਾਇਲ ਅੱਜ ਰੋਟੀ ਨਾਲੋਂ ਵੀ ਜ਼ਰੂਰੀ ਹੋ ਗਿਆ ਹੈ। ਬੱਚਾ ਰੋਟੀ ਬਿਨਾਂ ਰਹਿ ਸਕਦਾ ਹੈ ਪ੍ਰੰਤੂ ਫ਼ੋਨ ਬਿਨਾਂ ਨਹੀਂ। ਇਹ ਹੁਣ ਹਰ ਕਿਸੇ ਲਈ ਜ਼ਰੂਰਤ ਬਣ ਚੁੱਕਿਆ ਹੈ। ਮੋਬਾਇਲ ਫ਼ੋਨ ਨੂੰ ਰੱਬ ਸਮਝਣ ਵਾਲੇ ਆਪਣੀ ਵੀ ਪਛਾਣ ਤੋਂ ਦੂਰ ਹੋ ਚੁੱਕੇ ਹਨ।
ਪਿੰਡਾਂ ਉੱਤੇ ਸ਼ਹਿਰਾਂ ਦੀ ਪਾਣ ਚੜ੍ਹ ਰਹੀ ਹੈ। ਸ਼ਹਿਰਾਂ ਵਿੱਚ ਸਿੱਖਿਆ, ਸਿਹਤ ਅਤੇ ਰੋਜ਼ਗਾਰ ਦੇ ਜ਼ਿਆਦਾ ਮੌਕੇ ਦਿਖਾਈ ਦਿੰਦੇ ਹਨ। ਇਹ ਸਹੀ ਹੈ ਪ੍ਰੰਤੂ ਇਸਦਾ ਮਤਲਬ ਇਹ ਨਹੀਂ ਕਿ ਪਿੰਡ ਪਛੜੇ ਹੋਏ ਹਨ। ਪਿੰਡਾਂ ਦੇ ਬੱਚੇ ਵੀ ਮਿਹਨਤ, ਮੁਸ਼ੱਕਤ ਅਤੇ ਸੰਘਰਸ਼ ਨਾਲ ਪੜ੍ਹਾਈ ਦੇ ਨਾਲ ਨਾਲ ਖੇਡਾਂ ਅਤੇ ਹੋਰ ਖੇਤਰਾਂ ਵਿੱਚ ਮੱਲਾਂ ਮਾਰ ਰਹੇ ਹਨ। ਅੱਜ ਵੀ ਪਿੰਡ ਆਪਣਾ ਵਿਰਸਾ, ਆਪਣਾ ਇਤਿਹਾਸ ਅਤੇ ਆਪਣੀ ਹੋਂਦ ਬਚਾਉਣ ਲਈ ਸੰਘਰਸ਼ ਕਰ ਰਹੇ ਹਨ। ਸਮੇਂ ਦੇ ਹਾਕਮਾਂ ਦਾ ਪਿੰਡਾਂ ਵਿੱਚ ਜ਼ਿਆਦਾ ਗੇੜਾ ਵੋਟਾਂ ਵੇਲੇ ਹੀ ਲਗਦਾ ਹੈ। ਉਹ ਪਿੰਡਾਂ ਨੂੰ ਕੇਵਲ ਵੋਟ ਬੈਂਕ ਹੀ ਸਮਝਦੇ ਹਨ। ਅਜ਼ਾਦੀ ਦੇ ਪਝੰਤਰ ਸਾਲ ਬਾਅਦ ਵੀ ਦੇਸ਼ ਦੇ ਹਾਕਮਾਂ ਨੇ ਪਿੰਡਾਂ ਨੂੰ ਪੱਕੀਆਂ ਸੜਕਾਂ ਅਤੇ ਪੱਕੀਆਂ ਗਲੀਆਂ, ਨਾਲੀਆਂ ਦੇ ਮੁੱਦਿਆਂ ਵਿੱਚ ਉਲਝਾ ਕੇ ਰੱਖ ਦਿੱਤਾ। ਅੱਜ ਵੀ ਅਜਿਹੇ ਪਿੰਡ ਬਹੁਤ ਹਨ, ਜਿੱਥੇ ਦਰਿਆ ਦੇ ਉੱਤੇ ਪੁਲ ਨਹੀਂ ਹਨ, ਬੱਚੇ ਕਿਸ਼ਤੀ ਨਾਲ ਦਰਿਆ ਪਾਰ ਕਰਕੇ ਸਕੂਲ ਜਾਂਦੇ ਹਨ। ਇਸਦੀ ਤਾਜ਼ਾ ਉਦਾਹਰਣ ਫਿਰੋਜ਼ਪੁਰ ਜ਼ਿਲ੍ਹੇ ਦਾ ਪਿੰਡ ਕਾਲੂਵਾਲ ਹੈ, ਜਿਸਦੇ ਬੱਚੇ ਸਤਲੁਜ ਦਰਿਆ ਕਿਸ਼ਤੀ ਨਾਲ ਪਾਰ ਕਰਕੇ ਗੱਟੀ ਰਾਜੋ ਕੇ ਬਣੇ ਸਕੂਲ ਵਿੱਚ ਜਾਂਦੇ ਹਨ।
ਪਿੰਡਾਂ ਵਿੱਚ ਅੱਜ ਵੀ ਖੁਸ਼ਹਾਲੀ ਹੈ, ਸ਼ਹਿਰ ਦੀ ਭੱਜ ਦੌੜ ਤੋਂ ਦੂਰ ਸ਼ਾਂਤਮਈ, ਪ੍ਰੰਤੂ ਇਹ ਹੋਂਦ ਖ਼ਤਰੇ ਵਿੱਚ ਹੈ। ਸ਼ਹਿਰ ਦਿਨੋਂ ਦਿਨ ਵਧ ਰਹੇ ਹਨ। ਜਿਸ ਤਰ੍ਹਾਂ ਚੰਡੀਗੜ੍ਹ ਨੇ ਪੰਜਾਬ ਦੇ ਕਈ ਪਿੰਡ ਖਾ ਲਏ ਉਸੇ ਤਰ੍ਹਾਂ ਸ਼ਹਿਰਾਂ ਦਾ ਖੇਤਰਫ਼ਲ ਵਧਣ ਕਰਕੇ ਪਿੰਡਾਂ ਅਤੇ ਸ਼ਹਿਰਾਂ ਵਿਚਲੀ ਦੂਰੀ ਘਟ ਰਹੀ ਹੈ। ਪਿੰਡਾਂ ਨੂੰ ਉਜਾੜਨ ਲਈ ਜ਼ਮੀਨਾਂ ਦੇ ਦੁੱਗਣੇ ਭਾਅ ਦਾ ਲਾਲਚ ਦਿੱਤਾ ਜਾ ਰਿਹਾ ਹੈ। ਪਿੰਡਾਂ ਦੀ ਹੋਂਦ ਖ਼ਤਮ ਕਰਨ ਲਈ ਅਖੌਤੀ ਵਿਕਾਸ ਦਾ ਨਾਅਰਾ ਦਿੱਤਾ ਜਾ ਰਿਹਾ ਹੈ, ਜਿਸਨੇ ਜੰਗਲ਼ ਬੇਲੇ ਉਜਾੜ ਕੇ ਧਰਤੀ ਦੀ ਹੋਂਦ ਨੂੰ ਵੀ ਖ਼ਤਰੇ ਵਿੱਚ ਪਾ ਦਿੱਤਾ ਹੈ। ਪਿੰਡਾਂ ਵਿੱਚ ਤਾਂ ਕਿਤੇ ਨਿੰਮ ਦੀ ਛਾਂ ਲੱਭ ਵੀ ਜਾਂਦੀ ਹੈ. ਸ਼ਹਿਰਾਂ ਵਿੱਚ ਤਾਂ ਚਾਦਰਾਂ ਦਾ ਸ਼ੈੱਡ ਪਾ ਕੇ ਨਿੰਮ ਦੀ ਛਾਂ ਦੀ ਪੂਰਤੀ ਕੀਤੀ ਜਾਂਦੀ ਹੈ। ਪ੍ਰੰਤੂ ਇਹ ਯਾਦ ਰੱਖਣ ਹੋਵੇਗਾ ਕਿ ਨਿੰਮ ਛਾਂ ਦੇ ਨਾਲ ਨਾਲ ਆਕਸੀਜਨ ਵੀ ਦੇਵੇਗਾ ਜਦਕਿ ਚਾਦਰਾਂ ਦਾ ਸ਼ੈੱਡ ਕੇਵਲ ਛਾਂ ਦੇਵੇਗਾ, ਆਕਸੀਜਨ ਨਹੀਂ। ਅਖ਼ੌਤੀ ਵਿਕਾਸ ਦੇ ਨਾਂ ’ਤੇ ਕੀਤੇ ਜਾ ਰਹੇ ਕੁਦਰਤ ਦੇ ਖਿਲਵਾੜ ਨੂੰ ਰੋਕਣਾ ਸਾਡੀ ਸਾਰਿਆਂ ਦੀ ਨੈਤਿਕ ਜ਼ਿੰਮੇਵਾਰੀ ਹੈ ਕਿਉਂਕਿ ਧਰਤੀ ’ਤੇ ਰਹਿਣਾ ਤਾਂ ਹਰ ਕੋਈ ਚਾਹੁੰਦਾ ਹੈ ਪ੍ਰੰਤੂ ਇਸ ਨੂੰ ਬਚਾਉਣ ਦਾ ਉੱਦਮ ਕੋਈ ਨਹੀਂ ਕਰਨਾ ਚਾਹੁੰਦਾ। ਪਿੰਡਾਂ ਦੇ ਨਾਲ ਨਾਲ ਵਾਤਾਵਰਣ ਦੀ ਹੋਂਦ ਬਚਾਉਣ ਲਈ ਵੀ ਅੱਗੇ ਆਉਣਾ ਬਹੁਤ ਜ਼ਰੂਰੀ ਅਤੇ ਸਮੇਂ ਦੀ ਮੁੱਖ ਲੋੜ ਹੈ।
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(5092)
ਸਰੋਕਾਰ ਨਾਲ ਸੰਪਰਕ ਲਈ: (This email address is being protected from spambots. You need JavaScript enabled to view it.)